ਪੁਰਜਾ ਪੁਰਜਾ ਕਟਿ ਮਰੈ (ਕਾਂਡ 8)

ਤਲਵੰਡੀ ਵਾਲੀ ਪੁਲੀ 'ਤੇ ਹੋਏ "ਮੁਕਾਬਲੇ" ਬਾਰੇ ਸੁਣ ਕੇ ਸਾਰੇ ਇਲਾਕੇ ਵਿਚ ਹਾਹਾਕਾਰ ਮੱਚ ਗਈ ਸੀ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪੁਲੀਸ ਨੇ, ਮੁਹਤਬਰ ਬੰਦਿਆਂ ਦੀ ਜਿ਼ੰਮੇਵਾਰੀ 'ਤੇ ਦੋਨੋਂ ਲਾਸ਼ਾਂ, ਵਾਰਸਾਂ ਸਪੁਰਦ ਕਰ ਦਿੱਤੀਆਂ ਸਨ। ਜਦੋਂ ਪਾੜੀਆਂ-ਝੀੜੀਆਂ ਲਾਸ਼ਾਂ ਪਿੰਡ ਪਹੁੰਚੀਆਂ ਤਾਂ ਸਾਰੇ ਪਿੰਡ ਦੇ ਚੁੱਲ੍ਹੇ ਬਲਣੇ ਬੰਦ ਹੋ ਗਏ। ਰਣਜੋਧ ਦੀ ਮਾਂ, ਭੈਣ ਅਤੇ ਪਤਨੀ ਨੂੰ ਦੰਦਲਾਂ ਦੌਰੇ ਪਈ ਜਾ ਰਹੇ ਸਨ। ਬਲੀ ਸਿੰਘ ਕੰਧਾਂ ਨਾਲ ਟੱਕਰਾਂ ਮਾਰ ਰਿਹਾ ਸੀ। ਪਰ ਪਿੰਡ ਦੇ ਹਮਦਰਦ ਲੋਕਾਂ ਨੇ ਉਹਨਾਂ ਨੂੰ ਸੰਭਾਲ ਰੱਖਿਆ ਸੀ। ਸਾਰੇ ਪਿੰਡ ਨੂੰ ਹੌਲ ਪਿਆ ਹੋਇਆ ਸੀ। ਜਿਵੇਂ ਪਿੰਡ ਵਿਚ ਕੋਈ 'ਦੈਂਤ' ਪੈਣ ਲੱਗ ਪਿਆ ਸੀ। ਜਿਵੇਂ ਪਿੰਡ 'ਉੱਜੜ' ਚੱਲਿਆ ਸੀ। ਕੋਈ ਪੁੱਛ- ਪੜਤਾਲ ਨਹੀਂ ਸੀ। ਕੋਈ ਸੁਣਵਾਈ ਨਹੀਂ ਸੀ। ਪਲਾਂ ਵਿਚ ਦੋ ਨਿਰਦੋਸ਼ ਬੰਦੇ ਮਿੱਟੀ ਕਰ ਦਿੱਤੇ ਸਨ। ਕੀ ਕਹਿਰ ਸੀ? ਕੋਈ ਕਾਰਵਾਈ ਨਹੀ ਸੀ। ਕਿਸੇ ਰੀਡਰ ਨੇ ਬਲੀ ਸਿੰਘ ਦੇ ਬਿਆਨ ਨਹੀ ਲਏ ਸਨ। ਸਗੋਂ ਹੀਲ ਹੁੱਜਤ ਕਰਨ 'ਤੇ ਅੰਦਰ ਦੇਣ ਦੀ ਧਮਕੀ ਦੇ ਮਾਰੀ ਸੀ। ਬਲੀ ਸਿੰਘ ਅਤੇ ਸਰਪੰਚ ਬੇਵੱਸ, ਮੁੱਠੀਆਂ ਮੀਟ ਕੇ ਬਾਹਰ ਆ ਗਏ ਸਨ।
ਦੋਨਾਂ ਲਾਸ਼ਾਂ ਦਾ ਮਾੜਾ ਮੋਟਾ ਇਸ਼ਨਾਨ ਕਰਵਾ ਕੇ ਸ਼ਮਸ਼ਾਨ-ਭੂਮੀ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ। ਸਾਰਾ ਪਿੰਡ ਅਰਥੀਆਂ ਦੇ ਮਗਰ ਗਿਆ ਸੀ। ਬਲੀ ਸਿੰਘ ਦੇ ਘਰ 'ਤੇ ਕਹਿਰ ਵਰ੍ਹਿਆ ਹੋਇਆ ਸੀ। ਮਕਾਣਾਂ 'ਤੇ ਮਕਾਣਾਂ ਆ ਰਹੀਆਂ ਸਨ। ਪਰ ਹਰ ਕੌਰ ਦਾ ਮਨ ਕੁਝ ਕੁ ਸਥਿਰ ਸੀ। ਉਸ ਨੇ ਬਾਬੇ ਨਵਿਰਤ ਸਹਿਜ ਪਾਠ ਪ੍ਰਕਾਸ਼ ਕਰਵਾ ਦਿੱਤਾ ਸੀ। ਹਰ ਸਾਕ ਸਬੰਧੀ ਨੂੰ ਰੋਣ ਤੋਂ ਵਰਜ ਦਿੱਤਾ ਸੀ। ਉਹ ਹਰ ਵਕਤ ਪਾਠ ਕਰਦੀ ਰਹਿੰਦੀ। ਸਾਰੀ ਰਾਤ, ਸਾਰਾ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਪਈ ਰਹਿੰਦੀ। ਕਦੇ ਕਦੇ ਉਠ ਕੇ ਮੱਥਾ ਰਗੜਣ ਲੱਗ ਜਾਂਦੀ ਅਤੇ ਆਪਣੇ ਜੀਵਨ ਸਾਥੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਲਈ ਗੁਰੂ ਮਹਾਰਾਜ ਅੱਗੇ ਅਰਜ਼ੋਈਆਂ ਕਰਦੀ, ਬੇਨਤੀਆਂ ਕਰਦੀ। ਆਪਣੇ ਪਵਿੱਤਰ ਚਰਨਾਂ ਵਿਚ ਜਗ੍ਹਾ ਪ੍ਰਦਾਨ ਕਰਨ ਲਈ ਅਰਦਾਸਾ ਸੋਧਦੀ। ਪਰ ਅੱਖੋਂ ਹੰਝੂ ਨਾ ਸੁੱਟਦੀ। ਦਿਲ ਛੋਟਾ ਨਾ ਕਰਦੀ। ਹਰ ਛਿਣ ਗੁਰੂ ਮਾਹਰਾਜ ਦਾ ਸੁਕਰਾਨਾਂ ਕਰੀ ਜਾਂਦੀ। ਪੁੱਤਰ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਦੀ। ਲੋਕ ਕਿਆਫ਼ੇ ਲਾਉਣ ਲੱਗ ਪਏ ਸਨ ਕਿ ਹਰ ਕੌਰ ਦਾ ਦਿਮਾਗ "ਫਿਰ" ਗਿਆ ਸੀ। ਪਰ ਹਰ ਕੌਰ ਰੱਬ ਦੀ ਰਜ਼ਾ ਵਿਚ ਰਾਜ਼ੀ ਸੀ। ਸੰਤੁਸ਼ਟ ਸੀ।
ਅੱਧੀ ਰਾਤੋਂ ਪੰਜ ਜਣੇਂ ਕੰਧ ਟੱਪ ਕੇ ਹਰ ਕੌਰ ਦੇ ਵਿਹੜੇ ਵਿਚ ੳੁੱਤਰ ਗਏ। ਪੰਜੇ ਹੀ ਹਥਿਆਰਬੰਦ ਅਤੇ ਮੂੰਹ ਬੰਨ੍ਹੇ ਹੋਏ ਸਨ।
ਇੱਕ ਨੇ ਅੰਦਰ ਜਾ ਕੇ ਬੱਤੀ ਬਾਲ ਲਈ।
ਹਰ ਕੌਰ ਉਸੀ ਤਰ੍ਹਾਂ ਸ਼ਾਂਤ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ-ਹਜੂਰੀ ਵਿਚ ਅਡੋਲ ਪਈ ਸੀ।
-"ਬੇਬੇ...!"
-"ਆ ਗਿਐਂ ਪੁੱਤ...?" ਜਿਵੇਂ ਹਰ ਕੌਰ ਕਾਫ਼ੀ ਦੇਰ ਤੋਂ ਪੁੱਤ, ਢਿੱਡ ਦੀ ਅੱਗ ਨੂੰ ਉਡੀਕ ਰਹੀ ਸੀ।
-"ਹਾਂ ਬੇਬੇ...!"
-"ਤੇਰਾ ਬਾਪੂ ਸ਼ਹੀਦ ਹੋ ਗਿਆ ਪੁੱਤ।" ਬੇਬੇ ਗੁਰਪਾਲ ਨੂੰ ਪੱਥਰ ਬਣੀ ਦੱਸੀ ਜਾ ਰਹੀ ਸੀ।
-"ਮੈਨੂੰ ਪਤਾ ਲੱਗ ਗਿਐ ਬੇਬੇ।" ਗੁਰਪਾਲ ਦੇ ਬੋਲਾਂ ਵਿਚ ਹੰਝੂ ਅੜਕ ਗਏ। ਉਸ ਦੀ ਅਵਾਜ਼ ਘਗਿਆ ਗਈ ਸੀ। ਅੱਖਾਂ ਨਮ ਹੋ ਗਈਆਂ।
-"ਰੋਣਾ ਨਹੀਂ ਗੁਰਪਾਲ-ਰੋ ਕੇ ਸ਼ਹੀਦ ਦੀ ਸ਼ਹੀਦੀ ਮਿੱਟੀ ਰੁਲ਼ਦੀ ਐ ਪੁੱਤ-ਕਲਗੀਧਰ ਪਿਤਾ ਦਾ ਸੁਕਰ ਕਰ-।"
-"......!" ਗੁਰਪਾਲ ਕੁਝ ਸੰਭਲ ਗਿਆ। ਬੇਬੇ ਦੇ ਅਥਾਹ ਹੌਸਲੇ ਨੇ ਉਸ ਹੇਠ ਥੰਮ੍ਹ ਦੇ ਦਿੱਤੇ ਸਨ। ਉਹ ਤਾਂ ਸੋਚ ਰਿਹਾ ਸੀ ਕਿ ਬੇਬੇ ਰੋ-ਰੋ ਕੇ ਕਮਲ਼ੀ ਹੋ ਗਈ ਹੋਵੇਗੀ। ਜਿਸ ਕਰਕੇ ਉਹ ਜਾਨ ਤਲ਼ੀ 'ਤੇ ਧਰ ਕੇ ਬੇਬੇ ਨੂੰ ਮਿਲਣ ਆਇਆ ਸੀ। ਪਰ ਹੁਣ ਉਹ ਪੂਰੀ ਤਰ੍ਹਾਂ ਸੰਤੁਸ਼ਟ ਸੀ।
-"ਗੁਰਪਾਲ ਤੇਰੇ ਬਾਪੂ ਦਾ ਇੱਕ ਸੁਨੇਹਾਂ ਐਂ।"
-"ਕੀ ਬੇਬੇ...?" ਗੁਰਪਾਲ ਵਿਆਕੁਲ ਹੋ ਉਠਿਆ।
-"ਉਹ ਕਹਿੰਦਾ ਸੀ ਬਈ ਹਥਿਆਰ ਪੁਲਸ ਨੇ ਤੇਰੇ ਹੱਥ ਫੜਾ ਈ ਦਿੱਤਾ ਐ-ਹੁਣ ਪਾ ਦੇਈਂ ਖਿਲਾਰੇ-ਨਿਰਦੋਸ਼ੇ ਤੇ ਵਾਰ ਨਹੀ ਕਰਨਾ-ਜਾਬਰ ਨੂੰ ਸੋਧਾ ਲਾਉਂਦੇ ਸਮੇਂ ਜਰਕਣਾ ਨਹੀ-ਗੱਦਾਰ ਤੇ ਬੁਜ਼ਦਿਲ ਨਾ ਬਣੀ-ਹੱਸ ਹੱਸ ਕੇ ਸ਼ਹੀਦੀਆਂ ਪਾਈਂ ਪੁੱਤ-ਤੇ ਮੇਰੇ ਦੁੱਧ ਦੀ ਵੀ ਲਾਜ ਰੱਖੀਂ ਸ਼ੇਰ ਬੱਗਿਆ-ਮੈਨੂੰ ਤੇਰੇ ਤੇ ਮਾਣ ਹੋਊ-ਸ਼ਹੀਦ ਨੂੰ ਦਸਵੇਂ ਪਾਤਸ਼ਾਹ ਆਪ ਹਿੱਕ ਨਾਲ ਲਾਉਂਦੇ ਐ ਗੁਰਪਾਲ-ਮੈਦਾਨੋਂ ਪਿੱਠ ਦਿਖਾ ਕੇ ਨਾ ਭੱਜੀਂ-ਗੁਰੂ ਮਾਹਾਰਾਜ ਦਾ ਹੱਥ ਹਮੇਸ਼ਾਂ ਤੇਰੇ ਸਿਰ ਤੇ ਐ-ਤੂੰ ਹਿੰਦ ਸਰਕਾਰ ਦਾ ਚਾਹੇ ਗੱਦਾਰ ਹੋਵੇਂ-ਪਰ ਖ਼ਾਲਸਾ ਪੰਥ ਦਾ ਹੀਰੋ ਐਂ ਗੁਰਪਾਲ!" ਬੇਬੇ ਇੱਕੋ ਸਾਹ ਹੀ ਬੋਲੀ ਜਾ ਰਹੀ ਸੀ। ਬੇਬੇ ਦੇ ਫ਼ੌਲਾਦੀ ਹੌਸਲੇ ਵੱਲ ਤੱਕ ਗੁਰਪਾਲ ਦੀਆਂ ਅੱਖਾਂ ਵਿਚੋਂ "ਤਰਿੱਪ-ਤਰਿੱਪ" ਹੰਝੂ ਚੋਅ ਰਹੇ ਸਨ।
-"ਤੂੰ ਫਿਕਰ ਨਾ ਕਰ ਬੇਬੇ-ਸਹੁੰ ਤੇਰੀ, ਤੇਰੇ ਦੁੱਧ ਨੂੰ ਲਾਜ ਨਹੀਂ ਲਾਉਂਦਾ-ਮੈਨੂੰ ਸ਼ਹਾਦਤ ਵਾਲਾ ਰਸਤਾ ਮਿਲ ਗਿਆ ਹੈ ਤੇ ਮੈਂ ਕਮਰਕਸਾ ਕਰਕੇ ਇਸ ਰਾਹ ਤੇ ਤੁਰ ਪਿਆ ਹਾਂ-ਗੁਰੂ ਮਾਹਾਰਾਜ ਕਿਰਪਾ ਕਰਨ-ਪੰਥ ਦੋਖੀਆਂ ਅਤੇ ਦੁਸ਼ਟਾਂ ਨੂੰ ਦਿਨਾਂ ਵਿਚ ਹੀ ਸੋਧ ਧਰਾਂਗੇ-ਬੱਸ ਤੂੰ ਹੌਸਲਾ ਨਾ ਹਾਰੀਂ-ਬਾਪੂ ਦੇ ਭੋਗ ਤੇ ਮੇਰੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਵਾ ਦੇਵੀਂ-ਹੁਣ ਪਤਾ ਨਹੀਂ ਕਦੋਂ ਮੇਲੇ ਹੋਣ-।"
-"ਤੂੰ ਤਾਂ ਗੁਰਪਾਲਿਆ ਬੱਚਿਆਂ ਆਂਗੂੰ ਹਮੇਸ਼ਾਂ ਮੇਰੀ ਹਿੱਕ ਤੇ ਈ ਲਿਟਿਆ ਰਹਿੰਨੈ-ਮੈਨੂੰ ਮਹਿਸੂਸ ਈ ਨਹੀਂ ਹੁੰਦਾ ਬਈ ਤੂੰ ਮੈਥੋਂ ਕਿਤੇ ਦੂਰ ਐਂ।"
-"ਗੁਰਪਾਲ ਟਾਈਮ ਬਹੁਤ ਹੋ ਗਿਆ-ਜਲਦੀ ਕਰ ਵੀਰੇ!" ਬਾਹਰੋਂ ਵਿਹੜੇ ਵਿਚੋਂ ਰੇਸ਼ਮ ਸਿੰਘ ਉਰਫ਼ 'ਬੰਬ' ਨੇ ਧੀਮੀਂ ਅਵਾਜ਼ ਵਿਚ ਕਿਹਾ।
-"ਚੰਗਾ ਬੇਬੇ-ਮੈਂ ਚੱਲਦੈਂ-ਕਿਤੇ ਫੇਰ ਸਹੀ-।" ਗੁਰਪਾਲ ਤੋਂ ਬੇਬੇ ਦਾ ਵਿਛੋੜਾ ਝੱਲਿਆ ਨਹੀ ਜਾਂਦਾ ਸੀ।
-"ਚੰਗਾ ਪੁੱਤ-ਮੇਰਾ ਫਿ਼ਕਰ ਨਾ ਕਰੀਂ-ਆਹ ਦੇਖ ਸਰਬੰਸ ਵਾਰਨ ਵਾਲਾ ਦਾਤਾ ਹਮੇਸ਼ਾਂ ਮੇਰੇ ਨਾਲ ਰਹਿੰਦੈ-ਆਪ ਦੀ ਮੰਜਿਲ ਪਾ ਪੁੱਤ-ਗੁਰੂ ਮਹਾਰਾਜ ਤੇਰੇ ਅੰਗ ਸੰਗ ਰਹਿਣ।"
ਗੁਰਪਾਲ ਨੇ ਬੇਬੇ ਨੂੰ ਬੜੇ ਹੇਰਵੇ ਨਾਲ, ਜ਼ੋਰ ਦੀ ਘੁੱਟਿਆ। ਗਲਵਕੜੀ ਪਾਈ। ਉਸ ਦਾ ਸੀਨਾਂ ਅੰਦਰੋਂ ਲੀਰੋ ਲੀਰ, ਭਰਾੜ੍ਹ ਹੋਇਆ ਪਿਆ ਸੀ। ਕੱਟੀ-ਵੱਢੀਦੀ ਰੂਹ ਅੰਦਰੋਂ ਲਹੂ-ਲੁਹਾਣ ਸੀ। ਉਸ ਦਾ ਦਿਲ ਧਾਂਹਾਂ ਮਾਰਨ ਨੂੰ ਕਰਦਾ ਸੀ। ਪਰ ਕੀ ਕਰਦਾ? ਵਕਤ ਹੀ ਐਸਾ ਸੀ।
-"ਸੱਚ ਗੁਰਪਾਲ! ਮੈਂ ਤੇਰੇ ਆਸਤੇ ਦੁੱਧ ਤੱਤਾ ਕਰਕੇ ਰੱਖਿਆ ਸੀ-ਉਹ ਪੀ ਜਾ ਪੁੱਤ-ਨਹੀ ਮੇਰੀਆਂ ਆਂਦਰਾਂ ਤੜਫਦੀਆਂ ਰਹਿਣਗੀਆਂ-ਮੇਰਾ ਅੰਦਰਲਾ ਕਹਿੰਦਾ ਸੀ ਬਈ ਤੂੰ ਜਰੂਰ ਆਵੇਂਗਾ-ਦੁੱਧ ਪੀਂਦਾ ਜਾਹ।" ਬੇਬੇ ਇੱਕ ਦਮ ਉਠੀ ਤਾਂ ਗੁਰਪਾਲ ਦਾ ਦਿਲ ਭਰ ਕੇ ਉਛਲ ਗਿਆ। ਹੰਝੂ ਧਰਾਲੀਂ ਵਹਿ ਤੁਰੇ। ਮਨ ਕੀਰਨੇ ਪਾ ਉਠਿਆ। ਆਤਮਾਂ ਬਿਹਬਲ ਹੋ ਉਠੀ। ਪਰ ਉਹ ਬੇਬੇ ਅੱਗੇ ਜ਼ਾਹਿਰ ਨਹੀ ਕਰਨਾ ਚਾਹੁੰਦਾ ਸੀ। ਉਸ ਨੇ ਪਿੱਠ ਕਰ ਲਈ ਮਤਾਂ ਬੇਬੇ ਸਿਰ ਹੋ ਜਾਵੇ।
ਬੇਬੇ ਫ਼ੁਰਤੀ ਨਾਲ ਰਸੋਈ ਵਿਚੋਂ ਦੁੱਧ ਵਾਲਾ ਗੜਵਾ ਚੁੱਕ ਲਿਆਈ। ਪਰ ਗੁਰਪਾਲ ਦੀ ਦੁੱਧ ਨੂੰ ਵੱਢੀ ਰੂਹ ਨਹੀ ਕਰਦੀ ਸੀ। ਫਿਰ ਕਦੇ ਬੇਬੇ ਦੇ ਹੱਥਾਂ ਦਾ ਦੁੱਧ ਨਸੀਬ ਹੋਵੇ ਨਾ ਹੋਵੇ? ਸੋਚ ਕੇ ਉਸ ਨੇ ਔਖਾ ਸੌਖਾ ਹੋ ਕੇ ਦੁੱਧ ਅੰਦਰ ਸੁੱਟ ਲਿਆ।
-"ਤੇਰੇ ਦੋਸਤਾਂ ਆਸਤੇ ਵੀ ਦੁੱਧ ਧਰ ਦਿਆਂ ਪੁੱਤ-?"
-"ਨਹੀ ਬੇਬੇ ਐਨਾਂ ਟਾਈਮ ਨਹੀਂ।"
-"ਇਹ ਵੀ ਕਿਸੇ ਮਾਂ ਦੇ ਪੁੱਤ ਈ ਐ-ਪਤਾ ਨਹੀਂ ਕਿਹੜੀ ਮਜ਼ਬੂਰੀ ਨੂੰ ਅਸਲਾ ਚੁੱਕੀ ਫਿਰਦੇ ਐ ਪੁੱਤ ਤੇਰੇ ਮਾਂਗੂੰ।" ਬੇਬੇ ਬੋਲੀ ਜਾ ਰਹੀ ਸੀ।
-"ਨਹੀਂ ਬੇਬੇ ਮੇਰੀਏ-ਕਦੇ ਫਿਰ ਸਹੀ।" ਬੰਬ ਨੇ ਕਿਹਾ।
ਉਹਨਾਂ ਸਾਰਿਆਂ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਫਿਰ ਬੇਬੇ ਤੋਂ ਅਸ਼ੀਰਵਾਦ ਲੈ ਕੇ, ਪਸੂਆਂ ਵਾਲੀ ਖੁਰਲੀ 'ਤੇ ਚੜ੍ਹ, ਪਿੱਛੇ ਰੂੜੀ 'ਤੇ ਛਾਲਾਂ ਮਾਰ, ਸਰ੍ਹੋਂ ਦੇ ਖੇਤ
ਵਿਚ ਛਿਤਮ ਹੋ ਗਏ।
ਅਸਲ ਵਿਚ ਜਦੋਂ ਗੁਰਪਾਲ ਸਿਪਾਹੀ ਤੋਂ ਏ ਕੇ ਸੰਤਾਲੀ ਖੋਹ ਕੇ ਸਰ੍ਹੋਂ ਦੇ ਖੇਤਾਂ ਵਿਚ ਦੀ ਭੱਜਿਆ ਸੀ ਤਾਂ ਦੋ ਕੁ ਕਿਲੋਮੀਟਰ ਭੱਜਣ ਤੋਂ ਬਾਅਦ ਜਦ ਉਸ ਨੇ ਕੱਚਾ ਪੈਹਾ ਟੱਪਿਆ ਤਾਂ ਉਸ ਨੂੰ ਸਾਹਮਣਿਓਂ ਕੋਈ ਜੀਪ ਆਉਂਦੀ ਦਿਖਾਈ ਦਿੱਤੀ। ਘਚਾਨੀ ਦੇ ਕੇ ਉਸ ਨੇ ਚੰਦਾਂ ਵਾਲੇ ਪੁਲ ਨੂੰ ਟੇਢ ਲੈ ਲਈ। ਅਜੇ ਉਹ ਸਰਕੜ੍ਹਿਆਂ ਵਿਚ ਪੰਜ-ਸੱਤ ਕੁ ਮਿੰਟ ਹੀ ਦੌੜਿਆ ਹੋਵੇਗਾ ਕਿ ਉਸ ਨੂੰ ਮੂੰਹ ਬੰਨ੍ਹੇ, ਹਥਿਆਰਬੰਦ ਵਿਅਕਤੀਆਂ ਨੇ ਘੇਰ ਲਿਆ। ਉਸ ਨੇ ਏ ਕੇ ਸੰਤਾਲੀ ਸੁੱਟ ਕੇ ਹੱਥ ਖੜ੍ਹੇ ਕਰ ਲਏ। ਉਸ ਦਾ ਸਾਹ ਨਾਲ ਸਾਹ ਨਹੀਂ ਰਲਦਾ ਸੀ ਅਤੇ ਅਤੀਅੰਤ ਘਬਰਾਇਆ ਹੋਇਆ ਸੀ। ਉਸ ਦੇ ਹੱਥ ਪੈਰ ਕੰਬ ਰਹੇ ਸਨ ਅਤੇ ਦਿਲ ਫੜੇ ਕਬੂਤਰ ਵਾਂਗ "ਫੜੱ੍ਹਕ-ਫੜ੍ਹੱਕ" ਵੱਜ ਰਿਹਾ ਸੀ। ਉਥੋਂ ਬਚੇ ਇਹ ਨਹੀ ਛੱਡਦੇ, ਉਹ ਸੋਚ ਰਿਹਾ ਸੀ।
-"ਕੀ ਭੀੜ ਪੈ ਗਈ ਗੁਰੂ ਦੇ ਸਿੰਘਾ-ਅੰਮ੍ਰਿਤ ਵੇਲੇ?" ਰੇਸ਼ਮ ਸਿੰਘ 'ਬੰਬ' ਨੇ ਗੁਰਪਾਲ ਨੂੰ ਪਹਿਚਾਣ ਕੇ ਆਪਣਾ ਮੂੰਹ ਨੰਗਾ ਕਰ ਲਿਆ। ਉਸ ਦੀਆਂ ਬਾਜ਼ ਨਜ਼ਰਾਂ ਨੇ ਗੁਰਪਾਲ ਨੂੰ ਫੱਟ ਪਹਿਚਾਣ ਲਿਆ ਸੀ।
ਗੁਰਪਾਲ ਦੇ ਸਾਹ ਵਿਚ ਸਾਹ ਆਇਆ। ਉਸ ਨੇ ਹੱਥ ਨੀਵੇਂ ਕਰ ਲਏ। ਉਹ ਧਰਤੀ 'ਤੇ ਬੈਠਾ ਨਹੀਂ, ਇੱਕ ਤਰ੍ਹਾਂ ਨਾਲ ਡਿੱਗ ਹੀ ਪਿਆ ਸੀ।
-"ਜੱਥੇਦਾਰਾ-ਜਾਣਦੈਂ ਇਸ ਬੰਦੇ ਨੂੰ?" ਸਾਥੀ ਨੇ ਰੇਸ਼ਮ ਸਿੰਘ ਬੰਬ ਨੂੰ ਪੁੱਛਿਆ।
-"ਚੰਗੀ ਤਰ੍ਹਾਂ! ਇਹ ਗੁਰਪਾਲ ਸਿੰਘ ਐ ਚੜਿੱਕ ਤੋਂ-ਮੈਨੂੰ ਸਕੂਟਰ ਤੇ ਬਿਠਾ ਕੇ ਲਿਆਇਆ ਸੀ।"
ਸਾਥੀ ਚੁੱਪ ਹੋ ਗਿਆ। ਜੱਥੇਬੰਦੀ ਦਾ ਹਰ ਬੰਦਾ 'ਬੰਬ' 'ਤੇ ਰੱਬ ਵਾਂਗ ਵਿਸ਼ਵਾਸ ਕਰਦਾ ਸੀ। ਕੋਈ ਉਸ ਦੇ ਕਿਰਦਾਰ 'ਤੇ ਉਂਗਲ ਨਹੀਂ ਰੱਖ ਸਕਦਾ ਸੀ। ਜੱਥੇਬੰਦੀ ਦਾ ਬੜਾ ਹੀ ਇਮਾਨਦਾਰ ਅਤੇ ਸੂਝਵਾਨ ਮਾਨੁੱਖ ਸੀ। ਉਹ ਜੱਥੇਬੰਦੀ ਲਈ ਹਰ ਸਮੇਂ, ਕੁਰਬਾਨੀ ਦੇਣ ਲਈ ਸਦਾ ਤਿਆਰ-ਬਰ-ਤਿਆਰ ਰਹਿੰਦਾ ਸੀ।
-"ਗੁਰਪਾਲ ਨੂੰ ਜਲ ਛਕਾਓ ਸਿੰਘੋ!"
ਗੁਰਪਾਲ ਨੂੰ ਪਾਣੀ ਪਿਆਇਆ ਗਿਆ।
ਉਸ ਦੀ ਕੁਝ ਕੁ ਸੁਰਤ ਪਰਤੀ।
-"ਹਾਂ ਬਈ ਗੁਰਪਾਲ ਦੋਸਤ-ਹੁਣ ਦੱਸ ਕੀ ਬਿਪਤਾ ਆ ਪਈ? ਕਿਉਂ ਅੰਮ੍ਰਿਤ ਵੇਲੇ ਅਵਾਜ਼ਾਰ ਹੋਇਆ ਫਿਰਦੈਂ? ਏ ਕੇ ਸੰਤਾਲੀ ਤੇਰੇ ਹੱਥ 'ਚ ਐ?" ਰੇਸ਼ਮ ਸਿੰਘ ਨੇ ਉਸ ਦੀ ਪਿੱਠ
ਪਲੋਸਦਿਆਂ ਕਿਹਾ।
ਹੁਬਕੀਆਂ ਭਰ-ਭਰ ਗੁਰਪਾਲ ਨੇ ਸਾਰੀ ਹੱਡ ਬੀਤੀ ਉਹਨਾਂ ਅੱਗੇ ਰੱਖ ਦਿੱਤੀ। ਇੱਕ ਅਜ਼ੀਬ ਚੁੱਪ ਛਾਈ ਹੋਈ ਸੀ। ਬੰਬ ਅਤੇ ਸਾਥੀਆਂ ਨੇ ਉਸ ਦੀ ਦਰਦ ਭਰੀ ਕਹਾਣੀ ਬੜਾ ਧਿਆਨ ਦੇ ਕੇ ਸੁਣੀ
ਸੀ।
-"ਗੁਰਪਾਲ ਸਿਆਂ-ਆਹ ਸਾਰੇ ਸਿੰਘ ਦੇਖਦੈਂ? ਇਹ ਸਾਰੇ ਤੇਰੇ ਵਰਗੇ ਈ ਐ-ਸਾਰਿਆਂ ਨਾਲ ਤਕਰੀਬਨ ਤੇਰੇ ਆਲੀ ਘਾਣੀ ਬੀਤੀ ਹੋਈ ਐ।"
ਗੁਰਪਾਲ ਨੇ ਸਾਰਿਆਂ ਨੂੰ ਬੜੇ ਗਹੁ ਨਾਲ ਤੱਕਿਆ। ਉਸ ਨੇ ਆਪਣੇ ਆਪ ਨੂੰ ਕੁਝ ਹਲਕਾ-ਹਲਕਾ ਮਹਿਸੂਸ ਕੀਤਾ। ਜਿਵੇਂ ਉਸ ਦਾ ਦੁੱਖ ਵੰਡਿਆ ਗਿਆ ਹੋਵੇ। ਕੁਝ ਹੋਰ ਪਾਣੀ ਪੀਣ ਤੋਂ ਬਾਅਦ ਉਸ ਦਾ ਦਿਲ ਥਾਂਵੇਂ ਆ ਗਿਆ।
-"ਸਾਡੇ ਦਰਵਾਜੇ ਤੇਰੇ ਲਈ ਹਮੇਸ਼ਾਂ ਖੁੱਲ੍ਹੇ ਐ ਗੁਰਪਾਲ-ਪਰ ਜੇ ਤੂੰ ਉਤਲੇ ਲੋਟ ਈ ਭੱਜੇ ਫਿਰਨੈ ਤੇਰੀ ਮਰਜ਼ੀ-ਹਾਂ ਇੱਕ ਗੱਲ ਯਾਦ ਰੱਖੀਂ ਤੇਰੇ ਅੱਗੇ ਪਿੱਛੇ ਮੌਤ ਈ ਮੌਤ ਐ-ਜੇ ਸਾਡੇ ਨਾਲ
ਤੁਰਨੈ ਤਾਂ ਸੋਚ ਸਮਝ ਕੇ ਤੁਰੀਂ-ਇਹ ਰਸਤਾ ਸਿਰਫ਼ ਅੱਗੇ ਈ ਜਾਂਦੈ-ਪਿੱਛੇ ਤੋਂ ਬੰਦ ਹੁੰਦਾ ਆਉਂਦੈ-ਜੇ ਊਂ ਭੱਜਿਆ ਫਿਰਦਾ ਮਾਰਿਆ ਗਿਆ ਤੈਨੂੰ ਕਿਸੇ ਨੇ ਨਹੀਂ ਪੁੱਛਣਾ-ਪੰਥ ਲਈ ਮਰੇਂਗਾ
ਤਾਂ ਮਹਾਨ ਸ਼ਹੀਦ ਅਖਵਾਵੇਂਗਾ-ਰਾਹ ਚੁਣਨਾ ਤੇਰਾ ਕੰਮ ਐਂ ਮਿੱਤਰਾ-ਅੱਜ ਈ ਫੈਸਲਾ ਕਰ ਲੈ ਕਿਹੜੀ ਮੋਰੀ ਨਿਕਲਣੈਂ-ਫੇਰ ਮੁੜ ਕੇ ਨਾ ਆਖੀਂ ਦੱਸਿਆ ਨਹੀਂ-ਗੱਦਾਰੀ ਦਾ ਇਨਾਮ ਸਾਡੇ ਕੋਲ ਸਿਰਫ਼ ਗੋਲੀ ਐ-ਚਾਹੇ ਸਾਡਾ ਕੋਈ ਸਕਾ ਭਰਾ ਈ ਕਿਉਂ ਨਾ ਹੋਵੇ।" ਜੱਥੇਦਾਰ ਨੇ ਸਲਾਹ ਦੇਣ ਨਾਲ ਜ਼ਰੂਰੀ ਨਸੀਹਤਾਂ ਵੀ ਦੇ ਮਾਰੀਆਂ।
-"ਜੱਥੇਦਾਰ! ਮੇਰੀ ਬੇਨਤੀ ਕਬੂਲ ਕਰੋ-ਮੈਨੂੰ ਆਪਣੀ ਜੱਥੇਬੰਦੀ ਵਿਚ ਭਰਤੀ ਕਰ ਲਵੋ-ਪਰ ਇੱਕ ਸ਼ਰਤ ਮੇਰੀ ਵੀ ਹੈ-।"
-"ਬੇਝਿਜਕ ਹੋ ਕੇ ਫੁਰਮਾਨ ਕਰੋ-ਨਿਰਪੱਖ ਹੋ ਕੇ ਸੁਣੀ ਅਤੇ ਮੰਨੀ ਜਾਵੇਗੀ-।"
-"ਸ਼ਰਤ ਜੱਥੇਦਾਰ ਇਹ ਹੈ-ਮੈਥੋਂ ਬੇਕਸੂਰ ਅਤੇ ਮਜ਼ਲੂਮ ਬੰਦਾ ਨਹੀ ਮਾਰਿਆ ਜਾਣਾ-ਫੇਰ ਨਾ ਕਹਿਓ ਬਈ ਗੱਦਾਰੀ ਕਰਦੈ-।"
ਜੱਥੇਦਾਰ ਹੱਸ ਪਿਆ।
-"ਬੜੇ ਕੰਮ ਦੀ ਗੱਲ ਕਹੀ ਐ ਮੇਰੇ ਦੋਸਤ-ਸਾਡੀ ਜੱਥੇਬੰਦੀ ਦੇ ਕਾਇਦੇ ਕਾਨੂੰਨ ਬਹੁਤ ਸਖ਼ਤ ਹਨ-ਮੁਖ਼ਬਰ ਅਤੇ ਪੰਥ ਦੋਖੀ ਸੋਧਣਾ ਸਾਡਾ ਪਹਿਲਾ ਕਰਮ ਐਂ-ਮਜ਼ਲੂਮ ਦੀ ਰੱਖਿਆ ਕਰਨਾ
ਸਾਡਾ ਇਖ਼ਲਾਕੀ ਫ਼ਰਜ਼-ਚਾਹੇ ਉਹ ਹਿੰਦੂ ਐ ਤੇ ਚਾਹੇ ਹੈ ਸਿੱਖ-ਸਾਡੇ ਲਈ ਸਭ ਬਰਾਬਰ ਹਨ-ਹਾਂ! ਐਕਸ਼ਨ ਕਰਨ ਵੇਲੇ ਕੋਈ ਸਾਡੇ ਸਿੰਘ ਨੂੰ ਫੜਨ ਜਾਂ ਮਾਰਨ ਦੀ ਕੋਸਿ਼ਸ਼ ਕਰਦੈ-ਉਸ ਦਾ
ਹਸ਼ਰ ਤੈਨੂੰ ਫਿਰ ਪਤਾ ਈ ਐ-ਉਥੇ ਅਸੀਂ ਬਿਲਕੁਲ ਮਜ਼ਬੂਰ ਹੋ ਜਾਂਦੇ ਹਾਂ।"
-"ਠੀਕ ਹੈ-ਮੈਂ ਸਹਿਮਤ ਹਾਂ।"
ਗੁਰਪਾਲ ਨੂੰ ਜੱਥੇਬੰਦੀ ਵਿਚ ਭਰਤੀ ਕਰ ਲਿਆ ਗਿਆ। ਉਸ ਦਿਨ ਤੋਂ ਸੁਰੂ ਹੋਇਆ ਗੁਰਪਾਲ ਦਾ ਖ਼ਾੜਕੂ ਸਫ਼ਰ.....!
ਇੱਕ ਰਾਤ ਇੱਕ ਫਾਰਮ ਹਾਊਸ 'ਤੇ ਜੱਥੇਬੰਦੀਆਂ ਦੀ ਗਰਮਾਂ ਗਰਮ ਬਹਿਸ ਜਾਂ ਕਹੋ ਮੀਟਿੰਗ ਚੱਲ ਰਹੀ ਸੀ। ਤਰ੍ਹਾਂ ਤਰ੍ਹਾਂ ਦੇ ਵਿਚਾਰ ਚੱਲ ਰਹੇ ਸਨ। ਤਰ੍ਹਾਂ ਤਰ੍ਹਾਂ ਦੇ ਮਤੇ ਪਾਸ ਹੋ ਰਹੇ ਸਨ। ਕੋਈ ਸਹਿਮਤੀ ਪ੍ਰਗਟਾਉਂਦਾ ਸੀ ਅਤੇ ਕੋਈ ਖਿ਼ਲਾਫ਼ੀਅਤ ਕਰਦਾ ਸੀ। ਕਈ ਵਿਚਾਰ ਨਰਮ ਸਨ ਅਤੇ ਕੁਝ ਵਿਚਾਰ ਅਤੀ ਅੰਤ ਗਰਮ! ਕੋਈ ਫ਼ੈਸਲਾ ਨਹੀਂ ਹੋ ਰਿਹਾ ਸੀ। ਇੱਕ ਗਰਮ ਧੜੇ
ਦਾ ਸਿੰਘ ਆਖ ਰਿਹਾ ਸੀ, "ਪਿੰਡਾਂ ਵਿਚੋਂ ਹਿੰਦੂਆਂ ਨੂੰ ਇੱਕ ਵਾਢਿਓਂ ਸੋਧਣ ਲੱਗ ਪਵੋ-ਪੰਜਾਬ ਛੱਡ ਕੇ ਭੱਜ ਤੁਰਨਗੇ-ਖ਼ਾਲਿਸਤਾਨ ਤਾਂ ਆਪਣੇ ਆਪ ਬਣਿਆਂ ਖੜ੍ਹੈ! ਜਦੋਂ ਪੰਜਾਬ ਵਿਚ ਸਿਰਫ਼ ਰਹਿ ਈ ਸਿੱਖ ਗਏ ਆਪਣੀ ਬਰਖਿ਼ਲਾਫ਼ੀ ਕੌਣ ਕਰੂ?" ਆਪਣੇ ਵਿਚਾਰ ਪੇਸ਼ ਕਰਕੇ ਸਿੰਘ ਬੈਠ ਗਿਆ ਅਤੇ ਜੱਥੇਦਾਰ ਰੇਸ਼ਮ ਸਿੰਘ ਬੰਬ ਆਪਣੇ ਵਿਚਾਰ ਰੱਖਣ ਲਈ ਖੜ੍ਹਾ ਹੋ ਗਿਆ।
-"ਮੈਂ ਗੁਰਬੰਤ ਸਿੰਘ ਦੇ ਵਿਚਾਰਾਂ ਨਾਲ ਉਕਾ ਈ ਸਹਿਮਤ ਨਹੀਂ ਹਾਂ-ਨਿਰਦੋਸ਼ ਲੋਕਤਾਈ ਦੇ ਕਤਲ ਕਿਵੇਂ ਵੀ ਸਾਡੀ ਲਹਿਰ ਦੇ ਹੱਕ ਵਿਚ ਨਹੀਂ ਜਾਂਦੇ-ਅਗਰ ਅਸੀਂ ਹਰ ਫਿ਼ਰਕੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਤਾਂ ਅਸੀਂ ਮੰਜਿ਼ਲ ਦੇ ਨਜ਼ਦੀਕ ਪਹੁੰਚ ਸਕਦੇ ਹਾਂ-ਹਰ ਪੰਜਾਬੀ ਦਾ ਸਹਿਯੋਗ ਸਾਡੇ ਲਈ ਮਾਂ ਦੀ ਬੁੱਕਲ ਦੀ ਤਰ੍ਹਾਂ ਹੈ-ਜਿਤਨੇ ਅਸੀਂ ਨਿਹੱਥੇ ਲੋਕ ਮਾਰਾਂਗੇ ਉਤਨੀ ਹੀ ਲਹਿਰ ਨੂੰ ਖੂਹ ਵਿਚ ਸੁੱਟਾਂਗੇ-ਜਿਤਨਾ ਅਸੀਂ ਲੋਕਾਂ ਨੂੰ ਨਾਲ ਲੈ ਕੇ ਤੁਰਾਂਗੇ ਉਤਨਾ ਹੀ ਅੱਗੇ ਵਧਾਂਗੇ-ਦੁਨੀਆਂ ਦੇ ਕਿਸੇ ਵੀ ਅਜ਼ਾਦ ਮੁਲਕ ਦੇ ਇਤਿਹਾਸ ਤੇ ਨਜ਼ਰ ਮਾਰ ਲਵੋ-ਅਜ਼ਾਦੀ ਲੋਕਾਂ ਦੇ ਸਹਿਯੋਗ ਨਾਲ ਹੀ ਮਿਲੀ ਹੈ-ਜੋਸ਼ ਨਾਲੋਂ ਹੋਸ਼ ਤੋਂ ਜਿ਼ਆਦਾ ਕੰਮ ਲਿਆ ਜਾਵੇ-ਮੇਰੇ ਅਨੁਮਾਨ ਅਨੁਸਾਰ ਫ਼ਾਇਦੇਮੰਦ ਸਾਬਤ ਹੋਵੇਗਾ-ਤੁਸੀਂ ਨੈਕਸਲਾਈਟ ਮੂਵਮੈਂਟ ਦਾ ਹਸ਼ਰ ਵੀ ਦੇਖ ਲਵੋ ਕਿ ਪਹਿਲਾਂ ਲੋਕਾਂ ਵਿਚ ਇਸ ਲਹਿਰ ਪ੍ਰਤੀ ਕਿਤਨਾ ਖਿਚਾਅ ਅਤੇ ਉਤਸ਼ਾਹ ਸੀ-ਪਰ ਜਦ ਜਿੱਥੇ ਖਾਧਾ ਉਥੇ ਹੀ ਥੁੱਕਿਆ ਵਾਲਾ ਸਿਧਾਂਤ ਸੁਰੂ ਹੋਇਆ ਤਾਂ ਲਹਿਰ ਦੀ ਅਹੀ ਤਹੀ ਫਿਰ ਗਈ-ਤੁਹਾਡੇ ਸਾਹਮਣੇ ਹੀ ਬਿਲਕੁਲ ਤਹਿਸ ਨਹਿਸ ਹੋ ਕੇ ਰਹਿ ਗਈ-ਸੋ ਇਸ ਲਈ ਸਾਥੀ ਗੁਰਬੰਤ ਸਿੰਘ ਦੀ ਸੋਚ ਜ਼ਾਹਿਰਾ ਤੌਰ ਤੇ ਨਿਰਮੂਲ ਹੈ-ਹਾਲਾਂ ਕਿ ਨੈਕਸਲਾਈਟ ਮੂਵਮੈਂਟ ਬਿਲਕੁਲ ਸਾਂਝੀ ਲਹਿਰ ਸੀ-ਕਿਸੇ ਇੱਕ ਫਿ਼ਰਕੇ ਦੇ ਲੋਕਾਂ ਦੀ ਨਹੀਂ ਸਗੋਂ ਸਮੁੱਚੇ ਪੰਜਾਬ ਦੀ ਲਹਿਰ ਸੀ-ਜਦੋਂ ਮੂਵਮੈਂਟ ਦੇ ਮੁਖੀ ਜਾਂ ਕਹੋ ਕਰਤੇ ਧਰਤੇ ਹੀ ਪਨਾਂਹ ਦੇਣ ਵਾਲਿਆਂ ਨਾਲ ਗੱਦਾਰੀਆਂ ਕਰਨ ਲੱਗ ਪਏ ਭਾਵ ਉਹਨਾਂ ਦੀਆਂ ਹੀ ਧੀਆਂ, ਭੈਣਾਂ, ਨੂੰਹਾਂ ਤਕਾਉਣ ਲੱਗ ਪਏ-ਲਹਿਰ ਮੂਧੇ ਮੂੰਹ ਜਾ ਪਈ-ਇੱਕ ਹੋਰ ਅਹਿਮ ਗੱਲ-।" ਜੱਥੇਦਾਰ ਨੇ ਲੰਬਾ ਸਾਹ ਲਿਆ ਤਾਂ "ਅਹਿਮ ਗੱਲ" ਸੁਣਨ ਲਈ ਸਾਰਿਆਂ ਨੇ ਕੰਨ ਚੁੱਕ ਲਏ।
-"ਸਰਕਾਰ ਸਾਡੇ ਵਿਚ ਆਪਣੇ ਬੰਦੇ ਘੁਸਪੈਠ ਕਰਨ ਲਈ ਬਹੁਤ ਹੀ ਤਤਪਰ ਹੈ-ਕੋਈ ਵੀ ਸਿੰਘ ਭਰਤੀ ਕਰਨ ਤੋਂ ਪਹਿਲਾਂ ਉਸ ਦੇ ਪਿਛੋਕੜ ਤੇ ਜਰੂਰ ਝਾਤ ਮਾਰ ਲਈ ਜਾਵੇ-ਉਸ ਦਾ ਅੱਗਾ ਪਿੱਛਾ ਪੜਤਾਲਣ ਤੋਂ ਬਾਅਦ ਹੀ ਜੱਥੇਬੰਦੀ ਵਿਚ ਸ਼ਾਮਲ ਕੀਤਾ ਜਾਵੇ-ਚਾਹੇ ਉਹ ਕੋਈ ਵੀ ਜੱਥੇਬੰਦੀ ਹੈ-ਇਹ ਗੱਲ ਕਦਾਚਿੱਤ ਨਹੀਂ ਭੁੱਲਣੀ ਕਿ ਕੇਵਲ ਇੱਕ ਬੰਦਾ ਹੀ ਸਾਰੀ ਜੱਥੇਬੰਦੀ ਦਾ ਨੁਕਸਾਨ ਕਰਵਾ ਸਕਦਾ ਹੈ-ਇੱਕ ਜੱਥੇਬੰਦੀ ਨੁਕਸਾਨੀ ਗਈ, ਸਮਝੋ ਮੂਵਮੈਂਟ ਦਾ ਇਕ ਅੰਗ ਉੱਡ ਗਿਆ-।" ਜੱਥੇਦਾਰ ਰੇਸ਼ਮ ਸਿੰਘ ਬੰਬ ਬੈਠਣ ਤੋਂ ਬਾਅਦ ਆਪਣੇ ਵਿਚਾਰ ਪੇਸ਼ ਕਰਨ ਲਈ ਜਸਦੇਵ ਸਿੰਘ ਖੜ੍ਹਾ ਹੋ ਗਿਆ। ਜਸਦੇਵ ਸਿੰਘ ਇਸ ਇਲਾਕੇ ਦਾ ਏਰੀਆ ਕਮਾਂਡਰ ਸੀ। ਜਸਦੇਵ ਸਿੰਘ ਸਾਬਤ ਸੂਰਤ ਦਸਤਾਰ ਸਿਰਾ, ਪੂਰਨ ਗੁਰਸਿੱਖ, ਅੰਮ੍ਰਿਤਧਾਰੀ ਸਿੰਘ ਸੀ। ਇਸ ਚੱਲ ਰਹੀ ਲਹਿਰ ਵਿਚ ਉਸ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ ਸੀ। ਛੋਟੇ ਦੋ ਭਰਾ ਸ਼ਹੀਦ ਹੋ ਚੁੱਕੇ ਸਨ, ਪਰ ਸਿੰਘ ਅਜੇ ਵੀ ਚੜ੍ਹਦੀਆਂ ਕਲਾਂ ਵਿਚ ਸੀ।
-"ਸਤਿਕਾਰਯੋਗ ਜੱਥੇਦਾਰ ਸਾਹਿਬ ਅਤੇ ਸਾਥੀ ਭਰਾਵੋ-ਵਾਹਿਗੁਰੂ ਜੀ ਕਾ ਖ਼ਾਲਸਾ-ਵਾਹਿਗੁਰੂ ਜੀ ਕੀ ਫਤਹਿ।।"
ਫ਼ਤਹਿ ਦਾ ਜਵਾਬ ਫ਼ਤਹਿ ਵਿਚ ਹੀ ਆਇਆ।
-"ਜੱਥੇਦਾਰ ਸਾਹਿਬ ਅਤੇ ਹੋਰ ਸਾਥੀਆਂ ਨੇ ਆਪਣੇ ਬੜੇ ਕੀਮਤੀ ਵਿਚਾਰ ਰੱਖੇ ਹਨ-ਸੋ ਮੈਂ ਵੀ ਆਪਣੀ ਤੁੱਛ ਬੁੱਧੀ ਅਨੁਸਾਰ ਕੁਝ ਬਚਨ ਸਾਂਝੇ ਕਰਨਾ ਚਾਹਾਂਗਾ-ਜਿਵੇਂ ਕਿ ਜੱਥੇਦਾਰ ਸਾਹਿਬ ਨੇ ਨਿਰਦੋਸਿ਼ਆਂ ਦੇ ਕਤਲਾਂ ਅਸਹਿਮਤੀ ਪ੍ਰਗਟ ਕੀਤੀ ਹੈ-ਦਾਸ ਵੀ ਇਸ ਗੱਲ ਦੀ ਪ੍ਰੋੜਤਾ ਕਰੇਗਾ-ਬੇਦੋਸਿ਼ਆਂ ਨੂੰ ਮਾਰਨਾ ਖ਼ਾਲਸੇ ਦਾ ਕੰਮ ਨਹੀਂ-ਜੱਥੇਦਾਰ ਜੀ ਦੇ ਬਚਨਾਂ ਮੁਤਾਬਿਕ ਲਹਿਰ ਨੂੰ ਪਿੱਛੇ
ਹੀ ਸੁੱਟਾਂਗੇ-ਗੁਰੂ ਤੋਂ ਬੇਮੁੱਖ ਵਾਧੂ ਦੇ ਹੋਵਾਂਗੇ-ਸੋ, ਨਾ ਕੋ ਵੈਰੀ ਨਾਹਿ ਬਿਗਾਨਾ-ਸਗਲੁ ਸੰਗ ਹਮ ਕੋ ਬਨਿ ਆਈ-ਵਾਲਾ ਸਿਧਾਂਤ ਅਸੀਂ ਹਮੇਸ਼ਾ ਅੱਗੇ ਰੱਖਣੈ-ਇਸ ਤੋਂ ਇਲਾਵਾ ਅਗਰ ਕੋਈ ਗਲਤੀ ਕਰ ਕੇ ਪਾਛਚਾਤਾਪ ਕਰਦਾ ਹੈ-ਮੁਆਫ਼ੀ ਮੰਗ ਲੈਂਦਾ ਹੈ ਤਾਂ ਉਸ ਨੂੰ ਗੁਰਬਾਣੀ ਅਨੁਸਾਰ-ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦ ਸੁਆਮੀ ਸੰਦਾ-ਕਹਿਣ ਦਾ ਭਾਵ ਉਸ ਨੂੰ ਇਕ ਵਾਰ ਜ਼ਰੂਰ ਮੁਆਫ਼ ਕੀਤਾ ਜਾਣਾ ਚਾਹੀਦਾ ਹੈ-ਸਰਣ ਆਏ ਨੂੰ ਮੁਆਫ਼ ਕਰਨਾ ਖ਼ਾਲਸੇ ਦਾ ਧਰਮ ਹੈ-ਦੂਸਰੀ ਬੇਨਤੀ ਦਾਸ ਦੀ ਇਹ ਹੈ ਕਿ ਜਦ ਕੋਈ ਜੱਥੇਬੰਦੀ ਕਿਸੇ ਵੀ ਐਕਸ਼ਨ ਦੀ ਜਿ਼ੰਮੇਵਾਰੀ ਅਖਬਾਰਾਂ ਵਿਚ ਲੈਂਦੀ ਹੈ ਤਾਂ ਕੋਸਿ਼ਸ਼ ਇਹ ਹੀ ਰਹੇ ਕਿ ਅਖਬਾਰਾਂ ਵਿਚ ਘੱਟ ਤੋਂ ਘੱਟ ਜਗ੍ਹਾ ਲਈ ਜਾਵੇ ਅਰਥਾਤ ਜੱਥੇਬੰਦੀ ਅਤੇ ਇੱਕ ਦੋ ਮੁਖੀਆਂ ਦੇ ਨਾਂ ਹੀ ਪਾਏ ਜਾਣ-ਨਾ ਕਿ ਇੱਕ ਇੱਕ ਜਿ਼ੰਮੇਵਾਰੀ ਵਿਚ ਪੰਦਰਾਂ ਪੰਦਰਾਂ ਨਾਮ ਲਿਖੇ ਜਾਣ-ਨਾ ਪੱਤਰਕਾਰਾਂ ਅਤੇ ਨਾ ਸੰਪਾਦਕਾਂ ਨੂੰ ਪ੍ਰੇਸ਼ਾਨ ਕੀਤਾ ਜਾਵੇ-ਅਖ਼ਬਾਰਾਂ ਲਹਿਰਾਂ ਦਾ ਧੁਰਾ ਹੁੰਦੀਆਂ ਹਨ-ਅਗਰ ਮੀਡੀਆ ਹੀ ਲਹਿਰ ਦੇ ਖਿ਼ਲਾਫ਼ ਸਟੈਂਡ ਲੈ ਲੈਂਦਾ ਹੈ ਤਾਂ ਮੂਵਮੈਂਟ ਖੜ੍ਹੀ ਖੜੋਤੀ ਹੀ ਨਸ਼ਟ ਹੋ ਜਾਂਦੀ ਹੈ-ਸੋ ਕ੍ਰਿਪਾ ਕਰਕੇ ਕਲਮਾਂ ਵਾਲਿਆਂ ਨਾਲ ਜ਼ਰੂਰ ਬਣਾ ਕੇ ਰੱਖੀ ਜਾਵੇ-ਵਾਹਿਗੁਰੂ ਜੀ ਕਾ ਖ਼ਾਲਸਾ-ਵਾਹਿਗੁਰੂ ਜੀ ਕੀ
ਫ਼ਤਹਿ।।"
ਹੁਣ ਵਾਰੀ ਗੁਰਪਾਲ ਦੀ ਸੀ।
-"ਅਤੀਅੰਤ ਸਤਿਕਾਰਯੋਗ ਜੱਥੇਦਾਰ ਭਾਈ ਰੇਸ਼ਮ ਸਿੰਘ ਜੀ ਬੰਬ ਅਤੇ ਸਤਿਕਾਰਯੋਗ ਜੱਥੇਦਾਰ ਸਾਹਿਬ ਨੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਹੈ-ਇਹ ਬੜੀ ਹੀ ਸ਼ਲਾਘਾਯੋਗ ਸੋਚ ਹੈ-
ਸੋ ਲੋਕਾਂ ਨੂੰ ਨਾਲ ਲੈ ਕੇ ਤੁਰਨਾ ਸਾਡੇ ਲਈ ਇੱਕ ਅਹਿਮ ਸੁਆਲ ਹੈ-ਲੋਕਾਂ ਨੂੰ ਨਾਲ ਤੋਰਨ ਲਈ ਸਾਡੇ ਕੋਲ ਕੋਈ ਗਿੱਦੜਸਿੰਗੀ ਨਹੀਂ ਜਿਹੜੀ ਸੁੰਘਾ ਕੇ ਅਸੀਂ ਲੋਕਾਂ ਨੂੰ ਮਗਰ ਲਾ ਲਵਾਂਗੇ-ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਸਾਨੂੰ ਲੋਕਾਂ ਲਈ ਕੁਝ ਕਰਨਾ ਵੀ ਪਵੇਗਾ-ਮੇਰੇ ਕਹਿਣ ਦਾ ਮਤਲਬ ਲਹਿਰ ਦੇ ਨਾਲ ਨਾਲ ਸਾਨੂੰ ਕੋਈ ਸਮਾਜ ਸੁਧਾਰ ਲਹਿਰ ਵੀ ਅੱਗੇ ਲਿਆਉਣੀ ਚਾਹੀਦੀ ਹੈ-ਲੋਕਾਂ ਦਾ ਦੁਖੀ ਪੱਖ ਪਹਿਚਾਨਣਾ ਹੋਵੇਗਾ-ਸੋ ਮੇਰੀ ਨਜ਼ਰ ਵਿਚ ਲੋਕਾਂ ਦਾ ਇੱਕੋ ਇੱਕ ਨਹੀਂ, ਕਈ ਦੁਖੀ ਪੱਖ ਹਨ-ਜਿਸ ਤੇ ਮੈਂ ਸੰਖੇਪ ਚਾਨਣਾ ਪਾਉਣ ਦੀ ਕੋਸਿ਼ਸ਼ ਕਰਾਂਗਾ-ਸਭ ਤੋਂ ਜਿ਼ਆਦਾ ਸਾਡੇ ਲੋਕ ਦਾਜ-ਮੰਗੂ ਲੋਕਾਂ ਵੱਲੋਂ ਬਹੁਤ ਤੰਗ ਹਨ-ਦਾਜ ਬਿਲਕੁਲ ਬੰਦ ਕਰਵਾਇਆ ਜਾਵੇ-ਜੰਨ ਦੇ ਬੰਦਿਆਂ ਦੀ ਗਿਣਤੀ ਨੀਯਤ ਕੀਤੀ ਜਾਵੇ-ਸ਼ਰਾਬ ਬਿਲਕੁਲ ਬੰਦ ਕਰਵਾਈ ਜਾਵੇ-ਵਿਆਹ ਕੇ ਧੱਕੜ ਸਹੁਰਿਆਂ ਵੱਲੋਂ ਛੱਡੀਆਂ ਧੀਆਂ ਭੈਣਾਂ ਮੁੜ ਵਸਾਈਆਂ ਜਾਣ-ਲੱਚਰ ਗਾਇਕੀ ਸਖ਼ਤੀ ਨਾਲ ਬੰਦ ਕਰਵਾਈ ਜਾਵੇ-ਅਗਰ ਕੋਈ ਗਾਇਕ ਸਾਡੀ ਵਾਰਨਿੰਗ ਦੇ ਬਾਵਜੂਦ ਵੀ ਲੱਚਰ ਗਾਇਕੀ ਤੋਂ ਤੌਬਾ ਨਹੀਂ ਕਰਦਾ-ਉਸ ਨੂੰ ਤੀਜੀ ਵਾਰਨਿੰਗ ਤੋਂ ਬਾਅਦ ਸੋਧਿਆ ਜਾਵੇ-ਜੰਨ ਵਿਚ ਮੁਰਗੇ ਮੀਟ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ-ਇਸ ਨਾਲ ਲੜਕੀ ਵਾਲਿਆਂ ਤੇ ਆਰਥਿਕ ਬੋਝ ਘਟੇਗਾ-ਬਲਾਤਕਾਰੀ ਸੋਧੇ ਜਾਣ-ਗਰੀਬ ਮਾਪਿਆਂ ਦੀਆਂ ਕੁੜੀਆਂ ਦੀਆਂ ਸ਼ਾਦੀਆਂ ਤੇ ਲੋੜੀਂਦੀ ਆਰਥਿਕ ਮੱਦਦ ਦਿੱਤੀ ਜਾਵੇ ਆਦਿ-ਮੇਰੇ ਤਾਂ ਇਹ ਕੁਝ ਸੁਝਾਅ ਸਨ-ਫ਼ਾਈਨਲ ਫ਼ੈਸਲਾ ਆਪ ਸਭ ਦੇ ਅਤੇ ਸਤਿਕਾਰਯੋਗ ਜੱਥੇਦਾਰ ਸਾਹਿਬਾਨ ਦੇ ਹੱਥ ਹੈ-ਧੰਨਵਾਦ!" ਗੁਰਪਾਲ ਦੇ ਬੈਠਣ ਤੋਂ ਬਾਅਦ ਗਰਮ ਧੜੇ ਦਾ ਸਿੰਘ, ਭਾਈ ਕੁਲਬੀਰ ਸਿੰਘ "ਟੈਂਕ" ਬੜੇ ਜੋਸ਼ ਨਾਲ ਖੜਾ ਹੋਇਆ। ਉਸ ਦਾ ਚਿਹਰਾ ਅੰਗਿਆਰ ਵਾਂਗ ਦਗ ਰਿਹਾ ਸੀ ਅਤੇ ਅੱਖਾਂ ਚੰਗਿਆੜੇ ਛੱਡ ਰਹੀਆਂ ਸਨ। ਵੱਡੇ ਐਕਸ਼ਨ ਕਰਨ ਵਿਚ ਉਹ ਬੜਾ ਮਸ਼ਹੂਰ ਸੀ ਅਤੇ ਮਾਹਿਰ ਸੀ। ਸੁਭਾਅ ਦਾ ਬੜਾ ਕੌੜ ਅਤੇ ਮੂੰਹੋਂ ਅੱਗ ਉਗਲਦਾ ਸੀ। ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਉਹ ਕਦੇ ਕਦੇ ਪਾਰਟੀ ਦੇ ਕਾਨੂੰਨ ਉਲੰਘ ਜਾਂਦਾ ਸੀ। ਨਾਲ ਦੇ ਸਿੰਘਾਂ ਨਾਲ ਮੱਤਭੇਦ ਹੋਣ ਕਾਰਨ ਉਹ ਪਹਿਲੀ ਜੱਥੇਬੰਦੀ ਛੱਡ ਕੇ "ਦੁਸ਼ਟ ਸੋਧ ਕਮਾਂਡੋ ਫ਼ੋਰਸ" ਵਿਚ ਸ਼ਾਮਲ ਹੋ ਗਿਆ ਸੀ। ਪਰ ਆਦਤਾਂ ਉਸ ਦੀਆਂ ਫਿਰ ਵੀ ਉਹ ਹੀ ਰਹੀਆਂ ਸਨ।
-"ਸਿੰਘਾਂ ਨੇ ਅਤੇ ਜੱਥੇਦਾਰਾਂ ਨੇ ਬਹੁਤ ਕੁਝ ਕਹਿ ਲਿਆ ਤੇ ਬਹੁਤ ਕੁਝ ਸੁਣ ਲਿਆ-ਪਰ ਅਸਲੀ ਗੱਲ ਵੱਲ ਕੋਈ ਨਹੀਂ ਆਇਆ-ਅਸਲੀ ਨਿਸ਼ਾਨੇ ਤੋਂ ਪਰ੍ਹੇ ਈ ਖੁਰਵੱਢ ਕਰਦੇ ਰਹੇ ਐ-ਮੈਂ ਕਹਿਨੈਂ ਗਾਂਧੀ ਬਣ ਕੇ ਲੋਕ ਭਲਾਈਆਂ ਸੋਚੀ ਜਾਨੇ ਓਂ! ਇਹਦੇ ਨਾਲ ਗੌਰਮਿੰਟ ਨੂੰ ਕੀ ਸੇਕ ਲੱਗੂ? ਹੈਂ! ਤੁਸੀਂ ਦਾਜ ਬੰਦ ਕਰਵਾਉਣ ਤੇ ਲੋਕਾਂ ਦੀਆਂ ਕੁੜੀਆਂ ਵਿਆਹੁਣ 'ਚ ਰੁੱਝਜੋ ਹੋਰ ਕੁਛ ਨਾ ਕਰਿਓ-ਅੱਬਲ ਤਾਂ ਕੁੜੀਆਂ ਦੇ ਵਿਆਹਾਂ 'ਚ ਘੱਗਰੀਆਂ ਪਾ ਕੇ ਨੱਚਣ ਲੱਗਪੋ-ਨਜਾਰਾ ਈ ਆਜੂ! ਨਾਲੇ ਦੋ ਪੈਰ ਅਸੀਂ ਦੇਖ ਲਿਆ ਕਰਾਂਗੇ-ਮੇਰੀ ਤਾਂ ਇਹੋ ਰੈਅ ਐ ਬਈ ਸੌ ਪੰਜਾਹ ਟੋਪੀਆਂ ਆਲੇ ਗੱਡੀ ਚਾਹੜੋ ਤਾਂ ਜਾ ਕੇ ਪਾਰਲੀਮੈਂਟ 'ਚ ਮਾੜੀ ਮੋਟੀ ਹਰਕਤ ਹੋਊ-ਨਾਲੇ ਆਹ ਲੰਡੀਆਂ ਜੀਆਂ ਐਕਸ਼ਨੀਆਂ ਛੱਡੋ ਤੇ ਕੋਈ ਗਹਿ ਗੱਡਵਾਂ ਤਕੜਾ ਐਕਸ਼ਨ ਕਰੋ! ਇਹ ਗੱਲ ਸਹੀ ਐ ਬਈ ਸਾਡੇ ਸਿੰਘ ਰਣਜੋਧ ਦੇ ਖੇਤੋਂ ਲੰਗਰ ਛਕ ਕੇ ਆਏ ਐ-ਰਣਜੋਧ ਸਾਡੇ ਲਈ ਮਰਿਐ-ਰਣਜੋਧ ਸਾਡਾ ਮਹਾਨ ਸ਼ਹੀਦ ਐ-ਗੁਰਪਾਲ ਸਿੰਘ ਦਾ ਬਾਪੂ ਵੀ ਸਾਡਾ ਸ਼ਹੀਦ ਈ ਐ-ਇਹਨਾਂ ਦੋਹਾਂ ਸ਼ਹੀਦਾਂ ਦੇ ਮੁਖ਼ਬਰਾਂ ਦੀ ਸਭ ਤੋ ਪਹਿਲਾਂ ਭਾਲ ਕਰਕੇ ਸੋਧੋ ਤੇ ਵਿਚੋਲੇ ਬਾਅਦ 'ਚ ਬਣਿਓਂ-ਜੇ ਤੁਸੀਂ ਨਹੀਂ ਕੁਛ ਕਰਨਾ ਤਾਂ ਇਹ ਕੰਮ ਮੇਰੇ ਜਿ਼ੰਮੇ ਲਾਓ-ਦੇਖੋ ਕਿਮੇਂ ਪਾਉਨੈਂ ਭੜ੍ਹਾਕੇ-ਹਮਕੋ ਤੁਕੋ ਤਾਂ ਮੈਨੂੰ ਮਿੱਤਰੋ ਆਉਂਦੀ ਨੀ-ਆਪਾਂ ਨੂੰ ਤਾਂ ਮਿੱਤਰੋ ਦੋ ਗੱਲਾਂ ਈ ਆਉਂਦੀਐਂ-ਟਾਂਡਿਆਂ ਆਲੀ ਜਾਂ ਭਾਂਡਿਆਂ ਆਲੀ-ਮਤਲਬ ਮਰੋ ਜਾਂ ਮਾਰੋ-ਜੇ ਦੋ ਚਾਰ ਕਰਾੜ੍ਹ ਰੋੜ੍ਹਨੇ ਐਂ ਤਾਂ ਮੈਨੂੰ ਦੱਸੋ ਤੇ ਨਹੀਂ ਮੈਂ ਤਾਂ
ਚੱਲਿਐਂ ਸੌਣ-।" ਉਸ ਨੇ ਇੱਕੋ ਹੀ ਨਬੇੜ ਦਿੱਤੀ।
-"ਹਾਂ-ਤੂੰ ਚੱਲ ਕੇ ਅਰਾਮ ਕਰ।" ਏਰੀਆ ਕਮਾਂਡਰ ਨੇ ਕਿਹਾ ਤਾਂ "ਟੈਂਕ" ਰੇਲਵੇ ਇੰਜਣ ਵਾਂਗ ਧੂੰਆਂ ਛੱਡਦਾ, ਆਪਣੀ ਏ. ਕੇ. 56 ਲੈ ਕੇ ਬਾਹਰ ਨਿਕਲ ਗਿਆ।
-"ਖ਼ਾਲਸਾ ਜੀ ਐਨਾ ਜੋਸ਼ ਸਾਨੂੰ ਕਿਸੇ ਤਰ੍ਹਾਂ ਵੀ ਵਾਰਾ ਨਹੀ ਖਾਂਦਾ-ਇਹ ਮਾਰੂ ਅਤੇ ਘਾਤਕ ਸਿੱਧ ਹੋਵੇਗਾ-ਸਾਡੀ ਲਹਿਰ ਦੇ ਕੱਫ਼ਣ ਵਿਚ ਇੱਕ ਤਰ੍ਹਾਂ ਨਾਲ ਕਿੱਲ-ਸਾਰਾ ਕੁਝ ਵਿਚਾਰਨ ਤੋਂ ਬਾਅਦ ਜੱਥੇਬੰਦੀ ਇਸ ਨਤੀਜੇ ਤੇ ਪਹੁੰਚੀ ਹੈ ਕਿ ਭਾਈ ਕੁਲਬੀਰ ਸਿੰਘ ਟੈਂਕ ਦੇ ਵਿਚਾਰਾਂ ਤੋਂ ਬਗੈਰ ਬਾਕੀ ਮਤੇ ਸਰਬ-ਸੰਮਤੀ ਨਾਲ ਨਾਲ ਪਾਸ ਕੀਤੇ ਜਾਣ-ਸੋ ਮੈਂ ਬੇਨਤੀ ਕਰਦਾ ਹਾਂ ਕਿ ਉਪਰੋਕਤ ਮਤੇ ਬਾਂਹਾਂ ਖੜ੍ਹੀਆਂ ਕਰਕੇ ਪਾਸ ਕੀਤੇ ਜਾਣ ਅਤੇ ਸੰਖੇਪ ਰਿਪੋਰਟ ਤਿਆਰ ਕਰਕੇ ਸਾਰੇ ਪੰਜਾਬੀ ਅਖ਼ਬਾਰਾਂ ਦੇ ਦਫ਼ਤਰਾਂ ਨੂੰ ਤੋਰੀ ਜਾਵੇ-ਰਿਪੋਰਟ ਹੇਠ ਸਿਰਫ਼ ਜੱਥੇਬੰਦੀਆਂ ਦੇ ਮੁਖੀਆਂ ਦੇ ਨਾਂ
ਪਾਏ ਜਾਣ।" ਕਹਿ ਕੇ ਜੱਥੇਦਾਰ ਰੇਸ਼ਮ ਸਿੰਘ ਬੰਬ ਉਠਦੀਆਂ ਬਾਂਹਾਂ ਦਾ ਪ੍ਰਤੀਕਰਮ ਦੇਖਣ ਲੱਗ ਪਿਆ। "ਹਿੰਦੂਆਂ ਨੂੰ ਪੰਜਾਬ ਤੋਂ ਭਜਾਉਣ" ਦੇ ਖ਼ਾਹਿਸ਼ੀ ਗੁਰਬੰਤ ਸਿੰਘ ਤੋਂ ਬਗੈਰ ਸਾਰਿਆਂ ਨੇ
ਹੱਥ ਖੜ੍ਹੇ ਕਰ ਕੇ ਸਹਿਮਤੀ ਪ੍ਰਗਟਾ ਦਿੱਤੀ। ਸੰਖੇਪ ਰਿਪੋਰਟ ਤਿਆਰ ਕੀਤੀ ਗਈ।
ਮੀਟਿੰਗ ਸਮਾਪਤ ਹੋ ਗਈ।
ਰਾਤ ਦਾ ਡੇੜ੍ਹ ਵੱਜ ਗਿਆ ਸੀ।
ਸਾਰਿਆਂ ਨੇ ਆਪਣਾ ਆਪਣਾ ਰਸਤਾ ਫੜ ਲਿਆ। ਖੇਤੋ ਖੇਤੀ ਉਹ ਵੱਖ ਵੱਖ ਦਿਸ਼ਾਵਾਂ ਵੱਲ ਰਵਾਨਾ ਹੋ ਗਏ।
ਜੱਥੇਦਾਰ ਅਤੇ ਹਰਪਾਲ ਪੱਕੀ ਕਣਕ 'ਚੋਂ ਨਿਕਲ ਕੇ ਅਜੇ ਪਹੇ ਪਏ ਹੀ ਸਨ ਕਿ ਉਹਨਾਂ ਨੂੰ ਚਾਰ ਸਿੰਘ ਟੱਕਰ ਪਏ। ਸਾਰਿਆਂ ਨੇ 'ਫ਼ਤਹਿ' ਗਜਾਈ। ਇਹ ਉਹ ਸਿੰਘ ਸਨ ਜਿਹੜੇ ਰਣਜੋਧ ਦੇ ਖੇਤੋਂ ਪ੍ਰਛਾਦੇ ਛਕ ਕੇ ਗਏ ਸਨ।
-"ਜੱਥੇਦਾਰ ਸਾਹਬ ਜੀ-ਆਹ ਸੂਰਮਾਂ ਨਮਾਂ ਮੁੰਨਿਐਂ?" ਮਜ੍ਹਬੀ ਸਿੱਖ ਪ੍ਰੀਤਮ ਸਿੰਘ ਨੇ ਪੁੱਛਿਆ। ਸਾਰੇ ਉਸ ਨੂੰ "ਜੈਲਦਾਰ" ਆਖ ਕੇ ਬੁਲਾਉਂਦੇ ਸਨ।
-"ਜੈਲਦਾਰਾ ਇਹ ਸਿੰਘ ਰਣਜੋਧ ਦੇ ਪਿੰਡੋਂ ਐਂ-ਸ਼ਹੀਦ ਰਣਜੋਧ ਸਿੰਘ ਦੇ ਪਿੰਡੋਂ।" ਜੱਥੇਦਾਰ ਨੇ ਕਿਹਾ।
-"ਚੜਿੱਕ ਤੋਂ?"
-"ਹਾਂ...।"
-"ਰਣਜੋਧ ਨਾਲ ਸ਼ਹੀਦ ਹੋਣ ਵਾਲਾ ਬਾਬਾ ਇਹਦਾ ਬਾਪ ਸੀ।" ਜੱਥੇਦਾਰ ਨੇ ਹੋਰ ਦੱਸਿਆ ਤਾਂ ਜੈਲਦਾਰ ਦਾ ਮਨ ਦੁਖੀ ਹੋ ਗਿਆ।
-"ਬਾਈ ਸਿਆਂ ਬੜਾ ਦੁੱਖ ਹੋਇਆ ਸੁਣ ਕੇ।"
-"........।" ਗੁਰਪਾਲ ਚੁੱਪ ਸੀ।
ਸਾਰੇ ਹੀ ਚੁੱਪ ਸਨ।
-"ਬਾਈ ਸਿਆਂ ਹੋਰ ਤਾਂ ਕੋਈ ਵੱਸ ਨਹੀਂ-ਗਿਆਂ ਨੂੰ ਕੋਈ ਮੋੜ ਕੇ ਤਾਂ ਲਿਆਉਂਦਾ ਨਹੀਂ-ਪਰ ਜਿੱਦੇਂ ਮੁਖ਼ਬਰਾਂ ਦਾ ਪਤਾ ਲੱਗ ਗਿਆ ਕਰਦੂੰ ਖਲਪਾੜਾਂ-ਕੁੱਲੀ 'ਚ ਚਾਹੇ ਕੱਖ ਨਾ ਰਹੇ-ਅਸੀਂ ਬਾਬੇ ਜੀਵਨ ਸਿੰਘ ਰੰਘਰੇਟੇ ਦੀ ਔਲਾਦ 'ਚੋਂ ਆਂ-ਜੇ ਨਾ ਗਿਣ ਗਿਣ ਬਦਲੇ ਲਏ ਤਾਂ ਮੈਨੂੰ ਪ੍ਰੀਤਮ ਸਿਉਂ ਜੈਲਦਾਰ ਨਾ ਆਖੀਂ!" ਜੈਲਦਾਰ ਕਰੋਧ ਵਿਚ ਸੜਿਆ ਹੋਇਆ ਸੀ।
-"ਕੋਈ ਮਿਲੀ ਸੂਹ ਮਾੜੀ ਮੋਟੀ?"
-"ਕੀਹਦੀ ਖਬਰ?"
-"ਮੁਖ਼ਬਰ ਦੀ।"
-"ਜੱਥੇਦਾਰਾ ਕਮਲੀਆਂ ਗੱਲਾਂ ਕਰਦੈਂ? ਜੇ ਸੂਹ ਮਿਲੀ ਹੁੰਦੀ ਅਸੀਂ ਤੈਨੂੰ ਐਥੇ ਮਿਲਦੇ? ਫੇਰ ਤਾਂ ਜਾਂ ਦੁਸ਼ਟ ਪਾਰ ਹੁੰਦਾ ਜਾਂ ਅਸੀਂ-ਲਾਟ ਨੂੰ ਦੇਖ ਕੇ ਪਤੰਗਾ ਕਿਤੇ ਮੁੜਿਐ?" ਜੈਲਦਾਰ ਦਾ ਸਰੀਰ ਭਾਫ਼ਾਂ ਛੱਡੀ ਜਾ ਰਿਹਾ ਸੀ। ਗੁੱਸੇ ਵਿਚ ਦਧਨ ਹੋਇਆ ਉਹ ਅਸਮਾਨ ਉਡਣ ਲਈ ਤਿਆਰ ਸੀ।
-"ਕੋਸਿ਼ਸ਼ ਜਾਰੀ ਰੱਖੋ!"
-"ਅਸੀਂ ਕੱਢੀ ਜਾਨੇ ਐਂ ਕੰਡੇ ਜੱਥੇਦਾਰਾ-ਤੂੰ ਪ੍ਰਵਾਹ ਕਾਹਦੀ ਕਰਦੈਂ? ਇਕ ਪੁਲਸ ਦਾ ਚਪਾਹੀ ਹੱਥ 'ਚ ਕੀਤੈ-ਉਹ ਕਹਿੰਦਾ ਮੁਖਬਰ ਮੈਂ ਭਾਲ ਕੇ ਦਿੰਨੈਂ।"
-"ਪੁਲੀਸ ਤੇ ਬਹੁਤਾ ਇਤਬਾਰ ਨਹੀਂ ਕਰਨਾ-ਕਿਸੇ ਖੁੱਲ੍ਹੀ ਜਗਾਹ ਤੇ ਮਿਲਣੈ ਜਿੱਥੋਂ ਖਿਸਕਣ ਦਾ ਜੁਗਾੜ ਵੀ ਬਣੇ-ਪੂਰੇ ਚੌਕਸ ਹੋ ਕੇ ਬਿੜਕ ਲੈਣੀ ਐਂ।"
-"ਸੱਤ ਬਚਨ ਜੀ!" ਜੈਲਦਾਰ ਨੇ ਵਿਅੰਗ ਵਜੋਂ ਗਲ 'ਚ ਪੱਲੂ ਪਾ ਲਿਆ ਤਾਂ ਸਾਰੇ ਹੱਸ ਪਏ।
-"ਮੀਟਿੰਗ 'ਚ ਕੀ ਫੈਸਲੇ ਹੋਏ?"
-"ਕੱਲ੍ਹ ਦਾ ਅਖਬਾਰ ਪੜ੍ਹ ਲਿਓ।"
-"ਜੱਥੇਦਾਰ ਸਾਹਬ-ਇਹ ਤਾਂ ਪੜ੍ਹ ਲੈਣਗੇ ਪਰ ਮੈਂ?" ਜੈਲਦਾਰ ਨੇ ਔਕੜ ਦੱਸੀ।
-"ਤੂੰ ਕੰਨ ਨਾ ਖਾਹ-ਅਸੀਂ ਤੈਨੂੰ ਪੜ੍ਹ ਕੇ ਸੁਣਾ ਦਿਆਂਗੇ।" ਨਾਲ ਦੇ ਨੇ ਕਿਹਾ।
-"ਜੱਥੇਦਾਰ ਸਾਹਬ-ਥੋਡੇ ਸਾਹਮਣੇ ਈ ਮਿੱਠੇ ਪੋਚੇ ਮਾਰਦੇ ਐ-ਪਿੱਛੋਂ ਲੰਡੇ ਢੱਟੇ ਦੇ ਸਾਲੇ ਬਣ ਜਾਂਦੇ ਐ-ਚੂਹੜ੍ਹੇ ਤੋਂ ਬਿਨਾ ਗੱਲ ਨਹੀਂ ਕਰਦੇ-ਸਾਹਮਣੇ ਖੜ੍ਹੇ ਐ ਪੁੱਛਲੋ।"
-"ਨਾ ਬਈ ਸਿੰਘੋ ਇਉਂ ਨਾ ਕਰਿਆ ਕਰੋ।"
-"ਇਹ ਤਾਂ ਜੱਥੇਦਾਰ ਜੀ ਮੈਨੂੰ ਪੂਰੀ ਰੋਟੀ ਵੀ ਨਹੀਂ ਖਾਣ ਦਿੰਦੇ-ਉਹ ਵੀ ਖੋਹ ਕੇ ਲੈ ਜਾਂਦੇ ਐ-ਆਹ ਦੇਖਲੋ ਸਹੁਰਾ ਢਿੱਡ ਢੂਹੀ ਨਾਲ ਲੱਗਿਆ ਪਿਐ-।" ਜੈਲਦਾਰ ਨੇ ਢਿੱਡ ਤੋਂ ਝੱਗਾ ਚੁੱਕ ਕੇ ਦਿਖਾਇਆ ਤਾਂ ਹਾਸੜ ਪੈ ਗਈ।
-"ਪਹੁ ਫ਼ਟ ਚੱਲੀ ਐ-ਟਿਕਾਣੇ ਮੱਲੋ-ਹਾਂ ਸੱਚ! ਪੁਲੀਸ ਆਲੇ ਤੋਂ ਭੇਦ ਲੈਣ ਸਾਰੇ ਨਾ ਜਾਇਓ-ਇੱਕ ਜਣਾਂ ਈ ਜਾਇਓ!" ਜੱਥੇਦਾਰ ਨੇ ਕੰਨ ਕੀਤੇ।
-"ਜੱਥੇਦਾਰ ਸਾਹਬ ਫਿਕਰ ਨਾ ਕਰੋ-ਗੁਰੂ ਕਾ ਸਿੰਘ ਏਸੇ ਕੰਮ ਤੇ ਈ ਐ।" ਜੈਲਦਾਰ ਨੇ ਤਿੜ ਕੇ ਕਿਹਾ।
ਫ਼ਤਹਿ ਬੁਲਾ ਕੇ ਸਾਰੇ ਆਪੋ ਆਪਣੇ ਰਸਤੇ ਪੈ ਗਏ।
ਅਗਲੇ ਦਿਨ ਹੀ ਮੀਟਿੰਗ ਵਿਚ ਲਏ ਗਏ ਫ਼ੈਸਲੇ ਅਖ਼ਬਾਰਾਂ ਨੇ ਘਰੋ ਘਰੀ ਲਿਆ ਸੁੱਟੇ। ਧੀਆਂ ਵਾਲਿਆਂ ਨੇ ਫ਼ੈਸਲਿਆਂ ਦੀ ਸ਼ਲਾਘਾ ਕੀਤੀ, ਸੁਆਗਤ ਕੀਤਾ। ਪਰ ਦਾਜ ਲੋਭੀਆਂ ਦੇ ਪਿੱਸੂ ਪੈ
ਗਏ। ਧੀਆਂ ਦੇ ਗ਼ਰੀਬ ਮਾਪਿਆਂ ਨੇ ਵੀ ਸੁੱਖ ਦਾ ਸਾਹ ਲਿਆ। ਰਾਹਤ ਮਹਿਸੂਸ ਕੀਤੀ। ਸਿਰਫ਼ ਪੁੱਤਾਂ ਵਾਲਿਆਂ ਦੇ ਪ੍ਰੀਵਾਰ ਹੀ ਅੰਦਰੋਂ "ਭੜ੍ਹਾਸ" ਕੱਢ ਰਹੇ ਸਨ।
-"ਲੈ ਸਾਲੇ ਰੱਬ ਬਣੇ ਫਿ਼ਰਦੇ ਐ-।" ਰਣਬੀਰ ਦਾ ਨੰਬਰਦਾਰ ਪਿਉ ਜੱਥੇਬੰਦੀਆਂ ਦੇ ਫ਼ੈਸਲਿਆਂ ਤੋਂ ਬੁਰੀ ਤਰ੍ਹਾਂ ਚਿੜਿਆ ਹੋਇਆ ਸੀ।
-"ਕੋਈ ਪੁੱਛਣ ਆਲਾ ਹੋਵੇ-ਬਈ ਸਾਲਿਓ ਰਾਜ ਥੋਡੈ ਕਿ ਕਾਂਗਰਸ ਦਾ? ਇਉਂ ਮਤੇ ਪਾਸ ਕਰਨ ਲੱਗਪੇ-ਜਿਵੇਂ ਪਿਉ ਆਬਦੇ ਦਾ ਰਾਜ ਹੁੰਦੈ।" ਨੰਬਰਦਾਰ ਬੱਕੜਵਾਹ ਕਰੀ ਜਾ ਰਿਹਾ ਸੀ। ਨੰਬਰਦਾਰ ਦੇ ਤਿੰਨ ਮੁੰਡੇ ਹੀ ਮੁੰਡੇ ਸਨ, ਧੀ ਕੋਈ ਨਹੀਂ ਸੀ। ਪਹਿਲਾਂ ਨੰਬਰਦਾਰ ਹੋਰੀਂ ਵੀ ਚਾਰ ਭਰਾ ਹੀ ਸਨ, ਭੈਣ ਕੋਈ ਨਹੀਂ ਸੀ।
-"ਕਰਲੋ-ਕਰਲੋ ਪੁੱਤ ਚਾਰ ਦਿਨ ਜਿਹੜੇ ਅਛਨੇ ਪਛਨੇ ਕਰਨੇ ਐਂ-ਚਲਾਲੋ ਚੰਮ ਦੀਆਂ-ਫੇਰ ਤਾਂ ਸਿਆਣਿਆਂ ਦੇ ਕਹਿਣ ਮਾਂਗੂੰ ਚਾਰ ਦਿਨਾਂ ਦੀ ਚਾਨਣੀ ਫਿਰ ਹਨ੍ਹੇਰੀ ਰਾਤ-ਖ਼ਾਲਿਸਤਾਨ ਅਜੇ
ਬਣਿਆਂ ਨਹੀਂ ਕਰਿਆ ਨਹੀਂ-ਪਹਿਲਾਂ ਈ ਕਾਨੂੰਨ ਲਾਗੂ ਕਰਨ ਲੱਗਪੇ-ਜਦੋਂ ਖ਼ਾਲਿਸਤਾਨ ਬਣ ਗਿਆ ਫੇਰ ਪਤਾ ਨਹੀਂ ਕੀ ਨ੍ਹੇਰੀ ਲਿਆਉਣਗੇ-ਜਾਤ ਦੀ ਕੋਹੜ੍ਹ ਕਿਰਲੀ ਛਤੀਰਾਂ ਨੂੰ ਜੱਫੇ!" ਰੂੜੀ-ਮਾਰਕਾ ਦੇ ਚਾਰ ਕਰੜੇ ਪੈੱਗ ਲਾ ਕੇ ਨੰਬਰਦਾਰ ਬੈਠਕ ਵਿਚ ਬੈਠਾ ਇਕੱਲਾ ਹੀ ਬਰੜਾਹਟ ਕਰੀ ਜਾ ਰਿਹਾ ਸੀ।

ਬਾਕੀ ਅਗਲੇ ਹਫ਼ਤੇ.....

No comments:

Post a Comment