ਪੁਰਜਾ ਪੁਰਜਾ ਕਟਿ ਮਰੈ (ਕਾਂਡ 10)

ਠੰਢ ਥੋੜੀ-ਥੋੜੀ ਘਟਣ ਲੱਗ ਪਈ ਸੀ। ਕਣਕ ਦੀਆਂ ਬੱਲੀਆਂ ਤੇ ਦਿਨੋਂ ਦਿਨ ਜੋਬਨ ਚੜ੍ਹਦਾ ਜਾ ਰਿਹਾ ਸੀ। ਫ਼ਲੀਆਂ 'ਤੇ ਆਈ ਸਰ੍ਹੋਂ 'ਤੇ ਸੁਨਿਹਰੀ ਮੱਖੀ ਭਿਣਕਣ ਲੱਗ ਪਈ ਸੀ। ਖੇਤਾਂ ਵਿਚੋਂ ਕੱਚੇ-ਦੁਧੀਆ ਅਨਾਜ ਦੀ ਰਸਭਿੰਨੀ ਮਹਿਕ ਆਉਂਦੀ ਸੀ।
ਰਾਤ ਝੀਲ ਦੇ ਪਾਣੀ ਵਾਂਗ ਨਿੱਤਰੀ ਹੋਈ ਸੀ। ਅਸਮਾਨ ਦੀ ਹਿੱਕ 'ਤੇ ਜੜੇ ਤਾਰੇ, ਪਰੀ ਦੇ ਲਿਬਾਸ 'ਤੇ ਲੱਗੇ ਮੋਤੀਆਂ ਵਾਂਗ ਹੱਸ ਰਹੇ ਸਨ। ਪੂਰੇ ਚੰਦ ਦੇ ਚਾਨਣ ਵਿਚ ਧੋਤੀ ਰਾਤ ਮਨ ਮੋਹ ਰਹੀ ਸੀ।

ਜੈਲਦਾਰ, ਪ੍ਰੀਤ, ਕਾਕਾ ਅਤੇ ਬਿੱਲੂ ਕਿਸੇ ਦੇ ਟਿਊਬਵੈਲ ਦੀ ਬਹਿਕ 'ਤੇ ਬੈਠੇ ਰੋਟੀ ਖਾ ਕੇ ਹਟੇ ਸਨ। ਰੋਟੀ ਉਹਨਾਂ ਨੇ ਕੋਈ ਰੂਹ ਨਾਲ ਨਹੀਂ ਖਾਧੀ ਸੀ। ਬੱਸ! ਕਾਲਜਾ ਹੀ ਧਾਫ਼ੜਿਆ ਸੀ। ਸਾਰਿਆਂ ਨੂੰ ਜੈਲਦਾਰ ਦੇ ਬਜੁਰਗ ਮਾਈ-ਬਾਪ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲ ਗਈ ਸੀ।
-"ਬਥੇਰ੍ਹਾ ਟਾਲਾ ਕਰਦੇ ਆਉਨੇ ਐਂ-ਪਰ ਗਰੇਆਲ ਦਾ ਅੰਨ ਪਾਣੀ ਮੁੱਕ ਗਿਆ ਲੱਗਦੈ।" ਜੈਲਦਾਰ ਨੇ ਸਹਿਜ ਸੁਭਾਅ ਹੀ ਗੱਲ ਤੋਰੀ।
-"ਇੱਕ ਗੱਲ ਜ਼ਰੂਰ ਐ-ਅੱਗੋਂ ਕੀ ਪਿੱਛੋਂ ਕੀ-ਗਰੇਆਲ ਨੂੰ ਆਖਰ ਸੋਧਣਾ ਈ ਪੈਣੈ।" ਬਿੱਲੂ ਬੋਲਿਆ।
-"ਜਿੰਨਾਂ ਚਿਰ ਪੰਜ ਸੱਤ ਬੁੱਚੜ ਅਫ਼ਸਰ ਗੱਡੀ ਨਹੀਂ ਚਾਹੜਦੇ-ਉਨਾਂ ਚਿਰ ਦੂਜਿਆਂ ਨੂੰ ਮੱਤ ਨਹੀਂ ਆਉਣੀ-।"
ਪ੍ਰੀਤ ਵੀ ਆਖਣੋਂ ਨਾ ਰਹਿ ਸਕਿਆ।
-"ਇਹ ਗੱਲ ਮੈਂ ਮੰਨਦੈਂ ਬਈ ਬੁੱਚੜਾਂ ਨੂੰ ਨਰਕੀਂ ਤੋਰੇ ਬਿਨਾਂ ਕੰਮ ਨਹੀਂ ਲੋਟ ਹੋਣੇ-ਪਰ ਸਾਰੀਆਂ ਜੱਥੇਬੰਦੀਆਂ ਦੀ ਸਹਿਮਤੀ ਬਿਨਾਂ ਆਪਾਂ ਕੋਈ ਐਕਸ਼ਨ ਨਹੀਂ ਕਰ ਸਕਦੇ-ਇਸ ਲਈ ਸਭ ਤੋਂ ਪਹਿਲਾਂ ਜੱਥੇਦਾਰਾਂ ਤੋਂ ਇਜ਼ਾਜ਼ਤ ਲਈ ਜਾਵੇ-।" ਕਾਕੇ ਨੇ ਕਿਹਾ। ਕਾਕਾ ਚੰਗਾ ਪੜ੍ਹਿਆ ਲਿਖਿਆ ਅਤੇ ਅੱਤ ਦਰਜ਼ੇ ਦਾ ਸੰਜੀਦਾ ਮੁੰਡਾ ਸੀ। ਮੱਧ-ਵਰਗੀ ਪ੍ਰੀਵਾਰ ਨਾਲ ਸਬੰਧ ਰੱਖਣ ਵਾਲਾ ਕਾਕਾ ਦੋ ਪੈਰ ਘੱਟ, ਪਰ ਤੁਰਦਾ ਮੜਕ ਦੇ ਨਾਲ ਸੀ। ਉਹ ਦਿਮਾਗ ਤੋਂ ਕੰਮ ਲੈ ਕੇ ਤੱਤੇ ਲੋਹੇ 'ਤੇ ਸੱਟ ਮਾਰਨ ਦਾ ਸਮਰਥਕ ਸੀ। ਅੱਕਾਂ ਵਿਚ ਡਾਂਗਾਂ ਮਾਰਨਾ ਉਸ ਦਾ ਕਰਮ ਨਹੀਂ ਸੀ।
-"ਜੱਥੇਦਾਰ ਤਾਂ ਮਹੀਨਾ ਨਹੀ 'ਕੱਠੇ ਹੋਣੇ-ਕੀ ਪਤੈ ਕਿਹੜੀ ਕੂਟੀਂ ਚੜ੍ਹ ਗਏ ਹੋਣ? ਉਦੋਂ ਨੂੰ ਤਾਂ ਕੁੱਤਾ ਗਰੇਆਲ ਬੁੜ੍ਹੇ ਬੁੜ੍ਹੀ ਦਾ ਗੁੱਗਾ ਪੂਜਦੂ।" ਜੈਲਦਾਰ ਅੰਦਰੋਂ ਬਲਿਆ ਪਿਆ ਸੀ। ਉਹ ਭੱਠ ਦੇ ਦਾਣੇ ਵਾਂਗ ਬੁੜ੍ਹਕਿਆ ਸੀ।
-"ਜੈਲਦਾਰਾ-ਉਹ ਤੇਰੇ ਮਾਂ ਪਿਉ ਜਿ਼ਆਦਾ ਨਹੀਂ! ਸਾਡੇ ਵੀ ਕੁਛ ਲੱਗਦੇ ਐ-ਅਸੀਂ ਤੇਰੇ ਨਾਲੋਂ ਪਹਿਲਾਂ ਮਰਨ ਨੂੰ ਤਿਆਰ ਐਂ-ਪਰ ਕਾਹਲੀ ਅਤੇ ਜ਼ਜ਼ਬਾਤ ਹਮੇਸ਼ਾ ਸੂਰਮੇ ਲਈ ਘਾਤਕ ਸਿੱਧ ਹੁੰਦੇ ਐ-ਗਰੇਵਾਲ ਕਿਤੇ ਭੱਜ ਨਹੀਂ ਚੱਲਿਆ-ਐਥੇ ਈ ਉਹ ਐ-ਐਥੇ ਈ ਆਪਾਂ ਐਂ-ਜੇ ਥੋੜਾ ਜਿਹਾ ਸਬਰ ਕਰੇਂ-ਅੜੀਆਂ ਮੇਲ ਦਿਆਂਗੇ।" ਕਾਕੇ ਨੇ ਜੈਲਦਾਰ ਨੂੰ ਸਮਝਾਉਣ ਦੇ ਰੌਂਅ ਵਿਚ ਕਿਹਾ ਤਾਂ ਜੈਲਦਾਰ ਪਾਗਲਾਂ ਵਾਂਗ ਚੀਕ ਉਠਿਆ।
-"ਮੇਰੇ ਬੁੜ੍ਹੇ ਮਾਈ ਬਾਪ ਪੁੱਠੇ ਟੰਗੇ ਹੋਣਗੇ ਤੇ ਤੂੰ ਸਬਰ-ਸਬਰ ਪਿੱਟੀ ਜਾਨੈਂ ਯਾਰ! ਦੱਸੋ ਕਿਹੜਾ ਮੇਰੇ ਨਾਲ ਤੁਰਦੈ? ਮੈਂ ਤਾਂ ਅੱਜ ਮਰੂੰ ਜਾਂ ਮਾਰੂੰ-ਆਹ ਖਿੱਚੀ ਐ ਲਖੀਰ ਜਿਹੜਾ ਮੇਰੇ ਨਾਲ ਐ-ਐਧਰ ਆਜੇ-ਜੀਹਨੂੰ ਜਾਨ ਪਿਆਰੀ ਐ ਬੈਠਾ ਰਹੇ-ਮੈਂ ਤਾਂ ਅੱਜ ਠਾਣੇ ਤੇ ਹੱਲਾ ਬੋਲਣੈਂ ਮਿੱਤਰੋ! ਫੇਰ ਨਾ ਆਖਿਓ ਦੱਸਿਆ ਨਹੀਂ-।" ਜੈਲਦਾਰ ਨੇ ਪੈਰ ਦੇ ਅੰਗੂਠੇ ਨਾਲ ਵਾਕਿਆ ਹੀ ਲਕੀਰ ਕੱਢ ਦਿੱਤੀ ਅਤੇ ਆਪ ਪਰਲੇ ਪਾਸੇ ਖੜ੍ਹ ਗਿਆ।
-"ਚਲੋ ਯਾਰ ਚੂਹੜ੍ਹੇ ਦੀ ਹਿੰਡ ਭੈੜ੍ਹੀ ਹੁੰਦੀ ਐ-ਸਾਲ਼ਾ ਕੇਰਾਂ ਈ ਹੁਣ ਬਾਬਾ ਦੀਪ ਸਿੰਘ ਬਣਿਆਂ ਖੜ੍ਹੈ।" ਬਿੱਲੂ ਹੱਸ ਪਿਆ।
-"ਭੂਸਰਿਆ ਸਾਹਣ ਤੇ ਹਿੰਡ 'ਤੇ ਆਇਆ ਚੂਹੜ੍ਹਾ ਨਿਰੀ ਤਬਾਹੀ ਹੁੰਦੇ ਐ-।" ਪ੍ਰੀਤ ਤੋਂ ਵੀ ਰਿਹਾ ਨਾ ਗਿਆ।
-"ਚੱਲ ਵੱਡੇ ਭਾਈ-ਅਸੀਂ ਤਾਂ ਸਾਰੇ ਦੇ ਸਾਰੇ ਤੇਰੇ ਨਾਲ ਐਂ-ਜਿਵੇਂ ਹੁਕਮ ਕਰੇਂਗਾ-ਫੁੱਲ ਚੜ੍ਹਾਵਾਂਗੇ-ਪਰ ਦਿਲ 'ਚ ਇਹ ਨਾ ਸੋਚੀਂ ਬਈ ਅਸੀਂ ਮਰਨੋਂ ਡਰਦੇ ਐਂ-।" ਸਾਰੇ ਲਕੀਰ ਦੇ ਪਾਰ ਜੈਲਦਾਰ ਨਾਲ ਆ ਖੜ੍ਹੇ।
ਰਾਤ ਦੇ ਗਿਆਰ੍ਹਾਂ ਵੱਜ ਗਏ ਸਨ।
ਠਾਣਾ ਇੱਥੋਂ ਤਕਰੀਬਨ ਚਾਰ ਕੁ ਕਿਲੋਮੀਟਰ ਦੀ ਵਿੱਥ 'ਤੇ ਸੀ। ਉਹ ਖੇਤਾਂ ਦੀਆਂ ਵੱਟਾਂ ਮਿੱਧਦੇ, ਤੀੜ ਦੇਈ ਤੁਰੇ ਜਾ ਰਹੇ ਸਨ। ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ। ਇੱਕ ਤਰ੍ਹਾਂ ਨਾਲ ਮੜ੍ਹੀਆਂ ਵਾਂਗ ਚੁੱਪ ਛਾਈ ਹੋਈ ਸੀ। ਬੰਦੇ ਨਹੀਂ ਜਿਵੇਂ ਪੱਥਰ ਦੀਆਂ ਮਟੀਆਂ ਤੁਰੀਆਂ ਜਾ ਰਹੀਆਂ ਸਨ।
ਦੂਰੋਂ ਸ਼ਹਿਰ ਦੀਆਂ ਬੱਤੀਆਂ ਦਿਸਣ ਲੱਗ ਪਈਆਂ। ਠਾਣਾ ਅੱਧਾ ਕੁ ਕਿਲੋਮੀਟਰ ਹੀ ਰਹਿ ਗਿਆ ਸੀ। ਦੁਧੀਆ ਟਿਊਬਾਂ ਦਾ ਚਾਨਣ ਸੜਕਾਂ ਦੀ ਪਿੱਠ ਧੋ ਰਿਹਾ ਸੀ। ਸ਼ਹਿਰ ਸੁੰਨਾ ਸੀ। ਚੁੱਪ ਸੀ। ਲੰਡਰ ਕੁੱਤੇ ਸਰਦੀ ਤੋਂ ਡਰਦੇ ਖੋਲਿਆਂ ਵਿਚ ਲੁਕੇ ਪਏ ਸਨ।
ਸੜਕ ਚੜ੍ਹਨ ਤੋਂ ਪਹਿਲਾਂ ਕਾਕੇ ਨੇ ਇਸ਼ਾਰੇ ਨਾਲ ਸਾਰਿਆਂ ਨੂੰ ਰੋਕ ਲਿਆ। ਸਾਰੇ ਬੜੀ ਈਮਾਨਦਾਰੀ ਨਾਲ ਰੁਕ ਗਏ।
-"ਆਪਣੇ ਕੋਲ ਮੁਨੀਸ਼ਨ ਕਿੰਨਾ ਕੁ ਐ?"
-"ਆਮ ਐਂ ਫਿਕਰ ਨਾ ਕਰ!"
-"ਆਪਣੇ ਹਥਿਆਰ ਚੈੱਕ ਕਰੋ!"
ਸਾਰਿਆਂ ਨੇ ਆਪਣੇ ਵੱਖੋ-ਵੱਖਰੇ ਹਥਿਆਰ ਚੈੱਕ ਕਰ ਲਏ। ਝੋਲਿਆਂ ਵਿਚ ਪਾਏ ਮੈਗਜ਼ੀਨਾਂ ਦੀਆਂ ਸਾਈਡਾਂ ਥਾਂ ਸਿਰ ਕਰ ਲਈਆਂ ਗਈਆਂ। ਲੱਕ ਨਾਲ ਟੰਗੇ ਰਿਵਾਲਵਰ ਦੀ ਪੜਚੋਲ ਕਰ ਲਈ ਗਈ। ਸਾਰਾ ਸਮਾਨ ਤਿਆਰ ਸੀ।
ਬੱਸ! ਹੁਣ ਸਿਰਫ਼ "ਧੋਬੀ ਪਟੜਾ" ਮਾਰਨ ਦੀ ਹੀ ਲੋੜ ਬਾਕੀ ਰਹਿ ਗਈ ਸੀ।
-"ਇੱਕ ਗੱਲ ਮਿੱਤਰੋ ਹੋਰ ਐ-ਐਸਾ ਧਾਵਾ ਬੋਲਣੈਂ ਬਈ ਪੁਲਸ ਆਲਿਆਂ ਨੂੰ ਸੁਰਤ ਸੰਭਲਣ ਦਾ ਵੀ ਮੌਕਾ ਨਾ ਮਿਲੇ-ਪ੍ਰੀਤ ਤੂੰ ਹਵਾਲਾਤੀਆਂ ਨੂੰ ਕਿਵੇਂ ਨਾ ਕਿਵੇਂ ਠਾਣੇ ਚੋਂ ਬਾਹਰ ਕੱਢਣੈਂ-ਪਿੱਛਾ ਅਸੀਂ ਸੰਭਾਲਾਂਗੇ-ਜਿੰਨੀ ਜਲਦੀ ਹੋ ਸਕੇ ਐਕਸ਼ਨ ਕਰਕੇ ਬਾਹਰ ਨਿਕਲਣੈਂ-ਇੱਕ ਗੱਲ ਹੋਰ ਯਾਦ ਰੱਖਣ ਆਲੀ ਐ-ਰਾਤ ਨੂੰ ਠਾਣੇ ਦਾ ਵੱਡਾ ਦਰਵਾਜਾ ਬੰਦ ਹੁੰਦੈ-ਸਿਰਫ਼ ਦਰਵਾਜੇ ਦੀ ਬਾਰੀ ਹੀ ਖੁੱਲ੍ਹੀ ਹੁੰਦੀ ਐ-ਇਸ ਲਈ ਆਪਣਾ ਕੰਮ ਕਰਕੇ ਡਾਕ ਬਣ ਜਾਣੈਂ-ਅਗਰ ਐਕਸ਼ਨ ਕਰਨ ਤੋਂ ਬਾਅਦ ਆਪਾਂ ਇੱਕ ਦੂਜੇ ਤੋਂ ਨਿੱਖੜ ਗਏ ਤਾਂ ਕੱਲ੍ਹ ਰਾਤ ਨੂੰ ਅੱਜ ਆਲੀ ਬਹਿਕ 'ਤੇ ਈ ਮਿਲਾਂਗੇ-ਸਾਈਨਾਈਡ ਸਾਰਿਆਂ ਕੋਲ ਹੈਗੇ ਐ?" ਕੁਝ ਰੈਆਂ ਦੇ ਕੇ ਕਾਕੇ ਨੇ ਪੁੱਛਿਆ।
-"ਹੈਗੇ ਐ।" ਸਾਂਝੀ ਅਵਾਜ਼ ਆਈ।
-"ਜਿਉਂਦੇ ਪੁਲਸ ਦੇ ਹੱਥ ਨਹੀਂ ਆਉਂਣਾ-ਆਪਣੇ ਐਕਸ਼ਨ ਕਰਨ ਤੋਂ ਬਾਅਦ ਸੀ ਆਰ ਪੀ ਅਤੇ ਕਮਾਂਡੋ ਘੇਰੇ ਵਿਚ ਲੈਣ ਦੀ ਕੋਸਿ਼ਸ਼ ਕਰੇਗੀ-ਖ਼ਬਰਦਾਰ ਰਹਿਣਾ-ਚਲੋ ਬੋਲੋ ਵਾਹਿਗੁਰੂ...!"
ਸਾਰੇ ਖ਼ਤਾਨਾਂ ਵਿਚੋਂ ਦੀ ਹੋ ਕੇ ਸੜਕ 'ਤੇ ਆ ਗਏ। ਚਾਰ ਏ ਕੇ ਸੰਤਾਲੀ ਉਹਨਾਂ ਦੀਆਂ ਬੁੱਕਲਾਂ ਵਿਚੋਂ ਕੌਡੀਆਂ ਵਾਲੇ ਸੱਪ ਵਾਂਗ ਜੀਭਾਂ ਕੱਢਦੀਆਂ ਸਨ।
ਠਾਣੇ ਦਾ ਵੱਡਾ ਦਰਵਾਜਾ ਪਾਰ ਕਰਨ ਤੋਂ ਬਾਅਦ ਉਹਨਾਂ ਨੇ ਫ਼ਾਇਰਿੰਗ ਸੁਰੂ ਕਰ ਦਿੱਤੀ। ਮੋਰਚੇ ਵਿਚ ਖੜ੍ਹਾ ਸਿਪਾਹੀ-ਸੰਤਰੀ ਇੱਕੋ ਬਰੱਸਟ ਨਾਲ 'ਭਿਆਂ' ਬੋਲ ਗਿਆ। ਠਾਣੇ ਅੰਦਰ ਹਾਹਾਕਾਰ ਮੱਚ ਗਈ। ਹਥਿਆਰ ਪੁਲੀਸ ਵਾਲਿਆਂ ਨੇ ਵੀ ਚੁੱਕ ਲਏ। ਮੁਣਸ਼ੀ ਵਾਇਰਲੈੱਸ ਨੂੰ ਚਿੰਬੜ ਗਿਆ ਸੀ। ਉਹ ਘੱਗੀ ਜਿਹੀ ਅਵਾਜ਼ ਵਿਚ, ਹੱਥ ਵਿਚ ਫੜੀ ਵਾਇਰਲੈੱਸ 'ਤੇ ਇੱਕੋ ਹੀ ਰਟ ਲਾਈ ਜਾ ਰਿਹਾ ਸੀ।
-"ਹੈਲੋ..! ਹੈਲੋ...!! ਮੈਂ ਸਦਰ ਠਾਣੇ ਦਾ ਮੁਣਸ਼ੀ ਬੋਲ ਰਿਹੈਂ-ਜਲਦੀ ਭਾਰੀ ਫ਼ੋਰਸ ਭੇਜੋ-ਅੱਤਬਾਦੀ ਤਾਂ ਮੁਕਲਾਵਾ ਦੇਣੇ ਸਾਡੇ ਠਾਣੇ ਨੂੰ ਆ ਪਏ-ਜਲਦੀ ਕਰੋ-ਹੈਲੋ..! ਮੈਂ ਕਹਿ ਰਿਹੈਂ ਜਲਦੀ ਕਰੋ ਅੱਤਬਾਦੀ ਠਾਣੇ ਨੂੰ ਆ ਪਏ...!" ਸੈੱਟ ਉਸ ਦੇ ਹੱਥ ਵਿਚ ਬੁਰੀ ਤਰ੍ਹਾਂ ਕੰਬੀ ਜਾ ਰਿਹਾ ਸੀ। ਫਿਰ ਉਹ ਸਿਪਾਹੀਆਂ ਨੂੰ ਟੁੱਟ ਕੇ ਪੈ ਗਿਆ, "ਮੇਰਿਓ ਸਾਲਿਓ-ਛੱਤ 'ਤੇ ਜਾ ਕੇ ਮੋਰਚੇ ਮੱਲੋ-ਐਥੇ ਈ ਖੁਰਵੱਢ ਕਰਦੇ ਫਿਰਦੇ ਓਂ! ਉਹ ਥੋਡੇ ਪ੍ਰਾਹੁਣੇ ਦਰਵਾਜੇ ਤੋੜਨ ਡਹੇ ਐ-ਛੇਤੀ ਕਰੋ ਛੱਤ 'ਤੇ ਚੜ੍ਹੋ-ਮੈਂ ਵਾਇਰਲੈੱਸ ਕਰਤੀ ਐ-ਫ਼ੋਰਸ ਤੁਰਪੀ ਹੋਊ।" ਬੁਰੀ ਤਰ੍ਹਾਂ ਘਬਰਾਇਆ ਮੁਣਸ਼ੀ ਸਿੰਧ ਦੀ ਘੋੜੀ ਵਾਂਗ ਪੌੜੀਏਂ ਚੜ੍ਹ ਗਿਆ। ਧੂੰਏਂ ਵਾਲੀ ਚਿਮਨੀ ਓਹਲੇ ਬੈਠਾ ਉਹ 'ਵਾਹਿਗੁਰੂ-ਵਾਹਿਗੁਰੂ' ਜਪੀ ਜਾ ਰਿਹਾ ਸੀ।
ਸੂਚਨਾਂ ਮਿਲਦੇ ਸਾਰ ਹੀ ਭਾਰੀ ਫ਼ੋਰਸ ਦੀਆਂ ਜੀਪਾਂ ਅਤੇ ਟਰੱਕਾਂ ਨੇ ਸਦਰ ਠਾਣੇ ਨੂੰ ਛੂਟ ਵੱਟ ਲਈ। ਇੱਧਰ ਜਦੋਂ ਹੀ ਕਾਕੇ ਹੋਰਾਂ ਨੇ ਦਰਵਾਜਾ ਤੋੜਿਆ, ਉਦੋਂ ਤੱਕ ਤਮਾਮ ਸਿਪਾਹੀ ਛੱਤ ਉਪਰ ਬਣੇ ਮੋਰਚਿਆਂ ਵਿਚ ਪੁਜੀਸ਼ਨਾਂ ਲੈ ਚੁੱਕੇ ਸਨ। ਸਦਰ ਠਾਣਾ ਇੱਕ ਪੁਰਾਣੇ ਕਿਲ੍ਹੇ ਵਿਚ ਸੀ। ਜਿਸ ਵਿਚ ਸੁਰੂ ਤੋਂ ਹੀ ਬੜੀ ਸਕੀਮ ਨਾਲ ਮੋਰਚੇ ਬਣੇ ਹੋਏ ਸਨ। ਬਾਹਰੋਂ ਆਉਣ ਅਤੇ ਜਾਣ ਦਾ ਸਿਰਫ਼ ਇੱਕੋ ਹੀ ਰਸਤਾ ਸੀ।
ਉਹਨਾਂ ਦੇ ਅੰਦਰ ਦਾਖ਼ਲ ਹੋਣ ਸਾਰ ਹੀ ਦੁਵੱਲੀ ਫ਼ਾਇਰਿੰਗ ਸੁਰੂ ਹੋ ਗਈ। ਦੋਨਾਂ ਪਾਸਿਆਂ ਤੋਂ ਗੋਲੀ ਇਤਨੀ ਜ਼ਬਰਦਸਤ ਚੱਲ ਰਹੀ ਸੀ ਕਿ ਭਿਆਨਕ ਜੰਗ ਲੱਗੀ ਪ੍ਰਤੀਤ ਹੁੰਦੀ ਸੀ। ਸਿਪਾਹੀ ਮੋਰਚਿਆਂ ਵਿਚੋਂ ਅਤੇ ਕਾਕੇ ਹੋਰੀਂ ਵਰਾਂਡੇ ਦੇ ਥਮਲ੍ਹਿਆਂ ਨਾਲ ਲੱਗੇ ਗੋਲੀਆਂ ਚਲਾ ਰਹੇ ਸਨ। ਕਾਕੇ ਹੋਰਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਹਨਾਂ ਉਪਰ ਗੋਲੀ ਕਿੱਧਰੋਂ ਆ ਰਹੀ ਸੀ? ਇੱਕ ਤੜਥੱਲੀ ਮੱਚੀ ਹੋਈ ਸੀ।
ਤਕਰੀਬਨ ਵੀਹ-ਪੱਚੀ ਮਿੰਟ ਗੋਲੀਆਂ ਦਾ ਵਟਾਂਦਰਾ ਹੁੰਦਾ ਰਿਹਾ। ਇਤਨੇ ਨੂੰ ਮਿਲਟਰੀ ਦੀਆਂ ਬਖ਼ਤਰਬੰਦ ਗੱਡੀਆਂ ਠਾਣੇ ਅੰਦਰ ਦਾਖਲ ਹੋਣੀਆਂ ਸੁਰੂ ਹੋ ਗਈਆਂ। ਸਰਚ-ਲਾਈਟਾਂ ਨੇ ਦਿਨ ਚਾੜ੍ਹ ਦਿੱਤਾ। ਉਹ ਚਾਰੇ ਬੁਰੀ ਤਰ੍ਹਾਂ ਨਾਲ ਘੇਰੇ ਵਿਚ ਆ ਗਏ। ਬਿੱਲੂ ਆਪਣੀ ਰਾਈਫਲ ਦਾ ਮੂੰਹ ਉੱਧਰ ਨੂੰ ਕਰਨ ਲੱਗਾ ਤਾਂ ਉਪਰੋਂ ਮੋਰਚੇ ਵਿਚੋਂ ਚੱਲੀ ਗੋਲੀ ਉਸ ਦੀ ਪੁੜਪੜੀ ਚੀਰ ਗਈ। ਦੂਜੀ ਗੋਲੀ ਹਿੱਕ ਵਿਚ ਮੋਘਾ ਖੋਲ੍ਹ ਗਈ। ਛਾਤੀ ਵਿਚ ਗੋਲੀ ਖਾ ਕੇ ਬਿੱਲੂ ਧਰਤੀ 'ਤੇ ਡਿੱਗਿਆ ਮੁੜ ਨਾ ਉਠਿਆ। ਸੂਰਮੇਂ ਦੀ ਹਿੱਕ 'ਚੋਂ ਖੂਨ ਉਬਲ-ਉਬਲ ਕੇ ਫ਼ੁਆਰਾ ਬਣ ਵਹਿ ਰਿਹਾ ਸੀ। ਸਾਰਿਆਂ
ਦੇ ਹਰਾਸ ਮਾਰੇ ਗਏ।
ਥਮਲ੍ਹੇ ਦੇ ਓਹਲਿਓਂ ਪ੍ਰੀਤ ਨੇ ਵੀ ਹੱਲਾ ਕਰਨਾ ਚਾਹਿਆ ਤਾਂ ਇੱਕ ਬਰੱਸਟ ਉਸ ਦੇ ਆ ਵੱਜਿਆ। ਤਕਰੀਬਨ ਅੱਧੀ ਦਰਜਣ ਵੱਜੀਆਂ ਗੋਲੀਆਂ ਦੇ ਬਾਵਜੂਦ ਵੀ ਯੋਧਾ ਥਮਲ੍ਹੇ ਨੂੰ ਜੱਫ਼ੀ ਪਾਈ ਖੜ੍ਹਾ ਸੀ। ਪਰ ਏ ਕੇ ਸੰਤਾਲੀ ਉਸ ਦੇ ਹੱਥੋਂ ਡਿੱਗ ਪਈ ਸੀ। ਰੱਤੀਆਂ ਅੱਖਾਂ ਨਾਲ ਉਹ ਠਾਣੇ ਦੇ ਵਿਹੜੇ ਨੂੰ ਘੂਰ ਰਿਹਾ ਸੀ। ਅਖੀਰ ਉਸ ਦੇ ਹੱਥ ਨਿਰਬਲ ਹੋ ਗਏ, ਸਰੀਰ ਅਤੰਤ ਰਹਿ ਗਿਆ ਅਤੇ ਉਹ ਸਪਾਲ ਧਰਤੀ 'ਤੇ ਵਿਛ ਗਿਆ। ਉਸ ਦੀਆਂ ਅੱਧ-ਖੁੱਲ੍ਹੀਆਂ ਅੱਖਾਂ ਖੜ੍ਹੀਆਂ ਸਨ ਅਤੇ ਵਰਾਂਡੇ ਵਿਚ ਲਹੂ ਦਾ ਛੱਪੜ ਲੱਗ ਗਿਆ ਸੀ।
ਜਦੋਂ ਕਾਕੇ ਅਤੇ ਜੈਲਦਾਰ ਨੇ ਆਪਣੇ ਆਪ ਨੂੰ ਬੁਰੀ ਤਰ੍ਹਾਂ ਘੇਰੇ ਵਿਚ ਆਇਆ ਮਹਿਸੂਸ ਕੀਤਾ ਤਾਂ ਉਹਨਾਂ ਨੇ ਕਾਲਰਾਂ ਵਿਚੋਂ ਸਾਈਨਾਈਡ ਦੇ ਕੈਪਸੂਲ ਕੱਢ ਲਏ। ਇਸ ਤੋਂ ਪਹਿਲਾਂ ਕਿ ਉਹ ਕੈਪਸੂਲ ਮੂੰਹ ਵਿਚ ਪਾਉਂਦੇ, ਪੰਦਰਾਂ-ਵੀਹ ਜਵਾਨਾਂ ਨੇ ਉਹਨਾਂ ਨੂੰ ਆ ਦਬੋਚਿਆ। ਹੱਥਾਂ ਵਿਚ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਚਾੜ੍ਹ ਦਿੱਤੀਆਂ ਗਈਆਂ। ਦੋਹਾਂ ਨੂੰ ਮੁਸ਼ਕਾਂ ਬੰਨ੍ਹ ਕੇ ਵਿਹੜੇ ਵਿਚ ਲਿਆ ਸੁੱਟਿਆ। ਹਥਿਆਰ ਅਤੇ ਗੋਲੀ ਸਿੱਕਾ ਹੱਥ ਹੇਠ ਕਰ ਲਿਆ ਗਿਆ।
ਠਾਣੇਦਾਰ ਗਰੇਵਾਲ ਕੁਦਰਤੀਂ ਠਾਣੇ ਵਿਚ ਨਹੀਂ ਸੀ।
ਟੈਲੀਫੋ਼ਨ ਕਰਕੇ ਜਦੋਂ ਮੁਣਸ਼ੀ ਨੇ ਖ਼ਬਰ ਦਿੱਤੀ ਤਾਂ ਠਾਣੇਦਾਰ ਉੱਭੜਵਾਹਿਆਂ ਵਾਂਗ ਬੈੱਡ ਤੋਂ ਬੁੜ੍ਹਕਿਆ। ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਅੱਤਿਵਾਦੀ ਠਾਣੇ 'ਤੇ ਵੀ ਹਮਲਾ ਕਰਨਗੇ। ਅਣਹੋਣੀਂ ਸੁਣ ਕੇ ਉਸ ਦਾ ਦਿਲ ਕੰਬਿਆ ਸੀ। ਪਰ ਇਨਾਮੀਂ ਖ਼ਾੜਕੂ ਹੱਥ ਲੱਗੇ ਹੋਣ ਕਾਰਨ ਉਸ ਦਾ ਚਿਹਰਾ ਗੈਸ ਵਾਂਗ ਦਗਿਆ ਸੀ। ਕੁਝ ਗੈਬੀ ਸੋਚਾਂ ਬੜੀ ਤੇਜ਼ੀ ਨਾਲ ਉਸ ਦੇ ਦਿਮਾਗ ਵਿਚ ਚੱਕਰ ਕੱਟ ਰਹੀਆਂ ਸਨ: ਪਹਿਲਾਂ ਅੱਤ ਨਰਮੀਂ ਵਰਤ ਕੇ ਦੇਖਾਂਗਾ-ਹੋ ਸਕਦੈ ਕੋਈ ਰੇਸ਼ਮ ਸਿੰਘ 'ਬੰਬ' ਵਰਗਾ ਖ਼ਾੜਕੂ ਮੁਖੀ ਹੀ ਫੜਾ ਦੇਣ? ਦੋ ਚਾਰ ਮੁਖੀ ਫੜੇ ਗਏ ਤਾਂ ਗਰੇਵਾਲ ਸਿਆਂ ਇੱਕ ਕਰੋੜ ਰੁਪਈਆ ਵੱਟ 'ਤੇ ਈ ਪਿਐ! ਪਰਮੋਸ਼ਨ ਵਾਧੂ ਦੀ! ਹੋ ਸਕਦੈ ਇਸ ਕਾਰਜ ਬਦਲੇ ਰਾਸ਼ਟਰਪਤੀ ਐਵਾਰਡ ਵੀ ਮਿਲ ਜਾਵੇ? ਤਸ਼ੱਦਦ ਨਾਲੋਂ ਨਰਮਾਈ ਅਤੇ ਮਿਠਾਸ ਜਿ਼ਆਦਾ ਕੰਮ ਕੱਢ ਸਕਦੀ ਹੈ। ਜੇ ਸਿੱਧੀ ਉਂਗਲੀ ਨਾਲ ਘਿਉ ਨਿਕਲ ਆਵੇ ਤਾਂ ਵਾਧੂ ਵਿੰਗੀ ਕਰਨ ਦੀ ਕੀ ਲੋੜ ਐ? ਗਰੇਵਾਲ! ਜੇ ਗੁੜ ਦਿੱਤਿਆਂ ਵੈਰੀ ਮਰਦੈ ਤਾਂ ਮਹੁਰਾ ਦੇਣ ਦੀ ਕੀ ਜ਼ਰੂਰਤ ਹੈ? ਉਸ ਦੇ ਦਿਮਾਗ ਅੰਦਰ ਸੋਚਾਂ ਦੇ ਵਦਾਣ ਚੱਲੀ ਜਾ ਰਹੇ ਸਨ।
ਠਾਣੇ ਪਹੁੰਚਦਿਆਂ ਸਾਰ ਹੀ ਉਸ ਨੇ ਕਾਹਲੀ ਵਿਚ ਪ੍ਰੈਸ ਵਾਲਿਆਂ ਨੂੰ ਬੁਲਾ ਲਿਆ। ਵੱਖ-ਵੱਖ ਅਖ਼ਬਾਰਾਂ ਅਤੇ ਦੂਰਦਰਸ਼ਨ ਦੇ ਪੱਤਰਕਾਰ ਅਤੇ ਰਿਪੋਰਟਰ ਆਹਣ ਵਾਂਗ ਉੱਤਰ ਆਏ। ਠਾਣੇ ਵਿਚ ਪ੍ਰੈਸ ਵਾਲਿਆਂ ਦਾ ਮੇਲਾ ਲੱਗ ਗਿਆ ਸੀ। ਫ਼ੋਟੋਆਂ ਖਿੱਚ ਲਈਆਂ ਗਈਆਂ, ਠਾਣੇਦਾਰ ਦੇ ਬਿਆਨਾਂ 'ਤੇ ਆਧਾਰਿਤ ਰਿਪੋਰਟਾਂ ਤਿਆਰ ਕਰਕੇ ਰਿਪੋਰਟਰ ਆਪਣੇ-ਆਪਣੇ ਦਫ਼ਤਰਾਂ ਨੂੰ ਡੰਡੀ ਪੈ ਗਏ।
ਠਾਣੇਦਾਰ ਨੇ ਐਸ ਪੀ ਨੂੰ ਫ਼ੋਨ ਮਿਲਾ ਲਿਆ।
-"ਹੈਲੋ! ਮੈਂ ਸਦਰ ਠਾਣੇ ਤੋਂ ਐਸ ਐਚ ਓ ਗਰੇਵਾਲ ਬੋਲ ਰਿਹੈਂ-ਸਾਹਬ ਬਹਾਦਰ ਨਾਲ ਗੱਲ ਕਰਵਾਓ-ਜ਼ਰੂਰੀ ਕੰਮ ਐਂ।" ਉਹ ਤਿੜਿਆ ਬੋਲ ਰਿਹਾ ਸੀ।
-"ਸਾਹਬ ਸੌਂ ਰਹੇ ਐ।" ਉਧਰੋਂ ਅਵਾਜ਼ ਆਈ।
-"ਦੇਖੋ! ਸਾਡੇ ਠਾਣੇ 'ਤੇ ਅੱਤਿਵਾਦੀਆਂ ਨੇ ਹਮਲਾ ਕਰ ਦਿੱਤੈ-ਕਿਰਪਾ ਕਰਕੇ ਸਾਹਬ ਬਹਾਦਰ ਨੂੰ ਖ਼ਬਰ ਕਰੋ।"
-"ਇੱਕ ਮਿੰਟ ਹੋਲਡ ਕਰੋ...!"
-"ਓ. ਕੇ...।"
ਕੁਝ ਪਲਾਂ ਵਿਚ ਹੀ ਐਸ ਪੀ ਨੇ ਰਿਸੀਵਰ ਚੁੱਕ ਕੇ "ਹੈਲੋ" ਆਖਿਆ ਤਾਂ ਠਾਣੇਦਾਰ ਟੇਪ-ਰਿਕਾਰਡਰ ਵਾਂਗ ਬੋਲਣ ਲੱਗ ਪਿਆ ਅਤੇ ਸਾਰੀ ਕਹਾਣੀ ਕਹਿ ਸੁਣਾਈ।
ਐਸ ਪੀ ਨੂੰ ਮੁੜ੍ਹਕਾ ਆ ਗਿਆ।
-"ਆਪਣਾ ਕੋਈ ਬੰਦਾ ਤਾਂ ਨਹੀ ਨੁਕਸਾਨਿਆਂ ਗਿਆ...?" ਐਸ ਪੀ ਨੇ ਪੁੱਛਿਆ।
-"ਦਵਿੰਦਰ ਸਿੰਘ ਸਿਪਾਹੀ ਮਾਰਿਆ ਗਿਆ ਜਨਾਬ-ਉਸ ਦੀ ਗੇਟ ਵਾਲੇ ਮੋਰਚੇ 'ਤੇ ਡਿਉਟੀ ਸੀ।"
-"...........!" ਐਸ ਪੀ ਲੰਬਾ ਸਾਹ ਖਿੱਚ ਕੇ ਰਹਿ ਗਿਆ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰ ਪਸਰ ਗਿਆ ਸੀ।
-"ਵੈਸੇ ਪ੍ਰੈਸ ਨੇ ਸਾਰਾ ਕਾਂਡ ਕਵਰ ਕਰ ਲਿਐ-ਸਰ!"
-"ਕੀ ਕਿਹੈ? ਪ੍ਰੈਸ ਨੂੰ ਖ਼ਬਰ ਹੋ ਗਈ? ਕੀਹਨੇ ਬੁਲਾਇਐ ਉਹਨਾਂ ਹਰਾਮਜ਼ਾਦਿਆਂ ਨੂੰ....?" ਐਸ. ਪੀ. ਘੋਰ ਗੁੱਸੇ ਵਿਚ ਕੜਕਿਆ।
-"ਮੈਂ...ਮੈਂ ਈ ਬੁਲਾਇਆ ਸੀ....ਸਰ....!"
ਠਾਣੇਦਾਰ ਦੇ ਪੈਰ ਘੁਕਣ ਲੱਗ ਪਏ।
-"ਗਰੇਵਾਲ...! ਤੂੰ ਜਹਾਨ ਦਾ ਬੇਵਕੂਫ਼..! ਕੁੱਤੇ ਦਾ ਪੁੱਤ ਐਂ...! ਹੁਣ ਤੇਰੇ ਦੋ ਪਿਉ ਜਿਹੜੇ ਜਿਉਂਦੇ ਫੜੇ ਐ-ਉਹਨਾਂ ਨੂੰ ਕੋਰਟ 'ਚ ਪੇਸ਼ ਕਰਨਾ ਪਊ-ਗੱਲ ਪ੍ਰੈੱਸ ਹੱਥ ਆ ਚੁੱਕੀ ਐ-ਕੱਲ੍ਹ ਨੂੰ ਘਰ ਘਰ ਫਿਰ ਜਾਊਗੀ-।" ਐਸ. ਪੀ. ਕਾਲੇ ਬੋਲੇ ਬੱਦਲ ਵਾਂਗ ਗਰਜ਼ ਰਿਹਾ ਸੀ। ਉਸ ਦੀਆਂ ਗਾਲ੍ਹਾਂ ਠਾਣੇਦਾਰ ਦੇ ਦਿਮਾਗ ਵਿਚ ਹਥੌੜੇ ਵਾਂਗ ਵੱਜ ਰਹੀਆਂ ਸਨ।
-"ਪਰ ਹਜੂਰ-ਉਹਨਾਂ ਨੇ ਤਾਂ ਖੁੱਲ-ਮ-ਖੁੱਲ੍ਹਾ ਸ਼ਰੇਆਮ ਠਾਣੇ 'ਤੇ ਹਮਲਾ ਕੀਤੈ-ਮੈਂ ਹੋਰ ਕੀ ਕਰਦਾ...?"
-"ਤੂੰ ਹੋਰ ਕੀ ਕਰਦਾ? ਹੋਰ ਤੂੰ ਮਾਂ ਦਾ....ਕਰਨਾ ਸੀ-ਜਿਹੜੇ ਤੇਰੀ ਮਾਂ ਦੇ ਖ਼ਸਮ ਮਰੇ ਸੀ-ਸਿਰਫ਼ ਕਾਰਵਾਈ ਉਹਨਾਂ ਦੇ ਸਿਰ ਹੀ ਮੜ੍ਹਨੀ ਸੀ-ਬਾਕੀ ਭਣੋਈਆਂ ਨੂੰ ਆਸੇ ਪਾਸੇ ਕਰ ਦਿੰਦਾ? ਜਦੋਂ ਜਿਉਂਦੇ ਜਾਗਦੇ ਤੇਰੇ ਪਿਉ ਪ੍ਰੈੱਸ ਦੀਆਂ ਨਜ਼ਰਾਂ ਵਿਚੋਂ ਦੀ ਲੰਘ ਗਏ-ਹੁਣ ਦੱਸ ਮੁਕਾਬਲਾ ਕਿਵੇਂ ਬਣਾਵੇਂਗਾ? ਨੌਕਰੀ ਕਰਨ ਦਾ ਤੇਰਾ ਇਰਾਦਾ ਹੈ ਕਿ ਨਹੀਂ-ਕੁੱਤੇ ਦਿਆ ਬੀਆ....?"
-"ਆਈ ਐਮ ਵੈਰੀ ਸੌਰੀ ਸਰ-ਮੇਰੇ ਕੋਲੋਂ ਬਹੁਤ ਭਾਰੀ ਗਲਤੀ ਹੋ ਗਈ-ਮੁਆਫ਼ ਕਰ ਦਿਓ ਹਜੂਰ-ਅੱਗੇ ਤੋਂ ਕਸਮ ਖਾ ਕੇ ਵਾਅਦਾ ਕਰਦੈਂ-ਜਨਾਬ ਦੀ ਰਾਇ ਬਿਨਾਂ ਕੋਈ ਕਦਮ ਨਹੀਂ ਚੁੱਕਦਾ-ਮਾਈ ਬਾਪ ਇਸ ਵਾਰ ਮੁਆਫ਼ ਕਰ ਦਿਓ-ਮੁੜ ਗੁਸਤਾਖੀ ਨਹੀਂ ਹੋਵੇਗੀ।" ਠਾਣੇਦਾਰ, ਸਾਹਿਬ ਦੇ ਪੈਰੀਂ ਪਿਆ ਖੜ੍ਹਾ ਸੀ। ਐਸ. ਪੀ. ਦੀਆਂ ਗੱਲਾਂ ਉਸ ਦੇ ਦਿਲ ਲੱਗੀਆਂ ਸਨ। ਪ੍ਰੈਸ ਬੁਲਾ ਕੇ ਹੁਣ ਉਹ ਅਤੀਅੰਤ ਪਛਤਾ ਰਿਹਾ ਸੀ। ਇੱਕ ਤਰ੍ਹਾਂ ਨਾਲ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਸੀ।
-"ਪਰ ਜਨਾਬ, ਹੁਣ ਅੱਗੇ ਹੁਕਮ ਕਰੋ ਕੀ ਐ?"
-"ਹੁਣ ਗੱਲ ਹੱਥ 'ਚ ਲੈਣ ਦੀ ਕੋਸਿ਼ਸ਼ ਕਰ-ਤਿੰਨੇ ਲਾਸ਼ਾਂ ਪੋਸਟ ਮਾਰਟਮ ਲਈ ਭੇਜਦੇ ਅਤੇ ਦੂਜੇ ਹਰਾਮਜ਼ਾਦਿਆਂ ਤੋਂ ਸਾਰਾ ਕੁਝ ਬਕਵਾ-ਬਾਕੀ ਮੈਂ ਸਵੇਰੇ ਦਸ ਵਜੇ ਤੇਰੇ ਕੋਲ ਪਹੁੰਚਾਂਗਾ-ਔਰ ਹਾਂ..! ਪ੍ਰੈੱਸ ਵਾਲਿਆਂ ਨੂੰ ਹੁਣ ਠਾਣੇ ਪੈਰ ਨਹੀ ਪਾਉਣ ਦੇਣਾ-ਸਮਝੇ...?"
ਐਸ. ਪੀ. ਫ਼ੋਨ ਕੱਟ ਗਿਆ।
ਠਾਣੇਦਾਰ ਦਾ ਮੱਥਾ ਅਤੇ ਪਿੱਠ ਪਸੀਨੇ ਨਾਲ ਭਿੱਜ ਗਏ ਸਨ। ਉਹ ਰੁਮਾਲ ਨਾਲ ਮੱਥਾ ਪੂੰਝਦਾ ਦਫ਼ਤਰ ਵਿਚ ਜਾ ਕੇ, ਇੱਕ ਤਰ੍ਹਾਂ ਨਾਲ ਕੁਰਸੀ ਵਿਚ ਡਿੱਗ ਪਿਆ।
-"ਮੁਣਸ਼ੀ...! ਹੌਲਦਾਰ ਨੂੰ ਅੰਦਰ ਭੇਜ...।" ਪਾਣੀ ਦਾ ਗਿਲਾਸ ਪੀਣ ਤੋਂ ਬਾਅਦ ਠਾਣੇਦਾਰ ਨੇ ਹੁਕਮ ਦਿੱਤਾ।
ਹੌਲਦਾਰ ਹਾਜ਼ਰ ਸੀ।
-"ਤਿੰਨੇ ਲਾਸ਼ਾਂ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਲੈ ਜਾਓ!"
-"ਜੀ ਹਜੂਰ।"
ਹੌਲਦਾਰ ਅਤੇ ਚਾਰ ਸਿਪਾਹੀ ਟਰੱਕ ਵਿਚ ਲਾਸ਼ਾਂ ਲੱਦ ਹਸਪਤਾਲ ਨੂੰ ਰਵਾਨਾ ਹੋ ਗਏ। ਠਾਣੇਦਾਰ ਨੇ ਮੁਣਸ਼ੀ ਨੂੰ ਕੋਲ ਸੱਦ ਲਿਆ। ਅਜਿਹੇ ਮੌਕੇ ਠਾਣੇਦਾਰ ਲਈ ਮੁਣਸ਼ੀ ਰੱਬ ਬਣਕੇ ਬਹੁੜਦਾ ਸੀ। ਉਮਰ ਦੇ ਤਜ਼ਰਬੇ ਵਿਚ ਮੁਣਸ਼ੀ ਵੱਡਾ
ਹੋਣ ਕਾਰਨ ਗੱਲ ਬੜੀ ਟਿਕਾਣੇ ਦੀ ਕਰਦਾ ਸੀ।
-"ਆਪਾਂ ਪ੍ਰੈਸ ਬੁਲਾ ਕੇ ਬੜੀ ਗਲਤੀ ਕੀਤੀ।" ਠਾਣੇਦਾਰ ਨੇ ਮੁਣਸ਼ੀ ਸਾਹਮਣੇ ਪਛਤਾਵੇ ਵਿਚ ਸਿਰ ਫੇਰਿਆ। ਉਹ ਰੋਣਹਾਕਾ ਹੋਇਆ ਬੈਠਾ ਸੀ।
-"ਬਿਲਕੁਲ ਕੀਤੀ।" ਮੁਣਸ਼ੀ ਜਿਵੇਂ ਜਵਾਬ ਘੜ੍ਹੀ ਬੈਠਾ ਸੀ।
-"ਇੱਕ ਤਾਂ ਸਰਕਾਰ ਤੁਸੀਂ ਕਿਸੇ ਦੀ ਸਲਾਹ ਨਹੀਂ ਪੁੱਛਦੇ-ਕੱਛ 'ਚੋਂ ਮੂੰਗਲਾ ਕੱਢ ਮਾਰਦੇ ਓਂ-ਬਾਹਲਾ ਤੱਤਾ ਵਗਣ ਆਲਾ ਬੰਦਾ ਹਮੇਸ਼ਾ ਘਾਟੇ 'ਚ ਜਾਂਦੈ-ਸਿਆਣੇ ਆਖਦੇ ਐ ਕਦੇ-ਕਦੇ ਕੰਧਾਂ ਦੀ ਰੈਅ ਵੀ ਲੈਣੀ ਪੈਂਦੀ ਐ।"
-"ਸਾਹਬ ਊਂ ਚਿੜ ਗਿਆ-ਵੱਢਣ ਆਉਂਦੈ-ਗਾਲ੍ਹ ਤੋਂ ਬਿਨਾਂ ਗੱਲ ਨਹੀਂ ਕਰਦਾ।"
-"ਮੋਤੀਆਂ ਆਲੀ ਸਰਕਾਰ-ਗੌਰਮਿੰਟ ਦੇ ਘੂਰੇ ਦਾ ਤੇ ਤਿਲ੍ਹਕ ਕੇ ਡਿੱਗੇ ਦਾ ਬੁਰਾ ਨਹੀਂ ਮਨਾਈਦਾ-ਦੋ ਗਾਲ਼ਾਂ ਦੇ ਕੇ ਆਬਦਾ ਮੂੰਹ ਗੰਦਾ ਕਰ ਲਿਆ-ਆਪਣਾ ਕੀ ਗਿਆ...? ਸਿਆਣੇ ਆਖਦੇ ਐ ਦੋ ਪਈਆਂ ਵਿਸਰ ਗਈਆਂ ਸਦਕੇ ਮੇਰੀ ਢੂਹੀ ਦੇ-ਵੱਡੀ ਮੱਛੀ ਛੋਟੀ ਨੂੰ ਖਾਂਦੀ ਐ-ਤੁਸੀਂ ਸੁਕਰ ਕਰੋ ਤੁਹਾਨੂੰ ਮੁਅੱਤਲ ਜਾਂ ਲਾਈਨ ਹਾਜ਼ਰ ਨਹੀਂ ਕੀਤਾ-ਚਾਰ ਗਾਲ੍ਹਾਂ 'ਚ ਹੀ ਸਰ ਗਿਆ-ਨਾਲੇ ਗਾਲ਼ਾਂ ਤਾਂ ਆਪਣੇ ਪ੍ਰੋਫ਼ੈਸ਼ਨ ਦਾ ਇੱਕ ਅੰਗ ਐ ਹਜੂਰ-ਸਾਹਬ ਨੇ ਥੋਨੂੰ ਕੱਢ ਦਿੱਤੀਆਂ-ਤੁਸੀਂ ਹਵਾਲਾਤੀਆਂ ਨੂੰ ਕੱਢ ਲਇਓ-ਹਿਸਾਬ ਬਰਾਬਰ-ਜੇ ਨਹੀਂ ਸਬਰ ਆਉਂਦਾ ਤਾਂ ਪੰਜ ਸੱਤ ਮੈਨੂੰ ਕੱਢ ਦਿਓ-ਜੇ ਥੋਡਾ ਦਿਲ ਠਰਜੂ ਤਾਂ-ਹੋਰ ਦੱਸੋ?"
ਠਾਣੇਦਾਰ ਮੁਸ਼ਕੜੀਏਂ ਹੱਸ ਪਿਆ।
ਹਾਸੇ ਵਿਚ ਮੁਣਸ਼ੀ ਨੇ ਵੀ ਯੋਗਦਾਨ ਪਾਇਆ।
-"ਹੁਣ ਔਹਨਾਂ ਪਤਿਔਰ੍ਹਿਆਂ ਨਾਲ ਕੀ ਕਰੀਏ? ਟਾਰਚਰ ਕਰੀਏ ਜਾਂ....?"
-"ਨਾ! ਨਾ!! ਨਾ!!! ਪਹਿਲਾਂ ਮਿੱਠੇ ਪਿਆਰੇ ਹੋ ਕੇ ਪਲ਼ੋਸੋ-ਮੂਧੇ ਤਾਂ ਜਦੋਂ ਮਰਜੀ ਐ ਪਾ ਲਿਓ? ਘਰ ਦੀ ਮੁਰਗੀ ਦਾਲ ਬਰਾਬਰ-ਪ੍ਰੀਤਮ ਮਜ੍ਹਬੀਆਂ ਦਾ ਮੁੰਡੈ-ਉਹਨੂੰ ਵਡਿਆ ਕੇ ਲਾਈਨ 'ਤੇ ਲਿਆਓ-ਲਾਲਚ ਦਿਓ-ਵਡਿਆਇਆ ਮਜ੍ਹਬੀ ਬਲਦ ਜਿੰਨਾਂ ਕੰਮ ਦਿੰਦੈ। ਜਦੋਂ ਵਹਿੜ੍ਹਕੇ ਨੂੰ ਹਾਲੀ ਕੱਢਦੇ ਐ-ਬੁਸ਼ਕਾਰ ਕੇ ਈ ਕੱਢਦੇ ਐ-ਡੰਡੇ ਦੇ ਜੋਰ 'ਤੇ ਜੋਰ ਲਾ ਲਵੋ ਜਮਾਂ ਨਹੀਂ ਤੁਰਦਾ।"
-"ਗੱਲ ਪ੍ਰੈਸ ਦੇ ਰਿਕਾਰਡ ਵਿਚ ਆ ਚੁੱਕੀ ਐ-ਇਸ ਲਈ ਇਹਨਾਂ ਦੀ ਗ੍ਰਿਫ਼ਤਾਰੀ ਸਾਨੂੰ ਪਾਉਣੀ ਈ ਪੈਣੀ ਐਂ-।"
-"ਜਰੂਰ ਪਾਉਣੀ ਪੈਣੀ ਐਂ।"
-"ਅਗਰ ਗ੍ਰਿਫ਼ਤਾਰੀ ਪੈ ਗਈ-ਇਹਨਾਂ ਨੂੰ ਇਲਾਕਾ ਮਜਿਸਟਰੇਟ ਦੇ ਪੇਸ਼ ਕਰਨਾ ਪਊ।"
-"ਫੇਰ ਕੀ ਉੱਤੇ ਕੰਧ ਆ ਡਿੱਗੂ ਸਰਕਾਰ...? ਆਪਾਂ ਰਿਮਾਂਡ ਲੈ ਲਵਾਂਗੇ...!"
-"ਪਰ ਸੁਬਾਹ ਸਾਹਬ ਨੇ ਆਉਣੈ-ਉਹਨੂੰ ਕੀ ਮੂੰਹ ਦਿਖਾਵਾਂਗੇ ਮੁਣਸ਼ੀ...? ਉਹ ਤਾਂ ਅੱਗੇ ਈ ਕੰਧਾਂ 'ਚ ਟੱਕਰਾਂ ਮਾਰਦਾ ਫਿਰਦੈ ਪੱਟ ਹੋਣਾ।"
-"ਮੇਰੀ ਪੜ੍ਹੀ ਲਿਖੀ ਮੂਰਖ ਸਰਕਾਰ-ਸਾਹਬ ਵੀ ਠਾਣੇਦਾਰੀ ਕਰਦਾ ਕਰਦਾ ਐਸ. ਪੀ. ਦੀ ਪਦਵੀ 'ਤੇ ਪਹੁੰਚਿਐ-ਉਹਨੂੰ ਸਾਰੀਆਂ ਮਜ਼ਬੂਰੀਆਂ ਦਾ ਪਤੈ-ਉਹਨੂੰ ਆਖ ਦਿਓ ਬਈ ਪੋਸਟ ਮਾਰਟਮ ਐਰਾ ਬਗੈਰਾ ਦੀ ਕਾਰਵਾਈ ਕਰਦਿਆਂ ਸਵੇਰ ਹੋ ਗਈ ਸੀ-ਰਹਿੰਦੀ ਕਾਰਵਾਈ ਆਉਂਦੀ ਰਾਤ ਨੂੰ ਮੁਕੰਮਲ ਕਰ ਦਿਆਂਗੇ।"
-"ਤੇ ਇਲਾਕਾ ਮਜਿਸਟਰੇਟ ਨੂੰ ਕੀ ਬਹਾਨਾ ਲਾਵਾਂਗੇ?" ਠਾਣੇਦਾਰ ਅੱਗੇ ਇੱਕ ਪਰਬਤ ਜਿੱਡੀ ਮੁਸੀਬਤ ਸੀ।
-"ਆਖ ਦਿਆਂਗੇ ਇੱਕ ਮੁਜਰਮ ਦੀ ਤਬੀਅਤ ਖਰਾਬ ਸੀ-ਸਰਕਾਰ ਬਾਹਮਣਾਂ ਦੇ ਢੱਠੇ ਮਾਂਗੂੰ ਐਂਮੇ ਨਾ ਪੂਛ ਚੱਕ ਚੱਕ ਮੋਕ ਮਾਰੀ ਜਾਓ-ਆਪਾਂ ਪੁਲਸ ਆਲੇ ਐਂ-ਪੰਜਾਬ 'ਤੇ ਅੱਜ ਕੱਲ੍ਹ ਆਪਣਾ ਰਾਜ ਐ-ਮਾੜੀ ਮੋਟੀ ਟੱਸ ਫੜੋ-ਮਾੜੇ ਇੰਜਣ ਮਾਂਗੂੰ ਐਂਮੇ ਨਾ ਧੂੰਆਂ ਮਾਰੀ ਜਾਓ!" ਅਜੇ ਉਹ ਗੱਲਾਂ ਹੀ ਕਰ ਰਹੇ ਸਨ ਕਿ ਮੇਜ 'ਤੇ ਪਿਆ ਟੈਲੀਫੋਨ "ਟਰਰ-ਟਰਰ" ਕਰਕੇ ਖੜਕ ਪਿਆ। ਠਾਣੇਦਾਰ ਨੇ ਚੁੱਕ ਲਿਆ। ਟੈਲੀਫੋਨ ਹਸਪਤਾਲ ਤੋਂ ਹੌਲਦਾਰ ਦਾ ਸੀ। ਉਹ ਕਾਫੀ ਘਬਰਾਇਆ ਹੋਇਆ ਸੀ।
-"ਹੈਲੋ...! ਗਰੇਵਾਲ ਸਾਹਬ ਬੋਲ ਰਹੇ ਐ...?"
-"ਹਾਂ-ਮੈਂ ਗਰੇਵਾਲ ਬੋਲਦੈਂ-ਕੀ ਗੱਲ ਐ...?" ਉਸ ਨੇ ਕੁਰਸੀ ਖਿੱਚ ਕੇ ਫ਼ੋਨ ਕੋਲ ਨੂੰ ਕਰ ਲਈ। ਮੁਣਸ਼ੀ ਟਿਕਟਿਕੀ ਲਾ ਕੇ ਠਾਣੇਦਾਰ ਵੱਲ ਝਾਕ ਰਿਹਾ ਸੀ।
-"ਹਜੂਰ ਜਿਹੜੇ ਅੱਤਿਵਾਦੀਆਂ ਦੀਆਂ ਲਾਸ਼ਾਂ ਅਸੀਂ ਪੋਸਟ ਮਾਰਟਮ ਲਈ ਲੈ ਕੇ ਗਏ ਸੀ-ਉਹਨਾਂ 'ਚੋਂ ਇੱਕ ਜਿਉਂਦਾ ਐ।" ਹੌਲਦਾਰ ਨੇ ਅਜ਼ੀਬ ਹੀ ਭਾਖਿਆ ਦਿੱਤੀ।
-"ਇਹ ਕਿਵੇਂ ਹੋ ਸਕਦੈ? ਐਥੋਂ ਤਾਂ ਮਰੇ ਵੇ ਲੈ ਕੇ ਗਏ ਓਂ?" ਠਾਣੇਦਾਰ ਸਤੰਭ, ਮਜੌਰਾਂ ਦੀ ਮਾਂ ਵਾਂਗ ਝਾਕ ਰਿਹਾ ਸੀ। ਮੁਣਸ਼ੀ ਨਜ਼ਰਾਂ ਦੀ ਸਿ਼ਸ਼ਤ ਬੰਨ੍ਹੀ ਬੈਠਾ ਸੀ।
-"ਹਜੂਰ ਉਹਦੇ ਸਿਰਫ਼ ਲੱਤਾਂ 'ਚ ਈ ਗੋਲੀਆਂ ਲੱਗੀਐਂ-ਸਿਰਫ਼ ਬੇਹੋਸ਼ ਈ ਹੋਇਆ ਸੀ-ਹੁਣ ਉਸ ਨੂੰ ਹੋਸ਼ ਆ ਗਈ ਐ ਕੀ ਕਰੀਏ? ਇਲਾਜ ਲਈ ਦਾਖ਼ਲ ਕਰਵਾ ਦੇਈਏ?" ਹੌਲਦਾਰ ਅੱਖੀਂ ਦੇਖਿਆ ਦ੍ਰਿਸ਼ ਦੱਸ ਰਿਹਾ ਸੀ।
-"ਕਿਉਂ ਇਹਨੂੰ ਸਾਕ ਕਰਨੈਂ..? ਅੱਤਿਵਾਦੀ ਪ੍ਰੈੱਸ ਅਤੇ ਪੁਲੀਸ ਦੀਆਂ ਨਜ਼ਰਾਂ 'ਚ ਮਰ ਚੁੱਕਿਐ-ਇਹ ਕਿਸੇ ਵੀ ਹਾਲਤ 'ਚ ਬਚਣਾ ਨਹੀਂ ਚਾਹੀਦਾ-ਇੱਕ ਮਿੰਟ, ਇੱਕ ਮਿੰਟ ਹੋਲਡ ਕਰ...।" ਠਾਣੇਦਾਰ ਰਿਸੀਵਰ ਦੇ ਮੂੰਹ 'ਤੇ ਹੱਥ ਰੱਖ ਕੇ ਮੁਣਸ਼ੀ ਨੂੰ ਸੰਬੋਧਨ ਹੋਇਆ, "ਉਹਨਾਂ 'ਚੋਂ ਇੱਕ ਜਿਉਂਦੈ-ਸਿਰਫ਼ ਲੱਤਾਂ 'ਚ ਗੋਲੀਆਂ ਲੱਗਣ ਕਾਰਨ ਫੱਟੜ ਐ-ਕੀ ਕਰੀਏ...?"
-"ਸਰਕਾਰ ਇਹਨਾਂ ਨੂੰ ਕਹੋ ਬਈ ਉਹਨੂੰ ਕਿਤੇ ਬਾਹਰ ਲਿਜਾ ਕੇ ਪੁੜਪੜੀ 'ਚ ਦੋ ਗੋਲੀਆਂ ਮਾਰੋ ਤੇ ਫੇਰ ਹਸਪਤਾਲ ਸੁੱਟ ਆਓ-ਉਹਦੇ ਬਿਨਾਂ ਆਖਰ ਥੁੜਿਆ ਕੀ ਪਿਐ?" ਮੁਣਸ਼ੀ ਨੇ ਅੱਗਾ ਵਲਦਿਆਂ ਕਿਹਾ।
-"ਹੌਲਦਾਰ...! ਤੂੰ ਫ਼ੋਨ ਕਿੱਥੋਂ ਕਰਦੈਂ...?"
-"ਹਸਪਤਾਲ ਤੋਂ ਈ ਸਰ।"
-"ਤੇਰੇ ਕੋਲ਼ ਕੌਣ ਐਂ?"
-"ਮੈਂ 'ਕੱਲਾ ਈ ਆਂ ਜਨਾਬ।"
-"ਫੇਰ ਇਉਂ ਕਰ-ਇਹਨੂੰ ਦੁੱਗ ਨੂੰ ਕਿਤੇ ਬਾਹਰ ਲਿਜਾ ਕੇ ਖ਼ਤਮ ਕਰੋ ਤੇ ਚਾਰ ਵਜੇ ਤੋਂ ਪਹਿਲਾਂ ਪਹਿਲਾਂ ਹਸਪਤਾਲ ਪਹੁੰਚਦਾ ਕਰ ਦਿਓ-ਪੂਰੀ ਸਾਵਧਾਨੀ ਵਰਤਣੀ ਐਂ-ਹੁਣ ਤਿੰਨ ਵੱਜੇ ਐ-ਸਿਰਫ ਇੱਕ ਘੰਟਾ ਤੁਹਾਡੇ ਕੋਲ ਸਮਾਂ ਐਂ-ਜਲਦੀ ਕਰੋ।" ਪੱਥਰ ਹੋਏ ਠਾਣੇਦਾਰ ਨੇ ਫ਼ੋਨ ਰੱਖ ਦਿੱਤਾ।
-"ਚਲੋ ਸਰਦਾਰ ਅੰਦਰਲਿਆਂ ਦੀ ਵੀ ਖਬਰ ਲਈਏ-ਕਿਤੇ ਸਿਉਂਕ ਈ ਨਾ ਲੱਗ ਜਾਵੇ-ਤੁਸੀਂ ਮਾੜਾ ਜਿਆ ਮੂੜ੍ਹ ਠੀਕ ਕਰੋ-ਮੈਂ ਚਾਹ ਧਰਵਾ ਕੇ ਆਇਆ।"
ਮੁਣਸ਼ੀ ਚਲਾ ਗਿਆ।
ਠਾਣੇਦਾਰ ਨੇ ਸਕੀਮਾਂ ਉਲੀਕਣੀਆਂ ਸੁਰੂ ਕਰ ਦਿੱਤੀਆਂ। ਉਹ ਗੱਲ ਤੋਰਨ ਲਈ ਸਿਰਾ ਲੱਭ ਰਿਹਾ ਸੀ। ਮੇਜ਼ 'ਤੇ ਉਹ ਸਿਰ ਰੱਖੀ ਸਕੀਮਾਂ ਘੜ੍ਹ ਰਿਹਾ ਸੀ। ਦਿਮਾਗ ਅੰਦਰ ਸੋਚਾਂ ਦੀ ਘੋੜ ਦੌੜ ਬਰਾਬਰ ਜਾਰੀ ਸੀ।
ਮੁਣਸ਼ੀ ਚਾਹ ਲੈ ਕੇ ਆ ਗਿਆ।
ਚਾਹ ਪੀ ਕੇ ਉਹ ਕਾਕੇ ਅਤੇ ਪ੍ਰੀਤਮ ਸਿੰਘ ਜੈਲਦਾਰ ਕੋਲ ਪਹੁੰਚ ਗਏ। ਉਹ ਹਵਾਲਾਤ ਵਿਚ ਨਹੀਂ, ਠਾਣੇ ਦੀ ਪਿਛਲੀ 'ਘਚੋਰ੍ਹ' ਜਿਹੀ ਵਿਚ ਤਾੜੇ ਹੋਏ ਸਨ। ਅੰਦਰ ਬਿਜਲੀ ਦੇ ਵੱਡੇ ਲਾਟੂ ਨੇ ਦਿਨ ਚੜ੍ਹਾ ਰੱਖਿਆ ਸੀ। ਠਾਣੇਦਾਰ ਅਤੇ ਮੁਣਸ਼ੀ ਦੇ ਪਿੱਛੇ ਗਿਆਰਾਂ ਹਥਿਆਰਬੰਦ, ਤਿਆਰ-ਬਰ-ਤਿਆਰ ਸਿਪਾਹੀ ਖੜ੍ਹੇ ਸਨ।
ਠਾਣੇਦਾਰ ਦੇ ਇਸ਼ਾਰੇ 'ਤੇ ਜੈਲਦਾਰ ਅਤੇ ਕਾਕੇ ਨੂੰ ਵੱਖ ਕਰ ਲਿਆ। ਹੁਣ ਜੈਲਦਾਰ ਅਤੇ ਠਾਣੇਦਾਰ ਆਹਮੋਂ-ਸਾਹਮਣੇਂ ਖੜ੍ਹੇ ਸਨ। ਮੁਣਸ਼ੀ ਅਤੇ ਸਾਰੇ ਸਿਪਾਹੀ ਠਾਣੇਦਾਰ ਦੇ ਪਿੱਛੇ ਕੰਧ ਬਣੇ ਹੋਏ ਸਨ।
-"ਹਾਂ ਬਈ ਪ੍ਰੀਤਮ ਸਿਆਂ ਕੀ ਹਾਲ ਚਾਲ ਐ?"
-".........।" ਜੈਲਦਾਰ ਚੁੱਪ ਰਿਹਾ। ਹੱਥਕੜੀਆਂ ਅਤੇ ਬੇੜੀਆਂ ਵਿਚ ਜਕੜਿਆ ਉਹ ਬੁਰੀ ਤਰ੍ਹਾਂ ਪੀੜਿਆ ਪਿਆ ਸੀ। ਅੰਦਰੋਂ ਉਹ ਜਵਾਲਾ ਮੁਖੀ ਦੀ ਤਰ੍ਹਾਂ ਸੁੰਧਕ ਰਿਹਾ ਸੀ।
-"ਖ਼ੈਰ ਪ੍ਰੀਤਮ ਸਿਆਂ ਆਖਰ ਆਪਣੇ ਮੇਲੇ ਹੋ ਹੀ ਗਏ-ਧਰਮ ਨਾਲ ਤੈਨੂੰ ਮਿਲਣ ਨੂੰ ਬਹੁਤ ਜੀਅ ਕਰਦਾ ਸੀ।"
-".........।"
-"ਮੈਂ ਨਿੱਡਰ ਅਤੇ ਦਲੇਰ ਬੰਦੇ ਦੀ ਦਿਲੋਂ ਕਦਰ ਕਰਦੈਂ-ਠਾਣੇ ਦੇ ਅੰਦਰ ਆ ਕੇ ਹਮਲਾ ਕਰਨਾ ਨਿੱਡਰਤਾ ਨਹੀਂ ਤਾਂ ਹੋਰ ਕੀ ਐ? ਕਿਲ੍ਹੇ ਵਾਲੇ ਸਦਰ ਠਾਣੇ 'ਚ ਧਾਵਾ ਕੋਈ ਦਿਲ ਗੁਰਦੇ ਵਾਲਾ ਦਲੇਰ ਬੰਦਾ ਈ ਕਰ ਸਕਦੈ-ਆਸ਼ਕੇ ਪ੍ਰੀਤਮ ਸਿਆਂ ਤੇਰੀ ਦਲੇਰੀ ਦੇ-।"
-"........।"
-"ਤੂੰ ਇਹ ਧਾਵਾ ਆਪਣੇ ਮਾਈ ਬਾਪ ਛੁਡਾਉਣ ਲਈ ਈ ਕੀਤਾ ਸੀ ਨਾ? ਮੁਣਸ਼ੀ.....!"
-"ਜੀ ਹਜੂਰ...?"
-"ਪ੍ਰੀਤਮ ਸਿੰਘ ਦੇ ਮਾਂ-ਪਿਉ ਛੱਡ ਦਿਓ...!"
-"ਜੋ ਹੁਕਮ ਹਜੂਰ!" ਮੁਣਸ਼ੀ ਚਲਾ ਗਿਆ। ਪਰ ਜੈਲਦਾਰ ਦਾ ਚਿਹਰਾ ਟੱਸ ਤੋਂ ਮੱਸ ਨਾ ਹੋਇਆ। ਉਹ ਸਿਲ਼-ਪੱਥਰ ਵਾਂਗ ਅਹਿਲ ਖੜ੍ਹਾ ਸੀ। ਮਾਂ-ਬਾਪ ਕਿਸ ਨੇ ਛੱਡਣੇ ਸਨ? ਮੁਣਸ਼ੀ ਐਂਵੇਂ ਹੀ ਭਲਵਾਨੀ ਗੇੜਾ ਦੇ ਕੇ ਕੁਝ ਪਲਾਂ ਵਿਚ ਵਾਪਿਸ ਆ ਗਿਆ।
-"ਛੱਡ ਦਿੱਤੇ ਸਰਕਾਰ!"
-"ਬਹੁਤ ਅੱਛੇ-ਹਾਂ ਬਈ ਪ੍ਰੀਤਮ ਸਿਆਂ ਹੁਣ ਖੁਸ਼ ਐਂ?"
-".........।"
-"ਹਾਂ-ਹੁਣ ਇਹ ਦੱਸ ਬਈ ਤੇਰੇ ਨਾਲ ਦਾ ਮੁੰਡਾ ਕੌਣ ਐ? ਤੇ ਕਿਹੜੇ ਪਿੰਡ ਦਾ ਐ? ਸਵੇਰ ਦਾ ਮੌਕੈ-ਬਚਨ ਦਿੰਨੈਂ-ਜੇ ਸਾਨੂੰ ਸਹਿਯੋਗ ਦੇਵੇਂਗਾ-ਤੱਤੀ ਵਾਅ ਨਹੀਂ ਲੱਗਣ ਦਿੰਦਾ-ਨਹੀਂ ਤੈਨੂੰ ਸਾਡੇ ਕਾਨੂੰਨਾਂ ਦਾ ਪਤਾ ਈ ਐ।" ਹਮਦਰਦੀ ਦੇ ਨਾਲ ਨਾਲ ਠਾਣੇਦਾਰ ਨੇ ਧਮਕੀ ਵੀ ਦੇ ਮਾਰੀ।
-".........।" ਜੈਲਦਾਰ ਨੇ ਗਹਿਰੀ ਅੱਖ ਨਾਲ ਠਾਣੇਦਾਰ ਵੱਲ ਤੱਕਿਆ। ਉਸ ਦੀਆਂ ਅੱਖਾਂ 'ਚੋਂ ਰੱਤ ਚੋਅ ਰਹੀ ਸੀ। ਲਾਲ ਗੇਰੂ ਅੱਖਾਂ ਵਿਚ ਕੋਈ ਤਬਾਹੀ ਹਰਕਤ ਕਰ ਰਹੀ ਸੀ।
-"ਪ੍ਰੀਤਮ ਸਿਆਂ-ਜੋਸ਼ ਹਮੇਸ਼ਾ ਹੋਸ਼ ਤੋਂ ਮਾਰ ਖਾਂਦੈ-ਦਸਵੇਂ ਪਾਤਸ਼ਾਹ ਦੀ ਕਸਮ ਖਾ ਕੇ ਕਹਿੰਨੈ-ਅਗਰ ਤੂੰ ਵਾਅਦਾ ਮੁਆਫ਼ ਗਵਾਹ ਬਣ ਜਾਵੇਂ-ਸਿੱਧਾ ਬਰੀ! ਪੁਲਸ ਦੀ ਨੌਕਰੀ ਤੈਨੂੰ ਮੈਂ ਦਿਵਾਊਂ-ਐਨੇ ਬੰਦੇ ਸੁਣਦੇ ਐ-ਵਾਅਦਾ ਰਿਹਾ।" ਠਾਣੇਦਾਰ ਪੋਚ-ਪੋਚ ਕੇ ਗੱਲਾਂ ਕਰ ਰਿਹਾ ਸੀ।
-"ਸਾਡੇ ਕਾਨੂੰਨ ਦੀ ਕਿਤਾਬ 'ਚ ਗੱਦਾਰੀ ਕਿਤੇ ਨਹੀਂ ਲਿਖੀ ਸਰਦਾਰਾ-ਤੂੰ ਜੋ ਜੀਅ ਆਵੇ ਕਰ!" ਜੈਲਦਾਰ ਨੇ ਪਹਿਲੀ ਵਾਰ ਮੂੰਹ ਖੋਲ੍ਹਿਆ ਸੀ।
ਠਾਣੇਦਾਰ ਹੱਸ ਪਿਆ।
-"ਡੂੰਘਾ ਸੋਚ ਕੇ ਦੇਖ-ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦੇ ਫਿਰਦੇ ਓ-ਕੀ ਫਾਇਦਾ? ਥੋਡੇ ਅੱਗੇ ਪਿੱਛੇ ਚੌਵੀ ਘੰਟੇ ਮੌਤ ਕੂਕਦੀ ਐ-ਰੋਟੀਆਂ ਦੀ ਖਾਤਰ ਤੁਸੀਂ ਬਿਰ ਬਿਰ ਕਰਦੇ ਫਿਰਦੇ ਓਂ-ਇੱਕ ਗੱਲ ਮੇਰੀ ਲੜ ਬੰਨ੍ਹ ਲਈਂ ਪ੍ਰੀਤਮ ਸਿਆਂ-ਖ਼ਾਲਿਸਤਾਨ ਥੋਨੂੰ ਕਿਸੇ ਕੰਜਰ ਨੇ ਨਹੀ ਦੇਣਾ-ਥੋਡੇ ਹਿੱਸੇ ਤਾਂ ਬਲ਼ਦੀ ਗੋਲੀ ਈ ਆਉਣੀ ਐਂ-ਜਦੋਂ ਮਰਜ਼ੀ ਐ ਖਾ ਲਇਓ।"
-"ਅਸੀਂ ਤਾਂ ਘਰੋਂ ਮਰਨਾ ਮਿੱਥ ਕੇ ਈ ਤੁਰੇ ਐਂ ਸਰਦਾਰਾ-ਡਰਾਵੇ ਜਿਹੇ ਕਾਹਨੂੰ ਦੇਈ ਜਾਨੈਂ?"
-"ਕਿਸੇ ਬੁੜ੍ਹੀ ਨੇ ਆਖਿਆ ਸੀ-ਬਈ ਪੁੱਤ ਚਾਹੇ ਸਾਰਾ ਪਿੰਡ ਮਰਜੇ-ਪਰ ਤੂੰ ਨੰਬਰਦਾਰ ਨਹੀਂ ਬਣਦਾ-ਇਹ ਹੀ ਤੇਰਾ ਦੁਖਾਂਤ ਐ-ਮੈਂ ਸ਼ਰਤ ਕਰਕੇ ਲਿਖ ਕੇ ਦਿੰਨੈਂ ਬਈ ਤੇਰੇ ਜਿਉਂਦੇ ਜੀਅ ਖ਼ਾਲਿਸਤਾਨ ਨਹੀਂ ਬਣਦਾ-ਕਾਹਨੂੰ ਐਮੇਂ ਘੁਲਾੜ੍ਹੇ 'ਚ ਬਾਂਹ ਦਿੰਨੈ?"
-"ਇਹ ਬਾਂਹ ਤਾਂ ਕਦੋਂ ਦੀ ਦਿੱਤੀ ਐ ਸਰਦਾਰਾ-।"
-"ਪ੍ਰੀਤਮ ਸਿਆਂ ਦੇਖ ਲੈ-ਮੈਂ ਤੇਰੇ ਨਾਲ ਕਿੰਨੀ ਨਰਮਾਈ ਵਰਤਦੈਂ ਤੇ ਤੂੰ-।"
-"ਬਿੱਲੀ ਲੱਖ ਮਾਸੀ ਬਣੇ ਚੂਹੇ ਨੂੰ ਆਬਦੇ ਹਸ਼ਰ ਦਾ ਪ੍ਰਤੱਖ ਪਤਾ ਹੁੰਦੈ।"
-"ਮੈਂ ਤੇਰੀ ਜੁਆਨੀ 'ਤੇ ਤਰਸ ਕਰਦੈਂ-ਅਜੇ ਵੀ ਡੁੱਲ੍ਹਿਆਂ ਬੇਰਾਂ ਦਾ ਕੁਛ ਨਹੀਂ ਵਿਗੜਿਆ।"
-"ਸਰਦਾਰਾ ਤੈਨੂੰ ਰਣਜੋਧ ਦੀ ਜੁਆਨੀ 'ਤੇ ਤਰਸ ਨਹੀਂ ਆਇਆ? ਹੋਰ ਤਾਂ ਹੋਰ ਤੂੰ ਤਾਂ ਬਾਬੇ ਜਪਨਾਮ ਦੇ ਬੁੜ੍ਹਾਪੇ 'ਤੇ ਵੀ ਤਰਸ ਨਹੀਂ ਕੀਤਾ-ਮੈਂ ਤੇਰੇ 'ਤੇ ਕਿਵੇਂ 'ਤਬਾਰ ਕਰ ਲਵਾਂ? ਦੁੱਧ ਦੀ ਰਾਖੀ ਬਿੱਲਾ ਬਿਠਾਇਆ ਕਦੇ ਭਦਰਕਾਰੀ ਨਹੀਂ ਕਰਦਾ-ਕੁੱਤੇ ਦੇ ਮੂੰਹ ਲਹੂ ਲੱਗਿਆ ਮਾੜਾ ਈ ਮਾੜਾ ਹੁੰਦੈ।"
ਠਾਣੇਦਾਰ ਨਿਰੁੱਤਰ ਹੋ ਗਿਆ। ਉਸ ਨੂੰ ਆਸ ਨਹੀਂ ਸੀ ਕਿ ਅਨਪੜ੍ਹ ਪ੍ਰੀਤਮ ਇਤਨਾ ਹਾਜ਼ਰ ਜਵਾਬ ਨਿਕਲੇਗਾ?
-"ਦੇਖ ਪ੍ਰੀਤਮਾਂ-ਮੈਂ ਤੇਰੇ ਨਾਲ ਅਜੇ ਵੀ ਹਲੀਮੀ ਵਰਤਦੈਂ-ਸਿੱਧੀ ਤਰ੍ਹਾਂ ਪੰਜਾਲੀ ਹੇਠ ਆ-ਜੇਂਗਾ ਸੌਖਾ ਰਹੇਂਗਾ-ਨਹੀਂ ਸਾਡੇ ਕੋਲ ਹੋਰ ਫਾਰਮੂਲੇ ਬਹੁਤ ਐ।" ਠਾਣੇਦਾਰ ਨੇ ਡਰ ਦਿੱਤਾ।
-"ਹੋਰ ਸਰਦਾਰਾ ਕੀ ਕਰੇਂਗਾ? ਗੋਲੀ ਈ ਮਾਰੇਂਗਾ? ਇਸ ਤੋਂ ਵੱਧ ਤੂੰ ਕੁਛ ਨਹੀਂ ਕਰ ਸਕਦਾ-ਗੋਲੀ ਖਾਣ ਨੂੰ ਮੈਂ ਤਿਆਰ ਐਂ।"
-"ਨਹੀਂ-ਗੋਲੀ ਮਾਰਨਾ ਤਾਂ ਸਾਡਾ ਆਖਰੀ ਦਾਅ ਐ-ਉਸ ਤੋਂ ਪਹਿਲਾਂ ਸਾਡੇ ਕੋਲ ਹੋਰ ਬਥੇਰ੍ਹੇ ਨੁਸਕੇ ਐ-ਫੇਰ ਨਾ ਆਖੀਂ ਦੱਸਿਆ ਨਹੀਂ-ਫੇਰ ਦੋਸ਼ੀ ਤੂੰ ਹੋਵੇਂਗਾ-ਅਸੀਂ ਨਹੀਂ।"
-"ਉਹ ਵੀ ਸਰਦਾਰਾ ਦੱਸ ਲੈ।"
-"ਕਹਿੰਦੇ ਐ ਲੜਾਈ ਅਤੇ ਮੁਹੱਬਤ ਵਿਚ ਸਭ ਕੁਛ ਜਾਇਜ ਐ-ਕੋਈ ਪੁੰਨ ਪਾਪ ਨਹੀਂ-ਅਸੀਂ ਤਾਂ ਬੁੜ੍ਹੀਆਂ ਵੀ ਨੰਗੀਆਂ ਕਰ ਸਕਦੇ ਐਂ-ਕਾਹਨੂੰ ਆਬਦੀ ਬਜੁਰਗ ਮਾਂ ਦੀ ਪਤ ਰੋਲਣ 'ਤੇ ਤੁਲਿਐਂ?"
ਜੈਲਦਾਰ ਦੀਆਂ ਅੱਖਾਂ 'ਚੋਂ ਜੁਆਲਾ ਮੁਖੀ ਫ਼ਟ ਗਿਆ। ਉਸ ਨੇ ਹੱਥਕੜੀ ਵਾਲੇ ਹੱਥ ਜੋੜ ਕੇ ਠਾਣੇਦਾਰ ਦਾ ਮੂੰਹ ਸੇਕ ਦਿੱਤਾ। ਗਰੇਵਾਲ ਮੱਕੀ ਦੇ ਗੁੱਲ ਵਾਂਗ ਫ਼ਰਸ਼ 'ਤੇ ਡਿੱਗਿਆ। ਉਸ ਦੇ ਨੱਕ 'ਚੋਂ ਖੂਨ ਚੱਲ ਪਿਆ ਸੀ। ਸਿਰੋਂ ਪੱਗ ਲਹਿ ਕੇ ਦੂਰ ਜਾ ਡਿੱਗੀ ਸੀ।
ਸਿਪਾਹੀਆਂ ਨੇ ਜੈਲਦਾਰ ਨੂੰ ਜਕੜ ਲਿਆ।
ਉਹ ਭੂਸਰੇ ਸਾਹਣ ਵਾਂਗ ਫੂੰਕਾਰੇ ਮਾਰ ਰਿਹਾ ਸੀ।
ਇੱਕ ਖੂੰਜਿਓਂ ਲੱਕੜ ਦਾ ਬਾਲਾ ਚੁੱਕ ਕੇ ਠਾਣੇਦਾਰ ਨੇ ਜੈਲਦਾਰ ਨੂੰ ਕੋਹਣਾ ਸੁਰੂ ਕਰ ਦਿੱਤਾ। ਪਰ ਜੈਲਦਾਰ ਕੀ ਬਲਾਅ ਸੀ, ਉਸ ਨੇ ਮੂੰਹੋਂ "ਹਾਏ" ਤੱਕ ਨਾ ਕਿਹਾ। ਅਖੀਰ ਹਫ਼ ਕੇ ਠਾਣੇਦਾਰ ਨੇ ਆਪ ਹੀ ਬਾਲਾ ਦੂਰ ਵਗਾਹ ਮਾਰਿਆ।
ਸਿਪਾਹੀ ਬਚਾਅ ਲਈ ਪਿੱਛੇ ਹੱਟ ਗਏ।
-"ਲੈ ਕੁੱਤੀਏ ਝੜ੍ਹੰਮੇਂ ਫੇਰ ਮੂੰਹ ਤੋਂ ਦੀ ਹੱਥ-ਜੇ ਨਾ ਤੇਰਾ ਮੁਕਾਬਲਾ ਬਣਾਇਆ ਤਾਂ ਮੈਨੂੰ ਅਸਲੀ ਪਿਉ ਦੀ ਸੱਟ ਨਾ ਜਾਣੀਂ-।" ਉਹ ਖੂਨੋਂ ਖੂਨ ਹੋਈਆਂ ਨਾਸਾਂ ਪੂੰਝਦਾ ਆਖ ਰਿਹਾ ਸੀ।
-"ਹੋਰ ਤੂੰ ਕੁੱਤਿਆ ਕਮੀਨਗੀ ਤੋਂ ਬਿਨਾ ਕਰ ਵੀ ਕੀ ਸਕਦੈਂ? ਜਾਂ ਤਾਂ ਖੋਲ੍ਹ ਪਿਉ ਦੇ ਹੱਥ ਪੈਰ-ਦਿਖਾਮਾ ਤੈਨੂੰ ਧਰਮਰਾਜ ਦਾ ਘਰ।" ਜੈਲਦਾਰ ਵੀ ਫ਼ੱਟੜ ਸ਼ੇਰ ਵਾਂਗ ਦਹਾੜਿਆ।
-"ਕੁੱਤੀ ਦਿਆ ਪੁੱਤਾ! ਕੁੱਤਿਆ ਚੂਹੜ੍ਹਿਆ! ਜੇ ਨਾ ਥੋਡੀ ਬੁੜ੍ਹੀ ਨੂੰ ਅਲਫ਼ ਨੰਗੀ ਕਰਕੇ ਤੇਰੇ ਸਾਹਮਣੇ ਘੜੀਸਿਆ ਮੈਨੂੰ ਗਰੇਵਾਲ ਨਾ ਆਖੀਂ।"
-"ਉਏ ਹਰਾਮ ਦਿਆ ਤੁਖਮਾਂ-ਕੁੱਤਿਆ ਠਾਣੇਦਾਰਾ.....!!" ਸਿਪਾਹੀਆਂ ਤੋਂ ਜਕੜ ਛੁਡਾ ਕੇ ਉਸ ਨੇ ਫਿਰ ਠਾਣੇਦਾਰ ਨੂੰ ਢਾਹ ਲਿਆ। ਹੱਥਕੜੀ ਵਾਲੀ ਕਲੰ੍ਹਗੜੀ ਉਸ ਨੇ ਠਾਣੇਦਾਰ ਦੀ ਗਰਦਨ ਦੁਆਲੇ ਕਸ ਲਈ। ਇੱਕ ਤਰ੍ਹਾਂ ਨਾਲ ਜਿੰਦਰੇ ਲੱਗ ਗਏ ਸਨ। ਠਾਣੇਦਾਰ ਦਾ ਦਮ ਘੁੱਟਿਆ ਗਿਆ। ਉਪਰੋਂ ਸਿਪਾਹੀ ਬੜੀ ਬੇਰਹਿਮੀ ਨਾਲ ਜੈਲਦਾਰ ਦੇ ਸਿਰ ਅਤੇ ਮੋਢਿਆਂ ਉਪਰ ਰਾਈਫ਼ਲਾਂ ਦੇ ਬੱਟ ਵਰ੍ਹਾਈ ਜਾ ਰਹੇ ਸਨ। ਉਸ ਦੇ ਸਿਰ ਵਿਚ ਸੱਟਾਂ ਕਾਰਨ ਰੋਂਭੜ੍ਹੇ ਪੈ ਗਏ। ਚੀਸਾਂ ਨਾਲ ਸਿਰ ਵਿਚੋਂ ਅੱਗ ਨਿਕਲਣ ਲੱਗ ਪਈ। ਕੁੱਟ ਨਾਲ ਜੈਲਦਾਰ ਬੌਂਦਲ ਗਿਆ। ਉਸ ਦੇ ਹੱਥ ਢਿੱਲੇ ਪੈ ਗਏ। ਸਿਪਾਹੀਆਂ ਨੇ ਸਹਾਰੇ ਨਾਲ ਠਾਣੇਦਾਰ ਨੂੰ ਹੇਠੋਂ ਕੱਢ ਲਿਆ। ਉਸ ਦੀ ਗਰਦਨ ਸੁੱਜ ਕੇ "ਚਿਲੂੰ-ਚਿਲੂੰ" ਕਰਨ ਲੱਗ ਪਈ ਸੀ। ਵਰਦੀ ਦੇ ਬਟਨ ਖੋਲ੍ਹ ਕੇ ਉਸ ਨੇ ਲੰਮੇਂ ਲੰਮੇਂ ਸਾਹ ਲੈਣੇ ਸੁਰੂ ਕਰ ਦਿੱਤੇ। ਉਹ ਬੁਰੀ ਤਰ੍ਹਾਂ ਨਾਲ ਮਧੋਲਿਆ ਗਿਆ ਸੀ।
ਇੱਕ ਸਿਪਾਹੀ ਖ਼ਬਰ ਲੈ ਕੇ ਆਇਆ।
-"ਸਰਦਾਰ-ਹੌਲਦਾਰ ਹੋਰੀਂ ਆ ਗਏ।"
-"ਇਹਨੂੰ ਸਿੱਟੋ ਅੰਦਰ ਮੇਰੇ ਸਹੁਰੇ ਨੂੰ-।" ਠਾਣੇਦਾਰ ਨੇ ਹੁਕਮ ਕੀਤਾ ਤਾਂ ਸਿਪਾਹੀ ਜੈਲਦਾਰ ਨੂੰ ਧੂਹ ਤੁਰੇ।
-"ਲੈ ਪੁੱਤ-ਜਿਹੜੇ ਗੁਰੂ ਪੀਰ ਨੂੰ ਧਿਆਉਣਾ ਹੋਇਆ ਧਿਆ ਲਈਂ-ਤੇਰੇ ਵਾਰੰਟ ਆ ਗਏ ਐ-ਜੇ ਮੈਂ ਨਾ ਤੈਨੂੰ ਬੱਕਰੇ ਮਾਂਗੂੰ ਕੁਤਰਿਆ-ਮੈਨੂੰ ਗਰੇਵਾਲ ਪਿਉ ਦੀ ਨਾ ਕਿਸੇ ਚੂਹੜ੍ਹੇ ਦੀ ਸੱਟ ਸਮਝੀਂ...!" ਪਿੱਛੋਂ ਠਾਣੇਦਾਰ ਨੇ ਸੁਣਾਈ ਕੀਤੀ।
ਸਵੇਰ ਦੇ ਪੰਜ ਵੱਜਣ ਵਾਲੇ ਸਨ।
ਠਾਣੇਦਾਰ ਨੇ ਹੌਲਦਾਰ ਨੂੰ ਬੁਲਾਇਆ। ਦਫ਼ਤਰ ਅੰਦਰ ਉਹ ਦੁਖੀ ਜਿਹਾ ਬੈਠਾ ਸੀ।
-"ਹਾਂ ਬਈ-ਕਰਨ ਆਲਾ ਕੰਮ ਕੀਤਾ?"
-"ਹਾਂ ਜੀ ਕਰਤਾ।"
-"ਤਿੰਨੇ ਲਾਸ਼ਾਂ ਦਾ ਪੋਸਟ ਮਾਰਟਮ ਹੋ ਗਿਆ?"
-"ਹੋ ਗਿਆ ਜੀ।"
-"ਦਵਿੰਦਰ ਦੇ ਘਰਦਿਆਂ ਨੂੰ ਸਿਪਾਹੀ ਭੇਜ ਕੇ ਖ਼ਬਰ ਕਰੋ-ਸਾਹਬ ਦੇ ਪਹੁੰਚਣ ਤੱਕ ਇੱਥੇ ਹਾਜ਼ਰ ਹੋਣ!"
-"ਜੀ ਹਜੂਰ।"
-"ਲਾਸ਼ਾਂ ਅਜੇ ਹਸਪਤਾਲ ਈ ਰਹਿਣ ਦਿਓ!"
-"ਹਜੂਰ ਡਾਕਟਰ ਨਹੀਂ ਮੰਨਦਾ।"
-"ਡਾਕਟਰ ਦੀ ਮਾਂ ਦੀ...! ਹਸਪਤਾਲ ਗੌਰਮਿੰਟ ਦਾ ਐ-ਉਹ ਹਸਪਤਾਲ ਦਾ ਸਾਲਾ ਲੱਗਦੈ? ਆਖ ਦਿਓ ਡੀ. ਜੀ. ਪੀ. ਦਾ ਹੁਕਮ ਐਂ-ਕਹੋ ਐਸ. ਪੀ. ਸਾਹਬ ਆ ਰਹੇ ਐ ਫੇਰ ਵੇਖਾਂਗੇ-।"
-"ਜੀ ਜਨਾਬ।"
-"ਤੂੰ ਹਸਪਤਾਲ ਜਾਹ ਤੇ ਗੁਰਮੀਤ ਨੂੰ ਮੇਰੇ ਕੋਲੇ ਭੇਜ!" ਉਸ ਨੇ ਹੁਕਮ ਦਾ ਮਰੋੜਾ ਚਾੜ੍ਹਿਆ।
-"ਜੀ ਜਨਾਬ।"
-"ਹੌਲਦਾਰ ਚਲਾ ਗਿਆ।
ਗੁਰਮੀਤ ਹਾਜ਼ਰ ਹੋ ਗਿਆ।
-"ਹੁਕਮ ਸਰਕਾਰ?"
-"ਦਸ ਵਜੇ ਸਾਹਬ ਆ ਰਹੇ ਐ।"
-"ਮੈਨੂੰ ਪਤੈ ਹਜੂਰ।"
-"ਹਵਾਲਾਤੀਆਂ ਨੂੰ ਬਾਹਰ ਕੱਢ ਕੇ ਵਿਹੜਾ ਸੰਭਰਨ ਲਾ ਤੇ ਪਾਣੀ ਦਾ ਛਿੜਕਾਅ ਵੀ ਕਰੋ!"
ਗੁਰਮੀਤ ਚਲਾ ਗਿਆ।
ਠਾਣੇ ਦੀ ਸਫ਼ਾਈ ਜੋਰਾਂ ਸ਼ੋਰਾਂ ਨਾਲ ਸੁਰੂ ਹੋ ਗਈ। ਛਿੜਕਾਅ ਕਰ ਦਿੱਤਾ ਗਿਆ। ਹਰ ਚੀਜ਼ ਆਪਣੀ ਆਪਣੀ ਥਾਂ ਟਿਕ ਗਈ। ਕਾਕੇ ਹੋਰਾਂ ਤੋਂ ਫੜੇ ਹਥਿਆਰ ਅਤੇ ਗੋਲੀ ਸਿੱਕਾ ਇੱਕ ਵੱਡੇ ਮੇਜ਼ ਪੋਸ਼ ਵਿਛਾ ਕੇ ਰੱਖ ਦਿੱਤੇ ਗਏ।
ਘਰੋ ਘਰੀ ਪਹੁੰਚੀਆਂ ਅਖ਼ਬਾਰਾਂ ਨੇ ਖ਼ਬਰ ਦੇ ਛਾਣੇਂ ਦੇ ਦਿੱਤੇ। ਮੁੱਖ ਸਫ਼ੇ 'ਤੇ ਮੋਟੀ ਸੁਰਖੀ ਸੀ:
-"ਅੱਤਿਵਾਦੀਆਂ ਵੱਲੋਂ ਠਾਣੇ 'ਤੇ ਜ਼ਬਰਦਸਤ ਹਮਲਾ"
-"ਇੱਕ ਸਿਪਾਹੀ ਅਤੇ ਦੋ ਅੱਤਿਵਾਦੀ ਹਲਾਕ - ਦੋ ਜਿ਼ੰਦਾ ਫੜੇ ਗਏ"
-"ਮੋਗਾ - ਬੀਤੀ ਰਾਤ ਮੋਗਾ ਦੇ ਸਦਰ ਠਾਣੇ ਉਪਰ ਦੁਸ਼ਟ ਸੋਧ ਕਮਾਂਡੋ ਫ਼ੋਰਸ ਵੱਲੋਂ ਇੱਕ ਭਿਆਨਕ ਹਮਲਾ ਕੀਤਾ ਗਿਆ। ਸਿੱਟੇ ਵਜੋਂ ਦੋ ਅੱਤਿਵਾਦੀ ਅਤੇ ਇੱਕ ਸਿਪਾਹੀ ਹਲਾਕ ਹੋ ਗਏ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲੀਸ ਨੇ ਦੋ ਅੱਤਿਵਾਦੀਆਂ ਨੂੰ ਜਿ਼ੰਦਾ ਪਕੜਨ ਦਾ ਦਾਅਵਾ ਕੀਤਾ ਹੈ। ਮਰਨ ਵਾਲੇ ਅੱਤਿਵਾਦੀ ਬਲਬੀਰ ਸਿੰਘ ਬਿੱਲੂ ਅਤੇ ਪ੍ਰਗਟਪ੍ਰੀਤ ਸਿੰਘ ਪ੍ਰੀਤ ਹਨ, ਜਦ ਕਿ ਜਿ਼ੰਦਾ ਹੱਥ ਆ ਜਾਣ ਵਾਲੇ ਪ੍ਰੀਤਮ ਸਿੰਘ ਜੈਲਦਾਰ ਅਤੇ ਮਨਪ੍ਰੀਤ ਸਿੰਘ ਕਾਕਾ ਦੱਸੇ ਜਾਂਦੇ ਹਨ। ਹਮਲਾ ਇਤਨਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਿ ਪੁਲੀਸ ਨੂੰ ਹੋਰ ਫ਼ੋਰਸ ਮੰਗਵਾਉਣੀ ਪਈ। ਸਬੰਧਿਤ ਠਾਣੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਗਰੇਵਾਲ ਅਨੁਸਾਰ ਅਗਰ ਪੁਲੀਸ ਤੁਰੰਤ ਐਕਸ਼ਨ ਨਾ ਲੈਂਦੀ ਤਾਂ ਜਾਨੀ ਨੁਕਸਾਨ ਇਸ ਨਾਲੋਂ ਕਿਤੇ ਵੱਧ ਹੋਣਾ ਸੀ। ਪੁਲੀਸ ਦਾ ਮਾਰਿਆ ਜਾਣ ਵਾਲਾ ਸਿਪਾਹੀ ਦਵਿੰਦਰ ਸਿੰਘ ਸੀ। ਯਾਦ ਰਹੇ ਅੱਤਿਵਾਦੀਆਂ ਵੱਲੋਂ ਠਾਣੇ 'ਤੇ ਕੀਤਾ ਜਾਣ ਵਾਲਾ ਇਹ ਹਮਲਾ, ਪਹਿਲਾ ਹਮਲਾ ਹੈ। ਇਹ ਹਮਲਾ ਕਿਸ ਮਕਸਦ ਲਈ ਕੀਤਾ ਗਿਆ? ਅਜੇ ਤੱਕ ਪਤਾ ਨਹੀਂ ਲੱਗ ਸਕਿਆ।"
ਅਖ਼ਬਾਰ ਅੱਗ ਉੱਗਲ ਰਹੇ ਸਨ। ਖ਼ਬਰ ਦੇ ਐਨ ਉੱਪਰ ਚਾਰੇ ਹਮਲਾਵਰਾਂ ਦੀਆਂ ਫ਼ੋਟੋਆਂ ਸਨ। ਦੋ ਲਾਸ਼ਾਂ ਅਤੇ ਦੋ ਜਿ਼ੰਦਾ!
ਨਸ਼ਰ ਹੋਈਆਂ ਖ਼ਬਰਾਂ ਪੜ੍ਹ ਕੇ ਸਾਰਾ ਇਲਾਕਾ ਦੰਗ ਰਹਿ ਗਿਆ। ਲੋਕਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ। ਠਾਣੇ 'ਤੇ ਹਮਲਾ? ਕਦੇ ਹੋਇਆ ਨਾ ਸੁਣਿਆਂ! ਲੋਹੜ੍ਹਾ!!
ਸਮੇਂ ਤੋਂ ਪਹਿਲਾਂ ਹੀ ਐਸ. ਪੀ. ਇੱਟ ਵਾਂਗ ਆ ਵੱਜਿਆ। ਸਾਰੇ ਸਟਾਫ਼ ਨੂੰ ਹੱਥਾਂ ਪੈਰਾਂ ਦੀ ਪੈ ਗਈ। ਠਾਣੇ ਅੰਦਰ ਇੱਕ ਤਰ੍ਹਾਂ ਨਾਲ ਹਫ਼ੜਾ ਦਫ਼ੜੀ ਪੈ ਗਈ ਸੀ। ਖਾਣ-ਪੀਣ ਦੀਆਂ ਚੀਜ਼ਾਂ ਢੋਹੀਆਂ ਜਾ ਰਹੀਆਂ ਸਨ।
ਐਸ. ਪੀ. ਨੇ ਹਮਲਾਵਰਾਂ ਵੱਲੋਂ ਵਰਤੇ ਗਏ ਹਥਿਆਰ ਨਿਰਖੇ। ਦੋਸ਼ੀਆਂ 'ਤੇ ਸਰਸਰੀ ਨਜ਼ਰ ਮਾਰੀ। ਵਾਰਦਾਤ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਤੋਂ ਉਹ ਬਿਨਾ-ਸ਼ੱਕ, ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੋ ਗਿਆ। ਸਾਰੀ ਨਿਰਖਾ ਪਰਖੀ ਤੋਂ ਬਾਅਦ ਉਸ ਨੇ ਮੀਟਿੰਗ ਸੁਰੂ ਕਰ ਲਈ। ਹੁਣ ਉਹ ਹਰ ਹਾਲਤ ਠੰਢੇ ਮਤੇ ਵਿਚ ਸੀ। ਰਾਤ ਵਾਂਗ ਭੁਸਰਿਆ ਹੋਇਆ ਨਹੀਂ ਸੀ।
-"ਗਰੇਵਾਲ ਖ਼ਬਰਾਂ ਪੜ੍ਹ ਲਈਆਂ...?" ਉਸ ਨੇ ਕੁਝ ਅਖ਼ਬਾਰਾਂ ਠਾਣੇਦਾਰ ਅੱਗੇ ਸੁੱਟਦਿਆਂ ਲੰਬਾ ਸਾਹ ਲੈ ਕੇ ਪੁੱਛਿਆ।
-"ਹਾਂ ਪੜ੍ਹ ਲਈਆਂ ਸਰ!" ਠਾਣੇਦਾਰ ਨੇ ਨੀਵੀਂ ਸੁੱਟ ਲਈ। ਉਸ ਨੂੰ ਧਰਤੀ ਗਰਕਣ ਲਈ ਵਿਹਲ ਨਹੀਂ ਦਿੰਦੀ ਸੀ।
-"ਮੈਂ ਬਹੁਤ ਸ਼ਰਮਿੰਦਾ ਹਾਂ ਸਰ! ਮੈਨੂੰ ਇਸ ਵਾਰ ਮੁਆਫ਼ ਕਰ ਦਿਓ! ਅੱਗੇ ਤੋਂ ਐਸੀ ਗੁਸਤਾਖ਼ੀ ਨਹੀਂ ਹੋਵੇਗੀ।"
-"ਖ਼ੈਰ! ਗਈ ਨੂੰ ਘੋੜੇ ਨਹੀਂ ਮਿਲਦੇ-ਜਿਹੜੀ ਗੱਲ ਹੱਥੋਂ ਨਿਕਲ ਹੀ ਗਈ-ਉਹਦਾ ਕਾਹਦਾ ਪਛਤਾਵਾ ਕਰਨੈਂ-ਦੋਸ਼ੀਆਂ ਨੇ ਕੋਈ ਬਿਆਨ ਦਿੱਤਾ?" ਐਸ. ਪੀ. ਅਸਲ ਟਿਕਾਣੇ ਨੂੰ ਤੁਰਿਆ।
-"ਅਜੇ ਤੱਕ ਨਹੀਂ ਸਰ!"
-"ਕੋਈ ਖ਼ਾਸ ਵਜਾਹ?"
-"ਉਪਰਲੀਆਂ ਕਾਰਵਾਈਆਂ ਕਰਦਿਆਂ ਨੂੰ ਈ ਸਵੇਰ ਹੋ ਗਈ ਸਰ!"
-"ਦੋਸ਼ੀਆਂ ਦੀ ਗ੍ਰਿਫ਼ਤਾਰੀ ਪਾਈ?"
-"ਪਾ ਦਿੱਤੀ ਜਨਾਬ!"
-"ਰੋਜਨਾਮਚਾ ਲਿਆਓ!"
ਰੋਜਨਾਮਚਾ ਹਾਜ਼ਰ ਕਰ ਦਿੱਤਾ ਗਿਆ।
ਰੋਜ਼ਨਾਮਚੇ ਉੱਤੇ ਗ੍ਰਿਫ਼ਤਾਰੀ ਪਾਈ ਹੋਣ ਕਰਕੇ ਐਸ ਪੀ ਨੇ ਆਪਣੇ ਆਪ ਨੂੰ ਹਲਕਾ-ਹਲਕਾ ਮਹਿਸੂਸ ਕੀਤਾ।
-"ਦੂਜੇ ਦੋਸ਼ੀ ਦਾ ਨਾਂ ਅਤੇ ਪਤਾ ਪੁੱਛ ਕੇ ਖਾਲੀ ਥਾਂ ਪੁਰ ਕਰ ਦਿਓ।"
-"ਜੀ ਜਨਾਬ।"
-"ਅੱਜ ਹੀ ਇਲਾਕਾ ਮਜਿਸਟਰੇਟ ਦੇ ਪੇਸ਼ ਕਰਕੇ ਘੱਟੋ ਘੱਟ ਇੱਕ ਹਫ਼ਤੇ ਦਾ ਰਿਮਾਂਡ ਲਓ!"
-"ਜੀ ਜਨਾਬ!"
-"ਇਹਨਾਂ ਨੂੰ ਟਾਰਚਰ ਕਰਕੇ ਸਾਰੇ ਭੇਦ ਬਾਹਰ ਕੱਢੋ!"
-"ਜੀ ਜਨਾਬ!"
-"ਖ਼ਾਸ ਖਿ਼ਆਲ ਰੱਖਣੈਂ ਕਿਤੇ ਖੁਦਕਸ਼ੀ ਨਾ ਕਰ ਜਾਣ-ਪੁਲੀਸ ਦੇ ਵੱਕਾਰ ਦਾ ਸੁਆਲ ਹੈ!"
-"ਜੀ ਜਨਾਬ!"
-"ਸਮੇਂ ਸਮੇਂ ਅਨੁਸਾਰ ਮੈਨੂੰ ਇੰਨਫ਼ਾਰਮੇਸ਼ਨ ਦਿੰਦੇ ਰਹਿਣਾ!"
-"ਜੀ ਜਨਾਬ!"
ਐਸ. ਪੀ. ਤੁਰ ਗਿਆ।
ਠਾਣੇਦਾਰ ਦੀ ਜਾਨ ਵਿਚ ਜਾਨ ਆਈ। ਉਸ ਨੇ ਮੁਣਸ਼ੀ ਨੂੰ ਫਿਰ ਦਫ਼ਤਰ ਸੱਦ ਲਿਆ।
ਮੁਣਸ਼ੀ ਹਾਜ਼ਰ ਸੀ।
-"ਸਾਹਬ ਕਹਿੰਦੈ ਇਹਨਾਂ ਨੂੰ ਅੱਜ ਈ ਇਲਾਕਾ ਮਜਿਸਟਰੇਟ ਦੇ ਪੇਸ਼ ਕਰੋ-ਪਰ ਆਪਣੇ ਕੋਲ ਤਾਂ ਦੂਜੇ ਦੋਸ਼ੀ ਦਾ ਨਾਂ ਵੀ ਹੈ ਨਹੀਂ-ਦਿਨੇਂ ਬੰਦੇ ਕੁੱਟੇ ਨਹੀਂ ਜਾਂਦੇ-ਕੀ ਕਰੀਏ?"
-"ਸਰਕਾਰ-ਉਹਨੂੰ ਭੈਣ ਚੋਦ ਨੂੰ ਹਵਾਲਾਤੀਆਂ ਦੀਆਂ ਨਜ਼ਰਾਂ ਵਿਚ ਦੀ ਕੱਢੋ-ਕੀ ਐ ਕੋਈ ਪਛਾਣ ਈ ਲਵੇ-ਇਹ ਪਿੰਡਾਂ 'ਚੋਂ ਉਠ ਕੇ ਈ ਅੱਤਵਾਦੀ ਬਣੇ ਐਂ-ਅਸਮਾਨੋਂ ਤਾਂ ਉੱਤਰ ਈ ਨਹੀਂ ਆਏ?"
ਠਾਣੇਦਾਰ ਦੇ ਗੱਲ ਦਿਲ ਨੂੰ ਲੱਗੀ ਸੀ।
ਬਿਨਾਂ ਗੱਲੋਂ ਹਵਾਲਾਤੀਆਂ 'ਤੇ ਜੂਤ ਪਤਾਣ ਹੋਣ ਲੱਗ ਪਿਆ। ਹਵਾਲਾਤ ਵਿਚ ਕੁਝ ਦੋਸ਼ੀ ਅਤੇ ਕੁਝ ਅਸਲੋਂ ਨਿਰਦੋਸ਼ ਬੰਦ ਕੀਤੇ ਹੋਏ ਸਨ।
-"ਮਾਈ ਬਾਪ ਕੋਈ ਗੁਨਾਂਹ ਵੀ ਦੱਸੋ-ਬਿਨਾਂ ਦੱਸਿਓਂ ਈ ਝੰਬਣ ਡਹਿ ਪਏ ਓਂ?" ਇੱਕ ਬਜੁਰਗ ਹਵਾਤਾਤੀ ਦੇ ਹੱਡ 'ਤੇ ਡੰਡਾ ਵੱਜ ਗਿਆ ਸੀ। ਉਹ ਬਿਲਕਿਆ।
ਠਾਣੇਦਾਰ ਦੇ ਇਸ਼ਾਰੇ 'ਤੇ ਡੰਡੇ ਰੁਕ ਗਏ।
-"ਥੋਡੇ ਇਲਾਕੇ ਦਾ ਇੱਕ ਅੱਤਵਾਦੀ ਹੱਥ ਆਇਐ-ਉਹਦੀ ਪਛਾਣ ਕਰਨੀ ਐਂ-ਜੀਹਨੇ ਪਛਾਣ ਕਰ ਦਿੱਤੀ-ਉਹਨੂੰ ਘਰ ਨੂੰ ਤੋਰ ਦਿਆਂਗੇ-ਜੇ ਉਹਦੀ ਪਛਾਣ ਨਾ ਨਿਕਲੀ-ਥੋਡੇ 'ਤੇ ਹਰ ਘੰਟੇ ਝੁੱਟੀ ਲੱਗਿਆ ਕਰੂਗੀ।"
ਵਾਰੋ ਵਾਰੀ ਸਾਰੇ ਹਵਾਲਾਤੀਆਂ ਦੀਆਂ ਨਜ਼ਰਾਂ ਕਾਕੇ 'ਤੇ ਪੁਆ ਦਿੱਤੀਆਂ। ਠਾਣੇਦਾਰ ਅਤੇ ਮੁਣਸ਼ੀ ਨੇ 'ਕੱਲਾ 'ਕੱਲਾ ਹਵਾਲਾਤੀ ਦਫ਼ਤਰ ਵਿਚ ਬੁਲਾਉਣਾ ਸੁਰੂ ਕਰ ਦਿੱਤਾ। ਮਿਹਨਤ ਨੂੰ ਫਲ ਲੱਗ ਗਿਆ ਸੀ। ਕਾਕਾ ਪਹਿਚਾਣਿਆਂ ਜਾ ਚੁੱਕਾ ਸੀ। ਕਾਕੇ ਦੇ ਪਿੰਡ ਦਾ ਇੱਕ ਬੰਦਾ ਕੱਸੀ ਦੇ ਪਾਣੀ ਖਾਤਰ ਹੋਈ ਲੜਾਈ ਵਿਚ ਫੜਿਆ ਹੋਇਆ ਸੀ। ਉਸ ਨੇ ਸਾਰਾ ਭੇਦ ਖੋਹਲਿਆ।
-"ਇਹ ਤਾਂ ਸਰਦਾਰ ਜੀ ਸਾਡੇ ਪਿੰਡ ਆਲਾ ਕਾਕਾ ਐ-।" ਉਸ ਨੇ ਬੜੇ ਅਚੰਭੇ ਨਾਲ ਦੱਸਿਆ ਸੀ।
-"ਇਹਦੇ ਪਿਉ ਦਾ ਨਾਂ....?"
-"ਜੀ ਅਮਰ ਸਿੰਘ।"
-"ਕਿਹੜੀ ਜਾਤ ਐ ਇਹਦੀ?"
-"ਖਾਲਸ ਜੱਟ ਐ ਜੀ!"
ਠਾਣੇਦਾਰ ਬਾਗੋਬਾਗ ਹੋ ਗਿਆ।
ਉਹ ਮੁਣਸ਼ੀ ਦੀ ਚਤਰ-ਬੁੱਧੀ ਦਾ ਕਾਇਲ ਹੋਇਆ ਬੈਠਾ ਸੀ। ਮੁਣਸ਼ੀ ਵਾਕਿਆ ਹੀ ਇੱਕ ਸੋਨੇ ਦੀ ਖਾਣ ਸੀ। ਮੁਣਸ਼ੀ ਇੱਕ ਕਿਆਮਤ ਸੀ। ਮੁਣਸ਼ੀ ਦਾ ਦਿਮਾਗ ਅਕਬਰ ਬਾਦਸ਼ਾਹ ਦੇ ਵਜ਼ੀਰ, ਬੀਰਬਲ ਨਾਲੋਂ ਕਿਤੇ ਵੀ ਘੱਟ ਨਹੀਂ ਸੀ। ਮੁਣਸ਼ੀ ਸੱਤਾਂ ਪੱਤਣਾਂ ਦਾ ਤਾਰੂ ਸੀ। ਮੁਣਸ਼ੀ ਬਿਨਾਂ ਠਾਣੇਦਾਰ ਅਪਾਹਜ ਸੀ। ਸੂਰਜ ਚੰਦ ਦੀ ਤਰ੍ਹਾਂ ਠਾਣੇਦਾਰ ਮੁਣਸ਼ੀ ਤੋਂ ਰੌਸ਼ਨੀ ਲੈ ਕੇ ਚਮਕਦਾ ਸੀ।
-"ਸਰਦਾਰ ਬਹਾਦਰ-ਵਾਅਦੇ ਅਨੁਸਾਰ ਹੁਣ ਮੈਨੂੰ ਤਾਂ ਛੱਡ ਦਿਓ!" ਕਾਕੇ ਦੇ ਪੇਂਡੂ ਨੇ ਠਾਣੇਦਾਰ ਨੂੰ ਗੱਲ ਯਾਦ ਕਰਵਾਈ। ਪੁਲੀਸ ਦਾ ਕੰਮ ਉਸ ਨੇ ਸਿਰੇ ਚਾੜ੍ਹ ਦਿੱਤਾ ਸੀ।
-"ਐਥੇ ਬੈਠ....!" ਠਾਣੇਦਾਰ ਦੇ ਬੋਲਣ ਤੋਂ ਪਹਿਲਾਂ ਹੀ ਮੁਣਸ਼ੀ ਬੋਲ ਪਿਆ। ਉਹ ਬੈਠ ਗਿਆ।
-"ਤੇਰਾ ਨਾਂ ਕੀ ਐ? ਮੈਂ ਭੁੱਲ ਗਿਆ।"
-"ਪਾਲਾ ਸਿੰਘ ਐ ਜੀ।"
-"ਮੇਰਾ ਤਾਂ ਚੇਤਾ ਬਾਹਲਾ ਈ ਚੰਦਰਾ ਜਿਹਾ ਹੁੰਦਾ ਜਾਂਦੈ।"
-"ਜੇ ਤੇਰਾ ਚੇਤਾ ਮਾੜੈ-ਫੇਰ ਸਾਡਾ ਕੀ ਹਾਲ?" ਠਾਣੇਦਾਰ ਹੱਸ ਪਿਆ।
ਪਰ ਮੁਣਸ਼ੀ ਪਾਲੇ ਵੱਲ ਮੂੰਹ ਕਰੀ ਬੈਠਾ ਸੀ।
-"ਪਾਲਿਆ! ਛੱਡ ਤਾਂ ਤੈਨੂੰ ਦਿੰਨੇ ਐਂ-ਸਾਡੇ ਵੱਲੋਂ ਤੂੰ ਹੁਣੇਂ ਗੱਡੀ ਬਣਜਾ-ਪਰ ਇੱਕ ਗੱਲ ਸੋਚ ਕੇ-।"
-"ਉਹ ਕਿਹੜੀ ਜੀ?"
-"ਇਹਦੇ ਨਾਲ ਸਾਰਿਆਂ ਨੂੰ ਚਾਨਣ ਹੋ ਜਾਊ ਬਈ ਤੂੰ ਆਬਦੇ ਪਿੰਡ ਆਲੇ ਅੱਤਵਾਦੀ ਦੀ ਸ਼ਨਾਖ਼ਤ ਕੀਤੀ ਐ-ਇਹਦੇ ਸਾਥੀਆਂ ਨੂੰ ਖ਼ਬਰ ਲੱਗਣੋਂ ਦੇਰ ਨਹੀਂ ਲੱਗਣੀ-ਉਹਨਾਂ ਨੇ ਤੈਨੂੰ ਆ ਦੱਬਣੈਂ-ਫੇਰ ਸਾਨੂੰ ਉਲਾਂਭਾ ਨਾ ਦੇਈਂ-ਮੈਂ ਤਾਂ ਇਹੀ ਰੈਅ ਦਿਊਂਗਾ ਬਈ ਇੱਕ ਅੱਧਾ ਦਿਨ ਹੋਰ ਹਵਾਲਾਤ 'ਚ ਕੱਟ-ਤੈਨੂੰ ਕੋਈ ਫੁੱਲ ਦੀ ਨਹੀਂ ਲਾਉਂਦਾ-ਕੱਲ੍ਹ ਕੁੱਲ੍ਹ ਨੂੰ ਕੋਈ ਫੈਂਟਰ ਸਿੱਟ ਕੇ ਤੈਨੂੰ ਉੜੰਤਰ ਕਰ ਦਿਆਂਗੇ-ਬਾਕੀ ਤੇਰੀ ਮਰਜ਼ੀ।"
ਗੱਲਾਂ ਮੁਣਸ਼ੀ ਦੀਆਂ ਸਹੀ ਸਨ।
ਪਾਲਾ ਕਸੂਤਾ ਫ਼ਸ ਗਿਆ ਸੀ।
-"ਪਾਲਿਆ! ਇਹ ਤੇਰੇ ਪਿੰਡ ਆਲਾ ਉਹਨਾਂ ਅੱਤਵਾਦੀਆਂ 'ਚੋਂ ਐਂ-ਜਿਹਨਾਂ ਨੇ ਠਾਣੇ 'ਤੇ ਹਮਲਾ ਕੀਤਾ ਸੀ।" ਮੁਣਸ਼ੀ ਨੇ ਹੋਰ ਕਪਾਲ਼ 'ਚ ਮਾਰੀ ਤਾਂ ਪਾਲਾ ਚੌਂਕਿਆ।
-"ਅੱਛਾ ਜੀ....!!" ਉਸ ਦਾ ਮੂੰਹ ਆਲ਼ੇ ਵਾਂਗ ਖੁੱਲ੍ਹ ਗਿਆ। ਅਚਨਚੇਤ ਸੁਣਿਆਂ ਰਹੱਸ ਕਰ ਕੇ ਉਹ ਸੁੰਨ ਹੋ ਗਿਆ ਸੀ।
-"ਇਹ ਤਾਂ ਜੀ ਮੁੰਡਾ ਈ ਵਿਚਾਰਾ ਕੁੜੀਆਂ ਅਰਗਾ ਸੀ-ਤੇ ਇਹਨੇ ਐਡਾ ਵੱਡਾ ਕਦਮ....?"
-"ਉਂਗਲ..! ਉਂਗਲ ਪਾਲਿਆ ਬਹੁਤ ਕੁਛ ਕਰਵਾ ਦਿੰਦੀ ਐ-ਰੰਡੀਆਂ ਤਾਂ ਰੰਡ ਕੱਟ ਲੈਣ-ਪਰ ਮੁਸ਼ਟੰਡੇ ਨਹੀ ਕੱਟਣ ਦਿੰਦੇ-ਆਖਰ ਚਾਦਰ ਪਾ ਈ ਲੈਂਦੇ ਐ।"
-"ਇਹ ਵੀ ਸਹੀ ਐ ਜੀ।"
-"ਹੁਣ ਤੂੰ ਮੱਲ ਬਣ ਕੇ ਜਾਹ-ਇੱਕ ਅੱਧੇ ਦਿਨ 'ਚ ਤੇਰੀ ਖ਼ਲਾਸੀ ਕਰ ਦਿਆਂਗੇ।" ਠਾਣੇਦਾਰ ਨੇ ਕਿਹਾ।
ਪਾਲਾ ਤੁਰ ਗਿਆ।
ਮੁਣਸ਼ੀ ਅਤੇ ਠਾਣੇਦਾਰ ਨੇ ਕਾਗਜ਼ਾਂ ਦੀ ਖ਼ਾਨ-ਪੂਰਤੀ ਸੁਰੂ ਕਰ ਦਿੱਤੀ। ਖਾਲੀ ਥਾਂ 'ਤੇ ਮਨਪ੍ਰੀਤ ਸਿੰਘ ਕਾਕਾ ਵਲਦ ਅਮਰ ਸਿੰਘ, ਸਾਕਣ ਘਣੀਏਂ ਵਾਲਾ, ਤਹਿਸੀਲ ਅਤੇ ਜਿਲ੍ਹਾ ਫ਼ਰੀਦਕੋਟ, ਭਰ ਦਿੱਤਾ ਗਿਆ। ਫ਼ੋਨ 'ਤੇ ਠਾਣੇਦਾਰ ਨੇ ਇਲਾਕਾ ਮਜਿਸਟਰੇਟ ਦੇ ਰੀਡਰ ਤੋਂ ਸਮਾਂ ਲੈ ਲਿਆ। ਸਮਾਂ ਦੁਪਿਹਰ ਇੱਕ ਵਜੇ ਦਾ ਮਿਲਿਆ ਸੀ।
ਇੱਕ ਵਜੇ ਦੋਸ਼ੀਆਂ ਨੂੰ ਇਲਾਕਾ ਮਜਿਸਟਰੇਟ ਦੇ ਪੇਸ਼ ਕਰਕੇ ਠਾਣੇਦਾਰ ਨੇ ਇੱਕ ਹਫ਼ਤੇ ਦਾ ਰਿਮਾਂਡ ਲੈ ਲਿਆ। ਬੇਫਿ਼ਕਰ ਹੋ ਕੇ ਠਾਣੇਦਾਰ ਨੇ ਦੋਨਾਂ ਨੂੰ ਵੱਖੋ-ਵੱਖਰੇ ਬੁੱਚੜਖਾਨੇ ਵਿਚ ਲਿਆ ਸੁੱਟਿਆ। ਮੁਸ਼ਕਾਂ ਉਹਨਾਂ ਦੀਆਂ ਅਜੇ ਵੀ ਬੰਨ੍ਹੀਆਂ ਹੋਈਆਂ ਸਨ। ਭੁੱਖ-ਪਿਆਸ ਨਾਲ ਉਹਨਾਂ ਦਾ ਬੁਰਾ ਹਾਲ ਸੀ। ਇਲਾਕਾ-ਮਜਿਸਟਰੇਟ ਦੇ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਿਰਫ਼ ਇੱਕ-ਇੱਕ ਗਿਲਾਸ ਪਾਣੀ ਦਾ ਪਿਆਇਆ ਗਿਆ ਸੀ।
ਰਾਤ ਹੋਈ।
ਦੋਹਾਂ "ਦੇਸ਼-ਧਰੋਹੀਆਂ" 'ਤੇ ਅਣਮਨੁੱਖੀ ਤਸ਼ੱਦਦ ਦਾ ਦੌਰ ਸੁਰੂ ਹੋ ਗਿਆ। ਪ੍ਰੀਤਮ ਸਿੰਘ ਜੈਲਦਾਰ ਦੇ ਦੋਨੋਂ ਪੱਟ ਚੀਰ ਕੇ, ਵਿਚ ਲਾਲ ਮਿਰਚਾਂ ਭਰ ਕੇ, ਪੱਟ ਸੀਅ ਦਿੱਤੇ ਗਏ। ਖੁੱਚਾਂ ਵਿਚ ਮੋਟਾ ਡੰਡਾ ਰੱਖ ਕੇ ਰੱਸਿਆਂ ਨਾਲ ਨਰੜ, ਗੋਡਿਆਂ ਭਾਰ ਸੁੱਟ ਦਿੱਤਾ ਗਿਆ। ਪੀੜਾਂ ਦੇ ਹਜ਼ਾਰਾਂ ਬਿੱਛੂਆਂ ਨੇ ਪੱਟਾਂ ਨੂੰ ਡੰਗਣਾ ਸੁਰੂ ਕਰ ਦਿੱਤਾ। ਪੀੜਾਂ ਅੱਗ ਬਾਲ਼ਦੀਆਂ ਸਿੱਧੀਆਂ ਦਿਲ-ਦਿਮਾਗ ਨੂੰ ਜਾਂਦੀਆਂ ਸਨ। ਇਹੋ ਹਾਲ ਹੀ ਕਾਕੇ ਦਾ ਸੀ। ਉਸ ਨੂੰ ਸਿਰਫ਼ ਕੇਸਾਂ ਸਹਾਰੇ ਛੱਤ ਨਾਲ ਟੰਗਿਆ ਹੋਇਆ ਸੀ। ਹੱਥ ਪਿੱਛੇ ਬੰਨ੍ਹੇ ਹੋਏ ਸਨ ਅਤੇ ਹੇਠੋਂ ਸਿਪਾਹੀ ਮੱਝ ਵਾਂਗ ਉਸ ਨੂੰ ਗਿੱਟਿਆਂ ਕੋਲੋਂ ਕੁੱਟੀ ਜਾ ਰਿਹਾ ਸੀ। ਪਰ ਬਲਕਾਰੀ ਸ਼ੇਰ ਰਤਾ ਵੀ ਜਰਕ ਨਹੀਂ ਰਹੇ ਸਨ। ਪੁਰਾਤਨ ਸਿੰਘਾਂ ਦਾ ਇਤਿਹਾਸ ਦੁਬਾਰਾ ਦੁਹਰਾਇਆ ਜਾ ਰਿਹਾ ਸੀ।
ਸਾਰੀ ਰਾਤ ਜੁਲਮ ਜਾਰੀ ਰਿਹਾ।
ਪਹਿਰ ਦੇ ਤੜਕੇ ਉਹਨਾਂ ਦੇ ਰੱਸੇ ਖੋਲ੍ਹ ਕੇ ਫਿਰ ਬੁੱਚੜਖਾਨੇ ਲਿਆ ਸੁੱਟਿਆ। ਕਿਸੇ ਕੋਲੋਂ ਗੱਲ ਨਹੀਂ ਹੋ ਰਹੀ ਸੀ।
ਦੋਨੋਂ ਅੱਧਮੋਇਆਂ ਵਾਂਗ ਧਰਤੀ 'ਤੇ ਪਏ ਸਨ। ਇੱਕ ਸਿਪਾਹੀ ਉਨ੍ਹਾਂ ਕੋਲ ਪਾਣੀ ਦਾ ਘੜਾ ਅਤੇ ਗਲਿ਼ਆ ਜਿਹਾ ਸਿਲਵਰ ਦਾ ਕੱਪ ਰੱਖ ਗਿਆ। ਦਰਵਾਜਾ ਫਿਰ ਬੰਦ ਹੋ ਗਿਆ।
ਅੱਧੇ-ਅੱਧੇ ਘੰਟੇ ਬਾਅਦ ਉਹਨਾਂ ਨੂੰ ਇੱਕ ਨਿੱਕੀ ਜਿਹੀ ਤਾਕੀ ਖੋਹਲ ਕੇ ਦੇਖ ਲਿਆ ਜਾਂਦਾ ਸੀ। ਕਾਕੇ ਨੇ ਛਾਤੀ ਭਾਰ ਘਿਸੜ ਕੇ ਸਾਥੀ ਨੂੰ ਪਾਣੀ ਪਿਆਇਆ, ਫਿਰ ਆਪ ਪੀਤਾ। ਗਿੱਟਿਆਂ 'ਤੇ ਵਰ੍ਹੀਆਂ ਸੈਂਕੜੇ ਡਾਂਗਾਂ ਨੇ ਉਸ ਨੂੰ ਤੁਰਨੋਂ ਆਹਰੀ ਕਰ ਦਿੱਤਾ ਸੀ। ਪਿੰਜਣੀਆਂ ਅਤੇ ਪੈਰ ਸੁੱਜ ਕੇ ਪਾਥੀ ਬਣੇ ਪਏ ਸਨ। ਜੈਲਦਾਰ ਦੀਆਂ ਲੱਤਾਂ ਜਿਵੇਂ ਆਰੇ ਨਾਲ ਚੀਰੀਆਂ ਜਾ ਰਹੀਆਂ ਸਨ। ਉਹ ਅਥਾਹ, ਅਸਹਿ ਦਰਦ ਦਿਲ ਵਿਚ ਸਮਾਈ, ਜਾੜ੍ਹ ਘੁੱਟੀ ਪਿਆ ਸੀ।
-"ਕਾਕੇ...!" ਜੈਲਦਾਰ ਨੇ ਮੁਰਦਾ ਜਿਹੀ ਅਵਾਜ਼ ਦਿੱਤੀ।
-"ਹਾਂ...?"
-"ਕਿਵੇਂ ਹਾਲ ਐ?"
-"ਚੋਜੀ ਪ੍ਰੀਤਮ ਦੇ ਭਾਣੇ 'ਚ ਬਾਗੋ-ਬਾਗ ਐਂ।"
-"ਇੱਕ ਗੱਲ ਦੀ ਅੱਜ ਸਮਝ ਆਈ ਐ।"
-"ਕਿਹੜੀ ਦੀ?"
-"ਭਾਈ ਮਨੀ ਸਿੰਘ, ਤਾਰੂ ਸਿੰਘ ਵਰਗੇ ਕਿਤਨੇ ਸਿਰੜੀ ਸੂਰਮੇਂ ਹੋਣਗੇ...।"
-"ਉਹਨਾਂ ਦੇ ਸਿਰੜ ਦੇ ਆਸਰੇ ਈ ਤਾਂ ਮੈਂ ਸਾਰੀ ਰਾਤ ਕੱਟ ਗਿਆ-ਨਹੀਂ ਮੇਰੀ ਕੀ ਹਸਤੀ ਸੀ ਇਤਨਾ ਤਸ਼ੱਦਦ ਸਹਿਣ ਦੀ?" ਕਾਕਾ ਪੀੜਾਂ ਵਿਚੋਂ ਮੁਸਕਰਾਇਆ।
-"ਮੈਂ ਸਾਰੀ ਰਾਤ ਸਰਹੰਦ ਦੀ ਦੀਵਾਰ ਆਸਰੇ ਖੜ੍ਹਾ ਰਿਹਾ-ਪਰ ਅੱਜ ਮੇਰਾ ਅਥਾਹ ਵਿਸ਼ਵਾਸ਼ ਬੱਝ ਗਿਆ-ਹੁਣ ਗੁਰੂ ਆਸਰੇ ਚਾਹੇ ਚਰਖੜੀ ਚੜ੍ਹ ਜਾਵਾਂ।"
-"ਸਾਧ ਸੰਤ ਆਖਦੇ ਹੁੰਦੇ ਐ-ਗੁਰੂ ਦੀ ਬਾਣੀ ਪਰਲੋਂ ਨੂੰ ਠੱਲ੍ਹ ਦਿੰਦੀ ਐ-ਮੈਂ ਕਲੇਰਾਂ ਆਲੇ ਸੰਤਾਂ ਦੀ ਕਈ ਵਾਰ ਕਥਾ ਸੁਣੀ ਐਂ।" ਜੈਲਦਾਰ ਨੇ ਕੁਝ ਯਾਦ ਕਰਦਿਆਂ ਕਿਹਾ।
-"ਜਦੋਂ ਮੈਂ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਤਖਤੂਪੁਰੇ ਪੜ੍ਹਦਾ ਹੁੰਦਾ ਸੀ-ਉਦੋਂ ਮੈਂ ਇੱਕ ਸਾਖੀ ਸੁਣੀ ਸੀ-ਕਹੇਂ ਤਾਂ ਸੁਣਾਵਾਂ...?"
-"ਸੁਣਾ-ਪਰ ਪਹਿਲਾਂ ਮੈਨੂੰ ਔਖਾ ਸੌਖਾ ਪਾਣੀ ਪਿਆ-ਮੇਰਾ ਤਾਂ ਸਰੀਰ ਆਕੜਿਆ ਪਿਐ।"
ਕਾਕੇ ਨੇ ਫਿਰ ਹਿੱਕ ਪਰਨੇ ਘਿਸੜ ਕੇ ਜੈਲਦਾਰ ਨੂੰ ਪਾਣੀ ਪਿਆ ਦਿੱਤਾ। ਪਾਣੀ ਉਸ ਦੇ ਅੱਧਾ ਕੁ ਹੀ ਅੰਦਰ ਲੰਘਿਆ, ਅੱਧਾ ਕੁ ਬਰਾਛਾਂ ਰਾਹੀਂ ਬਾਹਰ ਡੁੱਲ੍ਹ ਗਿਆ ਸੀ।
-"ਜਦੋਂ ਜਮਰੌਦ ਦੇ ਕਿਲ੍ਹੇ ਵਿਚ ਹਰੀ ਸਿੰਘ ਨਲੂਏ ਨੇ ਚੜ੍ਹਾਈ ਕੀਤੀ-ਮਤਲਬ ਜਦੋਂ ਉਹ ਸ਼ਹੀਦ ਹੋਇਆ...।" ਕਾਕੇ ਨੇ ਸਾਖੀ ਸੁਰੂ ਕੀਤੀ।
-"......।" ਪਰ ਜੈਲਦਾਰ ਨੇ ਹੁੰਗਾਰਾ ਨਾ ਭਰਿਆ। ਕਾਕੇ ਨੂੰ ਫਿਕਰ ਹੋਇਆ। ਉਸ ਨੇ ਗਰਦਨ ਉੱਚੀ ਕਰਕੇ ਦੇਖਿਆ ਤਾਂ ਦੋ ਰਾਤਾਂ ਇੱਕ ਦਿਨ ਦਾ ਉਨੀਂਦਰਾ ਜੈਲਦਾਰ ਸੁੱਤਾ ਪਿਆ ਸੀ। ਕਾਕਾ ਚੜ੍ਹਦੇ ਸੂਰਜ ਵਾਂਗ ਮੁਸਕਰਾ ਪਿਆ।
-"ਦੰਦ ਕਥਾ ਵਾਕਿਆ ਹੀ ਸੱਚੀ ਐ ਕਿ ਨੀਂਦ ਤਾਂ ਬੰਦੇ ਨੂੰ ਸੂਲੀ 'ਤੇ ਵੀ ਆ ਜਾਂਦੀ ਐ-।" ਬੱਕਰੇ ਵਾਂਗ ਹਲਾਲ ਕੀਤੇ ਜੈਲਦਾਰ ਵੱਲ ਤੱਕਦਾ ਕਾਕਾ ਕਹਿ ਰਿਹਾ ਸੀ। ਫਿਰ ਉਸ ਨੇ ਵੀ ਘੜੀ ਸੌਣ ਦਾ ਯਤਨ ਕੀਤਾ। ਉਹ ਵੀ ਜੈਲਦਾਰ ਜਿੰਨਾ ਹੀ ਥੱਕਿਆ ਹੋਇਆ ਸੀ। ਆਉਣ ਵਾਲੀ ਰਾਤ ਨੇ ਪਤਾ ਨਹੀਂ ਕੀ ਕਿਆਮਤ ਲਿਆਉਣੀ ਸੀ।
ਠਾਣੇਦਾਰ ਨੇ ਸਾਰੀ ਕਾਰਵਾਈ ਦੀ ਰਿਪੋਰਟ ਸਾਹਿਬ ਨੂੰ ਫ਼ੋਨ 'ਤੇ ਪੁੱਜਦੀ ਕਰ ਦਿੱਤੀ।
-"ਗਰੇਵਾਲ...! ਤੇਰੇ ਕੋਲ ਸਿਰਫ਼ ਅੱਜ ਅਤੇ ਕੱਲ੍ਹ ਦੀ ਹੀ ਰਾਤ ਹੈ-ਰਿਮਾਂਡ ਖਤਮ ਹੋਣ 'ਤੇ ਇਹਨਾਂ ਨੂੰ ਹਰ ਹਾਲਤ ਅਦਾਲਤ ਅੱਗੇ ਪੇਸ਼ ਕਰਨਾ ਪੈਣੈਂ-ਇਹਨਾਂ ਤੋਂ ਲੋੜੀਂਦੇ ਭੇਦ ਇਕੱਤਰ ਕਰੋ ਅਤੇ ਪਰਸੋਂ ਇਲਾਜ਼ ਸੁਰੂ ਕਰਵਾਓ! ਅਦਾਲਤ ਨੂੰ ਇਤਨੇ ਟਾਰਚਰ ਬਾਰੇ ਕਿਸੇ ਹਾਲਤ ਵਿਚ ਵੀ ਪਤਾ ਨਹੀਂ ਲੱਗਣਾ ਚਾਹੀਦਾ-।"
-"ਜੀ ਜਨਾਬ!"
-"ਔਰ ਹਾਂ...! ਦੂਜੇ ਅੱਤਿਵਾਦੀਆਂ ਦੀਆਂ ਲਾਸ਼ਾਂ ਦਾ ਕੀ ਕੀਤਾ?" ਐਸ. ਪੀ. ਨੇ ਤੁਰੰਤ ਔੜਿਆ ਸੁਆਲ ਕੀਤਾ।
-"ਲਾਵਾਰਸ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਸੀ ਸਰ! ਸਾਰਾ ਰਿਕਾਰਡ ਮਿਊਂਸਪਲ ਕਮੇਟੀ ਦੇ ਰਜਿਸਟਰ ਵਿਚ ਦਰਜ਼ ਹੈ।"
-"ਬਹੁਤ ਖੂਬ! ਕੋਸਿ਼ਸ਼ ਕਰੋ ਅੱਜ ਹੀ ਸਾਰਾ ਕੁਝ ਪੁੱਛ ਲਿਆ ਜਾਵੇ-ਪੁੱਛਣ ਤੋਂ ਬਾਅਦ ਫ਼ੌਰਨ ਇਲਾਜ ਚਾਲੂ ਕਰੋ!" ਤੇ ਫ਼ੋਨ 'ਟੂੰ-ਟੂੰ' ਕਰਨ ਲੱਗ ਪਿਆ।
ਠਾਣੇਦਾਰ ਨੇ ਫ਼ੋਨ ਰੱਖ ਦਿੱਤਾ।
-"ਇਹਨਾਂ ਦੇ ਜਮੂਰਾਂ ਨਾਲ ਨਹੁੰ ਨਾ ਖਿੱਚ ਕੇ ਦੇਖੀਏ?" ਠਾਣੇਦਾਰ ਨੇ ਮੁਣਸ਼ੀ ਨੂੰ ਪੁੱਛਿਆ।
-"ਮੂਲੋਂ ਜਿ਼ਆਦਾ ਵੱਡੀ ਗਲਤੀ ਕਰੋਂਗੇ ਸਰਕਾਰ!"
-"ਕਿਵੇਂ?"
ਠਾਣੇਦਾਰ ਮੁਣਸ਼ੀ ਦੀ ਹਰ ਗੱਲ ਮੰਨਦਾ ਸੀ।
-"ਪੱਟੇ ਨਹੁੰ ਛੇਤੀ ਕੀਤੇ ਰਾਜੀ ਨਹੀਂ ਹੋਣੇਂ ਸਰਕਾਰ-ਅਗਰ ਅਦਾਲਤ ਨੇ ਡਾਕਟਰੀ ਜਾਂਚ ਦੇ ਹੁਕਮ ਦੇ ਦਿੱਤੇ-ਮੈਡੀਕਲ ਰਿਪੋਰਟ 'ਚ ਕਸੂਤੇ ਫ਼ਸਜਾਂਗੇ-ਮੇਰੀ ਮੰਨੋਂ ਇਹਨਾਂ ਨੂੰ ਮਾੜਾ ਮੋਟਾ ਕੁੱਟ-ਮਾਰ ਕੇ ਕੁਝ ਇਕਬਾਲ ਕਰਵਾ ਸਕਦੇ ਓਂ ਤਾਂ ਕਰਵਾਓ-ਨਹੀਂ ਇਹਨਾਂ ਨੂੰ ਮੱਥਾ ਟੇਕੋ! ਇਹ ਆਪਣੇ ਲਈ ਨਿਰੀਆਂ ਬਲਾਵਾਂ ਨੇ ਹਜੂਰ-ਇਹਨਾਂ ਦੇ ਫ਼ਸਾਏ ਆਪਾਂ ਉਮਰ ਭਰ ਨਹੀਂ ਛੁੱਟਣਾ-ਜੇ ਪ੍ਰੈਸ ਹੱਥ ਗੱਲ ਨਾ ਆਉਂਦੀ ਫਿਰ ਆਪਾਂ ਨੂੰ ਖੁੱਲ੍ਹੀ ਖੇਡ ਸੀ-ਜੋ ਜੀਅ ਆਉਂਦਾ ਕਰਦੇ-ਹੁਣ ਜੇ ਇਹਨਾਂ ਨੂੰ ਵਾਈ ਧਾਈ ਹੋਗੀ-ਅਖ਼ਬਾਰਾਂ ਵਾਲਿਆਂ ਨੇ ਪੜਛੱਤੀ ਸਿਰ 'ਤੇ ਚੱਕ ਲੈਣੀ ਐਂ।"
-"ਬਿਲਕੁਲ ਦਰੁਸਤ-ਮੀਡੀਏ ਨੂੰ ਬੁਲਾ ਕੇ ਆਪਾਂ ਪੰਗਾ ਈ ਲੈ ਬੈਠੇ।" ਠਾਣੇਦਾਰ ਨੇ ਨਿਰਾਸ਼ਤਾ ਵਿਚ ਸਿਰ ਫ਼ੇਰਿਆ।
-"ਪੁੱਠਾ ਪੰਗਾ ਲੈ ਲਿਆ ਜੱਟੀਏ-ਐਮੇਂ ਬੋਕ ਦੇ ਸਿੰਗਾਂ ਨੂੰ ਹੱਥ ਲਾ ਕੇ।" ਮੁਣਸ਼ੀ 'ਖ਼ੀਂ-ਖ਼ੀਂ' ਕਰਕੇ ਹੱਸਿਆ।
ਰਾਤ ਦੇ ਨੌਂ ਵੱਜ ਗਏ।
ਬੁੱਚੜਖਾਨੇ ਦਾ ਵੱਡਾ ਦਰਵਾਜਾ ਖੁੱਲ੍ਹਿਆ।
ਜੱਲਾਦਾਂ ਵੱਲੋਂ ਅਥਾਹ ਢਾਹਿਆ ਜੁਲਮ ਬੁੱਕਲ 'ਚ ਘੁੱਟੀ ਕਾਕਾ ਅਤੇ ਜੈਲਦਾਰ ਘੋੜੇ ਵੇਚ ਕੇ ਸੁੱਤੇ ਹੋਏ ਸਨ ਜਾਂ ਅੱਧਮੋਏ ਹੋਏ ਬੇਹੋਸ਼ ਸਨ। ਠਾਣੇਦਾਰ ਨੇ ਬੜੀ ਬੇਕਿਰਕੀ ਨਾਲ ਲੋਹੇ ਦਾ ਸਰੀਆ ਜੈਲਦਾਰ ਦੇ ਚੀਰੇ ਪੱਟਾਂ 'ਤੇ ਮਾਰਿਆ ਤਾਂ ਜੈਲਦਾਰ ਬੁਰੀ ਤਰ੍ਹਾਂ ਕਰਾਹ ਉੱਠਿਆ। ਉਸ ਦੇ ਮੂੰਹੋਂ, "ਮਰ ਗਿਆ ਓਏ ਡਾਢਿਆ ਰੱਬਾ..! ਹਾਏ ਉਏ...!" ਦੀ ਚੰਘਿਆੜ ਨਿਕਲੀ। ਉਹ ਗੁੰਝਲੀ ਜਿਹੀ ਮਾਰੀ, ਸਫ਼ ਵਾਂਗ ਇਕੱਠਾ ਹੋਇਆ ਕੁਰਲਾਈ ਜਾ ਰਿਹਾ ਸੀ।
ਜ਼ਖਮਾਂ 'ਤੇ ਵੱਜੇ ਸਰੀਏ ਨੇ ਉਸ ਅੰਦਰ ਅੱਗ ਦਾ ਭਾਂਬੜ ਮਚਾ ਦਿੱਤਾ ਸੀ। ਠੰਢ ਨਾਲ ਠਰ ਚੁੱਕੇ ਸੱਜਰੇ ਜ਼ਖਮ ਉਸ ਨੂੰ ਛੁਰੀਆਂ ਬਣ ਵੱਜ ਰਹੇ ਸਨ।
ਇਤਨੇ ਨੂੰ ਕਾਕਾ ਵੀ ਉਠ ਕੇ ਬੈਠ ਗਿਆ।
ਗੁਰਮੀਤ ਨੇ ਦਸ-ਪੰਦਰਾਂ ਰਾਈਫ਼ਲ ਦੇ ਬੱਟ ਉਸ ਦੇ, ਦੇ ਮਾਰੇ। ਉਹ ਫ਼ੱਟੜ ਸੱਪ ਵਾਂਗ ਵਿਹੁ ਜਿਹੀ ਘੋਲ ਕੇ ਡਿੱਗ ਪਿਆ। ਸਿਪਾਹੀ ਦੋਹਾਂ ਨੂੰ ਮਰੇ ਪਸੂ ਵਾਂਗ ਘੜ੍ਹੀਸ ਕੇ ਕਤਲਗਾਹ 'ਚ ਲੈ ਗਏ। ਛੱਤ ਅਤੇ ਫ਼ਰਸ਼ 'ਤੇ ਲੱਗੇ ਕੁੰਡਿਆਂ ਵਿਚ ਚਮੜੇ ਦੀਆਂ ਬੈਲਟਾਂ ਪਾ ਕੇ, ਉਹਨਾਂ ਦੀਆਂ ਲੱਤਾਂ ਵੱਧ ਤੋਂ ਵੱਧ ਚੌੜੀਆਂ ਕਰਕੇ ਬੰਨ੍ਹ ਦਿੱਤਾ ਗਿਆ। ਉਹਨਾਂ ਦੇ ਸਿਰਾਂ ਉਪਰ ਦੋ ਸ਼ਕਤੀਸ਼ਾਲੀ ਬੱਲ੍ਹਬ ਜਗ ਰਹੇ ਸਨ।
ਠਾਣੇਦਾਰ ਅੰਦਰ ਆਇਆ। ਸ਼ਾਇਦ ਉਹ ਕਰੜੇ ਪੈੱਗ ਮਾਰ ਕੇ ਆਇਆ ਸੀ, ਜਿਸ ਕਾਰਨ ਉਸ ਦਾ ਮੱਥਾ ਪਸੀਨੇ ਨਾਲ ਭਿੱਜਿਆ ਹੋਇਆ ਸੀ। ਪੱਗ ਉਸ ਨੇ ਲਾਹ ਰੱਖੀ ਸੀ। ਲਾਲ ਫਿ਼ਫ਼ਟੀ ਅੱਧ-ਗੰਜੇ ਸਿਰ ਨੂੰ ਜੱਫ਼ੀ ਪਾਈ ਖੜ੍ਹੀ ਸੀ। ਵਾਲਾਂ ਨਾਲ ਭਰੀਆਂ ਨਾਸਾਂ 'ਚੋਂ ਸਾਹ ਅੜ-ਅੜ ਕੇ ਬਾਹਰ ਆ ਰਿਹਾ ਸੀ ਅਤੇ ਦਾਹੜੀ ਦੀ ਕੀਤੀ ਗੁੱਟੀ ਕਰਕੇ ਉਸ ਦਾ ਮੂੰਹ ਸੁੱਜਿਆ-ਸੁੱਜਿਆ ਪ੍ਰਤੀਤ ਹੁੰਦਾ ਸੀ।
-"ਕਿਉਂ ਉਏ ਮਾਂ ਦਿਓ ਖਸਮੋਂ-ਇਉਂ ਸੁੱਤੇ ਪਏ ਸੀ ਜਿਵੇਂ ਮਾਸੀ ਕੋਲੇ ਆਏ ਹੁੰਨੇ ਐਂ?"
-".......।" ਦੋਨਾਂ ਦੀਆਂ ਧੌਣਾਂ ਅੱਗੇ ਨੂੰ ਲਟਕੀਆਂ ਹੋਈਆਂ ਸਨ ਅਤੇ ਖੁੱਲ੍ਹੇ ਕੇਸ ਧਰਤੀ ਵੱਲ ਨੂੰ ਝੁਕੇ ਹੋਏ ਸਨ। ਇੱਕ ਸਿਪਾਹੀ ਨੇ ਜੈਲਦਾਰ ਨੂੰ ਕੇਸਾਂ ਤੋਂ ਫੜ ਲਿਆ।
-"ਅਸੀਂ ਪੂਰੀ ਬੀ. ਏ. ਪਾਸ ਕਰਵਾਉਨੇ ਐਂ-ਤੁਸੀਂ ਤਾਂ ਅਜੇ ਪਹਿਲੀ ਈ ਪਾਸ ਕੀਤੀ ਐ-ਪਹਿਲੀ ਜਮਾਤ 'ਚ ਈ ਸਾਹ ਸਤ ਛੱਡ ਗਏ-ਬੀ. ਏ. ਤੱਕ ਕਦੋਂ ਪਹੁੰਚੇ? ਅਖੇ ਕੋਹ ਨਾ ਚੱਲੀ ਬਾਬਾ ਤਿਹਾਈ? ਅਜੇ ਤਾਂ ਸੇਰ 'ਚੋਂ ਪੂਣੀ ਨਹੀਂ ਕੱਤੀ-ਸਾਰਾ ਛੋਪ ਈ ਕੱਤਣ ਆਲਾ ਪਿਐ।" ਇੱਕ ਸਿਪਾਹੀ ਤਰਨਤਾਰਨ ਤੋਂ ਬਦਲ ਕੇ ਆਇਆ ਸੀ।
-"ਸ਼ੇਰਾਂ ਨੂੰ ਪਿੰਜਰੇ 'ਚ ਪਿਆ ਦੇਖ ਕੇ ਗਿੱਦੜ ਇਉਂ ਈ ਕਲੋਲਾਂ ਕਰਦੇ ਹੁੰਦੇ ਐ।"
-"ਮੈਂ ਪੂਰੇ ਅੱਸੀ ਬੰਦੇ ਗੱਡੀ ਚਾਹੜੇ ਐ-ਥੋਡਾ ਦੇਖਲੋ ਕੀ ਇਰਾਦਾ ਐ?" ਸਿਪਾਹੀ ਨੇ ਕੌੜਾ ਜਿਹਾ ਹੱਸ ਕੇ ਆਪਣੀ ਪੁਜ਼ੀਸ਼ਨ ਦਰਸਾਈ।
-"ਫੇਰ ਅੱਸੀਆਂ 'ਚ ਦੋ ਹੋਰ ਜਮ੍ਹਾਂ ਕਰ ਲੈ-ਪਰ ਬਾਬੇ ਨਾਨਕ ਦੇ ਕਿਵੇਂ ਮੱਥੇ ਲੱਗੇਂਗਾ ਗੱਦਾਰਾ?"
-"ਮੈਂ ਗੱਦਾਰ ਕਿ ਤੁਸੀਂ? ਅਸੀਂ ਦੇਸ਼ ਦੇ ਰਖਵਾਲੇ, ਕਾਨੂੰਨ ਦੇ ਵਫ਼ਾਦਾਰ ਐਂ-ਤੇ ਤੁਸੀਂ ਕਾਮਰੇਡ ਵਰਗੇ ਨਿਰਦੋਸ਼ਾਂ ਦੇ ਬੁੱਚੜ ਕਾਤਲ।"
-"ਤੇ ਤੂੰ ਰਣਜੋਧ ਤੇ ਬਾਬੇ ਜਪਨਾਮ ਦੇ ਕਤਲਾਂ ਨੂੰ ਕਿਹੜੀ ਮਾਂ ਦੀ ਬੁੱਕਲ 'ਚ ਛੁਪਾਵੇਂਗਾ?"
-"ਥੋਡੇ ਜਿੰਮੇਂ ਸਤਾਰਾਂ ਕਤਲ ਆਉਂਦੇ ਐ-ਬਾਰਾਂ ਬੱਸ ਕਾਂਡ ਆਲੇ ਤੇ ਪੰਜ ਕਾਮਰੇਡ ਦੇ ਪ੍ਰੀਵਾਰ ਵਾਲੇ-ਉਹਨਾਂ ਨੂੰ ਮਾਰ ਕੇ ਹੁਣ ਥੋਡਾ ਪਤੰਦਰ ਖਾਲਿਸਤਾਨ ਬਣ ਗਿਆ?" ਸਿਪਾਹੀ ਨੇ ਜੈਲਦਾਰ ਨੂੰ ਕੇਸਾਂ ਤੋਂ ਝਟਕਿਆ।
-"ਕੁੱਤੇ ਕਾਮਰੇਡ ਦੁਸ਼ਟ ਦੇ ਟੱਬਰ ਨੂੰ ਅਸੀਂ ਨੰਗੀ ਹਿੱਕ ਸ਼ਰੇਆਮ ਮਾਰਿਐ-ਪਰ ਬੱਸ ਕਾਂਡ ਨਾਲ ਸਾਡਾ ਕੋਈ ਸਰੋਕਾਰ ਨਹੀਂ-ਇਹ ਕਾਰਾ ਸਾਰਾ ਪੁਲਸ ਦਾ ਐ ਜਾਂ ਪੁਲਸ ਦੇ ਟੌਟਾਂ ਦਾ।"
-"ਤੁਸੀਂ ਸ਼ਰੇਆਮ ਕਬੂਲ ਕਰਦੇ ਹੋ ਕਿ ਕਾਮਰੇਡ ਬਲਦੇਵ ਸਾਥੀ ਦੇ ਪ੍ਰੀਵਾਰ ਨੂੰ ਤੁਸੀਂ ਮਾਰਿਐ?"
-"ਮੈਂ ਕਿੰਨੀ ਕੁ ਵਾਰੀ ਕਹਾਂ? ਮੈਂ ਹਿੱਕ ਠੋਕ ਕੇ ਦਾਅਵੇ ਅਤੇ ਬੜੇ ਮਾਣ ਨਾਲ ਆਖਦੈਂ ਬਈ ਕਾਮਰੇਡ ਦੇ ਪ੍ਰੀਵਾਰ ਨੂੰ ਅਸੀਂ ਠੋਕ ਵਜਾ ਕੇ ਸੋਧਾ ਲਾਇਐ-ਹੋਰ ਦੱਸ ਕਿੰਨੇ ਵਾਰੀ ਆਖਾਂ? ਅਗਰ ਮੈਂ ਜਿੰਦਾ ਬਚ ਕੇ ਨਿਕਲ ਗਿਆ-ਸੋਧਾ ਥੋਨੂੰ ਵੀ ਜਰੂਰ ਲਾਊਂਗਾ ਤੇ ਅਗਰ ਚੜ੍ਹਾਈ ਕਰ ਗਿਆ ਤਾਂ ਗੁਰੂ ਦੇ ਹੋਰ ਬਥੇਰ੍ਹੇ ਬੀਰ ਪਿੱਛੇ ਜਿਉਂਦੇ ਐ-ਹਿਸਾਬ ਕਿਤਾਬ ਵਿਆਜ਼ ਸਮੇਤ ਬਰਾਬਰ ਕਰਨਗੇ।"
-"ਬੱਲੇ....!" ਸਿਪਾਹੀ ਨੇ ਜੇਬ ਵਿਚ ਪਾਏ ਮਿੰਨ੍ਹੀ ਟੇਪ ਰਿਕਾਰਡਰ ਦੀ ਸਵਿੱਚ ਬੰਦ ਕਰ ਦਿੱਤੀ। ਉਸ ਨੇ ਜੈਲਦਾਰ ਦੇ ਸਾਰੇ ਇਕਬਾਲੀਆ ਬਿਆਨ ਧੋਖੇ ਨਾਲ ਰਿਕਾਰਡ ਕਰ ਲਏ ਸਨ। ਉਹ ਇਸ਼ਾਰੇ ਨਾਲ ਠਾਣੇਦਾਰ ਅਤੇ ਮੁਣਸ਼ੀ ਨੂੰ ਲੈ ਕੇ ਦਫ਼ਤਰ ਚਲਾ ਗਿਆ। ਸਾਰੇ ਬਿਆਨ ਧਿਆਨ ਨਾਲ ਸੁਣੇ ਗਏ। ਪੁਲੀਸ ਦੇ ਹੱਕ ਵਿਚ ਜਾਂਦੇ ਇਕਬਾਲੀਆ ਬਿਆਨ ਉਹਨਾਂ ਨੇ ਵੱਡੀ ਕੈਸਿਟ ਉਪਰ ਟਰਾਂਸਫਰ ਕਰ ਲਏ ਅਤੇ ਬਾਕੀ ਬਿਆਨਾਂ ਨੂੰ ਮਿਟਾ ਦਿੱਤਾ ਗਿਆ। ਇੱਕ ਆਡੀਓ ਕੈਸਿਟ ਅਦਾਲਤ ਵਿਚ ਪੇਸ਼ ਕਰਨ ਲਈ ਰਾਖਵੀਂ ਰੱਖ ਲਈ। ਕੈਸਿਟ ਦੇ ਬਿਆਨਾਂ 'ਤੇ ਅਧਾਰਿਤ ਇੱਕ ਸੰਖੇਪ ਰਿਪੋਰਟ ਤਿਆਰ ਕਰ ਲਈ ਗਈ। ਲੋੜੀਂਦੀਆਂ ਦਫ਼ਾਵਾਂ ਲਾ ਕੇ ਸਬੰਧਿਤ ਕੈਸਿਟ ਸੀਲ-ਬੰਦ ਕਰਕੇ ਨਾਲ ਨੱਥੀ ਕਰ ਦਿੱਤੀ। ਦੋਸ਼ੀਆਂ ਦੀਆਂ ਫ਼ੋਟੋਆਂ ਲਾ ਫ਼ਾਈਲਾਂ ਤਿਆਰ ਕਰਕੇ ਕੇਸ ਮੜ੍ਹ ਦਿੱਤਾ ਗਿਆ। ਠਾਣੇਦਾਰ ਐਸ. ਪੀ. ਨੂੰ ਉਪਰੋਕਤ ਖ਼ਬਰ ਫ਼ੋਨ 'ਤੇ ਦੇਣ ਲੱਗ ਪਿਆ।
-"ਕਿਸੇ ਹੋਰ ਅੱਤਿਵਾਦੀ ਬਾਰੇ ਨਹੀਂ ਦੱਸਿਆ?" ਐਸ. ਪੀ. ਨੇ ਪੁੱਛਿਆ।
-"ਜਨਾਬ ਬੜੀ ਪੱਕੀ ਹੱਡੀ ਦੇ ਐ-ਭੋਰਾ ਨਹੀਂ ਥਿੜਕੇ-ਅਸੀਂ ਤਾਂ ਤੁਹਾਡੇ ਹੁਕਮ ਕਰਕੇ ਬਹੁਤੀ ਸਖ਼ਤੀ ਨਹੀਂ ਵਰਤੀ ਨਹੀਂ ਤਾਂ ਸ਼ਾਇਦ-।"
-"ਨਹੀਂ-ਨਹੀਂ ਗਰੇਵਾਲ! ਆਪਣੀ ਸੰਘੀ ਪ੍ਰੈਸ ਦੇ ਹੱਥ ਐ-ਐਨਾਂ ਈ ਬਹੁਤ ਐ-ਹੁਣ ਇਹਨਾਂ ਨੂੰ ਟਾਰਚਰ ਕਰਨਾ ਬੰਦ ਕਰੋ ਤੇ ਇਲਾਜ਼ ਸੁਰੂ ਕਰਵਾਓ! ਅਜੇ ਤੇਰੇ ਕੋਲ ਪੰਜ ਦਿਨ ਐਂ-ਅਦਾਲਤ ਦੀ ਪੇਸ਼ੀ ਤੱਕ ਇਹ ਨੌਂ-ਬਰ-ਨੌਂ ਹੋਣ-ਇਹ ਮੇਰੀ ਸਖ਼ਤ ਹਦਾਇਤ ਐ-ਮੈਂ ਕੋਈ ਵੀ ਰਿਸਕ ਆਪਣੇ ਸਿਰ ਨਹੀਂ ਲੈਣਾ ਚਾਹੁੰਦਾ-ਅੰਡਰਸਟੈਂਡ?"
-"ਐਕਸੈਕਟਲੀ ਸਰ!"
ਫ਼ੋਨ ਕੱਟੇ ਗਏ।
ਹੱਥ ਪੈਰ ਖੋਲ੍ਹ ਕੇ ਉਹਨਾਂ ਨੂੰ ਪਹਿਲੀ ਜਗਾਹ ਹੀ ਲਿਆ ਸੁੱਟਿਆ। ਫ਼ੋਨ 'ਤੇ ਡਾਕਟਰ ਨੂੰ ਇਤਲਾਹ ਕਰ ਦਿੱਤੀ ਗਈ ਅਤੇ ਸਾਹਿਬ ਦਾ ਸ਼ਾਹੀ ਫੁਰਮਾਨ ਵੀ ਦੱਸ ਦਿੱਤਾ ਗਿਆ।
ਦੋਨਾਂ ਦਾ ਇਲਾਜ਼ ਸੁਰੂ ਹੋ ਗਿਆ।
ਟੀਕੇ ਅਤੇ ਦੁਆਈਆਂ ਕਾਰਨ ਉਹ ਵਾਹਵਾ ਸੁਰਤ ਫੜ ਗਏ। ਅੱਜ ਉਹਨਾਂ ਦੇ ਹੱਥ ਪੈਰ ਨਹੀਂ ਬੰਨ੍ਹੇ ਸਨ। ਦੋਨਾਂ ਨੇ ਹੇਠਾਂ ਵਿਛੀ ਝੋਨੇ ਦੀ ਪਰਾਲੀ ਇਕੱਠੀ ਕਰਕੇ ਸਿਰਹਾਣੇ ਬਣਾ ਲਏ।
-"ਸਮਝ ਨਹੀਂ ਆਉਂਦੀ ਬਈ ਇਹਨਾਂ 'ਚ ਐਨੀ ਤਬਦੀਲੀ ਕਿਵੇਂ ਆ ਗਈ-ਲੱਤਾਂ ਪਾੜ ਕੇ ਹੁਣ ਇਲਾਜ ਵੀ ਸੁਰੂ ਕਰਵਾ ਦਿੱਤਾ?" ਜੈਲਦਾਰ ਪੱਟ ਦੀਆਂ ਪੱਟੀਆਂ ਪਲੋਸਦਾ ਕਹਿ ਰਿਹਾ ਸੀ।
-"ਲੱਗਦੈ ਅੱਜ ਕੱਲ੍ਹ 'ਚ ਆਪਾਂ ਨੂੰ ਪਾਰ ਈ ਬੁਲਾਉਣਗੇ।" ਕਾਕਾ ਬੋਲਿਆ।
-"ਪਾਰ ਆਪਾਂ ਨੂੰ ਜਮਾਂ ਨੀ ਬੁਲਾਉਂਦੇ-ਜੇ ਪਾਰ ਈ ਬੁਲਾਉਣਾ ਹੁੰਦਾ ਆਪਣਾ ਇਲਾਜ ਨਹੀ ਸੀ ਕਰਵਾਉਂਦੇ-ਮੈਨੂੰ ਮੈਦ ਐ ਝੂਠੇ ਸੱਚੇ ਕੇਸ ਪਾ ਕੇ ਜੇਲ੍ਹ ਭੇਜਣਗੇ।"
-"ਕੁਛ ਤਾਂ ਕਰਨਗੇ ਈ-ਖੂਹ 'ਚ ਡਿੱਗੀ ਇੱਟ ਕਦੇ ਸੁੱਕੀ ਨਿੱਕਲੀ ਐ?"
-"ਕੁਛ ਕਰਨ ਮਿੱਤਰਾ-ਗੋਲੀ ਮਾਰ ਏਸ ਗੱਲ ਨੂੰ-ਤੂੰ ਕੱਲ੍ਹ ਆਲੀ ਸਾਖੀ ਸੁਣਾ-ਕੀ ਐ ਨੀਂਦ ਈ ਆ ਜਾਵੇ?"
-"ਦੁਆਈ ਦਾ ਟੈਮ ਹੋਇਆ ਪਿਐ-ਪਹਿਲਾਂ ਕੈਪਸੂਲ ਲੈ ਲਾ-ਫੇਰ ਤੈਨੂੰ ਅੱਜ ਹੋਰ ਸਾਖੀ ਸੁਣਾਉਨੈਂ।"
ਦੋਹਾਂ ਨੇ ਕੈਪਸੂਲ ਅਤੇ ਗੋਲੀਆਂ ਲੈ ਲਈਆਂ।
-"ਇਹ ਸਾਖੀ ਨੌਸਿ਼ਹਰੇ ਦੀ ਲੜਾਈ ਨਾਲ ਸਬੰਧਿਤ ਐ।" ਕਾਕੇ ਨੇ ਕਹਿਣਾ ਸੁਰੂ ਕੀਤਾ। ਜੈਲਦਾਰ ਚੁੱਪ ਸੀ।
-"ਜੇ ਹੁੰਗਾਰਾ ਭਰੇਂਗਾ ਤਾਂ ਸੁਣਾਊਂ-ਨਹੀਂ ਬੱਸ ਕਰ ਜਾਨੈਂ।" ਕਾਕੇ ਨੇ ਕਿਹਾ।
-"ਤੂੰ ਸੁਣਾ-ਮੈਂ ਹੁੰਗਾਰਾ ਭਰਦੈਂ।" ਜੈਲਦਾਰ ਨੇ ਹੁੰਗਾਰਾ ਭਰਨਾ ਸੁਰੂ ਕਰ ਦਿੱਤਾ। ਕਾਕੇ ਨੇ ਸਾਖੀ ਸੁਰੂ ਕਰ ਦਿੱਤੀ।
-"ਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਜੱਥੇਦਾਰ ਸ਼ਾਮ ਸਿੰਘ ਅਟਾਰੀਵਾਲੇ ਦੀ ਲੜਕੀ ਨਾਲ ਹੋਣੀ ਸੀ-ਸਾਰੇ ਸੈਨਾਪਤੀ ਯੋਧੇ ਅਫ਼ਗਾਨਾਂ ਦੀ ਧਰਤੀ 'ਤੇ ਇਕੱਠੇ ਹੋਏ-ਹੋਏ ਸਨ-ਸਾਰਿਆਂ ਨੂੰ ਹੀ ਬੜਾ ਚਾਅ ਸੀ।"
-"ਚਾਅ ਤਾਂ ਹੋਣਾ ਈ ਸੀ।" ਜੈਲਦਾਰ ਨੇ ਕਿਹਾ।
-"ਕਿਸੇ ਗੱਦਾਰ ਸੂਹੀਏ ਨੇ ਇਹ ਸਾਰੀ ਖ਼ਬਰ ਜਾ ਕੇ ਪਠਾਣਾਂ ਦੇ ਕੰਨੀਂ ਪਰੋਅ ਦਿੱਤੀ ਬਈ ਹੁਣ ਮੌਕਾ ਐ-ਘੇਰਾ ਪਾ ਕੇ ਸਿੰਘਾਂ ਦਾ ਮਲੀਆਮੇਟ ਕਰ ਦਿਓ-ਐਦੂੰ ਵੱਡਾ ਸੁਨਿਹਰੀ ਦਾਅ ਹੱਥ ਨਹੀਂ ਲੱਗਣਾ!"
-"ਹੈਅ ਤੇਰੀ ਬੇੜੀ ਡੁੱਬਜੇ ਕੁੱਤਿਆ!"
-"ਬੱਸ ਫੇਰ ਕੀ ਸੀ? ਪਠਾਣਾਂ ਨੂੰ ਨਾਲ ਲੈ ਕੇ ਚਾਲੀ ਹਜ਼ਾਰ ਪਠਾਣੀਂ ਫ਼ੌਜ ਨੇ ਸਿੰਘਾਂ ਨੂੰ ਘੇਰੇ ਵਿਚ ਲੈਣਾ ਸੁਰੂ ਕਰ ਦਿੱਤਾ-ਹੁਣ ਸਿੰਘ ਥੋੜੇ ਸੀ ਤੇ ਪਠਾਣੀ ਫ਼ੌਜ ਚਾਲੀ ਹਜ਼ਾਰ-ਫਿ਼ਕਰ ਤਾਂ ਸਿੰਘਾਂ ਨੂੰ ਹੋਣਾ ਈ ਸੀ? ਮਹਾਰਾਜ ਸ਼ੇਰ ਸਿੰਘ ਨੇ ਕਿਵੇਂ ਨਾ ਕਿਵੇਂ ਮਹਾਰਾਜਾ ਰਣਜੀਤ ਸਿੰਘ ਕੋਲ ਰੁੱਕਾ ਭੇਜਿਆ ਕਿ ਮੱਦਦ ਲਈ ਤੁਰੰਤ ਹੋਰ ਫ਼ੌਜ ਭੇਜੀ ਜਾਵੇ-ਸਿੰਘਾਂ ਦੀ ਫ਼ੌਜ ਘੋਰ ਮੁਸੀਬਤ 'ਚ ਫ਼ਸ ਗਈ ਐ।"
-"ਬੱਲੇ ਉਏ ਸ਼ੇਰਾ...!"
-"ਰੁੱਕਾ ਪੜ੍ਹਨ ਸਾਰ ਮਹਾਰਾਜੇ ਨੇ ਅਕਾਲੀ ਫੂਲਾ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਏ ਨੂੰ ਬੁਲਾ ਲਿਆ-ਖ਼ਬਰ ਸੁਣਨ ਸਾਰ ਸੂਰਮਿਆਂ ਦੇ ਨੇਤਰਾਂ 'ਚੋਂ ਖੂਨ ਚੋਣ ਲੱਗ ਪਿਆ।"
-"ਹੱਟ ਪਿੱਛੇ! ਵਾਹ ਉਏ ਸੂਰਮਿਓਂ!"
-"ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਨੇ ਅਰਦਾਸਾ ਸੋਧਿਆ, ਅਤੇ ਕਮਰਕਸੇ ਕਰ ਕੇ ਆਪਣੀਆਂ-ਆਪਣੀਆਂ ਫ਼ੌਜਾਂ ਸਮੇਤ ਚੜ੍ਹਾਈ ਕਰ ਦਿੱਤੀ-ਅਫ਼ਗਾਨਿਸਤਾਨ ਵੱਲ ਨੂੰ ਫ਼ੌਜਾਂ ਤੂਫ਼ਾਨ ਬਣੀਆਂ ਜਾ ਰਹੀਆਂ ਸਨ।"
-"ਨਹੀਂ ਰੀਸਾਂ...!" ਜੈਲਦਾਰ ਜੋਸ਼ ਵਿਚ ਆ ਕੇ ਉਠ ਕੇ ਬੈਠ ਗਿਆ। ਜਿਵੇਂ ਉਸ ਅੰਦਰ ਅਥਾਹ ਸ਼ਕਤੀ ਪ੍ਰਵੇਸ਼ ਕਰ ਗਈ ਸੀ। ਸਾਰਾ ਤਸ਼ੱਦਦ ਭੁਲਾ ਕੇ ਉਹ ਨਵਾਂ ਨਰੋਆ ਹੋਇਆ ਬੈਠਾ ਸੀ।
-"ਜਿਹੜੇ ਰਸਤੇ ਫ਼ੌਜਾਂ ਨੇ ਜਾਣਾ ਸੀ-ਉਸ ਰਾਹ ਵਿਚ ਅਟਕ ਦਰਿਆ ਪੈਂਦਾ ਸੀ-ਜਦੋਂ ਖ਼ਾਲਸਾਈ ਫ਼ੌਜਾਂ ਅਟਕ ਦਰਿਆ ਕੰਢੇ ਪੁੱਜੀਆਂ ਤਾਂ ਉਹਨਾਂ ਨੇ ਅਜ਼ੀਬ ਦ੍ਰਿਸ਼ ਦੇਖਿਆ-ਅਟਕ ਦਰਿਆ ਆਪਣੀ ਹਸਤੀ ਤੋਂ ਵੀ ਵੱਧ ਚੜ੍ਹਿਆ ਹੋਇਆ ਸੀ-ਤੇ ਪਠਾਣਾਂ ਨੇ ਜਾਣ ਕੇ ਪੁਲ ਤੋੜ ਦਿੱਤਾ ਸੀ ਡਰਦਿਆਂ ਨੇ।"
-"ਉਏ ਹੋਏ....!" ਜੈਲਦਾਰ ਫੂਕ ਨਿਕਲੇ ਬੁਲ੍ਹਬਲੇ ਵਾਂਗ ਫਿਰ ਪਰਾਲੀ 'ਤੇ ਡਿੱਗ ਪਿਆ।
-"ਤੂੰ ਗੱਲ ਤਾਂ ਸੁਣ ਅੱਗੇ-।"
-"ਸੁਣਾਈ ਚੱਲ-ਮੈਂ ਸੁਣਦੈਂ।" ਉਹ ਅੱਖਾਂ 'ਤੇ ਬਾਂਹ ਰੱਖੀ ਬੋਲ ਰਿਹਾ ਸੀ।
-"ਮਹਾਰਾਜਾ ਰਣਜੀਤ ਸਿੰਘ ਆਪਣੀਆਂ ਫ਼ੌਜਾਂ ਦਾ ਨੁਕਸਾਨ ਨਹੀਂ ਕਰਵਾਉਣਾ ਚਾਹੁੰਦਾ ਸੀ-ਕਿਉਂਕਿ ਇਸ ਹਾਲਤ ਵਿਚ ਅਟਕ ਦਰਿਆ ਪਾਰ ਕਰਨਾ ਕਿਵੇਂ ਵੀ ਖ਼ਤਰੇ ਤੋਂ ਖਾਲੀ ਨਹੀਂ ਸੀ-ਫ਼ੌਜ ਦਰਿਆ ਵਿਚ ਰੁੜ੍ਹ ਸਕਦੀ ਸੀ-ਉਸ ਨੇ ਸਾਰੀਆਂ ਫ਼ੌਜਾਂ ਨੂੰ ਅਟਕ ਦਰਿਆ ਸ਼ਾਂਤ ਹੋਣ ਰੁਕਣ ਲਈ ਹੁਕਮ ਦਿੱਤਾ ਤਾਂ ਅਕਾਲੀ ਫੂਲਾ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਆ ਆਪਣੀ ਹਿੰਡ 'ਤੇ ਅੜ ਗਏ-ਉਹਨਾਂ ਕਿਹਾ ਕਿ ਅਰਦਾਸਾ ਸੋਧ ਕੇ ਮੁਨੱਕਰ ਹੋਣਾ ਖ਼ਾਲਸੇ ਦੀ ਨੀਤੀ ਨਹੀਂ-ਤੁਸੀਂ ਰੁਕਣੈਂ ਤਾਂ ਬੇਸ਼ੱਕ ਰੁਕੋ-ਪਰ ਅਸੀਂ ਗੁਰੂ ਮਹਾਰਾਜ ਅੱਗੇ ਥਾਪੜੇ ਲਈ ਅਰਦਾਸ ਕਰਕੇ ਹਰ ਹਾਲਤ ਵਿਚ ਅਟਕ ਦਰਿਆ ਪਾਰ ਕਰਾਂਗੇ।"
-"ਵਾਹ ਜੀ ਵਾਹ...! ਫਿਰ ਕੀ ਹੋਇਆ...?"
-"ਫੇਰ ਕੀ ਹੋਣਾ ਸੀ ਜੈਲਦਾਰਾ? ਅਕਾਲੀ ਫੂਲਾ ਸਿੰਘ ਨੇ ਗੁਰੂ ਮਹਾਰਾਜ ਅੱਗੇ ਫਿਰ ਚੜ੍ਹਦੀ ਕਲਾ ਬਖ਼ਸ਼ਣ ਲਈ ਅਰਦਾਸ ਕੀਤੀ ਅਤੇ ਜਪੁਜੀ ਸਾਹਿਬ ਦਾ ਪਾਠ ਸੁਰੂ ਕਰਕੇ, ਪੰਦਰਾਂ ਸੌ ਸਿੰਘ ਲੈ ਕੇ ਅੱਗੇ ਵਧਿਆ-ਇਤਿਹਾਸ ਦੱਸਦੈ ਬਈ ਜਦੋਂ ਅਕਾਲੀ ਫੂਲਾ ਸਿੰਘ ਨੇ ਆਪਣਾ ਹਾਥੀ ਅਟਕ ਦਰਿਆ ਵਿਚ ਵਾੜਿਆ-ਉਦੋਂ ਪਾਠ 'ਸੁਣਿਐ ਹਾਥ ਹੋਵੈ ਅਸਗਾਹੁ' 'ਤੇ ਪਹੁੰਚ ਗਿਆ ਸੀ-ਅਸਗਾਹ ਦਾ ਮਤਲਬ ਸਮੁੰਦਰ ਹੁੰਦੈ-ਬਈ ਤੇਰੀ ਕ੍ਰਿਪਾ ਹੋ ਜਾਵੇ ਤਾਂ ਸਮੁੰਦਰ ਵੀ ਹੱਥ-ਹੱਥ ਹੀ ਰਹਿ ਜਾਂਦੈ-ਜਦੋਂ ਹਾਥੀ ਦਰਿਆ ਵਿਚ ਵੜਿਆ ਤਾਂ ਅਟਕ ਦਰਿਆ ਵਾਕਿਆ ਈ ਹੱਥ-ਹੱਥ ਰਹਿ ਗਿਆ।"
-"ਧੰਨ ਐਂ..! ਧੰਨ ਐਂ..! ਧੰਨ ਐਂ ਕਲਗੀਆਂ ਆਲੇ ਪਾਤਸ਼ਾਹ ਤੂੰ..!" ਜੈਲਦਾਰ ਦੀਆਂ ਵੈਰਾਗ ਵਿਚ ਅੱਖਾਂ ਭਰ ਆਈਆਂ।
ਉਸ ਨੇ ਦੋਨੋਂ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਉਠ ਕੇ ਬੈਠ ਗਿਆ। ਉਸ ਦੇ ਨੇਤਰਾਂ 'ਚੋਂ ਜਲ ਚੋਈ ਜਾ ਰਿਹਾ ਸੀ।
-"ਨਾਲ ਈ ਇਹਨਾਂ ਦੇ ਭਾਈ ਸਾਹਿਬ ਸਿੰਘ ਬੇਦੀ ਸੀ-ਇਹ ਸਾਖੀ ਤੈਨੂੰ ਬਾਅਦ 'ਚ ਸੁਣਾਊਂ।"
-"ਫੇਰ ਕੀ ਹੋਇਆ?"
-"ਫੇਰ ਕੀ ਹੋਣਾ ਸੀ? ਇਹ ਸਾਰਾ ਅਲੌਕਿਕ ਦ੍ਰਿਸ਼ ਦੇਖ ਕੇ ਅਕਾਲੀ ਫੂਲਾ ਸਿੰਘ ਦੀਆਂ ਫ਼ੌਜਾਂ ਮਗਰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌ਼ਜਾਂ ਵੀ ਠਿੱਲ੍ਹ ਪਈਆਂ-ਅਟਕ ਦਰਿਆ ਪਾਰ ਕਰਨ ਤੋਂ ਬਾਅਦ ਅਕਾਲੀ ਫੂਲਾ ਸਿੰਘ ਨੇ ਇਸ ਧਰਮ-ਯੁੱਧ ਦੀ ਕਮਾਂਡ ਕੀਤੀ ਤੇ ਭੂਸਰੇ ਪਠਾਣਾਂ ਨੂੰ ਜਾ ਢਾਹਿਆ-ਅਣਗੌਲਿਆ ਜ਼ਬਰਦਸਤ ਹੱਲਾ ਹੋਣ ਕਰਕੇ ਪਠਾਣ ਘਾਬਰ ਗਏ ਤੇ ਜਿੱਧਰ ਨੂੰ ਮੂੰਹ ਹੋਇਆ ਦੌੜ ਤੁਰੇ-।"
-"ਫੇਰ ਖੜ੍ਹਦੇ ਖਾਂ ਮੂਹਰੇ ਖ਼ਸਮਾਂ ਦੇ।"
-"ਪਰ ਇਸ ਘਮਸਾਨ ਦੇ ਹੋਏ ਯੁੱਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਸੂਰਮਾ ਅਕਾਲੀ ਫੂਲਾ ਸਿੰਘ ਸ਼ਹੀਦ ਹੋ ਗਿਆ....।" ਆਖ ਕੇ ਕਾਕੇ ਨੇ ਇੱਕ ਲੰਮੀ ਚੁੱਪ ਸਾਧ ਲਈ। ਉਹ ਅੱਖਾਂ ਮੀਟੀ ਸ਼ਾਂਤ-ਚਿੱਤ ਬੈਠਾ ਸੀ।
-"ਸ਼ਹੀਦੀ ਤਾਂ ਸੂਰਮੇਂ ਨੂੰ ਬੜੀ ਕਿਸਮਤ ਨਾਲ ਨਸੀਬ ਹੁੰਦੀ ਐ।" ਕਾਫੀ ਦੇਰ ਬਾਅਦ ਜੈਲਦਾਰ ਬੋਲਿਆ।
ਕਾਕੇ ਨੇ ਅੱਖਾਂ ਖੋਲ੍ਹੀਆਂ ਤਾਂ ਉਸ ਦੀਆਂ ਅੱਖਾਂ ਲਾਲ ਰੱਤੀਆਂ ਹੋਈਆਂ ਪਈਆਂ ਸਨ। ਰੱਤ ਚੋਂਦੀ ਲੱਗਦੀ ਸੀ। ਉਸ ਦਾ ਚਿਹਰਾ ਅੰਗਿਆਰ ਵਾਂਗ ਦਗ ਰਿਹਾ ਸੀ।
-"ਕੀ ਸੋਚੀ ਜਾਨੈਂ?" ਜੈਲਦਾਰ ਨੇ ਕਾਕੇ ਨੂੰ ਹਲੂਣਿਆਂ।
-"ਮੈਂ ਸੋਚਦੈਂ ਬਈ ਪ੍ਰੀਤ ਤੇ ਬਿੱਲੂ ਹੋਰੀਂ ਤਾਂ ਸ਼ਹੀਦੀਆਂ ਪਾ ਕੇ, ਸੁਰਖ਼ਰੂ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਜਾ ਬਿਰਾਜੇ-ਆਪਣਾ ਕਲਿਆਣ ਕਦੋਂ ਹੋਊ?"
-"ਜਿੰਨੀ ਸੇਵਾ ਗੁਰੂ ਮਹਾਰਾਜ ਨੇ ਲਾਈ ਐ-ਓਨੀ ਤਾਂ ਪੂਰੀ ਕਰਨੀ ਪਊ।"
-"ਇਹ ਵੀ ਪ੍ਰਤੱਖ ਸੱਚ ਐ।"
-"ਤੂੰ ਸੱਚ, ਸਾਹਿਬ ਸਿੰਘ ਬੇਦੀ ਬਾਰੇ ਵੀ ਦੱਸਣਾ ਸੀ?" ਜੈਲਦਾਰ ਨੇ ਅਚਾਨਕ ਯਾਦ ਕਰਕੇ ਆਖਿਆ।
-"ਹਾਂ-ਉਹ ਇਹ ਗੱਲ ਐ-ਜਦੋਂ ਦਸਵੇਂ ਪਾਤਸ਼ਾਹ ਨੇ ਖ਼ਾਲਸਾ ਸਾਜਿਆ-ਉਦੋਂ ਭਾਈ ਸਾਹਿਬ ਸਿੰਘ ਜੀ ਦੇ ਦਾਦਾ ਜੀ ਗੁਰੂ ਸਾਹਿਬ ਦੇ ਦਰਬਾਰੀ ਸਨ-ਖ਼ਾਲਸਾ ਸਾਜਣ ਤੋਂ ਕੁਝ ਕੁ ਮਹੀਨੇ ਬਾਅਦ ਕਲਗੀਧਰ ਪਿਤਾ ਜੀ ਨੇ ਕਿਹਾ ਕਿ ਸਾਰੇ ਪ੍ਰੀਵਾਰਾਂ ਨੇ ਅੰਮ੍ਰਿਤ ਛਕ ਲਿਆ ਹੈ-ਹੁਣ ਅਸੀਂ ਚਾਹੁੰਦੇ ਹਾਂ ਕਿ ਬੇਦੀ ਪ੍ਰੀਵਾਰ ਵੀ ਅੰਮ੍ਰਿਤਧਾਰੀ ਹੋ ਜਾਵੇ-ਭਾਈ ਬੇਦੀ ਸਾਹਿਬ ਦੇ ਕੋਈ ਪੋਤਾ ਪੋਤੀ ਨਹੀਂ ਸੀ-ਤਾਂ ਭਾਈ ਬੇਦੀ ਹੋਰਾਂ ਨੇ ਆਖਿਆ: ਸੱਚੇ ਪਾਤਸ਼ਾਹ! ਅਮ੍ਰਿੰਤਪਾਨ ਆਪਾਂ ਆਪਣੇ ਪੋਤਰੇ ਨੂੰ ਕਰਵਾਵਾਂਗੇ-।"
-"ਵਾਹਿਗੁਰੂ..! ਵਾਹਿਗੁਰੂ..!" ਜੈਲਦਾਰ ਨੇ ਫਿਰ ਜੋਦੜੀ ਕੀਤੀ। ਉਹ ਸਾਖੀ ਵਿਚ ਤਨੋਂ-ਮਨੋਂ ਖੁੱਭਿਆ ਪਿਆ ਸੀ।
-"ਜਦੋਂ ਭਾਈ ਬੇਦੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅੰਮ੍ਰਿਤਪਾਨ ਆਪਾਂ ਆਪਣੇ ਪੋਤਰੇ ਨੂੰ ਕਰਵਾਵਾਂਗੇ-ਤਾਂ ਗੁਰੂ ਸਾਹਿਬ ਨੇ ਫੁਰਮਾਨ ਕੀਤਾ ਕਿ ਪੋਤਰੇ ਦਾ ਨਾਮ ਤੁਹਾਨੂੰ ਅਸੀਂ ਅੱਜ ਹੀ ਦੇ ਦਿੰਦੇ ਹਾਂ-ਤੇ ਚੋਜੀ ਪ੍ਰੀਤਮ ਨੇ ਉਹਨਾਂ ਦੇ ਪੋਤਰੇ ਨੂੰ ਸਾਹਿਬ ਸਿੰਘ ਬੇਦੀ ਦਾ ਨਾਂ ਬਖ਼ਸਿ਼ਆ-ਅਰਥਾਤ ਭਾਈ ਸਾਹਿਬ ਸਿੰਘ ਜੀ ਬੇਦੀ ਗੁਰੂ ਸਾਹਿਬ ਦੇ ਬਚਨਾਂ ਨਾਲ ਪੈਦਾ ਹੋਏ ਸਨ।"
-"ਕੋਈ ਅੰਤ ਨਹੀਂ ਸਰਬੰਸ ਦਾਨੀ ਦਾ-ਉਹਦੀਆਂ ਉਹ ਹੀ ਜਾਣੇ।"
ਅਜੇ ਉਹਨਾਂ ਨੇ ਸਾਖੀ ਸੰਪੂਰਨ ਹੀ ਕੀਤੀ ਸੀ ਕਿ ਵੱਡਾ ਦਰਵਾਜਾ ਫਿਰ ਖੁੱਲਿਆ। ਦੋ ਸਿਪਾਹੀ ਅਤੇ ਡਾਕਟਰ ਅੰਦਰ ਆ ਗਏ। ਡਾਕਟਰ ਨੇ ਪੱਟੀਆਂ ਲਾਹ ਕੇ ਹੋਰ ਪੱਟੀਆਂ ਕਰ ਦਿੱਤੀਆਂ। ਇੱਕ-ਇੱਕ ਟੀਕਾ ਲਾਇਆ। ਅਗਲੇ ਦਿਨ ਥੋੜ੍ਹਾ ਬਹੁਤਾ ਧੁੱਪੇ ਤੁਰਨ-ਫਿਰਨ ਦੀ ਹਦਾਇਤ ਦੇ ਕੇ ਡਾਕਟਰ ਚਲਾ ਗਿਆ।
ਜੈਲਦਾਰ ਦੇ ਬਜੁਰਗ ਮਾਂ-ਬਾਪ ਛੱਡ ਦਿੱਤੇ ਗਏ। ਗੱਲ ਉਹਨਾਂ ਨੂੰ ਕੋਈ ਦੱਸੀ ਨਹੀਂ ਸੀ। ਦੁਖੀ ਮਾਪੇ ਘੁੱਟ ਵੱਟੀ ਬਾਹਰ ਨਿਕਲ ਗਏ ਸਨ। ਪ੍ਰੀਤਮ ਦੀ ਗ੍ਰਿਫ਼ਤਾਰੀ ਬਾਰੇ ਉਹਨਾਂ ਨੂੰ ਕੋਈ ਇਲਮ ਨਹੀਂ ਸੀ। ਨਾ ਹੀ ਉਹਨਾਂ ਨੇ ਕੁਛ ਪੁੱਛਿਆ ਸੀ।
ਅਗਲੇ ਦਿਨ ਦੁਪਹਿਰੇ ਜਦੋਂ ਉਹਨਾਂ ਨੂੰ ਠਾਣੇ ਦੇ ਵਿਹੜੇ ਵਿਚ ਧੁੱਪੇ ਫੇਰਿਆ ਤੋਰਿਆ ਜਾ ਰਿਹਾ ਸੀ ਤਾਂ ਕਾਕੇ ਦੀ ਨਜ਼ਰ ਦੂਰੋਂ, ਚੁਬਾਰੇ ਦੀਆਂ ਪੌੜੀਆਂ ਉਤਰਦੇ ਰਣਬੀਰ 'ਤੇ ਪਈ। ਨਾਲ ਠਾਣੇਦਾਰ ਸੀ। ਠਾਣੇਦਾਰ ਉਸ ਨੂੰ ਥਾਪੜ-ਥਾਪੜ ਕੇ ਕੋਈ ਗੱਲ ਸਮਝਾ ਰਿਹਾ ਸੀ। ਕਾਕੇ ਦੇ ਮਨ ਅੰਦਰ ਕਈ ਸ਼ੰਕਾਵਾਂ ਖੁੰਬ ਵਾਂਗ ਉਠ ਖੜ੍ਹੀਆਂ। ਕਾਕੇ ਦੇ ਦਿਲ 'ਤੇ ਜਿਵੇਂ ਰੇਗਮਾਰ ਫਿਰ ਗਿਆ ਸੀ। ਉਸ ਨੇ ਕਸੀਸ ਵੱਟ ਕੇ ਕੰਧ ਨੂੰ ਹੱਥ ਪਾ ਲਿਆ।
ਕਾਕਾ ਰਣਬੀਰ ਨਾਲ ਕਾਲਜ ਵਿਚ ਪੜ੍ਹਦਾ ਰਿਹਾ ਸੀ। ਉਸ ਦੇ ਗੱਦਾਰ, ਮੁਖ਼ਬਰ ਪਿਉ ਬਾਰੇ ਕਾਕੇ ਨੂੰ ਚੰਗੀ ਤਰ੍ਹਾਂ ਪਤਾ ਸੀ। ਨਕਸਲਵਾੜੀ ਲਹਿਰ ਮੌਕੇ ਰਣਬੀਰ ਦੇ ਨੰਬਰਦਾਰ ਪਿਉ ਨੇ ਨਕਸਲੀ ਫੜਵਾ ਕੇ ਚੰਗੇ ਹੱਥ ਰੰਗੇ ਸਨ ਤੇ ਹੁਣ ਸ਼ਾਇਦ ਰਣਬੀਰ....? ਉਸ ਦੇ ਦਿਮਾਗ ਅੰਦਰ ਸੋਚਾਂ ਟੱਕਰਾਂ ਮਾਰ ਰਹੀਆਂ ਸਨ। ਕਾਲਜ ਵਿਚ ਵੀ ਫ਼ੈਡਰੇਸ਼ਨ ਅਤੇ ਕੌਮਿਊਨਿਸਟ ਧੜਿਆਂ ਦੇ ਸਿੰਗ ਰਣਬੀਰ ਦੀ ਚੁੱਕ 'ਤੇ ਹੀ ਫ਼ਸਦੇ ਸਨ। ਪਰ ਰਣਬੀਰ ਸਿਆਸਤੀ ਹੋਣ ਕਾਰਨ ਦੋਹਾਂ ਧਿਰਾਂ ਨਾਲ ਹੀ ਬਣਾਈ ਰੱਖਦਾ ਸੀ। ਸਿਰ ਬਿਗਾਨਿਆਂ ਪੁੱਤਾਂ ਦੇ ਹੀ ਪਾਟ ਜਾਂਦੇ ਸਨ। ਨੰਬਰਦਾਰ ਪਿਉ ਦਾ ਪਾਹ
ਪੁੱਤ ਨੂੰ ਮਾੜਾ ਮੋਟਾ ਜਰੂਰ ਲੱਗਣਾ ਸੀ। ਕਾਕਾ ਸੁੰਨ ਹੋਇਆ ਖੜ੍ਹਾ ਸੀ।
-"ਕੀ ਗੱਲ ਹੋ ਗਈ?" ਜੈਲਦਾਰ ਨੇ ਆ ਕੇ ਕਾਕੇ ਨੂੰ ਪੁੱਛਿਆ।
-"ਊਂਈਂ ਚੱਕਰ ਜਿਹਾ ਆ ਗਿਆ ਸੀ।" ਕੋਲ ਫਿਰਦੇ ਸੰਤਰੀ ਨੂੰ ਦੇਖ ਕੇ ਕਾਕਾ ਗੱਲ ਦੱਬ ਗਿਆ।
-"ਹੁਣ ਠੀਕ ਐਂ?"
-"ਹਾਂ...!"
ਰਾਤ ਨੂੰ ਕਾਕੇ ਨੇ ਜੈਲਦਾਰ ਨੂੰ ਸਾਰੀ ਕਹਾਣੀ ਕਹਿ ਸੁਣਾਈ। ਜੈਲਦਾਰ ਨੇ ਬਣੇ ਧਿਆਨ ਨਾਲ ਸੁਣਿਆ ਸੀ।
-"ਕਿਹੜੇ ਪਿੰਡ ਦਾ ਐ ਇਹ ਸੂਰਮਾਂ?"
-"ਤਲਵੰਡੀ ਦਾ ਐ-ਨੰਬਰਦਾਰ ਦਾ ਮੁੰਡਾ।"
-"ਕੀ ਨਾਂ ਐਂ?"
-"ਰਣਬੀਰ!"
-"ਕਾਕਿਆ! ਜੇ ਤਾਂ ਗੁਰੂ ਨੇ ਇੱਥੋਂ ਲਿਆ ਕੱਢ, ਤਾਂ-ਤਾਂ ਮੇਲਾਂਗੇ ਆਪਣੇ ਹੱਥੀਂ ਘੁੰਡੀਆਂ-ਤੇ ਜੇ ਸਜਾ ਖਾ ਗਏ ਜਾਂ ਚੜ੍ਹਾਈ ਕਰ ਗਏ-ਫੇਰ ਕੁਛ ਕਹਿ ਨਹੀਂ ਸਕਦੇ-ਪਰ ਜੇ ਸਬੱਬ ਬਣਿਆਂ ਸਿੰਘਾਂ ਨੂੰ ਇਹਦੀਆਂ ਸੇਵਾਵਾਂ ਬਾਰੇ ਜਰੂਰ ਸੁਨੇਹਾਂ ਭੇਜਾਂਗੇ-ਐਹੋ ਜਿਹੇ ਈਮਾਨਦਾਰ ਬੰਦੇ ਨੂੰ ਕੋਈ ਨਾ ਕੋਈ ਇਨਾਮ ਤਾਂ ਜਰੂਰ ਮਿਲਣਾ ਚਾਹੀਦੈ!"
-"ਯਾਰ ਰੋਟੀ ਰਾਟੀ ਦੀ ਸਾਲੇ ਬਾਤ ਈ ਨਹੀਂ ਪੁੱਛਦੇ।"
-"ਮੁਰਗਾ ਖੁਆਵਾਂ?"
ਦੋਨੋਂ ਹੱਸ ਪਏ।
-"ਆਹ ਤਾਕਤ ਦੇ ਕੈਪਸੂਲ ਈ ਆਪਾਂ ਨੂੰ ਬਚਾਈ ਆਉਂਦੇ ਐ-ਨਹੀਂ ਹੁਣ ਨੂੰ ਘੁੱਗੂ ਬੋਲਿਆ ਹੋਣਾ ਸੀ।"
-"ਮੇਰੀ ਮਾਸੂਕ ਸੀਬੋ ਤਾਂ ਰੋ-ਰੋ ਕਮਲੀ ਹੋਜੂ।"
-"ਹਾਏ ਵੇ ਮੇਰੇ ਸਹੁਰੇ ਦਿਆ ਜਾਇਆ ਕਹਿ ਕਹਿ ਕੇ ਵੈਣ ਪਾਊਗੀ।"
ਸਿਹਤ ਵੱਲੋਂ ਕੁਝ ਕੁ ਠੀਕ ਹੋਏ ਉਹ ਅਰਾਮ ਕਰਨ ਲਈ ਲਿਟ ਗਏ ਸੀ। ਬੱਲਬ ਉਹਨਾਂ ਦੇ ਸਿਰ 'ਤੇ ਸਾਰਾ ਦਿਨ, ਸਾਰੀ ਰਾਤ ਜਗਦਾ ਰਹਿੰਦਾ ਸੀ। ਚੌਂਕੀਦਾਰ ਵਾਂਗ!

ਬਾਕੀ ਅਗਲੇ ਹਫ਼ਤੇ......

No comments:

Post a Comment