ਸਵੇਰ ਦੇ ਪੰਜ ਹੀ ਵੱਜੇ ਸਨ। ਗੁਰਦੁਆਰੇ ਵਿਚੋਂ ਗਰੰਥੀ ਦੀ ਊਂਘ ਲੱਦੀ ਅਵਾਜ਼ ਗੁਰਬਾਣੀ ਦਾ ਨਾਦ ਛੇੜ ਰਹੀ ਸੀ। ਸਰਦੀ ਦੀ ਰਾਤ ਵਿਚ ਲੋਕ ਘੂਕ ਸੁੱਤੇ ਹੋਏ ਸਨ।
ਰਣਬੀਰ ਦੀ ਮੁਖ਼ਬਰੀ 'ਤੇ ਪੁਲੀਸ ਦੀ ਇੱਕ ਜੀਪ ਅਤੇ ਟਰੱਕ ਗੁਰਪਾਲ ਦੇ ਘਰ ਅੱਗੇ ਤਣ ਗਏ। ਕਾਫ਼ੀ ਦੇਰ ਟਰੱਕ ਅਤੇ ਜੀਪ 'ਚੋਂ ਕੋਈ ਨਾ ਉਤਰਿਆ। ਸਿਰਫ਼ ਟਰੱਕ ਵਿਚੋਂ ਉਤਰ ਕੇ ਹੌਲਦਾਰ ਨੇ ਘੇਰਾਬੰਦੀ ਕਰਨ ਦਾ ਜਾਇਜ਼ਾ ਲਿਆ। ਫਿਰ ਜਦ ਉਸ ਨੇ ਟਾਰਚ ਦਾ ਇਸ਼ਾਰਾ ਕੀਤਾ ਤਾਂ ਸਿਪਾਹੀ ਆਹਣ ਵਾਂਗ ਟਰੱਕ 'ਚੋਂ ਉਤਰ ਪਏ। ਗੁਰਪਾਲ ਦੇ ਘਰ ਨੂੰ ਚੰਗੀ ਤਰ੍ਹਾਂ ਘੇਰ ਲਿਆ।
-"ਗੋਲੀ ਕਿਸੇ ਵੀ ਹਾਲਤ ਵਿਚ ਨਹੀ ਚਲਾਉਣੀ-ਇਹ ਮੇਰੀ ਸਖਤ ਹਦਾਇਤ ਹੈ- ਮੁੰਡਾ ਸਹੀ ਸਲਾਮਤ ਗ੍ਰਿਫਤਾਰ ਹੋਣਾ ਚਾਹੀਦੈ-ਜੇ ਉਹ ਘਰ ਨਾ ਹੋਵੇ ਤਾਂ ਬੁੜ੍ਹੇ ਨੂੰ ਨਰੜ ਕੇ ਟਰੱਕ 'ਚ ਮਾਰਿਓ-ਬਹੁਤੀ ਹਾਅਤ ਹੂਅਤ ਨਹੀ ਕਰਨੀ-ਬੱਸ ਕਾਰਵਾਈ ਬੜੀ ਜਲਦੀ ਤੇ ਚੁੱਪ ਚਾਪ ਹੋਣੀ ਚਾਹੀਦੀ ਐ-ਖਿਆਲ ਰਹੇ।" ਸਾਰੇ ਸਿਪਾਹੀਆਂ ਅਤੇ ਹੌਲਦਾਰ ਨੂੰ ਠਾਣੇਦਾਰ ਨੇ ਕੰਨ ਕੀਤੇ।
ਸਿਪਾਹੀ ਘਰ ਦੇ ਚੁਫ਼ੇਰੇ ਡਟੇ ਹੋਏ ਸਨ।
ਹੌਲਦਾਰ ਨੇ ਕੁੰਡਾ ਜਾ ਖੜਕਾਇਆ।
-"ਵੇ ਕੌਣ ਐਂ....?" ਕਾਫੀ ਦੇਰ ਬਾਅਦ ਮਾਂ ਹਰ ਕੌਰ ਨੇ ਉੱਤਰ ਦਿੱਤਾ ਸੀ।
-"ਦਰਵਾਜਾ ਖੋਲ੍ਹੋ!"
-"ਵੇ ਭਾਈ ਹੈ ਕੌਣ ਐਨੀ ਸਵੇਰੇ?"
-".........।" ਹੌਲਦਾਰ ਨੇ ਚੁੱਪ ਵੱਟ ਲਈ।
ਮਾਂ ਨੇ ਬਾਪੂ ਨੂੰ ਜਗਾਇਆ।
ਜਪਨਾਮ ਸਿੰਘ ਭੜ੍ਹੱਕ ਕੇ ਉਠਿਆ।ਜੁੱਤੀ ਪਾ ਕੇ ਉਸ ਨੇ ਦਰਵਾਜੇ ਦੀ ਝੀਥ ਵਿਚੋਂ ਬਾਹਰ ਤੱਕਿਆ ਤਾਂ ਬਾਹਰ ਲਾਲ ਪੱਗਾਂ ਵਾਲਿਆਂ ਦਾ ਹੜ੍ਹ ਆਇਆ ਹੋਇਆ ਸੀ। ਬਾਪੂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਉਹ ਹਨ੍ਹੇਰੀ ਵਾਂਗ ਪੁੱਠੇ ਪੈਰੀਂ ਵਾਪਿਸ ਪਰਤਿਆ।
-"ਗੁਰਲਾਲ..! ਉਏ ਗੁਰੂ ਦੇ ਲਾਲ...!!" ਬਾਪੂ ਮੁੰਡੇ ਨੂੰ ਟਾਹਣ ਵਾਂਗ ਹਲੂਣੀ ਜਾ ਰਿਹਾ ਸੀ।
-"ਹਾਂ ਬਾਪੂ....?"
-"ਜਿਉਣ ਜੋਕਰਿਆ ਸ਼ੇਰਾ ਕੰਧ ਟੱਪ ਜਾ-ਦੁਸ਼ਮਣ ਤਾਂ ਆ ਵੱਜੇ...!"
ਮੁੰਡਾ ਤ੍ਰਭਕ ਕੇ ਉਠਿਆ।
-"ਕੌਣ ਆ ਵੱਜੇ?"
-"ਜਮਦੂਤ ਪੁਲਸੀਏ..!"
-"ਕਾਹਦੇ ਲਈ...?"
-"ਇਹ ਨਹੀਂ ਪਤਾ-ਪੂਰਾ ਟਰੱਕ ਭਰਿਆ ਹੋਇਐ-ਤੂੰ ਮੇਰਾ ਮੱਲ ਬਣ ਕੇ ਕੰਧ ਟੱਪ ਜਾਹ!"
-"ਬਾਪੂ ਆਪਣਾ ਕਸੂਰ...?"
-"ਸਿ਼ਕਾਰੀ ਜਾਨਵਰ ਦਾ ਕਸੂਰ ਨਹੀਂ ਪੁੱਛਦੇ ਪੁੱਤ-ਬੱਸ ਪਾਰ ਬੁਲਾਉਂਦੇ ਐ-ਤੂੰ ਕੰਧ ਤੋਂ ਮਾਰ ਛਾਲ-ਚਾਰ ਦਿਨ ਘਰੇ ਨਾ ਵੜੀਂ-ਮੈਂ ਆਪੇ ਸਾਂਭੂੰ।"
-"ਬਾਪੂ ਘਰੋਂ ਭਗੌੜੇ ਹੋ ਕੇ ਤਾਂ ਵਾਧੂ ਦੇ ਦੋਸ਼ੀ ਬਣਜਾਂਗੇ-ਇਹਨਾਂ ਦਾ ਹੱਥ ਹੋਰ ਉਪਰ ਹੋਊ।"
-"ਜਿਹੜਾ ਲੜਾਈ ਵਿਚੋਂ ਪੈਂਦੀਆਂ ਤੋਂ ਵੀ ਭੱਜ ਜਾਵੇ-ਸਾਰਿਆਂ ਤੋਂ ਵੱਡਾ ਸਮਝਦਾਰ ਹੁੰਦੈ ਪੁੱਤ-ਭਾਵੀ ਬੂਹੇ 'ਤੇ ਆ ਗਈ ਐ-ਤੂੰ ਪੱਤੇ ਤੋੜ ਜਾਹ।"
-"ਖੋਲ੍ਹਦੇ ਓਂ ਦਰਵਾਜਾ ਕਿ ਤੋੜੀਏ ਫਿਰ?" ਬਾਹਰੋਂ ਹੌਲਦਾਰ ਦੀ ਅਵਾਜ਼ ਆਈ।
-"ਪੁੱਤ ਸਾਡੇ ਬੁੜ੍ਹਾਪੇ ਬਾਰੇ ਸੋਚ-ਹਿੰਡ ਨਾ ਕਰ।" ਮਾਂ ਨੇ ਤਰਲਾ ਪਾਇਆ। ਉਹ ਕੰਬੀ ਜਾ ਰਹੀ ਸੀ।
-"ਬੇਬੇ ਜਦੋਂ ਮੈਂ ਕੁਛ ਕੀਤਾ ਈ ਨਹੀਂ-ਫੇਰ ਪਰਾਲ੍ਹ ਹੋ ਕੇ ਭੱਜਣਾ ਕੋਈ ਧਰਮ ਐਂ?"
-"ਪੁੱਤਰਾ! ਗੁਰੂ ਨਾਨਕ ਨੇ ਆਖਿਆ ਸੀ-ਸਰਮੁ ਧਰਮੁ ਦੋਇ ਛਪਿ ਖਲੋਏ-ਕੂੜੁ ਫਿਰੈ ਪਰਧਾਨੁ ਵੇ ਲਾਲੋ!"
-"ਕਲਯੁੱਗ ਐ ਸ਼ੇਰਾ..! ਮੈਂ ਪੌੜੀ ਲਾ ਦਿੰਨੀ ਐਂ-ਤੂੰ ਕੰਧ ਟੱਪ ਕੇ ਪਿੱਛੇ ਰੂੜੀ 'ਤੇ ਛਾਲ ਮਾਰ-ਜਲਦੀ ਕਰ-ਇਹਨਾਂ ਦਾ ਕੀ ਐ? ਦਰਵਾਜਾ ਤੋੜ ਕੇ ਈ ਅੰਦਰ ਆ ਵੜਨ-ਬਾਹਰ ਕੀੜੀ 'ਤੇ ਕੜਕ ਚੜ੍ਹਿਆ ਪਿਐ-ਜੋਧ ਦੇਖ ਲੈ ਜਮਾਂ ਈ ਬੇਕਸੂਰ ਸੀ ਅਜੇ ਤੱਕ ਨਹੀ ਛੱਡਿਆ-ਇਹਨਾਂ ਮੂਹਰੇ ਸ਼ੇਰਾ ਕੀ ਜੋਰ ਐ?"
ਮੁੰਡੇ ਦੀ ਸੋਚ ਨੇ ਪਲਟਾ ਖਾਧਾ।
ਗੱਲ ਬੇਬੇ ਦੀ ਬਿਲਕੁਲ ਠੀਕ ਸੀ।
ਗੁਰਪਾਲ ਨੇ ਪੌੜੀ ਚੜ੍ਹ ਕੇ ਕੰਧ ਤੋਂ ਪਿੱਛੇ ਰੂੜੀ 'ਤੇ ਛਾਲ ਮਾਰ ਦਿੱਤੀ।
ਉਧਰੋਂ ਬਾਪੂ ਜਪਨਾਮ ਸਿੰਘ ਨੇ ਦਰਵਾਜੇ ਦਾ ਕੁੰਡਾ ਲਾਹ ਦਿੱਤਾ। ਹੌਲਦਾਰ ਸਮੇਤ ਸਿਪਾਹੀ ਦੈਂਤਾਂ ਵਾਂਗ ਅੰਦਰ ਘੁਸ ਗਏ!
-"ਚੱਪਾ ਚੱਪਾ ਛਾਣ ਮਾਰੋ...!" ਠਾਣੇਦਾਰ ਦਾ ਹੁਕਮ ਸੀ। ਸਿਪਾਹੀ ਮੰਜਿਆਂ, ਸੰਦੂਕਾਂ ਹੇਠ ਪੈ-ਪੈ ਦੇਖਣ ਲੱਗ ਪਏ।
ਉਧਰ ਜਦੋਂ ਗੁਰਪਾਲ ਨੇ ਕੰਧ ਤੋਂ ਛਾਲ ਮਾਰੀ ਤਾਂ ਬਾਹਰ ਖੜ੍ਹੇ ਇਕ ਸਿਪਾਹੀ ਨੇ ਉਸ ਨੂੰ ਜੱਫ਼ਾ ਮਾਰਨਾ ਚਾਹਿਆ। ਪਰ ਬਾਘ ਦੀ ਫ਼ੁਰਤੀ ਨਾਲ ਗੁਰਪਾਲ ਨੇ ਸਿਪਾਹੀ ਦੇ ਨੱਕ 'ਤੇ ਘਣ ਵਰਗਾ ਮੁੱਕਾ ਮਾਰਿਆ। ਸਿਪਾਹੀ ਦੀ ਸੁਰਤ ਮਾਰੀ ਗਈ। ਅੱਖਾਂ ਅੱਗੇ ਭੰਬੂਤਾਰੇ ਨੱਚੇ। ਉਸ ਨੇ ਹੱਲਾ ਕਰਕੇ ਫਿਰ ਮੁੰਡੇ ਨੂੰ ਫੜਨ ਦੀ ਕੋਸਿ਼ਸ਼ ਕੀਤੀ ਤਾਂ ਇਕ ਮੁੱਕਾ ਹੋਰ ਪਿਆ। ਸਿਪਾਹੀ ਦੀ ਬੂਥ ਗੱਡੀ ਗਈ। ਨੱਕ 'ਚੋਂ ਖੂਨ ਧਰਾਲੀਂ ਵਹਿ ਪਿਆ ਸੀ। ਪਰ ਸਿਪਾਹੀ ਨੇ ਹੌਂਸਲਾ ਨਾ ਹਾਰਿਆ। ਉਸ ਨੇ ਦੂਰ ਡਿੱਗੀ ਆਪਣੀ ਏ. ਕੇ. ਸੰਤਾਲੀ ਹੱਥ ਹੇਠ ਕਰਨੀ ਚਾਹੀ ਤਾਂ ਗੁਰਪਾਲ ਨੇ ਸੋਚਿਆ ਇਹ ਸਾਲਾ ਮੇਰੇ 'ਤੇ ਗੋਲੀ ਜਰੂਰ ਚਲਾਵੇਗਾ। ਉਸ ਨੇ ਥਬੂਕਾ ਮਾਰ ਕੇ ਇਕ ਠੁੱਡ ਉਸ ਦੀ ਵੱਖੀ ਵਿਚ ਦੇ ਮਾਰਿਆ। ਸਿਪਾਹੀ ਕੱਟੇ ਬੱਕਰੇ ਵਾਂਗ ਧਰਤੀ ਤੇ ਡਿੱਗਿਆ ਅਤੇ ਗੁਰਪਾਲ ਨੇ ਰਾਈਫ਼ਲ ਚੁੱਕ ਲਈ।
-"ਜੇ ਹਿੱਲਿਐਂ ਪੁੱਤ ਤੇਰੀ ਸਤਿਨਾਮ ਬੋਲਜੂ...!"
ਸਿਪਾਹੀ ਧਰਤੀ 'ਤੇ ਚੌਫ਼ਾਲ ਪਿਆ, ਅੱਡੀਆਂ ਅੱਖਾਂ ਨਾਲ ਗੁਰਪਾਲ ਵੱਲ ਤੱਕ ਰਿਹਾ ਸੀ। ਬੰਦੇ ਖਾਣੀ ਅਸਾਲਟ ਉਸ ਵੱਲ ਸੱਪ ਵਾਂਗ ਜੀਭਾਂ ਕੱਢਦੀ ਸੀ। ਆਪਣੇ ਬਚਾਓ ਲਈ ਬਿੱਲੀ ਬੰਦੇ ਨੂੰ ਲੀਰਾਂ ਕਰ ਦਿੰਦੀ ਐ। ਇਹਦਾ ਕੀ ਪਤੈ...? ਘੇਰੇ 'ਚ ਆਇਆ ਗੋਲੀ ਹੀ ਮਾਰ ਦੇਵੇ? ਸਿਪਾਹੀ ਨੇ ਗੁਰਪਾਲ ਨੂੰ ਹੱਥ ਦਾ ਇਸ਼ਾਰਾ ਦੇ ਕੇ ਭੱਜ ਜਾਣ ਲਈ ਕਹਿ ਦਿੱਤਾ।
ਗੁਰਪਾਲ ਤਿੱਤਰ ਹੋ ਗਿਆ।
ਬੰਦੂਕ ਉਸ ਦੇ ਕੋਲ ਸੀ।
ਫਿ਼ਰਨੀ ਦਾ ਮੋੜ ਕੱਟ ਕੇ ਉਹ ਸਰ੍ਹੋਂ ਦੇ ਖੇਤਾਂ ਵਿਚ ਛਿਤਮ ਹੋ ਗਿਆ। ਪਤਾ ਨਹੀਂ ਕਿਹੜੀ ਤਾਕਤ ਨਾਲ ਉਹ ਅੜਬ ਘੋੜੀ ਵਾਂਗ ਛੂਟ ਵੱਟੀ ਜਾ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਅਕਸਰ ਪੁਲੀਸ ਨੇ ਵੀ ਮੇਰੇ ਹੱਥ ਬੰਦੂਕ ਫੜਾ ਹੀ ਦਿੱਤੀ! ਰੰਡੀਆਂ ਤਾਂ ਰੰਡ ਕੱਟ ਲੈਣ ਪਰ ਮੁਸ਼ਟੰਡੇ ਨਹੀ ਕੱਟਣ ਦਿੰਦੇ! ਜਿਹੜੇ ਘਾਤਕ, ਮਾਰੂ-ਹਥਿਆਰਾਂ ਨੂੰ ਉਹ "ਮੁੱਖ-ਧਾਰਾ" ਦੇ ਖਿ਼ਲਾਫ਼ ਦੱਸਦਾ ਹੁੰਦਾ ਸੀ, ਅੱਜ ਉਹ ਹੀ ਮਾਰੂ-ਹਥਿਆਰ ਉਸ ਦੇ ਆਪਣੇ ਹੱਥ ਵਿਚ ਸੀ! ਸਮਾਂ ਬੰਦੇ ਨੂੰ ਕਿੱਥੇ ਦਾ ਕਿੱਥੇ ਲੈ ਜਾਂਦਾ ਹੈ? ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ-ਕਿਆ ਮਾਲੁਮ ਕਬ ਬਦਲੇ ਵਕਤ ਕੀ ਮਜ਼ਾਲ! ਪ੍ਰਿੰਸੀਪਲ ਦੇ ਕਹੇ ਲਫ਼ਜ਼ ਉਸ ਦੇ ਦਿਮਾਗ ਵਿਚ ਗੂੰਜੇ! ਖੇਤਾਂ ਵਿਚੋਂ ਦੀ ਭੱਜਿਆ ਜਾਂਦਾ ਉਹ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ।
ਇੱਧਰ ਸਿਪਾਹੀ ਤਲਾਸ਼ੀ ਲੈ ਚੁੱਕੇ ਸਨ।
ਗੁਰਪਾਲ ਦਾ ਕੋਈ ਖੋਜ-ਖੁਰਾ ਨਹੀ ਲੱਭਿਆ ਸੀ।
-"ਸਰਦਾਰ ਅੰਦਰ ਤਾਂ ਉਹ ਹੈ ਨਹੀਂ।" ਸਾਰੇ ਸਿਪਾਹੀ ਹੱਥ ਝਾੜ ਕੇ ਬਾਹਰ ਆ ਗਏ। ਬੰਦੂਕਾਂ ਉਹਨਾਂ ਨੇ ਫਿਰ ਸੰਭਾਲ ਲਈਆਂ।
ਸਾਰੇ ਚੁੱਪ ਹੋ ਗਏ।
-"ਬਾਬਾ-ਮੁੰਡਾ ਕਿੱਥੇ ਐ?"
-"ਸਰਦਾਰ ਕਦੇ ਕਾਲਜੋਂ ਆ ਜਾਂਦੈ ਤੇ ਕਦੇ ਕਿਸੇ ਮੁੰਡੇ ਕੋਲੇ ਸ਼ਹਿਰ ਹੀ ਰਹਿ ਪੈਂਦੈ।"
ਬਾਪੂ ਨੇ ਉੱਤਰ ਦਿੱਤਾ ਸੀ।
-"ਇਉਂ ਕਹਿ ਖਾਂ ਬਈ ਰਾਤ ਨੂੰ ਅੱਤਿਵਾਦੀਆਂ ਨਾਲ ਮੀਟਿੰਗਾਂ ਕਰਦੈ-ਬੈਂਕਾਂ ਲੁੱਟਦੈ-ਬੰਦੇ ਮਾਰਦੈ।"
-"ਵੇ ਕਾਹਨੂੰ ਮੇਰਾ ਬੱਤੀ ਸੁਲੱਖਣਾਂ ਐਹੋ ਜਿਐ ਸ਼ੇਰਾ-!"
-"ਕਦੇ ਕੀੜੀ ਤੇ ਪੈਰ ਨਹੀ ਧਰਿਆ-ਸਰਕਾਰ।" ਬਾਪੂ ਨੇ ਗਲ਼ ਵਾਲਾ ਪੱਲਾ ਹੋਰ ਜੋੜ ਲਿਆ।
-"ਉਹ ਤਾਂ ਜਨਾਬ-ਕੰਧ ਉਤੋਂ ਦੀ ਛਾਲ ਮਾਰ ਕੇ ਭੱਜ ਗਿਐ...!" ਬਾਹਰੋਂ ਸਿਪਾਹੀ ਨੇ ਅੰਦਰ ਆ ਕੇ ਖ਼ਬਰ ਕੀਤੀ।
ਸਾਰੇ ਇੱਕ ਦਮ ਉਸ ਵੱਲ ਝਾਕੇ ਸਨ।
ਉਸ ਦੇ ਨੱਕੋਂ ਅਜੇ ਵੀ ਖੂਨ ਵਗ ਰਿਹਾ ਸੀ। ਬੁੱਲ੍ਹ ਸੁੱਜ ਕੇ ਗੁਲਗਲੇ ਵਰਗਾ ਹੋ ਗਿਆ ਸੀ। ਨਾਸਾਂ ਦੁਨਾਲੀ ਬੰਦੂਕ ਵਾਂਗ ਖੁੱਲ੍ਹੀਆਂ ਸਨ। ਉਸ ਦਾ ਇੱਕ ਹੱਥ ਦੂਸਰੇ ਹੱਥ ਵਿਚ ਘੁੱਟਿਆ ਹੋਇਆ ਸੀ। ਉਹ ਗੋਹੇ ਨਾਲ ਲਿੱਬੜਿਆ ਪ੍ਰੇਤ ਲੱਗਦਾ ਸੀ।
-"ਭੱਜ ਗਿਆ...? ਉਹ ਤਾਂ ਤੇਰੀ ਚੜ੍ਹਦੀ ਕਲਾ ਆਲੀ ਹਾਲਤ ਈ ਦੱਸਦੀ ਐ।" ਠਾਣੇਦਾਰ ਦੇ ਹਰਾਸ ਮਾਰੇ ਗਏ। ਉਸ ਅੰਦਰ ਕਰੋਧ ਬਰੂਦ ਬਣ ਗਿਆ।
-"ਸਰਦਾਰ-ਉਹ ਤਾਂ ਮੇਰੀ ਬੰਦੂਕ ਵੀ ਲੈ ਗਿਆ।" ਸਿਪਾਹੀ ਨੇ ਨਜ਼ਰਾਂ ਧਰਤੀ 'ਤੇ ਗੱਡ ਰੱਖੀਆਂ ਸਨ।
-"ਕੀ ਕਿਹੈ..? ਤੇਰੀ ਬੰਦੂਕ ਵੀ ਲੈ ਗਿਆ...?" ਠਾਣੇਦਾਰ ਨੇ ਚੀਕ ਜਿਹੀ ਮਾਰੀ।
-"ਤੂੰ ਭੈਣ ਦਿਆ ਯਾਰਾ ਗੋਲੀ ਕਿਉਂ ਨਾ ਚਲਾਈ? ਇਹ ਥੋਨੂੰ....'ਚ ਲੈਣ ਨੂੰ ਦਿੱਤੀਐਂ ਥੋਡੀ ਮਾਂ ਦੀ.....!" ਠਾਣੇਦਾਰ ਨੇ ਲਗਾਤਾਰ ਕਈ ਰੂਲ 'ਧੇਹ-ਧੇਹ' ਸਿਪਾਹੀ ਦੇ ਮੌਰਾਂ ਵਿਚ ਜੜ ਦਿੱਤੇ। ਸਿਪਾਹੀ ਤੂਤ ਵਾਂਗ ਲਾਪਰ ਸੁੱਟਿਆ ਸੀ।
-"ਸਰਦਾਰ ਥੋਡਾ ਈ ਤਾਂ ਹੁਕਮ ਸੀ ਬਈ ਗੋਲੀ ਨਹੀਂ ਚਲਾਉਣੀ-ਮੈਂ ਤਾਂ ਥੋਡਾ ਹੁਕਮ ਈ ਵਜਾਇਐ।" ਸਿਪਾਹੀ ਨੇ ਠੁਣਾਂ ਠਾਣੇਦਾਰ ਸਿਰ ਭੰਨਿਆਂ।
-"ਮੈਂ ਕਿਹਾ ਸੀ ਬਈ ਊਂਈਂ ਬੋਂਡੀ ਬਣਜੋ...? ਪੈਂਟਾਂ ਲਾਹ ਕੇ ਉਹਦੇ ਥੱਲੇ ਪੈ ਜਾਇਓ..? ਥੋਡੀ ਭੈਣ ਨੂੰ ਚੋਦਿਆ....!"
ਠਾਣੇਦਾਰ ਆਪਣੀ ਥਾਂ ਸੱਚਾ ਰਹਿਣਾ ਚਾਹੁੰਦਾ ਸੀ। ਆਏ ਤਾਂ ਉਹ ਮਾਰ ਮਾਰਨ ਸਨ। ਪਰ ਬਾਜ਼ੀ ਉਲਟੀ ਉਸ ਦੇ ਗਲ ਪੈ ਗਈ ਸੀ। ਅਫ਼ਸਰ ਮੇਰੇ ਮੂੰਹ ਨਾਲ ਕੀ ਕਰੇਗਾ? ਉਸ ਦੇ ਦਿਮਾਗ ਨੂੰ ਸੁੰਨ ਚੜ੍ਹ ਗਿਆ।
-"ਚੱਲ ਤੁਰ ਕੇ ਠਾਣੇ ਨੂੰ ਮਾਂ ਦਿਆ ਖਸਮਾਂ-ਉਥੇ ਜਾ ਕੇ ਤੇਰੀ ਲੈਨੈ ਖਬਰ-ਕੁੱਤੀ ਦਾ ਪੁੱਤ! ਪੂਰੇ ਸੱਤ ਵਜੇ ਠਾਣੇ ਪਹੁੰਚਣਾ ਚਾਹੀਦੈਂ-ਜੇ ਲੇਟ ਹੋ ਗਿਆ ਵਰਦੀ ਠਾਣੇ ਜਮ੍ਹਾਂ ਕਰਵਾ ਦੇਈਂ-ਨੌਕਰੀ ਤੋਂ ਬਰਖਾਸਤ।" ਠਾਣੇਦਾਰ ਨੇ ਸਿਪਾਹੀ ਨੂੰ ਤੁਰਦਾ ਕਰ ਦਿੱਤਾ। ਉਸ ਨੇ ਪੈਰ ਤੋਂ ਹੀ ਦੁੜਕੀ ਚਾਲ ਫੜ ਲਈ।
ਠਾਣੇਦਾਰ ਨੇ ਕਰੋਧ ਨਾਲ ਜਪਨਾਮ ਸਿੰਘ ਨੂੰ ਗਲੋਂ ਜਾ ਫੜਿਆ।
-"ਤੇਰੀ ਮੈਂ ਧੀ ਦੀ ਘੋੜੀ ਬਣਾਲਾਂ ਚੌਰਿਆ-ਤੂੰ ਤਾਂ ਕਹਿੰਦਾ ਸੀ ਉਹ ਘਰੇ ਈ ਘੱਟ ਵੱਧ ਆਉਂਦੈ-ਹੁਣ ਬੋਲ...?" ਉਸ ਨੇ ਜਪਨਾਮ ਸਿੰਘ ਨੂੰ ਪਟੜੇ ਵਾਂਗ ਧਰਤੀ 'ਤੇ ਪਟਕਾ ਮਾਰਿਆ। ਉਤੋਂ ਸਿਪਾਹੀਆਂ ਨੇ ਬੰਦੂਕਾਂ ਦੇ ਬੱਟਾਂ ਦੀ ਬੁਛਾੜ ਕਰ ਦਿੱਤੀ। ਪਲਾਂ ਵਿਚ ਜਪਨਾਮ ਸਿੰਘ ਬੱਕਰੇ ਵਾਂਗ ਇਕੱਠਾ ਕਰ ਦਿੱਤਾ। ਸਾਰੀ ਉਮਰ ਦੁਖਦੇ-ਸੁਖਦੇ ਨਾਲ ਰਹਿਣ ਵਾਲੇ ਜੀਵਨ ਸਾਥੀ ਦੀ ਹਰ ਕੌਰ ਤੋਂ ਇਹ ਹਾਲਤ ਜਰੀ ਨਾ ਗਈ। ਉਹ ਧਾਹ ਕੇ ਜਪਨਾਮ ਸਿੰਘ ਦੇ ਉਪਰ ਡਿੱਗ ਪਈ। ਪਰ ਸਿਪਾਹੀਆਂ ਦੇ ਬੱਟ ਨਾ ਰੁਕੇ। ਸ਼ਾਇਦ ਹਰ ਕੌਰ ਦੀ ਬਾਂਹ ਟੁੱਟ ਗਈ। ਘਣ ਵਰਗੀਆਂ ਸੱਟਾਂ ਨਾਲ ਦੋਨੋਂ ਕਰਾਹ ਰਹੇ ਸਨ।
-"ਸਰਦਾਰ ਬੁੜ੍ਹੇ ਸਰੀਰ ਐ-ਮਰ ਜਾਣਗੇ-ਹੋਰ ਨਾ ਇਹਨਾਂ ਦੀ ਜਾਹ ਜਾਂਦੀ ਹੋ ਜੇ-ਦੋ ਕੇਸ ਸੰਭਾਲਣੇ ਮੁਸ਼ਕਲ ਹੋ ਜਾਣਗੇ-ਪਹਿਲੇ 'ਤੇ ਗੌਰ ਕਰੋ-ਇਹਨਾਂ ਨੂੰ ਬਖਸ਼ੋ! ਰਾਈਫਲ ਆਲਾ ਕੇਸ ਗੰਭੀਰ ਐ-ਅਫਸਰ ਨੂੰ ਕੀ ਜਵਾਬ ਦੇਵਾਂਗੇ...?" ਹੌਲਦਾਰ ਨੇ ਠਾਣੇਦਾਰ ਨੂੰ ਸਮਝਾਇਆ। ਠਾਣੇਦਾਰ ਦੀ ਸੁਰਤ ਕੁਝ ਕੁ ਪਰਤੀ।
-"ਘਰੇ ਮਾਰਨਾ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਆਪਣੇ ਹੱਕ ਵਿਚ ਨਹੀ ਜਾਂਦਾ-ਮਨੁੱਖੀ ਅਧਿਕਾਰਾਂ ਵਾਲੀਆਂ ਜੱਥੇਬੰਦੀਆਂ ਤਾਂ ਅੱਗੇ ਹੀ ਮਾਨ ਨਹੀ-ਐਹੋ ਜਿਹੇ ਕੇਸਾਂ ਦੀਆਂ ਫਾਈਲਾਂ ਬਣਾ ਬਣਾ ਬਾਹਰਲੇ ਦੇਸ਼ਾਂ ਨੂੰ ਤੋਰੀ ਜਾਂਦੇ ਐ-ਪਤਾ ਨਹੀ ਪੁਲਸ ਆਲਿਆਂ ਨਾਲ ਕੀ ਵੈਰ ਐ? ਇਹਨਾਂ 'ਚੋਂ ਐਥੇ ਕੁਛ ਨਹੀ ਨਿਕਲਣਾ-ਠਾਣੇ ਜਿਹੜਾ ਕੁਛ ਮਰਜੀ ਐ ਕਰਲਿਓ-ਪਰ ਜੇ ਇਹ ਐਥੇ ਈ ਮਾਰ ਦਿੱਤੇ ਤਾਂ ਸਰਕਾਰ ਮੇਰੀ ਭੱਜਣ ਨੂੰ ਰਾਹ ਨਹੀ ਥਿਆਉਣੇ-ਸੋਚ ਕਰੋ..!"
ਠਾਣੇਦਾਰ ਦੇ ਗੱਲ ਮੇਚ ਆਈ ਸੀ।
ਉਸ ਨੇ ਇਸ਼ਾਰੇ ਨਾਲ ਸਿਪਾਹੀ ਰੋਕ ਦਿੱਤੇ।
-"ਇਹ ਕੁੜੀ ਚੋਦ ਨੂੰ ਨਰੜ ਕੇ ਟਰੱਕ 'ਚ ਲੱਦੋ...!" ਠਾਣੇਦਾਰ ਨੇ ਜਪਨਾਮ ਸਿੰਘ ਵੱਲ ਉਂਗਲ ਕਰ ਕੇ ਕਿਹਾ।
-"ਠਾਣੇਦਾਰਾ-ਬੇਸ਼ੱਕ ਗੋਲੀ ਮਾਰ ਦੇਈਂ-ਪਰ ਮੇਰਾ ਵੀਰ ਗਾਹਲ ਨਾ ਕੱਢੀਂ...।" ਅਤੀਅੰਤ ਫ਼ੱਟੜ ਜਪਨਾਮ ਸਿੰਘ ਨੇ ਠਾਣੇਦਾਰ ਨੂੰ ਤਾੜਨਾ ਕੀਤੀ।
-"ਤੂੰ ਮੈਨੂੰ ਦਬਕੇ ਮਾਰਦੈਂ ਧੀਅ ਦੇਣਿਆ...? ਤੇਰੀ ਧੀ ਤੇ ਗਧੇ ਚੜ੍ਹਨ...!" ਠਾਣੇਦਾਰ ਨੇ ਜਪਨਾਮ ਸਿੰਘ ਦੀ ਦਾਹੜ੍ਹੀ ਐਸੀ ਬੇਕਿਰਕੀ ਨਾਲ ਖਿੱਚੀ ਕਿ ਦਾਹੜ੍ਹੀ ਅੱਧੀ ਜੜ੍ਹੋਂ ਪੱਟੀ ਗਈ। ਵਾਲ ਠਾਣੇਦਾਰ ਦੇ ਹੱਥ ਵਿਚ ਆ ਗਏ।
ਜਪਨਾਮ ਸਿੰਘ ਰੋਹ ਖਾ ਕੇ ਫ਼ੱਟੜ ਹੋਇਆ ਵੀ ਸਾਹਣ ਵਾਂਗ ਉਠ ਖੜ੍ਹਿਆ।
-"ਲੈ ਠਾਣੇਦਾਰਾ...! ਜਿਹੜੀ ਇੱਜ਼ਤ ਖਾਤਰ ਤੁਰੇ ਫਿਰਦੇ ਸੀ-ਉਹ ਤੂੰ ਅੱਜ ਖੇਹ ਕਰ ਹੀ ਦਿੱਤੀ ਐ-ਗੁਰੂ ਸਾਹਿਬ ਦਾ ਫੁਰਮਾਨ ਐਂ-ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।। ਹੁਣ ਤੂੰ ਆਬਦਾ ਜੋਰ ਲਾ ਲਈਂ-ਕੋਈ ਕੱਚ ਨਾ ਰਹਿ ਜਾਵੇ!" ਜਪਨਾਮ ਸਿੰਘ ਅੰਦਰੋਂ ਚੰਡੀ ਦਾ ਰੋਹ ਭਬਕ ਰਿਹਾ ਸੀ।
-"ਅਸੀਂ ਤਾਂ ਵੱਡੇ ਵੱਡੇ ਸਿੱਥਲ਼ ਕਰਤੇ ਤੂੰ ਤਾਂ ਚੀਜ ਈ ਕੀ ਐਂ ਬੁੜ੍ਹਿਆ?"
-"ਉਹ ਹੋਣਗੇ ਗੱਦਾਰ ਜਿਹੜੇ ਤੇਰੇ ਡੰਡੇ ਹੇਠ ਮਿਆਂਕ ਉਠੇ-ਮੈਂ ਤਾਂ ਕਲਗੀਧਰ ਗੁਰੂ ਦਾ ਅਣਖੀ ਸਿੰਘ ਆਂ ਠਾਣੇਦਾਰਾ...! ਮਰ ਜਾਊਂ ਪਰ 'ਸੀ' ਨਹੀ ਕਰਦਾ-ਪੁਰਜਾ ਪੁਰਜਾ ਕਟਿ ਮਰੈ-ਕਬਹੂੰ ਨ ਛਾਡੈ ਖੇਤੁ-ਤੂੰ ਆਬਦਾ ਹਥਿਆਰ ਵਰਤੀਂ ਅਤੇ ਮੈ ਆਪਣੀ ਅਣਖ, ਜਿਗਰਾ ਤੇ ਸਹਿਣਸ਼ਕਤੀ ਪਰਖੂੰਗਾ-ਤੇਰੇ 'ਚੋਂ ਔਰੰਗਜੇਬ ਦੀ ਰੂਹ ਬੋਲਦੀ ਐ ਤੇ ਮੇਰੇ ਅੰਦਰ ਦਸਵੇਂ ਪਾਤਸ਼ਾਹ ਦਾ ਖੂਨ ਦੌੜਦੈ-ਲੜਾਈ ਨੇਕੀ ਤੇ ਬਦੀ ਦੀ ਤੁਰੀ ਆਈ ਐ ਅਤੇ ਤੁਰੀ ਜਾਣੀ ਐਂ-ਹੁਣ ਦੇਖਾਂਗੇ ਤੂੰ ਜਿੱਤਦੈਂ ਜਾਂ ਮੈਂ? ਨੇਕੀ ਜਿੱਤਦੀ ਐ ਜਾਂ ਬਦੀ..?"
-"ਇਹਦਾ ਅਰਥ ਐ ਬਈ ਤੂੰ ਮਰੇਂਗਾ?" ਠਾਣੇਦਾਰ ਨੂੰ ਉਮੀਦ ਹੀ ਨਹੀ ਸੀ ਕਿ ਇੱਕ ਸਧਾਰਨ ਪੇਂਡੂ ਬੰਦਾ ਇਤਨੀਆਂ ਗੁਣੀ-ਗਿਆਨ ਦੀਆਂ ਗੱਲਾਂ ਵੀ ਕਰ ਸਕਦਾ ਸੀ?
-"ਮਰਨਾ ਸਭ ਨੇ ਐ-ਮੌਤ ਅਟੱਲ ਐ-ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ।। ਸਰੀਰਕ ਮੌਤ ਨੂੰ ਮੈ ਮੌਤ ਈ ਨਹੀ ਸਮਝਦਾ-ਆਤਮਾ ਦੀ ਮੌਤ ਨੂੰ, ਜ਼ਮੀਰ ਦੀ ਮੌਤ ਨੂੰ ਮੌਤ ਮੰਨਦੈਂ-ਤੂੰ ਆਪਦੇ ਆਪ ਨੂੰ ਜਿਉਂਦਾ ਸਮਝਦੈਂ ਠਾਣੇਦਾਰਾ? ਤੂੰ ਤਾਂ ਤੁਰਦੀ ਫਿਰਦੀ ਇਕ ਲਾਸ਼ ਐਂ-ਬਿਗਾਨੇ ਹੱਥਾਂ ਵਿਚ ਨੱਚਦੀ ਇਕ ਕੱਠਪੁਤਲੀ-ਗੁਰੂ ਦੇ ਸਿੰਘ ਬੰਦ ਬੰਦ ਕਟਵਾਉਂਦੇ ਵੀ-ਤੇਰਾ ਕੀਆ ਮੀਠਾ ਲਾਗੈ-ਗਾਉਂਦੇ ਵੀ ਗੁਰੂ ਦਾ ਸ਼ੁਕਰਾਨਾ ਕਰਦੇ ਰਹੇ-ਸਿੰਘਣੀਆਂ ਆਪਣੇ ਮਾਸੂਮ ਭੁਜੰਗੀਆਂ ਦੇ ਟੁਕੜੇ ਆਪਣੀਆਂ ਝੋਲੀਆਂ ਵਿਚ ਪੁਆਉਂਦੀਆਂ ਰਹੀਆਂ-ਪਰ ਮੁੱਖੋਂ 'ਸੀ' ਨਹੀ ਉਚਾਰੀ-ਗੁਰੂ ਦੇ ਭਾਣੇ ਨੂੰ ਮਿੱਠਾ-ਮਿੱਠਾ ਕਰਕੇ ਮੰਨਿਆਂ-ਪਰ ਤੇਰੇ ਵਰਗੇ ਦੁਸ਼ਟਾਂ ਦੀ ਈਨ ਨਹੀ ਮੰਨੀ-ਗੁਰੂ ਆਪਣੇ ਸਿੰਘਾਂ ਦਾ ਇਮਤਿਹਾਨ ਲੈਂਦੈ-ਚੱਲ ਮੈ ਤੈਨੂੰ ਦਿਖਾਊਂਗਾ ਕਿ ਸਿੰਘ ਕਿਵੇਂ ਪਾਸ ਹੁੰਦੈ-ਤੂੰ ਆਬਦੇ ਹਥਿਆਰ ਤਿੱਖੇ ਕਰਕੇ ਲਿਆਈਂ ਠਾਣੇਦਾਰਾ! ਕਿਤੇ ਮੌਕੇ ਤੇ ਦਗਾ ਨਾ ਦੇ ਜਾਣ!"
ਬਾਬੇ ਦੇ ਬਚਨਾਂ ਨੇ ਠਾਣੇਦਾਰ ਦੀ ਆਤਮਾ ਵਲੂੰਧਰ ਧਰੀ। ਪਰ ਸਰਕਾਰੀ ਰੋਅਬ ਉਸ 'ਤੇ ਫਿਰ ਵੀ ਭਾਰੂ ਸੀ।
-"ਤੂੰ ਸਾਨੂੰ ਜਰੂਰ ਬੁੱਚੜ ਬਣਾਵੇਂਗਾ।"
-"ਇੱਕ ਬੁੱਚੜ ਨੂੰ ਹੋਰ ਬੁੱਚੜ ਕੀ ਬਣਾਉਣਾ ਹੋਇਆ? ਸਹੇ ਦੀਆਂ ਤਾਂ ਤਿੰਨ ਈ ਟੰਗਾਂ ਬਥੇਰੀਆਂ ਹੁੰਦੀਐਂ-ਤੇਰੀ ਅਦਾਲਤ ਤੋਂ ਉਪਰ ਇੱਕ ਹੋਰ ਅਦਾਲਤ ਵੀ ਐ ਠਾਣੇਦਾਰਾ! ਲੇਖਾ ਦੇਣਾ ਪੈਣੈ-ਸਬਰ ਸਬੂਰੀ ਨਾਨਕਾ ਦਰਗਾਹੀਂ ਲੇਖੇ-ਜਿਹਨਾਂ ਦੀਆਂ ਲਾਸ਼ਾਂ ਤੇ ਤੂੰ ਕੁਰਸੀ ਡਾਹੀ ਬੈਠੈਂ-ਉਹ ਇਕ ਨਾ ਇਕ ਦਿਨ ਤੇਰੀ ਜੂਨ ਜਰੂਰ ਵੈਰਾਨ ਕਰਨਗੇ-ਜਿਹੜੇ ਨਿਰਦੋਸ਼ ਤੂੰ ਗੋਲੀਆਂ ਨਾਲ ਉੜਾਏ ਐ-ਇਕ ਨਾ ਇਕ ਦਿਨ ਤੇਰੀ ਛਾਤੀ ਤੇ ਜਰੂਰ ਚੜਨਗੇ।"
-"ਇਹਦੀਆਂ ਬਾਹਾਂ ਨੂੜੋ ਤੇ ਟਰੱਕ 'ਚ ਸਿਟੋ!"
ਸਿਪਾਹੀ ਹੁਕਮ ਦੀ ਤਾਮੀਲ ਕਰਨ ਲੱਗ ਪਏ।
-"ਸਿਰ ਦਿਆ ਸਾਈਆਂ-!" ਗੱਲ ਹਰ ਕੌਰ ਤੋਂ ਪੂਰੀ ਨਾ ਹੋ ਸਕੀ।
-"ਇਹ ਗੁਰੂ ਦਾ ਕੀ ਭਾਣਾ ਐਂ...?"
-"ਹਰ ਕੁਰੇ ਗੁਰੂ ਦਾ ਸੱਦਾ ਆ ਗਿਆ-ਮੇਰੀ ਉਡੀਕ ਨਾ ਕਰੀਂ-ਗੁਰੂ ਦਾ ਸਰੀਰ-ਗੁਰੂ ਦੀ ਅਮਾਨਤ-ਇਹ ਅਮਾਨਤ ਮੈ ਲੇਖੇ ਲਾਉਣ ਚੱਲਿਐਂ-ਕੋਈ ਚਾਰਾਜੋਈ ਨਾ ਕਰੀਂ-ਗੁਰੂ ਦੀ ਰਜ਼ਾ ਵਿਚ ਰਾਜੀ ਰਹੀਂ-ਸ਼ੀਹਣੀ ਬਣ ਕੇ ਭਾਣਾ ਮੰਨੀਂ-ਮੇਰੀ ਲਾਸ਼ ਮਿਲ ਗਈ ਤਾਂ ਸਸਕਾਰ ਕਰ ਦੇਵੀਂ-ਤੇ ਨਹੀ ਤਾਂ ਗੁਰੂ ਅੱਗੇ ਅਰਦਾਸ ਕਰ ਕੇ ਭੋਗ ਪਾ ਦੇਈਂ-ਸ਼ੁਕਰਾਨਾਂ ਅਦਾ ਕਰ ਦੇਈਂ-ਅਤੇ ਹਾਂ...! ਮੇਰੇ ਲਾਡਲੇ ਗੁਰੂ ਕੇ ਲਾਲ ਨੂੰ ਕਹੀਂ ਕਿ ਪੁੱਤਰਾ..! ਬੰਦੂਕ ਤੇਰੇ ਹੱਥ ਪੁਲਸ ਨੇ ਫੜਾ ਦਿੱਤੀ ਐ-ਇਹ ਵੀ ਗੁਰੂ ਦਾ ਭਾਣਾ ਈ ਸਮਝ-ਤੇ ਪਾ ਦੇ ਖਿਲਾਰੇ...! ਗੁਰੂ ਦੇ ਇਮਤਿਹਾਨ 'ਚੋਂ ਪੂਰੇ ਦਾ ਪੂਰਾ ਸੌ ਨੰਬਰ ਲੈ ਕੇ ਪਾਸ ਹੋਣੈਂ-ਮਜ਼ਲੂਮ ਤੇ ਵਾਰ ਨਹੀ ਕਰਨਾ ਤੇ ਜਾਬਰ ਨੂੰ ਸੋਧਾ ਲਾਉਣ ਲੱਗਿਆਂ ਪਲ ਨਹੀ ਲਾਉਣਾ-ਜਾਨ ਦੀ ਪ੍ਰਵਾਹ ਨਾ ਕਰੇ-ਗੱਦਾਰ ਤੇ ਡਰਪੋਕ ਨਾ ਬਣੇ-ਪੁਰਜਾ ਪੁਰਜਾ ਕਟਿ ਮਰੈ-ਕਬਹੂੰ ਨ ਛਾਡੈ ਖੇਤੁ-ਚੜ੍ਹਦੀ ਕਲਾ ਵਿਚ ਰਹਿ ਕੇ ਸ਼ਹੀਦੀ ਪਾਵੇ-ਚੰਗਾ ਹਰ ਕੁਰੇ ਹੁਣ ਤਾਂ ਦਰਗਾਹੀਂ ਮੇਲੇ ਹੋਣਗੇ-ਮੇਰੀ ਚੜ੍ਹਦੀ ਕਲਾ ਲਈ ਬਾਜਾਂ ਵਾਲੇ ਗੁਰੂ ਅੱਗੇ ਅਰਦਾਸ ਕਰੀਂ-ਕਿ ਤੇਰਾ ਸਿੰਘ ਨਾ ਡੋਲੇ-ਤੇਰਾ ਸ਼ੁਕਰਾਨਾਂ ਕਰਦਾ ਸ਼ਹੀਦੀ ਪਾਵੇ-ਵਾਹਿਗੁਰੂ ਜੀ ਕਾ ਖ਼ਾਲਸਾ-ਵਾਹਿਗੁਰੂ ਜੀ ਕੀ ਫ਼ਤਹਿ।।"
ਹਰ ਕੌਰ ਦੇ ਨੈਣ ਚੋਈ ਜਾ ਰਹੇ ਸਨ।
ਨਰੜੇ ਜਪਨਾਮ ਸਿੰਘ ਨੂੰ ਇੱਟ ਵਾਂਗ ਵਗਾਹ ਕੇ ਸਿਪਾਹੀਆਂ ਨੇ ਟਰੱਕ ਵਿਚ ਸੁੱਟਿਆ।
ਤੁਰਦੇ ਟਰੱਕ ਵਿਚੋਂ ਜਪਨਾਮ ਸਿੰਘ ਦਾ ਜੈਕਾਰਾ, "ਬੋਲੇ ਸੋ ਨਿਹਾਲ....!" ਗੂੰਜਿਆ। ਜਿਸ ਦਾ ਜਵਾਬ ਹਰ ਕੌਰ ਨੇ, "ਸਤਿ ਸ੍ਰੀ ਅਕਾਲ....!!" ਆਖ ਕੇ ਦਿੱਤਾ।
ਟਰੱਕ ਅਤੇ ਜੀਪ ਅਲੋਪ ਹੋ ਗਏ।
ਹਰ ਕੌਰ ਦਰਵਾਜੇ ਵਿਚ ਹੀ ਬੈਠੀ ਸੀ। ਉਸ ਨੇ ਕੋਈ ਭੱਜ ਦੌੜ ਨਾ ਕੀਤੀ। ਗੁਰੂ ਦਾ ਬੁਲਾਵਾ ਆ ਗਿਆ ਸੀ। ਧੁਰ ਦਰਗਾਹੋਂ ਤਾਰ ਆ ਗਈ ਸੀ। ਗੁਰੂ ਦਾ ਹੁਕਮ ਸੀ, ਸਿੰਘ ਨੂੰ ਜਾਣਾ ਹੀ ਪੈਣਾ ਸੀ। ਸਿੰਘ ਗੁਰੂ ਤੋਂ ਨਾਬਰ ਕਿਵੇਂ ਹੋ ਸਕਦਾ ਸੀ? ਮਨਮੁੱਖ ਕਿਵੇਂ ਹੋ ਸਕਦਾ ਸੀ? ਗੁਰੂ ਦਾ ਹੁਕਮ ਸਿਰ ਮੱਥੇ 'ਤੇ ਸੀ। ਜਪਨਾਮ ਸਿੰਘ ਤਾਂ ਕਰਮਾਂ ਦਾ ਧਨੀ ਸੀ, ਜਿਸ ਨੂੰ ਗੁਰੂ ਕਲਗੀਆਂ ਵਾਲੇ ਨੇ ਆਪ ਯਾਦ ਕੀਤਾ ਸੀ। ਸ਼ਹੀਦ ਨੂੰ ਤਾਂ ਸੱਚਖੰਡ ਵਿਚੋਂ ਤੇਤੀ ਕਰੋੜ ਦੇਵਤਾ ਆਪ ਲੈਣ ਆਉਂਦੈ। ਹਰ ਕੌਰ ਸੋਚ ਰਹੀ ਸੀ।
ਸਰਦੀ ਵਿਚ ਠਰਿਆ ਸੂਰਜ ਪੂਰਬ ਵਿੱਚੋਂ ਖੁੰਬ ਵਾਂਗ ਉਠਿਆ ਸੀ। ਤਰੇਲ਼ ਨਾਲ ਧੋਤੀਆਂ ਸੂਰਜ ਦੀਆਂ ਕਿਰਨਾਂ ਦਾ ਨਿੱਘ ਧਰਤੀ 'ਤੇ ਫ਼ੈਲ ਗਿਆ। ਹਰ ਕੌਰ ਉਠ ਕੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਫ਼ੋਟੋ ਕੋਲ ਜਾ ਕੇ, ਹੱਥ ਜੋੜ ਕੇ ਖੜ੍ਹ ਗਈ। ਮਨ ਇਕਾਗਰ ਕੀਤਾ।
-"ਹੇ ਪੁੱਤਰਾਂ ਦੇ ਦਾਨੀਂ! ਸਰਬੰਸ ਵਾਰਨ ਵਾਲੇ ਪਾਤਸ਼ਾਹ! ਖ਼ਾਲਸਾ ਕੌਮ ਦੇ ਬਾਨੀਂ! ਦਸਵੇਂ ਪਿਤਾ! ਜੇ ਤੇਰਾ ਇਹ ਹੀ ਭਾਣਾ ਹੈ ਮੇਰੇ ਦਾਤਿਆ! ਤਾਂ ਆਪਣੇ ਸਿੰਘ ਦੀ ਲਾਜ ਰੱਖੀਂ! ਤੇਰਾ ਸਿੰਘ ਚਰਖੜੀਆਂ ਤੇ ਚੜ੍ਹਿਆ ਵੀ ਨਾ ਡੋਲੇ-ਆਰਿਆਂ ਦੇ ਦੰਦਿਆਂ ਥੱਲੇ ਵੀ 'ਸੀ' ਨਾ ਕਰੇ-ਉਬਲਦੀਆਂ ਦੇਗਾਂ ਵਿਚ ਬੈਠਾ ਵੀ ਤੇਰਾ ਨਾਮ ਜਪੇ-ਬੰਦ ਬੰਦ ਕਟਵਾਉਂਦਾ ਵੀ ਚੜ੍ਹਦੀਆਂ ਕਲਾਂ ਵਿਚ ਵਿਚਰੇ-ਮੇਰੇ ਚੋਜੀ ਪ੍ਰੀਤਮ ਤੇਰੇ ਅੱਗੇ ਸਿਰਫ਼ ਮੇਰੀ ਇਹੀ ਦੁਆ ਹੈ-ਹੋਰ ਮੈ ਤੇਰੀ ਪੁੱਤਰੀ ਤੇਰੇ ਤੋਂ ਕੁਛ ਨਹੀ ਮੰਗਦੀ।"
ਉਸ ਨੇ ਸੀਸ ਨਿਵਾ ਕੇ ਮੱਥਾ ਟੇਕਿਆ।
ਦਿਨ ਕਾਫੀ ਚੜ੍ਹ ਆਇਆ ਸੀ।
ਗੁਆਂਢੀਆਂ ਦੇ ਘਰੋਂ ਤੁਰੀ ਗੱਲ ਸਾਰੇ ਪਿੰਡ ਵਿਚ ਅੱਗ ਵਾਂਗ ਫ਼ੈਲ ਗਈ ਸੀ ਕਿ ਜਪਨਾਮ ਸਿੰਘ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪਰ ਕਿਸ ਦੋਸ਼ ਵਿਚ? ਇਹ ਕਿਸੇ ਨੂੰ ਨਹੀ ਪਤਾ ਸੀ! ਸਾਰਾ ਪਿੰਡ ਦੰਗ ਸੀ, ਦੁਖੀ ਸੀ। ਪਿੰਡ ਵਿਚ ਕੋਈ "ਦਿਉ" ਪੈਣ ਲੱਗ ਪਿਆ ਸੀ। ਪਿੰਡ ਉਜੜਦਾ ਜਾ ਰਿਹਾ ਸੀ। ਹਰ ਕੋਈ ਆਪਣੀ ਹੀ ਸੁੱਖ ਮੰਗ ਰਿਹਾ ਸੀ। ਕੁਕੜੀ ਦੇ ਇੱਲ੍ਹ ਤੋਂ ਚੂਚੇ ਲਕੋਣ ਵਾਂਗ, ਮਾਵਾਂ ਆਪਣੇ ਪੁੱਤ ਪੁਲਸ ਤੋਂ ਲਕੋ ਰਹੀਆਂ ਸਨ। ਪਿੰਡ ਵਿਚ ਹਾਹਾਕਾਰ ਮੱਚ ਗਈ ਸੀ। ਸਾਰੇ "ਤਰਾਸ-ਤਰਾਸ" ਕਰ ਰਹੇ ਸਨ।
ਸਰਪੰਚ ਆਪਣੀ ਜਗਾਹ ਹੈਰਾਨ ਸੀ।
ਕਿਸੇ ਘਰ ਦੇ ਮੈਂਬਰ ਨੇ ਜਪਨਾਮ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਉਸ ਨੂੰ ਖ਼ਬਰ ਨਹੀ ਕੀਤੀ ਸੀ। ਘਰ ਦੇ ਮੈਂਬਰ ਬੇਵਕੂਫ਼ ਸਨ ਜਾਂ ਡਰੇ ਹੋਏ? ਜਾਂ ਫਿਰ ਉਹਨਾਂ ਨੂੰ ਪੁਲੀਸ ਦਾ ਉਕਾ ਹੀ ਡਰ ਨਹੀਂ ਸੀ? ਜਾਂ ਫਿਰ ਜਪਨਾਮ ਸਿੰਘ ਦੀ ਜਾਨ ਦੀ ਪ੍ਰਵਾਹ ਨਹੀ ਸੀ? ਸਰਪੰਚ ਸੋਚ ਰਿਹਾ ਸੀ। ਅਕਸਰ ਫਿਰ ਵੀ ਉਹ ਪਿੰਡ ਦੇ ਲੋਕਾਂ ਦੀ ਹਮਾਇਤ ਨਾਲ ਚੁਣਿਆਂ ਹੋਇਆ ਸਰਪੰਚ ਸੀ। ਜਿ਼ੰਮੇਵਾਰ ਬੰਦਾ ਸੀ। ਆਪਣੇ ਨਿਯਮਾਂ ਦਾ ਉਸ ਨੂੰ ਅਹਿਸਾਸ ਸੀ।
ਲੋਕ ਤਰ੍ਹਾਂ-ਤਰ੍ਹਾਂ ਦੇ ਲੱਖਣ ਲਾ ਰਹੇ ਸਨ।
ਸਰਪੰਚ ਤੁਰੰਤ ਹੀ ਹਰ ਕੌਰ ਕੋਲ ਪਹੁੰਚਿਆ।
ਹਰ ਕੌਰ, "ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ" ਦਾ ਗਾਇਨ ਕਰਦੀ ਚੱਕਣ ਧਰਨ ਕਰ ਰਹੀ ਸੀ। ਕਦੇ ਕਦੇ ਉਸ ਦਾ ਮਨ ਭਰਦਾ ਸੀ। ਪਰ ਉਹ ਮਨ ਘੁੱਟੀ ਫਿਰਦੀ ਸੀ।
-"ਹਰ ਕੁਰੇ ਕੀ ਹੋਇਆ..? ਬਾਈ ਨੂੰ ਕਾਹਤੋਂ ਲੈ ਗਏ..?" ਸਾਧੂ ਸਿੰਘ ਸਰਪੰਚ ਨੇ ਭਾਬੀਆਂ ਦੀ ਥਾਂ ਲੱਗਦੀ ਹਰ ਕੌਰ ਨੂੰ ਪੁੱਛਿਆ।
-"ਆ ਸਾਧੂ ਬੈਠ-।"
ਸਰਪੰਚ ਬੈਠ ਗਿਆ।
-"ਆਪਣੇ ਗੁਰਪਾਲ ਬਾਰੇ ਪੁੱਛਦੇ ਸੀ।"
-"ਫੇਰ?"
ਹਰ ਕੌਰ ਨੇ ਸਾਹ ਲੈ ਕੇ ਫਿਰ ਕਹਿਣਾ ਸੁਰੂ ਕੀਤਾ।
-"ਗੁਰਪਾਲ ਨੂੰ ਤਾਂ ਟਪਾਤਾ ਅਸੀਂ ਕੰਧ-ਬਾਹਰ ਕਿਸੇ ਚਪਾਹੀ ਨਾਲ ਜੱਫੋ ਜੱਫੀ ਹੋ ਗਿਆ ਹੋਣੈ-ਤੇ ਸਾਧੂ ਉਹਨੇ ਚਪਾਹੀ ਕੁੱਟ ਧਰਿਆ ਤੇ ਨਾਲੇ ਲੈ ਗਿਆ ਉਹਦੀ ਰਫਲ-ਬੱਸ ਐਨੀ ਗੱਲ ਸੀ-ਠਾਣੇਦਾਰ ਭੂਸਰ ਗਿਆ-ਹੋਰ ਤਾਂ ਕੋਈ ਬੱਸ ਨਾ ਚੱਲਿਆ-ਸਾਨੂੰ ਦੋਹਾਂ ਜੀਆਂ ਨੂੰ ਕੁੱਟਿਆ ਤੇ ਗੁਰਪਾਲ ਦੇ ਬਾਪੂ ਨੂੰ ਨੂੜ ਕੇ ਲੈ ਗਏ-ਮੇਰੀ ਤਾਂ ਬਾਂਹ ਨਹੀ ਹਿਲਦੀ।"
-"ਟੁੱਟੀ ਭੱਜੀ ਤਾਂ ਨਹੀ?"
-"ਪਤਾ ਨਹੀ ਟੁੱਟੀ ਐ ਜਾਂ ਬਚਗੀ?"
-"ਗੁਰਪਾਲ ਨੇ ਬੇਵਕੂਫੀ ਕੀਤੀ-ਭੱਜ ਚਾਹੇ ਵੀਹ ਆਰੀ ਜਾਂਦਾ-ਪਰ ਸਰਕਾਰੀ ਅਸਲਾ ਨਹੀ ਖੋਹਣਾ ਸੀ-ਇਹਦਾ ਜੁਰਮ ਪਤਾ ਕਿੱਡੈ?"
-"ਸਾਧੂ ਕੀ ਕਰੀਏ? ਮਰਦਾ ਤਾਂ ਅੱਕ ਚੱਬਦਾ ਈ ਐ।"
-"ਹੁਣ ਕੀ ਕਰੀਏ?" ਸਰਪੰਚ ਨੇ ਹਨ੍ਹੇਰੇ ਵਿਚ ਹੱਥ ਮਾਰਿਆ। ਰਾਈਫ਼ਲ ਬਾਰੇ ਸੁਣ ਕੇ ਉਹ ਸੁੰਨ ਹੋ ਗਿਆ ਸੀ।
-"ਮੈ ਕੀ ਦੱਸਾਂ? ਗੁਰਪਾਲ ਦਾ ਬਾਪੂ ਤਾਂ ਆਂਹਦਾ ਸੀ ਕਿ ਕੋਈ ਭੱਜ ਦੌੜ ਨਾ ਕਰਿਓ-ਮਾਰ ਤਾਂ ਇਹਨਾਂ ਨੇ ਮੈਨੂੰ ਦੇਣਾ ਈ ਐ।" ਹਰ ਕੌਰ ਨੇ ਸਿੱਧੀ ਸੁਣਾਈ ਕੀਤੀ।
-"ਇਉਂ ਮਾਰ ਦੇਣਾਂ ਖੇਡ ਐ? ਅਸੀਂ ਘਰੇ ਬੈਠੇ ਬੰਦਾ ਮਰਵਾ ਲਈਏ? ਦੁਨੀਆਂ ਕੀ ਕਹੂ? ਮੈ ਬੰਦੇ ਲੈ ਕੇ ਜਾਨੈਂ ਠਾਣੇ ਤੇ ਤੇਰੀ ਬਾਂਹ ਵਾਸਤੇ ਪਿੱਲੇ ਦਰਜੀ ਨੂੰ ਭੇਜਦੈਂ-ਜੇ ੳੁੱਤਰੀ ਜਾਂ ਟੁੱਟੀ ਹੋਊ ਚੜ੍ਹਾ ਦਿਊ।"
ਸਰਪੰਚ ਉਠ ਖੜ੍ਹਾ ਹੋਇਆ।
-"ਹਰ ਕੁਰੇ ਜੇ ਗੁਰਪਾਲ ਆਵੇ ਤਾਂ ਉਹਤੋਂ ਰਫਲ ਲੈ ਲਈਂ-ਕੋਈ ਬੰਨ੍ਹ ਸੁੱਬ ਕਰਕੇ ਮੋੜ ਦਿਆਂਗੇ-ਐਮੇਂ ਨਿਆਣ ਮੱਤ ਨਾ ਕਰੇ-ਸਰਕਾਰੀ ਅਸਲਾ ਖੋਹਣਾ ਕੋਈ ਮਾੜੀ ਮੋਟੀ ਗੱਲ ਨਹੀਂ-ਪੁਲਸ ਨਾਲ ਦੁਸ਼ਮਣੀ ਮਾੜੀ ਈ ਮਾੜੀ ਹੁੰਦੀ ਐ-ਜੇ ਮਗਰ ਪੈ ਗਈ...।" ਤੇ ਸਰਪੰਚ ਤੁਰ ਗਿਆ।
ਹਰ ਕੌਰ ਸੰਜੀਦੀ ਹੋਈ ਬੈਠੀ ਸੀ।
ਥੋੜੀ ਦੇਰ ਬਾਅਦ ਪਿੱਲਾ ਦਰਜੀ ਆ ਗਿਆ।
-"ਕੀ ਕਰਾ ਲਿਆ ਹਰ ਕੁਰੇ...?" ਜਰਦੇ ਦੇ ਦਾਣੇ ਚਿੱਥ ਕੇ ਥੁੱਕਦਿਆਂ ਪਿੱਲੇ ਨੇ ਬਿੰਡੇ ਵਰਗੀ ਤਿੱਖੀ ਜਿਹੀ ਅਵਾਜ਼ ਕੱਢੀ। ਉਸ ਦੀ ਇਕੋ ਇਕ ਅੱਖ ਦਾ ਭੈਂਗ ਹੋਰ ਗਹਿਰਾ ਹੋ ਗਿਆ ਸੀ। ਐਨਕ ਪਿਛੋਂ ਗਹਿਰੀ ਅੱਖ ਬੈਟਰੀ ਵਾਂਗ ਜਗ ਰਹੀ ਸੀ।
-"ਵੇ ਬਾਂਹ ਨਹੀਂ ਮੱਚੜੀ ਹਿਲਦੀ ਪਿੱਲਿਆ-ਪਤਾ ਨਹੀਂ ਕੀ ਹੋ ਗਿਆ...?"
-"ਲੈ ਐਮੈਂ ਈ ਬਹੁੜੀਆਂ ਪਾਈ ਜਾਂਦੀ ਐ-ਬਾਹਲੀ ਮਰੂੰ ਮਰੂੰ ਨਾ ਕਰਿਆ ਕਰ-ਕੱਲ੍ਹ ਦੀ ਤਾਂ ਤੂੰ ਜੁਆਕੜੀ ਐਂ ਅਜੇ-ਹੈਂ!" ਸਣ ਵਰਗੀ ਦਾਹੜੀ ਉਸ ਨੇ ਜੋਰ ਨਾਲ ਖੁਰਕੀ। ਦਾਹੜੀ ਵਾੜ ਦੇ ਝਾਫ਼ੇ ਵਾਂਗ ਖਿੱਲਰ ਗਈ ਸੀ।
-"ਲਿਆ ਕਰ ਉਰਾਂਹ-ਦੇਖਾਂ ਤੇਰੀ ਬਾਂਹ-ਕੱਲ੍ਹ ਦੀ ਜੁਆਕੜੀ ਐਂ-ਜੇ ਹੁਣੇ ਈ ਬਾਂਹਾਂ ਹਿੱਲਣ ਲੱਗ ਪਈਆਂ-ਬੁੜ੍ਹਾਪਾ ਕਦੋਂ ਆਇਆ?" ਪਿੱਲਾ ਵਿੰਗੀਆਂ ਲੱਤਾਂ ਦਾ ਐਂਗਲ ਬਣਾਈ ਸਾਹਮਣੇ ਖੜ੍ਹਾ ਸੀ।
ਉਸ ਨੇ ਹਰ ਕੌਰ ਦੀ ਬਾਂਹ ਫੜ ਲਈ।
-"ਇਹ ਤਾਂ ਬਲਾਅ ਸੁੱਜੀ ਪਈ ਐ! ਕਿਤੇ ਵੱਡੇ ਬਾਈ ਨੇ ਤਾਂ ਨਹੀਂ ਕੁਛ ਮਾਰਿਆ? ਇਹ ਤਾਂ ਬਣੀ ਪਈ ਐ ਭੜ੍ਹੋਲਾ!" ਪਿੱਲਾ ਸ਼ਰਾਰਤੀ ਸੀ।
-"ਵੇ ਪਿੱਲਿਆ ਕਿਉਂ ਟਿੱਚਰਾਂ ਕਰਦੈਂ-ਉਹਨੂੰ ਤਾਂ ਪੁਲਸ ਫੜ ਕੇ ਲੈ ਗਈ-ਮੇਰੇ ਵੀ ਜੱਗੋਂ ਜਾਣਿਆਂ ਨੇ ਰਫਲਾਂ ਦੇ ਬੱਟ ਮਾਰੇ-।"
-"ਹੈਂ! ਕਾਹਤੋਂ ਫੜ ਕੇ ਲੈ ਗਈ?" ਪਿੱਲੇ ਦੀ ਅੱਖ ਦਾ ਭੈਂਗ ਡੰਡ ਬੈਠਕਾਂ ਕੱਢਣ ਲੱਗ ਪਿਆ।
-"ਤੈਨੂੰ ਪਤਾ ਈ ਨਹੀ?"
-"ਨਾਂਅ-ਸਹੁੰ ਗੁਰੂ ਦੀ।"
-"ਵੇ ਪਿੱਲਿਆ ਸਾਰੇ ਪਿੰਡ 'ਚ ਤਾਂ ਬੂਅ-ਬੂਅ ਹੋਈ ਪਈ ਐ।"
-"ਸਹੁੰ ਦੁਆ ਲੈ ਕਾਸੇ ਦੀ-ਮੈਨੂੰ ਤਾਂ ਬਿਲਕੁਲ ਈ ਨਹੀ ਪਤਾ ਹਰ ਕੁਰੇ!" ਪਿੱਲੇ ਨੇ ਫਿਰ ਜਰਦੇ ਦੇ ਦਾਣੇ ਚਿੱਥ ਕੇ ਥੁੱਕਦਿਆਂ ਕਿਹਾ।
-"ਸਰਪੈਂਚ ਨੇ ਵੀ ਕੁਛ ਨਹੀ ਦੱਸਿਆ?"
-"ਨਾਂਅ....!"
-"ਕੀ ਗੱਲ ਹੋਈ ਇਹ ਤਾਂ ਦੱਸ? ਕਹਾਣੇ ਜੇ ਕਾਹਤੋਂ ਪਾਈ ਜਾਨੀ ਐਂ? ਮੈ ਕੋਈ ਦੁਸ਼ਮਣ ਐਂ....?" ਪਿੱਲੇ ਨੇ ਜਗਦੀ ਅੱਖ ਟਿਕਾਣੇ 'ਤੇ ਹੀ ਰੋਕ ਲਈ।
ਹਰ ਕੌਰ ਨੇ ਸਾਰੀ ਕਹਾਣੀ ਕਹਿ ਸੁਣਾਈ।
ਸੁਣ ਕੇ ਪਿੱਲੇ ਦੀ ਇਕ ਅੱਖ ਡੁੱਬਕੀਆਂ ਲਾਉਣ ਲੱਗ ਪਈ ਅਤੇ ਦੂਸਰੀ ਅੱਖ ਉਸ ਦੀ ਤਖਤੇ ਦੀ ਚੂਲ ਵਾਂਗ ਘੁਕ ਰਹੀ ਸੀ।
-"ਵਾਖਰੂ-ਵਾਖਰੂ..! ਐਡਾ ਨ੍ਹੇਰ..? ਹੈਅ ਥੋਡਾ ਕੱਖ ਨਾ ਰਹੇ।" ਆਖਦਾ ਪਿੱਲਾ ਨਾਲ ਦੀ ਨਾਲ ਬਾਂਹ ਟੋਹ ਕੇ ਜਾਇਜ਼ਾ ਲੈ ਰਿਹਾ ਸੀ।
-"ਹਰ ਕੁਰੇ ਨਾ ਤਾਂ ਬਾਂਹ ਟੁੱਟੀ ਐ ਤੇ ਨਾ ਈ ਉੱਤਰੀ ਐ-ਲੱਗਦੈ ਸੱਟ ਵੱਜਣ ਨਾਲ ਅੰਦਰੋਂ ਮਾਸ ਪਾਟ ਗਿਆ।"
-"ਕੋਈ 'ਲਾਜ?"
-"ਕਸੀਸ ਵੱਟ ਕੇ ਠੰਢਾ ਪਾਣੀ ਪਾਈ ਚੱਲ ਇਹਦੇ ਤੇ-ਜੇ ਚੀਸ ਪੈਣ ਲੱਗੀ ਤਾਂ ਡਾਕਦਾਰ ਤੋਂ ਗੋਲੀ ਗੱਪਾ ਲੈ ਲਈਂ-ਜਿੰਨਾਂ ਪਾਣੀ ਪਾਵੇਂਗੀ-ਉਨੀ ਜਲਦੀ ਈ ਸੋਜ ਉਤਰੂ-ਨਾ ਹੋਰ ਸੁਣ-ਕੋਈ ਮਗਰ ਗਿਆ ਬਾਈ ਦੇ?" ਉਸ ਨੇ ਬੜੀ ਧੀਮੀ ਅਵਾਜ ਵਿਚ ਨੇੜੇ ਹੋ ਕੇ ਪੁੱਛਿਆ।
-"ਜਾਣਗੇ ਸਰਪੈਂਚ ਹੋਰੀਂ।"
-"ਇਕ ਗੱਲ ਹਰ ਕੁਰੇ ਹੋਰ ਸੁਣ ਲਈਂ!" ਉਹ ਹਰ ਕੌਰ ਦੇ ਹੋਰ ਨੇੜੇ ਆ ਗਿਆ।
-"ਮੁੰਡੇ ਨੂੰ ਭੁੱਲ ਕੇ ਵੀ ਠਾਣੇ ਨਾ ਤੋਰੀਂ-ਪੁਲਸ ਦਾ ਕੋਈ 'ਤਬਾਰ ਨੀ-ਮੁੰਡੇ ਨੂੰ ਤੁਰਨੋਂ ਆਰ੍ਹੀ ਕਰ ਦੇਣਗੇ-ਪੈ ਗਈ ਗੱਲ ਕੰਨ 'ਚ ਕਿ ਨਹੀ? ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਮਗਰੋਂ ਪਤਾ ਲੱਗਦੈ-ਇਹ ਸਾਲੇ ਜਮਦੂਤ ਕੁੱਟਣ ਲੱਗੇ ਕਿਰਕ ਨੀ ਕਰਦੇ-ਮੁੜ ਕੇ ਵੇਲਾ ਹੱਥ ਨੀ ਔਂਦਾ ਹੁੰਦਾ!" ਆਖ ਕੇ ਪਿੱਲੇ ਨੇ ਮੂੰਹ ਘੁੱਟ ਲਿਆ। ਉਹ ਸਿ਼ਸ਼ਤ ਬੰਨ੍ਹ ਕੇ ਹਰ ਕੌਰ ਦੇ ਚਿਹਰੇ ਦੇ ਹਾਵ ਭਾਵ ਤਾੜ ਰਿਹਾ ਸੀ।
-"ਵੇ ਆ ਜਾਹ ਹੁਣ!" ਦਰਵਾਜੇ ਵੱਲੋਂ ਪਿੱਲੇ ਦੀ ਘਰਵਾਲੀ ਸ਼ਾਅਮੋਂ ਦੀ ਅਵਾਜ਼ ਆਈ। ਉਹ ਆਪਣਾ ਫਿ਼ੜਕਾ ਸਰੀਰ ਕੰਧ ਦੀ ਓਟ ਨਾਲ ਬੋਚੀ ਖੜ੍ਹੀ ਸੀ। ਅੱਖੋਂ ਉਸ ਨੂੰ ਵੀ ਲੰਗੇ-ਡੰਗ ਹੀ ਦਿਸਦਾ ਸੀ। ਬਿਮਾਰੀ ਖੁਣੋਂ ਉਹ ਹਰ ਵਕਤ ਦੰਦ ਕਿਰਚਦੀ ਰਹਿੰਦੀ। ਟਰੈਕਟਰ ਦੇ ਸਾਈਲੈਂਸਰ 'ਤੇ ਲੱਗੇ ਪਾਣੀ ਰੋਕੂ ਕੁੱਤੇ ਵਾਂਗ ਉਸ ਦੇ, ਬੋਤੇ ਦੇ ਬੁੱਲ੍ਹ ਹਮੇਸ਼ਾ ਖੁੱਲ੍ਹਦੇ ਅਤੇ ਮਿਚਦੇ ਰਹਿੰਦੇ।
-"ਤੂੰ ਚੱਲ ਮੈ ਆਉਨੈ!" ਪਿੱਲੇ ਨੇ ਉਸ ਨੂੰ ਤੋੜ ਕੇ ਸੁੱਟਣਾ ਚਾਹਿਆ। ਪਰ ਉਹ ਕਦੋਂ ਜਾਂਦੀ ਸੀ?
-"ਨੰਜੂ ਦੀ ਬਹੂ ਲੀੜੇ ਲੈਣ ਆਈ ਖੜੀ ਐ-।"
-"ਮੈਂ ਲੀੜਿਆਂ ਨੂੰ ਗੋਟਾ ਲਾ ਕੇ ਦੇਣੈ? ਮੰਗਦੀ ਐ ਤਾਂ ਫੜਾ ਕੇ ਤੋਰ।"
-"ਤੇ ਪੈਸੇ..?"
-"ਪੈਸੇ ਮੈਂ ਆਪੇ ਲੈ ਆਊਂ-ਤੂੰ ਜਾਹ!"
-"ਤੂੰ ਕਦੋਂ ਆਵੇਂਗਾ?"
-"ਤੂੰ ਮੈਥੋਂ ਧਾਰਾਂ ਲੈਣੀਐਂ..? ਕੁੱਤੀ..! ਦਫਾ ਨੀ ਹੋਈਦਾ..?"
-"ਲੈ..! ਜਾਨੀ ਐਂ..!" ਗੁੱਸੇ ਨਾਲ ਸ਼ਾਅਮੋਂ ਦਾ ਪਟੜੇ ਵਰਗਾ ਸਰੀਰ ਪੇਂਜੇ ਵਾਂਗ ਕੰਬਣ ਲੱਗ ਪਿਆ ਸੀ। ਉਹ ਪੈਰ ਤੋਂ ਹੀ ਮੁੜ ਰੇਵੀਏ ਪੈ ਗਈ। ਉਹ ਪਤਾ ਨਹੀ ਕਿਸ ਨੂੰ ਗਾਲ੍ਹਾਂ ਕੱਢਦੀ "ਬੁੜ-ਬੁੜ" ਕਰਦੀ ਜਾ ਰਹੀ ਸੀ।
-"ਵੇ ਕਾਹਨੂੰ ਗਾਲ੍ਹਾਂ ਦਿੰਨੈ ਬਚਾਰੀ ਨੂੰ?" ਹਰ ਕੌਰ ਨੇ ਪਿੱਲੇ ਨੂੰ ਵਰਜਿਆ।
-"ਕਾਹਨੂੰ ਹਰ ਕੁਰੇ-ਜਿੰਨਾਂ ਚਿਰ ਇਹਨੂੰ ਇਹਦੀ ਖੁਰਾਕ ਨੀ ਮਿਲਦੀ ਕਾਹਨੂੰ ਲੋਟ ਆਉਂਦੀ ਐ? ਤਾਪ ਚੜ੍ਹਿਆ ਵਿਐ-ਮੰਜੀ 'ਤੇ ਨੀ ਪੈਂਦੀ-ਡੱਪ ਡੱਪ ਕਰਦੀ ਤੁਰੀ ਫਿਰੂ-ਮੈ ਬੀਹ ਆਰੀ ਆਖਿਐ ਬਈ ਤਾਪ 'ਚ ਹਵਾ ਲੱਗ ਕੇ ਤੇਰਾ ਕੋਈ ਅੰਗ ਖੜ੍ਹਜੂ-ਪਰ ਕਾਹਨੂੰ ਸੁਣਦੀ ਐ? ਇਕ ਤਾਂ ਸਿਹਤ ਈ ਇਹਨੂੰ ਰੱਬ ਨੇ ਹੱਥ ਘੁੱਟ ਕੇ ਦਿੱਤੀ ਐ-ਦੂਜਾ ਇਹਦਾ ਆਬਦਾ ਡਮਾਕ ਵੱਲੋਂ ਹੱਥ ਤੰਗ ਐ-ਇਹਨੂੰ ਸਿਹਤ ਸੂਹਤ ਦਾ ਹੈਨੀ-ਬੱਸ ਗੱਲਾਂ ਦਾ ਠਰਕ ਐ-ਅੱਠ ਪਹਿਰ ਰੋਟੀ ਨਾ ਦੇਹ-ਗੱਲੀਂ ਲਾਈ ਰੱਖ-ਬਾਗੋਬਾਗ-ਸਮਝਗੀ...?"
-"ਵੇ ਆਹੋ-ਤੂੰ ਕਿਹੜਾ ਘੱਟ ਐਂ?"
-"ਚੰਗਾ..! ਮੈਂ ਚੱਲਿਐਂ..!" ਪਿੱਲਾ ਰਾਕਟ ਵਾਂਗ ਸਪੀਡ ਫੜ ਗਿਆ। ਗਲੀਆਂ ਵਿਚ ਦੀ ਉਹ ਗੋਲ਼ੀ ਬਣਿਆਂ ਜਾ ਰਿਹਾ ਸੀ ਕਿ ਰਾਹ ਵਿਚ ਉਸ ਨੂੰ ਫੱਤੂ ਅਮਲੀ ਮਿਲ ਪਿਆ।
-"ਹੌਲੀ ਤੁਰਪਾ-ਅੱਗ ਲੱਗੀ ਐ?" ਅਮਲੀ ਪਿੱਲੇ ਦੇ ਸੁਭਾਅ ਤੋਂ ਜਾਣੂੰ ਸੀ।
-"ਸਾਲੇ ਨੂੰ ਨਾ ਚੜ੍ਹੀਦੀ ਨਾ ਲੱਥੀਦੀ।" ਪਿੱਲਾ ਦਿਲੋਂ ਹਰਖਿ਼ਆ ਪਿਆ ਸੀ।
ਪਰ ਪਿੱਲੇ ਦੀ ਰਫ਼ਤਾਰ ਨਾ ਘਟੀ।
ਜਪਨਾਮ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਠਾਣੇ ਨਹੀ, ਸਗੋਂ ਅੱਖਾਂ, ਲੱਤਾਂ ਅਤੇ ਬਾਂਹਾਂ ਬੰਨ੍ਹ ਕੇ ਕਿਸੇ ਉਜਾੜ ਜਿਹੇ ਵਿਚ ਪਾਏ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਪੰਜ ਹਥਿਆਰਬੰਦ
ਸਿਪਾਹੀ ਤਾਇਨਾਤ ਕਰ ਦਿੱਤੇ ਗਏ ਗਏ। ਕੋਈ ਬੰਦਾ ਨਾ ਪਰਿੰਦਾ ਫ਼ੜਕਣ ਦੀ ਸਖ਼ਤ ਮਨਾਹੀ ਸੀ। ਕੀਤੀ ਗ੍ਰਿਫਤਾਰੀ ਲਈ ਮੂੰਹ ਬੰਦ ਰੱਖਣ ਦੀ ਸਖ਼ਤ ਹਦਾਇਤ ਸੀ। ਹਦਾਇਤ ਦੀ ਉਲੰਘਣਾ ਕਰਨ ਵਾਲਾ ਸਿੱਧਾ ਮੁਅੱਤਲ ਸੀ। ਕੇਸ ਵੱਖ ਬਣਨਾ ਸੀ। ਐਸ ਪੀ ਦਾ ਹੁਕਮ ਸਾਰੇ ਹੀ ਸੁਣ ਚੁੱਕੇ ਸਨ।
ਬੁਰੀ ਤਰ੍ਹਾਂ ਨਰੜਿਆ ਜਪਨਾਮ ਸਿੰਘ ਗੁਰਬਾਣੀ ਗਾਇਨ ਕਰ ਰਿਹਾ ਸੀ:
-"ਜਬ ਆਬ ਕੀ ਆਉਧ ਨਿਧਾਨ ਬਨੈ।।
ਅਤਿ ਹੀ ਰਣ ਮੈਂ ਤਬ ਜੂਝ ਮਰੋਂ।।"
-"ਪੁਰਜਾ ਪੁਰਜਾ ਕਟਿ ਮਰੈ।।
ਕਬਹੂੰ ਨ ਛਾਡੈ ਖੇਤੁ।।"
-"ਪਾਪ ਕੀ ਜੰਝ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ।।
ਸਰਮੁ ਧਰਮੁ ਦੋਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ।।"
-"ਖੇਤੁ ਜੁ ਮਾਂਡਿਓ ਸੂਰਮਾ
ਅਬ ਜੂਝਨ ਕੋ ਦਾਉ।।"
-"ਬੁੜ੍ਹਿਆ ਕੀ ਅੜਾਹਟ ਪਾਇਐ-ਚੁੱਪ ਨਹੀ ਕਰਿਆ ਜਾਂਦਾ...?" ਇਕ ਸਿਪਾਹੀ ਨੇ ਬੋਕ ਵਾਂਗ ਮੂੰਹ ਖੋਲ੍ਹ ਕੇ ਕਿਹਾ।
-"ਮੂੰਹ ਤਾਂ ਬੰਦ ਕਰਵਾ ਦੇਵੇਂਗਾ ਗੁਰੂ ਦੇ ਸਿੰਘਾ-ਪਰ ਬਿਰਤੀ ਦਾ ਕੀ ਕਰੇਂਗਾ?"
-"ਬਾਬਾ ਜਦੋਂ ਚਾਹੜ੍ਹਿਆ ਸਿਕੰਜੇ-ਅਗਲੀਆਂ ਪਿਛਲੀਆਂ ਸਭ ਭੁੱਲ ਜਾਵੇਂਗਾ-ਸਾਡਾ ਨਿੱਤ ਇਹੀ ਵਿਹਾਰ ਐ-ਤੂੰ ਤਾਂ ਮੈਨੂੰ ਮੈਦ ਐ ਪਹਿਲੀ ਵੀ ਪਾਸ ਨਹੀ ਕਰਨੀ।"
-"ਮੀਰ ਮਨੂੰ ਨੂੰ ਵੀ ਸ਼ਾਇਦ ਆਹੀ ਵਹਿਮ ਸੀ-ਪਰ ਗੁਰੂ ਦੇ ਲਾਡਲਿਆਂ ਨੇ ਕਿਹਾ ਸੀ: ਮਨੂੰ ਹੈ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ-ਜਿਉਂ ਜਿਉਂ ਮਨੂੰ ਵੱਢਦਾ ਅਸੀ ਦੂਣ ਸਵਾਏ ਹੋਏ-ਗੁਰੂ ਦੇ
ਸਿੰਘਾ! ਗੁਰੂ ਦੀ ਕਿਰਪਾ ਹੋਵੇ ਪਰਲੋਂ ਠੱਲ੍ਹ ਜਾਂਦੀ ਐ।"
-"ਬਾਬਾ..! ਤੂੰ ਤਾਂ ਮਰਨਾ ਈ ਐਂ-ਸਾਡੇ ਕੰਨਾਂ ਦਾ ਤਾਂ ਨਾ ਵੈਰੀ ਬਣ-ਚੁੱਪ ਕਰਜਾ ਬਾਬਾ ਬਣ ਕੇ।"
-"ਤਾਂ ਹੀ ਤਾਂ ਮੈ ਉਸ ਦੇ ਗੁਣ ਗਾਈ ਜਾ ਰਿਹੈਂ-ਮਾਰਨਾ ਜੀਣਾਂ ਸਭ ਉਸ ਦੇ ਹੱਥ ਐ-ਮੌਤ ਤੋਂ ਤਾਂ ਰਾਵਣ ਵਰਗੇ ਨਹੀ ਬਚ ਸਕੇ ਨਾਲੇ ਕਾਲ ਪਾਵੇ ਨਾਲ ਬੰਨ੍ਹਿਆਂ ਹੋਇਆ ਸੀ-ਸੂਰਮੇ ਸ਼ਹੀਦ ਹੂੰਦੇ
ਐ ਤੇ ਬੁਜ਼ਦਿਲ ਖ਼ੁਦਕਸ਼ੀ ਕਰਦੇ ਐ-ਇਹ ਭਗਤ ਤੇ ਦੁਸ਼ਟ ਦੀ ਲੜਾਈ ਰਹਿਣੀ ਈ ਰਹਿਣੀ ਐ-ਆਖਰ ਪਾਰ ਗੁਰੂ ਦੇ ਭਗਤ ਨੇ ਈ ਹੋਣਾ ਹੁੰਦੈ ਤੇ ਦੁਸ਼ਟ ਦਾ ਹੋਣਾ ਹੁੰਦੈ ਨਾਸ਼-ਆਪਾਂ ਰੋਜ਼
ਪੜ੍ਹਦੇ ਆਂ: ਹਰਨਾਕਸ਼ ਦੁਸ਼ਟ ਹਰਿ ਮਾਰਿਆ-ਪ੍ਰਹਲਾਦ ਤਰਾਇਆ।"
-"ਬਾਬਾ ਮੈ ਸਿੱਖ ਨਹੀ ਹਿੰਦੂ ਆਂ-ਮੈਨੂੰ ਗੁਰਬਾਣੀ ਦੀ ਕੋਈ ਸਮਝ ਨਹੀ।"
-"ਕਹੇਂ ਤਾਂ ਕ੍ਰਿਸ਼ਨ ਜਾਂ ਰਾਮ ਤੋਂ ਸ਼ੁਰੂ ਹੋਵਾਂ?"
-"ਨਹੀ ਰਹਿਣ ਦੇ ਬਾਬਾ ਧਾਰਮਿਕ ਗੱਲਾਂ ਨੂੰ-ਸਾਡਾ ਸਿਰ ਈ ਖਾਏਂਗਾ-ਸਾਡਾ ਤਾਂ ਪੀਣ ਦਾ ਟਾਈਮ ਹੋਇਆ ਪਿਐ।" ਸਿਪਾਹੀ ਨੇ ਉਬਾਸੀ ਲਈ। ਪਿੱਛੋਂ ਉਹ ਗਿੱਦੜ ਵਾਂਗ ਹੁਆਂਕਿਆ ਸੀ।
ਬਾਬਾ ਜਪਨਾਮ ਸਿੰਘ ਹੱਸ ਪਿਆ।
-"ਉਹ ਪੀਣ ਦਾ? ਜਿਸ ਬਾਰੇ ਗੁਰੂ ਸਾਹਿਬਾਂ ਨੇ ਕਿਹੈ-ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ?"
-"ਬਾਬਾ, ਤੈਨੂੰ ਤੇਹਰਵੇਂ ਰਤਨ ਦੇ ਗੁਣਾਂ ਦਾ ਕੀ ਪਤੈ? ਤੇਰਾ ਤਾਂ ਸੱਲ ਕੱਢ ਦਿਮਾਗ ਐ-ਕਹੇਂ ਤਾਂ ਅੱਜ ਘੁੱਟ ਲੁਆ ਦਿਆਂਗੇ?"
ਬਾਬਾ ਹੋਰ ਉਚੀ ਹੱਸ ਪਿਆ।
-"ਜੁਆਨਾਂ ਜਦੋਂ ਮੁਗਲ ਬਾਦਸ਼ਾਹ ਬਾਬਰ ਨੇ ਬਾਬੇ ਨਾਨਕ ਨੂੰ ਪੰਜ ਰਤਨੀ ਪੇਸ਼ ਕੀਤੀ ਤਾਂ ਗੁਰੂ ਨੇ ਪਤਾ ਕੀ ਕਿਹਾ ਸੀ?"
-"ਕੀ ਕਿਹਾ ਸੀ?"
-"ਨਾਮੁ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨੁ ਰਾਤੁ।"
-"ਬਾਬਾ ਸਾਡੀ ਪੰਜ ਰਤਨੀ ਪੀ ਕੇ ਦੇਖ-ਫਿਰ ਦੇਖ ਦਿੱਲੀ ਦੱਖਣ ਦੇ ਨਜਾਰੇ ਦਿੰਦੀ ਸਹੁਰੀ-ਐਮੇ ਨਹੀ ਦੁਨੀਆਂ ਪੀਂਦੀ ਨਾਲੇ ਪੈਸਾ ਖਰਚਦੀ।"
-"ਇਹਦੇ 'ਚ ਕੁਛ ਨਹੀ ਪਿਆ ਸ਼ੇਰੋ-ਨਾ ਪੀਆ ਕਰੋ-ਸਿਹਤ ਖਰਾਬ ਹੁੰਦੀ ਐ-ਖਰਚਾ ਹੁੰਦੈ ਤੇ ਨਾਲੇ ਘਰਾਂ 'ਚ ਕਲੇਸ਼ ਪੈਂਦੈ।"
-"ਬਾਬਾ ਅਸੀਂ ਤੈਨੂੰ ਮਾਰਨ ਦੀਆਂ ਜੁਗਤਾਂ ਬਣਾਈ ਬੈਠੇ ਐਂ-ਤੇ ਤੂੰ ਸਾਡਾ ਭਲਾ ਸੋਚਦੈਂ-ਇਹ ਸਮਝ ਨਹੀਂ ਆਉਂਦੀ?" ਸਿਪਾਹੀ ਨੇ ਸਪੱਸ਼ਟ ਕਹਿ ਮਾਰਿਆ।
-"ਜਿਉਣ ਜੋਕਰਿਆ...! ਬਿੱਛੂ ਆਪਣਾ ਤੇ ਸਾਧੂ ਆਪਣਾ ਕਰਮ ਨਹੀ ਛੱਡਦੇ।"
-"ਬਾਬਾ ਜੇ ਭਲਾਂ ਅਸੀਂ ਤੈਨੂੰ ਛੱਡ ਦੇਈਏ-ਫੇਰ?"
-"ਗੁਰੂ ਕੇ ਬੰਦੇ-ਜੋ ਧੁਰ ਦਰਗਾਹੋਂ ਲਿਖੀ ਆਈ ਐ-ਪ੍ਰਤੱਖ ਬੀਤ ਕੇ ਰਹਿਣੀ ਐਂ-ਗੁਰੂ ਦਾ ਸਿੰਘ ਸੂਰਮਾ ਕਦੇ ਜਾਨ ਦੀ ਭੀਖ ਨਹੀ ਮੰਗਦਾ-ਹੱਸ ਕੇ ਕੁਰਬਾਨ ਹੋਣਾ ਗੁਰੂ ਦੀ ਖੁਸ਼ੀ ਪ੍ਰਾਪਤ ਕਰਨਾ
ਐ-ਗੁਰੂ ਮਹਾਰਾਜ ਮਿਹਰ ਕਰਨ-ਤੂੰ ਸਿੰਘ ਨੂੰ ਸੂਲੀ ਤੇ ਵੀ ਹੱਸਦਾ ਈ ਦੇਖੇਂਗਾ।"
-"ਬੜਾ ਅਜੀਬ ਬੰਦਾ ਐ ਯਾਰ-ਮੌਤ ਦਾ ਕੋਈ ਡਰ ਭੈਅ ਨਹੀ-ਨਹੀ ਤਾਂ ਵੱਡੇ ਵੱਡੇ ਬਦਮਾਸ਼ ਪੈਰੀਂ ਡਿੱਗਣ ਲੱਗ ਪੈਂਦੇ ਐ।" ਇਕ ਨੇ ਦੂਜੇ ਸਾਥੀ ਸਿਪਾਹੀ ਨੂੰ ਕਿਹਾ।
-"ਤੂੰ ਬਕਵਾਸ ਬੰਦ ਕਰ-ਬੋਤਲ ਲਿਆ ਕੰਡੇ 'ਚ ਹੋਈਏ-ਸਰੀਰ ਟੁੱਟੀ ਜਾਂਦੈ।"
ਸਿਪਾਹੀ ਬੋਤਲ ਲੈਣ ਤੁਰ ਗਿਆ।
ਸੂਰਜ ਦੁਮੇਲ ਵਿਚ ਅੜਿਆ ਜਿਹਾ ਖੜ੍ਹਾ ਸੀ।
ਸਿਪਾਹੀਆਂ ਵਿਚ ਬੋਤਲ-ਗਿਲਾਸ ਘੁਕ ਰਿਹਾ ਸੀ।
ਆਚਾਰ ਵਾਲੀ ਕੌਲੀ ਗੇੜੇ ਪਈ ਹੋਈ ਸੀ।
ਦਾਰੂ ਦੀਆਂ ਤਿੰਨ ਬੋਤਲਾਂ ਖਾਲੀ ਹੋ ਚੁੱਕੀਆਂ ਸਨ।
ਬੱਝੇ ਤਰਾਰਿਆਂ ਵਿਚ ਸਿਪਾਹੀ ਸਾਹਣ ਵਾਂਗ ਖੁਰਗੋ ਪੱਟ ਰਹੇ ਸਨ। ਕੁੱਤੇ ਵਾਂਗ ਪੈਰਾਂ ਹੇਠੋਂ ਮਿੱਟੀ ਕੱਢਦੇ ਸਨ।
ਰਾਤ ਪੈ ਚੁੱਕੀ ਸੀ।
ਤਾਰੇ ਚੜ੍ਹ ਆਏ ਸਨ।
ਚੰਦ ਚੜ੍ਹਦਿਆਂ ਸਾਰ ਹੀ ਗੋਡੀ ਮਾਰ ਗਿਆ ਸੀ।
ਇਕ ਟਰੱਕ ਆ ਕੇ ਰੁਕਿਆ। ਸਿਪਾਹੀਆਂ ਨੇ ਡਰਾਈਵਰ ਕੋਲ ਜਾ ਕੇ ਕੋਈ ਸੰਖੇਪ 'ਕਾਨਾਫੂਸੀ' ਕੀਤੀ। ਟਰੱਕ ਦੀਆਂ ਲਾਈਟਾਂ ਬੰਦ ਹੋ ਗਈਆਂ। ਡਰਾਈਵਰ ਥੱਲੇ ਉੱਤਰ ਆਇਆ। ਤਾਕੀ ਬੰਦ
ਹੋ ਗਈ। ਉਹ ਸਾਰੇ ਫਿਰ ਅੰਦਰ ਆ ਗਏ।
ਡਰਾਈਵਰ ਪੈੱਗ ਦੇ ਲਾਲਚ ਲੱਗ ਗਿਆ।
ਸਿਪਾਹੀ ਅੰਦਰ ਚਲੇ ਗਏ।
-"ਬਾਬਾ-ਚੱਲਣ ਦਾ ਹੁਕਮ ਐ।" ਸਿਪਾਹੀ ਨੇ ਕਿਹਾ।
-"ਚਲੋ...!" ਜਪਨਾਮ ਸਿੰਘ "ਵਾਹਿਗੁਰੂ" ਆਖ ਕੇ ਖੜ੍ਹਾ ਹੋ ਗਿਆ। ਉਹ ਬਿਲਕੁਲ ਅਡੋਲ ਸੀ।
ਉਸ ਨੇ ਨਾ ਅੱਖਾਂ ਅਤੇ ਨਾ ਹੀ ਹੱਥ-ਪੈਰ ਖੋਲ੍ਹਣ ਲਈ ਕਿਹਾ।
ਸਿਪਾਹੀਆਂ ਨੇ ਆਸਰਾ ਦੇ ਕੇ ਉਸ ਨੂੰ ਟਰੱਕ ਵਿਚ ਚਾੜ੍ਹ ਲਿਆ। ਪਿਛਲੀ ਤਰਪਾਲ ਹੇਠਾਂ ਸੁੱਟ ਲਈ। ਸਿਪਾਹੀ ਕਿਤਨੀ ਹੀ ਦੇਰ ਟਰੱਕ ਵਿਚ ਬੈਠੇ ਰਹੇ। ਪਰ ਟਰੱਕ ਤੁਰ ਨਹੀ ਰਿਹਾ ਸੀ।
-"ਇਹ ਤੋਰਦਾ ਕਿਉਂ ਨਹੀਂ?"
-"ਦਾਰੂ ਦਾ ਲਾਲਚੀ ਐ-ਬੋਤਲ ਖਤਮ ਕਰ ਕੇ ਆਊ।"
-"ਉਏ ਆ ਜਾਹ ਹੁਣ ਮਾਂ ਆਬਦੀ ਦਿਆ ਖਸਮਾਂ-ਸਾਡੀਆਂ ਤਾਂ ਕੋਕੜਾਂ ਹੋ ਗਈਆਂ।" ਇਕ ਨੇ ਤਰਪਾਲ ਚੁੱਕ ਕੇ ਡਰਾਈਵਰ ਨੂੰ ਹਾਕ ਮਾਰੀ।
-"ਘੁੱਟ ਪੀ ਤਾਂ ਲੈਣ ਦਿਓ-ਅੱਗੇ ਜਾ ਕੇ ਐਡੀ ਛੇਤੀ ਮੁਕਲਾਵਾ ਤੋਰਨੈਂ? ਸਾਲੇ ਆਪ ਡੱਕੇ ਬੈਠੇ ਐ-ਮੈਨੂੰ ਪੈੱਗ ਵੀ ਨਹੀ ਪੀਣ ਦਿੰਦੇ-ਮੈਂ ਰੰਡੀ ਦਾ ਜਮਾਈ ਐਂ?" ਅੰਦਰੋਂ ਕੋਰੜਾ ਛੰਦ ਆਇਆ। ਇਕ ਹੋਰ ਸਿਪਾਹੀ ਪਿੱਛੋਂ ਆ ਚੜ੍ਹਿਆ।
-"ਅੱਧੀ ਬੋਤਲ ਪੀ ਗਿਆ ਸਾਲਾ।"
-"ਪੀ ਜਾਣਦੇ ਆਪੇ ਮਰੂ।"
-"ਉਏ ਨਿੱਕੀ ਗੜ੍ਹਾਵਿਓ...! ਅਚਾਰ ਕਿੱਥੇ ਐ...? ਮੇਰੀ ਤਾਂ ਜੀਭ ਪੱਛੀ ਗਈ!" ਅੰਦਰੋਂ ਡਰਾਈਵਰ ਫਿਰ ਚੀਕਿਆ। ਸ਼ਾਇਦ ਉਹ ਦੇਸੀ ਦਾਰੂ ਦਾ ਸੁੱਕਾ ਪੈੱਗ ਮਾਰ ਗਿਆ ਸੀ।
-"ਮਰ...! ਮਰ ਮੇਰਿਆ ਸਾਲਿ਼ਆ...! ਸੁੱਕੀ ਪੀਣੀ ਤੈਨੂੰ ਸੁੱਖ ਕੇ ਦਿੱਤੀ ਐ?"
ਸ਼ਾਇਦ ਡਰਾਈਵਰ ਨੂੰ ਅਚਾਰ ਮਿਲ ਗਿਆ ਸੀ। ਸ਼ਾਂਤੀ ਵਰਤ ਗਈ ਸੀ।
-"ਸਾਲਾ ਅੰਦਰ ਮਰ ਤਾਂ ਨਹੀ ਗਿਆ?"
-"ਬੜੀ ਤਕੜੀ ਹੱਡੀ ਦਾ ਐ-ਆਪਾਂ ਸਾਰਿਆਂ ਨੂੰ ਮਾਰ ਕੇ ਮਰੂ...!" ਇਕ "ਖੀਂ-ਖੀਂ" ਕਰ ਕੇ ਹੱਸਿਆ। ਡਰਾਈਵਰ ਤਾਕੀ ਖੋ਼ਲ੍ਹ ਕੇ ਚੜ੍ਹ ਗਿਆ।
-"ਸ਼ੁਕਰ ਐ।" ਸਿਪਾਹੀ ਨੇ ਬਰਾਂਡੀ ਘੁੱਟ ਲਈ।
-"ਗੱਲ ਜੀ ਨਹੀ ਬਣੀ-ਮੈਂ ਤਾਂ ਬੋਤਲ ਨਾਲ ਈ ਲੈ ਲਿਆਇਆ।" ਡਰਾਈਵਰ ਨੇ ਸੁਣਾਈ ਕੀਤੀ।
-"ਉਹ ਤਾਂ ਸਾਨੂੰ ਪਹਿਲਾਂ ਈ ਪਤਾ ਸੀ।"
-"ਜੇ ਬੋਤਲ ਮੁਫਤ ਦੀ ਐ-ਢਿੱਡ ਤਾਂ ਆਬਦੈ।"
-"ਤਾਂ ਹੀ ਤਾਂ ਭਰਦੈਂ।" ਉਸ ਨੇ ਸੈੱਲਫ਼ ਮਾਰੀ।
ਟਰੱਕ ਤੁਰ ਪਿਆ।
ਰਾਤ ਹੌਲੀ ਹੌਲੀ ਟਿਕ ਰਹੀ ਸੀ। ਲੋਕ ਚੁੱਪ ਚਾਪ ਆਪਣੇ ਘਰਾਂ ਅੰਦਰ 'ਦੜ' ਰਹੇ ਸਨ। ਜਿਵੇਂ ਲੋਕ ਗੂੰਗੇ ਅਤੇ ਬੋਲੇ ਸਨ।
ਜਦ ਟਰੱਕ ਠਾਣੇ ਪਹੁੰਚਿਆ ਤਾਂ ਠਾਣੇਦਾਰ ਟੈਲੀਫੋਨ ਨੂੰ ਚਿੰਬੜਿਆ ਹੋਇਆ ਸੀ। ਐਸ. ਪੀ. ਨਾਲ ਗੱਲ ਹੋ ਰਹੀ ਸੀ। ਠਾਣੇਦਾਰ ਕੁਝ ਕੁਝ ਥਿੜ੍ਹਕਿਆ-ਥਿੜ੍ਹਕਿਆ ਲੱਗ ਰਿਹਾ ਸੀ।
-"ਤੂੰ ਬਿਲਕੁਲ ਬੇਵਕੂਫ ਗਧੇ ਦਾ ਪੁੱਤ ਐਂ ਗਰੇਵਾਲ!" ਐਸ ਪੀ ਆਖ ਰਿਹਾ ਸੀ।
-"ਜੀ ਗਲਤੀ ਹੋ ਗਈ ਸਰਕਾਰ।"
-"ਤੁਰੰਤ ਦਰਵਾਜਾ ਤੋੜ ਕੇ ਅੰਦਰ ਜਾਂਦੇ-ਦੋਸ਼ੀ ਵੀ ਹੱਥ ਆ ਜਾਂਦਾ-ਕਾਰਵਾਈ ਵੀ ਉਲਟ ਨਾ ਪੈਂਦੀ।"
-"ਪਰ ਸਰਕਾਰ ਅੱਗੇ ਹੁਕਮ?"
-"ਅੱਗੇ ਹੁਕਮ ਇਹ ਐ-ਬਾਬੇ ਤੇ ਐਸਾ ਤਸ਼ੱਦਦ ਕਰੋ ਕਿ ਤੇਰੇ ਇਲਾਕੇ ਵਿਚ ਫਿਰ ਅਜਿਹੀ ਕਰਤੂਤ ਕਰਨ ਦਾ ਕੋਈ ਹੌਂਸਲਾ ਨਾ ਕਰੇ-ਜੇਕਰ ਲੋੜ ਪਵੇ ਤਾਂ ਮੁਕਾਬਲਾ ਬਣਾਓ!"
-"ਜੀ ਸਰਕਾਰ-ਪਰ ਲਾਸ਼ ਦਾ ਕੀ ਕਰੀਏ?"
-"ਲਾਸ਼ ਵਾਰਸਾਂ ਨੂੰ ਜਰੂਰ ਦਿਓ-ਤਾਂ ਕਿ ਸਾਰਾ ਇਲਾਕਾ ਦੇਖ ਸਕੇ-ਪਰ ਹਾਂ, ਗੱਲ ਫ਼ੈਡਰੇਸ਼ਨ ਵਰਕਰਾਂ ਦੇ ਹੱਥ ਨਹੀ ਆਉਣੀ ਚਾਹੀਦੀ-ਉਹ ਬਿਨਾਂ ਗੱਲੋਂ ਰਿੰਡ ਪ੍ਰਧਾਨ ਆ ਬਣਦੇ ਐ-ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ-ਸਮਝੇ?" ਐਸ ਪੀ ਫੋਨ ਕੱਟ ਗਿਆ।
ਠਾਣੇਦਾਰ ਨੇ ਫੋਨ ਰੱਖ ਦਿੱਤਾ।
-"ਸਰਦਾਰ-ਬਾਬੇ ਨੂੰ ਲੈ ਆਂਦਾ।" ਟਰੱਕੋਂ ਉਤਰ ਕੇ ਸਿਪਾਹੀ ਨੇ ਦੱਸਿਆ।
-"ਉਹਨੂੰ ਟਰੱਕ 'ਚ ਈ ਬੈਠਾ ਰਹਿਣ ਦਿਓ-ਤੇ ਰਣਜੋਧ ਨੂੰ ਮੇਰੇ ਕੋਲ ਚੁਬਾਰੇ 'ਚ ਲਿਆਓ!" ਦਫਤਰੋਂ ਉਠ ਕੇ ਵਿਹੜਾ ਚੀਰ ਕੇ ਠਾਣੇਦਾਰ ਹੌਂਸਲੇ ਨਾਲ ਚੁਬਾਰੇ ਚੜ੍ਹ ਗਿਆ। ਚੁਬਾਰਾ ਕੋਈ ਕਤਲਗਾਹ ਸੀ। ਚੁਬਾਰਾ ਇੱਕ ਹੱਟੀ ਸੀ। ਜਿੱਥੇ ਠਾਣੇਦਾਰ ਆਪਣਾ ਹਰ ਸੌਦਾ ਕਰਦਾ ਸੀ। ਉਸ ਨੇ ਦੋ ਪੈੱਗਾਂ ਵਿਚ ਦੇਸੀ ਦਾਰੂ ਦੀ ਅੱਧੀ ਬੋਤਲ ਨਿਬੇੜ ਦਿੱਤੀ ਸੀ। ਠਾਣੇਦਾਰ ਕੈਦੀਆਂ, ਹਵਾਲਾਤੀਆਂ ਜਾਂ ਸਿਪਾਹੀਆਂ ਤੋਂ ਠਾਣੇ ਅੰਦਰ ਹੀ ਦਾਰੂ ਕਢਵਾ ਲੈਂਦਾ ਸੀ। ਪਹਿਲੀਆਂ ਚਾਰ ਬੋਤਲਾਂ ਉਹ ਆਪ ਰੱਖਦਾ ਸੀ ਅਤੇ ਬਾਕੀ ਲਾਹਣ ਸਿਪਾਹੀਆਂ, ਹੌਲਦਾਰ ਅਤੇ ਮੁਣਸ਼ੀ ਦੇ ਕੰਮ ਆਉਂਦਾ ਸੀ। ਹਾਂ, ਕਦੇ ਕਦੇ ਦਾਰੂ ਕੱਢਦੇ ਹਵਾਲਾਤੀ ਵੀ ਅੱਖ ਬਚਾ ਕੇ ਤੱਤੀ ਦਾਰੂ ਦਾ ਹੀ ਪੈੱਗ ਮਾਰ ਜਾਂਦੇ।
ਰਣਜੋਧ ਸਿੰਘ ਹਾਜ਼ਰ ਕਰ ਦਿੱਤਾ ਗਿਆ।
ਉਹ ਅੰਦਰੋਂ ਕਾਫ਼ੀ ਜਰਕਿਆ ਹੋਇਆ ਸੀ।
ਠਾਣੇਦਾਰ ਨੇ ਦਾਰੂ ਦਾ ਪੈੱਗ ਉਸ ਅੱਗੇ ਕੀਤਾ।
-"ਜੀ ਮੈ ਤਾਂ ਕਦੇ ਪੀਤੀ ਨਹੀ।" ਰਣਜੋਧ ਨੇ ਸਿਰ ਫੇਰ ਦਿੱਤਾ। ਦਾਰੂ ਦੀ ਹਵਾੜ੍ਹ ਉਸ ਦੇ ਮਗਜ
ਨੂੰ ਧੂੰਆਂ ਬਣ ਕੇ ਚੜ੍ਹੀ ਸੀ।
-"ਖਰਬੂਜੇ ਅਰਗੀ ਰੰਨ ਦਾ ਖਸਮ ਨਾ ਪੀਵੇ? ਜਾਹ ਪਰ੍ਹੇ ਜਮਾਂ ਈ ਕੋਹੜ੍ਹੀ ਐਂ! ਤਸੱਲੀ ਕਿਵੇਂ ਕਰਵਾਉਂਦਾ ਹੋਵੇਂਗਾ ਸਿੰਧ ਦੀ ਘੋੜੀ ਦੀ?" ਗੁਰਮੀਤ ਸਿਪਾਹੀ ਨੇ ਪਿੱਛੋਂ ਕਿਹਾ।
-".......।" ਰਣਜੋਧ ਚੁੱਪ ਸੀ।
-"ਰਣਜੋਧ ਸਿਆਂ-ਇੱਕ ਅੱਤਵਾਦੀ ਫੜਿਐ-ਸ਼ਨਾਖਤ ਕਰੇਂਗਾ?"
-"ਉਹਨਾਂ 'ਚੋਂ ਜੀ..?"
-"ਹਾਂ....।"
-"ਸਰਦਾਰ ਮਜਬੂਰੀ ਮੂੰਹ ਤਾਂ ਕਰ ਦਿਆਂਗਾ-ਪਰ ਕਾਹਨੂੰ ਗੋਲੀ ਨੂੰ ਥਾਂ ਕਰਦੇ ਓਂ-ਤੁਸੀਂ ਈ ਮਾਰ ਦਿਓ-ਯੱਭ ਨਿੱਬੜੇ..!"
-"ਉਹਨਾਂ ਦੀ ਗੋਲੀ ਮਾਰਦਿਆਂ ਦੀ ਮਾਂ ਦੀ....! ਅਸੀਂ ਕਾਹਦੇ ਵਾਸਤੇ ਬੈਠੇ ਐਂ?" ਸਰਦਾਰ ਨੇ ਪੈੱਗ ਖਾਲੀ ਕਰ ਦਿੱਤਾ।
-"ਸਰਦਾਰ-ਤੁਸੀਂ ਤਾਂ ਠਾਣੇ 'ਚ ਬੈਠੇ ਐਂ-ਅਸੀਂ ਤਾਂ ਦਿਨ ਰਾਤ ਅੰਦਰ ਬਾਹਰ ਫਿਰਨੈ?"
-"ਰਣਜੋਧ ਤੇਰੇ ਭਲੇ ਦੀ ਗੱਲ ਈ ਕਰਦੈਂ ਬਾਈਗਾਡ-ਨਹੀਂ ਤਾਂ ਅੱਤਵਾਦੀਆਂ ਦੀ ਸ਼ਨਾਖਤ ਨਾ ਕਰਨ ਵਾਲਾ ਬਰਾਬਰ ਦਾ ਦੋਸ਼ੀ ਐ-ਜਦੋਂ ਸ਼ਨਾਖਤ ਕਰ ਦਿੱਤੀ-ਅਸੀਂ ਤੇਰੀ ਗਵਾਹੀ ਪਾ ਕੇ ਤੇਰੇ ਰੱਸੇ ਲਾਹ ਦਿਆਂਗੇ।"
ਰਣਜੋਧ ਚੁੱਪ ਸੀ।
-"ਕੁਝ ਸੋਚ ਕਰ-ਜੁਆਨ ਤੂੰ ਮੁੰਡੈਂ-ਦੋ ਮਹੀਨੇ ਪਹਿਲਾਂ ਵਿਆਹ ਹੋਇਐ-ਕਾਹਨੂੰ ਘੁਲਾੜ੍ਹੇ 'ਚ ਹੱਥ ਦਿੰਨੈ? ਸ਼ਨਾਖਤ ਕਰ ਖਲਾਸੀ ਪਾ-ਜੁਆਨੀ ਨਿੱਤ ਨਿੱਤ ਹੱਥ ਨਹੀ ਆਉਂਦੀ-ਜੇ ਆਪਦੇ ਬਾਰੇ ਨਹੀ ਤਾਂ ਆਪਦੀ ਘਰਆਲੀ ਬਾਰੇ ਸੋਚ-।"
ਠਾਣੇਦਾਰ ਦੀ ਗੱਲ ਕੱਟ ਕੇ ਗੁਰਮੀਤ ਬੋਲਿਆ।
-"ਤੇਰੇ ਤਾਂ ਕੋਈ ਭਰਾ ਵੀ ਹੈਨੀ ਜੀਹਦੇ ਸਿਰ ਧਰ ਦੇਣਗੇ-ਤੇਰੀ ਸੱਜ ਵਿਆਹੀ ਦੇ ਤਾਂ ਪਿੰਡ ਦੇ ਬਦਮਾਸ਼ ਤੇ ਲੰਡਰ ਈ ਬੁੱਲੇ ਲੁੱਟਣਗੇ।"
ਗੁਰਮੀਤ ਸਿਪਾਹੀ ਦੀ ਗੱਲ ਮੁੰਡੇ ਦੇ ਦਿਲ ਅੰਦਰ ਪਾੜ ਪਾ ਗਈ। ਸੀਨਾਂ ਚੀਰਿਆ ਗਿਆ ਸੀ। ਪਰ ਉਹ ਕਸੀਸ ਵੱਟੀ ਖੜ੍ਹਾ ਚੁੱਪ ਸੀ। ਮਜ਼ਬੂਰੀ ਦਾ ਨਾਂ "ਮਾਸੀ" ਸੀ।
-"ਰਣਜੋਧ ਸਿਆਂ ਸਾਡੇ ਕੋਲ ਮੰਨਵਾਉਣ ਲਈ ਹੋਰ ਵੀਹ ਤਰੀਕੇ ਐ-ਫੇਰ ਸਾਨੂੰ ਦੋਸ਼ ਨਾ ਦੇਈਂ-ਤੂੰ ਸਿੱਧੀ ਤਰ੍ਹਾਂ ਕਿਉਂ ਨਹੀ ਆਪ ਈ ਪੰਜਾਲੀ ਥੱਲੇ ਆ ਜਾਂਦਾ? ਹਿੰਗ ਲੱਗੇ ਨਾ ਫਟਕੜੀ ਸੁਆਦ ਚੋਖਾ-ਨਹੀਂ ਤਾਂ ਆਪ ਦੁਖੀ ਹੋਵੇਂਗਾ-ਸਾਨੂੰ ਕਰੇਂਗਾ।"
ਠਾਣੇਦਾਰ ਨੇ ਮੁੰਡੇ ਨੂੰ ਥਿੜਕਾਇਆ।
-"ਉਏ ਸਰਦਾਰ ਕੀ ਕਹਿੰਦੈ? ਤੂੰ ਬੋਲਦਾ ਈ ਨੀ ਤੇਰੀ ਮੈਂ ਭੈਣ 'ਤੇ ਚੜ੍ਹਜਾਂ ਤੇਰੀ 'ਤੇ।" ਗੁਰਮੀਤ ਨੇ ਰਣਜੋਧ ਦੇ ਚੁਪੇੜ ਮਾਰੀ। ਗੱਲ੍ਹ 'ਚੋਂ ਚੰਗਿਆੜੇ ਨਿਕਲੇ ਸਨ।
-"ਗੁਰਮੀਤ...!"
-"ਜੀ ਸਰਦਾਰ....!"
-"ਬੁੜ੍ਹੀਆਂ ਸਮੇਤ ਇਹਨਾਂ ਦਾ ਸਾਰਾ ਪ੍ਰੀਵਾਰ ਠਾਣੇ ਲੱਦ ਲਿਆਓ ਤੇ ਸਾਰਿਆਂ ਨੂੰ ਅਲਫ਼ ਨੰਗੇ ਕਰ ਕੇ ਹਵਾਲਾਤ 'ਚ ਦਿਓ!" ਠਾਣੇਦਾਰ ਨੇ ਅਜੀਬ ਹੀ ਹੁਕਮ ਸੁਣਾਇਆ ਅਤੇ ਰਣਜੋਧ ਕੁਰਲਾਅ
ਉਠਿਆ।
-"ਨਾ ਸਰਦਾਰ-ਆਹ ਕਹਿਰ ਨਾ ਕਰੋ-ਤੁਸੀਂ ਜੋ ਕਹੋਂਗੇ-ਕਰੂੰਗਾ।"
-"ਛਿੱਤਰਾਂ ਮਾਰੀ ਨੌਂ ਮਣ ਝੜਦੀ ਐ-ਭੈਣ ਚੋਦਾ ਪਹਿਲਾਂ ਈ ਸਿੱਧੀ ਵੱਢ ਲੈਂਦਾ-ਹੁਣ ਝੱਟ ਮਿਆਂਕ ਪਿਐਂ?" ਗੁਰਮੀਤ ਨੇ ਠਾਣੇਦਾਰ ਦੇ ਇਸ਼ਾਰੇ ਨਾਲ ਉਸ ਨੂੰ ਚੁਬਾਰਿਓਂ ਤੋਰ ਲਿਆ।
ਠਾਣੇਦਾਰ ਵੀ ਥੱਲੇ ਆ ਗਿਆ।
ਉਸ ਦਾ ਕੰਮ ਹੋ ਗਿਆ ਸੀ।
ਬਾਕੀ ਅਗਲੇ ਹਫ਼ਤੇ.....
is kaand layee 2 hafte udeek karvai hai... agla kaand sme te hi la dio.
ReplyDelete