ਪੁਰਜਾ ਪੁਰਜਾ ਕਟਿ ਮਰੈ (ਕਾਂਡ 6)

ਬਾਬੇ ਜਪਨਾਮ ਸਿੰਘ ਨੂੰ ਟਰੱਕ 'ਚੋਂ ਲਾਹ ਕੇ ਬੁੱਚੜਖਾਨੇ ਲਿਆਂਦਾ ਗਿਆ। ਉਸ ਦੀਆਂ ਅੱਖਾਂ ਦੀ ਪੱਟੀ ਖੋਲ੍ਹ ਕੇ ਉਸ ਨੂੰ ਇੱਕ ਕੁਰਸੀ 'ਤੇ ਬਿਠਾ ਦਿੱਤਾ। ਜਿਸ ਉਪਰ ਬਿਜਲੀ ਦਾ ਸ਼ਕਤੀਸ਼ਾਲੀ ਲਾਟੂ ਜਗ ਰਿਹਾ ਸੀ। ਅੱਖਾਂ ਤੋਂ ਪੱਟੀ ਖੋਲ੍ਹਣ ਦੇ ਬਾਵਜੂਦ ਵੀ ਬਾਬੇ ਨੂੰ ਕਾਫੀ ਚਿਰ ਕੁਝ ਨਜ਼ਰ ਨਾ ਆਇਆ।
ਕੀਰਤਨ ਸੋਹਿਲੇ ਦਾ ਪਾਠ ਉਸ ਨੇ ਹੁਣੇ ਹੀ ਸੰਪੂਰਨ ਕੀਤਾ ਸੀ।
ਠਾਣੇਦਾਰ ਪੁੱਜ ਗਿਆ।

ਉਸ ਦੇ ਹੱਥਾਂ ਵਿਚ ਰੂਲ ਘੁਕ ਰਿਹਾ ਸੀ। ਪੱਗ ਉਸ ਨੇ ਲਾਹ ਰੱਖੀ ਸੀ। ਸੱਖਣੀ ਫਿ਼ਫ਼ਟੀ ਅੱਧਗੰਜੇ ਮੱਥੇ ਉਤੇ ਚਿਪੀ ਜਿਹੀ ਪਈ ਸੀ। ਵਾਲਾਂ ਨਾਲ ਭਰੀਆਂ ਨਾਸਾਂ 'ਚੋਂ ਸਾਹ ਅੜ ਅੜ ਕੇ ਬਾਹਰ ਆ ਰਿਹਾ ਸੀ। ਬੜੀ ਤੇਜੀ ਨਾਲ ਪੀਤੀ ਦਾਰੂ ਕਰਕੇ ਉਸ ਦਾ ਮੱਥਾ ਠੰਢ ਵਿਚ ਵੀ ਮੁੜ੍ਹਕੇ ਨਾਲ ਭਿੱਜਿਆ ਹੋਇਆ ਸੀ।

-"ਕਿਉਂ ਬਾਬਾ-ਆਈ ਕੋਈ ਸੁਰਤ ਟਿਕਾਣੇ? ਅਸੀਂ ਤੇਰੇ ਨਾਲ ਬਿਰਧ ਕਰਕੇ ਢਿੱਲ ਵਰਤਦੇ ਆਉਨੇ ਆਂ।" ਠਾਣੇਦਾਰ ਨੇ ਬਾਬੇ ਤੇ ਇੱਕ ਤਰ੍ਹਾਂ ਨਾਲ ਅਹਿਸਾਨ ਜਤਾਇਆ, ਜਰਕਾਇਆ।
-"ਢਿੱਲ ਜਮਾਂ ਨਾ ਵਰਤੋ-ਆਬਦੀ ਕਾਰਬਾਈ ਕਰੋ-ਕੋਈ ਖਾਹਿਸ਼ ਬਾਕੀ ਨਾ ਰਹੇ ਤੁਹਾਡੀ।" ਬਾਬਾ ਅਡੋਲ ਸੀ। ਡਰ ਦਾ ਕੋਈ ਪ੍ਰਛਾਵਾਂ ਉਸ ਦੇ ਚਿਹਰੇ 'ਤੇ ਨਹੀ ਸੀ। ਮੱਥੇ ਤੋਂ ਗੁਰਬਾਣੀ ਦਾ ਨੂਰ
ਵਰ੍ਹ ਰਿਹਾ ਸੀ। ਚਿਹਰਾ ਆਰਹਨ 'ਚੋਂ ਕੱਢੇ ਫ਼ਾਲੇ ਵਾਂਗ ਦਗ ਰਿਹਾ ਸੀ।
-"ਬਾਬਾ! ਤੈਥੋਂ ਸਾਡਾ ਕਸਾਖਾਨਾ ਨਹੀ ਜਰਿਆ ਜਾਣਾ-ਦੇਖ ਲੈ? ਐਥੇ ਵੱਡੇ ਵੱਡੇ ਸੂਰਮੇ ਆ ਕੇ ਬਹੁੜ੍ਹੀਆਂ ਘੱਤ ਜਾਂਦੇ ਐ।"
-"ਕਸਾਈ ਬੱਕਰੇ ਨੂੰ ਕਹੇ ਕਿ ਮੈਨੂੰ ਤੇਰੇ ਤੇ ਤਰਸ ਆਉਂਦੈ-ਬੱਕਰੇ ਲਈ ਕੋਈ ਅਹਿਮੀਅਤ ਨਹੀ ਰੱਖਦਾ-ਕਿਉਂਕਿ ਉਸ ਨੂੰ ਆਪਣੇ ਹਸ਼ਰ ਦਾ ਪ੍ਰਤੱਖ ਪਤਾ ਹੁੰਦੈ।"
-"ਪਰ ਬਾਬਾ-ਮੈਨੂੰ ਵਾਕਿਆ ਈ ਤੇਰੇ ਬੁੜ੍ਹਾਪੇ ਤੇ ਤਰਸ ਆਉਂਦੈ-।"
-"ਬਿੱਲੀ ਲੱਖ ਮਾਸੀ ਬਣੇ-ਚੂਹੇ ਨੂੰ ਉਹਦੀ ਬਦਨੀਤ ਦਾ ਅਗਾਊਂ ਪਤਾ ਹੁੰਦੈ।"
-"ਬਾਬਾ ਕਿਉਂ ਸਾਨੂੰ ਕਸਾਈ ਬਣਾਉਨੈ-ਸਿੱਧੀ ਤਰ੍ਹਾਂ ਜਾਮਨ ਕਿਉਂ ਨਹੀ ਹੁੰਦਾ?"
-"ਸੱਪਾਂ ਦੇ ਪੁੱਤਾਂ ਨੂੰ ਡੰਗ ਮਾਰਨਾ ਕੀਹਨੇ ਸਿਖਾਇਐ? ਤੁਸੀਂ ਇਹ ਦੱਸੋ ਬਈ ਮੈਥੋਂ ਆਖਰ ਚਾਹੁੰਦੇ ਕੀ ਓਂ?" ਬਾਬੇ ਨੇ ਤਸਵੀਰ ਦਾ ਇੱਕ ਪਾਸਾ ਹੀ ਦੇਖਣਾ ਚਾਹਿਆ।
-"ਆਪਣਾ ਮੁੰਡਾ ਗੁਰਪਾਲ ਪੇਸ਼ ਕਰਦੇ-ਤੇ ਹਥਿਆਰ ਵਾਪਿਸ ਦੁਆ ਦੇ-ਤੇਰਾ ਕੰਮ ਖਤਮ।"
-"ਆਪਣੇ ਮੁੰਡੇ ਨੂੰ ਖੂਨੀ ਬਘਿਆੜਾਂ ਦੇ ਵਾੜੇ ਵਾੜ ਦਿਆਂ? ਇਹ ਤੂੰ ਸੋਚ ਈ ਕਿਵੇਂ ਲਿਆ ਠਾਣੇਦਾਰਾ?"
-"ਭੱਜ ਕੇ ਜਾਊ ਕਿੱਥੇ? ਬੱਕਰੇ ਦੀ ਮਾਂ ਕਦੋਂ ਕੁ ਤੱਕ ਸੁੱਖ ਮਨਾਊ? ਮੁੜ ਘੁੜ ਕੇ ਤਾਂ ਅਖੀਰ ਖੋਤੀ ਨੇ ਬੋਹੜ ਥੱਲੇ ਈ ਆਉਣੈ-ਪਾਣੀ ਨੇ ਤਾਂ ਅਖੀਰ ਪੁਲਾਂ ਹੇਠ ਦੀ ਹੀ ਵਗਣੈ।"
-"ਜੋ ਲਿਖੀ ਹੈ ਹਰ ਹਾਲਤ ਬੀਤ ਕੇ ਰਹਿੰਦੀ ਐ ਠਾਣੇਦਾਰਾ-ਉਹਨੂੰ ਸੰਸਾਰ ਦੀ ਕੋਈ ਹਸਤੀ ਨਹੀ ਰੋਕ ਸਕਦੀ-ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਏ-ਵਾਰੋ ਵਾਰੀ ਸਾਰਿਆਂ ਦੀ
ਹੀ ਵਾਰੀ ਆਉਣੀ ਐਂ-ਪਰ ਜਿਹੜਾ ਤੂੰ ਪੁਲਾਂ ਹੇਠ ਦੀ ਪਾਣੀ ਦੀ ਗੱਲ ਕਰਦੈਂ-ਜਦੋਂ ਤੂਫ਼ਾਨੀ ਹੜ੍ਹ ਆਉਂਦੇ ਐ-ਪੁਲ ਅਸਮਾਨੀ ਉਡਦੇ ਦੇਖੇ ਐ।"
-"ਤੂੰ ਅੱਤਵਾਦੀਆਂ ਦਾ ਹਮਾਇਤੀ ਐਂ?"
-"ਕੱਲ੍ਹ ਤੱਕ ਬਿਲਕੁਲ ਨਹੀ ਸੀ-ਅੱਜ ਤੋਂ ਕੱਟੜ ਐਂ।"
-"ਖ਼ਾਲਿਸਤਾਨ ਮੰਗਦੈਂ?"
-"ਕੱਲ੍ਹ ਤੱਕ ਜਮਾਂ ਨਹੀ ਸੀ ਮੰਗਦਾ-ਅੱਜ ਤੋਂ ਤਨੋਂ ਮਨੋਂ ਮੰਗ ਕਰਦੈਂ-ਜਿੱਥੇ ਖਾਲਸਾ ਮਹਿਫੂਜ, ਸੁੱਖ ਸ਼ਾਂਤੀ ਨਾਲ ਵਸ ਸਕੇ।"
-"ਤੈਨੂੰ ਖਾਲਿਸਤਾਨ ਫਿਰ ਦੇ ਹੀ ਦੇਈਏ?"
-"ਤੇਰੇ ਹੱਥ ਵੱਸ ਕੀ ਐ ਠਾਣੇਦਾਰਾ? ਤੂੰ ਸਾਨੂੰ ਖਾਲਿਸਤਾਨ ਦੇਣ ਵਾਲਾ ਕੌਣ ਹੁੰਨੈ? ਤੂੰ ਤਾਂ ਗੌਰਮਿੰਟ ਦਾ ਹੱਥ ਠੋਕਾ ਐਂ-ਤੂੰ ਤਾਂ ਉਪਰਲੇ ਮਦਾਰੀਆਂ ਦਾ ਬਾਂਦਰ ਐਂ-ਉਹ ਸੀਟੀ ਮਾਰਦੇ ਐ ਤੇ ਤੂੰ ਨੱਚਦੈਂ।"
ਠਾਣੇਦਾਰ ਨੂੰ ਸੱਚੀਆਂ ਸੁਣ ਕੇ ਗੁੱਸਾ ਆਇਆ। ਪਰ ਉਹ ਅੰਦਰੋ ਅੰਦਰੀ ਹੀ ਪੀ ਗਿਆ।
-"ਬਾਬਾ-ਚੀਕਾਂ ਮਾਰੇਂਗਾ।"
-"ਵੈਰੀਆਂ ਹੱਥ ਆ ਕੇ ਚੀਕਾਂ ਕਾਹਨੂੰ ਮਾਰੂੰ?"
-"ਸਾਡੇ ਹੱਥ ਤਾਕਤਾਂ ਬਥੇਰੀਆਂ ਨੇ-ਚਾਹੀਏ ਤੈਨੂੰ ਗੋਲੀ ਨਾਲ ਉੜਾ ਸਕਦੇ ਐਂ।"
-"ਜੋ ਜੀਅ ਆਵੇ ਕਰੋ-ਭੈਅ ਕਾਹੂੰ ਕੋ ਦੇਤ ਨਹਿ-ਨਹਿ ਭੈਅ ਮਾਨਤ ਆਨੁ।।"
-"ਦਸਾਂ ਮਿਟਾਂ 'ਚ ਤੇਰੀ ਜੀਭ ਬਾਹਰ ਆ ਜਾਣੀ ਐਂ-ਫੇਰ ਨਾ ਮਿਆਂਕੀਂ।"
-"ਦੇਖਦੇ ਐਂ ਕੌਣ ਜਿੱਤਦੈ? ਗੁਰੂ ਦਾ ਸਿੰਘ ਜਾਂ ਔਰੰਗਜੇਬ ਦਾ ਪੈਰੋਕਾਰ? ਗੁਰੂ ਦਾ ਸਿੰਘ ਤਾਂ ਪੁਰਜਾ ਪੁਰਜਾ ਕਟਿ ਮਰੈ-ਕਬਹੂੰ ਨ ਛਾਡੈ ਖੇਤੁ।।"
-"ਹੂੰ....!" ਠਾਣੇਦਾਰ ਨੇ ਫ਼ੁੰਕਾਰਾ ਮਾਰਿਆ।
-"ਉਏ ਮੁੰਡਿਓ!"
-"ਜੀ ਜਨਾਬ?"
-"ਇਹਨੂੰ ਅਲਫ਼ ਨੰਗਾ ਕਰੋ ਤੇ ਇਹਦਾ ਕਲ੍ਹੈਹਰੀ ਮੋਰ ਬਣਾਓ!"
-"ਜੀ ਸਰਕਾਰ!"
-"ਕਲ੍ਹੈਹਰੀ ਮੋਰ ਤੋਂ ਬਾਅਦ ਤੁੰਗ ਭੱਦਰਾਂ ਤੇ ਤੁੰਗ ਭੱਦਰਾਂ ਤੋਂ ਬਾਅਦ ਗਰੜਪੌਂਕ!"
-"ਜੀ ਹਜੂਰ!"
-"ਇਹਦੀ ਕੋਈ ਗੱਲ ਨਹੀ ਸੁਣਨੀ।"
-"ਜੀ ਜਨਾਬ!"
-"ਬਾਬਾ-ਜੇ ਕੁਛ ਕਹਿਣਾ ਹੋਵੇ ਮੈਨੂੰ ਬੁਲਾ ਲਈਂ।" ਠਾਣੇਦਾਰ ਨੇ ਬਹੁਤ ਹੀ ਨੇੜੇ ਹੋ ਕੇ ਕਿਹਾ।
ਬਾਬਾ ਹੱਸ ਪਿਆ।
-"ਤੂੰ ਸਿੰਘਾਂ ਦਾ ਇਤਿਹਾਸ ਨਹੀ ਪੜ੍ਹਿਆ ਠਾਣੇਦਾਰਾ! ਸਿਦਕੀ ਸੂਰਮੇਂ ਕਦੇ ਨਹੀ ਡੋਲਦੇ-ਹੱਸ ਹੱਸ ਕੇ ਚਰਖ਼ੜ੍ਹੀਆਂ 'ਤੇ ਚੜ੍ਹਦੇ ਐ।"
-"ਇਹ ਤਾਂ ਸਮਾਂ ਈ ਦੱਸੂ।" ਤੇ ਠਾਣੇਦਾਰ ਬੁੱਚੜਖਾਨੇ 'ਚੋਂ ਬਾਹਰ ਹੋ ਗਿਆ।
ਸਿਪਾਹੀਆਂ ਨੇ ਬਾਬੇ ਨੂੰ ਅਲਫ਼ ਨੰਗਾ ਕਰ ਲਿਆ। ਪਰ "ਸ੍ਰੀ-ਸਾਹਿਬ" ਅਤੇ ਕਛਿਹਰਾ ਬਾਬੇ ਨੇ ਕਦਾਚਿੱਤ ਨਾ ਉਤਾਰਨ ਦਿੱਤਾ।
-"ਸਿੰਘ ਸਾਬਤ ਸੂਰਤ ਤਿਆਰ-ਬਰ-ਤਿਆਰ ਗੁਰੂ ਦੇ ਪੇਸ਼ ਹੋਊ।" ਬਾਬੇ ਨੇ ਜਬ੍ਹੇ ਨਾਲ ਆਖਿਆ ਸੀ।
-"ਚੱਲ ਪਾਈ ਰੱਖਣ ਦੇ ਯਾਰ!"
-"ਬਾਬਾ-ਤੇਰੇ ਪਿੰਡ ਦੀ ਕਹਿੰਦੇ ਪੰਚਾਇਤ ਆਈ ਸੀ।" ਟਰੱਕ ਵਾਲੇ ਸਿਪਾਹੀ ਨੇ ਕਿਹਾ।
-"ਸ਼ਾਬਾਸ਼ੇ ਭਾਈ ਪੰਚਾਇਤ ਦੇ-ਪੰਚਾਇਤ ਆਬਦਾ ਕੰਮ ਕਰ ਗਈ-ਤੁਸੀਂ ਆਬਦਾ ਕਰ ਲਓ।"
-"ਸਰਦਾਰ ਨੇ ਤੇਰੀ ਗ੍ਰਿਫਤਾਰੀ ਤੋਂ ਈ ਇਨਕਾਰ ਕਰ ਦਿੱਤਾ।"
-"ਉਹਦੇ ਵੀ ਸ਼ਾਬਾਸ਼ੇ...!"
-"ਬਾਬਾ-ਕਰਦੇ ਮੁੰਡੇ ਨੂੰ ਪੇਸ਼-ਕਾਹਤੋਂ ਸਾਡੀਆਂ ਬੈਠਕਾਂ ਕਢਵਾਉਨੈ? ਕੁੱਟਣ ਮਾਰਨ ਦਾ ਸਾਨੂੰ ਕੋਈ ਚਾਅ ਨਹੀ-।" ਦੂਜੇ ਸਿਪਾਹੀ ਨੇ ਪੁਲਸੀਆ ਚਲਿੱਤਰ ਖੇਡਿਆ।
-"ਤੁਸੀਂ ਸਰਕਾਰ ਦੇ ਵਫਾਦਾਰ ਤੇ ਮੈ ਗੁਰੂ ਦਾ-ਆਬਦਾ ਆਬਦਾ ਸਿਦਕ ਨਿਭਾਈਏ-ਜਲਦੀ ਕਰੋ-।"
-"ਲੈ ਬਾਬਾ-ਬੋਲ ਫਿਰ ਵਾਹਿਗੁਰੂ-ਬਣ ਕੇ ਕਲ੍ਹੈਹਰੀ ਮੋਰ ਸਾਨੂੰ ਪੈਹਲ ਪਾ ਕੇ ਦਿਖਾ।"
ਬਾਬੇ ਨੂੰ ਸਿਕੰਜੇ 'ਚ ਚਾੜ੍ਹ ਦਿੱਤਾ। ਪੀੜਾਂ ਨੇ ਬਾਬੇ ਅੰਦਰ ਕੁਰਲਾਹਟ ਮਚਾ ਦਿੱਤੀ। ਹਰ ਅੰਗ ਇਕ ਤਰ੍ਹਾਂ ਨਾਲ ਘੁਲਾੜ੍ਹੀ ਵਿਚ ਪੀੜਿਆ ਜਾ ਰਿਹਾ ਸੀ। ਪੀੜਾਂ ਦਾ ਦਰਦ ਸਾਰੇ ਸਰੀਰ ਅੰਦਰ ਲਾਟਾਂ ਬਾਲਦਾ, ਗੇੜਾ ਦੇ ਕੇ ਸਿਰ ਨੂੰ ਚੜ੍ਹਦਾ ਸੀ। ਅੱਖਾਂ ਅੱਗੇ ਪਹਿਲਾਂ ਚੰਗਿਆੜੇ ਅਤੇ ਫਿਰ ਹਨ੍ਹੇਰ ਛਾਉਂਦਾ ਲੱਗਦਾ ਸੀ। ਬਾਬੇ ਨੇ ਕਰਕੇ ਬਾਜਾਂ ਵਾਲੇ ਨੂੰ ਯਾਦ ਗੁਰਬਾਣੀ ਛੂਹ ਲਈ:

-"ਸਿਰ ਜਾਵੇ ਤਾਂ ਜਾਵੇ।।
ਮੇਰਾ ਸਿੱਖੀ ਸਿਦਕ ਨਾ ਜਾਵੇ।।"....

-"ਜਿਸੁ ਕੇ ਸਿਰੁ ਊਪਰ ਤੂੰ ਸੁਆਮੀ।।
ਸੋ ਦੁਖ ਕੈਸਾ ਪਾਵੈ।।....
ਬੋਲ ਨਾ ਜਾਣੈ ਮਾਇਆ ਮਦੁ ਮਾਤਾ।।
ਮਰਣਾ ਚੀਤੁ ਨਾ ਆਵੈ।।"....
ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ।।".....

-"ਜਾਮੁ ਗੁਰੂ ਹੋਇ ਵਲਿ
ਲੱਖ ਬਾਂਹਿ ਕਿਆ ਕੀਜੈ।।".....

ਚੁਬਾਰਿਓਂ ਪੈੱਗ ਲਾ ਕੇ ਠਾਣੇਦਾਰ ਹਵਾਲਾਤ ਕੋਲ, ਰਣਜੋਧ ਸਾਹਮਣੇ ਆ ਖੜ੍ਹਾ ਹੋਇਆ।
-"ਰਣਜੋਧ ਸਿਆਂ-ਅੱਤਵਾਦੀ ਤਾਂ ਆਪ ਈ ਮੰਨੀ ਜਾਂਦੈ ਬਈ ਉਹ ਤੇਰੇ ਖੇਤੋਂ ਰੋਟੀ ਖਾ ਕੇ ਆਏ ਸੀ।"
-"ਫੇਰ ਤਾਂ ਮੁਸ਼ਕਲ ਈ ਹੱਲ ਹੋ ਗਈ ਸਰਦਾਰ।" ਮੁੰਡਾ ਜਲਾਲ ਫੜ ਗਿਆ।
-"ਪਰ ਸ਼ਨਾਖਤ ਤਾਂ ਤੈਨੂੰ ਈ ਕਰਨੀ ਪਊ।"
ਠਾਣੇਦਾਰ ਤੁਰ ਗਿਆ।
ਬਾਬੇ ਨੂੰ ਸਿਕੰਜੇ 'ਚੋਂ ਕੱਢ ਕੇ ਲੱਤਾਂ 'ਤੇ ਘੋਟਣਾ ਫੇਰਿਆ ਗਿਆ ਅਤੇ ਮੁੜ ਮੰਜਾ ਲਾ ਦਿੱਤਾ। ਬਾਬੇ ਦਾ ਸਰੀਰ ਮੰਜੇ ਵਾਂਗ ਹੀ ਉਖੜਿਆ ਪਿਆ ਸੀ। ਪਰ ਗੁਰਬਾਣੀ ਅਜੇ ਵੀ ਉਸ ਦੇ ਮੂੰਹ 'ਚੋਂ ਕਿਰ-ਕਿਰ ਕੇ ਬਾਹਰ ਆ ਰਹੀ ਸੀ।
-"ਕਿਉਂ ਬਾਬਾ-ਮੈਂ ਤੇਰੇ ਵੱਲ ਅਜੇ ਵੀ ਦੋਸਤੀ ਦਾ ਹੱਥ ਵਧਾਉਨੈਂ।" ਠਾਣੇਦਾਰ ਨੇ ਹਾਲਾਤ ਭਾਂਪਦਿਆਂ ਕਿਹਾ।
-"ਠਾਣੇਦਾਰਾ! ਮੇਰਾ ਸਿਦਕ ਪਰਖੀ ਚੱਲ-ਨਾਲ ਇਞਾਣੇ ਦੋਸਤੀ ਵਡਾਰੂ ਸੇ ਨੇਹੁੰ-ਪਾਣੀ ਅੰਦਰ ਲੀਕ ਜਿਉਂ ਤਿਸੁ ਕਾ ਥਾਉਂ ਨ ਥੇਹੁ।"
ਠਾਣੇਦਾਰ ਸਤੰਭ ਖੜ੍ਹਾ ਸੀ।
ਬਾਬਾ ਪੀੜਾਂ ਦੇ ਬਾਵਜੂਦ ਵੀ ਥੰਮ੍ਹ ਵਾਂਗ ਪੱਕਾ ਸੀ। ਪਰਬਤ ਵਾਂਗ ਅਡੋਲ ਸੀ।
-"ਬਾਬਾ-ਜੇ ਆਪਾਂ ਸੋਚੀਏ ਤਾਂ ਆਪਣੀ ਦੁਸ਼ਮਣੀ ਵੀ ਕੀ ਐ-ਇਹ ਦੱਸ?"
-"ਦੁਸ਼ਮਣੀ? ਜਬੈ ਬਾਣ ਲਾਗਿਓ ਤਬੈ ਰੋਸੁ ਜਾਗਿਓ।" ਬਾਬੇ ਨੇ ਦਾਹੜ੍ਹੇ ਵੱਲ ਇਸ਼ਾਰਾ ਕੀਤਾ।
ਠਾਣੇਦਾਰ ਚੁੱਪ ਹੋ ਗਿਆ।
ਉਸ ਨੂੰ ਅਹਿਸਾਸ ਹੋ ਗਿਆ ਕਿ ਪੱਟੀ ਦਾਹੜ੍ਹੀ ਕਰਕੇ ਬਾਬਾ ਫ਼ੱਟੜ ਸ਼ੇਰ ਬਣ ਗਿਆ ਸੀ।
-"ਉਏ ਮੁੰਡਿਓ-ਹਵਾਲਾਤੀ ਨੂੰ ਪੇਸ਼ ਕਰੋ!" ਠਾਣੇਦਾਰ ਨੇ ਰਣਜੋਧ ਸਿੰਘ ਵੱਲ ਇਸ਼ਾਰਾ ਕੀਤਾ।
ਰਣਜੋਧ ਪੇਸ਼ ਕਰ ਦਿੱਤਾ ਗਿਆ।
-"ਹਾਂ ਬਈ-ਉਹਨਾਂ ਅੱਤਵਾਦੀਆਂ 'ਚ ਇਹ ਵੀ ਸੀਗਾ?" ਠਾਣੇਦਾਰ ਨੇ ਬਾਬੇ ਵੱਲ ਇਸ਼ਾਰਾ ਪਾ ਕੇ ਪੁੱਛਿਆ।
-"ਇਹ ਤਾਂ ਸਾਡੇ ਪਿੰਡ ਆਲਾ ਬਾਬਾ ਜਪਨਾਮ ਐ ਜੀ-ਕੱਛ ਆਲਾ ਭਾਈ...।"
ਸੁਣਨਸਾਰ ਸਿਪਾਹੀ ਰਣਜੋਧ ਨੂੰ ਮਰੋੜ ਕੇ ਦੂਸਰੇ ਪਾਸੇ 'ਕਤਲਗਾਹ' ਵਿਚ ਲੈ ਗਏ। ਰਣਜੋਧ ਨੂੰ ਕੋਈ ਖ਼ਾਸ ਸਮਝ ਨਹੀ ਪਈ ਸੀ ਕਿ ਉਸ ਦਾ ਕਸੂਰ ਕੀ ਸੀ..? ਉਸ ਨੇ ਸੱਚ ਹੀ ਤਾਂ ਬੋਲਿਆ ਸੀ! ਫਿਰ ਉਸ ਨੂੰ ਬੁੱਚੜ ਸਿਪਾਹੀ ਧੂਹੀ ਕਿਉਂ ਜਾ ਰਹੇ ਸਨ..? ਉਸ ਦੇ ਦਿਮਾਗ ਵਿਚ ਹੋਰ ਗੱਲ ਆਈ।
ਬਾਬੇ ਨੂੰ ਅੰਦਰ ਕਿਉਂ ਦੇਈ ਬੈਠੇ ਐ? ਬਾਬੇ ਨੇ ਤਾਂ ਕਦੇ ਕੁੱਤੇ ਦੇ ਸੋਟੀ ਨਹੀ ਮਾਰੀ! ਪਰ ਮੈਂ ਕਿਹੜਾ ਮਾਰੀ ਸੀ...? ਹੋ ਸਕਦੈ ਖਾੜਕੂ ਬਾਬੇ ਦੇ ਘਰੋਂ ਜਾਂ ਖੇਤੋਂ ਪ੍ਰਛਾਦਾ ਛਕ ਗਏ ਹੋਣ? ਪਰ ਬਾਬੇ
ਨੂੰ ਤਾਂ ਮੰਜੇ 'ਤੇ ਅੜਾਈ ਬੈਠੇ ਐ? ਇਹਦਾ ਤਾਂ ਕੋਈ ਵੱਡਾ ਹੀ ਕਸੂਰ ਲੱਗਦੈ। ਰਣਜੋਧ ਦੀ ਸੋਚ ਉਦੋਂ ਟੁੱਟੀ ਜਦੋਂ ਸਿਪਾਹੀਆਂ ਦੇ ਡੰਡੇ ਉਸ ਦੇ ਸਿਰ ਵਿਚ ਪੈਣ ਲੱਗ ਪਏ। ਉਸ ਦੇ ਸਿਰ 'ਚੋਂ "ਭੜ੍ਹਾਸ" ਨਿਕਲੀ। ਹੱਥਾਂ ਪੈਰਾਂ ਦੀਆਂ ਉਂਗਲਾਂ 'ਤੇ ਪੈਂਦੇ ਡੰਡੇ "ਟੱਕ-ਟੱਕ" ਦੀ ਅਵਾਜ਼ ਕਰਦੇ ਸਨ। ਕੁਝ ਪਲਾਂ ਵਿਚ ਹੀ ਸਿਪਾਹੀਆਂ ਨੇ ਉਸ ਨੂੰ ਝੋਨੇ ਵਾਂਗ ਝਾੜ ਦਿੱਤਾ ਸੀ। ਉਹ ਛੁਰੀਆਂ ਹੇਠ ਪਏ ਸੂਰ ਵਾਂਗ ਕੋਹਿਆ ਜਾ ਰਿਹਾ, ਚੀਕਾਂ ਮਾਰੀ ਜਾ ਰਿਹਾ ਸੀ।
-"ਮਾਈ ਬਾਪ ਇਹ ਤਾਂ ਦੱਸ ਦਿਓ ਬਈ ਮੈਨੂੰ ਕੁੱਟੀ ਕਿਉਂ ਜਾਨੇ ਐਂ? ਕਸੂਰ ਤਾਂ ਮੈਂ ਕੋਈ ਕੀਤਾ ਹੀ ਨਹੀ-ਹਾੜ੍ਹੇ ਮਾਪਿਓ-ਮੇਰਾ ਤਾਂ ਸਰੀਰ ਈ ਤੋੜਤਾ-ਬੱਸ ਕਰੋ ਉਏ ਦੁਸ਼ਮਣੋਂ ਹਾਏ ਉਏ! ਮਰ ਗਿਆ ਸਰਦਾਰ ਜੀ-ਹਟਾਓ ਇਹਨਾਂ ਨੂੰ-ਬਹੁੜ੍ਹੀ...!" ਉਹ ਵਾਸਤੇ ਘੱਤ ਰਿਹਾ ਸੀ। ਸਿਪਾਹੀਆਂ ਨੇ ਇੱਕੋ ਝੁੱਟੀ ਵਿਚ ਹੀ ਉਸ ਦੀ ਸੱਤਿਆ ਸੂਤ ਲਈ ਸੀ।
-"ਤੇਰੀ ਭੈਣ ਨੂੰ ਮੈਂ ਗੜ੍ਹ ਦਿਆਂ...! ਤੇਰਾ ਸਰੀਰ ਨਾ ਤੋੜੀਏ ਤਾਂ ਹੋਰ ਕੀ ਕਰੀਏ...? ਗੱਲ ਤਾਂ ਤੂੰ ਪੁੱਠੀ ਸੁਣਾਉਨੈ...?" ਸਿਪਾਹੀ ਨੇ ਇਕ ਤਕੜਾ ਡੰਡਾ ਟੋਟਣ 'ਚ ਹੋਰ ਧਰ ਦਿੱਤਾ।
ਮੁੰਡਾ ਚੌਫ਼ਾਲ ਧਰਤੀ 'ਤੇ ਡਿੱਗ ਪਿਆ।
-"ਮਾਪਿਓ ਕਸੂਰ ਤਾਂ ਦੱਸ ਦਿਓ ਆਖਰ ਕੀ ਐ...?" ਉਹ ਬਿਲਕਿਆ।
-"ਔਹ ਜਿਹੜਾ ਅੰਦਰ ਦਿੱਤੈ-ਉਹ ਕੌਣ ਐਂ?"
-"ਥੋਨੂੰ ਦੱਸ ਤਾਂ ਦਿੱਤਾ ਜੀ ਬਈ ਇਹ ਬਾਬਾ ਕੱਛ ਆਲੈ।"
ਸਿਪਾਹੀ ਫਿਰ ਵਰ੍ਹ ਪਏ।
ਮੁੰਡਾ "ਭੁੱਲ ਗਿਆ-ਭੁੱਲ ਗਿਆ" ਕਰਦਾ ਭੁੱਲਾਂ ਬਖਸ਼ਉਂਦਾ ਰਿਹਾ। ਪਰ ਹਾਲੇ ਤੱਕ ਉਸ ਨੂੰ ਇਹ ਸਮਝ ਨਹੀ ਆਈ ਸੀ ਕਿ ਉਹ ਸਹੀ ਕਹਿਣ ਦੇ ਬਾਵਜੂਦ ਵੀ ਕੁੱਟ ਕਿਉਂ ਖਾਈ ਜਾ ਰਿਹਾ ਸੀ?
ਠਾਣੇਦਾਰ ਦੇ ਇਸ਼ਾਰੇ ਨਾਲ ਡੰਡੇ ਰੁਕ ਗਏ।
ਰਣਜੋਧ ਦੇ ਨੱਕ 'ਚੋਂ ਖੂਨ ਧਰਾਲੀਂ ਵਹਿ ਰਿਹਾ ਸੀ।
ਪਤਾ ਨਹੀ ਡੰਡਾ ਕਦੋਂ ਨੱਕ 'ਤੇ ਫਿਰ ਗਿਆ ਸੀ।
-"ਹਾਂ-ਹੁਣ ਦੱਸ ਉਹ ਕੌਣ ਐਂ?"
-"ਤੁਸੀਂ ਦੱਸੋ ਜੀ।" ਮੁੰਡੇ ਨੂੰ ਪਤਾ ਸੀ ਕਿ ਡੰਡੇ ਫਿਰ ਸ਼ੁਰੂ ਹੋਣਗੇ, ਖੁਦ ਹੀ ਪੁੱਛ ਲਿਆ ਜਾਵੇ।
-"ਤੂੰ ਕਹਿ ਇਹ ਅੱਤਵਾਦੀ ਐ-ਇਹਦਾ ਮੁੰਡਾ ਅੱਤਵਾਦੀ ਐ-ਤੂੰ ਇਹਦੇ ਖੇਤੋਂ ਕੁਛ ਲੈਣ ਗਿਆ ਸੀ-ਤੇ ਤੂੰ ਇਹਨੂੰ ਅੱਤਵਾਦੀਆਂ ਨੂੰ ਹਥਿਆਰ ਦਿੰਦਾ ਅੱਖੀਂ ਦੇਖਿਐ-ਫਿਰ ਅੱਤਵਾਦੀਆਂ ਨੇ ਇਹਨੂੰ ਤੇ ਇਹਦੇ ਮੁੰਡੇ ਨੂੰ ਕਾਫੀ ਸਾਰੇ ਪੈਸੇ ਦਿੱਤੇ-ਇਹਨੇ ਅੱਤਵਾਦੀਆਂ ਨੂੰ ਅਗਲਾ ਜਖੀਰਾ ਜਲਦੀ ਹੀ ਆਉਣ ਦਾ ਵਾਅਦਾ ਕੀਤਾ - ਸੁਣ ਗਿਆ..?" ਠਾਣੇਦਾਰ ਨੇ ਇੱਕੋ ਸਾਹ ਹੀ ਕਈ ਬਿਆਨ ਕਹਿ ਸੁਣਾਏ।
-".........!" ਸੁਣਦੇ ਰਣਜੋਧ ਦੇ ਦੰਦ ਜੁੜਦੇ ਜਾ ਰਹੇ ਸਨ। ਬਘਿਆੜਾਂ ਦੇ ਘੇਰੇ ਵਿਚ ਪਠੋਰਾ ਆਇਆ ਹੋਇਆ ਸੀ। ਕੋਈ ਵੱਸ ਨਹੀ ਸੀ। ਬਾਬਾ - ਤੇ ਅੱਤਵਾਦੀ...? ਬਾਬਾ ਤਾਂ ਸੌ ਦੇਵਤੇ ਵਰਗਾ ਇਕੱਲਾ ਇਨਸਾਨ ਸੀ।
ਸੋਚਾਂ ਵਿਚ ਪਏ ਮੁੰਡੇ ਦੇ ਇੱਕ ਚੁਪੇੜ ਆ ਪਈ।
-"ਭੈਣ ਦਿਆ ਖਸਮ ਚੰਦਾ-ਤੂੰ ਘੁੱਗੂ ਈ ਹੋ ਗਿਐਂ-ਬੋਲਦਾ ਨਹੀਂ ਉਏ?"
-"ਜੀ ਬਾਬਾ ਤਾਂ-।" ਰਣਜੋਧ ਦੀ ਗੱਲ ਪੂਰੀ ਨਹੀ ਹੋਣ ਦਿੱਤੀ ਕਿ ਸਿਪਾਹੀਆਂ ਨੇ ਉਸ ਨੂੰ ਫਿਰ ਮੁਰਗੀ ਵਾਂਗ ਨੱਪ ਲਿਆ। ਦੂਜੀ ਕਰੜੀ ਝੁੱਟੀ ਨੇ ਰਣਜੋਧ ਦੀ 'ਭਿਆਂ' ਕਰਵਾ ਦਿੱਤੀ।
-"ਮਾਪਿਓ ਜੋ ਕਹੋਂਗੇ, ਕਰੂੰਗਾ-ਪਰ ਹਜੂਰ ਮੇਰੀ ਦੁਹਾਈ ਐ ਐਨਾ ਮਾਰੋ ਨਾ।" ਰਣਜੋਧ ਨੇ ਸੁੱਜੇ ਹੱਥ ਜੋੜ ਦਿੱਤੇ। ਸਰੀਰ ਉਪਰ ਪਏ ਉਬਲਦੇ ਤੇਲ ਵਾਂਗ, ਉਸ ਦਾ ਸਾਰਾ ਸਰੀਰ "ਬਲੂੰ-ਬਲੂੰ" ਕਰਦਾ ਸੀ।
ਠਾਣੇਦਾਰ ਨੇ ਸਿਪਾਹੀ ਰੋਕ ਦਿੱਤੇ।
ਕਈ ਕੋਰੇ ਕਾਗਜ਼ਾਂ ਉਪਰ ਰਣਜੋਧ ਦੇ ਦਸਤਖ਼ਤ ਕਰਵਾ ਲਏ। ਆਪਣੇ ਹੀ ਬਿਆਨ ਠਾਣੇਦਾਰ ਨੇ ਫਿਰ ਦੁਹਰਾਏ ਕਿ ਬਾਬਾ ਅੱਤਿਵਾਦੀ ਹੈ। ਬਾਬੇ ਦਾ ਮੁੰਡਾ ਅੱਤਿਵਾਦੀ ਹੈ। ਬਾਬਾ ਦੇਸ਼-ਧ੍ਰੋਹੀ ਹੈ। ਖ਼ਾੜਕੂਆਂ ਨੂੰ ਮਾਰੂ ਹਥਿਆਰ ਸਪਲਾਈ ਕਰਦਾ ਹੈ..!
ਰਣਜੋਧ ਨੂੰ ਹਵਾਲਾਤ ਵਿਚ ਤਾੜ ਦਿੱਤਾ ਗਿਆ।
-"ਜਨਾਬ ਅੱਗੇ ਕੀ ਹੁਕਮ ਐ?" ਮੁਣਸ਼ੀ ਨੇ ਰਣਜੋਧ ਦੇ ਦਸਤਖ਼ਤਾਂ ਵਾਲੇ ਕਾਗਜ਼ਾਂ ਉਪਰ ਮਨ ਮਰਜ਼ੀ ਦੇ ਬਿਆਨ ਲਿਖਣ ਤੋਂ ਬਾਅਦ ਪੁੱਛਿਆ। ਕਾਗਜ਼ਾਂ ਵਿਚ ਬਾਬਾ ਅਤੇ ਬਾਬੇ ਦਾ ਮੁੰਡਾ
ਗੁਰਪਾਲ ਖ਼ਤਰਨਾਕ ਅੱਤਿਵਾਦੀ ਬਣਾ ਧਰੇ ਸਨ। ਕਾਗਜ਼ਾਂ ਅਨੁਸਾਰ ਬਾਬਾ ਕਈ ਵਾਰ ਬਾਰਡਰ ਟੱਪ ਕੇ ਪਾਕਿਸਤਾਨ ਵੀ ਜਾ ਆਇਆ ਸੀ। ਪਾਕਿਸਤਾਨ ਵਿਚ ਆਈ. ਐਸ. ਆਈ. ਖ਼ੁਫ਼ੀਆ
ਏਜੰਸੀਆਂ ਵਲੋਂ ਚਲਾਏ ਜਾ ਰਹੇ 'ਟਰੇਨਿੰਗ-ਸੈਂਟਰ' ਵਿਚੋਂ ਟਰੇਨਿੰਗ ਵੀ ਲੈ ਆਇਆ ਸੀ। ਕਾਗਜ਼ ਦੱਸ ਰਹੇ ਸਨ ਕਿ ਬਾਬਾ ਏ. ਕੇ. ਸੰਤਾਲੀ ਤੋਂ ਲੈ ਕੇ ਡਰੈਗਨ ਗੰਨ ਤੱਕ ਚਲਾ ਸਕਦਾ ਸੀ। ਰਾਕਟ ਲਾਂਚਰ ਤੋਂ ਲੈ ਕੇ ਮਿੰਨ੍ਹੀ ਤੋਪ ਚਲਾਉਣ ਵਿਚ ਬਾਬਾ ਮਾਹਿਰ ਸੀ। ਨਿਸ਼ਾਨੇ ਦਾ ਐਨਾ ਮਾਹਿਰ ਸੀ ਕਿ ਮਿਲਟਰੀ ਦੇ ਬੁਲਿਟ-ਪਰੂਫ਼ ਟਰੈਕਟਰਾਂ ਦੇ ਕਬਜ਼ੇ ਤੋੜ ਸਕਦਾ ਸੀ। ਭਿੰਡਰਾਂਵਾਲੇ ਸੰਤਾਂ ਦਾ ਸਹਿਯੋਗੀ ਰਿਹਾ ਹੋਣ ਕਰਕੇ ਮੂੰਹੋਂ ਅੱਗ ਉਗਲਦਾ ਸੀ। ਮੰਡ ਇਲਾਕੇ ਵਿਚ ਬਾਬੇ ਨੇ ਦੁਸ਼ਟ ਸੋਧ ਕਮਾਂਡੋ ਫ਼ੋਰਸ ਨਾਲ ਮਿਲ ਕੇ ਅੱਸੀ ਬੰਦੇ ਕਤਲ ਕੀਤੇ ਸਨ। ਬਾਬੇ ਦਾ ਮੁੰਡਾ ਗੁਰਪਾਲ ਸਿੰਘ, ਬੱਬਰ ਖ਼ਾਲਸਾ ਦੇ ਮੁਖੀ ਜਸਦੇਵ ਸਿੰਘ ਬੱਬਰ ਦਾ ਸੱਜਾ ਹੱਥ ਸੀ। ਛੇ ਮਹੀਨੇ ਉਹ ਪਾਕਿਸਤਾਨ ਵਿਚ ਰਹਿੰਦੇ ਵੱਖੋ-ਵੱਖਰੇ ਖ਼ਾੜਕੂ ਜੱਥੇਬੰਦੀਆਂ ਦੇ ਮੁਖੀਆਂ ਕੋਲ ਲਾ ਆਇਆ ਸੀ ਅਤੇ ਕੁਝ ਸਮਾਂ
ਪਹਿਲਾਂ ਹੀ ਉਹ ਜੰਮੂ ਕਸ਼ਮੀਰ ਦੇ ਰਸਤੇ ਭਾਰਤ ਵਿਚ ਦਾਖਲ ਹੋਇਆ ਸੀ। ਹਥਿਆਰਾਂ ਦੇ ਵੱਡਾ ਜ਼ਖ਼ੀਰਾ ਅਤੇ ਤਿੰਨ ਕਰੋੜ ਰੁਪਏ ਲੈ ਕੇ ਉਹ ਪੰਜਾਬ ਆਇਆ ਸੀ। ਖ਼ਾੜਕੂ ਮੁਖੀਆਂ ਵੱਲੋਂ ਭੰਨ-
ਤੋੜ ਦੀਆਂ ਕਾਰਵਾਈਆਂ ਤੋਂ ਲੈ ਕੇ ਮੁੱਖ ਮੰਤਰੀ ਦੇ ਕਤਲ ਤੱਕ ਉਸ ਨੂੰ ਹੁਕਮ ਲਾਇਆ ਸੀ। ਲੁੱਟ-ਮਾਰ, ਬੈਂਕ ਡਕੈਤੀਆਂ ਦੇ ਨਾਲ ਨਾਲ ਉਹ ਦੋ ਸੌ ਕਤਲਾਂ ਦਾ ਜਿ਼ੰਮੇਵਾਰ ਸੀ।
ਮੁਣਸ਼ੀ ਦੇ ਲਿਖੇ ਬਿਆਨ ਲਾਵਾ ਥੁੱਕ ਰਹੇ ਸਨ। ਠਾਣੇਦਾਰ ਨੇ "ਬਹੁਤ ਖ਼ੂਬ" ਕਿਹਾ ਸੀ।
-"ਤੇਰਾ ਦਿਮਾਗ ਕੀ ਕਹਿੰਦੈ?"
-"ਮੇਰਾ ਦਿਮਾਗ ਤਾਂ ਹਜੂਰ ਇਹ ਕਹਿੰਦੈ-ਬਈ ਬਿਆਨ ਤਾਂ ਆਪਾਂ ਲਏ ਖੜ੍ਹੇ ਕਰ-ਜੇ ਆਪਾਂ ਇਹਨਾਂ ਦੇ ਪੈਰ ਲਾਵਾਂਗੇ ਤਾਂ ਈ ਅੱਗੇ ਤੁਰਨਗੇ।"
-"ਮਤਲਬ?"
-"ਮਤਲਬ ਹਜੂਰ ਇਹ ਐ-ਬਈ ਜੇ ਆਪਾਂ ਇਹਨਾਂ ਦੋਨਾਂ ਨੂੰ ਈ ਛੱਡ ਦਿੰਨੇ ਐਂ-ਆਪਣੇ ਬਿਆਨਾਂ 'ਚ ਉੱਕਾ ਈ ਦਮ ਨਹੀ ਰਹਿੰਦਾ।"
-"ਬਿਲਕੁਲ ਦਰੁਸਤ।"
-"ਹੋ ਸਕਦੈ ਅਦਾਲਤ ਵਲੋਂ ਰਿਕਵਰੀ ਹੋਣ ਤੇ ਆਪਾਂ ਨੂੰ ਲਾਈਨ ਹਾਜਰ ਵੀ ਹੋਣਾ ਪੈ ਜਾਵੇ।"
-"ਇਹ ਵੀ ਦਰੁਸਤ।"
-"ਦੂਜੇ ਠਾਣੇ ਅੱਤਵਾਦੀਆਂ ਨੂੰ ਧੜਾ ਧੜ ਫੜ-ਫੜ ਗੱਡੀ ਚਾਹੜੀ ਜਾਂਦੇ ਐ-ਆਪਾਂ ਵੀ ਮਹੂਰਤ ਜਿਆ ਕਰੀਏ? ਆਪਾਂ ਤਾਂ ਅਜੇ ਤੀਕਰ ਹਜੂਰ, ਓਸ ਗੱਲ ਦੇ ਆਖਣ ਮਾਂਗੂੰ, ਰੱਬ ਥੋਡਾ ਭਲਾ ਕਰੇ, ਬਹੁਣੀ ਵੀ ਨਹੀ ਕੀਤੀ।"
ਠਾਣੇਦਾਰ ਸੋਚੀਂ ਪੈ ਗਿਆ।
ਮੁਣਸ਼ੀ ਨੇ ਇਕ ਪੈੱਗ ਲਾ ਕੇ ਗਿਲਾਸ ਠਾਣੇਦਾਰ ਨੂੰ ਫੜਾ ਦਿੱਤਾ।
-"ਹਜੂਰ ਰੱਬ ਥੋਡਾ ਭਲਾ ਕਰੇ-ਜਿੰਨੇ ਮੁੰਡੇ ਖੁੰਡੇ ਮਾਰਾਂਗੇ ਉਨੇ ਈ ਤਰੱਕੀਆਂ ਲਈ ਰਾਹ ਮੋਕਲੇ ਕਰਾਂਗੇ-ਜੇ ਤੁਸੀਂ ਤਿੰਨ ਸਟਾਰਾਂ ਤੇ ਈ ਸਬਰ ਰੱਖਣੈ-ਥੋਡੀ ਮਰਜੀ।"
ਠਾਣੇਦਾਰ ਨੇ ਵੀ ਪੈੱਗ ਪੀ ਲਿਆ।
ਮੁਣਸ਼ੀ ਦਾ ਛੱਡਿਆ ਬਾਣ ਸਿੱਧਾ ਆਨੇ ਵਾਲੀ ਥਾਂ 'ਤੇ ਹੀ ਵੱਜਿਆ ਸੀ।
-"ਹਜੂਰ ਹੱਥ ਪੈਰ ਹਿਲਾਈਏ-ਊਂਈਂ ਅੰਦਰੇ ਅੰਦਰ ਉੱਲੀ ਲੱਗਦੀ ਜਾਂਦੀ ਐ-ਸਿਆਣੇ ਆਖਦੇ ਐ-ਚੱਲਾਂਗੇ ਤਾਂ ਹੀ ਪਹੁੰਚਾਂਗੇ-ਇਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਅਨੀਂਦਰੇ ਨੇ ਮਾਰਿਆ-ਮੈਂ ਥੋਡੀ ਥਾਂ ਹੁੰਦਾ ਹੁਣ ਨੂੰ ਪੱਚੀ ਤੀਹ ਗਾਂਹਾਂ ਕੀਤੇ ਹੁੰਦੇ ਤੇ ਨਾਲੇ ਓਸ ਗੱਲ ਦੇ ਆਖਣ ਮਾਂਗੂੰ ਬੈਂਕਾਂ ਭਰੀਆਂ ਹੁੰਦੀਆਂ-ਅੱਤਵਾਦ ਰੱਬ ਨੇ ਆਪਣੇ ਭਲੇ ਲਈ ਹੀ ਤੋਰਿਐ-ਲੈ ਲਓ ਲਾਹਾ ਪਿੱਛੋਂ ਕਿਸੇ ਨੇ ਨਹੀ ਪੁੱਛਣਾ-ਜਦੋਂ ਬੰਤੋ ਰੇਲ ਚੜ੍ਹਗੀ ਮੁੰਡੇ ਰੋਣਗੇ ਰੁਮਾਲਾਂ ਵਾਲੇ-ਔਹ ਪੋਪਲ਼ ਜਿਹੇ ਜੱਟ ਰਣਜੋਧ ਦਾ ਪੰਜਾਹ ਹਜਾਰ ਤੁਸੀਂ ਲੈ ਹੀ ਲਿਐ।"
-"ਤੈਨੂੰ ਕੀ ਪਤੈ?"
ਠਾਣੇਦਾਰ ਹੈਰਾਨ ਸੀ।
ਮੁਣਸ਼ੀ ਬੋਲਿਆ।
-"ਹਜੂਰ ਮੇਰੇ ਸਤਾਰਾਂ ਅੱਖਾਂ ਐਂ।"
-"ਖ਼ੈਰ...!"
-"ਥੋਡੀ ਥਾਂ ਮੈਂ ਹੁੰਦਾ ਪੂਰਾ ਲੱਖ ਲੈਂਦਾ-ਤੁਸੀਂ ਜੀਤ ਸਿੰਘ ਸਿੱਧੂ ਦੀ ਗੱਲ ਈ ਲੈ ਲਵੋ-ਮੁੰਡੇ ਮਾਰ ਮਾਰ ਹੌਲਦਾਰ ਤੋਂ ਐਸ. ਐਸ. ਪੀ. ਬਣ ਗਿਆ-ਨਾਮਾਂ ਬਾਧੂ ਰੋਲਤਾ ਮਾਰ ਫੜਕੇ-ਡੀ. ਜੀ. ਪੀ. ਉਹਨੂੰ ਘਰੇ ਥਾਪੀ ਦੇਣ ਆਉਂਦੈ-ਤੇ ਆਪਾਂ ਨੂੰ ਸਾਲੇ ਐਸ. ਪੀ. ਕੁੱਕੜਾਂ ਆਲੀਆਂ ਤਾੜਾਂ ਮਾਰਦੇ ਐ-ਪੈਸਾ ਖੋਟਾ ਆਪਣਾ ਬਾਣੀਏਂ ਨੂੰ ਕੀ ਦੋਸ਼? ਕਸੂਰ ਤਾਂ ਸਾਰਾ ਆਬਦੈ-ਕੀ ਦੋਸ਼ ਨਸੀਬੋ ਨੂੰ ਸੱਤੂ ਆਪਣੇ ਮੁੱਕੇ ਫਿਰਦੇ।"
ਦੋਹਾਂ ਨੇ ਬੋਤਲ ਖਾਲੀ ਕਰ ਦਿੱਤੀ।
-"ਹਜੂਰ ਜੇ ਖੜਕਾ ਦੜਕਾ ਕਰਾਂਗੇ-ਆਪਣੀ ਤੂਤੀ ਤਾਂ ਈ ਸਰਕਾਰੇ ਦਰਬਾਰੇ ਵੱਜੂ-ਹੱਥ ਪੈਰ ਹਿਲਾਵਾਂਗੇ ਤਾਂ ਈ ਰਾਲ਼-ਬੋਲ਼ ਬਣੂੰ-ਇਕ ਗ੍ਰਿਫ਼ਤਾਰੀ ਮਗਰ ਲੱਖ ਲੱਖ ਰੁਪਈਆ ਗੋਲੀ ਬਣਿਆ ਆਇਆ ਕਰੂ-ਹੁਣ ਤਾਂ ਧੀ ਦਾ ..... ਈ ਯਹਾਵੇ ਲੋਕ ਸਾਨੂੰ ਤਿੰਨਾਂ ਤੇਰ੍ਹਾਂ 'ਚ ਈ ਨਹੀ ਸਮਝਦੇ-ਫੇਰ ਦੇਖਿਓ ਕਿਵੇਂ ਨੀਕਰਾਂ ਖੋਲ੍ਹ ਖੋਲ੍ਹ ਕੇ ਮੂਹਰੇ ਖੜ੍ਹਦੇ ਐ-ਚਾਹੇ ਸਾਲਿਆਂ ਦੀ....ਲੈ ਲਿਆ
ਕਰਿਓ-ਤੀਮੀਂ ਦੀ ਜਮਾਂ ਲੋੜ ਨਹੀ-ਤੀਮੀਂ ਦੀਆਂ ਬਾਧੂ ਜੁੱਤੀਆਂ ਖਾਣੀਐਂ? ਲੁੱਟ ਲੈ ਬਹਾਰ ਜੈਮਲਾ ਦਿਨ ਰਹਿਗੇ ਤੀਆਂ ਦੇ ਥੋੜੇ।" ਮੁਣਸ਼ੀ ਸ਼ਰਾਬੀ ਹੋ ਗਿਆ ਸੀ।
ਮੁਣਸ਼ੀ ਦੀਆਂ ਸਾਰੀਆਂ ਗੱਲਾਂ ਨਾਲ ਠਾਣੇਦਾਰ ਸਹਿਮਤ ਸੀ, ਪਰ 'ਮੁਕਾਬਲਾ' ਬਣਾਉਣ ਤੋਂ ਜਰਕ ਰਿਹਾ ਸੀ। ਉਸ ਨੇ ਅਸਲੀਅਤ ਮੁਣਸ਼ੀ ਅੱਗੇ ਰੱਖ ਦਿੱਤੀ।
-"ਤੁਸੀਂ ਬੰਦਾ ਜਰੂਰ ਮਾਰਨੈ...? ਸਿਪਾਹੀ ਕਾਹਦੇ ਆਸਤੇ ਐ? ਪਿੰਡਾ ਅਗਾਂਹ ਪੁੱਤਾ ਪਿਛਾਂਹ-ਤੁਸੀਂ ਦਾਰੂ ਦੀਆਂ ਚਾਰ ਬੋਤਲਾਂ ਉਹਨਾਂ ਦੇ ਹੱਥ ਦਿਓ-ਪੀ ਕੇ ਬੰਦਾ ਮਾਰਨਾਂ ਮਿੰਟ ਦਾ ਕੰਮ ਐਂ-ਦਾਰੂ
ਪੀ ਕੇ ਬੰਦਾ ਦਲੇਰ ਹੁੰਦੈ-ਫੀਮ ਦਾ ਨਸ਼ਾ ਬੰਦੇ ਨੂੰ ਡਰਾਕਲ਼ ਬਣਾਉਂਦੈ-ਆਪਾਂ ਹਜੂਰ ਪੁਲਸ ਆਲੇ ਐਂ-ਪੁਲਸ ਆਲੇ ਜਮਦੂਤਾਂ ਨਾਲੋਂ ਕਿਵੇਂ ਵੀ ਘੱਟ ਨਹੀਂ ਹੁੰਦੇ-ਜਿਹੜੇ ਪੁਲਸੀਏ ਨੇ ਗਾਂਧੀ ਮਾਰਗ ਅਪਨਾ ਲਿਆ, ਸਮਝੋ ਗਿਆ! ਆਪਣੇ ਬਾਰੇ ਸੋਚੋ-ਧੀ ਦੀ....ਯਹਾਵੇ ਦੁਨੀਆਂ! ਥੋਡੇ ਨਾਲ ਲੱਕੜ ਸੰਗ ਲੋਹਾ ਅਸੀਂ ਵੀ ਤਰਜਾਂਗੇ-ਮੋਤੀਆਂ ਆਲੀ ਸਰਕਾਰ ਸੌ ਹੱਥ ਰੱਸਾ ਸਿਰੇ ਤੇ ਗੰਢ-ਮੇਲੇ 'ਚ ਚੂਹੜ੍ਹੀ ਦੇ ਜਿੰਨੀਆਂ ਚੂੰਢੀਆਂ ਵੱਢੋ, ਓਨੀ ਈ ਖੁਸ਼ ਰਹਿੰਦੀ ਐ-ਏਸੇ ਤਰ੍ਹਾਂ ਅੱਤਵਾਦ 'ਚ ਜਿੰਨੇ ਜਿਆਦਾ ਗੱਡੀ ਚਾਹੜਾਂਗੇ-ਉਨੇ ਈ ਸਰਕਾਰ ਦੇ ਹੀਰੋ ਬਣਾਂਗੇ-।"
-"ਤੇ ਧਰਮਰਾਜ ਨੂੰ ਕੀ ਹਿਸਾਬ ਦੇਵਾਂਗੇ?"
-"ਧਰਮਰਾਜ...? ਕਿਹੜਾ ਧਰਮਰਾਜ...? ਮੇਰੀ ਪੜ੍ਹੀ ਲਿਖੀ ਮੂਰਖ ਸਰਕਾਰ! ਅੱਗਾ ਕਿਸੇ ਨੇ ਦੇਖਿਐ? ਸਾਰਾ ਕੁਛ ਐਥੇ ਈ ਐ-ਪੈਸੇ ਆਲ਼ਾ ਸਵਰਗੀ-ਨੰਗ ਨਰਕੀ।" ਮੁਣਸ਼ੀ ਨੇ ਰੇਤ ਕੇ ਠਾਣੇਦਾਰ ਨੂੰ ਤਿੱਖਾ ਕਰ ਦਿੱਤਾ।
-"ਹੁਣ ਕੀ ਟਾਈਮ ਹੋਇਐ?"
-"ਹਜੂਰ ਇਕ ਵੱਜਿਐ।"
-"ਅੰਦਰੋਂ ਮੁੰਡਿਆਂ ਨੂੰ ਚਾਰ ਬੋਤਲਾਂ ਫੜਾ ਤੇ ਮੁਕਾਬਲੇ ਦੀ ਤਿਆਰੀ ਕਰੋ!"
ਠਾਣੇਦਾਰ ਚੁਬਾਰੇ ਚੜ੍ਹ ਗਿਆ।
ਮੁਣਸ਼ੀ ਦੇ ਦਿਲ ਦੀ ਹੋ ਗਈ।
ਉਸ ਨੇ ਅੱਠ ਬੋਤਲਾਂ ਦਸਾਂ ਜਾਣਿਆਂ ਵਿਚ ਵੰਡ ਦਿੱਤੀਆਂ। ਦੋ-ਦੋ ਪੈੱਗਾਂ ਤੋਂ ਬਾਅਦ ਮੁਣਸ਼ੀ ਨੇ ਉਹਨਾਂ ਨੂੰ ਕੋਲ ਬੁਲਾ ਕੇ "ਮੁਕਾਬਲੇ" ਦੀ ਕੰਨ ਵਲੇਲ ਪਾ ਦਿੱਤੀ।
-"ਬਹੁਣੀ ਕਰੋ-ਉਗਰਾਹੀ ਬਾਅਦ।" ਮੁਣਸ਼ੀ ਨੇ ਸਿਪਾਹੀਆਂ ਨੂੰ ਮਿੱਠੀ ਉਂਗਲ ਚਟਾਈ ਸੀ।
-"ਤੂੰ ਦੇਖ ਲਈਂ-ਬੰਦੇ ਆਪਾਂ ਤੋਂ ਮਰਵਾਉਣਗੇ ਤੇ ਢਿੱਡ ਆਪ ਭਰਨਗੇ।" ਇੱਕ ਸਿਪਾਹੀ ਨੇ ਦੂਜੇ ਸਿਪਾਹੀ ਨੂੰ ਕਿਹਾ।
-"ਤੂੰ ਕਿਤੇ ਮੁੱਛਾਂ ਜੀਆਂ ਨਾ ਪਟਾਲੀਂ ਸਾਲ਼ਾ ਚਗਲ਼!" ਮੁਣਸ਼ੀ ਨੇ ਮੁੜ ਕੇ ਕਿਹਾ।
-"ਕਿਉਂ ਸੱਚੀ ਹੱਡ ਤੇ ਵੱਜੀ?"
-"ਜੰਮਣ ਨੂੰ ਦਾਦੀ-ਪਾਲਣ ਨੂੰ ਭਰਵਾਣੀ?" ਕਿਸੇ ਹੋਰ ਨੇ ਕਿਹਾ।
-"ਉਏ ਤੁਸੀਂ ਨੌਕਰੀ ਕਰਨੀ ਐਂ ਕਿ ਨਹੀ ਕਰਨੀ?" ਮੁਣਸ਼ੀ ਨੇ ਡਰਾਇਆ।
-"ਸਾਥੋਂ ਮੁਫ਼ਤੀ ਬੰਦੇ ਨਹੀ ਮਾਰੇ ਜਾਂਦੇ।" ਇੱਕ ਨੇ ਭੌਣ ਤੋਂ ਲਾਹ ਦਿੱਤੀ।
-"ਤੇ ਉਹ ਵੀ ਬੇਦੋਸ਼ੇ?"
ਅੰਦਰੋਂ ਇੱਕ ਸਿਪਾਹੀ ਸਾਹੋ ਸਾਹ ਹੋਇਆ ਭੱਜਿਆ ਹੀ ਆਇਆ।
-"ਉਏ ਤੂੰ ਕਿਵੇਂ ਰੇਵੀਏ ਪਿਆ ਆਉਨੈ?" ਮੁਣਸ਼ੀ ਨੇ ਉਸ ਨੂੰ ਮੁੜ੍ਹਕੋ ਮੁੜ੍ਹਕੀ ਤੱਕ ਕੇ ਪੁੱਛਿਆ।
-"ਬਾਬਾ ਬੇਹੋਸ਼ ਹੋ ਗਿਆ...।" ਉਸ ਨੇ ਹੌਂਕਦੇ ਨੇ ਦੱਸਿਆ। ਉਸ ਦਾ ਸਾਹ ਨਾਲ ਸਾਹ ਨਹੀ ਰਲਦਾ ਸੀ।
-"ਫੇਰ ਕੀ ਲੋਹੜ੍ਹਾ ਆ ਗਿਆ...? ਉਹਨੂੰ ਮੰਜੇ ਨਾਲੋਂ ਲਾਹਦੇ-ਤੁਸੀਂ ਪੈੱਗ ਸ਼ੈੱਗ ਲਾਓ-ਸਰਦਾਰ ਆਉਣ ਈ ਆਲੈ-ਚਲੋ ਘੁੱਟ ਲਾ ਕੇ ਕੰਡੇ 'ਚ ਹੋਵੋ ਮੇਰੇ ਵੀਰ-ਜੇ ਤਰੱਕੀਆਂ ਪਾਉਣੀਐਂ ਤਾਂ ਮਾੜਾ ਮੋਟਾ ਹੱਥ ਪੈਰ ਤਾਂ ਹਿਲਾਉਣਾ ਈ ਪਊ।" ਕਸੂਤੇ ਫਸੇ ਮੁਣਸ਼ੀ ਨੇ ਲਾਲਚ ਦਿੱਤਾ।
ਠਾਣੇਦਾਰ ਆਉਣ 'ਤੇ ਸਾਰੇ ਸਿਪਾਹੀ ਆਪੋ ਆਪਣੇ ਪੈੱਗ ਲਾਉਣ ਲਈ ਜੁਟ ਗਏ। ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਬੜੀ ਤੇਜ਼ੀ ਨਾਲ ਪੀ ਰਹੇ ਸਨ।

No comments:

Post a Comment