ਅੱਜ ਚੌਥੇ ਦਿਨ ਗੁਰਪਾਲ ਕਾਲਿਜ ਤੋਂ ਘਰ ਜਾ ਰਿਹਾ ਸੀ। ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚ ਵਧਦਾ ਪਾੜਾ ਅੱਤ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਸੀ। ਜਿਸ ਲਈ ਗੁਰਪਾਲ ਅਤੀ ਚਿੰਤਤਸੀ। ਅਜੇ ਤਾਂ ਗੱਲ ਖਹਿਬੜਬਾਜ਼ੀ ਤੱਕ ਹੀ ਸੀਮਤ ਸੀ। ਪਰ ਗੋਲੀ ਕਿਸੇ ਵਕਤ ਵੀ ਚੱਲ ਸਕਦੀ ਸੀ। ਦਸ-ਪੰਦਰਾਂ ਮਾਰੂ ਹਥਿਆਰ ਦੋਨਾਂ ਧਿਰਾਂ ਵੱਲੋਂ ਕਾਲਿਜ ਵਿਚ ਲਿਆਂਦੇ ਜਾ ਚੁੱਕੇ ਸਨ। ਪੁਲੀਸ ਸਾਰੀ ਖ਼ਬਰ ਹੋਣ ਦੇ ਬਾਵਜੂਦ ਤਮਾਸ਼ਬੀਨ ਬਣੀ ਹੋਈ ਸੀ। ਪੁਲੀਸ ਤਾਂ ਇਹ ਹੀ ਚਾਹੁੰਦੀ ਸੀ ਕਿ ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਕਮਿਊਨਿਸਟ ਵਰਕਰਾਂ ਵਿਚਕਾਰ ਡਾਂਗ ਸੋਟਾ ਖੜਕਦਾ ਰਹੇ ਅਤੇ ਸਾਡਾ ਕਾਲਿਜ ਵਿਚ ਆਉਣ ਜਾਣ ਬਣਿਆ ਰਹੇ। ਜਿਹੜਾ ਕੁਝ ਪੁਲੀਸ ਕਰਵਾਉਣਾ ਚਾਹੁੰਦੀ ਸੀ, ਉਹ ਤਾਂ ਵਿਦਿਆਰਥੀ ਸੁੱਖ ਨਾਲ ਖ਼ੁਦ ਆਪ ਹੀ ਕਰ ਰਹੇ ਸਨ।
ਪੁਲੀਸ ਨੂੰ ਕੀ ਲੋੜ ਸੀ ਇਹ ਲੜਾਈ ਰੋਕਣ ਦੀ? ਉਹਨਾਂ ਦੇ ਦਿਲ ਦੀ ਗੱਲ ਤਾਂ ਸਟੂਡੈਂਟ ਆਪ ਹੱਲ ਕਰ ਰਹੇ ਸਨ। ਲੜਾਈ ਝਗੜਾ ਹੋਵੇ ਸੁੱਖ ਨਾਲ ਵਾਹਵਾ ਰੌਣਕ ਰਹਿੰਦੀ ਹੈ। ਜੇ ਸ਼ਾਂਤੀ ਹੀ ਵਰਤ ਜਾਵੇ ਤਾਂ ਪੁਲੀਸ ਨੂੰ ਕੌਣ ਪੁੱਛੇ? ਫਿਰ ਪੁਲੀਸ ਤਾਂ ਕੰਨੀਂ ਦੇ ਕਿਆਰੇ ਵਾਂਗ ਸੁੱਕੀ ਹੀ ਰਹਿ ਜਾਵੇ। ਬੇਅਰਥ! ਗੁਰਪਾਲ ਦੇ ਦਿਮਾਗ ਵਿਚ ਸੋਚਾਂ ਦੀਆਂ ਕਈ ਉੱਥਲ ਪੁੱਥਲ ਤੰਦਾਂ ਕੱਤੀਆਂ ਜਾ ਰਹੀਆਂ ਸਨ।
ਗੁਰਪਾਲ ਦਾ ਸਕੂਟਰ ਅਜੇ ਤਲਵੰਡੀ ਦੀ ਪੁਲੀ ਟੱਪਿਆ ਹੀ ਸੀ ਕਿ ਉਜਾੜ ਜਿਹੇ ਬੱਸ ਸਟੈਂਡ ਕੋਲ, ਉਸ ਨੂੰ ਕਿਸੇ ਓਪਰੇ ਜਿਹੇ ਮੁੰਡੇ ਨੇ ਹੱਥ ਦੇ ਕੇ ਰੋਕ ਲਿਆ।
-"ਕਿੱਥੇ ਜਾਣੈਂ ਬਾਈ ਨੇ..?" ਗੁਰਪਾਲ ਨੇ ਉਸ ਨੂੰ ਪੁੱਛਿਆ।
-"ਤੁਸੀਂ ਕਿੱਥੇ ਜਾ ਰਹੇ ਹੋ..?" ਗੱਲਬਾਤ ਕਰਨ ਦੇ ਸਲੀਕੇ ਤੋਂ ਮੁੰਡਾ ਚੰਗਾ ਪੜ੍ਹਿਆ ਲਿਖਿਆ ਜਾਪਦਾ ਸੀ। ਭਰਪੂਰ ਦਾਹੜ੍ਹੇ ਵਾਲਾ ਭਰ ਜੁਆਨ ਮੁੰਡਾ ਪੈਂਟ-ਕੋਟ ਵਿਚ ਸਜਿਆ ਹੋਇਆ ਸੀ। ਪਟਿਆਲਾ-ਸ਼ਾਹੀ ਪੱਗ ਉਸ ਨੇ ਬੜੀ ਜਚਾ ਕੇ ਬੰਨ੍ਹੀ ਹੋਈ ਸੀ। ਨੀਲੀ ਪੱਗ ਹੇਠੋਂ ਕੇਸਰੀ ਫਿਫਟੀ ਜੀਭਾਂ ਕੱਢਦੀ ਸੀ।
-"ਮੈਂ ਚੜਿੱਕ ਜਾ ਰਿਹੈਂ-ਤੇ ਤੁਸੀਂ..?"