ਜੋਸ਼ ਦਾ ਤੂਫ਼ਾਨ ਹੀ ਐਨਾ ਹਿੱਲਿਆ ਸੀ ਕਿ ਸਕੂਲਾਂ, ਕਾਲਿਜਾਂ ਵਿਚ ਇਹ ਲਹਿਰ ਕਾਫੀ ਜੋਰ ਫੜ ਗਈ ਸੀ। ਖਾਸ ਤੌਰ 'ਤੇ ਰੋਡੇ ਅਤੇ ਗੁਰੂ ਨਾਨਕ ਕਾਲਜ ਦੇ ਵਿਦਿਆਰਥੀ ਲਹਿਰ ਦੇ ਵੱਧ ਨਜ਼ਦੀਕ ਸਨ। ਡੀ ਐਮ ਕਾਲਜ ਦੇ ਅੱਧਿਓਂ ਵੱਧ ਸਟੂਡੈਂਟਸ, ਸਿੱਖ ਸਟੂਡੈਂਟ ਫ਼ੈਡਰੇਸ਼ਨ ਨਾਲ ਜੁੜ ਚੁੱਕੇ ਸਨ। ਡੀ ਐਮ ਕਾਲਿਜ ਵਿਚ ਕੁਝ ਕੋਮਿਊਨਿਸਟ ਵਿਚਾਰਾਂ ਦੇ ਮੁੰਡੇ ਹੋਣ ਕਰਕੇ ਇੱਥੇ ਜੂਤ-ਪਤਾਣ ਹੁੰਦਾ ਹੀ ਰਹਿੰਦਾ ਸੀ।
ਪ੍ਰਿੰਸੀਪਲ, ਪ੍ਰੋਫੈਸਰ ਅਤੇ ਬਾਕੀ ਅਮਲਾ ਅੱਡ ਦੁਖੀ ਸੀ। ਕੋਈ ਕਿਸੇ ਵਿਦਿਆਰਥੀ ਨੂੰ ਕੁਝ ਵੀ ਕਹਿਣ ਦਾ ਹੀਆਂ ਨਹੀ ਕਰਦਾ ਸੀ। ਕੋਈ ਇਤਬਾਰ ਨਹੀ ਸੀ ਕਿ ਕਿਹੜਾ ਸਟੂਡੈਂਟ ਕਿਹੜੀ ਜੱਥੇਬੰਦੀ ਨਾਲ ਸਬੰਧਿਤ ਹੋ ਸਕਦਾ ਸੀ? ਪ੍ਰੋਫੈਸਰ ਅਤੇ ਵਿਦਿਆਰਥੀ ਹਮੇਸ਼ਾਂ ਘੁੱਟੇ-ਘੁੱਟੇ ਜਿਹੇ ਰਹਿੰਦੇ ਸਨ। ਕਾਲਜ ਦੀ ਕੰਟੀਨ ਅਤੇ ਪਾਰਕ ਵਿਚ ਪਹਿਲਾਂ ਵਾਲੀ ਰੌਣਕ ਨਹੀ ਰਹਿ ਗਈ ਸੀ। ਹਿੰਦੂ-ਸਿੱਖ ਭਾਈਚਾਰੇ ਦਾ ਪਾੜਾ ਵਧਦਾ ਹੀ ਜਾ ਰਿਹਾ ਸੀ। ਜਿਸ ਨੂੰ ਫਿ਼ਰਕੂ ਰੰਗ ਦੇ ਕੇ ਦਿਨੋਂ-ਦਿਨ ਭਿਆਨਕ ਰੂਪ ਦਿੱਤਾ ਜਾ ਰਿਹਾ ਸੀ। ਹਿੰਦੂ ਅਤੇ ਸਿੱਖ ਅਖਬਾਰਾਂ ਦਾ ਆਪਣਾ-ਆਪਣਾ ਸਟੈਂਡ ਲਿਆ ਹੋਇਆ ਸੀ। ਪਬਲੀਸਿਟੀ-ਸਟੰਟ ਲਈ ਹਰ ਕੋਈ ਆਪਣਾ ਮੰਤਵ ਕਾਇਮ ਰੱਖਣਾ ਚਾਹੁੰਦਾ ਸੀ। ਹਰ ਪਾਸੇ ਮਾਰ-ਧਾੜ, ਲੁੱਟ-ਮਾਰ ਦੀਆਂ ਗੱਲਾਂ ਹੀ ਹੋ ਰਹੀਆਂ ਸਨ। ਅਖਬਾਰਾਂ ਦੀਆਂ ਮੁੱਖ-ਸੁਰਖੀਆਂ ਅੱਗ ਉਗਲਦੀਆਂ ਸਨ। ਪੰਜਾਬ ਦਾ ਕੀ ਬਣੇਗਾ? ਹਰ ਇਕ ਅੱਗੇ ਇਹ ਇਕ ਵੱਡਾ ਪ੍ਰਸ਼ਨ ਸੀ, ਮਸਲਾ ਸੀ।
ਗੁਰਪਾਲ ਅਜੇ ਕਿਸੇ ਵੀ ਜੱਥੇਬੰਦੀ ਨਾਲ ਰਲਿਆ ਨਹੀ ਸੀ ਅਤੇ ਨਾ ਹੀ ਉਹ ਰਲਣਾ ਚਾਹੁੰਦਾ ਸੀ। ਚਾਹੇ ਉਹ ਚਿਹਰੇ ਵੱਲੋਂ ਸਾਬਤ-ਸੂਰਤ ਸੀ। ਪਰ ਅੰਮ੍ਰਿਤ ਉਸ ਨੇ ਅਜੇ ਤੱਕ ਨਹੀ ਛਕਿਆ ਸੀ। ਗੁਰਪਾਲ ਇਕ ਨੇਕ ਘਰਾਣੇ ਨਾਲ ਸਬੰਧ ਰੱਖਦਾ ਸੀ। ਮਾਂ-ਬਾਪ ਦਾ ਇਕੱਲਾ-ਇਕੱਲਾ ਪੁੱਤ ਸੀ। ਮਾਈ ਅਤੇ ਬਾਪ ਦੋਨੋਂ ਹੀ ਅੰਮ੍ਰਿਤਧਾਰੀ, ਗੁਰੂ ਦੇ ਲੜ ਲੱਗੇ ਹੋਏ ਸਨ। ਅੱਠੇ ਪਹਿਰ ਰੱਬ ਦਾ ਨਾਂ ਜਪਣ ਵਾਲੇ ਗੁਰਪਾਲ ਦੇ ਮਾਪੇ ਸਰਬੱਤ ਦਾ ਭਲਾ ਲੋੜਦੇ ਸਨ।
ਫ਼ੈਡਰੇਸ਼ਨ ਅਤੇ ਕੋਮਿਊਨਿਸਟ ਵਰਕਰਾਂ ਦੀ ਹੋਈ ਝੜਪ ਕਾਰਨ ਗੁਰਪਾਲ ਤਿੰਨ ਦਿਨ ਤੋਂ ਪਿੰਡ ਨਹੀ ਜਾ ਸਕਿਆ ਸੀ। ਉਹ ਮਨੋਂ-ਤਨੋਂ ਦੋਹਾਂ ਧਿਰਾਂ ਦਾ ਰਾਜ਼ੀਨਾਵਾਂ ਚਾਹੁੰਦਾ ਸੀ। ਪਰ ਸ਼ਰਾਰਤੀ ਅਨਸਰ ਕੋਈ ਪੇਸ਼ ਨਹੀ ਜਾਣ ਦਿੰਦੇ ਸਨ। ਤਮਾਸ਼ਬੀਨ ਜਾਂ ਕਹੋ ਉਂਗਲੀ-ਚੱਟ ਕਿਸੇ ਹਾਲਤ ਵਿਚ ਵੀ ਰਾਜ਼ੀਨਾਵੇਂ ਦੇ ਹੱਕ ਵਿਚ ਨਹੀ ਸਨ। ਦੋਹਾਂ ਧਿਰਾਂ ਦੀ ਦਰਾੜ ਇਕ ਤਰ੍ਹਾਂ ਨਾਲ ਉਹਨਾਂ ਨੂੰ 'ਘੜੰ੍ਹਮ-ਚੌਧਰੀ' ਬਣਾਈ ਬੈਠੀ ਸੀ। ਜੇ ਰਾਜ਼ੀਨਾਵਾਂ ਹੁੰਦਾ ਸੀ ਤਾਂ ਉਹਨਾਂ ਦੀ ਚੌਧਰ ਜਾਂਦੀ ਸੀ। ਚੌਧਰ ਉਹ ਕਿਸੇ ਹਾਲਤ ਵਿਚ ਵੀ ਹੱਥੋਂ ਨਹੀ ਗੁਆਉਣਾ ਚਾਹੁੰਦੇ ਸਨ। ਫ਼ੈਡਰੇਸ਼ਨ ਅਤੇ ਕੋਮਿਊਨਿਸਟ ਵਰਕਰਾਂ ਦੇ ਇਸ ਗੰਭੀਰ ਝਗੜੇ ਪਿੱਛੇ ਇਸੇ ਹੀ ਕਾਲਜ ਦੇ ਮੁੰਡੇ ਰਣਬੀਰ ਸਿੰਘ ਦਾ ਦਿਮਾਗ ਕੰਮ ਕਰਦਾ ਸੀ। ਰਣਬੀਰ ਸਿੰਘ ਪੁਲਸ ਦਾ 'ਦੱਲਾ' ਸੀ। ਕਾਲਜ ਵਿਚ ਸਰਗਰਮ ਹਰ ਵਿਦਿਆਰਥੀ 'ਤੇ ਉਸ ਦੀ ਬਾਜ਼ ਨਜ਼ਰ ਰਹਿੰਦੀ ਸੀ। ਪਿਉ ਨੇ ਸਾਰੀ ਉਮਰ ਪੁਲਸ ਦੀ ਟਾਊਟੀ ਕਰ ਕੇ ਦੱਲਪੁਣਾਂ ਕੀਤਾ ਸੀ ਅਤੇ ਹੁਣ ਉਸ ਦੇ ਪਾਏ ਪੂਰਨਿਆਂ 'ਤੇ ਪੁੱਤ ਰਣਬੀਰ ਚੱਲ ਰਿਹਾ ਸੀ। ਕੋਈ ਮਰੇ ਕੋਈ ਜੀਵੇ-ਸੁਥਰਾ ਘੋਲ ਪਤਾਸੇ ਪੀਵੇ! ਹਰ ਹਾਲਤ ਵਿਚ ਠਾਣੇਦਾਰ ਦਾ ਥਾਪੜਾ ਰਣਬੀਰ ਦੀ ਪਿੱਠ 'ਤੇ ਰਿਹਾ ਸੀ। ਰਣਬੀਰ ਪੁਲਸ ਦਾ ਮੁਖ਼ਬਰ ਸੀ, ਟਾਊਟ ਸੀ। ਪਹਿਲਾਂ-ਪਹਿਲਾਂ ਉਹ ਮੁਖ਼ਬਰੀ ਕਰਨੋਂ ਬਹੁਤ ਡਰਦਾ ਸੀ ਕਿਉਂਕਿ ਮੁਖ਼ਬਰ ਖਾੜਕੂਆਂ ਦੇ ਪੱਕੇ ਦੁਸ਼ਮਣ ਸਨ ਅਤੇ ਜੱਥੇਬੰਦੀ ਵਲੋਂ ਮੁਖ਼ਬਰ ਨੂੰ ਸੋਧਣਾਂ ਪਹਿਲਾ ਕਰਮ ਸੀ। ਕਈ ਪੁਲਸ-ਮੁਖ਼ਬਰ ਖਾੜਕੂਆਂ ਵਲੋਂ ਸੋਧੇ ਵੀ ਜਾ ਚੁੱਕੇ ਸਨ। ਇਕ ਦਿਨ ਹੱਲਾਸ਼ੇਰੀ ਲਈ ਠਾਣੇਦਾਰ ਗੁਰਪ੍ਰੀਤ ਸਿੰਘ ਗਰੇਵਾਲ ਨੇ ਰਣਬੀਰ ਦੇ ਬਾਪੂ ਰਾਹੀਂ ਰਣਬੀਰ ਨੂੰ ਠਾਣੇ ਬੁਲਾਇਆ। ਨੰਬਰਦਾਰ ਝੱਟ ਰਣਬੀਰ ਨੂੰ ਲੈ ਕੇ ਠਾਣੇ ਹਾਜ਼ਰ ਹੋ ਗਿਆ। ਠਾਣੇਦਾਰ ਬੜਾ ਬਾਗੋ-ਬਾਗ ਹੋਇਆ।-"ਉਏ ਆ ਬਈ ਮੇਰਿਆ ਰਣਬੀਰ ਪੁੱਤਰਾ!" ਉਠ ਕੇ ਠਾਣੇਦਾਰ ਨੇ ਰਣਬੀਰ ਨੂੰ ਬੁੱਕਲ ਵਿਚ ਲੈ ਲਿਆ।
ਸਰਕਾਰੀ ਵਰਦੀ ਨਾਲ ਖਹਿਣ ਕਾਰਨ ਰਣਬੀਰ ਅੰਦਰ ਨਿੱਘ ਭਰ ਗਿਆ। ਉਸ ਅੰਦਰ ਦਲੇਰੀ ਜਾਗ ਪਈ।
-"ਚਲੋ ਨੰਬਰਦਾਰਾ-ਉਪਰ ਚੁਬਾਰੇ 'ਚ ਚੱਲਦੇ ਆਂ!"
ਸਾਰੇ ਚੁਬਾਰੇ ਚੜ੍ਹ ਗਏ।
ਰਣਬੀਰ ਉਡਦਾ, ਪੱਬਾਂ ਭਾਰ ਚੁਬਾਰੇ ਦੀਆਂ ਪੌੜੀਆਂ ਚੜ੍ਹਿਆ ਸੀ। ਠਾਣੇਦਾਰ ਨੇ ਉਸ ਨੂੰ ਬੱਚਿਆਂ ਵਾਂਗ ਬੁੱਕਲ ਵਿਚ ਲਿਆ ਸੀ। ਕੋਈ ਖ਼ੁਸ਼ੀ, ਕੋਈ ਆਨੰਦਮਈ ਅਹਿਸਾਸ ਉਸ ਅੰਦਰ ਕੁਤਕੁਤੀਆਂ ਕੱਢ ਰਿਹਾ ਸੀ।
-"ਹਾਂ ਬਈ ਪੁੱਤਰਾ-ਕੀ ਪੀਏਂਗਾ?"
-"ਨਹੀ ਜੀ-ਕਾਸੇ ਚੀਜ਼ ਦੀ ਜਰੂਰਤ ਨਹੀਂ।"
-"ਨੰਬਰਦਾਰਾ! ਮੁੰਡਾ ਸੰਗਦੈ-ਤੂੰ ਤਾਂ ਕਦੇ ਸੰਗਿਆ ਈ ਨਹੀਂ ਸੀ ਯਾਰ-ਤੇ ਤੇਰਾ ਮੁੰਡਾ...? ਖ਼ੈਰ..! ਸੰਗ ਸਾਨੂੰ ਪੁੱਤਰਾ ਲਾਹੁੰਣੀ ਆਉਂਦੀ ਐ-!" ਠਾਣੇਦਾਰ ਨੇ ਅਲਮਾਰੀ 'ਚੋਂ ਬੋਤਲ ਕੱਢ ਲਈ। ਬੋਤਲ ਦੇਖ ਕੇ ਨੰਬਰਦਾਰ ਦੀਆਂ ਅੱਖਾਂ ਵਿਚ ਚਮਕ ਆ ਗਈ। ਉਸ ਦੀਆਂ ਲਾਲ੍ਹਾਂ ਵਗ ਤੁਰੀਆਂ। ਸ਼ਰਾਬ ਦੇਖ ਕੇ ਤਾਂ ਨੰਬਰਦਾਰ ਹਲਕ ਜਾਂਦਾ ਸੀ। ਬੋਤਲ ਦੇਖ ਕੇ ਉਸ ਨੂੰ ਗਧੇ ਵਾਂਗ ਹੀਂਗਣਾਂ ਛੁੱਟ ਪੈਂਦਾ ਸੀ। ਲੋਕਾਂ ਦੇ ਕਥਨ ਅਨੁਸਾਰ: ਦਾਰੂ ਦਿਖਾ ਕੇ ਤਾਂ ਚਾਹੇ ਨੰਬਰਦਾਰ ਨੂੰ ਨਰਕੀਂ ਲੈ ਜਾਵੋ-ਕਦੇ ਨਾਂਹ ਨਹੀ ਕਰਦਾ!
-"ਬੋਲ ਬਈ ਰਣਬੀਰਿਆ-ਕਿੰਨੀ ਕੁ ਪਾਵਾਂ?" ਮੇਜ਼ 'ਤੇ ਤਿੰਨ ਗਿਲਾਸ ਰੱਖਦਿਆਂ ਠਾਣੇਦਾਰ ਨੇ ਬੋਤਲ ਨੂੰ ਹੱਥ ਪਾ ਲਿਆ।
-"ਨਹੀਂ ਗਰੇਵਾਲ ਸਾਹਿਬ-ਮੈਂ ਨਹੀ ਪੀਣੀ।" ਮੁੰਡਾ ਬਾਪੂ ਦੀ ਸ਼ਰਮ ਮੰਨਦਾ ਸੀ।
-"ਨੰਬਰਦਾਰਾ ਮੁੰਡਾ ਤੈਥੋਂ ਜਕਦੈ-ਤੇ ਨਹੀ ਕਾਲਜੀਏਟ ਗੱਭਰੂ ਨਾ ਪੀਣ? ਇਹ ਹੋ ਈ ਨਹੀ ਸਕਦਾ-ਸੱਚ ਸੱਚ ਦੱਸ ਪੁੱਤਰਾ-ਬਈ ਦਾਰੂ ਕਦੇ ਨਹੀਂ ਪੀਤੀ?"
-"ਨਹੀ ਜੀ ਫੰਕਸ਼ਨ ਫੁੰਕਸ਼ਨ 'ਤੇ ਕਦੇ ਪੀ ਪੂ ਲਈਦੀ ਐ।"
-"'ਤੇ ਅੱਜ ਕੀ ਬਿੱਲੀ ਛ੍ਹਿੱਕ ਗਈ? ਕਹਿ ਖਾਂ ਨੰਬਰਦਾਰਾ ਮੁੰਡੇ ਨੂੰ-ਦਾਰੂ ਤਾਂ ਮੁੰਡਿਆਂ ਨੂੰ ਘਿਉ ਮਾਂਗੂੰ ਲੱਗਦੀ ਐ।"
-"ਪੀ ਕੇ ਖਰੂਦ ਨਾ ਕਰੇ ਜੀ!"
-"ਲੈ ਖਰੂਦ ਨਾ ਕਰੂ-ਹੋਰ ਕੀ ਲੋਕ ਪਾਠ ਕਰਦੇ ਹੁੰਦੇ ਐ? ਇਹਨੂੰ ਪੀ ਕੇ ਪੁੱਤਰਾ ਮਾਣੋਂ-ਖੁਸ਼ੀ ਮਨਾਓ-ਤਾਂ ਇਹਦੇ ਅਰਗਾ ਵਿਟਾਮਿਨ ਕੋਈ ਨਹੀ-ਪੀ ਕੇ ਕਰੋਧੀ ਹੋਵੋ ਤਾਂ ਅੰਦਰ ਸਾੜਦੀ ਐ-ਸੋ ਇਸ ਲਈ ਪੀਓ ਤੇ ਜੀਓ!"
-"ਚੱਲ ਬੀਰਿਆ-ਲੈ ਲਾ ਤੋਲਾ।" ਨੰਬਰਦਾਰ ਨੇ ਹਾਂਮੀ ਭਰ ਦਿੱਤੀ। ਉਸ ਦੇ ਦਿਲ ਵਿਚ ਸੀ ਕਿ ਜੇ ਰਣਬੀਰ ਨਾ ਪੀਊ ਤਾਂ ਮੈਨੂੰ ਕਿੱਥੋਂ ਮਿਲੂ? ਬਿੱਲੀ ਦੇ ਕਰਮਾਂ ਨੂੰ ਮਸਾਂ ਹੀ ਛਿੱਕਾ ਟੁੱਟਿਆ ਸੀ।
ਠਾਣੇਦਾਰ ਨੇ ਤਿੰਨ ਗਿਲਾਸ ਭਰ ਲਏ।
-"ਲੈ ਚੱਕ ਪੁੱਤਰਾ-ਬੋਲ ਵਾਹਿਗੁਰੂ-ਖਾਣ ਪੀਣ ਤੋਂ ਜਕਾਅ ਕਾਹਦਾ? ਭੁੱਖੇ ਮਰਨਾਂ ਮਿਹਣਾਂ-ਖਾਂਦੇ ਪੀਂਦੇ ਸੌ ਆਰੀ ਮਰ ਜਾਈਏ-ਕੋਈ ਰੰਜ ਨਹੀ-ਚੱਕੋ ਫੇਰ!"
ਸਾਰਿਆਂ ਨੇ ਪੈੱਗ ਖਤਮ ਕਰ ਦਿੱਤੇ।
ਅਲਮਾਰੀ ਵਿਚੋਂ ਠਾਣੇਦਾਰ ਨੇ ਕਾਜੂ ਕੱਢ ਲਏ।
-"ਜੇ ਪੁੱਤਰਾ ਕਹੇਂ ਤਾਂ ਮੁਰਗਾ ਛੁਰਗਾ ਮੰਗਵਾਵਾਂ?" ਠਾਣੇਦਾਰ ਕਾਜੂ ਚੱਬਦਾ ਕਹਿ ਰਿਹਾ ਸੀ।
-"ਨਹੀ ਗਰੇਵਾਲ ਸਾਹਿਬ-ਕੋਈ ਜ਼ਰੂਰਤ ਨਹੀ।" ਰਣਬੀਰ ਅੰਦਰ ਮੀਕਣ ਵਿਸਕੀ ਇਕ ਗਰਮ ਜਿਹੀ ਲੀਕ ਪਾ ਗਈ ਸੀ। ਉਸ ਦਾ ਮਨ ਫੁੱਲ ਵਾਂਗ ਖਿੜ ਗਿਆ। ਹਵਾ ਦਾ ਬੁੱਲਾ ਲੋਰੀਆਂ ਦਿੰਦਾ ਜਾਪਿਆ।
ਬਾਹਰਲੀ ਧੁੱਪ ਸੰਧੂਰੀ ਹੁੰਦੀ ਦਿਸੀ। ਉਸ ਨੂੰ ਕੋਈ ਚਾਅ ਜਿਹਾ ਚੜ੍ਹਦਾ ਜਾ ਰਿਹਾ ਸੀ। ਮਸਤਿਆ ਦਿਲ ਅੰਬਰੀਂ ਤਾਰੀਆਂ ਲਾਉਣ ਲੱਗ ਪਿਆ। ਨਸ਼ੇ ਦੀ ਲੋਰ ਅਤੇ ਠਾਣੇਦਾਰ ਦੀ ਬੁੱਕਲ ਦਾ ਨਿੱਘ ਮਾਣ ਕੇ ਰਣਬੀਰ ਦਾ ਅਸਮਾਨ ਉਡ ਜਾਣ ਲਈ ਦਿਲ ਕਰਦਾ ਸੀ।
ਠਾਣੇਦਾਰ ਨੇ ਫਿਰ ਗਿਲਾਸ ਭਰ ਦਿੱਤੇ।
-"ਨਹੀ ਗਰੇਵਾਲ ਸਾਹਬ-ਹੌਲੀ!" ਨੰਬਰਦਾਰ ਨੇ ਠਾਣੇਦਾਰ ਨੂੰ ਆਖਿਆ।
-"ਨੰਬਰਦਾਰਾ-ਮੈਂ ਮਸਾਂ ਅੱਜ ਆਬਦੇ ਪੁੱਤਰ ਨੁੰ ਮਿਲਿਐਂ-ਤੂੰ ਵਿਚ ਨੰਨਾਂ ਨਾ ਪਾਅ-ਨਾਲੇ ਜੁਆਨ ਮੁੰਡੇ-ਖੁੰਡੇ ਨੂੰ ਦਾਰੂ ਕੀ ਆਖਦੀ ਐ? ਤੂੰ ਤਾਂ ਵਿਚੋਂ ਕਾਟ ਕਰਕੇ ਦਾਰੂ ਦਾ ਨਸ਼ਾ ਈ ਲਾਹਤਾ-ਤੂੰ ਨੰਬਰਦਾਰਾ ਬੁੜ੍ਹਿਆਂ ਆਲੀਆਂ ਗੱਲਾਂ ਨਾ ਕਰਿਆ ਕਰ!" ਠਾਣੇਦਾਰ ਨੇ ਉਹਨਾਂ ਹੱਥ ਗਿਲਾਸ ਥਮਾਉਂਦਿਆਂ ਕਿਹਾ।
ਸਾਰਿਆਂ ਨੇ ਗਿਲਾਸ ਖਾਲੀ ਕਰ ਦਿੱਤੇ।
-"ਹਾਂ ਬਈ ਪੁੱਤਰਾ ਰਣਬੀਰ ਸਿਆਂ-ਕਾਲਜ ਵਿਚ ਕੋਈ ਤਕਲੀਫ਼ ਤਾਂ ਨਹੀਂ? ਕੋਈ ਤੰਗ ਫੰਗ ਤਾਂ ਨਹੀਂ ਕਰਦਾ?" ਗਰੇਵਾਲ ਨੇ ਕਾਜੂਆਂ ਦਾ ਫ਼ੱਕਾ ਮਾਰਦਿਆਂ ਮੁੰਡੇ ਦੀ ਰਗ 'ਤੇ ਹੱਥ ਰੱਖ ਲਿਆ।
-"ਜੇ ਕਰੇ ਤਾਂ ਦੱਸ ਦੇਈਂ-ਤੌਣੀਂ ਲਾ ਦਿਆਂਗੇ।"
-"ਨਹੀ ਗਰੇਵਾਲ ਸਾਹਿਬ-ਕੋਈ ਨਹੀਂ।"
-"ਤੂੰ ਯਾਰ ਪੁੱਤਰਾ-ਆਹ ਗਰੇਵਾਲ ਸਾਹਿਬ-ਗਰੇਵਾਲ ਸਾਹਿਬ ਕੀ ਲਾ ਰੱਖੀ ਐ? ਮੈਂ ਨੰਬਰਦਾਰ ਦਾ ਛੋਟਾ ਵੀਰ ਐਂ-ਮੈਨੂੰ ਚਾਚਾ ਆਖਿਆ ਕਰ-ਤੇਰਾ ਪਿਉ ਨੰਬਰਦਾਰ ਮੇਰਾ ਵੱਡਾ ਭਾਈ ਐ-ਤੇ ਤੂੰ ਮੇਰਾ ਭਤੀਜ-ਸੁਣ ਗਿਆ...?"
-"ਹਾਂ ਜੀ ਗਰੇਵਾਲ ਸਾਹਿਬ।"
-"ਫੇਰ ਗਰੇਵਾਲ ਸਾਹਿਬ? ਕੁੱਤਿਆ ਚਾਚਾ ਆਖ!" ਦਾਰੂ ਦੇ ਦੋ ਪੈੱਗ ਠਾਣੇਦਾਰ ਨੂੰ ਧਤੂਰੇ ਵਾਂਗ ਚੜ੍ਹੇ ਸਨ। ਉਹਨਾਂ ਸਾਹਮਣੇ ਉਹ 'ਬਾਬੂ' ਬਣਿਆਂ ਬੈਠਾ ਸੀ। ਪਰ ਨਿੱਤ ਦਾ ਪਿਆਕੜ ਹੋਣ ਕਾਰਨ ਬਾਹਰੋਂ ਲਾਚੜਿਆ ਉਹ ਆਪਣੇ ਖ਼ਾਸ, ਮੁੱਖ ਮੰਤਵ ਪ੍ਰਤੀ ਸੁਚੇਤ ਸੀ। ਅੰਦਰੋਂ ਹਰ ਤਰ੍ਹਾਂ ਨਾਲ ਸੰਜੀਦਾ ਸੀ।
-".........।" ਰਣਬੀਰ ਹੱਸ ਕੇ ਚੁੱਪ ਕਰ ਗਿਆ।
ਨੰਬਰਦਾਰ ਗੱਲਾਂ ਸੁਣਦਾ, ਖੁਸ਼ੀ ਵਿਚ ਆਫ਼ਰਿਆ ਬੈਠਾ ਸੀ। ਦਾਰੂ ਦੇ ਨਸ਼ੇ ਵਿਚ, ਕਿਸੇ ਚਾਅ ਵਿਚ ਉਹ ਆਪਣੀ ਕੋਹੜ ਕਿਰਲੇ ਵਰਗੀ ਮੁੱਛ ਨੂੰ ਬਾਣ ਦੀ ਰੱਸੀ ਵਾਂਗ ਵੱਟ ਚਾਹੜੀ ਜਾ ਰਿਹਾ ਸੀ। ਮੁੱਛ ਲੋਹੇ ਦੇ ਸਰੀਏ ਵਾਂਗ ਸਿੱਧੀ ਹੋ ਗਈ ਸੀ।
-"ਇਕ ਗੱਲ ਦੱਸ ਪੁੱਤਰਾ!" ਠਾਣੇਦਾਰ ਮੋੜ ਘੋੜ ਕੇ ਅਸਲੀ ਗੱਲ ਵੱਲ ਨੂੰ ਆਇਆ।
-"ਪੁੱਛੋ ਚਾਚਾ ਜੀ।" ਰਣਬੀਰ ਗੜ੍ਹਕੇ ਨਾਲ ਬੋਲਿਆ।
-"ਹੁਣ ਹਿੱਕ ਠਾਰੀ ਐ ਚਾਚਾ ਆਖ ਕੇ-ਰੀਅਲੀ ਆਈ ਲਾਈਕ ਇਟ-ਟੂ ਬੀ ਵੈਰ੍ਹੀ ਫ਼ਰੈਂਕ-ਆਈ ਲਾਈਕ ਇਟ ਵੈਰ੍ਹੀ ਮੱਚ!" ਉਹ ਹੋਰ ਪੈੱਗ ਪਾਉਣ ਲੱਗ ਪਿਆ।
-"ਹਾਂ, ਸੋ ਪੁੱਤਰ ਰਣਬੀਰਿਆ! ਮੈਂ ਆਖ ਰਿਹਾ ਸੀ-ਕਿ ਤੇਰੇ ਕਾਲਜ ਵਿਚ ਲਹਿਰ ਕਿੰਨ੍ਹੀ ਕੁ ਵੜ ਚੁੱਕੀ ਐ?" ਠਾਣੇਦਾਰ ਨੇ ਅਸਲ ਸੁਆਲ ਸੁਰੂ ਕੀਤਾ ਤਾਂ ਨੰਬਰਦਾਰ ਨੇ ਗੁੱਝੀ ਕੂਹਣੀਂ ਮਾਰ ਕੇ ਮੁੰਡੇ ਨੂੰ ਖ਼ਬਰਦਾਰ ਹੋ ਜਾਣ ਦਾ ਇਸ਼ਾਰਾ ਕੀਤਾ।
ਮੁੰਡਾ ਖ਼ਾਮੋਸ਼ੀ ਧਾਰ ਗਿਆ।
-"ਜੀ ਇਹਨੂੰ ਲਹਿਰਾਂ ਦਾ ਕੀ ਪਤੈ? ਕੰਜਰ ਦਾ ਊਂਈਂ ਲ੍ਹੋਲੈ!" ਇਸ ਪੱਖੋਂ ਉਹ ਆਪਣੇ ਮੁੰਡੇ ਨੂੰ ਪੁਲੀਸ ਤੋਂ ਪਾਸੇ ਹੀ ਰੱਖਣਾ ਚਾਹੁੰਦਾ ਸੀ।
ਚਤਰ ਠਾਣੇਦਾਰ ਝੱਟ ਤਾੜ ਗਿਆ ਕਿ ਨੰਬਰਦਾਰ ਮੁੰਡੇ ਨੂੰ ਚੁੱਪ ਕਰਾਊ ਸੀ। ਉਸ ਨੇ ਨੰਬਰਦਾਰ ਨੂੰ ਮਨ ਅੰਦਰ ਇਕ ਤਕੜੀ ਗਾਲ੍ਹ ਕੱਢ ਮਾਰੀ: ਸਾਲਿਆ ਲੰਡੇ ਢੱਟੇ ਦਿਆ-ਗਧਿਆਂ ਨੂੰ ਯੈਹਣ ਸਿਖਾਉਨੈਂ? ਜੇ ਕਾਂਵਾਂ ਦੇ.....ਹੋਣ ਉਹ ਬਨ੍ਹੇਰੇ ਨਾ ਢਾਹ ਦੇਣ? ਸਾਡੀ ਪੀ ਕੇ ਮੇਰਾ ਸਾਲਾ ਸਾਡੀ ਈ ਅਹੀ-ਤਹੀ ਫੇਰੀ ਜਾਂਦੈ ਕੁੱਤੇ ਦਾ ਬੀਅ! ਕੋਈ ਨਾ ਪੁੱਤ! ਮੇਰਾ ਨਾਂ ਵੀ ਠਾਣੇਦਾਰ ਗਰੇਵਾਲ ਐ-ਜੇ ਨਾ ਤੇਰੀ.....'ਚ ਡੰਡਾ ਦੇ ਕੇ ਕਲੈਹਰੀ ਮੋਰ ਬਣਾਇਆ ਤਾਂ ਸਾਨੂੰ ਪੁਲਸ ਆਲੇ ਕੌਣ ਕਹੂ? ਸਾਰੀ ਦੁਨੀਆਂ ਨੂੰ ਮੇਰਾ ਸਹੁਰਾ ਹਰੜ-ਬੋਕ ਲੁੱਟ ਕੇ ਖਾ ਗਿਆ। ਹੁਣ ਮੇਰੇ ਸਾਹਮਣੇ ਕੁੜੀ ਚੋਦ ਦੇਵਤਾ ਬਣਿਆਂ ਬੈਠੈ-ਧੀ ਆਬਦੀ ਦਾ ਖਸਮ!
-"ਆ ਜਾਹ ਪੁੱਤ ਰਣਬੀਰਿਆ-ਐਧਰ ਮੇਰੇ ਸਾਹਮਣੇ ਕੁਰਸੀ 'ਤੇ ਆ ਜਾਹ-ਕਾਹਨੂੰ ਐਂਮੇ ਔਖਾ ਜਿਆ ਮੰਜੇ 'ਤੇ ਬੈਠੈਂ? ਨੰਬਰਦਾਰ ਬਾਈ ਨੂੰ ਤਾਂ ਓਕੜੂ ਜਿਆ ਹੋ ਕੇ ਬੈਠਣ ਦੀ ਬਾਣ ਐਂ-ਤੂੰ ਐਧਰ ਆ ਜਾਹ-ਲੈ ਲਾ ਕੁਰਸੀ!"
ਮੁੰਡਾ ਉਠ ਕੇ ਗਰੇਵਾਲ ਦੇ ਸਾਹਮਣੇ ਕੁਰਸੀ 'ਤੇ ਬੈਠ ਗਿਆ। ਸਮਝ ਨੰਬਰਦਾਰ ਵੀ ਗਿਆ ਸੀ। ਉਸ ਨੇ ਵੀ ਅੰਦਰੋਂ ਅੰਦਰੀ ਠਾਣੇਦਾਰ ਨੂੰ ਬੁਰਾ ਭਲਾ ਆਖਣਾ ਸੁਰੂ ਕਰ ਦਿੱਤਾ: ਪੁਲਸ ਆਲੇ ਵੀ ਬੜੇ ਭੈਣ ਆਬਦੀ ਦੇ ਲੱਕੜ ਹੁੰਦੇ ਐ-ਲੈ ਮੁੰਡੇ ਨੂੰ ਬਹਾਨੇ ਨਾਲ ਈ ਕੋਲ ਬਿਠਾ ਲਿਆ-ਕਰਲੈ ਪੁੱਤ ਜਿਹੜੇ ਅਸ਼ਨੇ ਪਸ਼ਨੇ ਕਰਨੇ ਐਂ! ਰਹਿਣਾਂ ਤਾਂ ਰਣਬੀਰ ਨੇ ਆਖਰ ਮੇਰੇ ਘਰੇ ਈ ਐ ਨਾ? ਜੇ ਤੇਰੀ ਇਕ ਲੂੰਬੜ ਚਾਲ ਚੱਲਣ ਦੇਤੀ ਤਾਂ-ਤਾਂ ਕਹੀਂ-ਮੇਰਾ ਨਾਂ ਵੀ ਨੰਬਰਦਾਰ ਚਤਰ ਸਿੰਘ ਐ-ਲੋਕ ਐਵੇਂ ਨਹੀਂ ਮੈਨੂੰ 'ਘੈਂਟ-ਨੰਬਰਦਾਰ' ਆਖਦੇ-ਜਿਹੜੀਆਂ ਸਾਲਿਆ ਬੋਕ ਦਿਆ ਤੇਰੇ ਦਿਲ 'ਚ ਐ-ਮੇਰੇ ਨਹੁੰਆਂ 'ਚ ਐ-ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ! ਨੰਬਰਦਾਰ ਦਾ ਨਸ਼ਾ ਖੋਟਾ ਹੋ ਗਿਆ ਸੀ।
-"ਕੂੰਗੜੀ ਜੇ ਕਾਹਨੂੰ ਜਾਨੈਂ? ਖੁੱਲ੍ਹ ਕੇ ਬੈਠ!" ਠਾਣੇਦਾਰ ਨੇ ਅਗਲਾ ਪੈੱਗ ਦੋਨਾਂ ਦੇ ਹੱਥ ਵਿਚ ਫੜਾ ਦਿੱਤਾ।
-"ਤੁਸੀਂ ਨਹੀਂ ਪੀੇਣਾਂ?"
-"ਕਿਉਂ ਨਹੀ ਪੀਣਾਂ? ਏ ਆਹ ਲੈ!"ਠਾਣੇਦਾਰ ਸਮੇਤ ਪੈੱਗ ਸਾਰਿਆਂ ਨੇ ਮੁਕਾ ਦਿੱਤੇ।
ਹੁਣ ਉਹ ਵਾਹਵਾ ਸਰੂਰ ਵਿਚ ਸਨ।
-"ਸੋ ਮਾਈ ਸੰਨ-ਮੈਂ ਲਹਿਰ ਬਾਰੇ ਪੁੱਛ ਰਿਹਾ ਸੀ?"
ਇਸ ਵਾਰ ਨੰਬਰਦਾਰ ਚੁੱਪ ਰਿਹਾ।
ਠਾਣੇਦਾਰ ਦੀਆਂ ਚੁਸਤ ਅੱਖਾਂ ਉਸ ਨੂੰ ਕੋਝੇ ਤੌਰ 'ਤੇ ਤਾੜ ਰਹੀਆਂ ਸਨ। ਹਰ ਹਰਕਤ 'ਤੇ ਨਜ਼ਰ ਸੀ।
-"ਲਹਿਰ ਤੋਂ ਤਾਂ ਜੀ ਅੱਧਾ ਕਾਲਜ ਪ੍ਰਭਾਵਿਤ ਐ!" ਰਣਬੀਰ ਨੇ ਸੱਚ ਦੱਸਿਆ।
-"ਇਹਨਾਂ ਨੂੰ ਹੱਲਾਸ਼ੇਰੀ ਕੌਣ ਦਿੰਦੈ?"
-"ਇਹ ਨਹੀ ਪਤਾ ਜੀ-ਪਰ ਮੁੰਡੇ ਬਾਹਰੋਂ ਆਉਂਦੇ ਐ।"
-"ਮੀਟਿੰਗਾਂ ਬਗੈਰਾ ਕਿੱਥੇ ਕਰਦੇ ਐ?"
-"ਇਹ ਵੀ ਨਹੀਂ ਪਤਾ ਜੀ।"
-"ਪਤਾ ਕਰ-ਇਹਨਾਂ ਦੇ ਵਿਚ ਵੜ-ਕੋਈ ਇਨਾਮੀਂ ਖਾੜਕੂ ਫੜਾ ਦੇ-ਬ੍ਹਾਈ ਗਾਡ ਸਾਰਾ ਇਨਾਮ ਤੇਰਾ-ਪੁਲੀਸ ਦੀ ਨੌਕਰੀ ਵੱਟ 'ਤੇ-ਕਿਸੇ ਕੋਲੇ ਭਾਫ਼ ਨਹੀ ਕੱਢਦੇ-ਮੇਰੇ ਕਹਿਣ ਦਾ ਮਤਲਬ ਸਾਰੀ ਕਾਰਵਾਈ ਗੁਪਤ-ਤੇਰਾ ਨਾਂ ਗੁਪਤ-ਕਿਸੇ ਕੋਲੇ ਚੂੰ ਨਹੀ ਨਿਕਲਦੀ-ਇਹ ਮੇਰਾ ਵਾਅਦਾ-ਕਹੇਂ ਸ੍ਰੀ ਗੁਰੂ ਗਰੰਥ ਸਾਹਿਬ ਮੂਹਰੇ ਸਹੁੰ ਖਾਣ ਲਈ ਤਿਆਰ ਐਂ-ਹੋਰ ਦੱਸ?"
-"ਤੇ ਸਰਦਾਰ ਜੀ-ਗੋਲੀ ਕੀਹਦੀ ਵੱਖੀ ਨੂੰ ਆਊ? ਮੁਖ਼ਬਰਾਂ ਨੂੰ ਤਾਂ ਉਹ ਬੇਹੇ ਕੜਾਹ ਮਾਂਗੂੰ ਲੈਂਦੇ ਐ ਸਾਲੇ-ਹੋਰ ਨਾ ਲਾਲਚ 'ਚ ਆ ਕੇ ਕੋੜਮਾਂ ਈ ਤਬਾਹ ਕਰਾ ਲਈਏ?" ਨੰਬਰਦਾਰ ਨੇ ਡਰ ਦੱਸਿਆ।
-"ਨੰਬਰਦਾਰਾ! ਤੈਨੂੰ ਨਾ ਹੁਣ ਤੱਕ ਕਿਸੇ ਨੇ ਮਾਰਿਆ? ਤੇਰੇ ਜਿੰਨੀ ਮੁਖ਼ਬਰੀ ਕਿਸੇ ਨੇ ਨਹੀ ਕੀਤੀ-ਦੱਸ ਕਦੇ ਸਾਹ ਨਿਕਲਿਐ? ਹਿਫ਼ਾਜ਼ਤ ਦੇ ਨਾਲ ਨਾਲ ਇਨਾਮ ਤੈਨੂੰ ਬਰਾਬਰ ਮਿਲਦੇ ਰਹੇ ਐ-ਜੇ ਹੁਣ ਤੱਕ ਕੋਈ ਭੇਦ ਬਾਹਰ ਨਿਕਲਿਐ ਤਾਂ ਆਖ? ਤੇਰੀ ਸਿ਼ਫਾਰਸ਼ 'ਤੇ ਬੰਦੇ ਬਥੇਰੇ ਛੱਡੇ ਐ-ਤੇਰੀ ਗੱਲ ਕੋਈ ਭੁੰਜੇ ਪੈਣ ਦਿੱਤੀ ਐ ਤਾਂ ਕਹਿ? ਅੱਧ ਬੋਲ ਤੇਰੇ ਕੰਮ ਹੁੰਦੇ ਰਹਿੰਦੇ ਐ-ਨੰਬਰਦਾਰਾ! ਬਾਈ ਤੇਰੀ ਸਾਗ ਖਾਣ ਆਲੀ ਸੋਚ ਕੰਮ ਕਿਉਂ ਨਹੀ ਕਰਦੀ? ਕਈ ਖਾੜਕੂਆਂ ਦੇ ਤਾਂ ਸਰਕਾਰ ਨੇ ਪੰਜ-ਪੰਜ ਲੱਖ ਤੋਂ ਲੈ ਕੇ ਪੱਚੀ-ਪੱਚੀ ਲੱਖ ਰੁਪਏ ਤੱਕ ਇਨਾਮ ਰੱਖਿਆ ਹੋਇਐ-ਉਹ ਸਾਰੇ ਧਰਤੀ ਜਾਂ ਪਤਾਲ ਵਿਚ ਤਾਂ ੳੁੱਤਰ ਈ ਨਹੀ ਗਏ-ਸਕੂਲਾਂ ਕਾਲਜਾਂ 'ਚ ਈ ਖੁਰਵੱਢ ਕਰਦੇ ਫਿਰਦੇ ਐ-ਕੋਈ ਪੱਚੀ ਲੱਖੀਆ ਫੜਾ ਦੇਵੇਂ ਸਾਰੀ ਉਮਰ ਬੈਠਾ ਖਾਈਂ-ਨਾ ਕੰਮ ਕਰਨ ਦੀ ਲੋੜ ਨਾ ਪੜ੍ਹਾਈ ਦੀ ਜਰੂਰਤ-ਜੱਟ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋਇਆ ਰਹੇ-ਪੱਚੀ ਲੱਖ ਨਹੀ ਜੋੜ ਸਕਦਾ-।"
ਨੰਬਰਦਾਰ ਠਾਣੇਦਾਰ ਦੇ ਬਿਆਨਾਂ ਦਾ ਕਾਇਲ ਹੋ ਗਿਆ। ਉਸ ਨੇ ਨੀਵੀਂ ਸੁੱਟ ਲਈ। ਰਣਬੀਰ ਨੇ ਹੌਂਸਲੇ ਵਿਚ ਗਰਦਨ ਮੋਰ ਵਾਂਗ ਉਸਾਰ ਲਈ। ਠਾਣੇਦਾਰ ਨੇ ਆਪਣੇ ਛੱਡੇ ਹੋਏ ਤੀਰ ਬਿਲਕੁਲ ਨਿਸ਼ਾਨੇ 'ਤੇ ਲੱਗੇ ਵੇਖੇ ਤਾਂ ਉਹ ਹੋਰ ਫ਼ੁਰਤੀ ਫੜ ਗਿਆ।
-"ਡਰੂ, ਢਾਹੂ ਸੋਚ ਵਾਲਾ ਅਤੇ ਵਹਿਮੀ ਇਹਨਾਂ ਤਿੰਨਾਂ 'ਚ ਕੋਈ ਫ਼ਰਕ ਨਹੀ ਹੁੰਦਾ-ਕਹਿਣ ਦਾ ਭਾਵ ਇਹ ਤਿੰਨੇ ਹੀ ਭਵਿੱਖ ਦੇ ਦੁਸ਼ਮਣ ਹੁੰਦੇ ਹਨ ਰਣਬੀਰਿਆ! ਖ਼ੁਦ ਹੀ ਆਪਣੇ ਭਵਿੱਖ ਦੇ ਦੁਸ਼ਮਣ!" ਉਸ ਨੇ ਮੇਜ਼ 'ਤੇ ਮੁੱਕੀ ਮਾਰੀ।
-"ਤੇ ਫਿਰ ਮੇਰੇ ਲਾਇਕ ਸੇਵਾ ਦੱਸੋ ਚਾਚਾ ਜੀ?" ਰਣਬੀਰ ਅੰਦਰੋਂ ਪੂਰੀ ਤਰ੍ਹਾਂ ਸਹਿਮਤ ਹੋ ਗਿਆ ਸੀ। ਪੱਚੀ ਲੱਖ ਦਾ ਨਾਂ ਸੁਣ ਕੇ ਹੁਣ ਨੰਬਰਦਾਰ ਵੀ ਆਪਣੇ ਆਪ ਨੂੰ ਸੁਖ਼ਾਲਾ-ਸੁਖ਼ਾਲਾ ਪ੍ਰਤੀਤ ਕਰਨ ਲੱਗ ਪਿਆ ਸੀ। ਉਹ ਸੋਚ ਰਿਹਾ ਸੀ: ਮੈਂ ਤਾਂ ਇਹਨੂੰ ਐਮੇਂ ਈ ਗਾਲ੍ਹਾਂ ਕੱਢੀ ਗਿਆ? ਇਹ ਤਾਂ ਬੰਦਾ ਈ ਬੜਾ ਕੰਮ ਦਾ ਐ-ਇਹ ਗੱਲ ਵੀ ਸਹੀ ਹੈ ਕਿ ਜਿਹੜਾ ਕੰਮ ਇਹਨੂੰ ਆਖਿਆ-ਅੱਧ ਬੋਲ ਹੀ ਹੁੰਦਾ ਰਿਹਾ। ਮੇਰੇ ਵਿਰੋਧੀਆਂ ਦੀ ਪੂਛ ਇਹਨੇ ਚੁਕਾਈ ਰੱਖੀ-ਨਹੀ ਸ਼ਰੀਕ ਕਿਤੇ ਛੇਤੀ ਕੀਤੇ ਜਿਉਣ ਦਿੰਦੇ ਸੀ? ਸਾਲੇ ਨਿੱਤ ਆਨੇਂ ਕੱਢਦੇ ਸੀ-ਬਾਹਾਂ 'ਚ ਬੰਗਣੇ ਤਾਂ ਇਹਨੇ ਈ ਪਾਏ-ਨਾਲੇ ਪੁਲਸ ਦੇ ਆਸਰੇ ਹੀ ਮੈਂ ਤੀਹ ਏਕੜ ਜਮੀਨ ਬਣਾ ਲਈ-ਨਹੀ ਬਾਪੂ ਆਲੀ ਪੰਜ ਕਿੱਲੇ ਜਮੀਨ ਨਾਲ ਤਾਂ ਝੱਗੇ-ਦੁਵੱਟੇ ਈ ਨਹੀ ਬਣਨੇ ਸੀ-ਹੁਣ ਇਕ ਪਾਈਦੈ ਤੇ ਇਕ ਲਾਹੀਦੈ-ਚੰਗਾ ਖਾਨੇ ਐਂ ਮੰਦਾ ਬੋਲਦੇ ਆਂ-ਖੇਤ ਦੋ ਮੋਟਰਾਂ ਐਂ-ਘਰੇ ਫੋਰਡ ਟਰੈਕਟਰ ਤੇ ਨਵੀਂ ਜੀਪ ਖੜ੍ਹੀ ਐ-ਮੁੰਡੇ ਕੋਲ ਕਾਲਜ ਜਾਣ ਲਈ ਮੋਟਰ ਸਾਈਕਲ ਐ-ਨਹੀ ਲੋਕਾਂ ਦੇ ਮੁੰਡਿਆਂ ਕੋਲੇ ਸਾਲੇ ਟੁੱਟੇ ਜਿਹੇ ਸਾਈਕਲ ਐ-ਬੱਸਾਂ ਦੇ ਕੰਡਕਟਰਾਂ ਨਾਲ ਨਿੱਤ ਕਿਰਾਏ ਤੇ ਪਾਸਾਂ ਪਿੱਛੇ ਜੁੱਤ ਪੌਅ ਕਰਦੇ ਐ-ਤੇ ਸਾਡੇ ਸ਼ੇਰ ਰਣਬੀਰ ਸਿਉਂ ਦਾ ਮੋਟਰ ਸਾਈਕਲ ਜਾਂਦੈ ਕਾਲਜ ਨੂੰ ਸ਼ੇਰ ਮਾਂਗੂੰ ਬੁੱਕਦਾ-ਇਹ ਪੁਲਸ ਦੀ ਰਹਿਮਤ ਨਹੀ ਤਾਂ ਹੋਰ ਕੀ ਐ ਨੰਬਰਦਾਰਾ? ਨੰਬਰਦਾਰੀ ਮਿਲਣ ਤੱਕ ਬੜੇ ਨੰਗ ਭੁੱਖ ਨਾਲ ਘੁਲੇ-ਹੁਣ ਕਿਧਰੇ ਬੱਕਰੇ-ਕਿੱਧਰੇ ਮੁਰਗੇ ਤੇ ਮਾਰ ਫੜਕੇ ਕਿਧਰੇ ਦਾਰੂ ਨਿੱਤ ਉੜਾਈਦੀ ਐ-ਐਸ਼ਾਂ ਕਰਦੇ ਐਂ ਬੁੱਲੇ ਵੱਢਦੇ ਐਂ-ਜੇ ਰਣਬੀਰ ਵਾਕਿਆ ਈ ਕੋਈ ਖਾੜਕੂ ਫੜਾ ਦੇਵੇ-ਇਨਾਮ 'ਚ ਮਿਲੀ ਰਕਮ ਦਾ ਵਿਆਜ ਈ ਖਾਧਾ ਨਹੀ ਮੁੱਕਣਾ-ਪਰ ਨੰਬਰਦਾਰਾ! ਇਹ ਤਾਂ ਗੱਦਾਰੀ ਐ! ਸਰਾਸਰ ਗੱਦਾਰੀ!! ਖਾੜਕੂਆਂ ਨੇ ਵੀ ਹਥਿਆਰ ਲੋਕ ਭਲਾਈ ਲਈ ਈ ਚੁੱਕੇ ਐ-ਅੱਗੇ ਦਰਗਾਹ 'ਚ ਕੀ ਹਿਸਾਬ ਦੇਵੇਂਗਾ? ਪਰ ਦਰਗਾਹ-ਕਿਹੜੀ ਦਰਗਾਹ? ਅੱਗਾ ਕਦੇ ਕਿਸੇ ਨੇ ਦੇਖਿਐ? ਇਹ ਤਾਂ ਕਰਨ ਦੀਆਂ ਗੱਲਾਂ ਨੇ-ਬੰਦੇ ਨੂੰ ਨਰਕ ਦਾ ਡਰ ਤੇ ਸੁਰਗ ਦਾ ਲਾਲਚ ਦਿੱਤਾ ਹੋਇਐ-ਕਦੇ ਕਿਸੇ ਮਰੇ ਨੇ ਘਰਦਿਆਂ ਨੂੰ ਟੈਲੀਗ੍ਰਾਮ ਦਿੱਤੀ ਐ-ਬਈ ਮੈਂ ਸੁਰਗ 'ਚ ਆਂ ਜਾਂ ਨਰਕ 'ਚ ਆਂ? ਸੁਰਗ ਨਰਕ ਸਭ ਅਫ਼ਵਾਹਾਂ! ਤੂੰ ਆਹ ਜਿੰਦਗੀ ਸੌਖ ਨਾਲ ਹੰਢਾ ਨੰਬਰਦਾਰਾ! ਅੱਗੇ ਆਪੇ ਦੇਖੀ ਜਾਊ-ਹੁਣ ਸਮਾਂ ਐਂ ਗੌਰਮਿੰਟ ਨੂੰ ਲੁੱਟਣ ਦਾ-ਇਹ ਟੈਮ ਵਾਰ ਵਾਰ ਨਹੀ ਆਉਂਦੇ- ਹੱਥ ਰੰਗਣ ਦਾ ਮੌਕਾ ਵਾਰ ਵਾਰ ਹੱਥ ਨਹੀ ਲੱਗਦਾ-ਨੇਕੀ ਨੇ ਕੁਛ ਨਹੀ ਖੋਹਣਾ-ਭੁੱਖਾ ਈ ਮਰੇਂਗਾ-ਗੁਰਦਿਆਲ ਸਿਉਂ ਗਰੰਥੀ ਨੇ ਸਾਰੀ ਉਮਰ ਪੂਜਾ ਪਾਠ 'ਚ ਈ ਲਾਤੀ-ਔਹ ਫਿਰਦੈ ਅੰਨ੍ਹਾਂ ਹੋਇਆ-ਕੋਈ ਬੇਰਾਂ ਵੱਟੇ ਨਹੀ ਪਛਾਣਦਾ-ਕੀੜਿਆਂ ਆਲੇ ਕੁੱਤੇ ਮਾਂਗੂੰ ਕਦੇ ਔਥੇ ਡਿੱਗਦੈ-ਕਦੇ ਔਥੇ ਡਿੱਗਦੈ-ਕੋਈ ਸਹਾਰਾ ਨਹੀ ਦਿੰਦਾ-ਅੱਗੇ ਜਾ ਕੇ ਚਾਹੇ ਸੁਰਗ 'ਚ ਬਹਿਜੇ-ਪਰ ਹੁਣ ਤਾਂ ਜੂਨ ਵੈਰਾਨ ਹੋਈ ਪਈ ਐ ਕਿ ਨਹੀਂ? ਹੁਣ ਤਾਂ ਕਲਯੁੱਗ ਐ ਕਲਯੁੱਗ-ਜਿੰਨੀ ਬੇਈਮਾਨੀ ਕਰੇਂਗਾ ਉਨਾਂ ਈ ਫ਼ਲੇਂਗਾ-ਕਹਿੰਦੇ ਐ ਕਲਯੁੱਗ ਬੇਈਮਾਨ ਬੰਦੇ ਦੀ ਵੱਧ ਚੜ੍ਹ ਕੇ ਮੱਦਦ ਕਰਦੈ-ਉਹਨੂੰ ਵੀ ਤਾਂ ਬੇਈਮਾਨ ਬੰਦਿਆਂ ਦੀ ਸਖ਼ਤ ਜਰੂਰਤ ਐ-ਜੇ ਬੇਈਮਾਨ ਬੰਦੇ ਨਾ ਹੋਣਗੇ ਤਾਂ ਦੁਨੀਆਂ 'ਤੇ ਕਲਯੁੱਗ ਦਾ ਰਾਜ ਕਿਵੇਂ ਰਹੂ? ਇਸ ਲਈ ਨੰਬਰਦਾਰਾ! ਘਰ ਆਈ ਲੱਛਮੀ ਨਹੀ ਮੋੜੀਦੀ-ਪੈਸੇ ਬਿਨਾਂ ਕੋਈ ਬਾਤ ਨਹੀ ਪੁੱਛਦਾ-ਇਸ ਮਾਇਆ ਕੇ ਤੀਨ ਨਾਂਮ-ਪਰਸਾ, ਪਰਸੂ ਤੇ ਪਰਸਰਾਮ! ਪੈਸੇ ਬਿਨਾਂ ਨਾ ਬੰਦੇ ਦੀ ਕਦਰ ਕੋਈ-ਧੱਕੇ ਪੈਂਦੇ ਨੇ ਬਾਰੋ ਬਾਰ ਮੀਆਂ-ਨਾਲੇ ਖਾੜਕੂ ਕਿਹੜਾ ਮੇਰੇ ਮਾਮੇਂ ਦੇ ਪੁੱਤ ਲੱਗਦੇ ਐ? ਜੇ ਦੋ ਚਾਰ ਮਾਰੇ ਵੀ ਜਾਣਗੇ ਤਾਂ ਕੀ ਫ਼ਰਕ ਪੈਂਦੈ? ਹੋਰ ਦੁਨੀਆਂ ਵੀ ਮਰੀ ਜਾਂਦੀ ਐ! ਇਹਨਾਂ ਸਹੁਰਿਆਂ ਨੇ ਵੀ ਜਨਤਾ ਦੇ ਨੱਕ 'ਚ ਦਮ ਕਰ ਰੱਖਿਐ।
ਨੰਬਰਦਾਰ ਦੀ ਸੋਚ ਠਾਣੇਦਾਰ ਦੀ ਗੱਲ ਨਾਲ ਟੁੱਟੀ।
-"ਤੇਰੇ ਲਾਇਕ ਸੇਵਾ ਪੁੱਤਰਾ ਇਹ ਹੈ-।"
-"ਸੇਵਾ ਰਣਬੀਰਿਆ ਤਾਂ ਲਈਂ-ਜੇ ਤਨੋਂ ਮਨੋਂ ਲਾ ਕੇ ਇਮਾਨਦਾਰੀ ਨਾਲ ਨਿਭਾਵੇਂਗਾ।" ਵਿਚੋਂ ਗੱਲ ਕੱਟ ਕੇ ਨੰਬਰਦਾਰ ਨੇ ਬੜੇ ਹੌਸਲੇ ਨਾਲ ਮੁੰਡੇ ਨੂੰ ਆਖਿਆ। ਠਾਣੇਦਾਰ ਨੇ ਨੰਬਰਦਾਰ ਦੀ ਸੱਚੀ ਸਹਿਮਤੀ ਨੂੰ ਤੁਰੰਤ ਜਾਣ ਲਿਆ। ਆਪਣੀਆਂ ਕੀਤੀਆਂ ਦਲੀਲਬਾਜ਼ੀ ਗੱਲਾਂ ਦਾ ਜਾਦੂ ਉਹ ਪ੍ਰਤੱਖ ਦੇਖ ਰਿਹਾ ਸੀ।
-"ਇਮਾਨਦਾਰੀ ਨਾਲ ਨਿਭਾਊਂ ਬਾਪੂ ਜੀ!" ਮੁੰਡਾ ਵੀ ਅੰਦਰੋਂ ਤਾਅ ਫੜ ਗਿਆ ਸੀ।
-"ਸ਼ਾਬਾਸ਼ ਪੁੱਤਰਾ! ਸੇਵਾ ਰਣਬੀਰਿਆ ਇਹ ਐ ਕਿ ਕੋਸਿ਼ਸ਼ ਰੱਖਣੀ ਐਂ ਬਈ ਇਹ ਵਾਹ ਲੱਗਦੀ ਇਕ ਮੁੱਠ ਨਾ ਹੋ ਸਕਣ-ਨੰਬਰ ਦੋ-ਜਿਹੜੇ ਇਹ ਮੋਢੀ ਜਿਹੇ ਬਣੇ ਫਿਰਦੇ ਐ-ਇਹਨਾਂ ਦੇ ਨਾਂ ਤੇ ਪਤੇ ਅਤੇ ਕਮਜ਼ੋਰੀਆਂ ਦੀ ਲਿਸਟ ਬਣਾ ਕੇ ਮੈਨੂੰ ਦੇਹ-ਨੰਬਰ ਤਿੰਨ-ਕੋਈ ਓਪਰਾ ਬੰਦਾ ਕਾਲਜ ਆਵੇ ਮੈਨੂੰ ਤੁਰੰਤ ਖ਼ਬਰ ਕਰ-ਨੰਬਰ ਚਾਰ-ਖ਼ਰੂਦ ਆਪ ਕਰੋ ਨਾਂ ਇਹਨਾਂ ਦੇ ਲਾਓ-ਇਹਨਾਂ ਨੂੰ ਲੋਕਾਂ 'ਚ ਰੱਜ ਕੇ ਬਦਨਾਮ ਕਰੋ-ਜਦੋਂ ਕੋਈ ਲਹਿਰ ਲੋਕਾਂ 'ਚ ਬਦਨਾਮ ਹੋ ਗਈ-ਸਮਝੋ ਭੋਗ ਪੈ ਗਿਆ, ਗਈ-ਜਿੱਥੋਂ ਨਿਕਲੀ ਸੀ ਸਮਝੋ ਉਥੇ ਈ ਵੜ ਗਈ-!"
-"ਬਿਲਕੁਲ ਦਰੁਸਤ।" ਨੰਬਰਦਾਰ ਬੋਲਿਆ।
-"ਤੇ ਦਰਖ਼ਾਸਤ ਲਿਖ ਕੇ ਦੇਹ-ਰਿਵਾਲਵਰ ਖ਼ਰੀਦ-ਲਾਈਸੰਸ ਤੇਰਾ ਮੈਂ ਬਣਵਾ ਕੇ ਦਿੰਨਾਂ।"
-"ਕਾਹਨੂੰ-ਕੀ ਲੋੜ ਐ।" ਨੰਬਰਦਾਰ ਜਰਕਿਆ।
-"ਨੰਬਰਦਾਰਾ ਬਾਈ-ਤੂੰ ਖਰਚੇ ਦੀ ਪ੍ਰਵਾਹ ਨਾ ਕਰ-ਸਾਰੇ ਘਾਟੇ ਵਾਧੇ ਪੂਰੇ ਹੋ ਜਾਣਗੇ।"
-"ਚਲੋ-ਜਿਵੇਂ ਮਰਜੀ ਐ ਕਰੋ।"
-"ਰਣਬੀਰਿਆ-ਦੇ ਤਾਂ ਮੈਂ ਤੈਨੂੰ ਏ ਕੇ ਸੰਤਾਲੀ ਵੀ ਦੇਵਾਂ-ਅਸਾਲਟ, ਠਾਣੇ 'ਚੋਂ-ਪਰ ਸਿਰ ਹੋਜੇਂਗਾ।"
-"ਕੀ ਲੋੜ ਐ-ਪਸਤੌਲ ਈ ਠੀਕ ਐ।" ਨੰਬਰਦਾਰ ਭੱਜ ਕੇ ਵਿਚ ਹੁੰਦਾ ਸੀ।
-"ਤੂੰ ਅੱਜ ਈ ਦਰਖ਼ਾਸਤ ਦੇਹ-ਅਗਲੇ ਹਫ਼ਤੇ ਮੈਥੋਂ ਰਿਵਾਲਵਰ ਦਾ ਲਾਈਸੰਸ ਲੈ ਲਵੀਂ।"
-"ਠੀਕ ਐ ਜੀ।"
-"ਠੀਕ ਐ ਨਹੀਂ-ਚਾਚਾ ਆਖ ਕੁੱਤਿਆ!"
-"ਠੀਕ ਐ ਚਾਚਾ ਜੀ!"
-"ਹਾਂ---! ਨੰਬਰਦਾਰ ਬਾਈ ਨੇ ਤਾਂ ਸਾਰੀ ਉਮਰ ਬੰਦੂਕ ਪਾ ਮੋਢੇ-ਕੰਨ੍ਹਾਂ ਪਾ ਲਿਆ ਬਲਦ ਆਂਗੂੰ-ਅਸੀਂ ਆਪਦੇ ਪੁੱਤਰ ਨੂੰ ਬੁੱਕਲ ਦਾ ਹਥਿਆਰ ਲੈ ਕੇ ਦੇਵਾਂਗੇ।"
-"ਤੁਸੀਂ ਕਰੋ ਗੱਲਾਂ ਮੈਂ ਪਿਸ਼ਾਬ ਕਰ ਆਵਾਂ--।" ਨੰਬਰਦਾਰ ਉਠਿਆ।
-"ਥੱਲੇ ਈ ਹੋ ਆਈਂ ਬਾਈ-ਉਪਰ ਤਾਂ ਤਾਲਾ ਲੱਗਿਐ।"
-"ਅੱਛੀ ਬਾਤ।" ਨੰਬਰਦਾਰ ਪੱਗ ਸੰਭਾਲਦਾ ਪੌੜੀਏਂ ਉਤਰ ਆਇਆ।
ਸਪੋਲੀਆਂ ਵਾਂਗ ਬਾਹਰ ਝਾਕਦੀਆਂ ਜਟੂਰੀਆਂ ਉਸ ਨੇ ਮਸਾਂ ਹੀ ਉਂਗਲ ਦੇ ਹੋੜੇ ਨਾਲ ਅੰਦਰ ਕੀਤੀਆਂ ਸਨ।
-"ਲੈ ਨੰਬਰਦਾਰ ਤਾਂ ਗਿਆ ਚਲਿਆ-ਤੈਨੂੰ ਮੈਂ ਇਕ ਗੱਲ ਕੰਮ ਦੀ ਦੱਸਦੈਂ-ਜੱਥੇਬੰਦੀਆਂ ਦੇ ਲੈਟਰਪੈਡ ਤੈਨੂੰ ਦਿਊਂਗਾ ਮੈਂ-ਰਿਵਾਲਵਰ ਦੀ ਨੋਕ 'ਤੇ ਮੂੰਹ ਬੰਨ੍ਹ ਕੇ ਕੋਈ ਕਾਲਜੀਏਟ ਕੁੜੀ ਕਰ ਅਗਵਾਹ-ਰਹਿਣ ਦਾ ਪ੍ਰਬੰਧ ਤੈਨੂੰ ਮੈਂ ਕਰਕੇ ਦਿਊਂ-ਨਾਲੇ ਪੈਸੇ ਬਟੋਰ ਤੇ ਨਾਲੇ ਕਰ ਰਾਤਾਂ ਨਿੱਘੀਆਂ-ਲੈਟਰਪੈਡ ਤੇ ਲਿਖ ਕੇ ਜਿ਼ੰਮੇਵਾਰੀ ਤੋਰ ਅਖਬਾਰਾਂ ਨੂੰ-ਖਾੜਕੂ ਬਦਨਾਮ ਤੂੰ ਬਰੀ-ਨਾਲੇ ਕਮਾਂ ਪੈਸੇ ਤੇ ਨਾਲੇ ਲੈ ਗਰਮ ਗੋਸ਼ਤ ਦਾ ਸੁਆਦ-ਜੇ ਚੀਂ-ਫ਼ੀਂ ਕਰੇ ਗੋਲੀ ਮਾਰ ਕੇ ਪਰ੍ਹਾਂ ਕਰੀਂ-ਜਿ਼ੰਮੇਵਾਰੀ ਫੇਰ ਖਾੜਕੂਆਂ ਦੇ ਨਾਂ-ਲੁੱਟ ਲੈ ਬਹਾਰ ਜੈਮਲਾ-ਇਕ ਮੋਰੀ ਦੋ ਡਾਕੇ-ਠੀਕ ਐ ਪੁੱਤਰਾ?"
-"ਹਾਂ ਚਾਚਾ ਜੀ।"
-"ਲੈ ਪੈੱਗ ਪੀ।"
-"ਤੂੰ ਪੁੱਤਰਾ ਮੇਰੇ 'ਤੇ ਭਰੋਸਾ ਕਰ-ਮੈਂ ਅਕਸਰ ਤੇਰਾ ਚਾਚਾ ਐਂ-ਤੂੰ ਕੁੜੀ ਬਲਾਤਕਾਰ ਕਰਕੇ ਆ ਜਾਹ ਤੇਰੀ ਹਵਾ ਬੰਨੀ ਕੋਈ ਨਹੀ ਝਾਕੂ-ਬੰਦਾ ਮਾਰ ਕੇ ਆ ਜਾਹ ਤੈਨੂੰ ਤੱਤੀ 'ਵਾ ਨਹੀ ਲੱਗਣ ਦਿੰਦਾ-ਹੋਰ ਦੱਸ ਤੂੰ ਮੈਥੋਂ ਕੀ ਚਾਹੁੰਨੈਂ?"
-"ਥੋਡੀ ਕਿਰਪਾ ਚਾਹੁੰਨੈ ਚਾਚਾ ਜੀ।" ਰਣਬੀਰ ਗਰੇਵਾਲ ਦੇ ਗੋਡੇ ਘੁੱਟਣ ਲੱਗ ਪਿਆ।
-"ਤੂੰ ਪੁੱਤਰਾ 'ਕੱਲੀ ਕਿਰਪਾ ਦੀ ਗੱਲ ਕਰਦੈਂ? ਮੈਂ ਸਾਰਾ ਈ ਤੇਰੇ ਨਾਲ ਐਂ!"
ਮੁੰਡੇ ਦੇ ਹੌਂਸਲੇ ਨਾਲ ਖੰਭ ਲੱਗ ਗਏ।
ਉਹ ਤਿੱਤਰ ਵਾਂਗ ਉਡਾਰੀ ਮਾਰਨ ਲਈ ਤਿਆਰ ਹੋ ਗਿਆ।
-"ਤੀਮੀਂ ਤੇ ਸ਼ਰਾਬ ਦਾ ਗੁਲਾਮ ਨਾ ਬਣੀ-ਐਸ਼ ਕਰੀਂ ਜਿੰਨੀ ਮਰਜੀ-ਤੀਮੀ ਵਰਤਣ ਨਾਲ ਕੋਈ ਫ਼ਰਕ ਨਹੀਂ ਪੈਂਦਾ-ਸ਼ਰਾਬ ਪੀਣ ਨਾਲ ਕੋਈ ਤਾਜ ਨਹੀਂ ਲਹਿੰਦਾ-ਪਰ ਜਦੋਂ ਇਹ ਦੋ ਚੀਜ਼ਾਂ ਬੰਦੇ ਦੀ ਕਮਜੋਰੀ ਬਣ ਜਾਣ-ਬੰਦਾ ਨਾ ਤਿੰਨਾਂ 'ਚ ਨਾ ਫਿ਼ਰ ਤੇਰ੍ਹਾਂ ਵਿਚ-ਫਿਰ ਬੰਦਾ ਰਹਿ ਜਾਂਦੈ ਸਿਰਫ਼ ਨਿਖੱਟੂ!"
ਹਰ ਗੱਲ ਰਣਬੀਰ ਅੰਦਰ ਬੜੀ ਸਹਿਮਤੀ ਨਾਲ ਘਰ ਕਰ ਰਹੀ ਸੀ।
-"ਇਕ ਗੱਲ ਹੋਰ-'ਕੱਲਾ ਬੰਦਾ 'ਕੱਲਾ ਈ ਹੁੰਦੈ ਤੇ ਦੋ ਹੁੰਦੇ ਐ ਗਿਆਰ੍ਹਾਂ-ਕੋਈ ਦੋ ਚਾਰ ਹੋਰ ਲੋੜਵੰਦ ਲਗਾੜੇ ਆਪਦੇ ਨਾਲ ਰਲਾ ਤੇ ਇਕ ਗਰੋਹ ਖੜ੍ਹਾ ਕਰ-।"
-"ਤੇ ਚਾਚਾ ਜੀ-ਐਨਾਂ ਅਸਲਾ ਕਿੱਥੋਂ ਆਊ?" ਮੁੰਡੇ ਅੱਗੇ ਇਕ ਪਹਾੜ ਜਿੱਡੀ ਮੁਸੀਬਤ ਆ ਖੜ੍ਹੀ।
-"ਹੈ ਕਮਲਾ-ਮੈਂ ਦੇਖਗਾਂ ਬੈਠਾ-ਅਸਲਾ ਦਿਊਂ ਮੈਂ-ਜਿੰਨਾਂ ਚੱਕ ਸਕੇਂ ਚੱਕ-ਕੋਈ ਤੇਰਾ ਹੱਥ ਨਹੀਂ ਫੜਦਾ-ਜਿੱਥੇ ਕਹੇਂ ਉਥੇ ਪਹੁੰਚਦਾ ਕਰ ਦਿਆਂਗਾ-ਪਰ ਲਹਿਰ ਬਦਨਾਮ ਜਰੂਰ ਹੋਣੀ ਚਾਹੀਦੀ ਐ-ਹਰ ਹਾਲਤ ਵਿਚ-ਬਲਾਤਕਾਰ, ਲੁੱਟਾਂ, ਖੋਹਾਂ, ਕਤਲ ਜੋ ਕਰ ਸਕਦੇ ਹੋ ਕਰੋ-ਬੱਸ! ਐਸੇ ਐਕਸ਼ਨ ਕਰਕੇ ਲਹਿਰ ਨੂੰ ਢਾਹ ਲਾਓ ਕਿ ਲੋਕ ਇਹਨਾਂ ਨੂੰ ਮੂੰਹ ਹੀ ਨਾ ਲਾਉਣ-ਹਰ ਲਹਿਰ ਦੀਆਂ ਜੜ੍ਹਾਂ ਲੋਕ ਮਜ਼ਬੂਤ ਕਰਦੇ ਐ-ਜਦੋਂ ਲੋਕਾਂ ਨੇ ਹੀ ਇਹਨਾਂ ਨੂੰ ਦਿਲੋਂ ਲਾਹ ਦਿੱਤਾ ਤਾਂ ਇਹ ਜੜ੍ਹੋਂ ਉੱਖੜੇ ਈ ਪਏ ਐ-ਤੂੰ ਈ ਦੱਸ ਬਈ ਜੜ੍ਹੋਂ ਉੱਖੜਿਆ ਰੁੱਖ ਕਿੰਨੀ ਕੁ ਦੇਰ ਖੜ੍ਹਾ ਰਹਿ ਸਕਦੈ? ਅਸਲਾ ਲੈ ਜਿੰਨਾ ਮਰਜੀ-ਨਾਲੇ ਜਿਹੋ ਜਿਹਾ ਕਹੇਂ! ਆਪਣੇ ਕੋਲ ਡਰੈਗਨ ਗੰਨਾਂ ਤੋਂ ਲੈ ਕੇ ਰਾਕਟ ਲਾਂਚਰਾਂ ਤੱਕ ਪਏ ਐ-ਕਹੇਂ ਹੈਂਡ ਗਰਨੇਡ ਵੀ ਦੁਆ ਦਿਆਂਗਾ।"
ਰਣਬੀਰ ਦਾ ਹੌਂਸਲਾ ਬਾਰੂਦ ਬਣ ਗਿਆ।
-"ਚਾਚਾ ਜੀ-ਬਾਪੂ ਦੇ ਆਉਣ ਤੋਂ ਪਹਿਲਾਂ ਇਹ ਵੀ ਦੱਸ ਦਿਓ ਕਿ ਐਕਸ਼ਨ ਸੁਰੂ ਕਿੱਥੋਂ ਕਰੀਏ?" ਰਣਬੀਰ ਨੇ ਅਜੇ ਗੱਲ ਪੂਰੀ ਹੀ ਕੀਤੀ ਸੀ ਕਿ ਇਕ ਸਿਪਾਹੀ ਬੰਦੂਕ ਸੰਭਾਲਦਾ ਅੰਦਰ ਆ ਗਿਆ।
-"ਸਰਦਾਰ-ਚੜਿੱਕ ਦੀ ਪੰਚਾਇਤ ਆਈ ਐ।"
-"ਭੈਣ ਦੀ .... ਲਵੇ ਪੰਚਾਇਤ ਖੜ੍ਹੀ ਹੋ ਕੇ! ਤੈਨੂੰ ਦਿਸਦਾ ਨਹੀਂ ਕਿ ਕੋਈ ਜਰੂਰੀ ਗੱਲ ਬਾਤ ਚੱਲ ਰਹੀ ਐ? ਉਹਨਾਂ ਨੂੰ ਕਹਿ ਮੀਟਿੰਗ ਚੱਲਦੀ ਐ ਬਾਹਰ ਬੈਠਣ..! ਅਜੇ ਸਵੇਰਿਓਂ ਈ ਬੰਦਾ ਫੜ ਕੇ ਲਿਆਏ ਐਂ-ਕੁੜੀ ਚੋਦ ਝੱਟ 'ਚ ਈ ਆ ਖੜ੍ਹੇ ਹੋਏ-ਇਹਨਾਂ ਦੀ ਕੁੜੀ ਨੂੰ ਕੁੱਕੜ ਯੈਹਣ!" ਠਾਣੇਦਾਰ ਭੂਸਰੀ ਗਾਂ ਵਾਂਗ ਗਲ ਨੂੰ ਆਇਆ।
-"ਜੀ ਜਨਾਬ।"
ਸਿਪਾਹੀ ਤੁਰ ਗਿਆ।
ਠਾਣੇਦਾਰ ਨੇ ਦੇਖਿਆ ਨੰਬਰਦਾਰ ਪੌੜੀਏਂ ਚੜ੍ਹਦਾ ਆ ਰਿਹਾ ਸੀ। ਉਸ ਨੇ ਗੱਲ ਜਲਦੀ ਮੁਕਾਉਣੀ ਚਾਹੀ।
-"ਮੌਕਾ ਬਚਾ ਕੇ ਐਕਸ਼ਨ ਕਰਨਾ-ਇਹ ਥੋਡਾ ਕੰਮ ਐਂ-ਰਿਪੋਰਟ ਨਾਲ ਦੀ ਨਾਲ ਮੈਨੂੰ ਮਿਲਦੀ ਰਹੇ-ਹਾਂ, ਖਾੜਕੂਆਂ ਦੇ ਨਾਂ ਤੇ ਜਿਮੇਵਾਰੀ ਲੈਣੀ ਉੱਕਾ ਨਹੀ ਭੁੱਲਣੀ-ਮਾਰੋ ਲੁੱਟੋ ਤੇ ਖਾਓ-ਐਸ਼ ਕਰੋ-ਕੁੜੀਆਂ ਵਰਤੋ-ਜੋ ਮਰਜੀ ਐ ਕਰੋ-ਜੋਸ਼ ਨਾਲੋਂ ਹੋਸ਼ ਤੋਂ ਕੰਮ ਜਿਆਦਾ ਲੈਣਾ-ਬੇਵਕੂਫ਼ੀ ਜਾਂ ਅਨਾੜੀਪੁਣਾ ਬਿਲਕੁਲ ਨਹੀ ਵਰਤਣਾ-ਦਿਮਾਗ ਨਾਲ ਸੁਚੇਤ ਹੋ ਕੇ ਡਿਊਟੀ ਨਿਭਾਉਣੀ ਐਂ-ਬੱਸ!"
ਨੰਬਰਦਾਰ ਅੰਦਰ ਆਇਆ।
-"ਐਨਾਂ ਚਿਰ ਲਾਅਤਾ ਨੰਬਰਦਾਰਾ?"
-"ਥੋਡਾ ਸਿਪਾਹੀ ਈ ਨਹੀ ਅੰਦਰੋਂ ਨਿਕਲਣ ਦਾ ਨਾਂ ਲੈਂਦਾ ਸੀ-ਮੈਂ ਤਾਂ ਫਿਰ ਬਾਹਰ ਈ ਮੂਤ ਕੇ ਆ ਗਿਆ।"
ਠਾਣੇਦਾਰ ਹੱਸ ਪਿਆ।
-"ਪਾਇਆ ਨਹੀਂ ਪੈੱਗ ਕੋਈ?"
-"ਅਸੀਂ ਤਾਂ ਪਾ ਲਿਆ-ਤੂੰ ਪਾ ਲੈ।"
-"ਕਿਉਂ ਮੈਂ ਰੰਡੀ ਦਾ ਜਮਾਈ ਐਂ?" ਗਿਲਾਸ ਕੰਗਣੀ ਤੱਕ ਭਰ ਕੇ ਨੰਬਰਦਾਰ ਨੇ ਹਲਕਿਆਂ ਵਾਂਗ ਅੰਦਰ ਸੁੱਟਿਆ। ਸੰਘੋਂ ਉੱਤਰਦੀ ਦਾਰੂ ਨੇ ਉਸ ਅੰਦਰ ਅੱਗ ਮਚਾ ਦਿੱਤੀ ਸੀ।
-"ਥੋਡੀ ਹੋਈ ਗੱਲ ਖਤਮ ਕਿ ਨਹੀ?"
-"ਬੱਸ ਗੱਲਾਂ ਖਤਮ ਈ ਐ-ਹੋਰ ਕਿਹੜਾ ਅਸੀਂ ਵੇਦ ਲਿਖਣੇ ਐਂ?"
-"ਚਲੋ-ਠੀਕ ਐ।"
-"ਨੰਬਰਦਾਰਾ-ਰਣਬੀਰ ਹੁਣ ਤੇਰਾ ਪੁੱਤ ਘੱਟ ਮੇਰਾ ਵੱਧ ਐ।"
-"ਬਿਲਕੁਲ ਦਰੁਸਤ।"
-"ਜਾਹ ਰਣਬੀਰਿਆ-ਕਚਿਹਰੀਆਂ ਚੋਂ ਦਰਖਾਸਤ ਟਾਈਪ ਕਰਵਾ ਕੇ ਲਿਆ-ਕਾਰਵਾਈ ਸੁਰੂ ਕਰੀਏ-ਨੰਬਰਦਾਰਾ ਕੱਲ੍ਹ ਨੂੰ ਮੇਰੇ ਕੋਲ ਆਈਂ-ਵਧੀਆ ਜਿਆ ਰਿਵਾਲਵਰ ਦੇਖਾਂਗੇ-ਫੇਰ ਦੇਖੀਂ ਜੁਆਨ ਦੀ ਟਹੁਰ-ਜਿੱਥੇ ਤੁਰਿਆ ਕਰੂ ਪੈੜਾਂ ਕਰੂ-।"
-"ਮੈਂ ਜਰੂਰ ਪਹੁੰਚੂੰ-ਪਰ ਸਰਦਾਰ ਜੀ ਸਿਰ ਤੇ ਥੋਡਾ ਹੱਥ ਰਹੂ।"
-"ਜਰੂਰ ਰਹੂ! ਰਹੂ ਕਿਵੇਂ ਨਾਂ? ਜਦੋਂ ਇਕ ਆਰੀ ਮਰਦਾਂ ਦੇ ਬਚਨ ਹੋ ਚੁੱਕੇ ਐ!"
ਉਹਨਾਂ ਰਹਿੰਦੀ ਬੋਤਲ ਖਤਮ ਕਰ ਦਿੱਤੀ ਅਤੇ ਚੁਬਾਰਿਓਂ ਥੱਲੇ ਆ ਗਏ।
ਚੜਿੱਕ ਦੀ ਪੰਚਾਇਤ ਬਾਹਰ ਜੁੜੀ ਬੈਠੀ ਸੀ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ। ਇੱਕ ਹੋਰ ਪੰਚਾਇਤ ਪਰਾਂਹ ਗੇਟ ਕੋਲ ਸੰਤਰੀ ਲਾਗੇ ਘੇਰਾ ਘੱਤੀ ਖੜ੍ਹੀ ਸੀ।
-"ਗੁਰਮੇਲ!"
-"ਜੀ ਹਜੂਰ?"
-"ਔਹ ਦੂਜੀ ਪੰਚਾਇਤ ਕਿੱਥੋਂ ਦੀ ਐ?"
-"ਇਹ ਡਾਲੇ ਦੀ ਐ ਜਨਾਬ।"
-"ਇਹ ਕੀ ਚਾਹੁੰਦੇ ਐ?"
-"ਹਜੂਰ ਪਤਾ ਨਹੀ।"
-"ਪਹਿਲਾਂ ਇਹਨਾਂ ਨੂੰ ਬੁਲਾ-ਨਿੱਕੇ ਮੋਟੇ ਤਾਂ ਨਿਬੇੜੀਏ!"
ਸਿਪਾਹੀ ਤੁਰ ਗਿਆ।
-"ਨੰਬਰਦਾਰਾ-ਤੂੰ ਅੰਦਰ ਦਫਤਰ 'ਚ ਬੈਠ।"
ਨੰਬਰਦਾਰ ਅੰਦਰ ਤੁਰ ਗਿਆ।
ਡਾਲੇ ਦੀ ਪੰਚਾਇਤ ਆ ਹਾਜ਼ਰ ਹੋਈ।
-"ਸਾਸਰੀਕਾਲ-ਸਰਦਾਰ ਜੀ!" ਸਾਰੀ ਪੰਚਾਇਤ ਦੇ ਹੀ ਹੱਥ ਜੋੜੇ ਹੋਏ ਸਨ।
-"ਸਾਸਰੀਕਾਲ-ਆਓ ਬਈ ਸਰਦਾਰੋ ਕੀ ਭੀੜ ਪੈ ਗਈ? ਹੁਕਮ ਕਰੋ!" ਠਾਣੇਦਾਰ ਨੇ ਪੁੱਛਿਆ।
-"ਅਸੀਂ ਤਾਂ ਸਰਦਾਰ ਜੀ ਇਕ ਬੇਨਤੀ ਲੈ ਕੇ ਹਾਜਰ ਹੋਏ ਐਂ।" ਇਕ ਬਜ਼ੁਰਗ ਮੈਂਬਰ ਨੇ ਗੱਲ ਸੁਰੂ ਕੀਤੀ।
-"ਦੱਸੋ?"
-"ਸਾਡੇ ਪਿੰਡ ਐ ਜੀ ਇਕ ਮੁੰਡਾ-ਮਾਈ ਬਾਪ! ਧੀ ਭੈਣ ਦੀ ਇੱਜਤ ਨੂੰ ਹੱਥ ਪਾਉਂਦਾ ਜਮਾਂ ਨੀ ਜਰਕਦਾ।"
-"ਐਹੋ ਜੇ ਤੋਂ ਕੀ ਕਰਵਾਉਣੈ? ਮਾਰ ਕੇ ਪਰਾਂਹ ਕਰੋ!" ਠਾਣੇਦਾਰ ਨੇ ਤੱਟ ਫੱਟ ਆਖਿਆ।
-"ਜੀ ਮਾਰ ਕਿਮੇਂ ਦੇਈਏ?" ਬਜੁਰਗ ਬਿਲਕੁਲ ਨਿਰੁੱਤਰ ਹੋ ਗਿਆ ਸੀ।
-"ਕਿਉਂ? 'ਕੱਲਾ ਬੰਦਾ ਸਾਰੇ ਪਿੰਡ ਨਾਲੋਂ ਤਕੜੈ? ਧੰਦਾ ਭੁਗਤਾ ਕੇ ਗਾਹ੍ਹਾਂ ਤੋਰੋ-ਸਰਦਾਰੋ ਲੱਤਾਂ ਦੇ ਭੂਤ ਬਾਤਾਂ ਨਾਲ ਨਹੀ ਮੰਨਦੇ-ਹੱਥ ਜੋੜਨ ਨਾਲ ਕੁਛ ਨੀ ਬਣਨਾ।"
-"ਬੰਦਾ ਤਾਂ ਭੁਗਤਾ ਦਿਆਂਗੇ ਸਰਦਾਰ-ਪਰ ਫਾਹੇ ਕੌਣ ਲੱਗੂ?" ਪੰਚਾਇਤ ਵਿਚੋਂ ਇਕ ਗੱਭਰੂ ਬੋਲਿਆ।
ਠਾਣੇਦਾਰ ਨੇ ਉਸ ਨੂੰ ਗਹੁ ਨਾਲ ਤੱਕਿਆ।
-"ਕੀ ਨਾਂ ਐਂ ਤੇਰਾ ਜੁਆਨਾ?"
-"ਜੀ ਮੇਰਾ ਨਾਂ ਘੁਮੰਡ ਸਿੰਘ ਰਾਗਟ ਐ ਜੀ।"
-"ਤੇ ਰਾਕਟ ਸਿਆਂ-ਤੂੰ ਉਥੇ ਨਹੀਂ ਚੱਲਿਆ-ਮਿੱਸ ਮਾਰ ਕੇ ਸਿੱਧਾ ਈ ਮੇਰੇ ਕੋਲ ਆ ਡਿੱਗਿਐਂ?"
ਠਾਣੇਦਾਰ ਸਮੇਤ ਸਾਰੇ ਹੀ ਹੱਸ ਪਏ।
-"ਥੋਨੂੰ ਦੱਸਿਆ ਈ ਐ ਜੀ-ਮਾਰ ਤਾਂ ਮੈ ਦੇਵਾਂ-ਪਰ ਡਰਦੇ ਫਾਹੇ ਤੋਂ ਐਂ।"
-"ਕੀ ਕਰਦਾ ਹੁੰਨੈ?"
-"ਜੀ ਮੇਰੇ ਬਾਪੂ ਦੇ ਟਰੱਕ ਚੱਲਦੇ ਐ।"
ਪੰਚਾਇਤ ਫਿਰ ਹੱਸ ਪਈ।
-"ਐਮੇ ਭਕਾਈ ਮਾਰਦੈ ਸਰਦਾਰ-ਦਿਹਾੜੀ ਦੱਪੇ ਕਰਕੇ ਜੂਨ ਟਪਾਉਂਦੈ।" ਸਰਪੰਚ ਬੋਲਿਆ।
-"ਮਜ੍ਹਬੀਆਂ ਦਾ ਮੁੰਡੈਂ?"
-"ਜੱਦੀ ਖਾਨਦਾਨੀਂ ਸਰਦਾਰ।" ਮੁੰਡਾ ਲਾਚੜ ਗਿਆ।
-"ਪਤੰਦਰ ਮਜ੍ਹਬੀ ਖਾਂਦੇ ਪਤਾ ਨਹੀ ਕੀ ਐ? ਬੰਦਾ ਮਾਰਨ ਨੂੰ ਹਰ ਵਕਤ ਤਿਆਰ ਈ ਰਹਿੰਦੇ ਐ।" ਠਾਣੇਦਾਰ ਅੰਦਰੋਂ ਖੁਸ਼ ਸੀ ਕਿ ਇਹ ਬੰਦਾ ਰਣਬੀਰ ਨਾਲ ਰਲਾਇਆ ਜਾ ਸਕਦਾ ਹੈ ਅਤੇ ਜਿਸ ਮੁੰਡੇ ਦੇ ਖਿਲਾਫ਼ ਰਿਪੋਰਟ ਲੈ ਕੇ ਇਹ ਠਾਣੇ ਆਏ ਹਨ, ਉਸ ਨੂੰ ਵੀ ਗਰੋਹ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
-"ਸਰਦਾਰੋ-ਕੀ ਨਾਂ ਐਂ ਉਸ ਮੁੰਡੇ ਦਾ?"
-"ਬਿੱਕਰ ਸਿੰਘ ਐ ਜੀ।"
-"ਪਿਉ ਦਾ ਨਾਂ?"
-"ਜੀ ਜੁਆਲਾ ਸਿੰਘ।"
-"ਮੁਣਸ਼ੀ ਰਿਪੋਰਟ ਦਰਜ ਕਰੋ-ਹੌਲਦਾਰ ਨੂੰ ਆਖੋ ਕਿ ਉਹਨੂੰ ਅੱਜ ਈ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ-!"
-"ਜੀ ਜਨਾਬ।"
-"ਠੀਕ ਐ ਸਰਦਾਰੋ? ਕੁੜੀਆਂ ਛੇੜਨੋਂ ਤਾਂ ਉਹਨੂੰ ਅੱਜ ਈ ਹਟਾ ਦਿਆਂਗੇ-ਹੋਰ ਹੁਕਮ ਕਰੋ?"
-"ਬੱਸ ਸਰਦਾਰ ਮਿਹਰਬਾਨੀ-ਸਾਡਾ ਤਾਂ ਸਹੁਰੇ ਨੇ ਜਿਉਣਾ ਈ ਦੁੱਭਰ ਕੀਤਾ ਹੋਇਆ ਸੀ-ਸਹੁਰਾ ਬਾਹਲਾ ਈ ਕੱਬਾ ਐ-ਵੱਢਣ ਨੂੰ ਆਉਂਦੈ।"
-"ਰਾਕਟ ਸਿਆਂ!"
-"ਹਾਂ ਜੀ?"
-"ਤੂੰ ਹੁਣ ਕੀ ਕਰਨੈ?"
-"ਸਰਦਾਰ ਘਰੇ ਘੁੰਡ ਆਲੀ 'ਡੀਕਦੀ ਹੋਊ-ਉਹਨੂੰ ਜਾ ਕੇ ਦਰਸ਼ਣ ਦੇਣੇ ਐਂ।"
ਪੰਚਾਇਤ ਫਿਰ ਹੱਸ ਪਈ।
-"ਸਰਦਾਰ ਜਮਾਂ ਈ ਛੜਾ ਐ-ਕੋਈ ਅੱਗਾ ਪਿੱਛਾ ਨਹੀਂ-ਜਦੋਂ ਜੰਮਿਆਂ-ਜੰਮਣ ਸਾਰ ਤਾਂ ਇਹਨੇ ਬੁੜ੍ਹੀ ਮਾਰੀ-ਪਿਉ ਮਹੀਨੇ ਕੁ ਬਾਅਦ ਚੜ੍ਹਾਈ ਕਰ ਗਿਆ-ਮਾਸੀ ਨੇ ਪਾਲਿਆ-ਉਹ ਵੀ ਵਿਚਾਰੀ ਦੋ ਕੁ ਮਹੀਨੇਂ ਹੋ ਗਏ, ਗੁਜਰਗੀ-ਬੱਸ ਹੁਣ ਇਹ ਈ ਰਹਿੰਦੈ।" ਸਰਪੰਚ ਨੇ ਫਿਰ ਆਖਿਆ।
-"ਰਾਕਟ ਸਿਆਂ ਤੂੰ ਬੈਠ! ਆਪਾਂ ਗੱਲਾਂ ਬਾਤਾਂ ਕਰਾਂਗੇ-ਤੁਸੀਂ ਜਾਓ ਸਰਦਾਰੋ ਬੇਫਿਕਰ ਹੋ ਕੇ-ਥੋਡਾ ਕੰਮ ਹੋ ਗਿਆ।"
-"ਗੁਰਮੀਤ!"
-"ਜੀ ਜਨਾਬ?"
-"ਚੜਿੱਕ ਆਲੀ ਪੰਚਾਇਤ ਨੂੰ ਬੁਲਾ ਤੇ ਮੇਰੇ ਆੜੀ ਰਾਕਟ ਨੂੰ ਚਾਹ ਲਿਆ ਕੇ ਦੇਹ!"
-"ਜੋ ਹੁਕਮ ਸਰਕਾਰ।"
-"ਸਰਦਾਰ ਜੀ ਚਾਹ ਪਿਆ ਕੇ ਕੁੱਟਣ ਨਾ ਡਹਿ ਪਇਉ-ਫੇਰ ਨਾ ਕਿਹੋ ਬਈ ਚਾਹ ਕੱਢ।"
ਸਰਦਾਰ ਹੱਸ ਪਿਆ।
-"ਤੇਰੇ ਵਰਗੇ ਬੰਦਿਆਂ ਦੀ ਮੈਂ ਦਿਲੋਂ ਕਦਰ ਕਰਦੈਂ ਰਾਕਟਾ-ਤੂੰ ਬੇਫਿਕਰ ਹੋ ਕੇ ਬੈਠ-ਜਮਾਂ ਈ ਧੁੜਕੂ ਨਾ ਮੰਨ।"
ਚੜਿੱਕ ਦੀ ਪੰਚਾਇਤ ਹਾਜ਼ਰ ਹੋ ਗਈ।
-"ਆਓ ਸਰਦਾਰੋ ਬੈਠੋ ਕੁਰਸੀਆਂ 'ਤੇ।"
ਸਾਰੇ ਬੈਠ ਗਏ।
-"ਦੱਸੋ-ਸਰਪੰਚ ਸਾਹਿਬ?"
-"ਸਰਦਾਰ ਅਸੀਂ ਬਲੀ ਸਿੰਘ ਦੇ ਲੜਕੇ ਰਣਜੋਧ ਸਿਉਂ ਮਗਰ ਆਏ ਆਂ।"
ਸਾਧੂ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ।
-"ਸਰਪੰਚ ਸਾਹਿਬ-ਬੰਦਾ ਅੱਜ ਸਵੇਰੇ ਈ ਤਾਂ ਲੈ ਕੇ ਆਏ ਆਂ-ਅਜੇ ਕੋਈ ਕਾਰਵਾਈ ਨਹੀਂ ਹੋ ਸਕੀ-ਸਾਡੇ ਕੋਲ ਕਿੰਨੀ ਕੁ ਵਿਹਲ ਐ-ਤੁਸੀਂ ਦੇਖ ਈ ਰਹੇ ਹੋ-ਗੁਰਮੀਤ ਰਣਜੋਧ ਸਿਉਂ ਨੂੰ ਬਾਹਰ ਲਿਆਓ!" ਹੁਕਮ ਹੋਇਆ।
ਹਵਾਲਾਤ 'ਚੋਂ ਕੱਢ ਕੇ ਰਣਜੋਧ ਪੇਸ਼ ਕਰ ਦਿੱਤਾ ਗਿਆ। ਉਹ ਕੁਝ ਡਰਿਆ-ਡਰਿਆ ਜਿਹਾ ਤੱਕ ਰਿਹਾ ਸੀ।
-"ਹਾਂ ਬਈ ਰਣਜੋਧ ਸਿਆਂ-ਸਾਡੇ ਕੋਲੇ ਕੋਈ ਤਕਲੀਫ?" ਠਾਣੇਦਾਰ ਨੇ ਪੁੱਛਿਆ।
-"ਬਿਲਕੁਲ ਕੋਈ ਨਹੀਂ ਜੀ।" ਰਣਜੋਧ ਬੋਲਿਆ।
-"ਲਓ ਸਰਦਾਰੋ-ਬੰਦਾ ਥੋਡੇ ਮੂਹਰੇ ਸਾਬਤਾ ਖੜ੍ਹੈ-ਕਿਸੇ ਨੇ ਬੁਰਾ ਬਚਨ ਵੀ ਬੋਲਿਐ ਤਾਂ ਪੁੱਛ ਲਓ!"
ਸਾਰੀ ਪੰਚਾਇਤ ਦੀ ਸੰਤੁਸ਼ਟੀ ਹੋ ਗਈ।
ਦਿਲ ਥਾਂਵੇਂ ਆ ਗਏ।
-"ਪਰ ਸਰਦਾਰ ਇਹਦਾ ਖਹਿੜਾ ਕਦੋਂ ਛੁੱਟੂ...?" ਸਰਪੰਚ ਨੇ ਪੁੱਛਿਆ।
-"ਜਦੋਂ ਸਰਪੰਚ ਸਾਹਿਬ-ਇਹਦੀ ਇਨਕੁਆਰੀ ਪੂਰੀ ਹੋ ਗਈ-ਇਹਦਾ ਰੱਸਾ ਲਾਹ ਦਿਆਂਗੇ-ਬਿਲਕੁਲ ਬੇਫਿਕਰ ਹੋ ਕੇ ਘਰੇ ਜਾਓ!"
-"ਪਰ ਸਰਦਾਰ ਕਿੰਨੇ ਕੁ ਦਿਨ-?"
-"ਬੱਸ ਇਕ ਦੋ ਦਿਨਾਂ ਦੀ ਤਾਂ ਗੱਲ ਐ।"
ਠਾਣੇਦਾਰ ਤੁਰੰਤ ਉੱਤਰ ਦੇ ਰਿਹਾ ਸੀ।
-"ਪਰ ਸਰਦਾਰ ਦੁਹਾਈ ਐ ਰਾਮ ਦੀ-ਮਾਰ ਕੁੱਟ ਨਾ ਕਰਿਓ-ਵਿਚਾਰਾ ਜਮਾਂ ਈ ਗਊ ਐ।" ਸਰਪੰਚ ਨੇ ਠਾਣੇਦਾਰ ਨੂੰ ਇਕ ਪਾਸੇ ਲਿਜਾ ਕੇ ਆਖਿਆ।
-"ਮੈਂ ਆਖ ਦਿੱਤਾ-ਤੁਸੀਂ ਨਿਸਚਿੰਤ ਰਹੋ!"
ਪੰਚਾਇਤ ਤੁਰ ਗਈ। ਬਲੀ ਸਿੰਘ ਮੁੜ ਮੁੜ ਪਿੱਛੇ ਦੇਖਦਾ ਸੀ। ਦਿਲ ਦਾ ਟੁਕੜਾ ਅੰਦਰ ਜਿਉਂ ਤਾੜਿਆ ਹੋਇਆ ਸੀ। ਉਸ ਅੰਦਰ ਹੌਲ ਜਿਹਾ ਪਿਆ। ਸਿਰ ਨੂੰ ਘੁੰਮੇਰ ਚੜ੍ਹੀ ਤੇ ਉਹ ਵਾਹੋਦਾਹੀ ਭੱਜਦਾ ਪੰਚਾਇਤ ਨਾਲ ਜਾ ਰਲਿਆ। ਉਸ ਦਾ ਮਨ ਵਾਰ ਵਾਰ ਭਰ ਰਿਹਾ ਸੀ। ਅੰਦਰੋਂ ਹਾਉਕਾ ਉਠਦਾ ਸੀ। ਝੱਖੜ ਦੇ ਝੰਬੇ ਦਰੱਖਤ ਵਾਂਗ ਉਹ ਡਿੱਕ ਡੋਲੇ ਖਾ ਰਿਹਾ ਸੀ। ਇੱਕੋ ਇੱਕ ਪੁੱਤ ਦੀ ਸਲਾਮਤੀ ਲਈ ਅਰਦਾਸਾਂ ਕਰ ਰਿਹਾ ਸੀ।
ਦਰਖ਼ਾਸਤ ਟਾਈਪ ਕਰਵਾ ਕੇ ਰਣਬੀਰ ਆ ਗਿਆ। ਦਰਖ਼ਾਸਤ ਪੜ੍ਹ ਕੇ, ਤਸੱਲੀ ਨਾਲ ਠਾਣੇਦਾਰ ਨੇ ਸੰਭਾਲ ਲਈ।
-"ਕੁਛ ਕੰਮ ਦਾ ਬੰਦਾ ਮਿਲਿਐ।"
-"ਕੌਣ-ਚਾਚਾ ਜੀ?"
-"ਔਹ ਸਾਹਮਣੇ ਬੈਠਾ ਮੁੰਡਾ ਦੇਖਦੈਂ?" ਠਾਣੇਦਾਰ ਨੇ ਦੂਰ ਬੈਠੇ, ਚਾਹ ਪੀਂਦੇ ਰਾਕਟ ਵੱਲ ਇਸ਼ਾਰਾ ਕਰਦਿਆਂ ਗੱਲ ਜਾਰੀ ਰੱਖੀ।
-"ਮਜ੍ਹਬੀਆਂ ਦਾ ਮੁੰਡਾ ਐ-ਅੱਗਾ ਨਹੀਂ ਪਿੱਛਾ ਨਹੀਂ-ਛੜਾ ਛਟਾਂਕ ਐ-ਸਭ ਤੋਂ ਵੱਡੀ ਗੱਲ ਐ ਬੇਰੁਜਗਾਰ ਐ-ਜੁਆਨ ਗਰਮ ਖੂਨ ਐਂ-ਕਹਿਣ ਦਾ ਭਾਵ ਲੋਹਾ ਬਿਲਕੁਲ ਗਰਮ ਐਂ-ਬੱਸ ਸੱਟ ਮਾਰਨ ਦੀ ਲੋੜ ਐ-ਮੁੰਡਾ ਬੜਾ ਨਿੱਡਰ ਐ-ਇੱਕੀਆਂ ਦੇ 'ਕੱਤੀ ਪਾਊ।"
-"ਕਿਹੜੇ ਪਿੰਡੋਂ ਐ?"
-"ਡਾਲੇ ਦਾ ਐ-ਆਪ ਘੱਟ ਕਰੋ ਇਹਨਾਂ ਤੋਂ ਜਿਆਦਾ ਕਰਵਾਉ-ਪਿੰਡਾ ਅਗਾਂਹ ਪੁੱਤਾ ਪਿਛਾਂਹ-ਇਕ ਅੱਧਾ ਐਕਸ਼ਨ ਕਰਵਾ ਕੇ ਕਾਣਾ ਕਰ ਲਈਂ-ਫੇਰ ਨਹੀਂ ਨਾਲੋਂ ਹਿੱਲਣ ਜੋਗਾ।"
-"..........।"
-"ਇਹਨੂੰ ਮੋਟਰ ਸਾਈਕਲ ਤੇ ਬਿਠਾ ਕੇ ਨਾਲ ਲੈ ਜਾਹ-ਪਰ ਮੇਰਾ ਵੇਰਵਾ ਨਾ ਪਾਈਂ-ਤੇ ਮਾਰ ਦਿਓ ਮੋਰਚਾ-ਇਹਨੂੰ ਨਾਲ ਰੱਖ ਕੇ ਦੋ ਚਾਰ ਦਿਨ ਸਬਜ਼ ਬਾਗ ਦਿਖਾ-ਕਾਲਜੀਏਟ ਕੁੜੀਆਂ ਦੇ ਦਰਸ਼ਣ ਪੁਆ-ਦਾਰੂ ਮੀਟ ਦੋ ਚਾਰ ਦਿਨ ਖੁੱਲ੍ਹਾ ਵਰਤਾ-ਚੂਹੜ੍ਹਾ ਆਪੇ ਤੇਰੇ ਕੋਲ ਰਿੰਗਦਾ ਆਊ।"
-"ਤੇ ਬਾਪੂ?"
-"ਉਹਨੂੰ ਅਜੇ ਮੈਂ ਏਥੇ ਈ ਰੋਕਦੈਂ-ਇਕ ਬੋਤਲ ਹੋਰ ਖੋਲ੍ਹਦੇ ਐਂ-ਤੂੰ ਇਹਨੂੰ ਲੈ ਕੇ ਜਾਹ ਪੁੱਤਰਾ-ਉਏ ਰਾਕਟ ਸਿਆਂ....!"
-"ਹੋਅ ਜੀ.....?" ਰਾਕਟ ਭੱਜਿਆ ਹੀ ਆਇਆ।
-"ਇਹ ਮੁੰਡਾ ਐ ਰਣਬੀਰ-ਇਹ ਤੈਨੂੰ ਤੇਰੇ ਪਿੰਡ ਲਾਹਦੂ-ਚਾਹ ਪੀ ਲਈ?"
-"ਚਾਹ ਤਾਂ ਸਰਦਾਰ ਜੀ ਪੀ ਲਈ-ਪਰ ਕੋਈ ਕੰਮ ਮੇਰੇ ਤੱਕ?"
-"ਬੱਸ ਤੈਨੂੰ ਚਾਹ ਹੀ ਪਿਆਉਣੀ ਸੀ।"
ਮਜ੍ਹਬੀ ਫ਼ਾਨੇ ਵਾਂਗ ਆਕੜ ਗਿਆ। ਠਾਣੇਦਾਰ ਨੇ ਉਸ ਨੂੰ ਚਾਹ ਪਿਆਈ ਸੀ। ਉਹ ਸਰਦਾਰ ਅੱਗੇ ਗੰਧਾਲੇ ਵਾਂਗ ਗੱਡਿਆ ਖੜ੍ਹਾ ਸੀ।
-"ਰਾਕਟ ਸਿਆਂ-ਕੋਈ ਕੰਮ ਹੋਵੇ ਤਾਂ ਸਿੱਧਾ ਮੇਰੇ ਕੋਲੇ ਪਹੁੰਚੀਂ।"
-"ਹੋਰ ਅਸੀਂ ਗਰੀਬਾਂ ਨੇ ਜਾਣਾ ਵੀ ਕੀਹਦੇ ਕੋਲੇ ਐ ਸਰਦਾਰਾ?"
-"ਚਲੋ ਹੁਣ ਜਾਓ-ਲੈ ਪੁੱਤਰ ਰਣਬੀਰਿਆ ਅੱਜ ਮੇਰੇ ਵੱਲੋਂ ਰਾਕਟ ਸਿਉਂ ਦੀ ਪੂਰੀ ਸੇਵਾ ਕਰੀਂ।"
-"ਠੀਕ ਐ ਚਾਚਾ ਜੀ।"
ਉਹ ਤੁਰ ਗਏ।
ਨੰਬਰਦਾਰ ਨੂੰ ਲੈ ਠਾਣੇਦਾਰ ਫਿਰ ਚੁਬਾਰੇ ਜਾ ਚੜ੍ਹਿਆ।
-"ਰਣਬੀਰਾ ਕਿੱਥੇ ਐ?" ਉਤਰਦੇ ਨਸ਼ੇ ਕਾਰਨ ਨੰਬਰਦਾਰ ਦਾ ਚਿਹਰਾ ਸੱਖਣਾ, ਖਾਲੀ ਖਾਲੀ ਲੱਗਦਾ ਸੀ। ਕੱਚਾ-ਪੱਕਾ, ਦੁਬਿਧਾ ਜਿਹੀ ਵਿਚ ਫ਼ਸਿਆ ਉਹ ਕਾਣੇਂ ਬੋਕ ਵਾਂਗ ਮੂੰਹ ਖੋਲ੍ਹ ਕੇ ਉਬਾਸੀ ਲੈਂਦਾ ਅਤੇ ਪਿੱਛੋਂ ਕੁੱਤੇ ਵਾਂਗ ਚੂਕ ਜਿਹੀ ਕੱਢਦਾ ਸੀ।
-"ਉਹਨੂੰ ਮੈਂ ਤੋਰ ਦਿੱਤਾ।"
-"ਕਿਉਂ?"
-"ਆਪਾਂ ਬੈਠ ਕੇ ਪੀਂਦੇ ਆਂ ਯਾਰ-ਤੂੰ ਅੱਡ ਹੋਣ ਆਲੀਆਂ ਗੱਲਾਂ ਕਿਉਂ ਕਰਦੈਂ ਨੰਬਰਦਾਰਾ ਬਾਈ?" ਠਾਣੇਦਾਰ ਨੇ ਬੋਤਲ ਦਾ ਗਲ ਕੁੱਕੜ ਵਾਂਗ ਮਰੋੜਦਿਆਂ ਕਿਹਾ। ਨੰਬਰਦਾਰ ਚੁੱਪ ਹੋ ਗਿਆ।
-"ਸਾਲੇ ਮੇਰੇ ਤਾਂ ਝੱਗੇ ਲਹਿ ਚੱਲੇ ਸੀ।" ਨੰਬਰਦਾਰ ਨੇ ਹਾਬੜਿਆਂ ਵਾਂਗ ਬੋਤਲ ਵੱਲ ਝਾਕਦਿਆਂ ਆਖਿਆ।
-"ਝੱਗੇ ਬਾਈ ਤੇਰੇ ਲਹਿਣ ਦਿੰਨੇ ਐਂ?"
ਦੋਹਾਂ ਨੇ ਗਿਲਾਸ ਖਾਲੀ ਕਰ ਦਿੱਤੇ।
ਦਿਨ ਛੁਪ ਗਿਆ ਸੀ।
ਉਹ ਬੜੀ ਤੇਜ਼ੀ ਨਾਲ ਪੀ ਰਹੇ ਸਨ।
ਬਾਕੀ ਅਗਲੇ ਹਫ਼ਤੇ....
No comments:
Post a Comment