Showing posts with label ਕਾਂਡ 1. Show all posts
Showing posts with label ਕਾਂਡ 1. Show all posts

ਪੁਰਜਾ ਪੁਰਜਾ ਕਟਿ ਮਰੈ (ਕਾਂਡ 1)

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ।।
ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ।।

ਗੁਲਾਬੀ ਠੰਢ ਸੀ।
ਹੱਥ ਨੂੰ ਹੱਥ ਮਾਰਿਆਂ ਨਜ਼ਰ ਨਹੀ ਆਉਂਦਾ ਸੀ। ਰਾਤ ਪੈਣ ਸਾਰ ਹੀ ਧੁੰਦ ਉਤਰਨੀ ਸੁਰੂ ਹੋ ਜਾਂਦੀ ਸੀ। ਜਿਹੜੀ ਦੁਪਿਹਰ ਦੇ ਦਸ ਵਜੇ ਤੱਕ ਸੂਰਜ ਦਾ ਮੁੱਖ ਢਕੀ ਰੱਖਦੀ ਸੀ। ਅਥਾਹ ਸੀਤ ਵਰ੍ਹਨ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਸੀ। ਅੱਧ ਅਸਮਾਨੋਂ ਡਿੱਗਦਾ ਕੱਕਰ ਕਣਕ ਅਤੇ ਸਰੋਂ ਦੀਆਂ ਫਸਲਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਿਹਾ ਸੀ।
ਸਵੇਰ ਦੇ ਤਿੰਨ ਵੱਜੇ ਸਨ।

ਪੁਲੀਸ ਨਾਲ ਭਰੇ ਦੋ ਟਰੱਕ ਸੜਕਾਂ ਦੀ ਛਾਤੀ ਮਿੱਧਦੇ, ਬੜੀ ਤੇਜ਼ੀ ਨਾਲ ਚੜਿੱਕ ਪਿੰਡ ਨੂੰ ਆ ਰਹੇ ਸਨ। ਠਾਣੇਦਾਰ ਗੁਰਪ੍ਰੀਤ ਸਿੰਘ ਡਰਾਈਵਰ ਨਾਲ ਮੂਹਰਲੇ ਟਰੱਕ ਵਿਚ ਅੜਿਆ ਜਿਹਾ ਬੈਠਾ ਸੀ। ਉਸ ਦੀਆਂ ਅੱਖਾਂ ਵਿਚ ਕੋਈ ਖਾਸ ਭੇਦ ਸੀ ਅਤੇ ਚਿਹਰੇ 'ਤੇ ਰੌਣਕ! ਉਸ ਦੀ ਭਿਆਨਕ ਨਜ਼ਰ ਟਰੱਕ ਵਾਂਗ ਹੀ ਧੁੰਦ ਦਾ ਸੀਨਾਂ ਚੀਰ ਰਹੀ ਸੀ। ਵੱਖੋ-ਵੱਖ ਟਰੱਕਾਂ ਵਿਚ ਸਿਪਾਹੀ ਠੱਕੇ ਦੀ ਮਾਰੀ ਬੱਕਰੀ ਵਾਂਗ ਕੂੰਗੜੇ, ਊਂਘ ਰਹੇ ਸਨ।
ਪਿੰਡ ਤੋਂ ਕਿਲੋਮੀਟਰ ਉਰਾਂਹ ਠਾਣੇਦਾਰ ਨੇ ਟਰੱਕ ਰੁਕਵਾ ਲਏ। ਲਾਲ ਪੱਗਾਂ ਵਾਲੇ ਟਿੱਡੀ-ਦਲ ਵਾਂਗ ਛਾਲਾਂ ਮਾਰ ਕੇ ਟਰੱਕਾਂ ਤੋਂ ਹੇਠਾਂ ਉਤਰ ਆਏ। ਹੌਲਦਾਰ ਨੂੰ ਕੋਲੇ ਬੁਲਾ ਕੇ ਠਾਣੇਦਾਰ ਨੇ ਸਿਪਾਹੀਆਂ ਨੂੰ ਸਖਤ ਹਦਾਇਤਾਂ ਚਾੜ੍ਹਨੀਆਂ ਸੁਰੂ ਕਰ ਦਿੱਤੀਆਂ।
-"ਜੁਆਨੋਂ...!" ਉਸ ਨੇ ਲੰਬਾ ਖੰਘੂਰਾ ਮਾਰ ਕੇ ਗਲਾ ਸਾਫ਼ ਕੀਤਾ ਅਤੇ ਮੁੜ ਸੁੱਕਾ ਜਿਹਾ ਥੁੱਕ ਥੁੱਕਿਆ।
-"ਕੋਸਿ਼ਸ਼ ਇਹ ਕਰਨੀ ਐਂ ਕਿ ਬਹੁਤੀ ਹਾਅਤ-ਹੂਅਤ ਨਾ ਕੀਤੀ ਜਾਵੇ-ਵਾਹ ਲੱਗਦੀ ਕੰਮ ਚੁੱਪ ਚਾਪ ਹੀ ਬੜੀ ਸੂਝ ਅਤੇ ਸਿਆਣਪ ਨਾਲ, ਬੜੀ ਤੇਜੀ ਨਾਲ ਨੇਪਰੇ ਚਾੜ੍ਹਿਆ ਜਾਵੇ-ਕੋਸਿ਼ਸ਼ ਕਰਨੀ ਐਂ ਕਿ ਗੋਲੀ ਨਾ ਚੱਲੇ-ਮੁਜ਼ਰਮ ਜਿਉਂਦਾ ਹੱਥ ਆਉਣਾ ਚਾਹੀਦਾ ਹੈ-ਮਰੇ ਅਤੇ ਭਗੌੜੇ ਦੋਸ਼ੀ ਸਾਡੇ ਕੱਖ ਪੱਲੇ ਨਹੀ ਪਾ ਸਕਦੇ-ਸੋ ਮੇਰੇ ਸ਼ੇਰ ਜੁਆਨੋਂ! ਸਮਝਾਏ ਨਕਸ਼ੇ ਮੁਤਾਬਿਕ ਸਾਰੇ ਘਰ ਨੂੰ ਘੇਰ ਲਵੋ-ਛੇ ਜੁਆਨ ਛੱਤ ਉਪਰ ਚੜ੍ਹਨਗੇ-ਅੰਡਰਸਟੈਂਡ....?"