ਪੁਰਜਾ ਪੁਰਜਾ ਕਟਿ ਮਰੈ (ਕਾਂਡ 9)

ਸ਼ਾਮ ਦੇ ਚਾਰ ਵੱਜੇ ਸਨ।
ਖੇਤਾਂ ਵਿਚ ਦਿਲ-ਖਿੱਚ ਹਰਿਆਲੀ ਸੀ। ਬਨਸਪਤੀ ਦੀ ਖੁਸ਼ਬੂ ਨਾਸਾਂ ਨੂੰ ਛੇੜਦੀ ਸੀ। ਪੱਕੀਆਂ ਫ਼ਸਲਾਂ ਦੇਖ ਕੇ ਕਿਸਾਨ ਨਸਿ਼ਆਏ ਪਏ ਸਨ। ਹਰ ਘਰ ਸਾਗ ਦੀ ਤੌੜੀ ਰਿੱਝਦੀ, ਸੁਗੰਧੀਆਂ ਖਿਲਾਰਦੀ ਰਹਿੰਦੀ। ਮੱਕੀ ਦੀਆਂ ਰੋਟੀਆਂ ਦੀ ਆਨੰਦਮਈ ਮਹਿਕ ਭੁੱਖਿਆਂ ਨੂੰ ਹੋਰ ਹਾਬੜਾ ਚਾਹੜਦੀ।
ਦਿਨ ਢਲੇ ਰਣਬੀਰ ਠਾਣੇ ਪੁੱਜ ਗਿਆ।
ਸੰਤਰੀ ਨੇ ਉਸ ਨੂੰ ਬੜੇ ਅਦਬ ਨਾਲ "ਸਤਿ ਸ੍ਰੀ ਅਕਾਲ" ਬੁਲਾਈ। ਇਸ ਠਾਣੇ ਦੇ ਸਾਰੇ ਸਟਾਫ਼ ਨੂੰ ਪਤਾ ਸੀ ਕਿ ਪਿਉ-ਪੁੱਤ ਸਰਦਾਰ ਦੇ ਖਾਸ "ਟਾਊਟ" ਸਨ।

ਠਾਣੇਦਾਰ ਕਿਸੇ ਪੰਚਾਇਤ ਨਾਲ ਗੱਲੀਂ ਪਿਆ ਹੋਇਆ ਸੀ। ਉਸ ਨੇ ਇਸ਼ਾਰੇ ਨਾਲ ਰਣਬੀਰ ਨੂੰ ਚੁਬਾਰੇ ਚੜ੍ਹਨ ਲਈ ਆਖਿਆ। ਰਣਬੀਰ ਪੱਬਾਂ ਭਾਰ ਚੁਬਾਰੇ ਚੜ੍ਹ ਗਿਆ। ਜਿਵੇਂ ਚੁਬਾਰਾ ਉਸ ਦੇ ਬਾਪੂ ਦਾ ਸੀ।
ਠਾਣੇਦਾਰ ਵਾਕਿਆ ਹੀ ਵਾਅਦੇ ਦਾ ਪੱਕਾ ਨਿਕਲਿਆ ਸੀ। ਰਿਵਾਲਵਰ ਦਾ ਲਾਈਸੈਂਸ ਬਣਵਾ ਕੇ, ਹਥਿਆਰ ਗਲ ਪੁਆ ਦਿੱਤਾ ਸੀ। ਹੁਣ ਰਣਬੀਰ ਘੱਟ ਵੱਧ ਹੀ ਕਾਲਿਜ ਜਾਂਦਾ। ਜੇ ਜਾਂਦਾ ਤਾਂ ਸਿਰਫ਼ ਕਨਸੋਅ ਲੈਣ ਖਾਤਰ, ਸੀ ਆਈ ਡੀ ਕਰਨ ਖਾਤਰ! ਰਣਬੀਰ ਨੇ ਆਪਣਾ ਤਿੰਨ ਮੈਂਬਰੀ ਗਿਰੋਹ ਖੜ੍ਹਾ ਕਰ ਲਿਆ ਸੀ। ਪਰ ਵਾਰਦਾਤ ਹਾਲੀਂ ਤੱਕ ਉਹਨਾਂ ਨੇ ਕੋਈ ਨਹੀਂ ਕੀਤੀ ਸੀ। ਇਸ ਗਿਰੋਹ
ਦੇ ਮੈਂਬਰ ਸਨ ਘੁਮੰਡ ਸਿੰਘ ਰਾਕਟ, ਬਿੱਕਰ ਸਿੰਘ ਅਤੇ ਖੁਦ ਰਣਬੀਰ ਆਪ! ਨਜਾਇਜ਼ ਹਥਿਆਰ ਉਹਨਾਂ ਨੂੰ ਠਾਣੇ ਤੋਂ ਮੁਹੱਈਆ ਕਰ ਦਿੱਤੇ ਗਏ ਸਨ। ਪਰ ਖੁਫ਼ੀਆ ਰੂਪ ਵਿਚ। ਕਿਸੇ ਨੂੰ ਕੋਈ ਖ਼ਬਰ ਨਹੀਂ ਹੋਈ ਸੀ।
ਦਗੜ-ਦਗੜ ਕਰਦਾ ਠਾਣੇਦਾਰ ਚੁਬਾਰੇ ਚੜ੍ਹ ਆਇਆ। ਉਸ ਦੇ ਮੋਢੇ ਦੇ ਸਟਾਰ ਲਿਸ਼ਕ ਰਹੇ ਸਨ। ਪਟਿਆਲਾ ਸ਼ਾਹੀ ਪੱਗ ਵੱਖਰਾ ਹੀ ਪ੍ਰਭਾਵ ਦੇ ਰਹੀ ਸੀ।
-"ਸਾਸਰੀਕਾਲ ਚਾਚਾ ਜੀ!"
-"ਸਾਸਰੀਕਾਲ, ਰਣਬੀਰ ਪੁੱਤਰਾ!" ਠਾਣੇਦਾਰ ਨੇ ਉਸ ਨੂੰ ਜੱਫੀ ਵਿਚ ਘੁੱਟ ਲਿਆ।
-"ਬੈਠ, ਖੜ੍ਹਾ ਕਿਉਂ ਐਂ?"
ਰਣਬੀਰ ਬੈਠ ਗਿਆ।
ਠਾਣੇਦਾਰ ਨੇ ਆਦਤ ਮੂਜਬ ਅਲਮਾਰੀ ਵਿਚੋਂ ਬੋਤਲ ਕੱਢ ਲਈ। ਦੋ ਪੈੱਗ ਬਣਾ ਲਏ। ਬਾਪੂ ਨਾਲ ਨਾ ਹੋਣ ਕਰਕੇ ਰਣਬੀਰ ਨੇ ਅੱਜ ਬਿਲਕੁਲ ਨਾਂਹ-ਨੁੱਕਰ ਨਾ ਕੀਤੀ।
-"ਚੱਕ ਫ਼ੇਰ ਪੁੱਤਰਾ!"
ਉਹਨਾਂ ਪੈੱਗ ਪੀ ਲਏ।
-"ਹਥਿਆਰ ਟੈਸਟ ਕੀਤਾ?" ਠਾਣੇਦਾਰ ਪੁੱਛ ਰਿਹਾ ਸੀ। ਮੁੱਛਾਂ ਦੇ ਕੁੰਢ ਠੂੰਹੇਂ ਦੀ ਪੂਛ ਵਾਂਗ ਹਿੱਲੇ ਸਨ।
-"ਅਜੇ ਕੀਤਾ ਨਹੀਂ ਜੀ।"
-"ਕਰ ਲੈਣਾ ਸੀ।"
-"ਮੈਂ ਸੋਚਿਆ ਕੋਈ ਰਪਟ ਨਾ ਕਰ ਦੇਵੇ!"
-"ਰਪਟ ਕਰੂ ਕਿੱਥੇ? ਮੇਰੇ ਕੋਲ ਈ ਆਊ-ਅਸੀਂ ਮਾਰ-ਮਾਰ ਪਾ ਦਿਆਂਗੇ ਚਿੱਬ!"
ਰਣਬੀਰ ਨੂੰ ਖੰਭ ਲੱਗ ਗਏ।
-"ਅੱਜ ਈ ਕਰ ਲੈਨੇਂ ਆਂ ਜੀ।"
-"ਰਣਬੀਰਿਆ! ਸਾਰੀਆਂ ਸਹੂਲਤਾਂ ਤੈਨੂੰ ਦੇ ਦਿੱਤੀਆਂ-ਪਰ ਤੇਰੇ ਗਰੋਹ ਨੇ ਹਾਲੀਂ ਤੱਕ ਤਰਾਰੇ
ਨਹੀ ਦਿਖਾਏ ਪੁੱਤਰਾ! ਕੀ ਗੱਲ ਐ? ਕੋਈ ਪ੍ਰਾਬਲਮ ਹੈ ਤਾਂ ਦੱਸ?" ਉਹ ਦੁਬਾਰਾ ਪੈੱਗ ਪਾਉਂਦਾ ਹੋਇਆ ਬੋਲਿਆ।
-"ਜੀ ਲੈਟਰ-ਪੈਡ ਨਹੀ ਮਿਲੇ ਹਾਲੀਂ ਤੱਕ ਜੱਥੇਬੰਦੀਆਂ ਦੇ-ਤਰਾਰੇ ਤਾਂ ਕੱਲ੍ਹ ਨੂੰ ਈ ਦਿਖਾ ਦਿੰਨੇ ਐਂ।"
-"ਬੱਸ ਐਨੀ ਈ ਗੱਲ ਸੀ? ਉਏ ਵਾਹ ਬਈ ਰਣਬੀਰਿਆ! ਤੂੰ ਸੁਨੇਹਾਂ ਹੀ ਭੇਜ ਛੱਡਦਾ ਕੋਹੜੀਆ! ਮੈਂ ਤੇਰੇ ਘਰੇ ਟਰੱਕ ਭਰ ਕੇ ਭੇਜ ਦਿੰਦਾ ਲੈਟਰ-ਪੈਡਾਂ ਦਾ।"
ਦੋਨਾਂ ਨੇ ਪੈੱਗ ਫਿਰ ਖ਼ਤਮ ਕਰ ਦਿੱਤੇ।
ਠਾਣੇਦਾਰ ਨੇ ਬੈੱਡ ਹੇਠੋਂ ਇਕ ਪਲਾਸਟਿਕ ਦਾ ਲਿਫ਼ਾਫ਼ਾ ਕੱਢ ਲਿਆ। ਜਿਸ ਵਿਚ ਖ਼ਾੜਕੂ-ਜੱਥੇਬੰਦੀਆਂ ਦੇ ਤਰ੍ਹਾਂ-ਤਰ੍ਹਾਂ ਦੇ ਲੈਟਰ-ਪੈਡ ਸਨ।
-"ਐਕਸ਼ਨ ਕਿੱਥੋਂ ਸੁਰੂ ਕਰਈ ਜੀ?"
-"ਇਹ ਥੋਡਾ ਕੰਮ ਐਂ-ਮੈਂ ਆਪਣਾ ਕੰਮ ਪੂਰਾ ਕਰ ਦਿੱਤਾ ਹੈ-ਔਰ ਹਾਂ! ਐਕਸ਼ਨ ਕਰਨ ਵੇਲੇ ਰਜਿ਼ਸਟਰੇਸ਼ਨ ਵਾਲੇ ਹਥਿਆਰ 'ਚੋਂ ਗੋਲੀ ਬਿਲਕੁਲ ਨਹੀਂ ਚਲਾਉਣੀ-ਬਾਈ ਗਾਡ ਇਹ ਬਹੁਤ ਰਿਸਕੀ ਕੰਮ ਐਂ-ਇਸ ਵੱਲ ਖ਼ਾਸ ਖਿ਼ਆਲ ਰੱਖਣੈਂ-ਹਥਿਆਰ ਦੂਜੇ ਹੀ ਵਰਤਣੇ ਐਂ!"
-"ਠੀਕ ਐ ਜੀ।"
-"ਬੱਸ ਮੇਰੀ ਗੱਲ ਮੰਨੋਂ ਤਾਂ ਕੱਲ੍ਹ ਨੂੰ ਈ ਪਾ ਦਿਓ ਭੜ੍ਹਾਕੇ!" ਠਾਣੇਦਾਰ ਨੇ ਉਂਗਲਾਂ ਦੇ ਭੜ੍ਹਾਕੇ ਪਾਏ।
-"ਠੀਕ ਐ ਜੀ।"
-"ਸਭ ਤੋਂ ਵੱਡੀ ਗੱਲ ਇਹ ਹੈ ਕਿ ਐਕਸ਼ਨ ਸ਼ਰਾਬੀ ਹੋ ਕੇ ਨਾ ਕੀਤਾ ਜਾਵੇ-ਐਕਸ਼ਨ ਕਰਨ ਤੋਂ ਪਹਿਲਾਂ ਕੋਈ ਛੁਪਣ ਲਈ ਟਿਕਾਣਾ ਜ਼ਰੂਰ ਹੱਥ ਹੇਠ ਰੱਖਣਾ-ਸਭ ਤੋਂ ਪਹਿਲੀ ਖਿ਼ਆਲ ਰੱਖਣ
ਆਲੀ ਗੱਲ ਇਹ ਹੈ ਕਿ ਐਕਸ਼ਨ ਬੜੀ ਚੌਕਸੀ ਨਾਲ ਕੀਤਾ ਜਾਵੇ-ਜਿ਼ੰਮੇਵਾਰੀ ਲੈਟਰ-ਪੈਡ 'ਤੇ ਐਕਸ਼ਨ ਤੋਂ ਪਹਿਲਾਂ ਈ ਲਿਖ ਲਈ ਜਾਵੇ- ਵਾਰਦਾਤ ਤੋਂ ਤੁਰੰਤ ਬਾਅਦ ਜਿੰ਼ਮੇਵਾਰੀ ਵਾਲਾ ਕਾਗਜ਼
ਘਟਨਾ-ਸਥਾਨ 'ਤੇ ਸੁੱਟੋ ਤੇ ਤਿੱਤਰ ਹੋਵੋ-ਰਾਈਟ...?"
-"ਹਾਂ ਜੀ।"
-"ਕੀ ਹਾਂ ਜੀ...? ਚਾਚਾ ਆਖ ਕੁੱਤਿਆ...!"
-"ਹਾਂ ਚਾਚਾ ਜੀ!"
ਦੋਨਾਂ ਨੇ ਬੋਤਲ ਖ਼ਤਮ ਕਰ ਦਿੱਤੀ।
ਦੋਨੋਂ ਫਿਰ ਦਗੜ-ਦਗੜ ਕਰਦੇ ਚੁਬਾਰਿਓਂ ਉਤਰ ਆਏ। ਠਾਣੇਦਾਰ ਦਫ਼ਤਰ ਅੰਦਰ ਚਲਾ ਗਿਆ ਅਤੇ ਰਣਬੀਰ ਮੋਟਰ ਸਾਈਕਲ ਲੈ ਪਿੰਡ ਨੂੰ ਤੁਰ ਗਿਆ।
ਅਗਲੇ ਦਿਨ ਰਾਕਟ, ਬਿੱਕਰ ਸਿੰਘ ਅਤੇ ਰਣਬੀਰ ਜੀ ਟੀ ਰੋਡ ਤੋਂ ਤਕਰੀਬਨ ਬਾਰ੍ਹਾਂ ਕਿਲੋਮੀਟਰ ਹਟਵੇਂ ਬੱਸ ਸਟੈਂਡ 'ਤੇ ਖੜ੍ਹੇ ਸਨ। ਮਾਰੂ-ਹਥਿਆਰ ਉਹਨਾਂ ਦੀਆਂ ਬੁੱਕਲਾਂ ਵਿਚ ਸਨ ਅਤੇ ਉਪਰ ਲੋਈਆਂ ਦੀ ਬੁੱਕਲ ਮਾਰੀ ਹੋਈ ਸੀ। ਦੋ-ਦੋ ਪੈੱਗ ਉਹਨਾਂ ਚਾਹੜ ਰੱਖੇ ਸਨ। ਚਿਹਰੇ ਉਹਨਾਂ ਦੇ ਪੱਥਰਾਂ ਦੀ ਤਰ੍ਹਾਂ ਝਾਕ ਰਹੇ ਸਨ। ਹਰ ਆਦਮੀ ਦਾ ਦਿਲ ਕੁਕਰਮ ਕਰਨ ਤੋਂ ਪਹਿਲਾਂ ਜ਼ਰੂਰ ਵਿਲਕਦਾ ਹੈ, ਥਿੜਕਦਾ ਹੈ। ਅੰਦਰੋਂ ਜ਼ਮੀਰ ਕੁਰਲਾਂਦੀ ਹੈ, ਹਲੂਣਦੀ ਹੈ। ਪਰ ਮਨ ਇਹਨਾਂ ਸਾਰਿਆਂ ਤੋਂ ਅੱਖ ਬਚਾ ਕੇ ਬੰਦੇ ਨੂੰ ਹੱਲਾਸ਼ੇਰੀ ਦਿੰਦਾ ਹੈ। ਅਗਰ ਖੋਟੇ ਮਨ ਨਾਲ ਨਸ਼ਾ ਰਲ-ਗੱਡ
ਹੋ ਜਾਵੇ ਤਾਂ ਬੰਦਾ ਜ਼ਮੀਰ ਦਾ ਗਲਾ ਘੁੱਟ ਦਿੰਦਾ ਹੈ। ਡੋਲਦੇ ਦਿਲ ਨੂੰ ਅੱਖੋਂ-ਪਰੋਖੇ ਕਰ ਦਿੰਦਾ ਹੈ ਅਤੇ ਫਿਰ ਸੁਰੂ ਹੁੰਦਾ ਹੈ ਵਹਿਸ਼ੀਅਤ ਦਾ ਨੰਗਾ ਨਾਚ! ਤਾਂਡਵ ਦਾ ਰੂਪ!!
ਸ਼ਾਮ ਦੇ ਪੰਜ ਵੱਜ ਗਏ ਸਨ।
ਸਰਦੀਆਂ ਠਰਿਆ ਜਿਹਾ ਦਾ ਸੂਰਜ ਛੁਪਣ ਲਈ ਤਿਆਰ ਸੀ।
ਆਖਰੀ ਬੱਸ ਆਉਣ ਦਾ ਵੇਲਾ ਹੋ ਗਿਆ ਸੀ। ਸਵਾ ਪੰਜ ਵਜੇ ਇੱਧਰੋਂ ਪੰਜਾਬ ਰੋਡਵੇਜ਼ ਦੀ ਆਖਰੀ ਬੱਸ ਲੰਘ ਜਾਂਦੀ ਸੀ।
-"ਰਾਗਟਾ ਬੋਤਲ ਕੱਢ ਉਏ!" ਰਣਬੀਰ ਨੇ ਹੁਕਮ ਕੀਤਾ ਤਾਂ ਰਾਕਟ ਨੇ ਢਹੀ ਜਿਹੀ ਕੰਧ ਨਾਲੋਂ ਚੁੱਕ ਕੇ ਉਸ ਨੂੰ ਬੋਤਲ ਫੜਾ ਦਿੱਤੀ। ਰਣਬੀਰ ਸਮੇਤ ਸਾਰਿਆਂ ਨੇ ਸੁੱਕੀ ਦੇਸੀ ਦਾਰੂ ਦੀਆਂ ਘੁੱਟਾਂ ਭਰ ਲਈਆਂ। ਸੁੱਕੀ ਦਾਰੂ ਨੇ ਸਾਰਿਆਂ ਅੰਦਰ ਅੱਗ ਮਚਾ ਦਿੱਤੀ ਸੀ।
ਦੂਰੋਂ ਬੱਸ ਦਾ ਖੜਕਾ ਸੁਣਿਆ।
ਸਾਰਿਆਂ ਨੂੰ ਪਸੀਨਾ ਫੁੱਟਿਆ। ਹੱਥਾਂ, ਪੈਰਾਂ ਦੀਆਂ ਤਲੀਆਂ ਤਰ-ਬਤਰ ਹੋ ਗਈਆਂ।
-"ਰਾਗਟਾ ਤੂੰ ਪਿਛੋਂ ਦੀ ਚੜ੍ਹੀਂ-ਤੂੰ ਬਿੱਕਰਾ ਡਰਾਈਵਰ ਕੋਲ ਹੀ ਖੜ੍ਹਨੈਂ-ਡਰਾਈਵਰ ਕਨੈਕਟਰ ਦਾ ਖਾਸ ਖਿਆਲ ਰੱਖਣੈ-ਸਾਲਿਓ ਹਥਿਆਰ ਨਾ ਖੁਹਾ ਲਿਓ-ਸੁਣ ਗਿਆ? ਹੋਰ ਨਾ ਥੋਡੀਆਂ ਥੋਡੇ ਹੀ ਵੱਜਣ ਲੱਗ ਪੈਣ!"
ਦੋਨਾਂ ਨੇ ਸਿਰ ਹਿਲਾਏ।
ਟੇਢੀ ਜਿਹੀ ਪਿੱਠ ਵਾਲੀ ਬੱਸ ਆ ਕੇ ਰੁਕੀ ਤਾਂ ਤਿੰਨੇ ਘੜੀ ਸਕੀਮ ਅਨੁਸਾਰ ਚੜ੍ਹ ਗਏ। ਕੰਡਕਟਰ ਦੀ ਸੀਟੀ 'ਤੇ ਬੱਸ ਤੁਰ ਪਈ। ਸਵਾਰੀਆਂ ਕੁੱਲ ਵੀਹ ਕੁ ਸਨ।
-"ਹਾਂ ਟਿਕਟ ਲਓ ਬਾਈ!" ਕੰਡਕਟਰ ਨੇ ਰਾਕਟ ਨੂੰ ਕਿਹਾ। ਉਸ ਨੇ ਟਿਕਟਾਂ ਦੀ ਥਹੀ ਤੋਂ ਪਲਾਸਟਿਕ ਲਾਹ ਲਈ।
-"ਜਿਹੜਾ ਮੁੰਡਾ ਮੂਹਰਲੀ ਬਾਰੀ 'ਚ ਖੜ੍ਹੈ-ਉਹੀ ਕਟਵਾਊ।" ਰਾਕਟ ਨੇ ਮਸ਼ੀਨ ਵਾਂਗ ਉਤਰ ਦਿੱਤਾ ਤਾਂ ਕੰਡਕਟਰ ਅੱਗੇ ਨੂੰ ਹੋ ਤੁਰਿਆ।
-"ਕਿੱਥੇ ਜਾਣੈਂ ਬਾਈਆਂ ਨੇ?" ਕੰਡਕਟਰ ਨੇ ਰਣਬੀਰ ਕੋਲ ਆ ਕੇ ਪੁੱਛਿਆ।
-"ਤੂੰ ਦੱਸ ਕਿੱਥੇ ਜਾਣੈਂ...?" ਰਣਬੀਰ ਨੇ ਲੋਈ ਲਾਹ ਕੇ ਸੀਟ 'ਤੇ ਰੱਖ ਦਿੱਤੀ ਅਤੇ ਏ ਕੇ ਸੰਤਾਲੀ ਕੱਢ ਲਈ। ਕੰਡਕਟਰ ਨੂੰ ਚੱਕਰ ਆਇਆ। ਸਾਹ ਮਗਜ਼ ਨੂੰ ਚੜ੍ਹ ਗਏ।
-"ਐਧਰ ਆ ਜਾਹ ਮਿੱਤਰਾ-ਤੇਰੀ ਜਾਹ ਜਾਂਦੀ ਨਾ ਹੋ ਜਾਵੇ।" ਬਿੱਕਰ ਨੇ ਕੰਡਕਟਰ ਨੂੰ ਖਿੱਚ ਕੇ ਡਰਾਈਵਰ ਵਾਲੀ ਸੀਟ ਦੇ ਪਿੱਛੇ ਖੜ੍ਹਾ ਕਰ ਦਿੱਤਾ। ਲੋਈ ਉਸ ਨੇ ਵੀ ਪਰ੍ਹਾਂਹ ਸੁੱਟ ਦਿੱਤੀ ਸੀ।
ਬੱਗਾ ਹੋਇਆ ਡਰਾਈਵਰ ਬੁਰੀ ਤਰ੍ਹਾਂ ਕੰਬੀ ਜਾ ਰਿਹਾ ਸੀ।
ਸਵਾਰੀਆਂ ਬੁਰੀ ਤਰ੍ਹਾਂ ਘਬਰਾ ਗਈਆਂ।
ਔਰਤਾਂ ਨੇ ਰੋਣਾ-ਚੀਕਣਾ ਸੁਰੂ ਕਰ ਦਿੱਤਾ।
ਰਣਬੀਰ ਨੇ ਅਸਾਲਟ ਦੀ ਨੋਕ 'ਤੇ ਬੱਸ ਇੱਕ ਉਜਾੜ ਜਿਹੇ, ਕੱਚੇ ਰਾਹ ਨੂੰ ਪੁਆ ਲਈ। ਸ਼ਾਹੀ-ਹੁਕਮ ਦੀ ਬੜੀ ਤੇਜ਼ੀ ਨਾਲ ਤਾਮੀਲ ਹੋ ਰਹੀ ਸੀ। ਬੱਸ ਵਿਚ ਭੂਚਾਲ ਆ ਗਿਆ ਸੀ!
-"ਜੀਹਨੇ ਸਾਹ ਕੱਢਿਆ ਗੋਲੀ ਮਾਰ ਦਿਆਂਗੇ-ਖ਼ਾਲਿਸਤਾਨ-ਜਿੰ਼ਦਾਬਾਦ ਦੇ ਨਾਅਰੇ ਲਾਓ!"
ਰਣਬੀਰ ਨੇ ਹੁਕਮ ਸੁਣਾਇਆ ਤਾਂ ਚੁੱਪ ਵਰਤ ਗਈ। ਰਣਬੀਰ, "ਖ਼ਾਲਿਸਤਾਨ...!" ਆਖਦਾ ਤੇ ਸਵਾਰੀਆਂ "ਜਿ਼ੰਦਾਬਾਦ...!!" ਦਾ ਨਾਅਰਾ ਮਾਰਦੀਆਂ।
ਦੋ ਕੁ ਕਿਲੋਮੀਟਰ ਦੂਰ ਉਜਾੜ ਜਿਹੇ ਵਿਚ ਜਾ ਕੇ, ਬੱਸ ਰੁਕਵਾ ਲਈ ਗਈ। ਡਰਾਈਵਰ, ਕੰਡਕਟਰ ਸਮੇਤ ਸਾਰੀਆਂ ਸਵਾਰੀਆਂ ਨੂੰ ਹੇਠਾਂ ਉਤਰਨ ਦਾ ਹੁਕਮ ਹੋ ਗਿਆ।
ਮਿੰਟਾਂ ਵਿਚ ਹੀ ਬੱਸ ਖਾਲੀ ਹੋ ਗਈ।
ਇੱਕ ਮਰਦ ਸਵਾਰੀ ਨੇ ਅੱਖ ਬਚਾ ਕੇ ਭੱਜਣ ਦੀ ਕੋਸਿ਼ਸ਼ ਕੀਤੀ, ਪਰ ਰਣਬੀਰ ਦੀ ਏ ਕੇ ਸੰਤਾਲੀ ਨੇ ਬਾਰੂਦ ਉੱਗਲਿਆ ਤਾਂ ਉਹ ਤਾਂ 'ਤੇ ਹੀ ਢੇਰੀ ਹੋ ਗਿਆ। ਹਿੰਦੂ ਅਤੇ ਸਿੱਖ ਸਵਾਰੀਆਂ ਵੱਖ-
ਵੱਖ ਕਰ ਲਈਆਂ ਗਈਆਂ। ਇੱਕ ਨਿਹੰਗ ਸਿੰਘ ਇੱਕ ਛੋਟੇ ਜਿਹੇ ਮੋਨੇ ਲੜਕੇ ਨੂੰ ਆਪਣੀਆਂ ਲੱਤਾਂ ਨਾਲ ਲਾਈ ਖੜ੍ਹਾ ਸੀ। ਜੋ ਮੁੰਡਾ ਅਸਲੋਂ ਓਪਰਾ ਹਿੰਦੂ ਲੜਕਾ ਸੀ। ਉਸ ਲੜਕੇ ਦੀ ਸ਼ਾਇਦ ਇਹ ਖ਼ੁਸ਼ਕਿਸਮਤੀ ਸੀ ਕਿ ਉਹ ਨਿਹੰਗ ਨਾਲ ਸੀਟ 'ਤੇ ਬੈਠਾ ਸੀ, ਜਿਸ ਨੂੰ ਨਿਹੰਗ ਸਿੰਘ ਉੱਕਾ ਹੀ ਨਹੀਂ ਜਾਣਦਾ ਸੀ।
-"ਨਿਹੰਗਾ ਇਹ ਮੁੰਡਾ ਕੌਣ ਐਂ?" ਰਣਬੀਰ ਨੇ ਨਿਹੰਗ ਨੂੰ ਕੌੜ ਕੇ ਪੁੱਛਿਆ।
-"ਇਹ ਮੇਰਾ ਲੜਕੈ ਜੀ।" ਨਿਹੰਗ ਨੇ ਹਿੰਦੂ ਮੁੰਡੇ ਦੀ ਜਾਨ ਬਚਾਉਣ ਖ਼ਾਤਰ ਅਸਲੋਂ ਝੂਠ ਬੋਲਿਆ।
-"ਪਰ ਇਹ ਤਾਂ ਮੋਨੈਂ?"
-"ਨਾਨਕੀਂ ਰਹਿੰਦਾ ਰਿਹੈ ਜੀ-ਹੁਣ ਲਾਉਨੇ ਐਂ ਇਹਨੂੰ ਗੁਰੂ ਦੇ ਲੜ-ਏਸੇ ਕਰਕੇ ਮੈਂ ਇਹਨੂੰ ਪੜ੍ਹਨੋਂ ਹਟਾ ਕੇ ਲੈ ਕੇ ਆਇਐਂ-ਮੁਆਫ਼ੀ ਬਖ਼ਸ਼ੋ!"
ਨਿਹੰਗ ਦੀ ਗੱਲ 'ਤੇ ਰਣਬੀਰ ਸੰਤੁਸ਼ਟ ਹੋ ਗਿਆ ਅਤੇ ਫਿਰ ਦੂਜੀ ਕਤਾਰ ਵੱਲ ਨੂੰ ਗਿਆ। ਸਾਰੇ ਬੜੇ ਹੀ ਘਬਰਾਏ ਖੜ੍ਹੇ ਸਨ। ਰਾਕਟ ਅਤੇ ਬਿੱਕਰ ਥੋੜਾ ਹਟ ਕੇ ਪੁਜ਼ੀਸ਼ਨਾਂ ਲਈ ਖੜ੍ਹੇ ਸਨ।
-"ਖ਼ਾਲਿਸਤਾਨ ਦੇ ਦੁਸ਼ਮਣੋਂ-ਜਿਸ ਕਿਸੇ ਨੇ ਆਖ਼ਰੀ ਵਾਰ ਕਿਸੇ ਬੰਦੇ ਦਾ ਮੂੰਹ ਦੇਖਣੈ ਤਾਂ ਮੇਰਾ ਦੇਖ ਲਵੋ!"
ਸਾਰੇ ਮਿੰਨਤਾਂ ਤਰਲੇ ਕਰਦੇ ਰੋਣ ਕੁਰਲਾਉਣ ਲੱਗ ਪਏ। ਪਰ ਉਹਨਾਂ ਦੀ ਕੁਰਲਾਹਟ, ਬਰੱਸਟਾਂ ਨੇ ਕੁਝ ਪਲਾਂ ਵਿਚ ਹੀ ਬੰਦ ਕਰ ਦਿੱਤੀ! ਪਰਲੋਂ ਫ਼ੈਲ ਗਈ ਸੀ! ਗਿਆਰ੍ਹਾਂ ਬੰਦੇ ਦਾਣਿਆਂ ਵਾਂਗ ਭੁੰਨ ਦਿੱਤੇ ਗਏ ਸਨ। ਲਾਸ਼ਾਂ ਚਰ੍ਹੀ ਦੀਆਂ ਪੂਲੀਆਂ ਵਾਂਗ ਵਿਛ ਗਈਆਂ ਸਨ। ਨਿਹੰਗ ਨਾਲ ਚਿੰਬੜਿਆ ਖੜ੍ਹਾ ਮੋਨਾਂ ਮੁੰਡਾ "ਥਰ-ਥਰ" ਕੰਬੀ ਜਾ ਰਿਹਾ, ਸੋਚ ਰਿਹਾ ਸੀ: ਇਹ ਹੀ ਹਸ਼ਰ ਮੇਰਾ ਹੋਣਾ ਸੀ! ਜਦ ਸ਼ੁਕਰਾਨੇ ਭਰੀਆਂ ਅੱਖਾਂ ਨਾਲ ਉਸ ਨੇ ਨਿਹੰਗ ਸਿੰਘ ਵੱਲ ਤੱਕਿਆ ਤਾਂ ਨਿਹੰਗ ਸਿੰਘ ਨੇ ਆਪਣੇ ਵੱਡੇ-ਵੱਡੇ ਹੱਥਾਂ ਨਾਲ ਉਸ ਦਾ ਮੂੰਹ ਅਤੇ ਅੱਖਾਂ ਢਕ ਦਿੱਤੀਆਂ।
"ਜਿ਼ੰਮੇਵਾਰੀ" ਵਾਲਾ ਕਾਗਜ਼ ਰਣਬੀਰ ਨੇ ਲਾਸ਼ਾਂ ਕੋਲ ਰੱਖ, ਉਪਰ ਇੱਕ ਰੋੜਾ ਰੱਖ ਦਿੱਤਾ ਅਤੇ ਬਾਕੀਆਂ ਨੂੰ ਸੰਬੋਧਨ ਕੀਤਾ।
-"ਅਸੀਂ ਖ਼ਾਲਿਸਤਾਨੀ ਐਂ! ਹਿੰਦੂਆਂ ਨੂੰ ਖ਼ਾਲਿਸਤਾਨ ਦੀ ਸਰ-ਜ਼ਮੀਨ ਤੋਂ ਭਜਾਉਣਾ ਸਾਡਾ ਪਹਿਲਾ ਕਰਮ ਐਂ-ਸਿੱਖ ਸਾਡੇ ਭਰਾ ਹਨ-ਸਾਡੀਆਂ ਬਾਂਹਾਂ ਹਨ-ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ-ਅਸੀਂ ਦੁਸ਼ਟ ਸੋਧ ਕਮਾਂਡੋ ਫ਼ੋਰਸ ਦੇ ਸਿੰਘ ਹਾਂ ਅਤੇ ਐਹੋ ਜਿਹਾ ਕੂੜਾ ਕਬਾੜਾ ਹੂੰਝਣ ਲਈ ਬਚਨਵੱਧ ਹਾਂ।" ਉਸ ਨੇ ਲਾਸ਼ਾਂ ਵੱਲ ਹੱਥ ਕਰਕੇ ਕਿਹਾ।
-"ਹੁਣ ਤੁਹਾਡੇ ਲਈ ਇਹ ਹੀ ਹੁਕਮ ਹੈ ਕਿ ਤੁਸੀਂ ਖੇਤਾਂ ਵਿਚੋਂ ਦੀ ਹੋ ਕੇ ਆਪਣੇ ਆਪਣੇ ਪਿੰਡਾਂ ਨੂੰ ਜਾਓ-ਸੜਕ ਨਹੀਂ ਚੜ੍ਹਨਾ! ਰਾਹ ਨਹੀਂ ਪੈਣਾ! ਖੇਤਾਂ ਵਿਚ ਦੀ ਜਾਣਾ ਹੈ! ਸੜਕਾਂ ਅਤੇ ਰਾਹਾਂ ਉਪਰ ਸਾਡੇ ਸਿੰਘ ਘੁੰਮ ਰਹੇ ਹਨ-ਅਗਰ ਕੋਈ ਸੜਕ ਜਾਂ ਰਾਹ 'ਤੇ ਚੜ੍ਹਿਆ ਆਪਣਾ ਹਸ਼ਰ ਯਾਦ ਰੱਖੇ-ਜਾਓ!" ਤੇ ਸਵਾਰੀਆਂ ਤਿੱਤਰ ਹੋ ਗਈਆਂ। ਤੁਰਦੇ ਨਿਹੰਗ ਸਿੰਘ ਨੂੰ ਰਣਬੀਰ ਨੇ ਰੋਕ ਲਿਆ।
-"ਨਹਿੰਗਾ, ਮੁੰਡੇ ਦੇ ਵਾਲ ਰੱਖ ਤੇ ਅੰਮ੍ਰਿਤਪਾਨ ਕਰਵਾ।" ਰਣਬੀਰ ਨੇ ਹੁਕਮ ਸੁਣਾਇਆ।
-"ਸਤਿ ਬਚਨ ਖ਼ਾਲਸਾ ਜੀ।" ਨਿਹੰਗ ਨੇ ਸਿਰ ਝੁਕਾਇਆ। ਪਰ ਅੰਦਰੋਂ ਉਹ ਵੱਟ ਖਾ ਗਿਆ।
ਉਹ ਰਣਬੀਰ ਨੂੰ ਪੁੱਛਣਾ ਚਾਹੁੰਦਾ ਸੀ ਕਿ ਕੰਜਰਾ ਤੇਰੇ ਕਿਹੜੇ ਬਾਪੂ ਵਾਲਾ ਗਾਤਰਾ ਪਾਇਐ?
-"ਸਾਨੂੰ ਕੀ ਹੁਕਮ ਐ ਖਾਲਸਾ ਜੀ?" ਡਰਾਈਵਰ ਅਤੇ ਕੰਡਕਟਰ ਤਾਕੀ ਕੋਲ ਖੜ੍ਹੇ ਸਨ। ਉਹਨਾਂ ਦੇ ਚਿਹਰਿਆਂ ਦਾ ਫ਼ੂਸ ੳੁੱਡਿਆ ਪਿਆ ਸੀ।
-"ਤੁਸੀਂ ਵੀ ਖੇਤੋ ਖੇਤੀ ਘਰ ਜਾਓ-ਬੱਸ ਐਥੇ ਈ ਖੜ੍ਹੀ ਰਹਿਣ ਦੇਣੀ ਐਂ-ਔਰ ਹਾਂ! ਅਗਰ ਪੁਲਸ ਕੋਲ ਗਏ ਤਾਂ...!" ਰਣਬੀਰ ਨੇ ਏ ਕੇ ਸੰਤਾਲੀ ਦੀ ਬਾਇਰਲ ਡਰਾਈਵਰ ਦੀ ਹਿੱਕ ਵਿਚ ਖੋਭ ਕੇ "ਤਬਾਹੀ" ਦਾ ਇਸ਼ਾਰਾ ਦਿੱਤਾ।
-"ਆਹ ਤਾਂ ਫੜਾ ਬਾਧੂ ਭਾਰ ਚੱਕੀ ਫਿਰੇਂਗਾ।" ਰਾਕਟ ਨੇ ਕੰਡਕਟਰ ਕੋਲੋਂ ਪੈਸਿਆਂ ਵਾਲਾ ਝੋਲਾ ਖੋਹਦਿਆਂ ਕਿਹਾ। ਰੁਪਈਏ ਕੱਢ ਕੇ ਭਾਨ ਵਾਲਾ ਝੋਲਾ ਮੋੜਦਿਆਂ ਉਸ ਨੇ ਫਿਰ ਕਿਹਾ।
-"ਲੈ ਈ ਜਾਹ ਯਾਰ ਤੇਰੇ ਕੰਮ ਆਊ-ਸਾਡੇ ਇਹ ਕਿਸ ਕੰਮ ਐਂ?"
ਕੰਡਕਟਰ ਨੇ ਝੋਲਾ ਮੁੜ ਫੜ ਲਿਆ।
ਸਾਰੇ ਆਪੋ ਆਪਣੇ ਰਸਤੇ ਪੈ ਗਏ।
ਸੜਕ 'ਤੇ ਖੜ੍ਹ ਕੇ ਉਹਨਾਂ ਨੇ ਰਹਿੰਦੀ ਬੋਤਲ ਖ਼ਤਮ ਕੀਤੀ ਅਤੇ ਆਉਂਦਾ ਮੋਟਰ ਸਾਈਕਲ ਹਥਿਆਰਾਂ ਦੀ ਨੋਕ 'ਤੇ ਖੋਹ ਕੇ ਵਰ੍ਹਦੀ ਸਰਦੀ ਵਿਚ ਅਲੋਪ ਹੋ ਗਏ। ਮੋਟਰ ਸਾਈਕਲ ਦਾ
ਮਾਲਕ ਬੇਵੱਸ ਹੋਇਆ, ਕਹਿਰ ਦੀ ਸਰਦੀ ਵਿਚ ਹੱਥ ਮਲ ਰਿਹਾ ਸੀ। ਇਹ ਕਿਹੋ ਜਿਹੇ ਖ਼ਾੜਕੂ ਹਨ, ਜਿਹੜੇ ਮਿੰਟਾਂ ਵਿਚ ਮੇਰਾ ਮੋਟਰ ਸਾਈਕਲ ਲੁੱਟ ਕੇ ਰਾਹ ਪਏ? ਉਹ ਸੋਚ ਰਿਹਾ ਸੀ। ਕੜਾਕੇਦਾਰ ਠੰਢ ਵਿਚ ਉਸ ਦਾ ਦੰਦ-ਕੜਿੱਕਾ ਵੱਜ ਰਿਹਾ ਸੀ। ਫਿਰ ਪਤਾ ਨਹੀਂ ਉਸ ਨੂੰ ਕੀ ਸੁੱਝਿਆ? ਡਰੇ ਊਠ ਵਾਂਗ ਪਿਛਲੇ ਪੈਰੀਂ ਸਪਾਟ ਦੌੜ ਪਿਆ!
ਜਦ ਪੰਜਾਬ ਰੋਡਵੇਜ਼ ਦੀਆਂ ਬਾਕੀ ਬਚੀਆਂ ਸਵਾਰੀਆਂ ਨੇ ਆਪੋ ਆਪਣੇ ਪਿੰਡਾਂ ਵਿਚ ਜਾ ਕੇ ਬੂ-ਪਾਹਰਿਆ ਕੀਤੀ ਤਾਂ ਪਿੰਡਾਂ ਵਿਚ ਹਾਹਾਕਾਰ ਮੱਚ ਗਈ! ਅਜਿਹੀ ਹਿਰਦੇ-ਵੇਧਕ ਵਾਰਦਾਤ ਦੀ ਕਿਸੇ ਨੂੰ ਵੀ ਉਡੀਕ ਨਹੀਂ ਸੀ। ਲੋਕ "ਤਰਾਸ-ਤਰਾਸ" ਕਰ ਉਠੇ ਸਨ ਅਤੇ ਸਿਰ ਤੋੜ ਵਾਰਦਾਤ ਵਾਲੀ ਜਗਾਹ ਨੂੰ ਟਾਰਚਾਂ ਲੈ ਲੈ ਕੇ ਭੱਜੇ ਆ ਰਹੇ ਸਨ। ਹਰ ਕਿਸੇ ਦਾ ਦਿਲ ਫੜਿਆ ਹੋਇਆ ਸੀ। ਜਿਹਨਾਂ ਪ੍ਰੀਵਾਰਾਂ ਦੇ ਮੈਂਬਰ ਰਿਸ਼ਤੇਦਾਰੀਆਂ ਵਿਚ ਗਏ ਹੋਏ ਸਨ, ਉਹਨਾਂ ਦੇ ਹੱਥੋਂ ਭਾਂਡੇ ਛੁੱਟ ਗਏ ਸਨ। ਬਨੇਰਿਆਂ 'ਤੇ ਮੌਤ ਕੂਕਣ ਲੱਗ ਪਈ ਸੀ।
ਵਾਕੇ ਵਾਲੀ ਥਾਂ 'ਤੇ ਪੱਤਰਕਾਰ ਅਤੇ ਸਰਚ ਲਾਈਟਾਂ ਸਮੇਤ ਭਾਰੀ ਫ਼ੋਰਸ ਪੁੱਜ ਗਈ। ਲੋਕਾਂ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਪੁਲੀਸ ਅਤੇ ਸੀ ਆਰ ਪੀ ਨੇ ਕੁੱਤਿਆਂ ਵਾਂਗ ਛਿਛਕਰ ਦਿੱਤਾ ਸੀ।
ਪੱਤਰਕਾਰਾਂ ਦੇ ਕੈਮਰੇ "ਕਲਿੱਕ-ਕਲਿੱਕ" ਕਰ ਰਹੇ ਸਨ। ਦੂਰਦਰਸ਼ਨ ਵਾਲਿਆਂ ਦੀਆਂ ਬੱਤੀਆਂ ਅੱਖਾਂ ਚੁੰਧਿਆ ਰਹੀਆਂ ਸਨ। ਭੱਜਣ ਵਾਲੇ ਮ੍ਰਿਤਕ ਦੀ ਲਾਸ਼ ਵੀ ਪੁਲੀਸ ਨੇ ਇਹਨਾਂ ਗਿਆਰ੍ਹਾਂ ਲਾਸ਼ਾਂ
ਕੋਲ ਲਿਆ ਟਿਕਾਈ ਸੀ। ਗਿਣਤੀ ਬਾਰ੍ਹਾਂ ਹੋ ਗਈ ਸੀ।
ਵਕੂਏ ਵਾਲੀ ਜਗਾਹ 'ਤੇ ਜਦੋਂ ਐਸ ਪੀ ਪਹੁੰਚਿਆ ਤਾਂ ਸਬੰਧਿਤ ਅਫ਼ਸਰ ਨੇ "ਦੁਸ਼ਟ ਸੋਧ ਕਮਾਂਡੋ ਫ਼ੋਰਸ" ਦਾ "ਜਿ਼ੰਮੇਵਾਰੀ" ਵਾਲਾ ਰੁੱਕਾ ਉਸ ਦੇ ਹੱਥ ਥਮ੍ਹਾ ਦਿੱਤਾ। ਜਿਹੜਾ ਐਸ ਪੀ ਨੇ ਵਾਰੀ
ਵਾਰੀ ਪੱਤਰਕਾਰਾਂ ਨੂੰ ਪੜ੍ਹਾ ਦਿੱਤਾ। ਦੂਰਦਰਸ਼ਨ ਨੇ ਵੀ ਆਪਣਾ ਕੈਮਰਾ ਉਪਰੋਂ ਦੀ ਫੇਰ ਲਿਆ।
-"ਲਾਸ਼ਾਂ ਸਿੱਧੀਆਂ ਕਰਕੇ ਲਿਟਾਓ ਤੇ ਵਾਰਸਾਂ ਤੋਂ ਸ਼ਨਾਖ਼ਤ ਕਰਵਾਓ!" ਐਸ ਪੀ ਨੇ ਹੁਕਮ ਦਿੱਤਾ।
ਲਾਸ਼ਾਂ ਸਿੱਧੀਆਂ ਲਿਟਾ ਕੇ ਜਦ ਫ਼ੋਰਸ ਨੇ ਰਾਹ ਖਾਲੀ ਕੀਤਾ ਤਾਂ ਵੱਖੋ-ਵੱਖ ਵਾਰਸ ਮ੍ਰਿਤਕਾਂ ਦੀਆਂ ਦੇਹਾਂ 'ਤੇ ਆ ਡਿੱਗੇ। ਦਿਲ-ਹਿਲਾਊ ਕੁਰਲਾਹਟ ਮੱਚ ਗਈ। ਕਿਸੇ ਦਾ ਭਾਈ ਮਾਰਿਆ ਗਿਆ ਸੀ, ਕਿਸੇ ਦਾ ਪਤੀ! ਕਿਸੇ ਦਾ ਇਕਲੌਤਾ ਪੁੱਤਰ ਭੁੰਨ ਦਿੱਤਾ ਸੀ ਅਤੇ ਕਿਸੇ ਦਾ ਬਾਪ! ਹਵਾ ਵੈਣ ਪਾਉਂਦੀ ਵਗ ਰਹੀ ਸੀ। ਸਰਚ ਲਾਈਟਾਂ ਨਜ਼ਰਾਂ ਪਾੜ ਰਹੀਆਂ ਸਨ।
ਐਸ ਪੀ ਦੇ ਇਸ਼ਾਰੇ 'ਤੇ ਪੁਲੀਸ ਨੇ ਵਾਰਸ ਲਾਸ਼ਾਂ ਨਾਲੋਂ ਇੱਕ ਤਰ੍ਹਾਂ ਨਾਲ ਤੋੜ ਲਏ ਸਨ। ਲੋਕ ਵਿਲਕਦੇ ਭੁੱਬਾਂ ਮਾਰ ਰਹੇ ਸਨ। ਸਬਰ ਦਾ ਬੰਨ੍ਹ ਟੁੱਟ ਗਿਆ ਸੀ। ਲੋਕ ਪੁਲੀਸ ਹੱਥੋਂ ਛੁੱਟ-ਛੁੱਟ
ਲਾਸ਼ਾਂ ਵੱਲ ਨੂੰ ਭੱਜਦੇ ਸਨ। ਪਰ ਪੁਲੀਸ ਨੇ ਜਕੜ ਹੋਰ ਸਖ਼ਤ ਕਰ ਦਿੱਤੀ ਸੀ।
-"ਸੁਣੋ ਬਈ ਭਰਾਵੋ, ਸੁਣੋ....!" ਐਸ ਪੀ ਨੇ ਹੱਥ ਦੇ ਇਸ਼ਾਰੇ ਨਾਲ ਲੋਕਾਂ ਨੂੰ ਚੁੱਪ ਕਰਵਾਉਂਦਿਆਂ ਕਿਹਾ।
ਲੋਕ ਚੁੱਪ ਕਰ ਗਏ।
ਪਰ ਸਬੰਧੀ ਰੋ ਪਿੱਟ ਰਹੇ ਸਨ।
-"ਮੇਰੀ ਗੱਲ ਵੱਲ ਧਿਆਨ ਦਿਓ-ਚੁੱਪ ਕਰ ਜਾਓ....!"
ਕੁਝ ਕੁ ਸ਼ਾਂਤੀ ਹੋ ਗਈ।
-"ਜੋ ਇਹ ਵਾਰਦਾਤ ਅੱਤਵਾਦੀਆਂ ਨੇ ਕੀਤੀ ਹੈ-ਬੜੀ ਕਮੀਨੀ-ਬੜੀ ਕੋਝੀ ਹਰਕਤ ਹੈ ਅਤੇ ਪੰਜਾਬ ਦੀ ਸਭ ਤੋਂ ਵੱਡੀ ਵਾਰਦਾਤ ਹੈ!" ਲੰਮਾ ਸਾਹ ਲੈ ਕੇ ਐਸ ਪੀ ਫਿਰ ਬੋਲਣ ਲੱਗਿਆ।
-"ਅੱਤਵਾਦੀਆਂ ਨਾਲ ਬੜੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਉਹਨਾਂ ਦਾ ਕੋਈ ਮਨਸੂਬਾ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ-ਮੈਨੂੰ ਇਸ ਵਾਰਦਾਤ ਦਾ ਬੜਾ ਹੀ ਅਫ਼ਸੋਸ ਹੈ-ਮੇਰੀ ਹਮਦਰਦੀ
ਮ੍ਰਿਤਕਾਂ ਦੇ ਵਾਰਸਾਂ ਦੇ ਹਰ ਹਾਲਤ ਨਾਲ ਹੈ-ਮੈਂ ਹਰ ਮ੍ਰਿਤਕ ਦੇ ਵਾਰਸ ਨੂੰ ਗੌਰਮਿੰਟ ਵੱਲੋਂ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕਰਦਾ ਹਾਂ-ਕੱਲ੍ਹ ਤੋਂ ਰਾਤਰੀ ਬੱਸ ਸੇਵਾ ਦੇ ਨਾਲ ਫ਼ੋਰਸ
ਹੋਇਆ ਕਰੇਗੀ-ਮੇਰੀ ਮ੍ਰਿਤਕਾਂ ਦੇ ਵਾਰਸਾਂ ਅਪੀਲ ਹੈ ਕਿ ਆਪਣਾ ਅਤਾ ਪਤਾ ਅਤੇ ਮ੍ਰਿਤਕਾਂ ਦੇ ਨਾਂ ਆਪਣੇ ਠਾਣੇ ਦੇ ਐਸ ਐਚ ਓ ਗਰੇਵਾਲ ਸਾਹਿਬ ਕੋਲ ਦਰਜ਼ ਕਰਵਾ ਦੇਣ ਤਾਂ ਕਿ ਕਾਰਵਾਈ ਸੁਰੂ ਹੋ ਸਕੇ-ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਢੁਕਵੀਂ ਸਜ਼ਾ ਦਿੱਤੀ ਜਾਵੇਗੀ-ਕ੍ਰਿਪਾ ਕਰਕੇ ਹੁਣ ਰਸਤਾ ਖਾਲੀ ਕਰ ਦਿਓ-ਲਾਅਸ਼ਾਂ ਪੋਸਟ ਮਾਰਟਮ ਲਈ ਲੈ ਕੇ ਜਾਣੀਆਂ ਹਨ-ਸਵੇਰੇ ਸਰਕਾਰੀ ਹਸਪਤਾਲ ਤੋਂ ਤੁਹਾਨੂੰ ਲਾਅਸ਼ਾਂ ਮਿਲ ਜਾਣਗੀਆਂ....!"
-"ਅਸੀਂ ਲਾਅਸ਼ਾਂ ਹੁਣੇ ਹੀ ਲੈ ਕੇ ਜਾਣੀਐਂ-।"
ਭੀੜ 'ਚੋਂ ਅਵਾਜ਼ ਆਈ।
-"ਅਸੀਂ ਪੋਸਟ ਮਾਰਟਮ ਨਹੀਂ ਹੋਣ ਦੇਣਾ!"
ਕੋਈ ਹੋਰ ਬੋਲਿਆ।
-"ਲਾਸ਼ਾਂ ਤਾਂ ਅੱਗੇ ਈ ਖਿਲਰੀਆਂ ਪਈਐਂ।"
-"ਦੁਨੀਆਂ ਨੂੰ ਪਤੈ ਕਿ ਇਹਨਾਂ ਨੂੰ ਗੋਲੀਆਂ ਲੱਗੀਐਂ-ਪੋਸਟ ਮਾਰਟਮ ਕਾਹਦੇ ਲਈ ਕਰਨੈ?"
-"ਤੁਸੀਂ ਕੁਛ ਹੋਰ ਬਣਾਉਣੈਂ ਹੁਣ ਇਹਨਾਂ ਦਾ?"
ਇਕ ਗਰਦੋਗੋਰ ਮੱਚ ਗਈ।
-"ਬਈ ਦੇਖੋ...! ਅਗਰ ਤੁਸੀਂ ਖਰੂਦ ਕਰੋਗੇ ਤੁਹਾਨੂੰ ਮੁਆਵਜ਼ਾ ਵੀ ਨਹੀਂ ਮਿਲਣਾ ਅਤੇ ਸਾਡੀ ਫ਼ੋਰਸ ਨੂੰ ਲਾਠੀਚਾਰਜ ਕਰਨਾ ਪਵੇਗਾ-ਸੋ ਮੈਂ ਅਪੀਲ ਕਰਾਂਗਾ ਕਿ ਪਾਸੇ ਹੱਟ ਜਾਓ-ਲਾਸ਼ਾਂ ਲੱਦੋ ਬਈ ਤੇ ਸਰਕਾਰੀ ਹਸਪਤਾਲ ਪਹੁੰਚਾਓ-ਅਗਰ ਇਹ ਨਾ ਹਟਣ ਤਾਂ ਸਖ਼ਤੀ ਵਰਤੋ-ਗਰੇਵਾਲ...!"
-"ਯੈਸ ਸਰ?"
-"ਹੁਣ ਜਿ਼ੰਮੇਵਾਰੀ ਤੇਰੀ ਹੈ!"
-"ਜੀ ਹਜੂਰ!"
ਐਸ ਪੀ ਤੁਰ ਪਿਆ।
ਪੁਲੀਸ ਨੇ ਟਰੱਕਾਂ ਵਿਚ ਲਾਸ਼ਾਂ ਲੱਦਣੀਆਂ ਸੁਰੂ ਕਰ ਦਿੱਤੀਆਂ ਤਾਂ ਲੋਕਾਂ ਨੇ "ਪੰਜਾਬ ਸਰਕਾਰ - ਮੁਰਦਾਬਾਦ!" ਅਤੇ "ਪੰਜਾਬ ਪੁਲੀਸ - ਮੁਰਦਾਬਾਦ!!" ਦੇ ਨਾਅਰੇ ਚੁੱਕ ਦਿੱਤੇ। ਸਿਪਾਹੀ ਆਪਣਾ ਕੰਮ ਕਰ ਰਹੇ ਸਨ ਅਤੇ ਸੀ ਆਰ ਪੀ ਲੋਕਾਂ ਨੂੰ ਸਖ਼ਤੀ ਨਾਲ ਰੋਕੀ ਖੜ੍ਹੀ ਸੀ।
ਜਦ ਟਰੱਕ ਲਾਸ਼ਾਂ ਲੱਦ ਕੇ ਤੁਰ ਗਿਆ ਤਾਂ ਲੋਕਾਂ ਦਾ ਹੜ੍ਹ ਨਿੱਸਲ ਹੋ ਗਿਆ। ਹਜੂਮ ਨੇ ਸੀ. ਆਰ. ਪੀ. ਦੀਆਂ ਗੱਡੀਆਂ 'ਤੇ ਪਥਰਾਓ ਸੁਰੂ ਕਰ ਦਿੱਤਾ ਤਾਂ ਫ਼ੋਰਸ ਨੇ ਹਵਾਈ ਫ਼ਾਇਰ ਕਰਕੇ ਭੀੜ
ਖਿੰਡਾ ਦਿੱਤੀ। ਲੋਕ, ਜਿੱਧਰ ਨੂੰ ਮੂੰਹ ਹੋਇਆ, ਦੌੜ ਤੁਰੇ।
ਅਗਲੇ ਦਿਨ ਸਵੇਰੇ ਲਹੂ ਲੁਹਾਣ ਹੋਈਆਂ ਅਖ਼ਬਾਰਾਂ ਪੰਜਾਬ ਦੇ ਘਰੋ ਘਰੀ ਜਾ ਡਿੱਗੀਆਂ। ਸਾਰਾ ਪੰਜਾਬ ਹੀ ਕੁਰਲਾ ਉਠਿਆ। ਹਿੰਦੂ ਵਰਗ ਦੇ ਸਾਹ ਸੂਤੇ ਗਏ। ਵਪਾਰੀਆਂ ਅਤੇ ਸਅਨਤਕਾਰਾਂ ਨੂੰ ਆਪਣੇ ਕਾਰੋਬਾਰਾਂ ਅਤੇ ਪ੍ਰੀਵਾਰਾਂ ਦਾ ਫਿ਼ਕਰ ਤੋੜ ਤੋੜ ਖਾਣ ਲੱਗ ਪਿਆ ਸੀ। ਕਈ ਪ੍ਰੀਵਾਰ, "ਹੁਣ ਪੰਜਾਬ ਵਿਚ ਵਸੇਬਾ ਮੁਸ਼ਕਲ ਐ" ਸੋਚ ਕੇ ਹਰਿਆਣੇ, ਰਾਜਸਥਾਨ ਅਤੇ ਦਿੱਲੀ ਨੂੰ ਰਿਸ਼ਤੇਦਾਰਾਂ ਕੋਲ ਵਹੀਰਾਂ ਘੱਤ ਤੁਰੇ। ਅਜੀਬ ਹਫ਼ੜਾ-ਦਫ਼ੜੀ ਮੱਚ ਗਈ ਸੀ। ਲੋਕ ਹਨ੍ਹੇਰੇ ਵਿਚ ਹੱਥ-ਪੈਰ ਮਾਰ ਰਹੇ ਸਨ।
ਅਖ਼ਬਾਰ ਪੜ੍ਹਨਸਾਰ ਹੀ ਜੱਥੇਦਾਰ ਰੇਸ਼ਮ ਸਿੰਘ 'ਬੰਬ' ਨੇ ਤੂਫ਼ਾਨੀ ਮੀਟਿੰਗ ਸੱਦ ਲਈ।
ਗਿਣਤੀ ਦੇ ਖ਼ਾੜਕੂ ਇਕੱਤਰ ਹੋਏ ਸਨ।
ਖ਼ਬਰ ਸਾਰਿਆਂ ਨੇ ਹੀ ਪੜ੍ਹ ਲਈ ਸੀ।
ਸਾਰੇ ਘੋਰ ਹੈਰਾਨ ਸਨ। ਮੀਟਿੰਗ ਦੀ ਸੁਰੂਆਤ ਜਸਦੇਵ ਸਿੰਘ ਨੇ ਕੀਤੀ।
-"ਸਤਿਕਾਰਯੋਗ ਜੱਥੇਦਾਰ ਸਾਹਿਬ ਅਤੇ ਬਾਕੀ ਭਰਾਵੋ-ਵਾਹਿਗੁਰੂ ਜੀ ਕਾ ਖ਼ਾਲਸਾ-ਵਾਹਿਗੁਰੂ ਜੀ ਕੀ ਫ਼ਤਹਿ-ਸਾਰੇ ਸਿੰਘਾਂ ਨੇ ਕੱਲ੍ਹ ਵਾਲੇ ਕਾਂਡ ਦੀ ਦੁਖਦਾਈ ਖ਼ਬਰ ਪੜ੍ਹ ਹੀ ਲਈ ਹੈ-ਸਾਨੂੰ ਇਸ ਕਾਂਡ ਦਾ ਅਤੀਅੰਤ ਅਫ਼ਸੋਸ ਅਤੇ ਦੁੱਖ ਹੈ-ਜਿਵੇਂ ਕਿ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਇਹ ਕਤਲੇਆਮ ਆਪਣੀ ਜੱਥੇਬੰਦੀ ਨੇ ਨਹੀਂ ਕੀਤਾ-ਅਸੀਂ ਤਾਂ ਸਗੋਂ ਬੇਦੋਸਿ਼ਆਂ ਦੇ ਕਤਲਾਂ ਦੇ ਖਿ਼ਲਾਫ਼
ਹਾਂ ਅਤੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ-ਵਾਹਿਗੁਰੂ ਜੀ ਕਾ ਖ਼ਾਲਸਾ-ਵਾਹਿਗੁਰੂ ਜੀ ਕੀ ਫ਼ਤਹਿ।"
ਜੱਥੇਦਾਰ 'ਬੰਬ' ਖੜ੍ਹਾ ਹੋ ਗਿਆ।
-"ਸਿੰਘੋ! ਜਦੋਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਹ ਐਕਸ਼ਨ ਸਾਡੀ ਜੱਥੇਬੰਦੀ ਵੱਲੋਂ ਨਹੀਂ ਹੋਇਆ-ਜਿਹੜੀ ਗੱਲ ਦਾ ਸਾਨੂੰ ਡਰ ਸੀ, ਉਹ ਆਖਰ ਹੋ ਕੇ ਰਹੀ-ਇਹ ਐਕਸ਼ਨ ਸਾਡੀ ਜੱਥੇਬੰਦੀ
ਅਤੇ ਲਹਿਰ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ-ਮੇਰੀ ਤਾਂ ਇਹ ਹੀ ਰਾਇ ਹੈ ਕਿ ਇਸ ਵਾਰਦਾਤ ਸਬੰਧੀ ਅਖ਼ਬਾਰਾਂ ਨੂੰ ਸਪੱਸ਼ਟੀਕਰਨ ਭੇਜਿਆ ਜਾਵੇ।" ਬੰਬ ਦੇ ਇਸ਼ਾਰੇ ਤੇ ਗੁਰਪਾਲ ਬੋਲਿਆ, "ਜੋ ਹੋਇਆ ਬਹੁਤ ਹੀ ਬੁਰਾ ਹੋਇਆ ਦੋਸਤੋ-ਪਰ ਜਿਹੜਾ ਸਾਨੂੰ ਖ਼ਾਸ ਤੌਰ 'ਤੇ ਸੋਚਣਾ ਚਾਹੀਦਾ ਹੈ-ਉਸ ਬਾਰੇ ਸੋਚਿਆ ਜਾਵੇ ਕਿ ਵਾਰਦਾਤ ਕਰਨ ਵਾਲਿਆਂ ਕੋਲ ਸਾਡੀ ਜੱਥੇਬੰਦੀ ਦੇ ਲੈਟਰ-ਪੈਡ ਕਿੱਥੋਂ ਆਏ? ਹੋ ਸਕਦਾ ਹੈ ਉਹਨਾਂ ਕੋਲ ਦੂਜੀਆਂ ਜੱਥੇਬੰਦੀਆਂ ਦੇ ਵੀ ਲੈਟਰ-ਪੈਡ ਹੋਣ? ਮੇਰੀ ਨਜ਼ਰ ਵਿਚ ਤਾਂ ਅਜੇ ਇਹ ਖੇਲ੍ਹ ਸੁਰੂ ਹੀ ਹੋਇਆ ਹੈ-ਅਜੇ ਹੋਰ ਬਹੁਤ ਕੁਝ ਹੋ ਸਕਦਾ ਹੈ-ਅਖ਼ਬਾਰਾਂ ਵਿਚ ਸਪੱਸ਼ਟੀਕਰਨ ਦੇਣ ਦਾ ਮੈਨੂੰ ਬਹੁਤਾ ਕੋਈ ਫ਼ਾਇਦਾ ਨਜ਼ਰ ਨਹੀਂ ਆਉਂਦਾ-ਇਸ ਨਾਲ ਦੋਸ਼ੀ ਹੋਰ ਚੁਕੰਨੇ ਹੋ ਸਕਦੇ ਹਨ-ਮੇਰੇ ਖਿ਼ਆਲ ਨਾਲ ਵਕਤੀ ਤੌਰ 'ਤੇ ਚੁੱਪ ਵੱਟ ਲਈ ਜਾਵੇ ਅਤੇ ਦੋਸ਼ੀਆਂ ਦਾ ਪਤਾ ਲਗਾ ਕੇ, ਲੋਕਾਂ ਵਿਚ ਲਿਜਾ ਕੇ, ਇਕਬਾਲ ਕਰਵਾ ਕੇ, ਤੁਰੰਤ ਸੋਧੇ ਜਾਣ-ਤਾਂ ਜਾ ਕੇ ਲੋਕ ਸੰਤੁਸ਼ਟ ਹੋਣਗੇ-ਇਸ ਤੋਂ ਬਗੈਰ ਬਾਕੀ ਸਾਰੀਆਂ ਕਾਰਵਾਈਆਂ ਅੱਕਾਂ 'ਚ ਡਾਂਗਾਂ ਮਾਰਨ ਬਰਾਬਰ ਹੀ ਹੋਣਗੀਆਂ-ਕਿਵੇਂ ਨਾ ਕਿਵੇਂ ਜਾਂ ਕਹੋ ਕਿਸੇ ਨਾ ਕਿਸੇ ਤਰੀਕੇ ਨਾਲ ਪੁਲੀਸ ਦੇ ਛੋਟੇ ਕਰਮਚਾਰੀਆਂ ਨਾਲ ਦੋਸਤੀ ਗੰਢੀ ਜਾਵੇ-ਪੁਲੀਸ ਮਹਿਕਮੇਂ ਵਿਚ ਆਪਣੇ ਸੈੱਲ ਕਾਇਮ ਕੀਤੇ ਜਾਣ-ਪੁਲੀਸ ਦੇ ਛੋਟੇ ਕਰਮਚਾਰੀ ਆਪਣੇ ਲਈ ਸੋਨੇ ਤੇ ਸੁਹਾਗੇ ਦਾ ਕੰਮ ਕਰ ਸਕਦੇ ਹਨ।"
ਮੀਟਿੰਗ ਉਠ ਗਈ।
ਅਗਲੇ ਦਿਨ ਹੀ ਦੋਸ਼ੀਆਂ ਦਾ ਪਤਾ ਲਾਉਣ ਲਈ ਪ੍ਰੀਤਮ ਸਿੰਘ ਦੀ ਡਿਊਟੀ ਲਾ ਦਿੱਤੀ ਗਈ।
ਰਣਬੀਰ ਵਾਹੋ-ਦਾਹੀ ਠਾਣੇ ਪੁੱਜਿਆ।
ਠਾਣੇਦਾਰ ਕਾਰਵਾਈ ਵਿਚ ਨੱਕੋ-ਨੱਕੀ ਰੁੱਝਿਆ ਹੋਇਆ ਸੀ। ਪੱਗ ਲਾਹ ਕੇ ਉਸ ਨੇ ਸਾਹਮਣੇ ਮੇਜ਼ 'ਤੇ ਰੱਖੀ ਹੋਈ ਸੀ। ਮੱਥੇ 'ਤੇ ਲਾਲ ਪੱਟੀ ਪਸੀਨੇ ਨਾਲ ਗੜੁੱਚ, ਚਿਪਕੀ ਜਿਹੀ ਪਈ ਸੀ। ਗਹੁ ਨਾਲ ਦੇਖਣ ਤੇ ਉਹ ਖਿਝਿਆ-ਖਿਝਿਆ ਜਿਹਾ ਲੱਗਦਾ ਸੀ। ਪਰ ਅੰਦਰੋਂ ਉਹ ਕੁਝ ਸੰਤੁਸ਼ਟੀ ਵੀ ਮਹਿਸੂਸ ਕਰ ਰਿਹਾ ਸੀ ਕਿ ਚਲੋ ਪੁੱਛ ਦੱਸ ਤਾਂ ਹੋਈ। ਇੱਕ ਉਸ ਨੂੰ ਹੋਰ ਵੀ ਖੁਸ਼ੀ ਸੀ ਕਿ ਗੁਰਪਾਲ ਦੇ ਸਿਰ ਦਾ ਮੁੱਲ ਸਰਕਾਰ ਨੇ ਪੰਜ ਲੱਖ ਅਤੇ 'ਬੰਬ' ਦੇ ਸਿਰ ਦਾ ਮੁੱਲ ਦਸ ਲੱਖ ਤੋਂ ਵਧਾ ਕੇ ਪੰਦਰਾਂ ਲੱਖ ਕਰ ਦਿੱਤਾ ਸੀ। ਰਣਬੀਰ ਹੋਰਾਂ ਨੂੰ ਗਰੇਵਾਲ ਕੀ ਦਬਾਲ ਸੀ? ਉਹਨਾਂ ਦੇ ਮੋਢੇ 'ਤੇ ਧਰ ਕੇ ਤਾਂ ਉਹ ਬੈਂਕ-ਬੈਲੈਂਸ ਅਤੇ ਸਟਾਰਾਂ ਨੂੰ ਧੱਕਾ ਲਾਉਣਾ ਚਾਹੁੰਦਾ ਸੀ।
ਪੋਸਟ-ਮਾਰਟਮ ਤੋਂ ਬਾਅਦ ਬਾਰ੍ਹਾਂ ਦੀਆਂ ਬਾਰ੍ਹਾਂ ਲਾਅਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਸਨ। ਮੁਆਵਜ਼ੇ ਲਈ ਕਾਰਵਾਈ ਮੁਕੰਮਲ ਕਰ ਕੇ ਐਸ ਪੀ ਨੂੰ ਤੋਰ ਦਿੱਤੀ ਸੀ। ਲਹੂ ਭਿੱਜੀਆਂ ਖ਼ਬਰਾਂ ਨਾਲ ਅਖ਼ਬਾਰਾਂ ਅਜੇ ਵੀ ਨੁੱਚੜ ਰਹੀਆਂ ਸਨ। ਸਾਰੇ ਪੰਜਾਬ ਦਾ ਕਾਲਜਾ ਨਿਕਲਿਆ ਪਿਆ ਸੀ। ਲੋਕਾਂ ਦੇ ਦਿਲ ਦਹਿਲੇ ਪਏ ਸਨ। ਰਾਤਾਂ ਨੂੰ ਨੀਂਦ ਹਰਾਮ ਹੋਈ ਪਈ ਸੀ। ਦਿਨ ਖੜ੍ਹੇ ਹੋਏ "ਬੱਸ-ਕਾਂਡ" ਨੇ ਇੱਕ ਤਰ੍ਹਾਂ ਨਾਲ ਦੋ ਫਿ਼ਰਕਿਆਂ ਵਿਚ ਲਕੀਰ ਖਿੱਚ ਦਿੱਤੀ ਸੀ। ਹਿੰਦੂ-ਸਿੱਖ ਵਿਚ ਇੱਕ ਦਰਾੜ ਪੈ ਗਈ ਸੀ।
ਫ਼ਾਈਲਾਂ ਮੁਣਸ਼ੀ ਨੂੰ ਫੜਾ ਠਾਣੇਦਾਰ, ਰਣਬੀਰ ਨੂੰ ਲੈ ਚੁਬਾਰੇ ਚੜ੍ਹ ਗਿਆ।
-"ਵਾਰਦਾਤ ਕਰਨ ਮੌਕੇ ਮੂੰਹ ਤਾਂ ਢਕ ਲਿਆ ਕਰੋ-ਬੱਸ ਦਾ ਡਰਾਈਵਰ ਤੇ ਕੰਡਕਟਰ ਭੁੱਟ ਭੁੱਟ ਥੋਡੇ ਹੁਲੀਏ ਦੱਸੀ ਜਾਂਦੇ ਐ!" ਠਾਣੇਦਾਰ ਗਰਮ ਸੀ। ਉਸ ਨੂੰ ਚੇਹ ਚੜ੍ਹੀ ਪਈ ਸੀ। ਉਹ ਕਰੋਧ ਵਿਚ ਬੋਲ ਰਿਹਾ ਸੀ।
ਰਣਬੀਰ ਨੂੰ ਗਲਤੀ ਦਾ ਅਹਿਸਾਸ ਹੋਇਆ।
-"ਚਾਚਾ ਜੀ ਗਲਤੀ ਹੋ ਗਈ-ਮੁੜ ਕੇ ਨਹੀਂ ਹੋਵੇਗੀ।" ਉਹ ਘੋਰ ਨਿਰਾਸ਼ ਹੋ ਗਿਆ। ਉਹ ਤਾਂ ਗਰੇਵਾਲ ਤੋਂ 'ਥਾਪੀ' ਦੀ ਆਸ ਰੱਖੀ ਬੈਠਾ ਸੀ। ਪਰ ਅੱਗੋਂ ਸਰਦਾਰ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ।
-"ਜਿਹੜਾ ਮੋਟਰ ਸਾਈਕਲ ਖੋਹਿਆ ਸੀ-ਉਹ ਕਿੱਥੇ ਖੜ੍ਹਾ ਕੀਤਾ?"
-"ਇੰਜਨੀਅਰਿੰਗ ਕਾਲਿਜ ਦੇ ਅੱਗੇ ਜੀ।"
-"ਇੱਕ ਗੱਲ ਯਾਦ ਰੱਖਣੀ-ਖੋਹੀ ਖਿੰਝੀ ਚੀਜ਼ ਆਪਣੇ ਛੁਪਣ ਟਿਕਾਣੇ ਕੋਲ ਬਿਲਕੁਲ ਖੜ੍ਹੀ ਨਹੀਂ ਕਰਨੀ-ਇਸ ਨਾਲ ਫ਼ਸ ਸਕਦੇ ਹੋ।"
-"ਅੱਛੀ ਬਾਤ ਜੀ।"
-"ਮੇਰੇ ਕੋਲ ਕੰਮ ਬਹੁਤ ਐ-ਕੋਈ ਕੰਮ ਹੈ ਤਾਂ ਜਲਦੀ ਦੱਸ?" ਗਰੇਵਾਲ ਨੇ ਮੱਥੇ ਦਾ ਪਸੀਨਾ ਪੂੰਝਦਿਆਂ ਪੁੱਛਿਆ। ਉਹ ਉਸ ਨੂੰ ਲਾਹ ਲਾਹ ਕੇ ਸੁੱਟ ਰਿਹਾ ਸੀ।
-"ਖਰਚੇ ਬਰਚੇ ਤੋਂ ਤੰਗ ਐਂ ਜੀ ਕੀ ਕਰੀਏ?" ਰਣਬੀਰ ਨੇ ਅਸਲੀ ਮੁਸੀਬਤ ਦੱਸੀ।
-"ਜਿਹੜੇ ਕੰਡਕਟਰ ਤੋਂ ਖੋਹੇ ਸੀ-ਉਹ?"
-"ਉਹ ਤਾਂ ਜੀ ਸਾਰੇ ਈ ਬਾਰ੍ਹਾਂ ਸੌ ਪੈਂਤੀ ਰੁਪਈਏ ਸੀ-ਅਸੀਂ ਚਾਰ ਚਾਰ ਸੌ ਵੰਡ ਲਏ।"
-"ਕੋਈ ਛੋਟੀ ਮੋਟੀ ਫ਼ਾਈਨੈਂਸ ਕੰਪਨੀ ਜਾਂ ਬੈਂਕ ਲੁੱਟ ਲਵੋ-ਖੁੱਲ੍ਹੀ ਛੁੱਟੀ-ਪਰ ਡਕੈਤੀ ਛੋਟੀ ਕਰਿਓ-ਹੋਰ ਨਾ ਕਿਸੇ ਵੱਡੀ ਬੈਂਕ ਨੂੰ ਜਾ ਪਇਓ-ਅਗਲੇ ਬੱਖਲ 'ਚ ਵੀ ਮਾਰਨਗੇ।"
-"ਠੀਕ ਐ ਜੀ।"
-"ਆ ਚੱਲੀਏ! ਐਨੀਆਂ ਤਹਿਕੀਕਾਤਾਂ ਪਈਐਂ-ਸਾਡੀ ਤਾਂ ਭੈਣ ਦੀ.....ਵੜਿਆ ਪਿਐ।"
ਰਣਬੀਰ ਨੂੰ ਲੈ ਕੇ ਠਾਣੇਦਾਰ ਥੱਲੇ ਉੱਤਰ ਗਿਆ।
-"ਨਾਲੇ ਕੋਈ ਠੋਸ ਮੁਖ਼ਬਰੀ ਤਾਂ ਲਿਆ-ਚਾਰ ਪੈਸੇ ਹੱਥ 'ਚ ਕਰੀਏ।" ਆਖਰੀ ਪੌੜੀ ਉੱਤਰ ਕੇ ਠਾਣੇਦਾਰ ਨੇ ਗੁੱਝਾ ਰਣਬੀਰ ਨੂੰ ਕਿਹਾ।
-"ਮੁਖ਼ਬਰੀ ਗੁਰਪਾਲ ਆਲੀ ਕੀਤੀ ਤਾਂ ਸੀ ਜੀ।" ਉਹ ਆਪਣੇ ਵੱਲੋਂ ਸੱਚਾ ਸੀ।
-"ਉਹ ਟੱਟੂ ਦੀ ਮੁਖ਼ਬਰੀ ਸੀ? ਸਾਥੋਂ ਵਾਧੂ ਦਾ ਬੁੜ੍ਹਾ ਮਰਵਾਤਾ-ਤੂੰ ਗੁਰਪਾਲ ਦਾ ਪਤਾ ਲਾ-ਪੰਜ ਲੱਖ ਇਨਾਮ ਐਂ।" ਆਖ ਕੇ ਠਾਣੇਦਾਰ ਦਫ਼ਤਰ ਵਿਚ ਵੜ ਗਿਆ। ਰਣਬੀਰ ਝੂਠਾ ਜਿਹਾ ਹੋਇਆ ਬਾਹਰ ਨੂੰ ਤੁਰ ਪਿਆ। ਅੰਦਰੋਂ ਉਹ ਬੁੜ-ਬੁੜ ਕਰਦਾ ਜਾ ਰਿਹਾ ਸੀ।
-"ਸਾਲਾ ਗਰੇਵਾਲ ਕਿੱਡਾ ਲੁੱਚਾ ਐ-ਐਕਸ਼ਨ ਕਰਵਾ ਕੇ ਸਾਨੂੰ ਕਾਣੇ ਕਰ ਲਿਆ-ਹੁਣ ਕੁੱਕੜਾਂ ਆਲੀਆਂ ਤਾੜਾਂ ਮਾਰਦੈ-ਇਹ ਪੁਲਸ ਆਲੇ ਵੀ ਸਾਲੇ ਕਿਸੇ ਦੇ ਮਿੱਤ ਨਹੀਂ ਹੁੰਦੇ-ਪਰ ਰਣਬੀਰ
ਸਿਆਂ! ਇਹਦੇ ਨਾਲ ਵਿਗੜਿਆ ਤਾਂ ਫ਼ਾਸੀ ਦੇ ਤਖਤੇ ਤੇ ਈ ਪਹੁੰਚੇਂਗਾ-ਫਸੇ ਮਾਰ ਹੁਣ ਖਾਣੀ ਪੈਣੀ ਐਂ-ਤੇਰੇ ਹੱਥ ਬਾਰ੍ਹਾਂ ਨਿਰਦੋਸ਼ੇ ਬੰਦਿਆਂ ਦੇ ਖੂਨ ਨਾਲ ਰੰਗੇ ਹੋਏ ਐ-ਆਪ ਤਾਂ ਮਰਨਾ ਈ
ਸੀ ਨਾਲ ਵਿਚਾਰੇ ਰਾਕਟ ਹੋਰੀਂ ਵੀ ਮਰਵਾ ਧਰੇ-ਮਿੱਤਰਾ ਹੁਣ ਤਾਂ ਅੱਗੇ ਖੂਹ ਤੇ ਪਿੱਛੇ ਖਾਤਾ ਐ-ਹੁਣ ਤਾਂ ਜਿੰਨਾਂ ਚਿਰ ਜੁਲਮ ਕਰੀ ਚੱਲੇਂਗਾ, ਜਿਉਂਲੇਂਗਾ-ਜਿੱਦੇਂ ਹੱਥ ਖੜ੍ਹੇ ਕਰਤੇ, ਪਾਰ! ਹੁਣ ਤਾਂ
ਸੱਪ ਦੇ ਮੂੰਹ ਕੋਹੜ੍ਹ ਕਿਰਲੀ ਆ ਗਈ-ਖਾਂਦੈ ਕੋਹੜ੍ਹੀ ਛੱਡਦੈ ਕਲੰਕੀ-ਸਿਆਣੇ ਆਖਦੇ ਐ ਬਦਮਾਸ਼ ਜਦੋਂ ਸਾਧ ਬਣਨ ਤੁਰਦੈ, ਮਾਰਿਆ ਜਾਂਦੈ-ਹੁਣ ਤਾਂ ਰਣਬੀਰ ਸਿਆਂ! ਲਿਖੀਆਂ ਲੇਖ
ਦੀਆਂ ਕੱਟ ਲੈ ਮਨਾਂ ਚਿੱਤ ਲਾ ਕੇ-ਗਰੇਵਾਲ ਸੱਤਾਂ ਪੱਤਣਾਂ ਦਾ ਤਾਰੂ ਬੰਦੈ-ਪਰ ਬਾਹਲਾ ਤਾਰੂ ਬੰਦਾ ਕਹਿੰਦੇ ਐ ਮਗਰਮੱਛ ਦੇ ਮੂੰਹ ਜਾ ਡਿੱਗਦੈ-।" ਸੋਚਦਾ ਉਹ ਮੋਟਰ ਸਾਈਕਲ ਲੈ ਪਿੰਡ ਨੂੰ
ਚੱਲ ਪਿਆ।
ਅਗਲੇ ਦਿਨ ਰਣਬੀਰ ਹੁਰਾਂ ਨੇ ਕਸਬੇ ਦਾ ਇੱਕ ਬੈਂਕ ਲੁੱਟ ਲਿਆ। ਕੁੱਲ ਚਾਲੀ ਹਜ਼ਾਰ ਰੁਪਏ ਲੁੱਟੇ ਗਏ ਸਨ। ਇਸ ਵਾਰ ਡਾਕੇ ਦੀ ਜਿ਼ੰਮੇਵਾਰੀ "ਭਿੰਡਰਾਂਵਾਲਾ ਟਾਈਗਰ ਫ਼ੋਰਸ" ਵੱਲੋਂ ਓਟੀ ਗਈ
ਸੀ। ਡਾਕੇ ਦੀ ਰਕਮ ਰਣਬੀਰ ਹੁਰਾਂ ਨੇ ਆਪਸ ਵਿਚ ਵੰਡ ਲਈ ਸੀ। ਕੇਸ ਅੱਤਿਵਾਦੀਆਂ ਦੇ ਨਾਂ ਦਰਜ਼ ਹੋ ਗਿਆ ਸੀ।
-"ਆਹ ਤਾਂ ਮੇਰੇਆਰ ਨਜਾਰਾ ਈ ਆ ਗਿਆ!" ਰਾਕਟ ਆਖ ਰਿਹਾ ਸੀ, "ਜੱਟ ਸਾਲੇ ਸਾਰਾ ਸਾਲ ਚੰਮ ਲਾਹ ਕੇ ਤੇਰ੍ਹਾਂ ਹਜਾਰ ਨਹੀਂ ਦਿੰਦੇ-ਆਹ ਦੇਖਲਾ ਮਿਲਟ 'ਚ ਲਹਿਰਾਂ ਬਹਿਰਾਂ ਹੋ ਗਈਆਂ-ਮੈਂ
ਤਾਂ ਆਬਦੀ ਮਾਸ਼ੂਕ ਬੱਬਰ ਸ਼ੇਰਨੀ ਬਿੱਲੋ ਨੂੰ ਸੀਸਿਆਂ ਆਲਾ ਨਾਲਾ ਤੇ ਤਪੀਤੀ ਕਰਾ ਕੇ ਦਿਊਂ!"
-"ਸਾਲਿਆ ਚੂਹੜ੍ਹਿਆ ਕਿਸੇ ਕੋਲੇ ਬਕ ਨਾ ਬੈਠੀਂ ਉਏ! ਥੋਡੀ ਜਾਤ ਹੁੰਦੀ ਵੀ ਬੜੀ ਗਿਬਣੀ ਐਂ।" ਬਿੱਕਰ ਨੇ ਸਾਵਧਾਨ ਕੀਤਾ।
-"ਮੇਰੇਆਰ ਮੈਂ ਕਮਲੈਂ? ਬਈ ਆਬਦੇ ਪੈਰੀਂ ਆਪ ਕੁਹਾੜਾ ਮਾਰੂੰ?"
-"ਤੇਰੇ ਪਤੰਦਰਾਂ ਨੇ ਪੁੱਠਾ ਟੰਗ ਕੇ ਦੋ ਦਿਨ ਪਤਾ ਈ ਨਹੀਂ ਲੈਣਾ-ਪਿਆ ਰਿੰਗੀ ਜਾਈਂ-ਕਿਸੇ ਨੇ ਛੁਡਾਉਣ ਵੀ ਨਹੀਂ ਆਉਣਾ।"
-"ਮੇਰੇਆਰ ਕਿਮੇਂ 'ਤਬਾਰ ਵੀ ਕਰੋ-ਤੁਸੀਂ ਤਾਂ ਮਤੇਈ ਮਾਂ ਮਾਂਗੂੰ ਗਲ ਈ ਪੈਗੇ?"
ਖ਼ਾੜਕੂ ਜੱਥੇਬੰਦੀਆਂ ਦੰਗ ਸਨ ਕਿ ਉਹ ਵਾਰਦਾਤ ਨਹੀਂ ਕਰਦੇ ਸਨ। ਪਰ ਵਾਕੇ ਦੀ ਜਿ਼ੰਮੇਵਾਰੀ ਉਹਨਾਂ ਵੱਲੋਂ ਓਟੀ ਜਾਂਦੀ ਸੀ! ਪਰ ਖ਼ਾੜਕੂ ਜੱਥੇਬੰਦੀਆਂ ਦਾ ਇਹ ਦੁਖਾਂਤ ਸੀ ਕਿ ਉਹ ਜਿੰ਼ਮੇਵਾਰੀ ਪ੍ਰਤੀ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕਰਦੇ ਸਨ, ਜਿਸ ਕਾਰਨ ਉਹਨਾਂ ਦੀ ਸ਼ਾਖ ਲੋਕਾਂ ਵਿਚ ਦਿਨੋ-ਦਿਨ ਸ਼ੱਕੀ ਹੁੰਦੀ ਜਾ ਰਹੀ ਸੀ।
ਬੁੱਧਵਾਰ ਵਾਲੇ ਦਿਨ ਪ੍ਰੀਤਮ ਸਿੰਘ ਜੈਲਦਾਰ ਇੱਕ ਅਜ਼ੀਬ ਖ਼ਬਰ ਲੈ ਕੇ ਪਹੁੰਚਿਆ। ਰਣਜੋਧ ਦੀ ਮੁਖ਼ਬਰੀ ਉਸ ਦੇ ਗੁਆਂਢੀ ਕਾਮਰੇਡ ਬਲਦੇਵ ਸਾਥੀ ਨੇ ਕੀਤੀ ਸੀ। ਸਾਰਿਆਂ ਅੰਦਰ ਭਾਂਬੜ ਬਲ ਉਠਿਆ। ਕਰੋਧ ਨਾਲ ਸਾਰਿਆਂ ਦੇ ਹੱਥ "ਬੰਦੇ-ਖਾਣੀਆਂ" ਦੀਆਂ ਰਗਾਂ ਤੱਕ ਜਾ ਪਹੁੰਚੇ।
ਸਮੂਹ ਜੱਥੇਬੰਦੀਆਂ ਦੇ ਮੁਖੀ ਇਕੱਤਰ ਹੋਏ। ਸੰਖੇਪ ਗੱਲਬਾਤ ਤੋਂ ਕਰਨ ਤੋਂ ਬਾਅਦ ਮਤਾ ਪਾਸ ਕਰ ਦਿੱਤਾ ਗਿਆ। ਕਾਮਰੇਡ 'ਸਾਥੀ' ਨੂੰ ਪ੍ਰੀਵਾਰ ਸਮੇਤ ਸੋਧਣ ਦਾ ਐਲਾਨ ਹੋ ਗਿਆ! ਪ੍ਰੀਤਮ ਸਿੰਘ ਜੈਲਦਾਰ ਮੁਖ਼ਬਰ ਕਾਮਰੇਡ ਨੂੰ ਆਪਣੇ ਹੱਥੀਂ ਸੋਧਾ ਲਾਉਣਾ ਚਾਹੁੰਦਾ ਸੀ। ਉਸ ਨੇ ਮੁਖੀਆਂ ਅੱਗੇ ਫ਼ਰਿਆਦ ਕੀਤੀ, "ਜੱਥੇਦਾਰ ਸਾਹਬ-ਇਹ ਕੰਮ ਮੈਨੂੰ ਕਰ ਲੈਣ ਦਿਓ-ਫੇਰ ਚਾਹੇ ਮੈਨੂੰ ਭੱਠੀ 'ਚ ਡਾਹ ਦਿਓ-'ਸੀ' ਨਹੀਂ ਕਰਦਾ।" ਜਦੋਂ ਦਾ ਰਣਜੋਧ ਮੁਕਾਬਲੇ ਵਿਚ ਮਾਰਿਆ ਸੀ। ਜੈਲਦਾਰ ਹੱਥ ਮਲ ਰਿਹਾ ਸੀ। ਦੰਦ ਪੀਂਹਦਾ ਸੀ।
ਜੈਲਦਾਰ ਦੀ ਫ਼ਰਿਆਦ ਪੂਰੀ ਹੋ ਗਈ।
ਜੈਲਦਾਰ ਅਤੇ ਉਸ ਦੇ ਸਾਥੀਆਂ ਸਮੇਤ ਚਾਰਾਂ ਦੀ ਜਿ਼ੰਮੇਵਾਰੀ ਮੁਕੱਰਰ ਕਰ ਦਿੱਤੀ ਗਈ। ਜੱਥੇਬੰਦੀਆਂ ਦੇ ਮੁਖੀਆਂ ਨੇ ਦਸਤਖ਼ਤ ਕਰਕੇ ਰੁੱਕਾ ਜੈਲਦਾਰ ਦੇ ਬੋਝੇ ਪਾ ਦਿੱਤਾ।
ਅਗਲੇ ਦਿਨ ਪ੍ਰੀਤਮ ਸਿੰਘ ਜੈਲਦਾਰ ਚੜਿੱਕ ਪਿੰਡ ਵਿਚ ਟੁੱਟੇ ਜਿਹੇ ਸਾਈਕਲ 'ਤੇ "ਫੇਰੀ" ਲਾ ਰਿਹਾ ਸੀ।
-"ਖਾਲੀ ਬੋਤਲਾਂ ਟੁੱਟਿਆ ਭੱਜਿਆ ਲੋਹਾ ਵੇਚ ਲੋ...!" ਰਿਵਾਲਵਰ ਉਸ ਦੇ ਡੱਬ ਵਿਚ ਸੀ।
ਚਰ੍ਹੀ ਦੀ ਪੂਲੀ ਜਿੱਡਾ ਉਸ ਨੇ ਪੱਗ ਦਾ ਲੜ ਛੱਡ ਰੱਖਿਆ ਸੀ। ਕਾਮਰੇਡ ਬਲਦੇਵ ਸਾਥੀ ਦੇ ਘਰ ਕੋਲ ਦੀ ਉਹ ਦੁਪਿਹਰ ਤੱਕ ਦੋ ਗੇੜੇ ਮਾਰ ਚੁੱਕਾ ਸੀ। ਕਾਂ ਅੱਖ ਨਾਲ ਉਸ ਨੇ ਸਾਰੀਆਂ ਗਲੀਆਂ
ਤਾੜ ਲਈਆਂ ਸਨ। ਐਕਸ਼ਨ ਕਰਕੇ ਭੱਜਣ ਦਾ ਰਸਤਾ ਉਸ ਨੇ ਦਿਮਾਗ ਵਿਚ ਉਲੀਕ ਲਿਆ ਸੀ।
ਕੁੱਤਾ, ਕਾਮਰੇਡ ਦੇ ਘਰ ਹੈ ਕੋਈ ਨਹੀਂ ਸੀ, ਜਿਸ ਬਾਰੇ ਉਹ ਪੱਕੀ ਬਿੜਕ ਲੈਣੀ ਚਾਹੁੰਦਾ ਸੀ। ਆਂਢ-ਗੁਆਂਢ ਦੇ ਘਰਾਂ ਦਾ ਵੀ ਉਸ ਨੇ ਚੰਗੀ ਤਰ੍ਹਾਂ ਜਾਇਜਾ ਲੈ ਲਿਆ ਸੀ।
ਜਦੋਂ ਜੈਲਦਾਰ ਨੇ ਤੀਜਾ ਅਤੇ ਆਖਰੀ ਗੇੜਾ ਕਾਮਰੇਡ ਦੀ ਗਲੀ ਵਿਚ ਲਾਇਆ ਤਾਂ ਅੰਦਰੋਂ ਬਲੀ ਸਿੰਘ ਬਾਹਰ ਨਿਕਲਿਆ। ਉਸ ਦਾ ਪੀਲਾ ਭੂਕ ਚਿਹਰਾ ਅਤੇ ਅੱਖਾਂ ਗਿੱਦੜ ਦੀ ਖੱਡ ਵਾਂਗ ਅੰਦਰ ਧਸੀਆਂ ਹੋਈਆਂ ਸਨ। ਓਪਰਾ-ਓਪਰਾ ਝਾਕਦਾ ਬਲੀ ਸਿੰਘ ਹੱਡੀਆਂ ਦੀ ਮੁੱਠ ਹੀ ਤਾਂ ਲੱਗਦਾ ਸੀ।
ਜਦੋਂ ਜੈਲਦਾਰ ਨੇ, "ਖਾਲੀ ਬੋਤਲਾਂ ਟੁੱਟਿਆ ਭੱਜਿਆ ਲੋਹਾ ਵੇਚ ਲੋ....!" ਦਾ ਹੋਕਾ ਦਿੱਤਾ ਤਾਂ ਬਲੀ ਸਿੰਘ ਜੈਲਦਾਰ ਵੱਲ ਗਹੁ ਨਾਲ ਝਾਕਿਆ। ਜੈਲਦਾਰ ਦਹਿਲ ਗਿਆ। ਪਰ ਜਦੋਂ ਬਲੀ ਸਿੰਘ
ਨੇ ਬਿਲਕੁਲ ਨੇੜੇ ਹੋ ਕੇ, "ਜੋਧ ਸਿਉਂ ਐਂ?" ਪੁੱਛਿਆ ਤਾਂ ਉਸ ਦਾ ਦਿਲ ਥਾਂਵੇਂ ਆ ਗਿਆ।
ਪਰ ਜੈਲਦਾਰ ਦੀ ਰੂਹ ਵੱਢੀ ਗਈ ਸੀ।
-"ਮੈਖਿਆ ਜੋਧ ਐ....?" ਉਸ ਨੇ ਜੈਲਦਾਰ ਨੂੰ ਫੜ ਕੇ ਟਾਹਣ ਵਾਂਗ ਹਲੂਣਿਆਂ।
-"ਨਹੀਂ ਬਾਬਾ-ਮੈਂ ਤਾਂ ਕਬਾੜੀਆ ਐਂ!"
-"ਤੇ ਜੋਧ ਕਿੱਥੇ ਐ-ਜਿਉਣ ਜੋਕਰਿਆ?"
-"ਕਿਹੜਾ ਜੋਧ ਬਾਬਾ?"
-"ਉਏ ਆਪਣਾ ਜੋਧ....!"
-"ਬਾਬਾ ਮੈਨੂੰ ਨਹੀਂ ਪਤਾ-ਮੈਂ ਨਹੀਂ ਜਾਣਦਾ-।" ਜੈਲਦਾਰ ਦਾ ਹਿਰਦਾ ਲਹੂ-ਲੁਹਾਣ ਹੋਇਆ, ਚੋਈ ਜਾ ਰਿਹਾ ਸੀ।
-"ਤੈਨੂੰ ਪਤਾ ਕਿਮੇਂ ਨਹੀਂ ਉਏ-ਕੁੱਤਿਆਂ ਦਿਆ ਸਾਲਿਆ?" ਉਹ ਜੈਲਦਾਰ ਦੇ ਗਲਵੇਂ ਨੂੰ ਚਿੰਬੜ ਗਿਆ।
ਰੌਲਾ ਸੁਣ ਕੇ ਬਲੀ ਸਿੰਘ ਦੀ ਲੜਕੀ ਕੀਤੀ ਅਤੇ ਗੁਆਂਢੋਂ ਕਾਮਰੇਡ ਬਾਹਰ ਆ ਗਏ। ਉਹਨਾਂ ਨੇ ਆ ਕੇ ਬਲੀ ਸਿੰਘ ਨੂੰ ਸਾਂਭਿਆ ਅਤੇ ਅੰਦਰ ਲੈ ਗਏ। ਜੈਲਦਾਰ ਨੇ ਆਪਣਾ ਰਿਵਾਲਵਰ ਟੋਹ ਕੇ
ਵੇਖਿਆ ਮਤਾਂ ਟਿਕਾਣੇ ਤੋਂ ਖਿਸਕ ਹੀ ਨਾ ਗਿਆ ਹੋਵੇ? ਬਲੀ ਸਿੰਘ ਦਾ ਉਸ ਨੇ ਡੱਕਾ ਵਿਰੋਧ ਨਹੀਂ ਕੀਤਾ ਸੀ।
-"ਬਾਬੇ ਨੂੰ ਕੀ ਅਚਾ ਐ?" ਕਾਮਰੇਡ ਦੇ ਬਾਹਰ ਆਉਣ ਤੇ ਜੈਲਦਾਰ ਨੇ ਪੁੱਛਿਆ।
-"ਦਿਮਾਗ 'ਚ ਫਰਕ ਐ।" ਕਾਮਰੇਡ ਨੇ ਸਰਸਰੀ ਸੁਣਾਈ ਕੀਤੀ।
-"ਬਿਮਾਰ ਠਮਾਰ ਸੀ?"
-"ਕੱਲਾ ਕੱਲਾ ਮੁੰਡਾ ਸੀ-ਪੁਲਸ ਨਾਲ ਮੁਕਾਬਲੇ 'ਚ ਮਾਰਿਆ ਗਿਆ-ਬੱਸ ਉਦੋਂ ਦਾ ਈ ਇਉਂ ਐਂ-ਇਹ ਤਾਂ ਕਦੇ ਕਦੇ ਰਾਤ ਨੂੰ 'ਉਏ ਜੋਧ' ਆਖ ਕੇ ਭੱਜ ਤੁਰਦੈ-ਕਦੇ 'ਆਇਆ ਜੋਧ' ਆਖ ਕੇ
ਅੱਧੀ ਰਾਤੋਂ ਕੁੰਡਾ ਜਾ ਖੋਹਲਦੈ-ਸਾਰਾ ਪ੍ਰੀਵਾਰ ਇਹਤੋਂ ਪ੍ਰੇਸ਼ਾਨ ਐਂ-ਪ੍ਰੀਵਾਰ ਨੇ ਤਾਂ ਤੰਗ ਹੋਣਾ ਈ ਐ-ਇਹਤੋਂ ਤਾਂ ਅਸੀਂ ਗੁਆਂਢੀ ਸਤੇ ਪਏ ਐਂ-।" ਕਾਮਰੇਡ ਨੇ ਦੱਸਿਆ ਤਾਂ ਜੈਲਦਾਰ ਨੇ ਮਨ ਵਿਚ ਹੀ ਆਖਿਆ, "ਤੇਰਾ ਦੁੱਖ ਤਾਂ ਅੱਜ ਈ ਕੱਟ ਦਿਆਂਗੇ ਕਾਮਰੇਟਾ।" ਮੂੰਹੋਂ ਚੁੱਪ ਜੈਲਦਾਰ ਅੰਦਰੋਂ ਉਬਲ ਰਿਹਾ ਸੀ।
-"ਸਰਦਾਰਾ ਪਾਣੀ ਪਿਆਵੇਂਗਾ?"
-"ਨਲਕੇ ਤੋਂ ਈ ਪੀ ਲੈ।"
ਜੈਲਦਾਰ, ਕਾਮਰੇਡ ਦੇ ਵਿਹੜੇ ਵਿਚ ਲੱਗੇ ਨਲਕੇ ਤੋਂ ਪਾਣੀ ਪੀਣ ਚਲਾ ਗਿਆ। ਪਾਣੀ ਪੀ ਕੇ ਬੂਟੀਆਂ ਵਾਲੇ ਰੁਮਾਲ ਨਾਲ ਹੱਥ ਪੂੰਝਦਿਆਂ, ਵਿਹੜੇ ਖੜ੍ਹ ਕੇ ਉਸ ਨੇ ਸਾਰੇ ਘਰ ਦਾ ਬੜੇ ਗਹੁ
ਨਾਲ ਨਿਰੀਖਣ ਕੀਤਾ। ਕੋਈ ਕੁੱਤਾ ਨਹੀਂ ਸੀ। ਭੱਜਣ ਲਈ ਦੂਜਾ ਦਰਵਾਜਾ ਨਹੀਂ ਸੀ। ਕੋਠੇ ਨੂੰ ਬਾਂਸ ਦੀ ਪੌੜੀ ਲੱਗੀ ਹੋਈ ਸੀ। ਮੱਧ-ਵਰਗੀ ਕਿਸਾਨ ਵਰਗਾ ਆਮ ਸਾਦਾ ਜਿਹਾ ਘਰ ਸੀ। ਤਿੰਨ ਕਮਰੇ, ਇੱਕ ਵਰਾਂਡਾ। ਟੀਪ ਕੀਤੀ ਹੋਈ ਰਸੋਈ ਅਤੇ ਇੱਕ ਖੁਰਨੀ, ਜਿਸ 'ਤੇ ਦੋ ਸੱਜਰ ਸੂਈਆਂ ਮੱਝਾਂ ਅਤੇ ਇੱਕ ਕੱਟਾ, ਕੱਟੀ ਬੱਝੇ ਹੋਏ ਸਨ।
-"ਚੰਗਾ ਸਰਦਾਰਾ...!" ਆਖ ਕੇ ਉਸ ਨੇ ਸਾਈਕਲ ਸਟੈਂਡ ਤੋਂ ਲਾਹ ਕੇ ਤੋਰ ਲਿਆ ਅਤੇ ਹੋਕਾ ਦੇਣਾ ਫਿਰ ਸੁਰੂ ਕਰ ਦਿੱਤਾ। ਪੱਕੇ ਥੜ੍ਹੇ ਵਾਲੇ ਪਿੱਪਲ ਤੱਕ ਤਾਂ ਉਹ ਹੋਕਾ ਦਿੰਦਾ ਤੁਰਿਆ ਆਇਆ।
ਪਰ ਮੋੜ ਮੁੜ ਕੇ ਉਸ ਨੇ ਸਾਈਕਲ 'ਤੇ ਲੱਤ ਦੇ ਲਈ। ਚੜਿੱਕ ਤੋਂ ਦੋ ਕੁ ਕਿਲੋਮੀਟਰ ਦੂਰ ਵੱਡੀ ਸੜਕ ਵਾਲੇ ਪੁਲ 'ਤੇ ਆ ਕੇ ਉਸ ਨੇ ਸਾਈਕਲ ਖੜ੍ਹਾ ਕਰ ਦਿੱਤਾ ਅਤੇ ਕੋਸੀ ਧੁੱਪੇ ਅਰਾਮ ਕਰਨ ਬੈਠ ਗਿਆ। ਅਜੇ ਉਸ ਨੇ ਕਬੂਤਰ ਵਾਂਗ ਅੱਖਾਂ ਮੀਟੀਆਂ ਹੀ ਸਨ ਕਿ ਪੁਲੀਸ ਦੀਆਂ ਭਰੀਆਂ ਦੋ ਜਿਪਸੀਆਂ ਕੋਲ ਦੀ ਲੰਘ ਗਈਆਂ। ਪਰ ਜੈਲਦਾਰ ਸ਼ਾਂਤ ਚਿੱਤ ਬੈਠਾ ਰਿਹਾ।
ਕੜਬਚੱਬਾਂ ਦੀ ਮੋਟਰ 'ਤੇ ਬੈਠੇ ਉਹ ਰਾਤ ਨੂੰ ਵਿਚਾਰ ਵਟਾਂਦਰਾ ਕਰ ਰਹੇ ਸਨ। ਜੈਲਦਾਰ ਨੇ ਸਾਥੀਆਂ ਅੱਗੇ ਸਾਰਾ ਨਕਸ਼ਾ ਵਾਹ ਧਰਿਆ ਸੀ। ਅਗਲੇ ਦਿਨ ਰਾਤ ਨੂੰ ਐਕਸ਼ਨ ਕਰਨ ਦਾ ਘਾੜਾ ਘੜ ਕੇ ਉਹ ਦੋ ਮੰਜਿਆਂ 'ਤੇ ਚਾਰੇ ਪੈ ਗਏ।
਼ਅਸਲ ਵਿਚ ਜਿਸ ਦਿਨ ਰਾਤ ਨੂੰ ਰਣਜੋਧ ਖ਼ਾੜਕੂਆਂ ਲਈ ਰੋਟੀ ਲੈ ਕੇ ਤੁਰਿਆ ਤਾਂ ਮਗਰੇ ਹੀ ਕਾਮਰੇਡ ਬਲਦੇਵ ਸਾਥੀ ਨੇ ਆਪਣਾ ਸਾਈਕਲ ਲਾ ਲਿਆ। ਸਿਰਫ਼ ਇਕ ਕਿੱਲੇ ਦੀ ਵਿੱਥ 'ਤੇ ਹੀ
ਉਹ ਅੱਗੜ ਪਿੱਛੜ ਜਾ ਰਹੇ ਸਨ। ਰਣਜੋਧ ਵੱਲੋਂ ਖ਼ਾੜਕੂਆਂ ਨੂੰ ਰੋਟੀ ਖੁਆਉਣ ਅਤੇ ਚਾਹ ਪਿਆਉਣ ਦਾ ਦ੍ਰਿਸ਼ ਉਸਨੇ ਸੜਕ 'ਤੇ ਖੜ੍ਹੇ ਪਿੱਪਲ ਹੇਠ ਖੜ੍ਹ ਕੇ ਅੱਖੀਂ ਦੇਖਿਆ ਸੀ। ਮਾੜੀਆਂ ਮੋਟੀਆਂ ਗੱਲਾਂ ਵੀ ਉਸ ਦੇ ਕੰਨੀਂ ਪੈ ਗਈਆਂ ਸਨ। ਕਾਮਰੇਡ ਪਿੰਡ ਪਹੁੰਚਣ ਦੀ ਵਜਾਏ ਸਿੱਧਾ ਠਾਣੇ ਜਾ ਵੱਜਿਆ ਸੀ। ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕਰਕੇ ਉਸ ਨੇ ਠੋਕ ਕੇ ਮੁਖ਼ਬਰੀ ਕੀਤੀ
ਸੀ।
-"ਜੇ ਅਸੀਂ ਈ ਮੁਖ਼ਬਰਾਂ ਦੇ ਨਾਂ ਦੱਸਣ ਲੱਗ ਪਏ-ਸਾਡੇ ਕੋਲ ਆਊ ਕਿਹੜਾ?" ਠਾਣੇਦਾਰ ਨੇ ਕਿਹਾ ਸੀ, "ਤੂੰ ਬੇਧੜ੍ਹਕ ਹੋ ਕੇ ਘਰ ਨੂੰ ਜਾਹ ਕਾਮਰੇਡਾ-ਬਾਕੀ ਅੜੀਆਂ ਅਸੀਂ ਮੇਲ ਦਿਆਂਗੇ-ਤੂੰ ਆਬਦਾ ਕੰਮ ਕਰ ਦਿੱਤਾ-ਅਸੀਂ ਆਪਣਾ ਕੱਲ੍ਹ ਨੂੰ ਕਰਲਾਂਗੇ-ਤੂੰ ਜਾਹ!" ਤੇ ਕਾਮਰੇਡ ਸਾਈਕਲ 'ਤੇ ਭੰਮੀਰੀ ਬਣਿਆਂ ਪਹੁ ਫ਼ਟਦੇ ਨੂੰ ਪਿੰਡ ਪਹੁੰਚ ਗਿਆ।
ਰਾਤ ਦੇ ਗਿਆਰਾਂ ਵੱਜੇ ਸਨ।
ਕਹਿਰ ਦੇ ਕਾਲੇ ਦਿਨ ਸਨ। ਜਿਸ ਕਰਕੇ ਦੁਨੀਆਂ ਰੋਟੀਆਂ ਖਾ ਕੇ ਜਲਦੀ ਹੀ ਰਜਾਈਆਂ ਵਿਚ ਵੜ ਜਾਂਦੀ ਸੀ। ਖ਼ਾੜਕੂਆਂ ਦੀਆਂ ਅਜੀਬ-ਅਜੀਬ ਨਸੀਹਤਾਂ ਸਨ: ਕੋਈ ਰਾਤ ਨੂੰ ਬੱਤੀ ਜਗਦੀ ਨਹੀਂ ਰੱਖ ਸਕਦਾ ਸੀ, ਗਲੀ ਵਿਚ ਪਾਣੀ ਨਹੀਂ ਡੋਲ੍ਹ ਸਕਦਾ ਸੀ, ਅਵਾਰਾ ਕੁੱਤੇ ਗੋਲੀਆਂ ਆਸਰੇ ਮਰਵਾ ਦਿੱਤੇ ਸਨ, ਗਲੀਆਂ ਵਿਚ ਲੱਗੇ ਪੰਚਾਇਤੀ ਬੱਲਬ ਲੁਹਾ ਦਿੱਤੇ ਸਨ। ਇਸ ਤੋਂ ਇਲਾਵਾ ਸਖ਼ਤ ਹਦਾਇਤਾਂ ਸਨ ਕਿ ਜਿਸ ਘਰ ਵਿਚ ਕਾਰ, ਸਕੂਟਰ, ਮੋਟਰ ਸਾਈਕਲ, ਜੀਪ ਜਾਂ ਟਰੈਕਟਰ ਸੀ, ਉਸ ਦਾ ਮੂੰਹ ਦਰਵਾਜੇ ਵੱਲ ਨੂੰ ਹੋਵੇ, ਚਾਬੀਆਂ ਵਿਚ ਹੋਣ ਅਤੇ ਟੈਂਕੀ ਤੇਲ ਨਾਲ ਭਰਪੂਰ ਹੋਵੇ! ਖ਼ਾੜਕੂਆਂ ਦੀ ਹਰ ਨਸੀਹਤ ਅਤੇ ਹਰ ਹਦਾਇਤ ਨੂੰ ਡਰਦੇ ਲੋਕ 'ਸਤਿ' ਕਰਕੇ ਸਿਰ ਝੁਕਾਉਂਦੇ ਸਨ।
ਕਾਮਰੇਡ ਬਲਦੇਵ ਸਾਥੀ ਦਾ ਦਰਵਾਜਾ ਖੜਕ ਰਿਹਾ ਸੀ। ਪਰ ਅੰਦਰੋਂ ਕੋਈ ਜਵਾਬ ਨਾ ਆਇਆ। ਕਾਫੀ ਦੇਰ ਉਡੀਕਣ ਤੋਂ ਬਾਅਦ ਜੈਲਦਾਰ ਬੋਲਿਆ, "ਮੈਨੂੰ ਕੰਧ ਟਪਾਓ ਯਾਰ-ਮੇਰਾ ਸਹੁਰਾ ਕਿਤੇ ਪੌੜੀ ਚੜ੍ਹ ਪੱਤੇ ਈ ਨਾ ਤੋੜ ਜਾਵੇ?" ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ। ਉਸ ਨੂੰ ਵਿਹੜੇ ਵਿਚ ਲੱਗੀ ਪੌੜੀ ਤੋੜ-ਤੋੜ ਖਾ ਰਹੀ ਸੀ।
ਜੈਲਦਾਰ ਦੇ ਹੇਠੋਂ ਸਹਾਰਾ ਦੇ ਕੇ ਉਹਨਾਂ ਤਿੰਨਾਂ ਨੇ ਉਸ ਦਾ ਕੰਧ ਉਪਰ ਹੱਥ ਪੁਆਇਆ ਤਾਂ ਉਹ ਛਾਲ ਮਾਰ ਕੇ ਬਿੱਲੇ ਵਾਂਗ ਕੰਧ 'ਤੇ ਚੜ੍ਹ ਗਿਆ ਅਤੇ ਅੰਦਰ ਉਤਰ ਕੇ ਦਰਵਾਜੇ ਦੀ ਅਰਲ ਲਾਹ ਦਿੱਤੀ। ਸਾਰਾ ਟੱਬਰ ਅੰਦਰ ਦੋ ਕਮਰਿਆਂ ਵਿਚ ਸੁੱਤਾ ਪਿਆ ਸੀ? ਜਾਂ ਵੈਸੇ ਹੀ ਛਾਪਲ ਗਿਆ ਸੀ?
ਤਿੰਨ ਜਾਣੇ ਅੰਦਰ ਲੰਘ ਆਏ ਅਤੇ ਇੱਕ ਪਹਿਰੇ ਦਰਵਾਜੇ 'ਤੇ ਪਹਿਰੇ ਲਈ ਖੜ੍ਹ ਗਿਆ। ਟਾਰਚ ਦੇ ਆਸਰੇ ਜੈਲਦਾਰ ਨੇ ਵਿਹੜੇ ਵਾਲੀ ਬੱਤੀ ਜਗਾ ਲਈ। ਵਿਹੜੇ ਵਿਚ ਤਿੰਨ ਮੂੰਹ-ਬੱਧੇ ਹਥਿਆਰਬੰਦ ਦੇਖ ਕਾਮਰੇਡ ਹੇਠੋਂ ਜ਼ਮੀਨ ਤਿਲ੍ਹਕੀ! ਘਰ ਵਿਚ ਝੱਖੜ ਝੁੱਲ ਗਿਆ। ਕਾਮਰੇਡ ਦੇ ਘਰ ਵਿਚ ਪੰਜ ਜੀਅ ਸਨ। ਕਾਮਰੇਡ ਦਾ ਮੁੰਡਾ, ਨੂੰਹ, ਧੀ ਪਤਨੀ ਅਤੇ ਪੰਜਵਾਂ ਕਾਮਰੇਡ ਆਪ!
ਸਾਰੇ ਸਿੰਘਾਂ ਦੇ ਪੈਰਾਂ 'ਤੇ ਢੇਰੀ ਹੋ ਗਏ।
-"ਪਰ੍ਹੇ ਹੋ ਕੇ ਗੱਲ ਕਰੋ!" ਜੈਲਦਾਰ ਦੇ ਸਾਥੀ ਪ੍ਰੀਤ ਨੇ ਕਿਹਾ। ਡਰ ਕੇ ਸਾਰੇ ਪਿੱਛੇ ਹੱਟ ਗਏ। ਬੰਦੂਕ ਦੀ ਨੋਕ 'ਤੇ ਜੈਲਦਾਰ ਨੇ ਸਾਰੇ ਕੰਧ ਨਾਲ ਲਾ ਲਏ।
-"ਸਿੰਘੋ ਕੋਈ ਕਸੂਰ ਤਾਂ ਦੱਸੋ?" ਕਾਮਰੇਡ ਨੇ ਲੇਲੜ੍ਹੀ ਕੱਢੀ ਤਾਂ ਜੈਲਦਾਰ ਝਾਫ਼ੇ ਵਾਂਗ ਉਸ ਦੇ ਗਲ ਨੂੰ ਚਿੰਬੜ ਗਿਆ। ਨਾਸਾਂ ਕੁੱਟ-ਕੁੱਟ ਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ। ਇੱਕ ਗਰਦੋਗੋਰ ਉਠੀ ਹੋਈ ਸੀ।
-"ਮੇਰਿਆ ਸਾਲਿਆ-ਕੁੱਤੇ ਦਿਆ ਹੱਡਾ-ਸਿੰਘਾਂ ਦੇ ਹਮਦਰਦਾਂ 'ਤੇ ਮੁਖ਼ਬਰੀਆਂ ਕਰਦੈਂ ਉਏ? ਤੈਨੂੰ ਸਾਡੇ ਕਾਨੂੰਨਾਂ ਦਾ ਨਹੀਂ ਪਤਾ-?"
-"ਸਿੰਘੋ, ਇਹ ਤਾਂ ਦੱਸੋ ਬਈ ਖੁਨਾਮੀਂ ਕੀ ਹੋ ਗਈ?" ਅੰਦਰੋਂ ਚੋਰ ਉਹ ਬਾਹਰੋਂ ਉਹਨਾਂ ਨੂੰ ਪੈਰੋਂ ਕੱਢਣਾ ਚਾਹੁੰਦਾ ਸੀ।
-"ਤੂੰ ਸਾਨੂੰ ਫੁੱਦੂ ਬਣਾਉਨੈਂ ਉਏ, ਭੈਣ ਦਿਆ ਯਾਰਾ? ਰਣਜੋਧ ਦੀ ਮੁਖ਼ਬਰੀ ਕੀਹਨੇ ਕੀਤੀ ਐ? ਤੇਰੇ ਪਿਉ ਨੇ? ਸਾਡੀਆਂ ਜੜ੍ਹਾਂ ਪਤਾਲ 'ਚ ਐ-ਤੂੰ ਸਾਨੂੰ ਸਮਝ ਕੀ ਰੱਖਿਐ?" ਜੈਲਦਾਰ ਨੇ
ਕਾਮਰੇਡ 'ਤੇ ਫਿਰ ਤਾਉਣੀ ਚਾਹੜ ਦਿੱਤੀ।
-"ਸਿੰਘੋ ਮੈਨੂੰ ਮੁਆਫ਼ ਕਰ ਦਿਓ! ਗਲਤੀ ਹੋ ਗਈ-ਮੁੜ ਕੇ ਗਲਤੀ ਨਹੀਂ ਹੋਊਗੀ-ਮੈਨੂੰ ਜੁਰਮਾਨੇ ਵਜੋਂ ਕੋਈ ਸਜ਼ਾ ਲਾ ਦਿਓ-ਭੁਗਤਣ ਲਈ ਤਿਆਰ ਐਂ-ਪਰ ਸਿੰਘੋ ਦੁਹਾਈ ਐ ਮੇਰੀ ਇੱਕ ਆਰੀ ਬਖ਼ਸ਼ ਲਵੋ-!"
-"ਸਾਡੇ ਕੋਲੇ ਤਾਂ ਸਿਰਫ਼ ਇੱਕ ਈ ਸਜ਼ਾ ਐ ਗੱਦਾਰਾਂ ਨੂੰ ਦੇਣ ਲਈ-ਲੈ ਦੁਸ਼ਟਾ ਬੋਲ ਫਿਰ ਵਾਖਰੂ ਤੇਰੇ ਜਮਦੂਤ ਆ ਗਏ ਐ...!" ਤੇ ਫ਼ਾਇਰ ਖੁੱਲ੍ਹ ਗਿਆ। ਕਾਮਰੇਡ ਸਮੇਤ ਪ੍ਰੀਵਾਰ ਦਾ
ਸਫ਼ਾਇਆ ਹੋ ਗਿਆ। ਲੋਕ ਜਾਗਦੇ ਹੀ ਸੌਂ ਗਏ ਸਨ। ਦੂਰੋਂ ਰੋਹੀ ਵਿਚੋਂ ਡਰਿਆ ਕੋਈ ਮੋਰ ਕੂਕਿਆ।
ਸਕੀਮ ਮੁਤਾਬਿਕ ਸਾਰੇ ਖਿਸਕ ਗਏ।
ਰਾਤ ਚੁੱਪ ਸੀ।
ਕਦੇ ਕਦੇ ਕਿਸੇ ਕੋਠੇ 'ਤੇ ਕੋਈ ਬਿੱਲੀ ਰੋਂਦੀ ਸੀ। ਬਾਹਰ ਉਜਾੜ ਵਿਚ ਕੋਈ ਲੰਡਰ ਕੁੱਤਾ ਰੋ ਰਿਹਾ ਸੀ। ਹੱਡਾਂਰੋੜੀ ਵਾਲੀ ਖੜਸੁੱਕ ਕਿੱਕਰ 'ਤੇ ਬੈਠੀ ਕੋਈ ਗਿਰਝ ਚੀਕ ਰਹੀ ਸੀ। ਭਿਆਨਕ ਰਾਤ ਦਾ ਹਨ੍ਹੇਰਾ ਡਰ-ਡਰ ਭੱਜਦਾ ਸੀ।
ਪਹਿਰ ਦੇ ਤੜਕੇ ਕਿਸੇ ਨੇ ਠਾਣੇ ਜਾ ਕੇ ਖ਼ਬਰ ਕੀਤੀ ਤਾਂ ਸਾਰਾ ਠਾਣਾ ਹੀ ਚੜਿੱਕ ਪਿੰਡ ਨੂੰ ਉੱਲਰ ਪਿਆ। ਠਾਣੇਦਾਰ ਅੱਕੀ ਹੋਈ ਬਾਂਦਰੀ ਵਾਂਗ ਦੰਦ ਪੀਂਹਦਾ ਸੀ। ਕੰਧਾਂ ਵਿਚ ਰੂਲ ਮਾਰਦਾ ਫਿਰਦਾ
ਸੀ। ਉਸ ਦਾ ਖੁਫ਼ੀਆ, ਈਮਾਨਦਾਰ ਮੁਖ਼ਬਰ ਪ੍ਰੀਵਾਰ ਸਮੇਤ ਮਾਰਿਆ ਗਿਆ ਸੀ। ਉਸ ਦੀ ਇੱਕ ਤਰਾਂ ਨਾਲ ਬਾਂਹ ਟੁੱਟ ਗਈ ਸੀ। ਅਗਰ 'ਉਹ' ਸਾਡੇ ਮੁਖ਼ਬਰਾਂ, ਸਹਿਯੋਗੀਆਂ ਨੂੰ ਇਉਂ ਹੀ ਮਾਰਨ ਲੱਗ ਪਏ, ਫਿਰ ਸਾਡੇ ਕੋਲ, ਖ਼ਬਰ ਲੈ ਕੇ ਕੌਣ ਆਊ? ਸੋਚਦਾ ਉਹ ਦੁਬਿਧਾ ਵਿਚ ਫ਼ਸਿਆ ਹੋਇਆ ਸੀ।
ਪੰਜ ਲਾਸ਼ਾਂ ਪੋਸਟ ਮਾਰਟਮ ਲਈ ਤੋਰ ਕੇ ਉਸ ਨੇ ਪਿੱਪਲ ਵਾਲੇ ਥੜ੍ਹੇ ਹੇਠ ਸਭਾ ਲਾ ਲਈ। ਗੁੱਸੇ ਅਤੇ ਨਿਰਾਸ਼ਾ ਵਿਚ ਉਹ ਦਧਨ ਹੋਇਆ ਪਿਆ ਸੀ।
-"ਐਡੇ ਪਿੰਡ ਦੇ ਵਿਚਾਲੇ ਆ ਕੇ ਉਹ ਸਾਰਾ ਪ੍ਰੀਵਾਰ ਮਾਰ ਗਏ-ਥੋਤੋਂ ਕੁਛ ਵੀ ਨਾ ਸਰਿਆ ਹਰਾਮਜ਼ਾਦਿਓ....!" ਠਾਣੇਦਾਰ ਨੇ ਕਰੋਧ ਨਾਲ ਰੂਲ ਸਾਹਮਣੇ ਪਏ ਮੇਜ਼ 'ਤੇ ਮਾਰਿਆ। ਲੋਕ ਇੱਕ ਦਮ ਪਿੱਛੇ ਹੱਟ ਗਏ।
-"ਜੇ ਪਿੰਡ-ਪਿੰਡ ਇਉਂ ਹੋਣ ਲੱਗ ਪਿਆ-ਪੰਜਾਬ 'ਚ ਤਾਂ ਪਰਲੋਂ ਆ ਜਾਊ!"
ਠਾਣੇਦਾਰ ਕਾਫ਼ੀ 'ਠੰਢਾ-ਤੱਤਾ' ਹੋਇਆ। ਪਰ ਲੋਕਾਂ ਨੇ ਸ਼ਾਂਤ-ਚਿੱਤ ਹੋ ਕੇ ਸੁਣ ਲਿਆ ਸੀ। ਪੁਲੀਸ ਦਾ ਕੀ ਇਤਬਾਰ ਸੀ? ਨਰੜ ਕੇ ਟਰੱਕ ਵਿਚ ਹੀ ਸੁੱਟ ਲੈਣਾ ਸੀ।
ਦੁੱਧ ਪੀਣ ਤੋਂ ਬਾਅਦ ਠਾਣੇਦਾਰ ਦਾ ਮੂੜ੍ਹ ਮੁੜ ਟਿਕਾਣੇ ਹੋ ਗਿਆ। ਉਸ ਨੇ ਨਰਮਾਈ ਨਾਲ ਕੁਝ ਹਦਾਇਤਾਂ ਦੇਣੀਆਂ ਸੁਰੂ ਕੀਤੀਆਂ।
-"ਦੇਖੋ ਬਈ ਭਰਾਵੋ! ਤੁਹਾਡੇ ਪਿੰਡ ਦਾ ਕਾਮਰੇਡ ਪ੍ਰੀਵਾਰ ਸਮੇਤ ਮਾਰ ਦਿੱਤਾ ਗਿਆ-ਇਸ ਦਾ ਮੈਨੂੰ ਅਤੀ-ਅੰਤ ਅਫ਼ਸੋਸ ਹੈ-ਪਰ ਪੇਂਡੂ ਭਰਾਵੋ! ਇਹੀ ਘਾਣੀ ਕਿਸੇ ਹੋਰ ਦੇ ਘਰ 'ਤੇ ਵੀ ਦੁਹਰਾਈ ਜਾ ਸਕਦੀ ਐ-ਇਸ ਲਈ ਮੇਰੀ ਅਪੀਲ ਐ ਕਿ ਪੁਲਸ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ-ਪੁਲਸ ਥੋਡੀ ਮੱਦਦ ਤੋਂ ਬਗੈਰ ਲੰਗੜੀ ਐ!"
-"ਕੈਸਾ ਸਹਿਯੋਗ ਮੰਗਦੇ ਹੋ ਸਾਥੋਂ ਮਹਾਰਾਜ?" ਪੰਚਾਇਤ ਮੈਂਬਰ ਨੇ ਠਾਣੇਦਾਰ ਦੀ ਗੱਲ ਕੱਟ ਕੇ ਪੁੱਛਿਆ।
-"ਅਗਰ ਪਿੰਡ ਵਿਚ ਕੋਈ ਸ਼ੱਕੀ ਆਦਮੀ ਘੁੰਮਦੈ ਤਾਂ ਪੁਲਸ ਨੂੰ ਤੁਰੰਤ ਖ਼ਬਰ ਕਰੋ-ਕੋਈ ਅੱਤਵਾਦੀ ਰੋਟੀ ਮੰਗਦੈ ਤਾਂ ਉੱਕਾ ਨਾ ਦਿਓ-ਜੁੱਤੀ ਲਾਹ ਲਓ!"
-"ਪਰ ਹਜੂਰ ਬਲਦੀ ਦੇ ਬੂਥੇ ਕੌਣ ਆਊ?"
-"ਕਹੋਂ ਤਾਂ ਪੰਜ ਸੱਤ ਹਥਿਆਰ ਮੁਹੱਈਆ ਕਰਵਾ ਦਿੰਨੈਂ-ਕੋਈ ਬਾਹਰਲਾ ਬੰਦਾ ਆ ਕੇ ਪੰਜ ਤਿੰਨ ਕਰਦੈ ਤਾਂ ਗੋਲੀ ਫ਼ਰਾਂ 'ਚ ਮਾਰੋ!"
-"ਨਾ ਮਹਾਰਾਜ, ਸਾਨੂੰ ਹਾਅ ਰਸਤੇ ਨਾ ਪਾਓ! ਉਹ ਤਾਂ ਸਾਡੇ ਹਥਿਆਰ ਖੋਹ ਕੇ ਸਾਡੇ 'ਤੇ ਈ ਝਾਂਬਾ ਫੇਰਨਗੇ।" ਮੈਂਬਰ ਬੋਲਿਆ ਤਾਂ ਠਾਣੇਦਾਰ ਸਮੇਤ ਸਾਰੇ ਲੋਕ ਹੱਸ ਪਏ।
-"ਖ਼ੈਰ! ਕੋਈ ਸ਼ੱਕੀ ਬੰਦਾ ਦਿਸੇ ਤਾਂ ਤੁਰੰਤ ਠਾਣੇ ਖ਼ਬਰ ਕਰੋ-ਕਰਨ ਆਲਾ ਕੰਮ ਤਾਂ ਕਰ ਸਕਦੇ ਐਂ? ਊਂਈ ਮੋਕ ਨਾ ਮਾਰੀ ਜਾਓ! ਇਉਂ ਤਾਂ ਨਿੱਤ ਥੋਡੀ ਘੰਡੀ ਆ ਨੱਪਿਆ ਕਰਨਗੇ!"
-"ਇੱਕ ਸ਼ੱਕੀ ਬੰਦਾ ਪਰਸੋਂ ਮੈਂ ਪਿੰਡ 'ਚ ਦੇਖਿਐ ਜੀ।" ਭੀੜ ਵਿਚੋਂ ਕਿਸੇ ਨੇ ਅਕਾਸ਼ਬਾਣੀ ਕੀਤੀ ਤਾਂ ਲੋਕ ਭੇਡਾਂ ਦੇ ਇੱਜੜ ਵਾਂਗ ਉਧਰ ਨੂੰ ਝਾਕਣ ਲੱਗ ਪਏ।
-"ਉਰ੍ਹੇ ਆ ਗੱਭਰੂਆ-ਮੇਰੇ ਕੋਲ ਆ।"
ਠਾਣੇਦਾਰ ਨੇ ਉਸ ਨੂੰ ਕੋਲ ਬਿਠਾ ਲਿਆ।
-"ਕੀ ਨਾਂ ਐਂ ਤੇਰਾ?"
-"ਬਿੱਟੂ ਐ ਜੀ।"
-"ਕੀਹਦਾ ਮੁੰਡਾ ਐਂ?"
-"ਜੀ ਪ੍ਰੀਤਮ ਸਿਉਂ ਦਾ।"
-"ਹਾਂ ਬਈ ਸ਼ੇਰਾ ਉਹਦੇ ਹੁਲੀਏ ਤੇ ਹਰਕਤਾਂ ਬਾਰੇ ਦੱਸ ਸਕਦੈਂ?" ਠਾਣੇਦਾਰ ਨੇ ਉਸ ਨੂੰ ਥਾਪੜਦਿਆਂ ਕਿਹਾ।
-"ਹੁਲੀਆ ਜੀ-ਕਾਲਾ ਰੰਗ ਸੀ- ਮਜ੍ਹਬੀਆਂ ਦਾ ਮੁੰਡਾ ਲੱਗਦਾ ਸੀ-ਕੰਨਾਂ 'ਚ ਨੱਤੀਆਂ ਤੇ ਲੰਮੇ ਲੜ ਆਲੀ ਘਿਉ ਕਪੂਰੀ ਪੱਗ ਬੰਨ੍ਹੀ ਹੋਈ ਸੀ।"
-"ਤੈਨੂੰ ਸ਼ੱਕ ਕਿਵੇਂ ਪਿਆ?"
-"ਸਾਡਾ ਘਰ ਕਾਮਰੇਡ ਦੇ ਘਰ ਦੇ ਬਿਲਕੁਲ ਸਾਹਮਣੇ ਐ ਜੀ ਤੇ ਉਹਨੇ ਸਾਡੀ ਵੀਹੀ 'ਚ ਤਿੰਨ ਗੇੜੇ ਦਿੱਤੇ ਤੇ ਕਾਮਰੇਡ ਦੇ ਘਰੋਂ ਪਾਣੀ ਵੀ ਪੀਤਾ।"
-"ਗੇੜੇ? ਕਿਵੇਂ ਗੇੜੇ?"
-"ਉਹ ਜੀ ਖਾਲੀ ਬੋਤਲਾਂ ਤੇ ਟੁੱਟਿਆ ਭੱਜਿਆ ਪੁਰਾਣਾ ਲੋਹਾ ਵੇਚਲੋ ਦਾ ਹੋਕਾ ਦਿੰਦਾ ਫਿਰਦਾ ਸੀ- ਕਬਾੜੀਆ ਬਣ ਕੇ-ਮੈਨੂੰ ਮੈਦ ਐ ਬਈ ਇਸ ਵਾਰਦਾਤ ਵਿਚ ਉਸ ਦਾ ਹੱਥ ਜਰੂਰ ਹੋਊਗਾ।"
ਬਿੱਟੂ ਨੇ ਸਾਰੀ ਕਹਾਣੀ ਕਹਿ ਸੁਣਾਈ। ਲੋਕ ਉਸ ਨੂੰ ਮੂਰਖ ਸਮਝ ਰਹੇ ਸਨ। ਜਿਹੜਾ ਖਾਹ-ਮਖਾਹ ਜਾਂਦੀ ਬਲਾਅ ਗਲ ਪਾ ਰਿਹਾ ਸੀ? ਭਲਾ ਇਹਨੂੰ ਬਦੋਬਦੀ ਕਿਸੇ ਦੇ ਚੀਰ 'ਚ ਹੱਥ ਦੇਣ ਦੀ ਕੀ ਲੋੜ ਪੈ ਗਈ ਸੀ? "ਆ ਬੈਲ ਮੁਝੇ ਮਾਰ" ਕਿਧਰਲੀ ਅਕਲਮੰਦੀ ਸੀ?
-"ਲੈ ਬਈ ਬਿੱਟੂ ਸਿਆਂ-ਜਦੋਂ ਤੈਨੂੰ ਸੁਨੇਹਾਂ ਪੁਹੰਚੇ-ਠਾਣੇ ਪਹੁੰਚ ਜਾਈਂ-ਸ਼ਾਇਦ ਸ਼ਨਾਖ਼ਤ ਵੇਲੇ ਤੇਰੀ ਜ਼ਰੂਰਤ ਪਵੇ-ਡਰੀਂ ਬਿਲਕੁਲ ਨਾ-ਮੈਂ ਤੇਰੇ ਨਾਲ ਐਂ।"
ਪੁਲੀਸ ਤੁਰ ਗਈ।
ਇਲਾਕੇ ਦੇ ਤਮਾਮ ਕਬਾੜੀਆਂ ਦੀ ਸ਼ਾਮਤ ਆ ਗਈ। ਜਿਤਨੇ ਕਬਾੜੀਏ ਸਨ, ਸਾਰੇ ਹਵਾਲਾਤ ਵਿਚ ਲਿਆ ਤਾੜੇ। ਠਾਣੇਦਾਰ ਦੇ ਦਿਲ ਵਿਚ ਸੀ ਕਿ ਜਿਹੜਾ ਵੇਚਣ ਦਾ ਸਮਾਨ ਅਰਥਾਤ ਸ਼ੀਸ਼ੇ-ਕੰਘੀਆਂ ਸਨ, ਉਹ ਤਾਂ ਦੋਸ਼ੀ ਨੇ ਕਿਤੋਂ ਨਾ ਕਿਤੋਂ ਲਏ ਹੀ ਹੋਣਗੇ? ਘਰੇ ਬਣਾ ਕੇ ਤਾਂ ਉਹ ਲਿਜਾਣੋਂ ਰਿਹਾ? ਤਮਾਮ ਕਬਾੜੀਆਂ 'ਤੇ ਦੋ ਰਾਤਾਂ ਡੰਡਾ ਫਿਰਦਾ ਰਿਹਾ! ਕੁੱਟ ਰੰਗ ਲਿਆਈ। ਤੁਰਦੀ-ਤੁਰਦੀ ਪੈੜ ਆਖਰ ਪ੍ਰੀਤਮ ਸਿੰਘ ਜੈਲਦਾਰ 'ਤੇ ਆ ਕੇ ਰੁਕ ਗਈ।
ਜੈਲਦਾਰ ਦਾ ਪਿੰਡ ਪੰਜਗਰਾਈਂ ਕਲਾਂ ਸੀ।
ਪੰਜਗਰਾਈਂ ਕਲਾਂ ਪਹੁੰਚ ਕੇ ਠਾਣੇਦਾਰ ਨੇ ਸੱਥ ਵਿਚ ਹੀ ਜੈਲਦਾਰ ਦੇ ਬੁੱਢੇ ਪਿਉ ਗੁੱਜਰ ਸਿੰਘ ਨੂੰ ਮੂਧਾ ਪਾ ਲਿਆ। ਕੁਝ ਪਲਾਂ ਵਿਚ ਹੀ ਪੁਲੀਸ ਦੀ ਗਿੱਦੜ-ਕੁੱਟ ਨੇ ਉਸ ਦਾ ਮੁੱਠ ਕੁ ਹੱਡੀਆਂ ਦਾ ਸਰੀਰ ਜਰਖਲ ਕੇ ਰੱਖ ਦਿੱਤਾ। ਉਹ ਕੱਟੀਦੇ ਬੱਕਰੇ ਵਾਂਗ ਸਹਿਕਦਾ, ਹੱਥ ਜੋੜੀ ਸੱਥ ਵਿਚ ਚੌਫ਼ਾਲ ਪਿਆ ਸੀ।
-"ਕਿਉਂ ਚੂਹੜ੍ਹਿਆ-ਆਈ ਕੋਈ ਸੁਰਤ ਟਿਕਾਣੇ?" ਹੌਲਦਾਰ ਨੇ ਉਸ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਬੈਠਾ ਕਰ
ਲਿਆ।
-"ਮਾਈ ਬਾਪ ਸਾਥੋਂ ਉਹ ਬਿਲਕੁਲ ਬੇ-ਵਾਹਰਾ ਹੋਇਆ ਫਿਰਦੈ-ਸਾਡੇ ਅੱਲੋਂ ਕੱਲ੍ਹ ਨੂੰ ਗੋਲੀ ਮਾਰਦੇ ਅੱਜ ਈ ਮਾਰ ਦਿਓ-ਕੰਮ ਨਿਬੜੇ...!" ਬਜੁਰਗ ਨੇ ਸੱਚੀ ਗੱਲ ਆਖ, ਭਾਫ਼ ਕੱਢ ਲਈ।
-"ਉਹ ਘਰੇ ਕਦੋਂ ਆਇਆ ਸੀ?" ਠਾਣੇਦਾਰ ਨੇ ਸੁਆਲ ਦਾਗਿਆ।
-"ਮਾਈ ਬਾਪ ਡੂੜ੍ਹ ਕੁ ਮਹੀਨਾ ਹੋ ਗਿਆ-ਰਾਤ ਨੂੰ ਆਇਆ ਸੀ-ਮੈਂ ਵਿਹੜੇ ਨਹੀਂ ਵੜਨ ਦਿੱਤਾ-ਧੱਕੇ ਮਾਰ ਕੇ ਘਰੋਂ ਕੱਢਤਾ-ਤੁਸੀਂ ਵਿਹੜੇ ਆਲੇ ਗੁਆਂਢੀਆਂ ਤੋਂ ਪੁੱਛ ਲਵੋ।" ਬਜੁਰਗ ਸੁੱਜੇ ਹੱਥ ਜੋੜ-ਜੋੜ ਦੱਸ ਰਿਹਾ ਸੀ।
ਇਤਨੇ ਨੂੰ ਸਰਪੰਚ ਗੁਰਮੇਲ ਸਿੰਘ ਗਿੱਲ ਅਤੇ ਨੰਦ ਲਾਲ ਸ਼ਰਮਾਂ ਪੰਚਾਇਤ ਮੈਂਬਰ ਪੁੱਜ ਗਏ।
-"ਕੀ ਗੱਲ ਹੋ ਗਈ ਸਰਦਾਰ ਜੀ? ਤੜਕੋ ਤੜਕੀ ਕਲੇਸ਼ ਪਾਈ ਬੈਠੇ ਓਂ?" ਗਿੱਲ ਦੀਆਂ ਡੰਡੇ ਵਰਗੀਆਂ ਮੁੱਛਾਂ ਨੇ ਡੰਡ-ਬੈਠਕ ਕੱਢੀ। ਉਸ ਨੇ ਗੁੱਸੇ ਭਰੇ ਵਿਅੰਗ ਵਿਚ ਕੌੜਾ ਜਿਹਾ ਮੁਸਕਰਾ ਕੇ ਪੁੱਛਿਆ ਸੀ।
-"ਕੀ ਕਰੀਏ ਗਿੱਲਾ ਇਹਦਾ ਮੁੰਡਾ ਯੋਧਾ ਬਣਿਆ ਫਿਰਦੈ-ਪਰਸੋਂ ਚੜਿੱਕ ਆਲੇ ਕਾਮਰੇਡ ਦਾ ਸਾਰਾ ਪ੍ਰੀਵਾਰ ਈ ਰੋੜ੍ਹਤਾ।"
-"ਪਰ ਸਰਦਾਰ ਜੀ ਇਹਨਾਂ ਗਰੀਬਾਂ ਦਾ ਤਾਂ ਕੋਈ ਕਸੂਰ ਨਹੀਂ।" ਮੈਂਬਰ ਨੰਦ ਲਾਲ ਸ਼ਰਮਾਂ ਨੇ ਆਖਿਆ। ਕਾਲੇ ਰੰਗ ਦਾ ਮੈਂਬਰ ਸ਼ਰਮਾਂ ਖ਼ਤ ਕੱਢੀ, ਕਤਰਵੀਂ ਦਾਹੜੀ ਕਰਕੇ ਕੋਈ ਖਾਨਦਾਨੀ ਡਰਾਈਵਰ ਲੱਗਦਾ ਸੀ। ਜੁੱਸੇ ਦੇ ਭਾਰੇ ਮੈਂਬਰ ਦੀਆਂ ਭਿਆਨਕ ਅੱਖਾਂ 'ਚੋਂ ਖੂਨ ਚੋਅ ਰਿਹਾ ਸੀ।
-"ਗੱਲ ਸ਼ਰਮਾਂ ਜੀ ਇਹ ਐ-ਅਗਰ ਅਸੀਂ ਮਾੜੀ ਮੋਟੀ ਤੀਲੀ ਲਾਵਾਂਗੇ-ਤਾਂ ਜੇ ਕੇ ਇਹਦੇ ਸੂਰਮੇਂ ਪੁੱਤ ਨੂੰ ਸੇਕ ਲੱਗੂ-।"
-"ਪਰ ਸਰਦਾਰ ਜੀ ਉਹ ਤਾਂ ਕੰਜਰ ਇਹਦੇ ਆਖੇ ਈ ਨਹੀਂ ਲੱਗਦਾ-ਬੇਸ਼ੱਕ ਇਹਨੂੰ ਕੁੱਟ ਕੇ ਮਾਰ ਦਿਓ-ਪੇਸ਼ ਉਹ ਜਮਾਂ ਨਹੀਂ ਹੁੰਦਾ-ਮੁੰਡਾ ਬੜਾ ਹਿੰਡੀ ਐ-ਅਸੀਂ ਉਹਦੇ ਸੁਭਾਅ ਨੂੰ ਜਾਣਦੇ ਐਂ-ਸਾਡੀ ਬੇਨਤੀ ਐ ਇਹਦੇ ਫੱਕਰ 'ਤੇ ਤਰਸ ਕਰੋ-ਇਹ ਤਾਂ ਅੱਗੇ ਈ ਮਰਿਆ ਪਿਐ।" ਗਿੱਲ ਨੇ ਦੱਸਿਆ।
ਠਾਣੇਦਾਰ ਗਿੱਲ ਅਤੇ ਸ਼ਰਮੇਂ ਨੂੰ ਇੱਕ ਪਾਸੇ ਲੈ ਗਿਆ।
-"ਜੇ ਅਸੀਂ ਚਾਰ ਦਿਨ ਬੁੜ੍ਹੇ ਨੂੰ ਅੰਦਰ ਦੇ ਦੇਈਏ-ਪ੍ਰੀਤਮ ਪੇਸ਼ ਹੋਜੂ?" ਕਹਿ ਕੇ ਠਾਣੇਦਾਰ ਨੇ ਸਰਪੰਚ ਅਤੇ ਮੈਂਬਰ ਦਾ ਚਿਹਰਾ ਜਾਂਚਿਆ।
-"ਸਰਦਾਰ ਜੀ ਸੌ ਹੱਥ ਰੱਸਾ ਸਿਰੇ ਤੇ ਗੰਢ-ਉਹਦੇ ਵੱਲੋਂ ਇਹਨੂੰ ਚਾਹੇ ਪੁੱਠਾ ਟੰਗ ਦਿਓ-ਉਹ ਪੇਸ਼ ਹੋਣ ਆਲੀ ਜੜੀ ਹੀ ਨਹੀਂ-ਹਾਂ! ਕਦੇ ਥੋਡੇ ਊਂ ਧੱਕੇ ਚੜ੍ਹਜੇ ਵੱਖਰੀ ਗੱਲ ਐ-ਸਾਡੀ ਬੇਨਤੀ ਮੰਨੋਂ ਤਾਂ ਇਹਦੀ ਜਾਨ ਖ਼ਲਾਸੀ ਕਰੋ-ਮਸਾਂ ਦਿਹਾੜ੍ਹੀ ਦੱਪੇ ਕਰਕੇ ਮੀਆਂ ਬੀਵੀ ਰੋਟੀ ਤੋਰਦੇ ਐ-ਕਿਤੇ ਊਂ ਨਾ ਵਿਚਾਰੇ ਨੂੰ ਆਹਰੀ ਕਰ ਦਿਓ-ਇਹਦਾ ਤਾਂ ਕੋਈ ਅੱਗਾ ਪਿੱਛਾ ਵੀ ਹੈਨੀ ਬਈ ਚਲੋ ਰੋਟੀ ਈ ਦੇ ਦਿਊ-।"
-"ਇਹਦੇ ਹੋਰ ਕੋਈ ਧੀ ਪੁੱਤ ਹੈਨੀ?"
-"ਕਾਹਨੂੰ ਸਰਦਾਰ ਜੀ ਇੱਕੋ ਈ ਐ-ਉਹ ਖ਼ਾੜਕੂਆਂ 'ਚ ਸਿਰ ਘਸੋਈ ਫਿਰਦੈ-ਬੱਸ ਇੱਕ ਇਹਦੀ ਘਰਆਲੀ ਐ ਪ੍ਰਸਿੰਨੀ-ਉਹ ਵਿਚਾਰੀ ਸੁੱਖ ਨਾਲ ਇਹਦੇ ਨਾਲੋਂ ਵੀ ਗਈ ਗੁਜਰੀ ਐ-ਜਿੱਦੇਂ ਦਾ ਉਹ ਘਰੋਂ ਭਗੌੜਾ ਹੋਇਐ-ਬੱਸ ਸਾਹ ਜਿਹੇ ਵਰੋਲ਼ਦੀ ਫਿਰਦੀ ਐ-ਜੇ ਸਾਲ ਕਟਾਜੇ ਤਾਂ ਵਾਹ ਭਲੀ ਐ-ਪਰ ਮੈਨੂੰ ਉਹ ਸਾਲ ਕਟਾਉਂਦੀ ਵੀ ਨਹੀਂ ਦੀਂਹਦੀ-।" ਸ਼ਰਮੇ ਨੇ ਕਿਹਾ।
-"..........।" ਠਾਣੇਦਾਰ ਲੰਮਾ ਸਾਹ ਖਿੱਚ ਕੇ ਰਹਿ ਗਿਆ। ਉਸ ਦੀ ਕਿਵੇਂ ਵੀ ਪੇਸ਼ ਨਹੀਂ ਜਾ ਰਹੀ ਸੀ। ਸੱਚੀਆਂ ਗੱਲਾਂ ਉਸ ਦੇ ਦਿਲ ਲੱਗੀਆਂ ਸਨ।
ਚਾਹ ਪਾਣੀ ਪੀਣ ਤੋਂ ਬਾਅਦ ਪੁਲੀਸ ਚਾਲੇ ਪਾ ਗਈ। ਗੁੱਜਰ ਦੀ ਖ਼ਲਾਸੀ ਹੋ ਗਈ ਸੀ। ਉਹ ਵਾਰ-ਵਾਰ ਸਰਪੰਚ ਅਤੇ ਮੈਂਬਰ ਦਾ ਧੰਨਵਾਦ ਕਰ ਰਿਹਾ ਸੀ।
-"ਚਲੇ ਗਏ ਥੇਹ ਹੋਣੇ?" ਪ੍ਰਸਿੰਨੀ ਨੇ ਆ ਕੇ ਪੁੱਛਿਆ। ਉਹ ਹਾਲੋਂ ਬੇਹਾਲ ਹੋਈ ਪਈ ਸੀ। ਦਮੇਂ ਦੀ ਬਿਮਾਰੀ ਕਾਰਨ ਉਸ ਦਾ ਦਮ ਪੱਟਿਆ ਪਿਆ ਸੀ।
-"ਆਹੋ ਤਾਈ ਚਲੇ ਗਏ।" ਸਰਪੰਚ ਬੋਲਿਆ।
-"ਇਹ ਨਿੱਜੜੇ ਹੱਥ ਧੋ ਕੇ ਮਗਰ ਪੈ ਗਏ-ਖਹਿੜ੍ਹਾ ਕਿਵੇਂ ਛੱਡਣਗੇ ਪੁੱਤ?" ਪ੍ਰਸਿੰਨੀ ਨੇ ਸਰਪੰਚ ਨੂੰ ਪੁੱਛਿਆ।
-"ਥੋਨੂੰ ਤਾਈ ਕੁਛ ਨਹੀਂ ਆਖਣ ਦਿੰਦੇ-ਪਰ ਤਾਈ ਆਪਣੇ ਪ੍ਰੀਤਮ ਨੇ ਆਪਦੇ ਬੰਦਿਆਂ ਨੂੰ ਨਾਲ ਲੈ ਕੇ ਚੜਿੱਕ ਦੇ ਕਾਮਰੇਡ ਦਾ ਪ੍ਰੀਵਾਰ ਮਾਰਤਾ-।"
-"ਹੈਅ ਤੇਰੀ ਬੇੜੀ ਬਹਿਜੇ ਕਾਲੇ ਮੂੰਹ ਆਲੇ ਦੀ-ਕਾਹਤੋਂ ਮਾਰਤਾ ਗੜ੍ਹੀ ਦੇ ਜਾਣੇਂ ਨੇ---?" ਪ੍ਰਸਿੰਨੀ ਦਾ ਪਟੜੇ ਵਰਗਾ ਸਰੀਰ ਤਾੜੇ ਵਾਂਗ ਡੋਲਣ ਲੱਗ ਪਿਆ।
-"ਤਾਈ ਮਾੜਿਆਂ ਕੰਮਾਂ ਦੇ ਮਾੜੇ ਨਤੀਜੇ-ਕਾਮਰੇਡ ਮੁਖ਼ਬਰ ਸੀ-ਇਹਨਾਂ ਨੇ ਬਿਲੇ ਲਾਅਤਾ-।"
-"ਪਰ ਪੁੱਤ ਪ੍ਰੀਵਾਰ ਦਾ ਕੀ ਕਸੂਰ ਸੀ-ਉਹਨਾਂ ਨੂੰ ਕਾਹਤੋਂ ਮਾਰਿਆ ਔਤਾਂ ਦੇ ਜਾਣੇਂ ਨੇ...?"
-"ਤੂੰ ਤਾਈ ਬਾਹਲਾ ਨਾ ਕਲਪ-ਇਹਨਾਂ ਦੀਆਂ ਇਹੀ ਜਾਨਣ-ਤੂੰ ਤਾਏ ਨੂੰ ਲੈ ਕੇ ਘਰ ਨੂੰ ਜਾਹ।"
ਪ੍ਰਸਿੰਨੀ ਗਲੀਆਂ ਵਿਚੋਂ ਦੀ ਬੱਕੜਵਾਹ ਕਰਦੀ ਜਾ ਰਹੀ ਸੀ।
-"ਪਲੇਗ ਪੈਣਿਆਂ ਐਦੂੰ ਤਾਂ ਤੂੰ ਜੰਮਦਾ ਈ ਮਰ ਜਾਂਦਾ-ਸਾਨੂੰ ਸੱਥਾਂ 'ਚ ਰੋਲਦਾ ਫਿਰਦੈਂ ਫੋੜੀ ਕਢਾਵਿਆ ਕਬੀਆ...!" ਪ੍ਰਸਿੰਨੀ ਚੰਡੀ ਵਾਂਗ ਭਬਕ ਰਹੀ ਸੀ।
-"ਨੀ ਤੂੰ ਚੁੱਪ ਵੀ ਕਰਜਾ ਸਹੁਰੇ ਦੀਏ! ਕਿਉਂ ਕੁੱਤੇ ਮਾਂਗੂੰ ਭੌਂਕੀ ਜਾਨੀ ਐਂ?" ਗੁੱਜਰ ਨੇ ਵਰਜਿਆ।
-"ਵੇ ਹੋਰ ਕੀ ਮੈਂ ਆਬਦੇ ਜਣਦਿਆਂ ਨੂੰ ਪਿੱਟਾਂ ਦੁਸ਼ਮਣਾਂ....?" ਪ੍ਰਸਿੰਨੀ ਦੁਹੱਥੜ ਮਾਰ ਕੇ ਥਾਂ 'ਤੇ ਹੀ ਬੈਠ ਗਈ।
ਲੋਕਾਂ ਨੇ ਸਹਾਰਾ ਦੇ ਕੇ ਉਹਨਾਂ ਨੂੰ ਘਰ ਪਹੁੰਚਾਇਆ।
-"ਮੌਤ ਪੈਣੇ ਨੇ ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ।" ਮੰਜੇ 'ਤੇ ਪਈ ਉਹ ਰੋਈ ਜਾ ਰਹੀ ਸੀ। ਗੁੱਜਰ ਗੋਡਿਆਂ ਵਿਚ ਸਿਰ ਦੇਈ ਬਾਣ ਦੀ ਮੰਜੀ 'ਤੇ ਮੁਰਕੜੀ ਜਿਹੀ ਮਾਰੀ ਬੈਠਾ ਸੀ।
ਰਾਤ ਅਜੇ ਅੱਧੀ ਹੀ ਹੋਈ ਸੀ ਕਿ ਪੁਲੀਸ ਨੇ ਗੁੱਜਰ ਦੇ ਘਰ ਨੂੰ ਘੇਰ ਲਿਆ। ਛੋਟੀ ਜਿਹੀ ਕੰਧ ਉਪਰੋਂ ਚਾਰ ਸਿਪਾਹੀ ਅੰਦਰ ਉੱਤਰ ਗਏ ਅਤੇ ਇੱਕੋ ਇੱਕ ਦਰਵਾਜੇ ਵਾਲਾ ਬਾਰ ਖੋਲ੍ਹ ਦਿੱਤਾ। ਫ਼ੋਰਸ ਅੰਦਰੋਂ ਧੁੜਕੂ ਖਾ ਰਹੀ ਸੀ ਕਿ ਕਿਤੇ ਅੰਦਰ ਪ੍ਰੀਤਮ ਨਾ ਪਿਆ ਹੋਵੇ। ਗੁੱਜਰ ਦੇ ਘਰ ਦੀ ਇੱਕੋ ਇੱਕ ਸਵਾਤ ਸੀ। ਸਵਾਤ ਨੂੰ ਕੋਈ ਦਰਵਾਜਾ ਨਹੀਂ ਸੀ। ਜਿੰਦਾ ਕੁੰਡਾ ਨਹੀਂ ਲੱਗਦਾ ਸੀ। ਸਿਪਾਹੀ ਨੇ ਟਾਰਚ ਦਾ ਚਾਨਣ ਪਾਇਆ ਤਾਂ ਅੰਦਰ ਪ੍ਰਸਿੰਨੀ ਅਤੇ ਗੁੱਜਰ ਹੀ ਸਨ। ਸਿਪਾਹੀਆਂ ਨੇ ਦੋਹਾਂ ਨੂੰ ਡੱਡ ਵਾਂਗ ਚੁੱਕ ਲਿਆ ਤਾਂ ਪ੍ਰਸਿੰਨੀ ਨੇ ਬਰੜਾਹਟ ਕਰਨਾ ਸੁਰੂ ਕਰ ਦਿੱਤਾ।
-"ਬਚਾਓ ਵੇ ਪਿੰਡਾ-ਬਹੁੜੀ ਵੇ-ਆ ਪਏ ਵੇ ਲੋਕੋ ਪੁਲਸ ਆਲੇ-ਮਾਰ ਦੇਣਗੇ ਮੇਰੇ ਭਤੀਜੇ ਸਾਨੂੰ-ਹਾੜ੍ਹੇ ਵੇ ਛੁਡਾਓ ਸਾਨੂੰ....!"
ਇੱਕ ਘੁੱਗੂ ਜਿਹੇ ਸਿਪਾਹੀ ਨੇ ਪ੍ਰਸਿੰਨੀ ਦੇ ਮੂੰਹ 'ਤੇ ਘਸੁੰਨ ਮਾਰਿਆ। ਸ਼ਾਇਦ ਪ੍ਰਸਿੰਨੀ ਬੇ-ਸੁੱਧ ਹੋ ਗਈ ਸੀ। ਮੁੜ ਉਸ ਦੇ ਮੂੰਹੋਂ ਬੋਲ ਨਾ ਨਿਕਲਿਆ।
-"ਕਿਤੇ ਮਰ ਤਾਂ ਨਹੀਂ ਗਈ...?" ਦੂਜੇ ਸਿਪਾਹੀ ਨੇ ਡਰ ਪ੍ਰਗਟ ਕੀਤਾ।
-"ਚੂਹੜ੍ਹੀ ਐਡੀ ਛੇਤੀ ਨਹੀਂ ਮਰਦੀ-ਸਾਰਿਆਂ ਨੂੰ ਮਾਰ ਕੇ ਮਰੂ-ਬੜੀ ਤਕੜੀ ਹੱਡੀ ਦੀ ਐ।"
-"ਇਹ ਮਾਰੇ ਚਾਹੇ ਨਾ ਮਾਰੇ-ਪਰ ਜਿੱਦੇਂ ਉਸ ਪਤੰਦਰ ਨਾਲ ਹੱਥ ਜੁੜ ਗਏ-ਭੱਜਦਿਆਂ ਨੂੰ ਰਾਹ ਨਹੀਂ ਲੱਭਣੇ-ਕਰ ਲਓ ਜਿਹੜੇ ਧੱਕੇ ਕਰਨੇ ਐਂ-ਸਾਰਾ ਹਿਸਾਬ ਕਿਤਾਬ ਤਾਂ ਉਹਨੇ ਬਰਾਬਰ ਕਰਨੈ।" ਲੋਪੋ ਵਾਲਾ ਸਿਪਾਹੀ ਬੋਲਿਆ।
ਉਹ ਸਾਰੇ ਪੁਲੀਸ ਵਾਲਿਆਂ ਵਿਚੋਂ ਨਰਮ ਦਿਲ ਸਿਪਾਹੀ ਸੀ। ਰਣਜੋਧ ਨੂੰ ਹਵਾਲਾਤ ਵਿਚ ਵੀ ਇਸੇ ਨੇ ਹੀ ਲੋੜੀਂਦੀ ਮੱਦਦ ਦਿੱਤੀ ਸੀ।
-"ਤੂੰ ਕਦੇ ਕਦੇ ਊਂਈ ਮਹਾਤਮਾ ਬੁੱਧ ਬਣ ਤੁਰਦੈਂ?" ਗੁਰਮੀਤ ਉਸ ਨੂੰ ਕੌੜ ਕੇ ਪਿਆ ਤਾਂ ਉਹ ਦੜ ਵੱਟ ਗਿਆ। ਉਸ ਨਾਲ ਮਗਜਮਾਰੀ ਕਰਨੀ ਉਹ ਫ਼ਜੂਲ ਸਮਝਦਾ ਸੀ।
ਠਾਣੇ ਲਿਆ ਉਹਨਾਂ ਨੂੰ ਹਵਾਲਾਤ ਤਾੜ ਦਿੱਤਾ ਗਿਆ।

ਬਾਕੀ ਅਗਲੇ ਹਫ਼ਤੇ......

No comments:

Post a Comment