ਪੁਰਜਾ ਪੁਰਜਾ ਕਟਿ ਮਰੈ (ਕਾਂਡ ਆਖਰੀ)

ਡੇੜ੍ਹ ਹਫ਼ਤੇ ਬਾਅਦ ਭਾਰੀ ਜੱਦੋ-ਜਹਿਦ ਬਾਅਦ ਕੌਡੀਆਂ ਆਲਾ ਕੁਲਬੀਰੇ ਨੂੰ ਬਗੈਰ ਕੋਈ ਨੁਕਸਾਨ ਕੀਤੇ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਹੋ ਗਿਆ। ਠਾਣੇਦਾਰ ਦੇ ਇੱਕ ਤਰ੍ਹਾਂ ਨਾਲ ਲਹਿਰ ਦਾ ਗਿੱਟਾ ਹੱਥ ਆ ਗਿਆ। ਜਿਸ ਨੂੰ ਖਿੱਚ ਕੇ ਉਸ ਨੇ ਹੇਠਾਂ ਸੁੱਟ ਲੈਣਾ ਸੀ। ਆਪਣੀ ਇਸ ਕਾਮਯਾਬੀ 'ਤੇ ਠਾਣੇਦਾਰ ਪੱਟਾਂ 'ਤੇ ਥਾਪੀਆਂ ਮਾਰਦਾ ਫਿਰਦਾ ਸੀ। ਕੁਲਬੀਰੇ ਦੀ ਗ੍ਰਿਫ਼ਤਾਰੀ ਦੀ ਖ਼ਬਰ ਮੁਕੰਮਲ ਤੌਰ 'ਤੇ ਗੁਪਤ ਰੱਖੀ ਗਈ ਸੀ। ਸਿਪਾਹੀਆਂ ਨੂੰ ਪਤਾ ਸੀ ਕਿ ਕੋਈ ਖ਼ਾੜਕੂ ਫੜਿਆ ਸੀ। ਪਰ ਉਹ ਕੌਣ ਸੀ? ਉਸ ਦੇ ਨਾਂ ਬਾਰੇ ਕੋਈ ਨਹੀਂ ਜਾਣਦਾ ਸੀ! ਜੇ ਪਤਾ ਸੀ ਤਾਂ ਸਿਰਫ਼ ਇੰਦਰਜੀਤ ਨੂੰ ਪਤਾ ਸੀ।

ਸਦਰ ਠਾਣੇਂ ਤੋਂ ਬਾਹਰ ਕਿਸੇ ਗੁਪਤ ਜਗਾਹ ਠਾਣੇਦਾਰ ਨੇ ਕੁਲਬੀਰੇ ਅਤੇ ਇੰਦਰਜੀਤ ਨੂੰ ਇਕੱਠਿਆਂ ਨਜ਼ਰਬੰਦ ਕਰਕੇ ਸਖ਼ਤ ਪਹਿਰਾ ਬਿਠਾ ਦਿੱਤਾ। ਕੋਈ ਸਿਪਾਹੀ ਉਹਨਾਂ ਨਾਲ ਗੱਲ ਨਹੀਂ ਕਰ ਸਕਦਾ ਸੀ। ਕੋਈ ਨੇੜੇ ਹੋ ਕੇ ਉਹਨਾਂ ਦੀਆਂ ਗੱਲਾਂ ਨਹੀਂ ਸੁਣ ਸਕਦਾ ਸੀ। ਕੋਈ ਪਾਣੀ ਨਹੀਂ ਫੜਾ ਸਕਦਾ ਸੀ। ਪਰ ਰੋਟੀ-ਪਾਣੀ ਉਹਨਾਂ ਨੂੰ ਬਕਾਇਦਾ ਤੌਰ 'ਤੇ ਪਹੁੰਚਾਇਆ ਜਾ ਰਿਹਾ ਸੀ। ਪਹਿਰਾ ਦੇ ਰਹੇ ਸਿਪਾਹੀ ਸਾਰੀ ਕਾਰਵਾਈ 'ਤੇ ਹੈਰਾਨ ਸਨ।
ਇੰਦਰਜੀਤ ਨੂੰ ਕਰੜੀ ਹਦਾਇਤ ਸੀ ਕਿ ਕਿਵੇਂ ਵੀ ਹੋਵੇ ਕੁਲਬੀਰੇ ਨੂੰ ਹੱਥ ਹੇਠ ਕਰਨਾ ਹੈ! ਕਾਕੇ ਵਾਲੇ ਮੁਕਾਬਲੇ ਲਈ ਇੰਦਰਜੀਤ ਨੂੰ ਦਸ ਲੱਖ ਰੁਪਏ ਵਿਚੋਂ ਅੱਧਾ ਹਿੱਸਾ ਅਰਥਾਤ ਪੰਜ ਲੱਖ ਰੁਪਏ ਮਿਲ ਗਿਆ ਸੀ। ਹੁਣ ਠਾਣੇਦਾਰ ਨੇ ਇੰਦਰਜੀਤ ਨਾਲ ਵਾਅਦਾ ਕੀਤਾ ਸੀ ਕਿ ਜਿਤਨੇ ਇਨਾਮੀ ਖ਼ਾੜਕੂ ਕੁਲਬੀਰਾ ਉਹਨਾਂ ਨੂੰ ਫੜਾਵੇਗਾ, ਉਹਨਾਂ ਇਨਾਮਾਂ ਵਿਚੋਂ ਅੱਧਾ ਹਿੱਸਾ ਸਿੱਧਾ ਇੰਦਰਜੀਤ ਦੇ ਹੱਥਾਂ ਵਿਚ ਆਵੇਗਾ। ਇਸ ਲਈ ਇੰਦਰਜੀਤ ਨੇ ਆਪਣੀ ਜਿ਼ੰਦਗੀ ਦਾਅ 'ਤੇ ਲਾ ਦਿੱਤੀ ਸੀ। ਪਰ ਇੱਥੇ ਇੰਦਰਜੀਤ ਨੂੰ ਕੋਈ ਖ਼ਤਰਾ ਵੀ ਨਹੀਂ ਸੀ। ਉਹ ਹਥਿਆਰਬੰਦ ਫ਼ੋਰਸਾਂ ਦੇ ਪਹਿਰੇ ਹੇਠ ਬਿਲਕੁਲ ਸੁਰੱਖਿਅਤ ਸੀ। ਸਰੀਰਕ ਤੌਰ 'ਤੇ ਉਹ ਕੁਲਬੀਰੇ ਨਾਲੋਂ ਨਿੱਗਰ ਸੀ। ਕਿਸੇ ਪਾਸਿਓਂ ਕੋਈ ਖ਼ਤਰਾ ਨਹੀਂ ਸੀ।
-"ਕੀ ਨਾਂ ਐਂ ਬਾਈ ਦਾ?" ਇੰਦਰਜੀਤ ਨੇ ਗੱਲ ਸ਼ੁਰੂ ਕੀਤੀ। ਤਕਰੀਬਨ ਸਾਰੀ ਦਿਹਾੜੀ ਉਹਨਾਂ ਨੇ ਜ਼ਬਾਨ ਸਾਂਝੀ ਨਹੀਂ ਕੀਤੀ ਸੀ। ਦੋਨੋਂ ਘੁੱਟੇ-ਘੁੱਟੇ ਜਿਹੇ ਰਹੇ ਸਨ।
-"ਕੁਲਬੀਰ...!" ਉਸ ਨੇ ਬਾਂਹ ਮੂੰਹ ਤੋਂ ਨਹੀਂ ਚੁੱਕੀ ਸੀ। ਉਹ ਕਿਸੇ ਦੁਬਿਧਾ ਵਿਚ ਸੀ।
-"ਕਿਹੜੇ ਕੇਸ 'ਚ ਫੜਿਆ ਗਿਆ?"
-"ਖਾੜਕੂਵਾਦ 'ਚ।"
-"ਤੂੰ ਖਾੜਕੂ ਐਂ?"
-"ਆਹੋ!"
ਇੰਦਰਜੀਤ ਚੁੱਪ ਹੋ ਗਿਆ।
ਉਸ ਨੂੰ ਸੁੱਝ ਨਹੀਂ ਰਿਹਾ ਸੀ ਕਿ ਗੱਲ ਕਿੱਥੋਂ ਅਤੇ ਕਿਵੇਂ ਸ਼ੁਰੂ ਕਰੇ। ਉਹ ਸਵੇਰ ਤੋਂ ਹੀ ਸੋਚਾਂ ਸੋਚੀ ਆ ਰਿਹਾ ਸੀ।
-"ਤੈਨੂੰ ਕਿਹੜੇ ਕੇਸ 'ਚ ਲਿਆਏ ਐ?" ਕੁਲਬੀਰੇ ਨੇ ਉਸ ਵੱਲ ਪਾਸਾ ਪਰਤਦਿਆਂ ਸਵਾਲ ਕੀਤਾ।
-"ਮੈਂ ਤਾਂ ਕੀਤਾ ਈ ਕੁਛ ਨਹੀਂ ਬਾਈ ਜੀ!"
-"ਫੇਰ ਤੈਨੂੰ ਕਾਹਤੋਂ ਵਲੀ ਬੈਠੇ ਐ?"
-"ਮੇਰਾ ਵੱਡਾ ਭਰਾ ਖ਼ਾੜਕੂਆਂ ਨਾਲ ਸੀ-ਪਰ ਪਤਾ ਨਹੀਂ ਕਿਵੇਂ ਮਾਰਿਆ ਗਿਆ-ਹੁਣ ਇਹ ਪੁੱਛਦੇ ਐ ਬਈ ਉਹਦੇ ਨਾਲ ਕਿਹੜੇ ਕਿਹੜੇ ਖ਼ਾੜਕੂ ਆਉਂਦੇ ਐ?"
-"ਕੀ ਨਾਂ ਸੀ ਤੇਰੇ ਭਾਈ ਦਾ?"
-"ਕੁਲਦੀਪ-!"
-"ਕੁਲਦੀਪ....!" ਕੁਲਬੀਰਾ ਪਿਆ ਪਿਆ ਛਾਲ ਮਾਰ ਕੇ ਉਠਿਆ।
-"ਕੁਲਦੀਪ ਝੰਡੇਆਣੀਆਂ?"
-"ਹਾਂ ਬਾਈ-ਤੂੰ ਉਹਨੂੰ ਜਾਣਦੈਂ?"
-"ਕੁਲਦੀਪ ਤਾਂ ਮੇਰੇ ਨਾਲ ਹੁੰਦਾ ਸੀ।"
-"ਹੈਂ...! ਅੱਛਾ...!!"
-"ਹੋਰ...!"
-"ਤੇ ਬਾਈ ਉਹ ਮਾਰਿਆ ਕੀਹਨੇ?"
-"ਕਾਕੇ ਨੇ।"
-"..........।" ਇੰਦਰਜੀਤ ਸਾਹ ਖਿੱਚ ਕੇ ਬੈਠ ਗਿਆ।
-"ਮੈਂ ਤਾਂ ਕਿਸੇ ਖ਼ਾੜਕੂ ਨੂੰ ਦੇਖਿਆ ਨਹੀਂ-ਪਰ ਇਹ ਬਥੇਰ੍ਹੇ ਲਾਲਚ ਦਿੰਦੇ ਐ-ਬਈ ਕੋਈ ਖ਼ਾੜਕੂ ਫੜਾ ਦੇਹ-ਤੈਨੂੰ ਆਹ ਦੇ ਦਿਆਂਗੇ-ਕੋਈ ਕੋਠੀ ਅਲਾਟ ਕਰਵਾ ਦਿਆਂਗੇ-ਹਥਿਆਰਬੰਦ ਬਾਡੀਗਾਰਡ ਦਿਆਂਗੇ-ਖ਼ਾੜਕੂਆਂ 'ਤੇ ਰੱਖੇ ਇਨਾਮ ਸਾਰੇ ਤੇਰੇ-ਸਾਰੀ ਕਾਰਵਾਈ ਗੁਪਤ ਰੱਖੀ ਜਾ ਜਾਊਗੀ-ਜੌਹ ਐ-ਵੌਹ ਐ...!"
-"ਜੇ ਹੈਗੈ ਨਿਗਾਹ 'ਚ ਕੋਈ ਫੜਾ ਦੇਹ-ਅੱਜ ਨਹੀਂ ਤਾਂ ਕੱਲ੍ਹ-ਫੜੇ ਤਾਂ ਉਹਨਾਂ ਨੇ ਜਾਣਾ ਈ ਐ।"
-"ਬਾਈ ਜੀ ਜਦੋਂ ਮੈਂ ਕਿਸੇ ਨੂੰ ਜਾਣਦਾ ਈ ਨਹੀਂ-ਫੜਾਵਾਂ ਕਿੱਥੋਂ? ਜੇ ਮੈਨੂੰ ਪਤਾ ਵੀ ਹੁੰਦਾ-ਮੈਂ ਫੇਰ ਵੀ ਨਹੀਂ ਫੜਾਉਂਦਾ ਸੀ।"
-"ਕਿਉਂ?"
-"ਮੈਂ ਮਰਨੈਂ ਬਾਈ? ਉਹ ਤਾਂ ਸੋਧਾ ਵੀ ਟੱਬਰ ਸਮੇਤ ਲਾਉਂਦੇ ਐ-ਇਹ ਤਾਂ ਚਾਹੇ ਛੱਡ ਈ ਦੇਣ-ਪਰ ਉਹਨਾਂ ਤੋਂ ਭੱਜ ਕੇ ਜਾਊਂ ਕਿੱਥੇ?"
-"ਕੀ ਨਾਂ ਐਂ ਤੇਰਾ?"
-"ਇੰਦਰਜੀਤ-।"
-"ਗੱਲ ਸੁਣ ਇੰਦਰਜੀਤ-ਹੁਣ ਖ਼ਾੜਕੂਆਂ ਦੀ ਉਹ ਚੜ੍ਹਤ ਨਹੀਂ ਰਹੀ।"
-"........।"
-"ਜੇ ਵਗਦੀ ਗੰਗਾ ਵਿਚ ਹੱਥ ਧੋਤੇ ਜਾਂਦੇ ਐ-ਧੋਅ ਲੈ! ਮੂਵਮੈਂਟ ਤਾਂ ਖੂਹ ਖਾਤੇ ਪਈ ਹੋਈ ਐ-ਤਕੜੇ ਤਕੜੇ ਖ਼ਾੜਕੂ ਪੁਲਸ ਨੇ ਚੁਣ ਧਰੇ-ਬਾਕੀ ਦੇ ਲਿਸਟਾਂ 'ਤੇ ਚੜ੍ਹੇ ਹੋਏ ਐ।"
ਇੰਦਰਜੀਤ ਨੇ ਸੋਚਿਆ, ਕੁਲਬੀਰਾ ਮੇਰੇ ਨਾਲ ਚਾਲ ਨਾ ਖੇਡਦਾ ਹੋਵੇ? ਪਰ ਇਹ ਮੇਰਾ ਕਰ ਵੀ ਕੀ ਲਵੇਗਾ? ਜੇ ਇਹ ਠਾਣੇਦਾਰ ਦੇ ਆਖੇ ਨਾ ਲੱਗਿਆ ਤਾਂ ਉਹਨੇ ਇਹਨੂੰ ਬੱਕਰੇ ਵਾਂਗੂੰ ਕੁਤਰ ਕੇ ਪਰ੍ਹੇ ਮਾਰਨੈਂ!
-"ਜੇ ਬਾਈ ਇਹੀ ਸ਼ਰਤ ਠਾਣੇਦਾਰ ਤੇਰੇ ਅੱਗੇ ਰੱਖ ਦੇਵੇ-ਤਾਂ ਤੂੰ ਕੀ ਕਰੇਂਗਾ?" ਇੰਦਰਜੀਤ ਨੇ ਉਹਨੂੰ ਤਹਿ ਤੱਕ ਫਰੋਲਣਾ ਚਾਹਿਆ।
-"ਜੇ ਤੇਰੇ ਵਾਲੀਆਂ ਸਹੂਲਤਾਂ ਦੇਣ ਲਈ ਠਾਣੇਦਾਰ ਮੇਰੇ ਨਾਲ ਵਾਅਦਾ ਕਰੇ-ਤਾਂ ਮੈਂ ਤਾਂ ਪਲ ਨਾ ਲਾਵਾਂ।" ਕੁਲਬੀਰਾ ਵਾਕਿਆ ਹੀ ਗੱਦਾਰੀ 'ਤੇ ਉਤਰ ਆਇਆ ਸੀ।
-"ਜੇ ਐਸ਼ ਦੀ ਜਿ਼ੰਦਗੀ ਹਾਕਾਂ ਮਾਰੇ-ਸੁੱਖ ਕੇ ਦਿੱਤੈ ਬਈ ਕੰਡੇ ਮਰਵਾਉਂਦੇ ਫਿਰੀਏ?"
-"ਤੈਨੂੰ ਬਾਈ ਉਹ ਮਾਰ ਦੇਣਗੇ।"
-"ਮਾਰਨ ਨੂੰ ਤਾਂ ਉਹ ਮੈਨੂੰ ਪਹਿਲਾਂ ਈ ਫਿਰਦੇ ਐ! ਜੇ ਉਦੇਂ ਮੈਂ ਕੁਲਦੀਪ ਦੇ ਕੋਲ ਹੁੰਦਾ-ਉਹ ਮੇਰਾ ਵੀ ਨਾਲ ਈ ਡੰਡਾ ਡੁੱਕ ਦਿੰਦੇ-ਇਸ ਤੋਂ ਪਹਿਲਾਂ ਕਿ ਵਿਰੋਧੀ ਤੁਹਾਨੂੰ ਮਾਰੇ-ਉਹਦਾ ਫਣ ਚਿੱਪ ਮਾਰੋ! ਜੱਥੇਬੰਦੀ ਤੋਂ ਤਾਂ ਉਹਨਾਂ ਨੇ ਮੈਨੂੰ ਕਦੋਂ ਦਾ ਫਾਰਗ ਕੀਤਾ ਵਿਐ।"
ਇੰਦਰਜੀਤ ਸਮਝ ਗਿਆ ਕਿ ਕੁਲਬੀਰਾ ਖ਼ਾੜਕੂ ਜ਼ਰੂਰ ਫੜਾ ਦੇਵੇਗਾ।
-"ਤੈਨੂੰ ਬਾਈ ਉਹ ਕਾਹਤੋਂ ਮਾਰਨ ਨੂੰ ਫਿਰਦੇ ਐ?"
-"ਬੱਸ ਯਾਰ ਸਾਥੋਂ ਈ ਕੁਛ ਗਲਤੀਆਂ ਹੋ ਗਈਆਂ-ਪਰ ਉਹਨਾਂ ਨੇ ਵੀ ਘੱਟ ਨਹੀਂ ਕੀਤੀ-ਸਾਡਾ ਬੰਦਾ ਮਿੰਟ 'ਚ ਮਾਰ ਕੇ ਤੁਰ ਗਏ।" ਉਹ ਫਿਰ ਪੈ ਗਿਆ।
ਰਾਤ ਦੇ ਅੱਠ ਕੁ ਵਜੇ ਠਾਣੇਦਾਰ ਕੌਡੀਆਂ ਵਾਲੇ ਦਾ ਇੱਕ ਵਿਸ਼ਵਾਸ਼-ਪਾਤਰ ਰੋਟੀ ਲੈ ਕੇ ਆ ਗਿਆ। ਰੋਟੀ ਫੜਦੇ ਇੰਦਰਜੀਤ ਨੇ ਉਸ ਦਾ ਹੱਥ ਘੁੱਟ ਦਿੱਤਾ। ਜਿਸ ਦਾ ਪ੍ਰਤੱਖ ਇਸ਼ਾਰਾ ਸੀ ਕਿ ਸਵੇਰੇ ਠਾਣੇਦਾਰ ਉਸ ਨੂੰ ਲਾਜ਼ਮੀ ਮਿਲੇ।
ਉਹਨਾਂ ਰੋਟੀ ਖਾ ਲਈ। ਬੰਦਾ ਭਾਂਡੇ ਬੰਨ੍ਹ ਕੇ ਤੁਰ ਗਿਆ।
-"ਸੌਂਈਏ ਯਾਰ ਬਹੁਤ ਹੰਭੇ ਪਏ ਐਂ-ਕੀ ਪਤੈ ਇਹਨਾਂ ਨੇ ਕਿਹੜੇ ਮੌਕੇ ਉਠਾ ਕੇ ਮੂਧਾ ਪਾ ਲੈਣੈਂ।" ਕੁਲਬੀਰੇ ਨੇ ਮੂੰਹ 'ਤੇ ਕੰਬਲ ਲੈਂਦਿਆਂ ਕਿਹਾ। ਉਹ ਕਈ ਰਾਤਾਂ ਦਾ ਅਨੀਂਦਰਾ ਵੀ ਸੀ।
-"ਜੇ ਬਾਈ ਮੂਧਾ ਪਾਉਣਾ ਹੁੰਦਾ ਪ੍ਰਛਾਦੇ ਨਹੀਂ ਛਕਾਉਂਦੇ ਸੀ-ਹੁਣ ਨੂੰ ਘੜ੍ਹੀਸ ਲੈਂਦੇ।"
-"ਬੱਕਰੇ ਨੂੰ ਬਲੀ ਦੇਣ ਤੋਂ ਪਹਿਲਾਂ ਮਹਿੰਦੀ ਲਾ ਕੇ ਸਿ਼ੰਗਾਰਿਆ ਜਾਂਦੈ-ਤਰ੍ਹਾਂ ਤਰ੍ਹਾਂ ਦੇ ਸ਼ਗਨ ਕੀਤੇ ਜਾਂਦੇ ਐ-ਬਲੀ ਦੇਣ ਤੋਂ ਬਾਅਦ ਫਿਰ ਉਸ ਨੂੰ ਚਸਕੇ ਲਾ ਲਾ ਕੇ ਖਾਧਾ ਜਾਂਦੈ-ਬਿਸਮਿੱਲਾ ਕਹਿ ਕੇ ਜਦੋਂ ਗਰਦਨ 'ਤੇ ਛੁਰੀ ਫਿਰਦੀ ਐ-ਉਦੋਂ ਬੱਕਰੇ ਨੂੰ ਪੜ੍ਹੀਆਂ ਜਾਣ ਵਾਲੀਆਂ ਕਲਮਾਂ ਨਹੀਂ ਸੁਣਦੀਆਂ, ਬਾਈ।"
-"ਚੱਲ ਬਾਈ ਸੌਂ ਜਾਹ-ਜੋ ਹੋਊ ਦੇਖੀ ਜਾਊ।" ਇੰਦਰਜੀਤ ਵੀ ਕੰਬਲ ਦੱਬ ਕੇ ਪੈ ਗਿਆ।
ਕੁਲਬੀਰ ਨੂੰ ਤਾਂ ਪੈਣ ਸਾਰ ਹੀ ਨੀਂਦ ਆ ਗਈ। ਪਰ ਇੰਦਰਜੀਤ ਸੋਚਾਂ ਦੀਆਂ ਘੁੰਮਣਘੇਰੀਆਂ ਵਿਚ ਫ਼ਸਿਆ ਹੋਇਆ ਸੀ। ਕੁਲਬੀਰਾ ਤਾਂ ਜਿੰਨਾ ਉਸ ਨੇ ਸੋਚਿਆ ਸੀ, ਉਸ ਨਾਲੋਂ ਵੀ ਸੌਖਾ ਹੀ ਹੱਥ ਵਿਚ ਆ ਗਿਆ ਸੀ। ਪਰ ਇੰਦਰਜੀਤ ਪੈਰ ਨਹੀਂ ਛੱਡਣੇਂ ਚਾਹੁੰਦਾ ਸੀ। ਉਹ ਗੱਲੀਂ ਬਾਤੀਂ ਠਾਣੇਦਾਰ ਨੂੰ ਇੱਕ ਅੱਧਾ ਦਿਨ ਹੋਰ ਟਰਕਾਉਣਾ ਚਾਹੁੰਦਾ ਸੀ। ਇਨਾਮਾਂ ਵਿਚੋਂ ਮਿਲਣ ਵਾਲੀ ਰਕਮ ਲਈ ਪੱਕਾ ਥੜ੍ਹਾ ਤਿਆਰ ਕਰਨਾ ਚਾਹੁੰਦਾ ਸੀ। ਉਸ ਅੰਦਰ ਕੋਇਲ-ਕਾਂ ਵਾਲਾ ਯੁੱਧ ਚੱਲ ਰਿਹਾ ਸੀ।
ਤੜਕਿਓਂ ਚਾਹ ਪੀਣ ਸਾਰ ਹੀ ਇੰਦਰਜੀਤ ਨੂੰ ਬਾਹਰ ਕੱਢ ਲਿਆ। ਹੱਥਕੜੀ ਉਸ ਦੇ ਲੱਗੀ ਹੋਈ ਸੀ। ਕਾਲੇ ਸ਼ੀਸਿ਼ਆਂ ਵਾਲੀ ਵੈਨ ਉਸ ਨੂੰ ਲੱਦ ਕੇ ਲੈ ਗਈ। ਵੈਨ ਵਿਚ ਬੈਠਣ ਸਾਰ ਹੀ ਉਸ ਦੀਆਂ ਹੱਥਕੜੀਆਂ ਖੋਲ੍ਹ ਦਿੱਤੀਆਂ ਗਈਆਂ। ਉਸ ਨੇ ਗੁੱਟ ਮਸਲਣੇਂ ਸ਼ੁਰੂ ਕਰ ਦਿੱਤੇ।
ਵੈਨ ਹੋਟਲ ਮੂਹਰੇ ਜਾ ਕੇ ਰੁਕ ਗਈ। ਇੰਦਰਜੀਤ ਅਪਾਰਟਮੈਂਟ ਵਿਚ ਪਹੁੰਚ ਗਿਆ। ਠਾਣੇਦਾਰ ਪਹਿਲਾਂ ਹੀ ਉਸ ਦੀ ਉਡੀਕ ਕਰ ਰਿਹਾ ਸੀ।
-"ਸਾਸਰੀਕਾਲ ਜੀ...!"
-"ਬੈਠ....!" ਅੱਜ ਠਾਣੇਦਾਰ ਦਾ ਰੁਕ ਕੁਝ ਬਦਲਿਆ ਹੋਇਆ ਸੀ।
-"ਪਈ ਕੋਈ ਮਿਹਨਤ ਪੱਲੇ?"
-"ਮੇਰਾ ਉਹਦੀ ਪੂਛ ਨੂੰ ਵੱਟ ਚਾਹੜਿਆ ਹੋਇਐ ਜੀ।"
-"ਕਈ ਵਾਰੀ ਪੂਛ ਮਰੋੜੀ ਤੋਂ ਪਸ਼ੂ ਮੋਕ ਦੀ ਧਰਾਲ੍ਹ ਮੂੰਹ 'ਤੇ ਮਾਰਦੈ-ਮੂੰਹ ਤਾਂ ਲਿੱਬੜਦਾ ਈ ਲਿੱਬੜਦੈ ਤੇ ਨਾਲ ਦੀ ਨਾਲ ਮੁਸ਼ਕ ਵੀ ਆਉਂਦੈ ਤੇ ਦਿਸਣਾ ਵੀ ਬੰਦ ਹੋ ਜਾਂਦੈ-ਜੱਗ ਹਸਾਈ ਵਾਧੂ ਦੀ ਹੋ ਜਾਂਦੀ ਐ-ਤੇ ਯਾਦ ਕਰ ਕਰ ਭੁੱਖ ਵੀ ਲੱਗਣੋਂ ਹਟ ਜਾਂਦੀ ਐ।" ਠਾਣੇਦਾਰ ਉਸ ਦੇ ਚਿਹਰੇ ਤੋਂ ਚਲਾਕੀ ਪੜ੍ਹ ਗਿਆ ਸੀ।
ਠਾਣੇਦਾਰ ਦੀਆਂ ਕੀਤੀਆਂ ਗੋਲ ਗੱਲਾਂ ਸੁਣ ਕੇ ਇੰਦਰਜੀਤ ਅੰਦਰੋਂ ਥਿੜਕ ਗਿਆ। ਉਹ ਸੋਚ ਰਿਹਾ ਸੀ ਕਿ ਕਿਤੇ ਕੌਡੀਆਂ ਵਾਲੇ ਨੇ ਸਾਡੀਆਂ ਗੱਲਾਂ ਸੁਣ ਤਾਂ ਨਹੀਂ ਲਈਆਂ ਸਨ?
-"ਸਾਹਿਬ ਬਹਾਦਰ! ਮੈਨੂੰ ਅੱਜ ਦਾ ਦਿਨ ਅਤੇ ਰਾਤ ਦਿੱਤੀ ਜਾਵੇ-ਕੱਲ੍ਹ ਨੂੰ ਮੈਂ ਤੁਹਾਡੇ ਜ਼ਰੂਰ ਕੁਛ ਨਾ ਕੁਛ ਪੱਲੇ ਪਾਵਾਂਗਾ।"
-"ਦਿੱਤੇ...! ਪਰ ਕੱਲ੍ਹ ਨੂੰ ਮੈਨੂੰ ਨਿਰਾਸ਼ ਨਾ ਕਰੀਂ!"
-"ਵਾਅਦਾ ਰਿਹਾ ਸਾਹਿਬ ਬਹਾਦਰ।"
ਉਹ ਉਠ ਖੜ੍ਹੇ।
ਜਦੋਂ ਉਹ ਹੋਟਲ ਦੀਆਂ ਪੌੜੀਆਂ ਉਤਰ ਰਹੇ ਸਨ ਤਾਂ ਦੂਰੋਂ ਰੈਂਸੀ ਦੀ ਨਜ਼ਰ ਉਹਨਾਂ 'ਤੇ ਪਈ। ਰੈਂਸੀ ਹੋਟਲ ਦੇ ਸਾਹਮਣੇ ਵਾਲੀ ਜੁੱਤੀਆਂ ਦੀ ਦੁਕਾਨ 'ਤੇ ਖੜ੍ਹਾ ਸੀ। ਠਾਣੇਦਾਰ ਉਂਗਲਾਂ ਮਾਰ ਮਾਰ ਕੇ ਇੰਦਰਜੀਤ ਨੂੰ ਕੁਝ ਸਮਝਾ ਰਿਹਾ ਸੀ ਜਾਂ ਕੋਈ ਹਦਾਇਤ ਕਰ ਰਿਹਾ ਸੀ। ਰੈਂਸੀ ਅੰਦਰ ਅੱਗ ਮੱਚੀ। ਅੱਖਾਂ ਵਿਚ ਖੂਨ ਉਤਰ ਆਇਆ। ਉਸ ਦੇ ਦਿਲ ਵਿਚ ਆਈ ਕਿ ਦੋਹਾਂ ਨੂੰ ਰਿਵਾਲਵਰ ਦੀ ਗੋਲੀ ਨਾਲ ਉੜਾ ਦੇਵੇ! ਪਰ ਮੌਕਾ ਸਾਥ ਨਹੀਂ ਦੇ ਰਿਹਾ ਸੀ। ਕੀ ਪਤੈ ਕਾਲੇ ਸ਼ੀਸਿ਼ਆਂ ਵਾਲੀ ਵੈਨ ਵਿਚ ਕਿੰਨੇ ਕੁ ਹਥਿਆਰਬੰਦ ਸਿਪਾਹੀ ਹੋਣਗੇ? ਮਰਨ ਦਾ ਰੈਂਸੀ ਨੂੰ ਕੋਈ ਡਰ ਨਹੀਂ ਸੀ। ਡਰ ਉਸ ਨੂੰ ਠਾਣੇਦਾਰ ਅਤੇ ਇੰਦਰਜੀਤ ਦੇ ਬਚ ਕੇ ਨਿਕਲ ਜਾਣ ਦਾ ਸੀ। ਉਸ ਨੇ ਪੂਰਾ ਤਿਆਰ-ਬਰ-ਤਿਆਰ ਹੋ ਕੇ ਇੱਥੇ ਹੀ ਸਰਗਰਮ ਰਹਿਣ ਲਈ ਸੋਚ ਲਿਆ। ਫਿਰ ਰੈਂਸੀ ਨੇ ਦੇਖਿਆ ਕਿ ਇੰਦਰਜੀਤ ਕਾਲੇ ਸ਼ੀਸਿ਼ਆਂ ਵਾਲੀ ਵੈਨ ਵਿਚ ਅਤੇ ਠਾਣੇਦਾਰ ਆਪਣੀ ਜਿਪਸੀ ਵਿਚ ਬੈਠ ਕੇ ਵੱਖੋ-ਵੱਖ ਦਿਸ਼ਾਵਾਂ ਨੂੰ ਤੁਰ ਪਏ।
ਰੈਂਸੀ ਜੁੱਤੀ ਲੈ ਆਪਣੇ ਰਾਹ ਪੈ ਗਿਆ। ਉਸ ਦੇ ਦਿਲ ਵਿਚ ਇਹ ਡਰ ਸੀ ਕਿ ਇੰਦਰਜੀਤ ਉਸ ਨੂੰ ਬਜ਼ਾਰ ਵਿਚ ਘੁੰਮਦੇ ਨੂੰ ਨਾ ਫੜਾ ਦੇਵੇ। ਉਸ ਨੇ ਤਾਂ ਫ਼ੋਰਸ ਨੂੰ ਇਸ਼ਾਰਾ ਹੀ ਕਰ ਦੇਣਾ ਸੀ। ਕੌਡੀਆਂ ਵਾਲੇ ਨੂੰ ਸੋਧਾ ਲਾਉਣਾ ਤਾਂ ਵਿਚੇ ਹੀ ਰਹਿ ਜਾਣਾ ਸੀ। ਦਿਲ ਦੀਆਂ ਸਧਰਾਂ ਦਿਲ ਵਿਚ ਹੀ ਰਹਿ ਜਾਣੀਆਂ ਸਨ। ਉਹ ਸੋਚ ਰਿਹਾ ਸੀ ਕਿ ਇਕ ਵਾਰ ਠਾਣੇਦਾਰ ਅਤੇ ਇੰਦਰਜੀਤ ਨੂੰ ਲੈ ਲਵਾਂ, ਫਿਰ ਚਾਹੇ ਨਾਲ ਹੀ ਮਰ ਜਾਵਾਂ। ਕੋਈ ਪ੍ਰਵਾਹ ਨਹੀਂ ਸੀ। ਉਹ ਮਰਨ ਮਾਰਨ 'ਤੇ ਤੁਲਿਆ ਹੋਇਆ ਸੀ। ਠਾਣੇਦਾਰ ਅਤੇ ਇੰਦਰਜੀਤ ਤੋਂ ਬਿਨਾ ਉਸ ਨੂੰ ਕੁਝ ਦਿਸ ਹੀ ਨਹੀਂ ਰਿਹਾ ਸੀ। ਉਸ ਨੇ ਘਾੜਤਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਉਹ ਅਜਿਹਾ ਐਕਸ਼ਨ ਕਰਨਾ ਚਾਹੁੰਦਾ ਸੀ ਕਿ ਸਿਰਫ਼ ਇੰਦਰਜੀਤ ਅਤੇ ਠਾਣੇਦਾਰ ਹੀ ਮਰਨ, ਹੋਰ ਕਿਸੇ ਬੇਕਸੂਰ ਦੀ ਜਾਨ ਨਾ ਜਾਵੇ। ਕੋਈ ਗਰੀਬ ਨਾ ਮਾਰਿਆ ਜਾਵੇ।
ਕਾਲੇ ਸ਼ੀਸਿ਼ਆਂ ਵਾਲੀ ਵੈਨ ਨੇ ਫਿਰ ਉਸ ਨੂੰ ਉਸ ਟਿਕਾਣੇਂ 'ਤੇ ਹੀ ਪਹੁੰਚਾ ਦਿੱਤਾ। ਹੱਥਕੜੀਆਂ ਉਸ ਦੇ ਫਿਰ ਜੜ ਦਿੱਤੀਆਂ ਗਈਆਂ ਸਨ।
ਲੱਤ ਮਾਰ ਕੇ ਇਕ ਸਿਪਾਹੀ ਨੇ ਉਸ ਨੂੰ ਕਮਰੇ ਅੰਦਰ ਕਰ ਦਿੱਤਾ।
-"ਮੇਰੇ ਸਾਲੇ ਪਸ਼ੂਆਂ ਮਾਂਗੂੰ ਧੱਕੇ ਮਾਰਦੇ ਐ।" ਇੰਦਰਜੀਤ ਡਿੱਗਦਾ ਮਸਾਂ ਹੀ ਬਚਿਆ ਸੀ।
-"ਅੱਜ ਕਾਹਦੇ ਵਾਸਤੇ ਲੈ ਕੇ ਗਏ ਸੀ?"
-"ਬੱਸ ਅੰਨ੍ਹੇ ਮੂਹਰੇ ਬਾਤ ਪਾਈ-ਅੱਖਾਂ! ਇਕੋ ਈ ਗੱਲ ਐ, ਅਖੇ ਖ਼ਾੜਕੂ ਫੜਾ।"
-".......।" ਕੁਲਬੀਰਾ ਵੀ ਕਾਲਾ ਕਾਂ ਸੀ। ਘਾਟ ਘਾਟ ਦਾ ਪਾਣੀ ਪੀਤਾ ਹੋਇਆ ਸੀ। ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪਿਆ ਸੀ। ਉਹ ਇਕ ਤੁਰਦੀ ਫਿਰਦੀ ਲਾਇਬਰੇਰੀ ਸੀ। ਉਸ ਨੇ ਸੋਚਿਆ ਬਈ ਜਿਵੇਂ ਇਹਨੂੰ ਮਹਿਮਾਨਾਂ ਵਾਂਗੂੰ ਲੈ ਕੇ ਜਾਂਦੇ ਐ ਤੇ ਫੇਰ ਸਹੀ ਸਲਾਮਤ ਛੱਡ ਜਾਂਦੇ ਐ-ਖ਼ੈਰ ਹੱਥਾ ਇਹ ਵੀ ਨਹੀਂ! ਦਾਲ ਵਿਚ ਕਿਤੇ ਕਾਲਾ ਜ਼ਰੂਰ ਐ! ਕਿਸੇ ਨੇ ਕਿਸੇ ਨੂੰ ਕਿਹਾ ਕਿ ਤੇਰੀ ਮਾਂ ਅੱਜ ਗਹੀਰਿਆਂ ਵਿਚ ਕੀ ਕਰਦੀ ਫਿਰਦੀ ਸੀ? ਉਸ ਨੇ ਉਲਟਾ ਪੁੱਛਿਆ ਕਿ ਕੀਹਨੇ ਦੇਖਿਐ? ਕਹਿੰਦਾ ਅਖੇ ਮੇਰੀ ਮਾਂ ਨੇ! ਤੇ ਦੂਜਾ ਬੋਲਿਆ-ਖ਼ੈਰਾਂ ਹੱਥੀ ਤੇਰੀ ਮਾਂ ਵੀ ਨਹੀਂ!
ਇਕ ਚੁੱਪ ਛਾਈ ਹੋਈ ਸੀ। ਇੰਦਰਜੀਤ ਨੂੰ ਕੁਲਬੀਰੇ ਦੀ ਚੁੱਪ ਤੋਂ ਡਰ ਆਇਆ।
ਇਧਰ ਕੁਲਬੀਰਾ ਸੋਚ ਰਿਹਾ ਸੀ ਕਿ ਜੇ ਇਹ ਵਾਕਿਆ ਹੀ ਪੁਲੀਸ ਦਾ ਬੰਦਾ ਹੋਇਆ ਅਤੇ ਇਸ ਨਾਲ ਬਦਸਲੂਕੀ ਹੋ ਗਈ? ਤਾਂ ਫਿਰ ਧਰਮਰਾਜ ਮੂਹਰੇ ਜਾ ਕੇ ਹੀ ਅੱਖਾਂ ਖੁੱਲ੍ਹਣਗੀਆਂ।
-"ਬਾਈ ਆਪਣੇ ਨਾਲ ਇਹ ਕੀ ਕਰਨਗੇ? ਝੂਠੇ ਕੇਸ ਪਾਉਣਗੇ?" ਇੰਦਰਜੀਤ ਨੇ ਹੀ ਚੁੱਪ ਨੂੰ ਤੋੜਿਆ।
-"ਇਹਨਾਂ ਹੱਥ ਜਾਨ ਐਂ-ਜੋ ਮਰਜ਼ੀ ਐ ਕਰ ਸਕਦੇ ਐ।"
-"ਪਰ ਤੂੰ ਕਿਉਂ ਨਹੀਂ ਆਪਦੀ ਜਾਨ ਛੁਡਾਉਂਦਾ?"
-"ਮੈਂ ਕਿਸੇ ਖ਼ਾੜਕੂ ਨੂੰ ਜਾਣਦਾ ਈ ਨਹੀਂ।"
-"ਪੱਕੀ ਗੱਲ ਐ?"
-"ਹਾਂ।"
ਕੁਲਬੀਰੇ ਨੇ ਪਹਿਲਾਂ ਸੋਚਿਆ ਬਈ ਇਹਨੂੰ ਕਿਸੇ ਖ਼ਾੜਕੂ ਅੱਡੇ ਬਾਰੇ ਦੱਸ ਦਿਆਂ। ਪਰ ਫਿਰ ਉਸ ਨੇ ਮਨ ਬਦਲ ਲਿਆ। ਉਸ ਦੇ ਦਿਮਾਗ ਵਿਚ ਆਇਆ, ਜੇ ਮੈਂ ਭੇਦ ਦੇ ਦਿੱਤਾ ਤਾਂ ਫਿਰ ਮੈਨੂੰ ਲੈਣ ਦੇਣ ਨੂੰ ਕੀ ਐ? ਹੋ ਸਕਦੈ ਇਸ ਤੋਂ ਬਾਅਦ ਠਾਣੇਦਾਰ ਮੇਰੇ 'ਤੇ ਡੋਰੇ ਪਾਵੇ? ਹੋ ਸਕਦੈ ਉਹ ਇਹਦੇ ਵਾਲੀਆਂ ਸਹੂਲਤਾਂ ਮੈਨੂੰ ਵੀ ਆਫ਼ਰ ਕਰੇ? ਰਹਿੰਦੀ ਜਿ਼ੰਦਗੀ ਤਾਂ ਐਸ਼ ਦੀ ਨਿੱਕਲੂ! ਕੁਲਬੀਰਿਆ! ਸਿਆਣੇ ਕਹਿੰਦੇ ਹੁੰਦੇ ਐ, ਜੁੱਲ ਕੰਧੋਲੇ ਮੌਜਾਂ ਮਾਨਣ ਆਕੜ ਪਾਲੇ ਮਰਦੀ ਐ! ਤੂੰ ਇਤਿਹਾਸ 'ਤੇ ਨਜ਼ਰ ਮਾਰ ਕੇ ਦੇਖ ਲੈ! ਦੇਸ਼ ਭਗਤਾਂ ਦੇ ਹਿੱਸੇ ਹਮੇਸ਼ਾ ਸਿਰਫ਼ ਫ਼ਾਂਸੀ ਹੀ ਆਈ ਐ! ਤੇ ਟੋਡੀਆਂ ਨੂੰ ਜਾਗੀਰਾਂ ਮਿਲੀਐਂ! ਹੁਣ ਸੋਚਣਾ ਤੇਰਾ ਕੰਮ ਐਂ! ਬਈ ਖਾਣੀ ਗੋਲੀ ਐ ਕਿ ਮੌਜ ਮਾਨਣੀ ਐਂ? ਪਰ ਫਿਰ ਤਾਂ ਨਰਕਾਂ ਦਾ ਭਾਗੀ ਹੋਵੇਂਗਾ! ਪਰ ਕੁਲਬੀਰਿਆ! ਨਰਕ ਸੁਰਗ ਕਿਸੇ ਨੇ ਦੇਖਿਐ? ਇਹ ਤਾਂ ਕਲਪਤਿ ਗੱਲਾਂ ਹਨ! ਤੂੰ ਐਥੋਂ ਦੀ ਸੋਚ-ਅੱਗੇ ਵੇਖੀ ਜਾਊ! ਇਹ ਜਿ਼ੰਦਗੀ ਨਿੱਤ ਨਿੱਤ ਹੱਥ ਨਹੀਂ ਆਉਣੀ! ਰਹਿੰਦੀ ਜਿ਼ੰਦਗੀ ਐਸ਼ ਦੀ ਕੱਟ! ਕੁਲਬੀਰੇ ਅੰਦਰ ਸੋਚਾਂ ਦਾ ਖੂਹ ਗਿੜ ਰਿਹਾ ਸੀ।
-"ਤੂੰ ਇਕ ਗੱਲ ਕਰ ਯਾਰ!" ਕੁਲਬੀਰਾ ਉਠ ਕੇ ਇੰਦਰਜੀਤ ਕੋਲ ਆ ਗਿਆ।
-"ਤੂੰ ਠਾਣੇਦਾਰ ਕੋਲ ਮੇਰੇ ਬਾਰੇ ਬਾਤ ਪਾ।"
-"ਕਾਹਦੀ...?"
-"ਤੂੰ ਠਾਣੇਦਾਰ ਨਾਲ ਮੇਰੀ ਗੱਲ ਕਰਵਾ ਤੇ ਮੈਂ ਆਪੇ ਤੇਰੀ ਖ਼ਲਾਸੀ ਕਰਵਾ ਦਿਊਂ।" ਕੁਲਬੀਰੇ ਨੇ ਆਪਣੀ ਅਸਲ ਗੱਲ ਬੋਚ, ਉਸ ਦੇ ਸਾਹਮਣੇ 'ਰਿਹਾਈ' ਦੇ ਦਾਣੇਂ ਖਿਲਾਰੇ।
-"ਬਾਤ ਤਾਂ ਮੈਂ, ਤਾਂ ਪਾਊਂ-ਜੇ ਉਹ ਹੁਣ ਮੈਨੂੰ ਬੁਲਾਊ-ਕੀ ਪਤੈ ਨਾ ਹੀ ਬੁਲਾਵੇ?" ਇੰਦਰਜੀਤ ਨੇ ਪੈਰ ਛੱਡਣੇ ਬੇਵਕੂਫ਼ੀ ਸਮਝੀ।
-"ਆਪਾਂ ਨੂੰ ਉਹ ਸਰਾਧ ਖੁਆਉਣ ਤਾਂ ਲੈ ਕੇ ਈ ਨਹੀਂ ਆਏ-ਗੌਰਮਿੰਟ ਦਾ ਇਹਨਾਂ ਨੂੰ ਐਲਾਨ ਐਂ ਬਈ ਖ਼ਾੜਕੂਵਾਦ 'ਤੇ ਕਾਬੂ ਪਾਓ-ਕਿਵੇਂ ਪਾਓ! ਇਸ ਲਈ ਆਪਣੇ ਨਾਲੋਂ ਉਹਨਾਂ ਨੂੰ ਜਿ਼ਆਦਾ ਕਾਹਲੀ ਐ-ਚੋਰ ਨਾਲੋਂ ਪੰਡ ਭਾਰੀ ਐ-ਤੂੰ ਰੋਟੀ ਦੇਣ ਆਏ ਬੰਦੇ ਕੋਲ ਸੁਨੇਹਾਂ ਭੇਜ ਬਈ ਤੂੰ ਠਾਣੇਦਾਰ ਨਾਲ ਗੱਲ ਕਰਨੀ ਐਂ।"
-"ਸੁਨੇਹਾਂ ਕੀ ਦੇਵਾਂ? ਸਿਪਾਹੀ ਤਾਂ ਗਾਲ੍ਹ ਤੋਂ ਬਿਨਾ ਗੱਲ ਨਹੀਂ ਕਰਦੇ?"
-"ਇਹ ਸਾਰੇ ਇਕੋ ਬੇੜੀ ਦੇ ਵੱਟੇ ਐ-ਅੰਦਰੋਂ ਇਹਨਾਂ ਦੀ ਗੱਲ ਇਕ ਹੀ ਹੁੰਦੀ ਐ-ਮਿਰਗਾਂ ਦੀ ਡਾਰ 'ਚ ਕੋਈ ਕਮਚਾਲਾ ਨਹੀਂ ਹੁੰਦਾ-ਸਾਰੇ ਇਕ ਦੂਜੇ ਤੋਂ ਵਧ ਕੇ ਛਾਲ ਮਾਰਦੇ ਐ।"
ਉਹਨਾਂ ਦੇ ਗੱਲਾਂ ਕਰਦਿਆਂ ਰੋਟੀ ਆ ਗਈ।
ਜਦ ਬੰਦਾ ਰੋਟੀ ਦੇ ਕੇ ਮੁੜਨ ਲੱਗਿਆ ਤਾਂ ਇੰਦਰਜੀਤ ਨੇ ਉਸ ਨੂੰ ਅੱਖ ਮਾਰ ਕੇ ਰੋਕ ਲਿਆ।
-"ਬਾਈ ਜੀ ਗੱਲ ਸੁਣਿਓਂ...!"
-"ਭੈਣ ਦਿਆ ਖਸਮਾਂ! ਤੈਨੂੰ ਬੋਲਣ ਦੀ ਅਕਲ ਵੀ ਨਹੀਂ ਉਏ..?" ਉਸ ਨੇ ਦੰਦ ਘੁੱਟ ਕੇ ਇੰਦਰਜੀਤ ਦੇ ਇਕ ਮੁੱਕੀ ਮਾਰੀ। ਉਸ ਦੀ ਪੱਗ ਡਿੱਗ ਪਈ।
ਪਰ ਉਹ ਸੰਭਲਿਆ।
-"ਸਰਦਾਰ ਬਹਾਦਰ ਮੇਰੀ ਗੱਲ ਤਾਂ ਸੁਣੋਂ!"
-"ਜੇ ਇਉਂ ਪਹਿਲਾਂ ਈ ਨਿੱਕੀ ਯਹਾ ਦਿੰਦਾ..? ਹਾਂ..! ਹੁਣ ਬਕ..?"
-"ਮੈਂ ਠਾਣੇਦਾਰ ਸਾਹਿਬ ਨਾਲ ਗੱਲ ਕਰਨੀ ਐਂ।"
-"ਠਾਣੇਦਾਰ ਸਿਰਫ਼ ਤੇਰੇ 'ਤੇ ਈ ਐ? ਉਹਨੂੰ ਹੋਰ ਬਥੇਰ੍ਹੇ ਕੰਮ ਐਂ!"
-"ਸਾਹਿਬ ਬਹਾਦਰ ਮੇਰਾ ਸੁਨੇਹਾਂ ਤਾਂ ਪਹੁੰਚਾ ਦਿਓਂਗੇ?"
-".........।" ਉਹ ਤੁਰ ਗਿਆ।
-"ਲੈ ਬਾਈ..! ਗੱਲ ਈ ਨਹੀਂ ਗੌਲਦੇ ਭੈਣ ਦੇ ਲੱਕੜ-ਅੱਖ ਈ ਨਹੀਂ ਮਿਲਾਉਂਦੇ!" ਇੰਦਰਜੀਤ ਪਿੱਟਿਆ।
ਸ਼ਾਮ ਨੂੰ ਹੀ ਇੰਦਰਜੀਤ ਨੂੰ ਵੈਨ ਲੈ ਗਈ।
-"ਸਾਹਿਬ ਬਹਾਦਰ-ਬੰਦਾ ਮੈਂ ਸਾਣ 'ਤੇ ਲਾ ਦਿੱਤੈ-ਜਿੱਥੇ ਮਰਜੀ ਐ ਵਾਹ ਲਿਓ...!"
-"ਤੂੰ ਅੱਜ ਦੀ ਰਾਤ ਉਥੇ ਈ ਕੱਟ-ਤੇ ਜਦੋਂ ਮੇਰੀ ਉਹਦੇ ਨਾਲ ਸਾਰੀ ਗੱਲ ਹੋ ਗਈ-ਤੂੰ ਹਫ਼ਤੇ ਖੰਡ ਲਈ ਡਲਹੌਜੀ ਸਰਬਜੀਤ ਕੋਲ ਚਲਿਆ ਜਾਹ-ਮੈਂ ਉਹਨੂੰ ਫ਼ੋਨ ਕਰ ਦਿੰਨੈ-ਉਹ ਤੈਨੂੰ ਮਿਹਰ ਹੋਟਲ ਵਿਚ ਮਿਲੂਗਾ-ਉਦੋਂ ਨੂੰ ਮੈਂ ਬਾਕੀ ਦੇ ਮੁੰਡੇ ਫੜ ਕੇ ਅੰਦਰ ਦਿੰਨੈ-ਉਦੋਂ ਤੱਕ ਤੇਰੀ ਜਾਨ ਨੂੰ ਖ਼ਤਰਾ ਈ ਖ਼ਤਰੈ-ਜਿੰਨਾ ਚਿਰ ਮੈਂ ਤੈਨੂੰ ਫ਼ੋਨ ਨਾ ਕਰਾਂ-ਤੂੰ ਡਲਹੌਜੀ ਤੋਂ ਨਹੀਂ ਆਉਣਾ-ਉਥੇ ਖਾਈਂ ਪੀਈਂ ਤੇ ਮੌਜ ਕਰੀਂ-ਤੇਰਾ ਸਾਰਾ ਖ਼ਰਚਾ ਸਰਬਜੀਤ ਝੱਲੂਗਾ-ਮੈਂ ਉਹਦੇ ਚੰਗੀ ਤਰ੍ਹਾਂ ਕੰਨ ਖਿੱਚ ਦਿੰਨੈਂ।"
-"ਠੀਕ ਐ ਸਰ! ਪਰ ਆਪਣੀਆਂ ਹੋਰ ਗੱਲਾਂ ਵਿਚ ਮੈਨੂੰ ਕਦੇ ਕਹਿਣਾ ਯਾਦ ਈ ਨਹੀਂ ਰਿਹਾ-।"
-"ਕੀ ਗੱਲ ਐ?" ਠਾਣੇਦਾਰ ਹੈਰਾਨ ਸੀ।
-"ਜਿਹੜਾ ਰੈਂਸੀ ਐ-ਉਹ ਬੜਾ ਹੱਥ ਧੋ ਕੇ ਤੁਹਾਡੇ ਮਗਰ ਪਿਆ ਵਿਐ-ਖਿ਼ਆਲ ਰੱਖਿਓ!" ਇੰਦਰਜੀਤ ਦੇ ਦਿਲ ਵਿਚ ਸੀ ਕਿ ਜੇ ਕੌਡੀਆਂ ਆਲਾ ਹੀ ਮਾਰਿਆ ਗਿਆ, ਫਿਰ ਮੇਰਾ ਵਾਲੀ-ਵਾਰਿਸ ਕੌਣ ਸੀ? ਠਾਣੇਦਾਰ ਤਾਂ ਉਸ ਲਈ ਇਕ ਰਿਜ਼ਰਵ-ਬੈਂਕ ਸੀ, ਜਿੱਥੋਂ ਉਸ ਨੂੰ ਚੈੱਕ ਪ੍ਰਾਪਤ ਹੋਣੇ ਸਨ! ਜੇ ਬੈਂਕ ਹੀ ਤਬਾਹ ਹੋ ਗਈ, ਤਾਂ ਫਿਰ ਨਾਅਵਾਂ ਕਿੱਥੋਂ ਆਉਣਾ ਸੀ? ਖੂਹ 'ਚੋਂ? ਇਸ ਲਈ ਉਹ ਠਾਣੇਦਾਰ ਦੀ ਸਲਾਮਤੀ ਹੀ ਮੰਗਦਾ ਸੀ।
ਠਾਣੇਦਾਰ ਉਚੀ ਉਚੀ ਹੱਸ ਪਿਆ।
-"ਉਹ ਮੈਨੂੰ ਭਾਲਦੇ ਫਿਰਦੇ ਐ-ਮੈਂ ਉਹਨਾਂ ਨੂੰ ਭਾਲਦਾ ਫਿਰਦੈਂ-ਇਕ ਦਿਨ ਤਾਂ ਟਾਕਰੇ ਹੋਣੇ ਹੀ ਹੋਣੇ ਐਂ-ਛੁਰੀ ਖ਼ਰਬੂਜੇ 'ਤੇ ਡਿੱਗੇ ਜਾਂ ਖ਼ਰਬੂਜਾ ਛੁਰੀ 'ਤੇ-ਹਸ਼ਰ ਇਕੋ ਹੀ ਹੋਣੈਂ!"
ਦੋਨੋਂ ਨਿੱਖੜ ਗਏ।
ਕੁਲਬੀਰਾ, ਐੱਸ ਪੀ ਦੀ ਹਾਜ਼ਰੀ ਵਿਚ ਠਾਣੇਦਾਰ ਨੇ ਮੁਕੰਮਲ ਤੌਰ 'ਤੇ ਹੱਥ ਹੇਠ ਕਰ ਲਿਆ ਸੀ। ਐੱਸ। ਪੀ। ਨੇ ਉਸ ਨੂੰ ਇਕ ਕੋਠੀ ਫਿ਼ਲਹਾਲ ਆਰਜ਼ੀ ਤੌਰ 'ਤੇ ਅਲਾਟ ਕਰਵਾ ਦਿੱਤੀ। ਜਿਹੜੀ ਗੌਰਮਿੰਟ ਨੇ ਖ਼ਾੜਕੂਆਂ ਨੂੰ ਪਨਾਂਹ ਦੇਣ ਦੇ ਦੋਸ਼ ਹੇਠ ਜਬਤ ਕੀਤੀ ਹੋਈ ਸੀ। ਮੋਟੀ ਰਕਮ ਪੇਸ਼ਗੀ, ਇੱਕ ਜਿਪਸੀ, ਅਸਲਾ ਅਤੇ ਹਥਿਆਰਬੰਦ ਬਾਡੀਗਾਰਡ ਮੁਹੱਈਆ ਕਰਵਾ ਦਿੱਤੇ ਗਏ ਸਨ। ਟੈਲੀਫ਼ੋਨ, ਫ਼ੈਕਸ, ਨੌਕਰ, ਗੱਲ ਕੀ ਹਰ ਸਹੂਲਤ ਕੁਲਬੀਰੇ ਨੂੰ ਗੌਰਮਿੰਟ ਵੱਲੋਂ ਮਿਲ ਗਈ ਸੀ। ਜਿਪਸੀ ਦਾ ਪੈਟਰੋਲ ਅਤੇ ਖਾਣ ਪੀਣ ਦਾ ਸਾਰਾ ਖ਼ਰਚਾ ਗੌਰਮਿੰਟ ਦੇ ਸਿਰ ਸੀ। ਪੁਲੀਸ ਵਾਲਿਆਂ ਨੇ ਇਕ 'ਚਗਲ' ਜਿਹੀ, ਪਰ ਨਖ਼ਰੇ ਵਾਲੀ ਸੁਨੱਖੀ ਔਰਤ ਉਸ ਦੀ ਕੋਠੀ ਲਿਆ ਬਿਠਾਈ ਸੀ। ਪੁਲੀਸ ਵਾਲਿਆਂ ਵਿਚ ਹੁਣ ਕੁਲਬੀਰਾ "ਕਾਲੇ" ਦੇ ਨਾਂ ਨਾਲ ਜਾਣਿਆਂ ਜਾਨਣ ਲੱਗਿਆ। ਹੁਣ ਉਹ ਬੁਰਸ਼ਾਗਰਦੀ 'ਤੇ ਉਤਰ ਡੋਗਰਿਆਂ ਵਰਗੀ "ਸ਼ਾਹੀ-ਠਾਠ" ਮਾਣਦਾ ਹੋਇਆ, ਹਰ ਤਰ੍ਹਾਂ ਨਾਲ ਐਸ਼ ਕਰਨ ਲੱਗਿਆ। ਉਹ ਦਾਰੂ ਪੀ ਕੇ, ਚਾਦਰਾ ਛੱਡ, ਗਲ ਵਿਚ ਕੈਂਠਾ ਪਾ ਹਮੇਸ਼ਾ ਜਾਨੀ ਬਣਿਆ, ਲਾਚੜਿਆ ਰਹਿੰਦਾ। ਕੋਠੀ ਦੇ ਆਲੇ ਦੁਆਲੇ ਅੱਠੇ ਪਹਿਰ ਹਥਿਆਰਬੰਦ ਪਹਿਰਾ ਰਹਿੰਦਾ।
ਠਾਣੇਦਾਰ ਤੋਂ ਲੈ ਕੇ ਐੱਸ। ਪੀ। ਤੱਕ ਉਸ ਦੀ ਕੋਠੀ ਗੇੜੇ ਮਾਰਦੇ ਅਤੇ ਪਿਆਲਾ ਸਾਂਝਾ ਕਰਦੇ ਰਹਿੰਦੇ। ਕਦੇ ਕਦਾਈਂ ਪੁਲੀਸ ਵਾਲੇ ਵੀ ਕੋਈ ਲੰਡਰ ਜਿਹੀ ਤੀਵੀਂ ਲਿਆ ਕੇ ਮਸਤੀ ਮਾਰ ਛੱਡਦੇ! ਦਾਰੂ ਪੀ ਛੱਡਦੇ! ਮੁਰਗੇ ਖਾ ਛੱਡਦੇ! ਗੱਲ ਕੀ ਕੋਠੀ ਇਕ ਮੁਜਰਾ-ਘਰ ਬਣ ਕੇ ਰਹਿ ਗਈ ਸੀ! ਕੋਠੀ ਇਕ ਮੌਜ ਮਸਤੀ ਦਾ ਅੱਡਾ ਬਣ ਕੇ ਰਹਿ ਗਈ! ਕੋਠੀ ਦੇ ਮੱਥੇ 'ਤੇ ਹਰ ਵਕਤ ਲੋਹੇ ਦੀ ਮੋਰਨੀ ਘੁਕਦੀ ਰਹਿੰਦੀ। ਅੰਦਰ ਬੱਕਰੇ ਬੋਲਦੇ ਰਹਿੰਦੇ। ਪਿਆਲੇ ਭਰਦੇ ਰਹਿੰਦੇ ਅਤੇ ਖਾਲੀ ਹੁੰਦੇ ਰਹਿੰਦੇ।
ਕੁਲਬੀਰੇ ਨੇ ਖ਼ਾੜਕੂ-ਲਹਿਰ ਦੇ ਜੜ੍ਹੀਂ ਦਾਤੀ ਫੇਰਨੀ ਸ਼ੁਰੂ ਕਰ ਦਿੱਤੀ!
ਪਹਿਲੇ ਹਫ਼ਤੇ ਹੀ ਉਸ ਨੇ ਕੈਟਾਂ ਸਮੇਤ ਕਾਲੇ ਸ਼ੀਸਿ਼ਆਂ ਵਾਲੀ ਵੈਨ ਵਿਚ ਬੈਠ ਤੇਜਇੰਦਰ ਅਤੇ ਰਾਜਵਿੰਦਰ ਫੜਵਾ ਦਿੱਤੇ! ਦੂਜੇ ਹਫ਼ਤੇ ਗੁਰਬੰਤ ਕਾਬੂ ਕਰਵਾ ਦਿੱਤਾ। ਹੁਣ ਪੁਲੀਸ ਦੀ ਅੱਖ ਸਿਰਫ਼ ਰੈਂਸੀ, ਰੇਸ਼ਮ ਅਤੇ ਗੁਰਪਾਲ 'ਤੇ ਸੀ! ਪਰ ਗੁਰਪਾਲ ਹੁਰਾਂ ਨੇ ਰੈਂਸੀ ਦੇ ਆਖੇ ਤੁਰੰਤ ਟਿਕਾਣਾ ਬਦਲ ਲਿਆ ਸੀ। ਉਹ ਅਸਲਾ ਅਤੇ ਲਿਟਰੇਚਰ ਚੁੱਕ ਹਿਮਾਚਲ ਪ੍ਰਦੇਸ ਵੱਲ ਨੂੰ ਨਿਕਲ ਗਏ ਸਨ। ਰੈਂਸੀ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਜਦ ਹੀ ਉਸ ਨੇ ਠਾਣੇਦਾਰ ਨੂੰ ਮਾਰ ਲਿਆ, ਉਹ ਉਹਨਾਂ ਕੋਲ ਹਿਮਾਚਲ ਪ੍ਰਦੇਸ ਪੁੱਜ ਜਾਵੇਗਾ ਅਤੇ ਉਸ ਤੋਂ ਬਾਅਦ ਕੋਈ ਨਵੀਂ ਰੂਪ-ਰੇਖਾ ਉਲੀਕੀ ਜਾਵੇਗੀ। ਹੋਰ ਕੁਝ ਰੈਂਸੀ ਨੇ ਖ਼ਾੜਕੂ ਜਰਨੈਲਾਂ ਨੂੰ ਕਹਿਣਾ ਬਹੁਤਾ ਚੰਗਾ ਨਾ ਸਮਝਿਆ। ਰੈਂਸੀ ਨੇ ਸੋਚਿਆ, ਸ਼ੇਰਾਂ ਦੇ ਪੁੱਤਾਂ ਨੂੰ ਸਿ਼ਕਾਰ ਕਰਨਾ ਕੌਣ ਸਿਖਾਉਂਦੈ? ਉਹ ਤਾਂ ਜੰਮਦੇ ਹੀ "ਅਸਤਰ" ਹੁੰਦੇ ਹਨ।
ਤਿੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਠਾਣੇਦਾਰ ਨੇ ਫ਼ੋਨ ਕਰਕੇ ਇੰਦਰਜੀਤ ਨੂੰ ਬੁਲਾ ਲਿਆ ਅਤੇ ਹੋਟਲ ਪੁੱਜਣ ਦਾ ਹੁਕਮ ਦਿੱਤਾ। ਠਾਣੇਦਾਰ ਬਹੁਤ ਖੁਸ਼ ਸੀ। ਐੱਸ. ਪੀ. ਨੇ ਉਸ ਨੂੰ ਥਾਪੜਾ ਦਿੱਤਾ ਸੀ ਅਤੇ ਉਸ ਦੀ 'ਪ੍ਰਮੋਸ਼ਨ' ਦੇ ਪ੍ਰਵਾਨੇ ਆ ਗਏ ਸਨ। ਉਸ ਨੂੰ ਐੱਸ. ਐੱਚ. ਓ. ਤੋਂ ਸਿੱਧਾ ਇੰਸਪੈਕਟਰ ਬਣਾਇਆ ਜਾ ਰਿਹਾ ਸੀ। ਉਹ ਤਿੰਨ ਸਟਾਰਾਂ ਅਤੇ ਹੇਠ ਰੰਗ ਬਿਰੰਗੀ ਫ਼ੀਤੀ ਵਾਲੀ ਵਰਦੀ ਪਾਉਣ ਲਈ ਉਤਾਵਲਾ ਸੀ। ਸੁੱਤੇ ਪਏ ਠਾਣੇਦਾਰ ਨੂੰ ਵਾਰ-ਵਾਰ ਇੰਸਪੈਕਟਰੀ ਦੇ ਸੁਪਨੇ ਹੀ ਆਉਂਦੇ ਸਨ।
ਤੇਜਇੰਦਰ, ਰਾਜਵਿੰਦਰ ਅਤੇ ਗੁਰਬੰਤ ਨੂੰ ਅਜੇ ਹਵਾਲਾਤਾਂ ਵਿਚ ਹੀ ਸਖ਼ਤ ਪਹਿਰੇ ਹੇਠ ਡੱਕਿਆ ਹੋਇਆ ਸੀ। ਉਹਨਾਂ ਦੀ ਕਾਰਵਾਈ ਗੁਰਪਾਲ, ਰੇਸ਼ਮ ਅਤੇ ਰੈਂਸੀ ਹੋਰਾਂ ਦੀਆਂ ਗ੍ਰਿਫ਼ਤਾਰੀਆਂ ਤੱਕ ਰਾਖਵੀਂ ਰੱਖੀ ਹੋਈ ਸੀ। ਕਿਸੇ 'ਤੇ ਅਜੇ ਤੱਕ ਕੋਈ ਤਸ਼ੱਦਦ ਨਹੀਂ ਕੀਤਾ ਗਿਆ ਸੀ। ਠਾਣੇਦਾਰ ਬਾਕੀਆਂ ਨੂੰ ਫੜ ਕੇ ਇਹਨਾਂ ਸਮੇਤ ਪੂਰਾ ਗਰੋਹ ਗ੍ਰਿਫ਼ਤਾਰ ਸ਼ੋਅ ਕਰਕੇ, ਅਗਲੀ ਡੀ ਐੱਸ ਪੀ ਦੀ ਕੁਰਸੀ ਲਈ ਰਾਹ ਖੁੱਲ੍ਹਾ ਕਰਨਾ ਚਾਹੁੰਦਾ ਸੀ। ਤੇਜਇੰਦਰ ਹੋਰਾਂ 'ਤੇ ਤਸ਼ੱਦਦ ਕਰਕੇ ਉਹ ਸਮਾਂ ਨਹੀਂ ਗੁਆਉਣਾ ਚਾਹੁੰਦਾ ਸੀ। ਉਸ ਕੋਲ ਉਸ ਦਾ ਟਾਊਟ ਕੁਲਬੀਰਾ ਜਿਉਂ ਸੀ!! ਕੁਲਬੀਰਾ ਠਾਣੇਦਾਰ ਦਾ ਸੱਜਾ ਹੱਥ ਸੀ! ਕੁਲਬੀਰੇ ਦੀ ਬਦੌਲਤ ਠਾਣੇਦਾਰ ਇੰਸਪੈਕਟਰ ਦੀ ਪੋਸਟ 'ਤੇ ਪਹੁੰਚਿਆ ਸੀ! ਕੁਲਬੀਰਾ ਉਸ ਲਈ ਤਰੱਕੀ ਦਾ ਪਾਰਸ ਸੀ! ਕੁਲਬੀਰਾ ਉਸ ਲਈ ਰੱਬ ਸੀ! ਕੁਲਬੀਰਾ ਉਸ ਲਈ ਅਸਮਾਨੋਂ ਫ਼ਰਿਸ਼ਤਾ ਬਣ ਉਤਰਿਆ ਸੀ!
ਅਗਲੇ ਦਿਨ ਕੁਲਬੀਰਾ ਅਤੇ ਠਾਣੇਦਾਰ ਹੋਟਲ ਵਿਚ ਸਵੇਰ ਤੋਂ ਹੀ ਦਾਰੂ ਪੀ ਰਹੇ ਸਨ। ਕੁੱਕੜਾਂ ਦੀਆਂ ਟੰਗਾਂ ਚੱਬੀਆਂ ਜਾ ਰਹੀਆਂ ਸਨ। ਚੂੰਡੇ ਹੱਡ ਅਪਾਰਟਮੈਂਟ ਦੀ ਫ਼ਰਸ਼ 'ਤੇ ਹੀ ਸੁੱਟੇ ਜਾ ਰਹੇ ਸਨ। ਹੱਡੀਆਂ ਦੀ ਢੇਰੀ ਲੱਗਦੀ ਜਾ ਰਹੀ ਸੀ।
ਇੰਦਰਜੀਤ ਪਹੁੰਚ ਗਿਆ।
-"ਉਏ ਆ ਉਏ ਮੇਰਿਆ ਇੰਦਰਜੀਤ ਪੁੱਤਰਾ! ਮੇਰੀ ਹਿੱਕ ਨਾਲ ਲੱਗ! ਮੇਰੀ ਹਿੱਕ ਨਾਲ ਲੱਗ ਤੇਰੀ ਮਾਂ ਦੀ ਤੇਰੀ ਦੀ .... ਦਿੱਤਾ ਪਾ ਕੇ!" ਠਾਣੇਦਾਰ ਸ਼ਰਾਬੀ ਸੀ। ਖੁਸ਼ ਸੀ।
ਇੰਦਰਜੀਤ ਨੇ ਠਾਣੇਦਾਰ ਦੇ ਗੋਡੀਂ ਹੱਥ ਲਾਇਆ ਤਾਂ ਠਾਣੇਦਾਰ ਨੇ ਉਸ ਨੂੰ ਛਾਤੀ ਨਾਲ ਘੁੱਟ ਲਿਆ।
-"ਉਏ ਤੂੰ ਕੋਹੜ੍ਹੀਆ..! ਮੈਨੂੰ ਬੇਵਕੂਫ਼ ਈ ਬਣਾਉਂਦਾ ਰਿਹਾ? ਹੈਅ ਤੇਰੀ..! ਐਡੇ ਐਡੇ ਧੋਖੇ..?" ਕੁਲਬੀਰੇ ਨੇ ਇੰਦਰਜੀਤ ਨੂੰ ਪਿਆਰ ਦੀ ਚੁਪੇੜ ਜਿਹੀ ਮਾਰੀ। ਅਸਲ ਵਿਚ ਠਾਣੇਦਾਰ ਨੇ ਸਾਰੀ ਕਹਾਣੀ ਕੁਲਬੀਰੇ ਨੂੰ ਦੱਸ ਦਿੱਤੀ ਸੀ। ਹੁਣ ਲਕੋ ਵੀ ਕਾਹਦਾ ਸੀ? ਬੁੱਕਲ ਖੁੱਲ੍ਹੀ ਸੀ। ਬੁਰਕੀ ਸਾਂਝੀ ਸੀ! ਦੁਕਾਨਦਾਰੀ ਵਧੀਆ ਰੇਵੀਏ ਪਈ ਹੋਈ ਸੀ! ਨੰਗਾ ਨਾਚ ਸੀ! ਫਿਰ ਸ਼ਰਮ ਕਾਹਦੀ ਸੀ? ਲੋਈ ਲਾਹੀ ਹੋਈ ਸੀ!
-"ਲੈ ਫੜ ਪੀ...!" ਠਾਣੇਦਾਰ ਨੇ ਬੋਤਲ ਜੁਆਕ ਵਾਂਗ ਉਸ ਦੀ ਬੁੱਕਲ ਵਿਚ ਰੱਖ ਦਿੱਤੀ।
ਇੰਦਰਜੀਤ ਨੇ ਪੈੱਗ ਲਾ ਲਿਆ।
-"ਉਏ ਸਰਬਜੀਤ ਨੇ ਤੇਰੀ ਸੇਵਾ ਸੂਵਾ ਕੀਤੀ ਪੂਰੀ?"
-"ਪੂਰੀ ਜੀ-ਕੋਈ ਕਸਰ ਨਹੀਂ ਛੱਡੀ ਬਾਕੀ।"
-"ਤੀਮੀ ਤੂਮੀ ਦਾ ਸੁਆਦ ਵੀ ਦਿਖਾਇਆ?"
ਇੰਦਰਜੀਤ ਸ਼ਰਮ ਖਾ ਗਿਆ।
-"ਉਏ ਸੰਗਦੈਂ..? ਹੈਅ ਤੇਰੀ ਮਾਂ ਦੇ ਤੇਰੀ ਦੇ ਕੰਨ ਮਾਰੇ! ਖੁੱਲ੍ਹ ਕੇ ਦੱਸ-ਨਹੀਂ ਮੈਂ ਫ਼ੋਨ ਕਰਕੇ ਸਰਬਜੀਤੇ ਦੀ ਮਾਂ ਦੀ .... ਦਿੰਨੈਂ!"
-"ਨਹੀਂ ਜੀ ਸਾਰਾ ਕੁਛ ਕੀਤੈ-ਸ਼ਰਮ ਕਾਹਦੀ।"
-"ਲੈ ਇੰਦਰਜੀਤ ਮੈਂ ਬਣ ਗਿਆ ਇੰਸਪੈਕਟਰ ਤੇ ਤੂੰ ਕੱਲ੍ਹ ਤੋਂ ਈ ਏ। ਐੱਸ। ਆਈ। ਭਰਤੀ-ਪੈਸੇ ਤੇਰੇ ਬੈਂਕ ਅਕਾਊਂਟ ਵਿਚ ਇਸ ਹਫ਼ਤੇ ਈ ਆ ਜਾਣਗੇ-ਕੁਲਬੀਰਾ ਆਪਣਾ ਸਹਿਯੋਗੀ ਸ਼ੇਰ-ਹੁਣ ਤਾਂ ਗੁਰਪਾਲ ਹੁਰੀਂ ਹੱਥ ਆ ਜਾਣ-ਬੱਸ! ਡੀ। ਐੱਸ। ਪੀ। ਦੀ ਪੋਸਟ ਬਨੇਰੇ 'ਤੇ ਪਈ ਐ।"
-"ਵਧਾਈਆਂ ਸਰ!"
-"ਇਹ ਵਧਾਈਆਂ ਥੋਨੂੰ ਦੇਣੀਆਂ ਬਣਦੀਐਂ ਮੇਰੇ ਬੱਬਰ ਸ਼ੇਰੋ! ਆਪ ਕਾ ਹੀ ਨੂਰ ਹੈ ਜੋ ਪੜ ਰਹਾ ਹੈ ਹਮਾਰੇ ਚਿਹਰੇ ਪੇ-ਵਰਨਾ ਕੌਨ ਦੇਖਤਾ ਹਮੇਂ ਇਨ ਅੰਧੇਰੋਂ ਮੇਂ?" ਠਾਣੇਦਾਰ ਨੇ ਸ਼ੇਅਰ ਬੋਲਿਆ। ਉਸ ਨੇ ਦੋਹਾਂ ਨੂੰ ਘੁੱਟਿਆ ਹੋਇਆ ਸੀ।
-"ਗੁਰਪਾਲ ਹੋਰਾਂ ਦਾ ਕੁਛ ਪਤਾ ਲੱਗਿਆ ਸਰ?" ਇੰਦਰਜੀਤ ਨੇ ਠਾਣੇਦਾਰ ਨੂੰ ਪੁੱਛਿਆ।
-"ਉਹਨਾਂ ਨੇ ਟਿਕਾਣਾ ਬਦਲ ਲਿਆ-ਸ਼ਾਇਦ ਉਹਨਾਂ ਨੂੰ ਆਪਣੀ ਕਾਰਵਾਈ ਦੀ ਭਿਣਕ ਪੈ ਗਈ ਐ।" ਠਾਣੇਦਾਰ ਦੀ ਥਾਂ ਕੁਲਬੀਰੇ ਨੇ ਉਤਰ ਦਿੱਤਾ।
-"ਉਹਨਾਂ ਨੂੰ ਖ਼ਬਰ ਦੇਣ ਵਾਲਾ ਸਿਰਫ਼ ਇੱਕੋ ਈ ਬੰਦੈ।"
-"ਉਹ ਕਿਹੜਾ?"
-"ਰੈਂਸੀ! ਤੇ ਰੈਂਸੀ ਨੂੰ ਉਹਨਾਂ ਦੇ ਨਵੇਂ ਟਿਕਾਣੇਂ ਦਾ ਲਾਜ਼ਮੀ ਪਤਾ ਹੋਊ-ਮੈਂ ਸ਼ਰਤ ਕਰਦੈਂ!" ਇੰਦਰਜੀਤ ਨੇ ਪੈੱਗ ਪੀਣ ਤੋਂ ਬਾਅਦ ਕਿਹਾ।
-"ਲੈ ਅੱਜ ਕਰੋ ਰੱਜ ਕੇ ਇੰਜੁਆਏ-ਖਾਓ ਪੀਓ ਨੰਗੇ ਨੱਚੋ! ਪਰ ਮੇਰਿਓ ਸ਼ੇਰ ਪੁੱਤਰੋ! ਕੱਲ੍ਹ ਤੋਂ ਥੋਡੇ ਜਿੰ਼ਮੇਂ ਇੱਕ ਹੀ ਕੰਮ ਐਂ-ਰੈਂਸੀ ਨੂੰ ਫੜਵਾਉਣਾ!"
-"ਫਿਕਰ ਨਾ ਕਰੋ ਸਾਹਿਬ ਬਹਾਦਰ! ਥੋਡੀ ਖਾਤਰ ਜਾਨ ਹੂਲ ਦਿਆਂਗੇ।"
ਤਿੰਨ ਬੋਤਲਾਂ ਖਾਲੀ ਹੋ ਚੁੱਕੀਆਂ ਸਨ।
-"ਰੋਟੀ ਮੰਗਵਾਈਏ ਫਿਰ?" ਠਾਣੇਦਾਰ ਨੇ ਪੁੱਛਿਆ।
-"ਰੋਟੀ ਆਪਾਂ ਸਰਦਾਰ ਕੋਠੀ ਚੱਲ ਕੇ ਹੀ ਖਾਵਾਂਗੇ-ਪ੍ਰੀਤ ਉਡੀਕਦੀ ਹੋਊ।" ਕੁਲਬੀਰੇ ਨੇ ਆਖਿਆ।
-"ਹਾਏ ਮਰਜਾਂ ਬੋਹੜ ਦਾ ਦੁੱਧ ਪੀ ਕੇ! ਕਾਹਨੂੰ ਤੇਰਾ ਹੁਣ ਤੇਰੀ ਪ੍ਰੀਤ ਬਿਨਾ ਦਿਲ ਲੱਗਦੈ?" ਠਾਣੇਦਾਰ ਨੇ ਬੱਕਰਾ ਬੁਲਾਇਆ।
-"ਤੇਰੇ ਵੀ ਕੀ ਵੱਸ ਐ? ਰੰਨ ਹੈ ਵੀ ਘੋਟਣੇਂ ਵਰਗੀ!"
ਉਹ ਅਪਾਰਟਮੈਂਟ ਵਿਚੋਂ ਉਠ ਕੇ ਬਾਹਰ ਦਰਵਾਜੇ 'ਤੇ ਖੜ੍ਹੀ ਠਾਣੇਦਾਰ ਦੀ ਜਿਪਸੀ ਵਿਚ ਆ ਬੈਠੇ। ਸ਼ਰਾਬੀ ਠਾਣੇਦਾਰ ਤੋਂ ਚਾਬੀ ਨਹੀਂ ਪੈ ਰਹੀ ਸੀ।
-"ਕਿੱਥੇ ਐ ਭੈਣ ਦੇਣੇਂ ਦੀ-ਦੀ ਖੱਡ ਜੀ?" ਉਹ ਚਾਬੀ ਪਾਉਂਦਾ, ਖੌਝਦਾ, ਗਾਲ੍ਹਾਂ ਕੱਢੀ ਜਾ ਰਿਹਾ ਸੀ।
ਪਿਛਲੇ ਪਾਸੇ ਸਰੂ ਦੇ ਬੂਟੇ ਨਾਲ ਖੜ੍ਹੇ ਰੈਂਸੀ ਨੇ ਜਦ ਇੰਦਰਜੀਤ ਅਤੇ ਠਾਣੇਦਾਰ ਨਾਲ ਕੁਲਬੀਰਾ ਬੈਠਾ ਦੇਖਿਆ ਤਾਂ ਉਸ ਨੂੰ ਸੱਚ ਹੀ ਨਾ ਆਇਆ! ਉਸ ਦੇ ਪੈਰ ਘੁੰਮ ਰਹੇ ਸਨ। ਧਰਤੀ ਡੋਲਦੀ ਦਿਸ ਰਹੀ ਸੀ। ਉਹ ਕੁਲਬੀਰੇ ਦੇ ਗਲਤ ਕਾਰਨਾਮਿਆਂ ਤੋਂ ਖਫ਼ਾ ਜ਼ਰੂਰ ਸੀ, ਪਰ ਪੁਲੀਸ ਨਾਲ ਮਿਲਿਆ ਹੋਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਸੀ।
ਉਸ ਦੇ ਅੰਦਰ ਇਕ ਹੋਰ ਭਾਂਬੜ ਬਲ ਉਠਿਆ।
ਉਹ ਚੱਕਵੇਂ ਪੈਰੀਂ ਜਿਪਸੀ ਦੇ ਮਗਰ ਆ ਖੜ੍ਹਾ ਹੋਇਆ। ਕੰਡਕਟਰ-ਝੋਲਾ ਉਸ ਦੇ ਹੱਥ ਵਿਚ ਸੀ।
-"ਸੁਣਾ ਕੁਲਬੀਰਿਆ..! ਕਦੇ ਦਿਸਿਆ ਈ ਨਹੀਂ..?" ਰੈਂਸੀ ਨੇ ਵਿਅੰਗ ਨਾਲ ਕਿਹਾ।
ਸ਼ਰਾਬੀ ਕੁਲਬੀਰੇ ਨੇ ਇਕ ਦਮ ਪਿੱਛੇ ਤੱਕਿਆ।
ਪਿੱਛੇ ਖੜ੍ਹੇ ਰੈਂਸੀ ਨੇ ਹੱਥ ਝੋਲੇ ਵਿਚ ਪਾਇਆ ਹੋਇਆ ਸੀ ਅਤੇ ਲਾਲ ਅੱਖਾਂ ਦਾਤੀ ਦੇ ਦੰਦੇ ਕੱਢਣ ਵਾਲੀ ਮਸ਼ੀਨ ਵਾਂਗ ਚੰਗਿਆੜੇ ਛੱਡ ਰਹੀਆਂ ਸਨ।
ਕੁਲਬੀਰਾ ਘਬਰਾਇਆ ਬੱਗਾ ਹੋ ਗਿਆ!
ਉਸ ਨੇ ਅਜੇ, "ਸਰਦਾਰ ਜੀ ਰੈਂਸੀ....!!!" ਹੀ ਕਿਹਾ ਸੀ ਕਿ ਜਿਪਸੀ ਵਿਚ ਦੋ ਗਰਨੇਡ ਆ ਡਿੱਗੇ! ਅੱਗੜ ਪਿੱਛੜ ਦੋ ਧਮਾਕੇ ਹੋਏ!! ਠਾਣੇਦਾਰ, ਕੁਲਬੀਰ ਅਤੇ ਇੰਦਰਜੀਤ ਜਿਪਸੀ ਸਮੇਤ ਫ਼ੀਤਾ-ਫ਼ੀਤਾ ਹੋ ਉਡ ਗਏ! ਰੈਂਸੀ ਥਮਲ੍ਹੇ ਦੀ ਓਟ ਲੈ ਧਰਤੀ 'ਤੇ ਡਿੱਗ ਪਿਆ ਸੀ।
ਹੋਟਲ ਅੱਗੇ ਗਰਦੋਗੋਰ ਮੱਚ ਗਈ!
ਚਾਰੇ ਪਾਸੇ ਭਾਜੜਾਂ ਪੈ ਗਈਆਂ!
ਰੈਂਸੀ ਪਿਛਲੇ ਪਾਸੇ ਦੀ ਬਾਈਪਾਸ ਨੂੰ ਤੁਰ ਪਿਆ। ਬਾਈਪਾਸ ਪਾਰ ਕਰਕੇ ਉਹ ਛੋਟੀ ਸੜਕ ਚੜ੍ਹ ਗਿਆ ਅਤੇ ਫਿਰ ਉਸ ਨੇ ਕੋਲੋਂ ਲੰਘਦੀ ਟਰਾਲੀ ਨੂੰ ਹੱਥ ਪਾ ਲਿਆ। ਟਰਾਲੀ ਝੋਨੇ ਦੀਆਂ ਬੋਰੀਆਂ ਨਾਲ ਲੱਦੀ ਹੋਈ ਸੀ। ਉਹ ਪੱਲੇਦਾਰਾਂ ਵਾਂਗ ਮੂੰਹ ਲਪੇਟ ਕੇ ਟੀਸੀ 'ਤੇ ਡਟਿਆ ਬੈਠਾ ਸੀ। ਸੜਕਾਂ 'ਤੇ ਜਿਪਸੀਆਂ ਅਤੇ ਫ਼ੋਰਸਾਂ ਦੇ ਟਰੱਕ ਹੇਲੀਆਂ ਦਿੰਦੇ ਫਿਰਦੇ ਸਨ। ਸਾਇਰਨ ਅਤੇ ਹੂਟਰ ਕੰਨ ਪਾੜ ਰਹੇ ਸਨ। ਥਾਂ ਥਾਂ 'ਤੇ ਨਾਕੇ ਲੱਗ ਗਏ ਸਨ ਅਤੇ ਸ਼ਹਿਰ ਵਿਚ ਕਰਫਿ਼ਊ ਵਰਗੀ ਹਾਲਤ ਹੋ ਗਈ ਸੀ। ਦੁਕਾਨਾਂ ਬੰਦ ਹੋ ਗਈਆਂ ਸਨ। ਰੇੜ੍ਹੀਆਂ ਵਾਲੇ ਖਿਸਕ ਗਏ। ਪੁਲੀਸ ਨੇ ਖ਼ਾੜਕੂਆਂ ਦਾ ਗੁੱਸਾ ਗਰੀਬ ਰੇੜ੍ਹੀਆਂ ਵਾਲਿਆਂ 'ਤੇ ਹੀ ਕੱਢਣਾ ਸੀ। ਘੂਰੀ ਸੱਸ ਦਾ ਗੁੱਸਾ ਜੁਆਕ 'ਤੇ ਹੀ ਨਿਕਲਣਾ ਸੀ। ਕਈ ਸ਼ਨਾਖਤਾਂ ਲਈ ਘੜ੍ਹੀਸ ਲਏ ਜਾਣੇ ਸਨ। ਜਿਸ ਕਰਕੇ ਉਹਨਾਂ ਨੇ ਖਿਸਕਣਾ ਹੀ ਅਕਲਮੰਦੀ ਸਮਝੀ।
ਰਾਤੋ-ਰਾਤ ਬੱਸਾਂ, ਟਰੇਨਾਂ ਬਦਲਦਾ ਰੈਂਸੀ ਅਗਲੇ ਦਿਨ ਸ਼ਾਮ ਨੂੰ ਊਨੇ ਪਹੁੰਚ ਗਿਆ। ਗੁਰਪਾਲ ਅਤੇ ਰੇਸ਼ਮ ਅਖ਼ਬਾਰਾਂ ਵਿਚ ਪੜ੍ਹ ਹੀ ਚੁੱਕੇ ਸਨ। ਉਹਨਾਂ ਨੇ ਰੈਂਸੀ ਬਾਰੇ ਕਾਫ਼ੀ ਚਿੰਤਾ ਕੀਤੀ ਸੀ।
ਪਰ ਹੁਣ ਰੈਂਸੀ ਨੂੰ ਦੇਖ ਕੇ ਉਹ ਖਿੜ ਗਏ ਸਨ।
ਰਾਤ ਨੂੰ ਰੋਟੀ ਖਾਣ ਤੋਂ ਬਾਅਦ ਉਹਨਾਂ ਨੇ ਮੀਟਿੰਗ ਕਰਨੀ ਸੁਰੂ ਕਰ ਦਿੱਤੀ। ਤਰ੍ਹਾਂ ਤਰ੍ਹਾਂ ਦੇ ਵਿਚਾਰ ਕੀਤੇ ਗਏ। ਆਖਰ ਵਿਚ ਰੈਂਸੀ ਬੋਲਿਆ:
-"ਬਾਈ ਜੀ ਮੈਨੂੰ ਪਛਾਨਣ ਵਾਲੇ ਸਾਰੇ ਮਾਰੇ ਗਏ-ਆਪਣਾ ਵੀ ਹੱਦੋਂ ਵੱਧ ਨੁਕਸਾਨ ਹੋਇਐ-ਲਹਿਰਾਂ ਵਿਚ ਉਤਰਾਅ ਚੜ੍ਹਾਅ ਆਉਣੇਂ ਇਕ ਕੁਦਰਤੀ ਗੱਲ ਐ-ਅਗਰ ਆਪਾਂ ਇਉਂ ਹੀ ਤੁਰੇ ਫਿਰਦੇ ਰਹੇ-ਕਦੇ ਨਾ ਕਦੇ ਪੁਲੀਸ ਹੱਥ ਜ਼ਰੂਰ ਆ ਜਾਵਾਂਗੇ-ਸਿਰਫ਼ ਪੰਜਾਬ ਵਿਚ ਹੀ ਨਹੀਂ-ਬਾਹਰਲੇ ਸੂਬਿਆਂ ਵਿਚ ਵੀ ਆਪਣੀ ਬੜੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ-ਮੂਵਮੈਂਟਾਂ ਬਰਕਰਾਰ ਰੱਖਣ ਲਈ-ਸੰਘਰਸ਼ ਜਾਰੀ ਰੱਖਣ ਲਈ ਸਾਨੂੰ ਹਰ ਪਹਿਲੂ ਵਰਤਣਾ ਪਵੇਗਾ-ਹਰ ਪੈਂਤਰਾ ਅਪਨਾਉਣਾ ਹੋਵੇਗਾ-।"
-"ਗੱਲ ਸਪੱਸ਼ਟ ਕਰ-ਵਿਸਥਾਰ 'ਚ ਨਾ ਜਾਹ!"
-"ਦੇਸ਼ ਦੀ ਅਜ਼ਾਦੀ ਲਈ ਵਿੱਢੀ ਜੰਗ ਤੋਂ ਹੀ ਲੈ ਲਵੋ-ਗਦਰੀ ਬਾਬਿਆਂ ਦਾ ਇਤਿਹਾਸ ਫਰੋਲ ਲਵੋ-ਲੜਾਈ ਨੂੰ ਰੰਗਤਾ ਦੇਣ ਲਈ ਸਾਨੂੰ ਹਮੇਸ਼ਾ ਹੀ ਬਾਹਰੋਂ ਤਾਕਤ ਲੈਣੀ ਪਈ ਐ-ਇਕੱਲਾ ਗੁਰੀਲਾ ਚਾਹੇ ਕਿੱਡਾ ਵੱਡਾ ਨਿਧੜਕ, ਸਿਰਲੱਥ ਸੂਰਮਾਂ ਹੋਵੇ-ਮਾਰ ਖਾ ਕੇ ਰਹਿ ਜਾਂਦੈ-ਆਪ ਤਾਂ ਮਰਦਾ ਹੀ ਹੈ ਮੂਵਮੈਂਟ ਦੀ ਜੜ੍ਹ ਵੀ ਟੋਈਂ ਟਿੱਬੀਂ ਲੈ ਡਿੱਗਦੈ-ਇਸ ਲਈ ਸਾਨੂੰ ਵਕਤੀ ਤੌਰ 'ਤੇ ਵਿਦੇਸ਼ਾਂ ਵੱਲ ਨੂੰ ਮੂੰਹ ਕਰਨੇ ਚਾਹੀਦੇ ਹਨ ਅਤੇ ਵਿਦੇਸ਼ਾਂ ਵਿਚ ਵਿਚਰ ਕੇ ਲਹਿਰ ਨੂੰ ਲਾਮਬੰਦ ਕਰਨਾ ਚਾਹੀਦਾ ਹੈ।"
-"ਤੇਰਾ ਮਤਲਬ ਹੁਣ ਆਪਾਂ ਐਨਾ ਨੁਕਸਾਨ ਕਰਵਾ ਕੇ ਵਿਦੇਸ਼ਾਂ ਨੂੰ ਦੌੜ ਤੁਰੀਏ? ਸ਼ਹੀਦ ਹੋਏ ਖ਼ਾੜਕੂਆਂ ਦੇ ਮਾਪੇ ਸਾਨੂੰ ਕੀ ਸਮਝਣਗੇ? ਲੋਕ ਸਾਡੇ ਮੂੰਹ ਉਂਗਲਾਂ ਨਹੀਂ ਦੇਣਗੇ? ਲੋਕਾਂ ਤੋਂ ਭੱਜ ਕੇ ਅਸੀਂ ਜਾਣਾ ਵੀ ਕਿੱਥੇ ਐ? ਸ਼ਹੀਦ ਹੋਏ ਖ਼ਾੜਕੂਆਂ ਦੀਆਂ ਵਿਧਵਾਵਾਂ ਸਾਨੂੰ ਸਮਾਂ-ਪ੍ਰਸਤ ਨਹੀਂ ਗਰਦਾਨਣਗੀਆਂ? ਸਾਡੀ ਖਾਤਰ ਉਜੜੇ ਪ੍ਰੀਵਾਰ ਸਾਨੂੰ ਮਤਲਬ-ਪ੍ਰਸਤੀ ਅਤੇ ਗੱਦਾਰ ਨਹੀਂ ਆਖਣਗੇ?"
-"ਵਕਤ ਹੌਲੀ ਹੌਲੀ ਸਾਰੇ ਜ਼ਖਮ ਭਰ ਦਿੰਦੈ-ਵਕਤੀ ਤੌਰ 'ਤੇ ਲੋਕਾਂ ਦਾ ਗਿਲਾ-ਸਿ਼ਕਵਾ ਜਾਇਜ਼ ਹੋਵੇਗਾ-ਆਪਾਂ ਨੂੰ ਪਤਾ ਹੈ ਕਿ ਆਪਾਂ ਕਿੰਨੇ ਕੁ ਗੱਦਾਰ ਜਾਂ ਵਫ਼ਦਾਰ ਹਾਂ-ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਲਹਿਰ ਨੇ ਕਿੰਨ੍ਹਾਂ ਗੱਦਾਰਾਂ ਕਰਕੇ ਮਾਰ ਖਾਧੀ ਹੈ-ਪੰਜਾਬ ਵਿਚ ਖ਼ਬਰਾਂ ਸੈਂਸਰ ਦੀ ਕੈਂਚੀ ਦੀ ਭੇਂਟ ਚੜ੍ਹ ਜਾਂਦੀਐਂ-ਅਗਰ ਕੋਈ ਅਖ਼ਬਾਰ ਦਾ ਮਾਲਕ ਸੱਚਾਈ ਛਾਪਣ ਲਈ ਜਿਗਰਾ ਕੱਢਦੈ ਤਾਂ ਸਬੰਧਿਤ ਅਖ਼ਬਾਰਾਂ ਦੀਆਂ ਕਾਪੀਆ ਜਬਤ ਹੋ ਜਾਂਦੀਐਂ-ਸਮੁੱਚੇ ਮੀਡੀਏ ਦੇ ਗਲ 'ਤੇ ਸਰਕਾਰ ਨੇ ਪੈਰ ਦੀ ਅੱਡੀ ਰੱਖੀ ਹੋਈ ਹੈ-ਟੈਲੀਵੀਯਨ ਸਟੰਟ ਤਾਂ ਹੈ ਹੀ ਸਰਾਸਰ ਗੌਰਮਿੰਟ ਦਾ।" ਉਸ ਨੇ ਦਮ ਮਾਰ ਕੇ ਫਿਰ ਬੋਲਣਾ ਸੁਰੂ ਕੀਤਾ।
-"ਬਾਹਰਲੇ ਦੇਸ਼ਾਂ ਵਿਚ ਛਪਦੇ ਪੰਜਾਬੀ ਅਖ਼ਬਾਰਾਂ ਰਸਾਲਿਆਂ 'ਤੇ ਕੋਈ ਪਾਬੰਦੀ ਨਹੀਂ-ਇਸ ਲਈ ਸਾਡੀ ਅਵਾਜ਼ ਸੌਖੀ ਹੀ ਲੋਕਾਂ ਵਿਚ ਪਹੁੰਚਾਈ ਜਾ ਸਕਦੀ ਹੈ-ਮੈਂ ਮੰਨਦਾ ਹਾਂ ਕਿ ਕਈ ਵਾਰ ਬਾਹਰੋਂ ਛਪਦੇ ਅਖ਼ਬਾਰ ਜਾਂ ਰਸਾਲੇ ਵੀ ਦਿੱਲੀਓਂ ਅੱਗੇ ਨਹੀਂ ਜਾਣ ਦਿੱਤੇ ਜਾਂਦੇ-ਡਸਟਬਿੰਨ ਦੇ ਹਿੱਸੇ ਹੀ ਆਉਂਦੇ ਹਨ-ਪਰ ਬਾਹਰ ਵਸਦੇ ਪੰਜਾਬੀ ਦੀ ਅਵਾਜ਼ ਪੰਜਾਬ ਬੈਠੇ ਰਿਸ਼ਤੇਦਾਰਾਂ ਦੇ ਕੰਨੀਂ ਜ਼ਰੂਰ ਪੈਂਦੀ ਹੈ-ਚਾਹੇ ਸੌ ਵਿਚੋਂ ਪੰਜਾਹ ਪ੍ਰਤੀਸ਼ਤ ਹੀ ਪਵੇ-ਅਗਰ ਅਸੀਂ ਬਾਹਰ ਬੈਠੇ ਪੰਜਾਬੀਆਂ ਦਾ ਸਹਿਯੋਗ ਜਿੱਤਣ ਵਿਚ ਸਫ਼ਲ ਹੋ ਜਾਂਦੇ ਹਾਂ ਤਾਂ ਪੰਜਾਬ ਬੈਠੇ ਲੋਕ ਵੀ ਸਾਨੂੰ ਬਾਹਾਂ ਅੱਡ ਅੱਡ ਹਾਕਾਂ ਮਾਰਨਗੇ-ਪੰਜਾਬ ਵਿਚ ਜਾਂ ਹਿੰਦੋਸਤਾਨ ਵਿਚ ਅੱਜ ਕੱਲ੍ਹ ਵਿਚਰਨਾ ਮੇਰੀ ਨਜ਼ਰ ਵਿਚ ਇਕ ਖੁਦਕਸ਼ੀ ਤੋਂ ਵੱਧ ਕੁਝ ਨਹੀਂ ਹੋਵੇਗਾ! ਆਪਣੇ ਦੇਸ਼ ਦੀ ਨਹੀਂ ਬਾਹਰਲੇ ਦੇਸ਼ਾਂ ਦੀਆਂ ਉਦਾਹਰਣਾ ਲੈ ਲਵੋ! ਕੰਬੋਡੀਆ ਦੀ ਉਦਾਹਰਣ ਲੈ ਲਵੋ-ਫ਼ਸਤੀਨ ਦੇ ਅਰਾਫ਼ਾਤ ਦੀ ਉਦਾਹਰਣ ਲੈ ਲਵੋ-ਤੁਰਕੀ ਸਰਕਾਰ ਦੇ ਖਿਲਾਫ਼ ਜੂਝ ਰਹੇ ਕੁਰਦਾਂ ਨੂੰ ਦੇਖ ਲਓ-ਨੈਲਸਨ ਮੰਡੇਲਾ ਦੇ ਸੰਘਰਸ਼ ਨੂੰ ਅੱਗੇ ਰੱਖ ਲਓ-ਗਦਰੀ ਬਾਬੇ ਪੜ੍ਹ ਲਓ-ਅਜਿਹੀਆਂ ਦਰਜਣਾਂ ਹੋਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ-ਬਾਹਰਲੇ ਸਹਿਯੋਗ ਬਿਨਾ ਕੋਈ ਮੂਵਮੈਂਟ ਸਿਰੇ ਨਹੀਂ ਲੱਗੀ।"
-".........।"
-"ਸਭ ਤੋਂ ਅਹਿਮ ਗੱਲ ਸਾਡੇ ਅੱਗੇ ਹੋਰ ਵੀ ਹੈ...।"
-"......?" ਰੇਸ਼ਮ ਅਤੇ ਗੁਰਪਾਲ ਨੇ ਸਿਰ ਚੁੱਕੇ।
-"ਸਾਨੂੰ ਇਹ ਜ਼ਰੂਰ ਪੜਚੋਲ ਕਰਨੀ ਪਵੇਗੀ ਕਿ ਸਾਡੀ ਚੜ੍ਹਦੀ ਕਲਾ ਵਿਚ ਜਾ ਰਹੀ ਮੂਵਮੈਂਟ ਕਿਹੜੀਆਂ ਕਿਹੜੀਆਂ ਗਲਤੀਆਂ ਕਰਕੇ ਬੜੀ ਤੇਜ਼ੀ ਨਾਲ ਮੂਧੇ ਮੂੰਹ ਆ ਡਿੱਗੀ-ਚਾਹੇ ਉਹ ਗਲਤੀਆਂ ਬਿਲਕੁਲ ਮਾਮੂਲੀ ਸਨ ਜਾਂ ਵੱਡੀਆਂ-ਸਾਨੂੰ ਇਹਨਾਂ ਗਲਤੀਆਂ 'ਤੇ ਪਛਤਾਵਾ ਕਰਕੇ ਅਤੇ ਅੱਗੇ ਤੋਂ ਇਹਨਾਂ ਦਾ ਤਿਆਗ ਕਰਕੇ ਅਰਥਾਤ ਤੌਬਾ ਕਰਕੇ ਲਹਿਰ ਨੂੰ ਨਵੇਂ ਸਿਰੇ ਤੋਂ ਸੁਰੂ ਕਰਨਾ ਹੋਵੇਗਾ-ਚਾਹੇ ਇਸ ਨਵੀਂ ਲਹਿਰ ਦੀ ਉਮਰ ਲੋਹੜ੍ਹੀ ਤੋਂ ਇਕ ਦਿਨ ਪਹਿਲਾਂ ਜੰਮੇਂ ਬਾਲ ਦੀ ਉਮਰ ਜਿੱਡੀ ਹੀ ਹੋਵੇਗੀ-ਪਰ ਬਾਹਰਲੇ ਸਹਿਯੋਗ ਨਾਲ ਇਹ ਅਮਰ-ਵੇਲ ਵਾਂਗ ਵਧੇਗੀ, ਫੁੱਲੇਗੀ-ਇਹ ਪੁਨਰ ਗਠਨ ਸਾਡੇ ਲਈ ਇਤਨਾ ਫ਼ਾਇਦੇਮੰਦ ਹੋਵੇਗਾ ਕਿ ਲੋਕ ਹੈਰਾਨ ਰਹਿ ਜਾਣਗੇ-ਇਕੱਲੀ ਆਰਥਿਕ ਮੱਦਦ ਸਾਡਾ ਕੁਝ ਵੀ ਨਹੀਂ ਸੁਆਰ ਸਕਦੀ-ਸਾਡਾ ਮਾਨਸਿਕ ਅਤੇ ਰਾਜਨੀਤਕ ਪੱਖੋਂ ਸ਼ਕਤੀਸ਼ਾਲੀ ਹੋਣਾ ਵੀ ਬਹੁਤ ਜ਼ਰੂਰੀ ਹੈ-।"
ਰੇਸ਼ਮ ਅਤੇ ਗੁਰਪਾਲ ਰੈਂਸੀ ਦੀਆਂ ਗੱਲਾਂ ਸੁਣ ਸੁਣ ਦੰਗ ਰਹਿ ਗਏ। ਹੁਣ ਤੱਕ ਹੋਈਆਂ ਮੀਟਿੰਗਾਂ ਵਿਚ ਕਦੇ ਰੈਂਸੀ ਨੇ ਇਤਨਾ ਲੰਬਾ-ਚੌੜਾ ਅਤੇ ਡੂੰਘਾ ਭਾਸ਼ਨ ਨਹੀਂ ਝਾੜ੍ਹਿਆ ਸੀ। ਉਹ ਘੋਰ ਹੈਰਾਨ ਸਨ ਅਤੇ ਰੈਂਸੀ ਦੀ ਸਪੀਚ ਦੇ ਕਾਇਲ ਹੋਏ ਬੈਠੇ ਸਨ।
-"ਰੈਂਸੀ ਇੱਥੋਂ ਨਿਕਲਣਾ ਵੀ ਕੋਈ ਸੌਖਾ ਕੰਮ ਨਹੀਂ-ਹਰ ਏਅਰਪੋਰਟ ਦੇ ਕੰਪਿਊਟਰ ਵਿਚ ਆਪਣੇ ਨਾਂ ਦਰਜ਼ ਹਨ-ਇਹ ਤਾਂ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀ ਵਾਲੀ ਗੱਲ ਹੋਊਗੀ।"
-"ਇਸ ਕਰੱਪਟ ਦੇਸ਼ ਵਿਚ ਕੀ ਨਹੀਂ ਹੋ ਸਕਦਾ? ਇੱਥੇ ਤਾਂ ਨੋਟ ਰੇਸ਼ਮ ਨੂੰ ਰਮੇਸ਼ ਅਤੇ ਗੁਰਪਾਲ ਨੂੰ ਗੁਪਾਲ ਬਣਾ ਧਰਨਗੇ! ਸਿਰਫ਼ ਅੱਖਰਾਂ ਦਾ ਹੀ ਹੇਰ ਫੇਰ ਹੈ-!"
ਸਾਰੇ ਹੱਸ ਪਏ।
ਰੈਂਸੀ ਫਿਰ ਸੰਜੀਦਾ ਹੋ ਗਿਆ।
-"ਸ਼ਹੀਦ ਊਧਮ ਸਿੰਘ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਅਬਦੁਲ ਅਤੇ ਹੋਰ ਆਜ਼ਾਦੀ ਦੇ ਪਤੰਗੇ ਅੰਡਰਗਰਾਊਂਡ ਲਾਈਫ਼ ਮੌਕੇ ਫ਼ਰਜ਼ੀ ਨਾਵਾਂ ਹੇਠ ਹੀ ਸਰਗਰਮ ਰਹੇ ਹਨ।"
-"........।"
-"ਬੱਸ ਪਾਅਧਾ ਨਾ ਪੁੱਛੋ! ਕੂਚ ਕਰ ਦਿਓ!!"
-"ਤੇ ਤੂੰ?"
-"ਮੈਂ ਇਧਰ ਰਹਿ ਕੇ ਹੀ ਲਹਿਰ ਲਈ ਕੰਮ ਕਰਾਂਗਾ-ਸਾਰੀ ਲਾਮਬੰਦੀ ਤੁਹਾਡੀਆਂ ਹਦਾਇਤਾਂ 'ਤੇ ਹੀ ਹੋਵੇਗੀ-ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਵੀਂ ਭਰਤੀ ਕੀਤੀ ਜਾਵੇਗੀ-ਨਵੇਂ ਸਿਰੇ ਤੋਂ ਨਕਸ਼ੇ ਉਲੀਕ ਕੇ ਹਰ ਕਦਮ ਬੜਾ ਸੋਚ ਸਮਝ ਕੇ ਉਠਾਇਆ ਜਾਵੇਗਾ-ਇਕ ਗੱਲ ਹੋਰ ਧਿਆਨ ਨਾਲ ਸੁਣਿਓਂ! ਅਗਰ ਇਕ ਹੱਡ ਭੰਨਵੀਂ ਮਿਹਨਤ ਕਮਾਈ ਕਰਨ ਵਾਲਾ ਪੁੱਤ ਵਿਦੇਸ਼ ਚਲਿਆ ਜਾਵੇ ਅਤੇ ਅਣਥੱਕ ਹੋ ਕੇ ਕਮਾਈ ਕਰੇ-ਪਰ ਉਸ ਦੇ ਪਿੱਛੇ ਉਸ ਦੀ ਪੂੰਜੀ ਸੰਭਾਲਣ ਵਾਲਾ ਨਾ ਹੋਵੇ ਤਾਂ ਸਾਰੀ ਪੂੰਜੀ ਹੀ ਖੂਹ 'ਚ ਜਾਂਦੀ ਹੈ।"
-"ਪਰ....!"
-"ਪਰ ਪੁਰ ਕੋਈ ਨਹੀਂ! ਮੈਂ ਤੁਹਾਡੇ ਨਾਲ ਹੀ ਪਾਸਪੋਰਟ ਬਣਵਾ ਲੈਂਦਾ ਹਾਂ-ਅਗਰ ਕੋਈ ਖ਼ਤਰਾ ਦਿਸਿਆ ਤਾਂ ਮੈਂ ਵੀ ਤੁਹਾਡੇ ਪਿੱਛੇ ਹੀ ਉਡਾਰੀ ਮਾਰ ਆਵਾਂਗਾ-ਤੁਸੀਂ ਜਾ ਕੇ ਖੜ੍ਹਨ ਲਈ ਥਾਂ ਕਰੋ-ਬੈਠਣ ਲਈ ਆਪੇ ਬਣ ਜਾਵੇਗੀ।"
ਰੇਸ਼ਮ ਅਤੇ ਗੁਰਪਾਲ ਰੈਂਸੀ ਦੀਆਂ ਦਲੀਲਾਂ ਅੱਗੇ ਹਥਿਆਰ ਸੁੱਟ ਗਏ।
ਅਗਲੇ ਦਿਨ ਹੀ ਉਹ ਤਿੰਨੇ ਊਨਾ ਦੇ ਇਕ ਏਜੰਟ ਕੋਲ ਚਲੇ ਗਏ। ਤਿੰਨਾਂ ਦੀ ਛੇ ਲੱਖ ਵਿਚ ਗੱਲ ਨਿੱਬੜੀ। ਇਕ ਹਫ਼ਤੇ ਬਾਅਦ ਏਜੰਟ ਨੇ ਪੈਸੇ ਲੈ ਕੇ ਆਉਣ ਲਈ ਕਿਹਾ। ਛੇ-ਛੇ ਫ਼ੋਟੋਆਂ ਉਹਨਾਂ ਤੋਂ ਲੈ ਲਈਆਂ। ਫ਼ਰਜ਼ੀ ਨਾਂ ਅਤੇ ਜਨਮ ਤਾਰੀਕਾਂ ਨੋਟ ਕਰ ਲਈਆਂ। ਪਤਾ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦਾ ਹੀ ਲਿਖਾਇਆ ਸੀ। ਏਜੰਟ ਨੇ ਉਹਨਾਂ ਨੂੰ ਆਪਣਾ ਕੱਪੜਾ-ਲੱਤਾ ਨਾਲ ਹੀ ਲਿਆਉਣ ਲਈ ਆਖਿਆ ਸੀ।
ਦਿੱਤੇ ਸਮੇਂ ਮੁਤਾਬਿਕ ਉਹ ਇਕ ਹਫ਼ਤੇ ਬਾਅਦ ਪੈਸੇ ਅਤੇ ਕੱਪੜੇ ਲੱਤੇ ਲੈ ਕੇ ਏਜੰਟ ਕੋਲ ਪਹੁੰਚ ਗਏ। ਏਜੰਟ ਨੇ ਆਪਣੇ ਦਫ਼ਤਰ ਦਾ ਸ਼ਟਰ ਸੁੱਟ ਲਿਆ। ਛੇ ਲੱਖ ਰੁਪਏ ਗਿਣ ਕੇ ਫ਼ਰਜ਼ੀ ਨਾਵਾਂ ਹੇਠ ਬਣੇ ਪਾਸਪੋਰਟ, ਵੀਜ਼ੇ ਸਮੇਤ ਉਹਨਾਂ ਦੇ ਹੱਥ ਫੜਾ ਦਿੱਤੇ।
-"ਤੇ ਸ਼ੁਕਲਾ ਜੀ ਟਿਕਟਾਂ?"
ਸ਼ੁਕਲਾ ਹੱਸ ਪਿਆ।
-"ਦੋ ਦੋ ਲੱਖ ਰੁਪਏ ਸਿਰਫ਼ ਪਾਸਪੋਰਟ ਤੇ ਵੀਜ਼ੇ ਦੇ ਹੀ ਹਨ ਮਹਾਰਾਜ! ਜੇ ਟਿਕਟਾਂ ਲੈਣੀਐਂ ਤਾਂ ਤੀਹ ਤੀਹ ਹਜ਼ਾਰ ਰੁਪਏ ਹੋਰ ਲੱਗਣਗੇ।"
-"ਤੁਸੀਂ ਫਿ਼ਲਹਾਲ ਸਿਰਫ਼ ਦੋ ਟਿਕਟਾਂ ਦਾ ਹੀ ਪ੍ਰਬੰਧ ਕਰ ਦਿਓ ਸ਼ੁਕਲਾ ਜੀ-ਅਸੀਂ ਬਾਕੀ ਦੇ ਪੈਸੇ ਲੈ ਕੇ ਆਏ।" ਰੈਂਸੀ ਨੇ ਕਿਹਾ।
-"ਕੀਹਦੀਆਂ ਕੀਹਦੀਆਂ?"
-"ਇਹਨਾਂ ਦੋਨਾਂ ਦੀਆਂ ਹੀ!"
-"ਠੀਕ ਹੈ-ਜਾਓ! ਪ੍ਰਬੰਧ ਹੋ ਗਿਆ ਸਮਝੋ!"
ਉਹ ਵਾਪਿਸ ਮੁੜ ਪਏ।
-"ਲਹਿਰ ਦੀ ਚੜ੍ਹਾਈ ਵੇਲੇ ਐਹੋ ਜਿਹੇ ਕਰਾੜ ਮੂਹਰੇ ਮੂਤਦੇ ਫਿਰਦੇ ਸੀ।" ਰੈਂਸੀ ਨੇ ਸ਼ੁਕਲੇ ਵੱਲ ਇਸ਼ਾਰਾ ਕੀਤਾ।
-"ਸਦਾ ਨਾ ਬਾਗੀਂ ਬੁਲਬੁਲ ਬੋਲੇ ਤੇ ਸਦਾ ਨਾ ਮੌਜ ਬਹਾਰਾਂ!" ਗੁਰਪਾਲ ਹੱਸਿਆ।
ਦੁਪਿਹਰ ਢਲ ਗਈ ਸੀ।
ਸ਼ਾਮ ਦੇ ਪੰਜ ਵਜੇ ਉਹ ਸੱਠ ਹਜ਼ਾਰ ਰੁਪਏ ਲੈ ਕੇ ਸ਼ੁਕਲੇ ਕੋਲ ਪਹੁੰਚ ਗਏ। ਪੈਸੇ ਲੈ ਕੇ ਸ਼ੁਕਲੇ ਨੇ ਉਹਨਾਂ ਹੱਥ ਦੋ ਟਿਕਟਾਂ ਬ੍ਰਿਟਿਸ਼ ਏਅਰਵੇਜ਼ ਦੀਆਂ ਫੜਾ ਦਿੱਤੀਆਂ।
-"ਤੁਹਾਡੀਆਂ ਟਿਕਟਾਂ ਕੱਲ੍ਹ ਰਾਤ ਇਕ ਵੱਜ ਕੇ ਚਾਲੀ ਮਿੰਟ ਦੀਆਂ ਕਨਫ਼ਰਮ ਹਨ-ਤੁਸੀਂ ਰਾਤ ਨੂੰ ਨੌਂ ਕੁ ਵਜੇ ਏਅਰਪੋਰਟ 'ਤੇ ਪਹੁੰਚ ਜਾਣਾ-ਕਈ ਵਾਰ ਲੇਟ ਹੋ ਜਾਈਏ ਤਾਂ ਏਅਰਪੋਰਟ ਵਾਲੇ ਵੇਟਿੰਗ ਲਿਸਟ ਵਾਲਿਆਂ ਨੂੰ ਪੈਸੇ ਪੂਸੇ ਲੈ ਕੇ ਫ਼ਲਾਈਟ ਕਰਵਾ ਦਿੰਦੇ ਐ-ਟਿਕਟਾਂ ਉਪਰ ਤੁਹਾਡਾ ਕੰਪਿਊਟਰ ਨੰਬਰ ਲਿਖਿਆ ਹੋਇਐ-ਕਈ ਵਾਰੀ ਪਹਿਲੀ ਵਾਰ ਸਫ਼ਰ ਕਰਨ ਵਾਲੇ ਪੈਸਿੰਜਰ ਨੂੰ ਪੈਸੇ ਬਟੋਰਨ ਲਈ ਵਾਧੂ ਤੰਗ ਕਰਦੇ ਐ-ਤੁਸੀਂ ਆਪਣਾ ਕੰਪਿਊਟਰ ਨੰਬਰ ਦਿਖਾ ਦੇਣਾ।"
ਉਹ ਧੰਨਵਾਦ ਕਰਕੇ, ਟਿਕਟਾਂ ਲੈ ਬਾਹਰ ਆ ਗਏ।
-"ਹੁਣ?"
-"ਹੁਣ ਕੀ? ਟੈਕਸੀ ਲਓ ਤੇ ਦਿੱਲੀ ਵੱਜੋ! ਹੋਰ ਤੁਸੀਂ ਹੁਣ ਮੰਦ ਪੜ੍ਹਨੇ ਐਂ?"
ਉਹ ਟੈਕਸੀ ਸਟੈਂਡ ਪੁੱਜ ਗਏ।
ਸਮਾਨ ਵਿਚ ਰੱਖ ਲਿਆ।
ਸਾਰੇ ਜੱਫ਼ੀ ਪਾ ਕੇ ਮਿਲੇ।
-"ਮਝੈਲਾਂ ਦੇ ਸ਼ੈੱਲਰ 'ਤੇ ਫ਼ੋਨ ਕਰ ਦਿਓ ਪਹੁੰਚ ਕੇ-ਮੈਂ ਆਪੇ ਪਤਾ ਕਰ ਲਊਂ ਉਹਨਾਂ ਤੋਂ-ਜਾਂ ਫ਼ੋਨ ਕਰਕੇ ਹੀ ਪੁੱਛ ਲਊਂ।" ਰੈਂਸੀ ਨੇ ਕਿਹਾ। ਸਾਰਿਆਂ ਦੇ ਮਨ ਭਰੇ ਹੋਏ ਸਨ। ਉਹਨਾਂ ਨੇ "ਹਾਂ" ਵਿਚ ਸਿਰ ਹਿਲਾਏ। ਗਲਵਕੜੀਆਂ ਫਿਰ ਕੱਸੀਆਂ ਗਈਆਂ।
-"ਇਕ ਗੱਲ ਸੁਣ ਰੈਂਸੀ! ਜਦੋਂ ਭੈਣ ਗਗਨਦੀਪ ਦੇ ਕੋਈ ਬੱਚਾ ਹੋਇਆ ਸਾਨੂੰ ਜ਼ਰੂਰ ਖ਼ਬਰ ਕਰੀਂ-ਕਾਕੇ ਦੇ ਬੱਚੇ ਬਾਰੇ ਸਾਨੂੰ ਬੜੀ ਉਤਸੁਕਤਾ ਰਹੇਗੀ।" ਉਹ ਟੈਕਸੀ ਵਿਚ ਬੈਠ ਗਏ।
-"ਜ਼ਰੂਰ ਕਰਾਂਗਾ-ਆਪਦਾ ਫ਼ੋਨ ਨੰਬਰ ਭੇਜ ਦਿਓ ਤੇ ਐਡਰੈੱਸ ਵੀ!"
-"ਗਗਨਦੀਪ ਦਾ ਪਤਾ ਵੀ ਲੈਂਦਾ ਰਹੀਂ।"
-"ਬੇਫਿਕਰ ਰਹੋ!"
ਟੈਕਸੀ ਤੁਰ ਗਈ।
ਰੇਸ਼ਮ ਅਤੇ ਗੁਰਪਾਲ ਦੇ ਹੱਥ ਹਿਲਦੇ ਜਾ ਰਹੇ ਸਨ।
ਰੈਂਸੀ ਬੱਸ ਸਟੈਂਡ ਨੂੰ ਤੁਰ ਪਿਆ।
ਡਿੱਗੀ ਲਹਿਰ ਨੂੰ ਸੁਰਜੀਤ ਕਰਨ ਲਈ ਰੇਸ਼ਮ ਅਤੇ ਗੁਰਪਾਲ ਚੜ੍ਹਦੀ ਵੱਲ ਨੂੰ ਅਤੇ ਰੈਂਸੀ ਛਿਪਦੀ ਵੱਲ ਨੂੰ ਤੁਰਿਆ ਜਾ ਰਿਹਾ ਸੀ।
ਘੋਰ ਉਦਾਸ ਸੂਰਜ ਦੁਮੇਲ ਵਿਚ ਅੜਿਆ ਜਿਹਾ ਖੜ੍ਹਾ ਸੀ। ਡੰਡਾ ਥੋਰ੍ਹ ਉਸ ਦੀਆਂ ਸੁਨਿਹਰੀ ਕਿਰਨਾਂ ਨੂੰ ਲਹੂ-ਲੁਹਾਣ ਕਰੀ ਜਾ ਰਹੀ ਸੀ!

-ਸਮਾਪਤ-

1 comment:

  1. Eh novel parhde hoye main kade-kade royea v te kade maan v mehsoos kita.,.,.es vich dil nu tumban di shakti hai te isne mere dil nu tumbea v.,.,.,kyunki eh khaadkoo lahar di sachaai de bahut nerhe hai.,.,.saanu is novel de paatraan di, jo lehar nu mur surjit karn lai videsh gae ne, haqikat vich badi besabri naal udeek hai,.,.,.,.

    ReplyDelete