ਬਲਿਹਾਰ ਅਤੇ ਦਿਲਰਾਜ ਨੂੰ ਸਹਿਣੇਂ ਠਾਣੇ ਵਿਚੋਂ ਤਬਦੀਲ ਕਰਕੇ ਠਾਣੇਦਾਰ ਗੜਗੱਜ ਸਿੰਘ "ਕੌਡੀਆਂ ਆਲੇ" ਦੇ ਸਪੁਰਦ ਕਰ ਦਿੱਤਾ। ਐੱਸ. ਪੀ. ਦੀ ਕੌਡੀਆਂ ਆਲੇ ਨੂੰ ਸਖ਼ਤ ਹਦਾਇਤ ਸੀ ਕਿ ਇਹਨਾਂ ਦੋਵੇਂ ਮੁੰਡਿਆਂ ਵਿਚੋਂ ਬੈਂਕ ਡਕੈਤੀ ਅਤੇ ਨੰਬਰਦਾਰ ਦੇ ਪ੍ਰੀਵਾਰ ਦੇ ਕਤਲ ਕੱਢਣੇ ਸਨ। ਇਸ ਕਾਮਯਾਬੀ ਤੋਂ ਬਾਅਦ ਐੱਸ. ਪੀ. ਨੇ ਪੁਲੀਸ ਮੁਖੀ ਕੋਲ ਕੌਡੀਆਂ ਆਲੇ ਦੀ ਪ੍ਰਮੋਸ਼ਨ ਲਈ ਸਿ਼ਫ਼ਾਰਸ਼ ਕਰਨੀ ਸੀ। ਕੌਡੀਆਂ ਵਾਲੇ ਲਈ ਇਹ ਇਕ ਚੈਲਿੰਜ ਸੀ। ਉਸ ਦੀ ਤਰੱਕੀ ਅਤੇ ਅਣਖ਼-ਇੱਜ਼ਤ ਦਾ ਸੁਆਲ ਸੀ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਠਾਣੇਦਾਰ ਕੁਝ ਵੀ ਕਰ ਸਕਦਾ ਸੀ।
ਇਧਰ ਖ਼ਾੜਕੂਆਂ ਨੇ ਅਖ਼ਬਾਰਾਂ ਵਿਚ ਬਿਆਨ ਲੁਆ ਦਿੱਤੇ ਸਨ ਕਿ ਅਗਰ ਦਿਲਰਾਜ ਅਤੇ ਬਲਿਹਾਰ 'ਤੇ ਅਣ-ਮਾਨੁੱਖੀ ਤਸ਼ੱਦਦ ਕੀਤਾ ਤਾਂ ਢੁਕਵਾਂ ਉੱਤਰ ਦਿੱਤਾ ਜਾਵੇਗਾ ਅਤੇ ਇਸ ਦੀ ਜਿ਼ੰਮੇਵਾਰੀ ਪੰਜਾਬ ਪੁਲੀਸ ਦੀ ਹੋਵੇਗੀ। ਇਸ ਲਈ ਬਲਿਹਾਰ ਅਤੇ ਦਿਲਰਾਜ ਨੂੰ ਕਿਸੇ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇ।
ਬਲਿਹਾਰ ਅਤੇ ਦਿਲਰਾਜ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਚੈਨ ਨਹੀਂ ਸੀ। ਉਹਨਾਂ ਮੁਹਤਬਰ ਆਦਮੀਆਂ ਨੂੰ ਨਾਲ ਲੈ ਕੇ ਠਾਣਿਆਂ ਵਿਚ ਗੇੜੇ ਮਾਰਨੇ ਸੁਰੂ ਕਰ ਦਿੱਤੇ। ਪਰ ਪੁਲੀਸ ਬਲਿਹਾਰ ਅਤੇ ਦਿਲਰਾਜ ਦੀ ਗ੍ਰਿਫ਼ਤਾਰੀ ਪ੍ਰਤੀ ਮੁਨੱਕਰ ਸੀ। ਜਦੋਂ ਦਿਲਰਾਜ ਦਾ ਬਿਰਧ ਬਾਪ ਕੌਡੀਆਂ ਆਲੇ ਕੋਲ ਫ਼ਰਿਆਦ ਲੈ ਕੇ ਪਹੁੰਚਿਆ ਤਾਂ ਕੌਡੀਆਂ ਆਲੇ ਨੇ ਉਸ ਦੀ ਦਾਹੜ੍ਹੀ ਪੁੱਟ ਦਿੱਤੀ ਅਤੇ ਬੁੱਢੇ ਹੱਡ ਕੁੱਟ-ਕੁੱਟ ਕੇ ਘਰ ਤੋਰ ਦਿੱਤਾ। ਬਜੁਰਗ ਸਰੀਰਕ ਅਤੇ ਮਾਨਸਿਕ ਪੀੜ ਹਿਰਦੇ ਵਿਚ ਲੁਕਾਈ, ਔਟਲਿਆ ਫਿਰਦਾ ਸੀ। ਕਿਤੇ ਸੁਣਵਾਈ ਨਹੀਂ ਸੀ। ਕੋਈ ਅਪੀਲ, ਦਲੀਲ ਨਹੀਂ ਸੁਣਦਾ ਸੀ। ਵਕੀਲ ਅਜਿਹੇ ਕੇਸਾਂ ਨੂੰ ਹੱਥ ਪਾਉਣੋਂ ਡਰਦੇ ਸਨ। ਜਦੋਂ ਦਾ ਪੁਲੀਸ ਨੇ ਇੱਕ ਵਕੀਲ, ਪ੍ਰੀਵਾਰ ਸਮੇਤ ਗੁੰਮ ਕੀਤਾ ਸੀ। ਉਦੋਂ ਤੋਂ ਵਕੀਲ ਅੱਤਿਵਾਦ ਦੇ ਕੇਸਾਂ ਨੂੰ ਹੱਥ ਪਾਉਣੋਂ ਗੁਰੇਜ਼ ਕਰਦੇ ਸਨ।
ਕੌਡੀਆਂ ਵਾਲਾ ਤਿੰਨ ਦਿਨ ਤੋਂ ਬਲਿਹਾਰ ਅਤੇ ਦਿਲਰਾਜ 'ਤੇ ਤਸ਼ੱਦਦ ਢਾਹ ਰਿਹਾ ਸੀ। ਦਿਲਰਾਜ ਦੇ ਹੱਥਾਂ ਪੈਰਾਂ ਦੇ ਨਹੁੰ ਜਮੂਰਾਂ ਨਾਲ ਖਿੱਚ ਦਿੱਤੇ ਗਏ ਸਨ। ਲੱਤਾਂ ਬਾਹਾਂ ਚੀਰ ਕੇ ਲੂਣ-ਮਿਰਚਾਂ ਪਾਈਆਂ ਹੋਈਆਂ ਸਨ। ਇਸ ਤੋਂ ਬੁਰਾ ਹਾਲ ਬਲਿਹਾਰ ਦਾ ਸੀ। ਉਸ ਦੇ ਹੱਥ ਪੈਰ ਪੱਥਰ ਦੀ ਸਿਲ਼ ਉਪਰ ਰੱਖ ਕੇ, ਹਥੌੜੇ ਨਾਲ ਫ਼ੇਹੇ ਗਏ ਸਨ ਅਤੇ ਪੱਟਾਂ ਡੌਲਿਆਂ ਵਿਚੋਂ ਦੀ ਗਰਮ ਸਰੀਏ ਲੰਘਾਏ ਗਏ ਸਨ। ਮੁੰਡਾ ਗਰਮ ਸਲਾਖਾਂ ਨਾਲ ਥਾਂ-ਥਾਂ ਤੋਂ ਪਰੋਇਆ ਪਿਆ ਸੀ। ਸਾਰੀ ਸਾਰੀ ਰਾਤ ਉਹਨਾਂ ਦੇ ਪੀਕ ਪਏ ਜ਼ਖਮਾਂ 'ਤੇ ਡੰਡੇ ਵਰ੍ਹਦੇ ਰਹਿੰਦੇ ਅਤੇ ਪੀਣ ਲਈ ਪਾਣੀ ਤੱਕ ਨਾ ਦਿੱਤਾ ਜਾਂਦਾ। ਪਰ ਕੌਡੀਆਂ ਵਾਲੇ ਦੇ ਕੱਖ ਪੱਲੇ ਨਹੀ ਪਿਆ ਸੀ। ਦੋ ਰਾਤਾਂ ਅਤੇ ਤਿੰਨ ਦਿਨਾਂ ਵਿਚ ਉਹ ਮੁੰਡਿਆਂ ਦੇ ਮੂੰਹੋਂ ਇੱਕ ਲਫ਼ਜ਼ ਵੀ ਨਹੀਂ ਕਢਵਾ ਸਕਿਆ ਸੀ। ਇਹ ਉਸ ਲਈ ਡੁੱਬ ਮਰਨ ਵਾਲੀ ਗੱਲ ਸੀ। ਉਹ ਮਾਯੂਸੀ ਨਾਲ ਕੰਧਾਂ ਵਿਚ ਟੱਕਰਾਂ ਮਾਰਦਾ ਫਿਰਦਾ ਸੀ। ਐੱਸ. ਪੀ. ਵਾਰ-ਵਾਰ ਉਸ ਨੂੰ ਫ਼ੋਨ ਤੇ ਫ਼ੋਨ ਕਰ ਰਿਹਾ ਸੀ। ਪਰ ਕੌਡੀਆਂ ਵਾਲੇ ਕੋਲ ਦੱਸਣ ਲਈ ਕੁਝ ਵੀ ਨਹੀਂ ਸੀ। ਉਹ ਸਾਰੇ ਤਸ਼ੱਦਦ ਦਾ ਵੇਰਵਾ ਵਿਸਥਾਰ ਸਹਿਤ ਐੱਸ. ਪੀ. ਨੂੰ ਦੱਸਦਾ। ਪਰ ਉਹ ਅੱਗਿਓਂ ਕੋਈ "ਰਾਜ" ਜਾਨਣ ਦਾ ਇੱਛੁਕ ਸੀ। ਕੀਤਾ ਜਾ ਰਿਹਾ ਤਸ਼ੱਦਦ ਉਸ ਲਈ ਕੋਈ ਵੀ ਮਾਹਨਾ ਨਹੀਂ ਰੱਖਦਾ ਸੀ। ਉਹ ਪੇਡ ਗਿਣਨ ਦਾ ਨਹੀਂ, ਅੰਬ ਖਾਣ ਦਾ ਆਦੀ ਸੀ। ਉਸ ਅਨੁਸਾਰ ਕੱਟੇ ਨੂੰ ਮਣ ਦੁੱਧ ਦਾ ਕੋਈ ਫ਼ਾਇਦਾ ਨਹੀਂ ਸੀ। ਕੱਟਾ ਤਾਂ ਮੱਝ ਪਸਮਾਉਣ ਦਾ ਇੱਕ ਹਥਿਆਰ ਸੀ।