ਸਵੇਰ ਦੇ ਪੰਜ ਹੀ ਵੱਜੇ ਸਨ। ਗੁਰਦੁਆਰੇ ਵਿਚੋਂ ਗਰੰਥੀ ਦੀ ਊਂਘ ਲੱਦੀ ਅਵਾਜ਼ ਗੁਰਬਾਣੀ ਦਾ ਨਾਦ ਛੇੜ ਰਹੀ ਸੀ। ਸਰਦੀ ਦੀ ਰਾਤ ਵਿਚ ਲੋਕ ਘੂਕ ਸੁੱਤੇ ਹੋਏ ਸਨ।
ਰਣਬੀਰ ਦੀ ਮੁਖ਼ਬਰੀ 'ਤੇ ਪੁਲੀਸ ਦੀ ਇੱਕ ਜੀਪ ਅਤੇ ਟਰੱਕ ਗੁਰਪਾਲ ਦੇ ਘਰ ਅੱਗੇ ਤਣ ਗਏ। ਕਾਫ਼ੀ ਦੇਰ ਟਰੱਕ ਅਤੇ ਜੀਪ 'ਚੋਂ ਕੋਈ ਨਾ ਉਤਰਿਆ। ਸਿਰਫ਼ ਟਰੱਕ ਵਿਚੋਂ ਉਤਰ ਕੇ ਹੌਲਦਾਰ ਨੇ ਘੇਰਾਬੰਦੀ ਕਰਨ ਦਾ ਜਾਇਜ਼ਾ ਲਿਆ। ਫਿਰ ਜਦ ਉਸ ਨੇ ਟਾਰਚ ਦਾ ਇਸ਼ਾਰਾ ਕੀਤਾ ਤਾਂ ਸਿਪਾਹੀ ਆਹਣ ਵਾਂਗ ਟਰੱਕ 'ਚੋਂ ਉਤਰ ਪਏ। ਗੁਰਪਾਲ ਦੇ ਘਰ ਨੂੰ ਚੰਗੀ ਤਰ੍ਹਾਂ ਘੇਰ ਲਿਆ।
-"ਗੋਲੀ ਕਿਸੇ ਵੀ ਹਾਲਤ ਵਿਚ ਨਹੀ ਚਲਾਉਣੀ-ਇਹ ਮੇਰੀ ਸਖਤ ਹਦਾਇਤ ਹੈ- ਮੁੰਡਾ ਸਹੀ ਸਲਾਮਤ ਗ੍ਰਿਫਤਾਰ ਹੋਣਾ ਚਾਹੀਦੈ-ਜੇ ਉਹ ਘਰ ਨਾ ਹੋਵੇ ਤਾਂ ਬੁੜ੍ਹੇ ਨੂੰ ਨਰੜ ਕੇ ਟਰੱਕ 'ਚ ਮਾਰਿਓ-ਬਹੁਤੀ ਹਾਅਤ ਹੂਅਤ ਨਹੀ ਕਰਨੀ-ਬੱਸ ਕਾਰਵਾਈ ਬੜੀ ਜਲਦੀ ਤੇ ਚੁੱਪ ਚਾਪ ਹੋਣੀ ਚਾਹੀਦੀ ਐ-ਖਿਆਲ ਰਹੇ।" ਸਾਰੇ ਸਿਪਾਹੀਆਂ ਅਤੇ ਹੌਲਦਾਰ ਨੂੰ ਠਾਣੇਦਾਰ ਨੇ ਕੰਨ ਕੀਤੇ।
ਸਿਪਾਹੀ ਘਰ ਦੇ ਚੁਫ਼ੇਰੇ ਡਟੇ ਹੋਏ ਸਨ।
ਹੌਲਦਾਰ ਨੇ ਕੁੰਡਾ ਜਾ ਖੜਕਾਇਆ।
-"ਵੇ ਕੌਣ ਐਂ....?" ਕਾਫੀ ਦੇਰ ਬਾਅਦ ਮਾਂ ਹਰ ਕੌਰ ਨੇ ਉੱਤਰ ਦਿੱਤਾ ਸੀ।
-"ਦਰਵਾਜਾ ਖੋਲ੍ਹੋ!"
-"ਵੇ ਭਾਈ ਹੈ ਕੌਣ ਐਨੀ ਸਵੇਰੇ?"
-".........।" ਹੌਲਦਾਰ ਨੇ ਚੁੱਪ ਵੱਟ ਲਈ।
ਮਾਂ ਨੇ ਬਾਪੂ ਨੂੰ ਜਗਾਇਆ।