ਠੰਢ ਥੋੜੀ-ਥੋੜੀ ਘਟਣ ਲੱਗ ਪਈ ਸੀ। ਕਣਕ ਦੀਆਂ ਬੱਲੀਆਂ ਤੇ ਦਿਨੋਂ ਦਿਨ ਜੋਬਨ ਚੜ੍ਹਦਾ ਜਾ ਰਿਹਾ ਸੀ। ਫ਼ਲੀਆਂ 'ਤੇ ਆਈ ਸਰ੍ਹੋਂ 'ਤੇ ਸੁਨਿਹਰੀ ਮੱਖੀ ਭਿਣਕਣ ਲੱਗ ਪਈ ਸੀ। ਖੇਤਾਂ ਵਿਚੋਂ ਕੱਚੇ-ਦੁਧੀਆ ਅਨਾਜ ਦੀ ਰਸਭਿੰਨੀ ਮਹਿਕ ਆਉਂਦੀ ਸੀ।
ਰਾਤ ਝੀਲ ਦੇ ਪਾਣੀ ਵਾਂਗ ਨਿੱਤਰੀ ਹੋਈ ਸੀ। ਅਸਮਾਨ ਦੀ ਹਿੱਕ 'ਤੇ ਜੜੇ ਤਾਰੇ, ਪਰੀ ਦੇ ਲਿਬਾਸ 'ਤੇ ਲੱਗੇ ਮੋਤੀਆਂ ਵਾਂਗ ਹੱਸ ਰਹੇ ਸਨ। ਪੂਰੇ ਚੰਦ ਦੇ ਚਾਨਣ ਵਿਚ ਧੋਤੀ ਰਾਤ ਮਨ ਮੋਹ ਰਹੀ ਸੀ।
ਜੈਲਦਾਰ, ਪ੍ਰੀਤ, ਕਾਕਾ ਅਤੇ ਬਿੱਲੂ ਕਿਸੇ ਦੇ ਟਿਊਬਵੈਲ ਦੀ ਬਹਿਕ 'ਤੇ ਬੈਠੇ ਰੋਟੀ ਖਾ ਕੇ ਹਟੇ ਸਨ। ਰੋਟੀ ਉਹਨਾਂ ਨੇ ਕੋਈ ਰੂਹ ਨਾਲ ਨਹੀਂ ਖਾਧੀ ਸੀ। ਬੱਸ! ਕਾਲਜਾ ਹੀ ਧਾਫ਼ੜਿਆ ਸੀ। ਸਾਰਿਆਂ ਨੂੰ ਜੈਲਦਾਰ ਦੇ ਬਜੁਰਗ ਮਾਈ-ਬਾਪ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲ ਗਈ ਸੀ।
-"ਬਥੇਰ੍ਹਾ ਟਾਲਾ ਕਰਦੇ ਆਉਨੇ ਐਂ-ਪਰ ਗਰੇਆਲ ਦਾ ਅੰਨ ਪਾਣੀ ਮੁੱਕ ਗਿਆ ਲੱਗਦੈ।" ਜੈਲਦਾਰ ਨੇ ਸਹਿਜ ਸੁਭਾਅ ਹੀ ਗੱਲ ਤੋਰੀ।
-"ਇੱਕ ਗੱਲ ਜ਼ਰੂਰ ਐ-ਅੱਗੋਂ ਕੀ ਪਿੱਛੋਂ ਕੀ-ਗਰੇਆਲ ਨੂੰ ਆਖਰ ਸੋਧਣਾ ਈ ਪੈਣੈ।" ਬਿੱਲੂ ਬੋਲਿਆ।
-"ਜਿੰਨਾਂ ਚਿਰ ਪੰਜ ਸੱਤ ਬੁੱਚੜ ਅਫ਼ਸਰ ਗੱਡੀ ਨਹੀਂ ਚਾਹੜਦੇ-ਉਨਾਂ ਚਿਰ ਦੂਜਿਆਂ ਨੂੰ ਮੱਤ ਨਹੀਂ ਆਉਣੀ-।"
ਪ੍ਰੀਤ ਵੀ ਆਖਣੋਂ ਨਾ ਰਹਿ ਸਕਿਆ।