ਸ਼ਾਮ ਦੇ ਚਾਰ ਵੱਜੇ ਸਨ।
ਖੇਤਾਂ ਵਿਚ ਦਿਲ-ਖਿੱਚ ਹਰਿਆਲੀ ਸੀ। ਬਨਸਪਤੀ ਦੀ ਖੁਸ਼ਬੂ ਨਾਸਾਂ ਨੂੰ ਛੇੜਦੀ ਸੀ। ਪੱਕੀਆਂ ਫ਼ਸਲਾਂ ਦੇਖ ਕੇ ਕਿਸਾਨ ਨਸਿ਼ਆਏ ਪਏ ਸਨ। ਹਰ ਘਰ ਸਾਗ ਦੀ ਤੌੜੀ ਰਿੱਝਦੀ, ਸੁਗੰਧੀਆਂ ਖਿਲਾਰਦੀ ਰਹਿੰਦੀ। ਮੱਕੀ ਦੀਆਂ ਰੋਟੀਆਂ ਦੀ ਆਨੰਦਮਈ ਮਹਿਕ ਭੁੱਖਿਆਂ ਨੂੰ ਹੋਰ ਹਾਬੜਾ ਚਾਹੜਦੀ।
ਦਿਨ ਢਲੇ ਰਣਬੀਰ ਠਾਣੇ ਪੁੱਜ ਗਿਆ।
ਸੰਤਰੀ ਨੇ ਉਸ ਨੂੰ ਬੜੇ ਅਦਬ ਨਾਲ "ਸਤਿ ਸ੍ਰੀ ਅਕਾਲ" ਬੁਲਾਈ। ਇਸ ਠਾਣੇ ਦੇ ਸਾਰੇ ਸਟਾਫ਼ ਨੂੰ ਪਤਾ ਸੀ ਕਿ ਪਿਉ-ਪੁੱਤ ਸਰਦਾਰ ਦੇ ਖਾਸ "ਟਾਊਟ" ਸਨ।
ਠਾਣੇਦਾਰ ਕਿਸੇ ਪੰਚਾਇਤ ਨਾਲ ਗੱਲੀਂ ਪਿਆ ਹੋਇਆ ਸੀ। ਉਸ ਨੇ ਇਸ਼ਾਰੇ ਨਾਲ ਰਣਬੀਰ ਨੂੰ ਚੁਬਾਰੇ ਚੜ੍ਹਨ ਲਈ ਆਖਿਆ। ਰਣਬੀਰ ਪੱਬਾਂ ਭਾਰ ਚੁਬਾਰੇ ਚੜ੍ਹ ਗਿਆ। ਜਿਵੇਂ ਚੁਬਾਰਾ ਉਸ ਦੇ ਬਾਪੂ ਦਾ ਸੀ।
ਠਾਣੇਦਾਰ ਵਾਕਿਆ ਹੀ ਵਾਅਦੇ ਦਾ ਪੱਕਾ ਨਿਕਲਿਆ ਸੀ। ਰਿਵਾਲਵਰ ਦਾ ਲਾਈਸੈਂਸ ਬਣਵਾ ਕੇ, ਹਥਿਆਰ ਗਲ ਪੁਆ ਦਿੱਤਾ ਸੀ। ਹੁਣ ਰਣਬੀਰ ਘੱਟ ਵੱਧ ਹੀ ਕਾਲਿਜ ਜਾਂਦਾ। ਜੇ ਜਾਂਦਾ ਤਾਂ ਸਿਰਫ਼ ਕਨਸੋਅ ਲੈਣ ਖਾਤਰ, ਸੀ ਆਈ ਡੀ ਕਰਨ ਖਾਤਰ! ਰਣਬੀਰ ਨੇ ਆਪਣਾ ਤਿੰਨ ਮੈਂਬਰੀ ਗਿਰੋਹ ਖੜ੍ਹਾ ਕਰ ਲਿਆ ਸੀ। ਪਰ ਵਾਰਦਾਤ ਹਾਲੀਂ ਤੱਕ ਉਹਨਾਂ ਨੇ ਕੋਈ ਨਹੀਂ ਕੀਤੀ ਸੀ। ਇਸ ਗਿਰੋਹ
ਦੇ ਮੈਂਬਰ ਸਨ ਘੁਮੰਡ ਸਿੰਘ ਰਾਕਟ, ਬਿੱਕਰ ਸਿੰਘ ਅਤੇ ਖੁਦ ਰਣਬੀਰ ਆਪ! ਨਜਾਇਜ਼ ਹਥਿਆਰ ਉਹਨਾਂ ਨੂੰ ਠਾਣੇ ਤੋਂ ਮੁਹੱਈਆ ਕਰ ਦਿੱਤੇ ਗਏ ਸਨ। ਪਰ ਖੁਫ਼ੀਆ ਰੂਪ ਵਿਚ। ਕਿਸੇ ਨੂੰ ਕੋਈ ਖ਼ਬਰ ਨਹੀਂ ਹੋਈ ਸੀ।