ਇੱਕ ਸੰਖੇਪ ਮੀਟਿੰਗ ਵਿਚ ਭੜਕੇ ਹੋਏ ਖ਼ਾੜਕੂਆਂ ਵੱਲੋਂ ਇਹ ਤਿੰਨ ਮਤੇ ਸਰਬ-ਸੰਮਤੀ ਨਾਲ ਪਾਸ ਹੋਏ: ਠਾਣੇਦਾਰ ਗੜਗੱਜ ਸਿੰਘ ਦਾ ਕਤਲ, ਮੁਖ਼ਬਰ ਰਣਬੀਰ ਨੂੰ ਪ੍ਰੀਵਾਰ ਸਮੇਤ ਸੋਧਾ, ਲੁਧਿਆਣੇ ਦੀ ਇੱਕ ਬੈਂਕ ਵਿਚ ਡਕੈਤੀ, ਜਿਸ ਵਿਚ ਇਸ ਹਫ਼ਤੇ ਤਕਰੀਬਨ ਸੱਤ ਕਰੋੜ ਰੁਪਏ ਪੁੱਜਣ ਵਾਲੇ ਸਨ। ਇਹਨਾਂ ਅੱਡੋ-ਅੱਡੀ ਐਕਸ਼ਨਾਂ ਲਈ ਵੱਖੋ -ਵੱਖ ਖ਼ਾੜਕੂਆਂ ਨੇ ਜਿ਼ੰਮੇਵਾਰੀ ਸੰਭਾਲੀ।
ਉਲੀਕੀ ਸਕੀਮ ਮੁਤਾਬਿਕ ਕਾਕਾ ਅਤੇ ਜੈਲਦਾਰ ਰਣਬੀਰ ਦੇ ਪਿੰਡ ਨੂੰ ਤੁਰ ਪਏ। ਰਾਤ ਕਾਫ਼ੀ ਗੂਹੜ੍ਹੀ ਹੋ ਚੁੱਕੀ ਸੀ।
ਰਣਬੀਰ ਦੇ ਘਰ ਕੋਲ ਜਾ ਕੇ ਉਹਨਾਂ ਨੇ ਕੰਨ ਬੜਿੱਕੇ ਜਿਹੇ ਭੰਨੇ। ਬੈਠਕ ਅੰਦਰ ਸ਼ਰਾਬੀ ਨੰਬਰਦਾਰ ਦੇ ਘੁਰਾੜ੍ਹੇ ਘਰਾਟ-ਰਾਗ਼ ਛੱਡ ਰਹੇ ਸਨ। ਇੱਕੋ ਧੱਕੇ ਨਾਲ ਬੈਠਕ ਦੇ ਦਰਵਾਜੇ ਦੇ ਕਬਜੇ ਹਿੱਲ ਗਏ ਅਤੇ ਦੂਜੇ ਧੱਕੇ ਨਾਲ ਦਰਵਾਜਾ ਇੱਕ ਪਾਸਿਓਂ ਬੋਤੇ ਦੇ ਬੁੱਲ੍ਹ ਵਾਂਗ ਲਟਕਣ ਲੱਗ ਪਿਆ। ਬੈਠਕ ਦੀ ਲਾਈਟ ਜਗਾ ਕੇ ਕਾਕੇ ਨੇ ਦਰਵਾਜਾ ਗੁਜ਼ਾਰੇ ਜੋਗਾ ਭੇੜ੍ਹ ਦਿੱਤਾ ਅਤੇ ਘੁਰਾੜ੍ਹੇ ਮਾਰਦੇ ਨੰਬਰਦਾਰ ਦੇ ਮੂੰਹ 'ਤੇ ਲੱਤ ਮਾਰੀ। ਨੰਬਰਦਾਰ ਡਰਿਆਂ ਵਾਂਗ ਭੜ੍ਹੱਕ ਕੇ ਉਠਿਆ। ਉਸ ਦੀਆਂ ਜਟੂਰੀਆਂ ਸਪੋਲੀਆਂ ਵਾਂਗ ਖੜ੍ਹੀਆਂ ਸਨ ਅਤੇ ਸ਼ਰਾਬੀ ਅੱਖਾਂ ਦਾ ਰੰਗ ਜੋਗੀਆ ਸੀ।
ਉਹ ਪਰੋਲੇ 'ਚ ਡਿੱਗੇ ਕਤੂਰੇ ਵਾਂਗ ਨਸ਼ੇ ਦਾ ਮਧੋਲਿਆ ਜਿਹਾ ਪਿਆ ਸੀ। ਜੈਲਦਾਰ ਨੇ ਏ. ਕੇ. ਸੰਤਾਲੀ ਦੀ ਬਾਇਰਲ ਉਸ ਦੀ ਹਿੱਕ ਵਿਚ ਸੱਬਲ ਵਾਂਗ ਮਾਰੀ। ਗੁੱਝੀ ਸੱਟ ਨਾਲ ਨੰਬਰਦਾਰ ਦਾ ਸਾਹ ਬੰਦ ਹੋ ਗਿਆ ਅਤੇ ਉਸ ਨੇ ਹਿੱਕ ਦੋਹਾਂ ਬਾਹਾਂ ਵਿਚ ਘੁੱਟ ਲਈ। ਉਸ ਵਿਚ "ਹਾਏ" ਕਹਿਣ ਦਾ ਵੀ ਸਾਹ-ਸਤ ਨਹੀਂ ਰਿਹਾ ਸੀ।