ਇੱਕ ਸੰਖੇਪ ਮੀਟਿੰਗ ਵਿਚ ਭੜਕੇ ਹੋਏ ਖ਼ਾੜਕੂਆਂ ਵੱਲੋਂ ਇਹ ਤਿੰਨ ਮਤੇ ਸਰਬ-ਸੰਮਤੀ ਨਾਲ ਪਾਸ ਹੋਏ: ਠਾਣੇਦਾਰ ਗੜਗੱਜ ਸਿੰਘ ਦਾ ਕਤਲ, ਮੁਖ਼ਬਰ ਰਣਬੀਰ ਨੂੰ ਪ੍ਰੀਵਾਰ ਸਮੇਤ ਸੋਧਾ, ਲੁਧਿਆਣੇ ਦੀ ਇੱਕ ਬੈਂਕ ਵਿਚ ਡਕੈਤੀ, ਜਿਸ ਵਿਚ ਇਸ ਹਫ਼ਤੇ ਤਕਰੀਬਨ ਸੱਤ ਕਰੋੜ ਰੁਪਏ ਪੁੱਜਣ ਵਾਲੇ ਸਨ। ਇਹਨਾਂ ਅੱਡੋ-ਅੱਡੀ ਐਕਸ਼ਨਾਂ ਲਈ ਵੱਖੋ -ਵੱਖ ਖ਼ਾੜਕੂਆਂ ਨੇ ਜਿ਼ੰਮੇਵਾਰੀ ਸੰਭਾਲੀ।
ਉਲੀਕੀ ਸਕੀਮ ਮੁਤਾਬਿਕ ਕਾਕਾ ਅਤੇ ਜੈਲਦਾਰ ਰਣਬੀਰ ਦੇ ਪਿੰਡ ਨੂੰ ਤੁਰ ਪਏ। ਰਾਤ ਕਾਫ਼ੀ ਗੂਹੜ੍ਹੀ ਹੋ ਚੁੱਕੀ ਸੀ।
ਰਣਬੀਰ ਦੇ ਘਰ ਕੋਲ ਜਾ ਕੇ ਉਹਨਾਂ ਨੇ ਕੰਨ ਬੜਿੱਕੇ ਜਿਹੇ ਭੰਨੇ। ਬੈਠਕ ਅੰਦਰ ਸ਼ਰਾਬੀ ਨੰਬਰਦਾਰ ਦੇ ਘੁਰਾੜ੍ਹੇ ਘਰਾਟ-ਰਾਗ਼ ਛੱਡ ਰਹੇ ਸਨ। ਇੱਕੋ ਧੱਕੇ ਨਾਲ ਬੈਠਕ ਦੇ ਦਰਵਾਜੇ ਦੇ ਕਬਜੇ ਹਿੱਲ ਗਏ ਅਤੇ ਦੂਜੇ ਧੱਕੇ ਨਾਲ ਦਰਵਾਜਾ ਇੱਕ ਪਾਸਿਓਂ ਬੋਤੇ ਦੇ ਬੁੱਲ੍ਹ ਵਾਂਗ ਲਟਕਣ ਲੱਗ ਪਿਆ। ਬੈਠਕ ਦੀ ਲਾਈਟ ਜਗਾ ਕੇ ਕਾਕੇ ਨੇ ਦਰਵਾਜਾ ਗੁਜ਼ਾਰੇ ਜੋਗਾ ਭੇੜ੍ਹ ਦਿੱਤਾ ਅਤੇ ਘੁਰਾੜ੍ਹੇ ਮਾਰਦੇ ਨੰਬਰਦਾਰ ਦੇ ਮੂੰਹ 'ਤੇ ਲੱਤ ਮਾਰੀ। ਨੰਬਰਦਾਰ ਡਰਿਆਂ ਵਾਂਗ ਭੜ੍ਹੱਕ ਕੇ ਉਠਿਆ। ਉਸ ਦੀਆਂ ਜਟੂਰੀਆਂ ਸਪੋਲੀਆਂ ਵਾਂਗ ਖੜ੍ਹੀਆਂ ਸਨ ਅਤੇ ਸ਼ਰਾਬੀ ਅੱਖਾਂ ਦਾ ਰੰਗ ਜੋਗੀਆ ਸੀ।
ਉਹ ਪਰੋਲੇ 'ਚ ਡਿੱਗੇ ਕਤੂਰੇ ਵਾਂਗ ਨਸ਼ੇ ਦਾ ਮਧੋਲਿਆ ਜਿਹਾ ਪਿਆ ਸੀ। ਜੈਲਦਾਰ ਨੇ ਏ. ਕੇ. ਸੰਤਾਲੀ ਦੀ ਬਾਇਰਲ ਉਸ ਦੀ ਹਿੱਕ ਵਿਚ ਸੱਬਲ ਵਾਂਗ ਮਾਰੀ। ਗੁੱਝੀ ਸੱਟ ਨਾਲ ਨੰਬਰਦਾਰ ਦਾ ਸਾਹ ਬੰਦ ਹੋ ਗਿਆ ਅਤੇ ਉਸ ਨੇ ਹਿੱਕ ਦੋਹਾਂ ਬਾਹਾਂ ਵਿਚ ਘੁੱਟ ਲਈ। ਉਸ ਵਿਚ "ਹਾਏ" ਕਹਿਣ ਦਾ ਵੀ ਸਾਹ-ਸਤ ਨਹੀਂ ਰਿਹਾ ਸੀ।
-"ਕਿਉਂ ਉਏ ਕੁੱਤੇ ਦਿਆ ਹੱਡਾ! ਸਿੰਘਾਂ ਨਾਲ ਸਿੰਗ ਪਸਾ ਕੇ ਕਿਹੜੇ ਰਾਹ ਭੱਜੇਂਗਾ? ਧੀਅ ਦਿਆ ਖ਼ਸਮਾਂ ਗੁਰੂ ਦੇ ਬੀਰਾਂ ਦੀ ਮੁਖ਼ਬਰੀ ਕਰਦੈਂ-?" ਜੈਲਦਾਰ ਨੇ ਨੰਬਰਦਾਰ ਦੇ ਮੂੰਹ 'ਤੇ ਚੁਪੇੜ ਮਾਰੀ। ਉਸ ਦਾ ਮੂੰਹ ਪਲੰਘ ਦੇ ਪਾਵੇ 'ਤੇ ਵੱਜ ਕੇ ਸੁੰਨ ਹੋ ਗਿਆ। ਨੰਬਰਦਾਰ ਨੂੰ ਸੁੱਝ ਨਹੀਂ ਰਿਹਾ ਸੀ ਕਿ ਉਹ ਕੀ ਕਰੇ? ਜੈਲਦਾਰ ਨੇ ਉਸ ਨੂੰ ਉਸ ਦੇ ਸਣ ਵਰਗੇ ਵਾਲਾਂ ਤੋਂ ਫੜ ਕੇ ਵਿਹੜੇ ਵੱਲ ਨੂੰ ਘੜ੍ਹੀਸਿਆ। ਕਾਕੇ ਨੇ ਰਣਬੀਰ ਸਮੇਤ ਸਾਰਾ ਟੱਬਰ ਜਗਾ ਕੇ ਰਸੋਈ ਕੋਲ ਇਕੱਠਾ ਕਰ ਲਿਆ ਸੀ।-"ਕਿਉਂ ਉਏ ਹਰਾਮ ਦਿਆ ਤੁਖਮਾਂ-ਲੋਕਾਂ ਦੀ ....ਉਂਗਲ ਦੇ ਕੇ ਫ਼ਸਾਦ ਕਰਾਉਂਦਾ ਸੀ-ਹੁਣ ਦੱਸ?" ਕਾਕੇ ਨੇ ਬੰਦੂਕ ਰਣਬੀਰ ਦੀ ਸੰਘੀ 'ਚ ਦਿੰਦਿਆਂ ਕਿਹਾ। ਡਰੇ ਰਣਬੀਰ ਦੀਆਂ ਅੱਖਾਂ ਗੇੜੀਂ ਪਈਆਂ ਹੋਈਆਂ ਸਨ। ਉਹ ਕਾਕੇ ਨੂੰ ਕਿਹੜਾ ਭੁੱਲਿਆ ਹੋਇਆ ਸੀ? ਚੋਰ ਬੰਦਾ ਕਿਹੜੇ ਮੂੰਹ ਨਾਲ ਮੁਆਫ਼ੀ ਮੰਗੇ? ਕਾਕੇ ਨੂੰ ਉਸ ਦੀ ਰਗ-ਰਗ ਦਾ ਤਾਂ ਪਤਾ ਸੀ। ਨੰਬਰਦਾਰਨੀ ਕਾਕੇ ਅਤੇ ਜੈਲਦਾਰ ਦੇ ਪੈਰੀਂ ਡਿੱਗ ਪਈ।
-"ਹਾੜ੍ਹੇ ਵੇ ਪੁੱਤ! ਦੋਨੋਂ ਹੱਥ ਜੁੜਾ ਲਓ-ਪੈਰੀਂ ਚੁੰਨੀ ਧਰਦੀ ਐਂ ਮੈਂ ਥੋਡੇ-ਪਰ ਸ਼ੇਰ ਬਣਕੇ ਇੱਕ ਆਰੀ ਬਖਸ਼ ਦਿਓ -ਨਾ ਮੇਰੇ ਪੁੱਤ...!"
-"ਨੰਬਰਦਾਰਨੀਏਂ! ਜਿਹੜੇ ਘਰ ਇਹਨਾਂ ਕਰਕੇ ਉੱਜੜੇ ਐ-ਉਹਨਾਂ ਬਾਰੇ ਕੀ ਕਹੇਂਗੀ?" ਜੈਲਦਾਰ ਨੇ ਪੈਰਾਂ 'ਚ ਪਈ ਚੁੰਨੀ ਦੂਰ ਵਗਾਹ ਮਾਰੀ। ਨੰਬਰਦਾਰ ਦਾ ਵੱਡਾ ਮੁੰਡਾ ਕਾਕੇ ਨਾਲ ਹੱਥੋਪਾਈ ਹੋਣ ਲੱਗਿਆ ਤਾਂ ਜੈਲਦਾਰ ਨੇ "ਪਰਲੋਂ" ਦਾ ਮੂੰਹ ਖੋਲ੍ਹ ਦਿੱਤਾ। ਤਿੰਨ ਮੁੰਡੇ, ਨੰਬਰਦਾਰ ਅਤੇ ਨੰਬਰਦਾਰਨੀ ਲਾਸ਼ਾਂ ਵਿਚ ਬਦਲ ਗਏ। ਛਲਣੀਂ ਹੋਈਆਂ ਲਾਸ਼ਾਂ ਸਰੋਂ ਦੀਆਂ ਪੂਲੀਆਂ ਵਾਂਗ ਵਿਹੜੇ ਵਿਚ ਪਈਆਂ ਸਨ।
-"ਖ਼ਾਲਿਸਤਾਨ - ਜਿ਼ੰਦਾਬਾਦ!" ਦੇ ਨਾਅਰੇ ਲਾਉਂਦੇ ਉਹ ਜਿ਼ੰਮੇਵਾਰੀ ਵਾਲਾ ਲੈੱਟਰ-ਪੈਡ ਸੁੱਟ ਰਸਤੇ ਪੈ ਗਏ।
ਲਗਾਤਾਰ ਚੱਲੀਆਂ ਗੋਲੀਆਂ ਕਾਰਨ ਪਿੰਡ ਵਿਚ ਸਹਿਮ ਛਾ ਗਿਆ ਸੀ। ਲੋਕ ਜਾਗਦੇ ਹੀ ਸੌਂ ਗਏ ਸਨ।
ਅੱਧੀ ਰਾਤ ਬਾਅਦ ਕਾਕੇ ਹੁਰੀਂ ਆਪਣੇ ਟਿਕਾਣੇ 'ਤੇ ਆ ਪਹੁੰਚੇ। ਬਾਲੀ ਅਜੇ ਜਾਗਦਾ ਹੀ ਪਿਆ ਸੀ। ਬਾਕੀ ਘੂਕ ਸੁੱਤੇ ਪਏ ਸਨ।
-"ਕਿਉਂ - ਕਿਵੇਂ ਬਣੀਂ?" ਬਾਲੀ ਨੇ ਪੁੱਛਿਆ। ਉਹ ਰਜਾਈ ਵਿਚੋਂ ਅੱਧ-ਅਨੀਂਦਰਾ ਬੋਲ ਰਿਹਾ ਸੀ।
-"ਨੰਬਰਦਾਰ ਨੂੰ ਤਾਂ ਲਾ ਆਏ ਸਿ਼ਸ਼ਨ ਜੱਜ।" ਜੈਲਦਾਰ ਨੇ ਕਿਹਾ। ਉਹ ਜੁੱਤੀ ਵਿਚੋਂ ਠੋਹਕਰ-ਠੋਹਕਰ ਕੇ ਰੇਤਾ ਕੱਢ ਰਿਹਾ ਸੀ। ਕਾਕਾ ਕੰਬਲ ਲਾਹ ਕੇ ਬਾਲੀ ਨਾਲ ਹੀ ਰਜਾਈ ਵਿਚ ਘੁਸੜ ਗਿਆ।
-"ਤੇ ਰਣਬੀਰ?"
-"ਮੈਖਿਆ ਬਾਲੀ ਕੀ ਗੱਲ ਕਰਦੈਂ-ਸਾਰੇ ਪ੍ਰੀਵਾਰ ਵੱਲੋਂ ਤੈਨੂੰ ਕੋਈ ਉਲਾਂਭਾ ਨਹੀਂ ਆਊ-ਸਾਰੇ ਈ ਅਹੁਦਿਆਂ 'ਤੇ ਬਿਰਾਜਮਾਨ ਐਂ-ਨੰਬਰਦਾਰ ਸਮੇਤ ਸਾਰਾ ਟੱਬਰ ਬਾਗੋਬਾਗ਼।" ਜੈਲਦਾਰ ਦਿਲਰਾਜ ਨਾਲ ਲੇਟਦਾ ਹੋਇਆ ਬੋਲਿਆ।
ਦਿਲਰਾਜ ਨੇ ਰਜਾਈ ਮੂੰਹ ਤੋਂ ਹਟਾ ਕੇ ਗੌਰ ਨਾਲ ਦੇਖਿਆ ਤਾਂ ਜੈਲਦਾਰ ਆਪਣੀ ਜਗਾਹ ਮੰਜੇ 'ਤੇ ਬਣਾਈ ਪਿਆ ਸੀ। ਉਸ ਦੇ ਠੰਡੇ ਪੈਰ ਦਿਲਰਾਜ ਦੇ ਰੋੜੇ ਵਾਂਗ ਵੱਜੇ ਸਨ।
-"ਉਏ ਤੂੰ ਮੇਰੇ ਨਾਲ ਆ ਘੁਸੜਿਐਂ?"
-"ਕਿਉਂ ਮੈਂ ਰੰਡੀ ਦਾ ਜਮਾਈ ਐਂ?"
-"ਸਾਲੇ 'ਚੋਂ ਬੋਕ ਮਾਂਗੂੰ ਮੁਸ਼ਕ ਮਾਰਦੈ-ਨਹਾਉਣਾ ਨਹੀਂ ਚਗਲ ਨੇ ਧੋਣਾ ਨਹੀਂ-ਸਾਲੀ ਨੌ ਮਣ ਜੂਠ...!"
-"ਕਿਉਂ ਤੂੰ ਮੇਰੀ ਰੰਨ ਬਣਨੈ ਕਿ ਕਿਤੇ ਰਿਸ਼ਤਾ ਕਰਵਾਉਣੈਂ?"
-"ਤੈਨੂੰ ਰਿਸ਼ਤਾ ਕਰਵਾਉਣ ਨਾਲੋਂ ਮੈਂ ਅਗਲੀ ਦੇ ਪਹਿਲਾਂ ਗੋਲੀ ਨਾ ਮਾਰੂੰ?"
-"ਉਏ ਮੇਰੇ ਅਰਗਾ ਦਿਲ ਦਰਿਆ ਬੰਦਾ ਅਗਲੀ ਨੂੰ ਸਾਰੇ ਜਹਾਨ 'ਚ ਨਹੀਂ ਮਿਲਣਾ।"
-"ਰਜਾਈ 'ਚੋਂ ਪੈਰ ਬਾਹਰ ਕੱਢਲਾ-ਭੈਣ ਦੇਣੀਂ ਡਾਡ ਮਾਰਨ ਲਾਅਤੀ।" ਦਿਲਰਾਜ ਨੇ ਰਜਾਈ 'ਚੋਂ ਮੂੰਹ ਕੱਢ, ਬਾਹਰੋਂ ਸਾਹ ਲੈਣਾ ਸੁਰੂ ਕਰ ਦਿੱਤਾ। ਉਸ ਦਾ ਦਮ ਘੁੱਟਿਆ ਗਿਆ ਸੀ।
-"ਯਾਰ ਭੁੱਖ ਜੀ ਲੱਗੀ ਪਈ ਐ।" ਦਿਲਰਾਜ ਦੀ ਗੱਲ ਵੱਲੋਂ ਬੇਧਿਆਨਾ ਹੋ ਕੇ ਜੈਲਦਾਰ ਬੋਲਿਆ।
-"ਲਓ...! ਹੋਰ ਕਰਲੋ ਘਿਉ ਨੂੰ ਭਾਂਡਾ-ਮੁਰਦਾ ਬੋਲੂ ਖੱਫ਼ਣ ਪਾੜੂ-ਇਹਦੇ ਕੋਲੇ ਦੋ ਈ ਗੱਲਾਂ ਐਂ-ਇੱਕ ਤੀਮੀਂ ਦੂਜੀ ਰੋਟੀ-ਹੋਰ ਤੀਜੀ ਗੱਲ ਇਹਨੂੰ ਮੈਨੂੰ ਮੈਦ ਐ ਆਉਂਦੀ ਈ ਨਹੀਂ-ਭਾਲਦੈ ਪੂੜੇ।"
-"ਉਏ ਮਰਜੋ ਪੈਜੋ ਹੁਣ! ਕਿਉਂ ਡੰਡ ਪਾਈ ਐ? ਸਾਲੇ ਸੌਣ ਵੀ ਨਹੀਂ ਦਿੰਦੇ।" ਕਾਕਾ ਖਿਝਿਆ ਬੋਲਿਆ।
-"ਤੂੰ ਕਿਸੇ ਦਾ ਸੁਪਨਾ ਲੈਣਾ ਹੋਊ? ਸਾਨੂੰ ਤਾਂ ਸਾਲਾ ਕਿਸੇ ਦਾ ਸੁਪਨਾ ਵੀ ਨਹੀਂ ਆਉਂਦਾ।"
-"ਟੋਕਰਾ ਲੰਗਰ ਦਾ ਖਾ ਕੇ ਤੈਨੂੰ ਸੁਪਨਾ ਕਿਹੜੇ ਪਾਸਿਓਂ ਆਊ? ਸੁਪਨੇ ਤਾਂ ਧੜੀ ਅੰਨ ਥੱਲੇ ਪ੍ਰੈੱਸ ਹੋ ਜਾਂਦੇ ਐ ਸਾਲੇ।"
-"ਥੋਡੀ ਦੰਦ ਕਥਾ ਮੈਨੂੰ ਇੱਕ ਨਾ ਇੱਕ ਦਿਨ ਲੈ ਕੇ ਹਟੂ-ਮੈਥੋਂ ਬਿਨਾ ਸਾਲਿਓ ਤੁਸੀਂ ਡੱਕੇ ਦੇ ਨਹੀਂ।"
-"ਟਟੀਰ੍ਹੀ ਨੂੰ ਵਹਿਮ ਐਂ ਬਈ ਅਸਮਾਨ ਮੇਰੀਆਂ ਟੰਗਾਂ 'ਤੇ ਈ ਖੜ੍ਹੈ।"
-"ਤੁਸੀਂ ਕੁੱਤਿਓ ਮੈਨੂੰ ਟਟੀਰ੍ਹੀ ਨਾਲ ਰਲਾਤਾ? ਉਏ ਮੈਂ ਤਾਂ ਬੱਬਰ ਸ਼ੇਰ ਐਂ ਬੱਬਰ ਸ਼ੇਰ!"
-"ਚੰਗਾ ਬੱਬਰ ਸ਼ੇਰ ਜੀ ਹੁਣ ਸੌਣ ਦੀ ਕਿਰਪਾਲਤਾ ਕਰੋ!" ਦਿਲਰਾਜ ਨੇ ਜੈਲਦਾਰ ਅੱਗੇ ਹੱਥ ਜੋੜ ਦਿੱਤੇ।
-"ਆਹ ਹੋਈ ਨਾ ਗੱਲ-ਜੇ ਪਹਿਲਾਂ ਈ ਬੇਨਤੀ ਕਰ ਦਿੰਦਾ ਕਿ ਸਰਦਾਰ ਪ੍ਰੀਤਮ ਸਿੰਘ ਜੈਲਦਾਰ ਜੀ ਕਿਰਪਾ ਕਰਕੇ ਆਰਾਮ ਫ਼ਰਮਾਓ-ਸਿੰਘ ਸਾਹਿਬ ਪਹਿਲਾਂ ਈ ਬਿਰਾਜਮਾਨ ਹੋ ਜਾਂਦੇ-।"
ਪਰ ਹੁਣ ਕੋਈ ਨਾ ਬੋਲਿਆ।
ਬਾਲੀ ਹੋਰਾਂ ਦੇ ਟਿਕਾਣੇ 'ਤੇ ਤੜਕੇ ਪੰਜ ਵਜੇ ਟਰੱਕ ਆ ਖੜ੍ਹਾ ਹੋਇਆ। ਬਾਲੀ ਤੋਂ ਬਗੈਰ ਸਾਰੇ ਹੀ ਸੁੱਤੇ ਹੋਏ ਸਨ।
ਜੈਲਦਾਰ ਸੁੱਤਾ ਪਿਆ ਦੰਦ ਕਿਰਚੀ ਜਾ ਰਿਹਾ ਸੀ।
-"ਦਿਲਰਾਜ! ਉਏ ਦਿਲਰਾਜ!!"
-".......!"
-"ਉਏ ਦਿਲਰਾਜ....!" ਬਾਲੀ ਨੇ ਉਸ ਨੂੰ ਹਲੂਣਿਆਂ।
-"ਹਾਂ.....?"
-"ਉੱਠ-ਤਾਰੀ ਹੋਣੀਂ ਆ ਗਏ।"
-"ਕੀ ਟੈਮ ਹੋਇਐ?" ਦਿਲਰਾਜ ਦੀ ਊਂਘ ਲੱਦੀ ਅਵਾਜ਼ ਆਈ।
-"ਪੰਜ ਵੱਜ ਗਏ।"
ਦਿਲਰਾਜ ਊਧ-ਮਧੂਣਾ ਜਿਹਾ ਹੋਇਆ ਉੱਠ ਕੇ ਬੈਠ ਗਿਆ। ਅਜੇ ਵੀ ਉਹ ਬੈਠਾ ਹੀ ਸੌਂਦਾ ਜਾ ਰਿਹਾ ਸੀ। ਅੱਖਾਂ ਮਿਚ ਰਹੀਆਂ ਸਨ।
-"ਉੱਠ ਕੇਰਾਂ - ਸ਼ੇਰ ਬਣ!"
ਦਿਲਰਾਜ ਉੱਠ ਕੇ ਮੂੰਹ ਧੋਣ ਚਲਾ ਗਿਆ।
-"ਚਾਹ ਚੂਹ ਨਹੀਂ ਬਣਾਈ?" ਟਰੱਕ 'ਚੋਂ ਉੱਤਰ ਕੇ ਆਉਂਦਾ ਬਲਿਹਾਰ ਬੋਲਿਆ।
-"ਬੱਕਰੀ ਨਹੀਂ ਚੋਈ ਅਜੇ।" ਬਾਲੀ ਦੇ ਨਾਲ ਬਲਿਹਾਰ ਵੀ ਹੱਸ ਪਿਆ। ਉਹ ਬਾਹਰ-ਬਾਹਰ ਕਿਸੇ ਫ਼ਾਰਮ ਹਾਊਸ 'ਤੇ ਪਏ ਸਨ। ਬਾਹਰ ਧੁੰਦ ਅੱਖਾਂ ਚੁੰਧਿਆ ਰਹੀ ਸੀ।
-"ਆਹ ਕਿਹੜਾ ਪਿਐ?"
-"ਜੈਲਦਾਰ ਐ।"
-"ਘਰਾੜ੍ਹਿਆਂ ਦੇ ਫੱਟੇ ਈ ਚੱਕੀ ਜਾਂਦੈ।"
-"........।"
-"ਕੰਜਰ ਨੇ ਸਾਰੀ ਰਾਤ ਸੌਣ ਨਹੀਂ ਦਿੱਤਾ-ਚੱਕੇ ਗੋਡਾ ਵੱਖੀ 'ਚ ਮਾਰਿਆ ਕਰੇ-ਕਿਤੇ ਸਾਲਾ ਲੱਤ ਉੱਤੇ ਧਰ ਲਿਆ ਕਰੇ-ਮਸਾਂ ਚੱਕਿਆ ਕਰਾਂ-ਮਾਂ ਚੋਦ ਹੋਊ ਜਿਹੜਾ ਮੁੜ ਕੇ ਇਹਦੇ ਨਾਲ ਪਊ-ਭੁੰਜੇ ਪੈਣਾ ਮਨਜੂਰ ਐ।" ਮੂੰਹ ਹੱਥ ਧੋ ਕੇ ਆਇਆ ਦਿਲਰਾਜ, ਮੂੰਹ ਪੂੰਝਦਾ ਹੋਇਆ ਬੋਲਿਆ।
-"ਰਣਬੀਰ ਸੋਧਤਾ ਰਾਤ ਇਹਨਾਂ ਨੇ।" ਬਾਲੀ ਨੇ ਬਲਿਹਾਰ ਨੂੰ ਦੱਸਿਆ।
-"ਫੇਰ ਆ ਕੇ ਇਹਨੇ ਪਾਡੀਆਂ ਨਹੀਂ ਮਾਰੀਆਂ?" ਬਲਿਹਾਰ ਹੱਸ ਪਿਆ।
-"ਇਹ ਤਾਂ ਇਹਦੀ ਪਹਿਲੀ ਗੱਲ ਐ।"
-"ਚੱਲੀਏ ਫੇਰ?"
-"ਚਲੋ-।" ਦੋਹਾਂ ਨੇ ਹਥਿਆਰ ਚੁੱਕ ਲਏ।
-"ਉਏ ਜੈਲਦਾਰਾ!"
-"ਹਾਂ...?"
-"ਕਿਤੇ ਜਾਇਓ ਨਾ-ਸਾਡੇ ਆਉਣ ਤੱਕ ਇੱਥੇ ਈ ਰਹਿਓ!" ਬਾਲੀ ਨੇ ਕਿਹਾ।
ਜੈਲਦਾਰ ਉੱਠ ਕੇ ਬੈਠ ਗਿਆ।
-"ਕਦੋਂ ਕੁ ਆਉਂਗੇ?"
-"ਪੰਜ ਕੁ ਵਜੇ ਮੁੜ ਆਵਾਂਗੇ।"
-"ਤੇ ਸਾਡੀਆਂ ਰੋਟੀਆਂ ਦਾ ਪ੍ਰਬੰਧ?" ਜੈਲਦਾਰ ਨੇ ਫਿ਼ਕਰ ਜ਼ਾਹਿਰ ਕੀਤਾ।
-"ਲਓ ਬਈ-ਇਹਨੂੰ ਤਾਂ ਮਿਲੋ ਪਹਿਲਾਂ।" ਦਿਲਰਾਜ ਫਿਰ ਖਿਝ ਗਿਆ, "ਇਹਨੂੰ ਅੰਨ ਤੋਂ ਬਿਨਾ ਕੋਈ ਗੱਲ ਈ ਨਹੀਂ ਆਉਂਦੀ-ਬਹੁੜੀ ਉਏ! ਅੰਨ ਨਾਲ ਕੋਈ ਵੈਰ ਐ?"
-"ਮੇਰੀਆਂ ਰਾਤ ਦੀਆਂ ਕੋਕੜਾਂ ਹੋਈਆਂ ਪਈਐਂ-ਸਾਲੀ ਭੁੱਖੇ ਨੂੰ ਨੀਂਦ ਈ ਨਹੀਂ ਆਈ।" ਜੈਲਦਾਰ ਨੇ ਸਿ਼ਕਵਾ ਦਿਖਾਇਆ।
-"ਘੁਰਾੜ੍ਹੇ ਸਾਲੇ ਦੇ ਚੱਕ-ਤਾਰੇਵਾਲ ਤੋਂ ਹੋ-ਹੋ ਕੇ ਮੁੜਦੇ ਸੀ-ਕਾਂ ਵੜ-ਵੜ ਨਿਕਲਦੇ ਸੀ-ਕਹਿੰਦਾ ਅਖੇ ਨੀਂਦ ਨਹੀਂ ਆਈ।"
-"ਜਿੱਦੇਂ ਸੋਧਾ ਲਾਇਆ ਤੈਨੂੰ ਮੈਂ ਈ ਲਾਊਂ।"
-"ਥੋਡੀ ਰੋਟੀ ਦਸ ਕੁ ਵਜੇ ਆਜੂ-ਫਿ਼ਕਰ ਨਾ ਕਰ।" ਬਲਹਿਾਰ ਬੋਲਿਆ।
-"ਉਦੋਂ ਤੱਕ ਤਾਂ ਖੱਸੀ ਹੋਜਾਂਗੇ।"
-"ਤੇਰੇ ਆਸਤੇ ਪੂਰੀਆਂ ਪੈਂਤੀ ਰੋਟੀਆਂ ਆਉਣਗੀਆਂ-।"
-"ਜੇ ਸਾਡੇ ਹਿੱਸੇ ਦੀਆਂ ਖਾਧੀਆਂ ਤਾਂ ਸਾਲਿਆ ਬੋਰੀ 'ਚ ਪਾ ਕੇ ਭੰਨਾਂਗੇ।"
ਉਹ ਹੱਸਦੇ ਬਾਹਰ ਨਿੱਕਲ ਗਏ।
-"ਕੰਮ ਟੰਚ ਕਰਕੇ ਮੁੜਿਓ! ਕਹੋਂ ਤਾਂ ਮੈਂ ਨਾਲ ਚੱਲਾਂ?" ਜੈਲਦਾਰ ਨੇ ਪਿੱਛੋਂ ਕਿਹਾ।
-"ਉਏ ਬਹਿਜਾ ਸਾਲਾ ਨਲੀ ਚੋਚਲ-ਰੋਟੀਆਂ ਦਾ ਖੌਅ!" ਟਰੱਕ ਵਿਚ ਚੜ੍ਹਦਾ ਦਿਲਰਾਜ ਬੋਲਿਆ।
ਟਰੱਕ ਵਿਚ ਬੈਠੇ ਸਾਰੇ ਹੱਸ ਪਏ।
-"ਕਿਸੇ ਦਿਨ ਤੇਰੀ ਵੀ ਅਖ਼ਬਾਰ 'ਚ ਖ਼ਬਰ ਆਊਗੀ - ਅੱਤਵਾਦੀ ਦਿਲਰਾਜ ਸਾਥੀ ਖ਼ਾੜਕੂ ਸਰਦਾਰ ਪ੍ਰੀਤਮ ਸਿੰਘ ਜੈਲਦਾਰ ਹੱਥੋਂ ਹਲਾਕ-।"
ਫਿਰ ਸਾਰੇ ਹੱਸ ਪਏ।
ਟਰੱਕ ਤੁਰ ਗਿਆ।
ਜੈਲਦਾਰ ਨੇ ਨਾਸਾਂ ਚਾਹੜ ਕੇ ਕੌੜਾ ਧੂੰਆਂ ਸੁੰਘਿਆ ਅਤੇ ਰਜਾਈ ਨੱਪ ਕੇ ਫਿਰ ਸੌਂ ਗਿਆ।
0 0 0 0 0
ਤਲਵੰਡੀ ਪਿੰਡ ਪੁਲੀਸ ਛਾਉਣੀ ਵਿਚ ਬਦਲਿਆ ਪਿਆ ਸੀ। ਰਣਬੀਰ ਅਤੇ ਨੰਬਰਦਾਰ ਸਮੇਤ ਲਾਸ਼ਾਂ ਧਰਮਸਾਲਾ ਵਿਚ ਪਈਆਂ ਸਨ। ਠਾਣੇਦਾਰ ਗੜਗੱਜ ਸਿੰਘ ਨੇ ਸਾਰੇ ਪਿੰਡ ਨੂੰ ਵੰਝ 'ਤੇ ਚੜ੍ਹਾਇਆ ਹੋਇਆ ਸੀ। ਸਾਰਾ ਪਿੰਡ ਨਾ-ਮੰਨਤ ਸੀ ਕਿ ਕਿਸੇ ਨੇ ਗੋਲੀਆਂ ਦੀ ਅਵਾਜ਼ ਸੁਣੀ ਸੀ। ਕੋਈ ਕੁਝ ਦੱਸਣ ਨੂੰ ਤਿਆਰ ਨਹੀਂ ਸੀ। ਠਾਣੇਦਾਰ ਕੰਧਾਂ ਵਿਚ ਡੰਡੇ ਮਾਰਦਾ ਫਿਰਦਾ ਸੀ।
-"ਥੋਡੇ ਪਿੰਡ 'ਚ ਪੰਜ ਕਤਲ ਹੋ ਗਏ - ਸਾਰਾ ਪਿੰਡ ਈ ਬੋਲ਼ਾ ਸੀ?"
-".......।" ਪਿੰਡ ਵਾਲੇ ਖ਼ਾਮੋਸ਼ ਸਨ।
-"ਹੌਲਦਾਰ....! ਸਰਪੰਚ ਅਜੇ ਤੱਕ ਕਿਉਂ ਨਹੀਂ ਆਇਆ?"
-"ਜਨਾਬ ਚੌਂਕੀਦਾਰ ਲੈਣ ਗਿਐ।"
ਅੱਧੇ ਕੁ ਘੰਟੇ ਬਾਅਦ ਸਰਪੰਚ ਪੁੱਜ ਗਿਆ। ਆਉਣਸਾਰ ਉਸ ਨੇ "ਫ਼ਤਹਿ" ਬੁਲਾਈ। ਪਰ ਫ਼ਤਹਿ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਠਾਣੇਦਾਰ ਸਰਪੰਚ 'ਤੇ ਵਰ੍ਹ ਪਿਆ।
-"ਸਰਪੈਂਚਾ-ਤੇਰੇ ਪਿੰਡ 'ਚ ਆ ਕੇ ਅੱਤਵਾਦੀ ਪੰਜ ਕਤਲ ਕਰ ਜਾਣ ਤੇ ਤੂੰ ਠਾਣੇ ਵੀ ਨਾ ਪਹੁੰਚੇਂ? ਆਪਣੀ ਜਿ਼ੰਮੇਵਾਰੀ ਦਾ ਤੈਨੂੰ ਕੋਈ ਅਹਿਸਾਸ ਹੈ ਕਿ ਨਹੀਂ?"
-"ਸਰਦਾਰ ਮੈਨੂੰ ਤਾਂ ਮੁੰਡਾ ਹੁਣੇਂ ਈ ਖੋਸਿਆਂ ਤੋਂ ਲੈ ਕੇ ਆਇਐ-ਮੈਂ ਤਾਂ ਕੱਲ੍ਹ ਦਾ ਖੋਸਾ ਪਾਂਡੋ ਗਿਆ ਹੋਇਆ ਸੀ।"
-"ਨੰਬਰਦਾਰ ਦੇ ਗੁਆਂਢੀ ਕਿਹੜੇ ਕਿਹੜੇ ਐ-ਐਧਰ ਆ ਜਾਓ!"
ਡਰੇ ਗੁਆਂਢੀ ਹਾਜ਼ਰ ਹੋ ਗਏ।
ਠਾਣੇਦਾਰ ਇੱਕ ਬਜੁਰਗ ਦੁਆਲੇ ਹੋ ਗਿਆ।
-"ਦੇਖ ਬਾਬਾ! ਤੇਰੀ ਤਾਂ ਦਾਹੜ੍ਹੀ ਫੜਦਿਆਂ ਵੀ ਸ਼ਰਮ ਆਉਂਦੀ ਐ-ਤੂੰ ਈ ਸੱਚੋ ਸੱਚ ਦੱਸ?"
_"ਸਰਦਾਰ ਜੀ ਸੌ ਹੱਥ ਰੱਸਾ ਤੇ ਸਿਰੇ 'ਤੇ ਗੰਢ-ਅਸੀਂ ਪਹਿਲਾਂ ਰਾਲ-ਬੋਲ ਜੀ ਜਰੂਰ ਸੁਣੀ ਸੀ-ਪਰ ਅਸੀਂ ਕੁਛ ਗੌਲਿਆ ਨਾ-ਕਿਉਂਕਿ ਨੰਬਰਦਾਰ ਪੀ ਕੇ ਨਿੱਤ ਈ ਰੌਲਾ ਕਰਦਾ ਰਹਿੰਦਾ ਸੀ-ਪਰ ਫੇਰ ਇੱਕ ਦਮ ਗੋਲੀਆਂ ਚੱਲੀਆਂ ਤੇ ਫੇਰ ਸਰਦਾਰ ਜੀ ਸ਼ਾਂਤੀ ਹੋ ਗਈ।"
-"ਸ਼ਾਂਤੀ ਤਾਂ ਹੋਣੀ ਸੀ ਜਦੋਂ ਸਾਰੇ ਰਾੜ੍ਹ ਕੇ ਪਰ੍ਹਾਂ ਮਾਰੇ-ਬੰਦੇ ਕਿੰਨੇ ਸੀ?"
-"ਜੀ ਇਹ ਨਹੀਂ ਪਤਾ।"
-"ਤੁਸੀਂ ਉੱਠ ਕੇ ਕਿਉਂ ਨਾ ਦੇਖਿਆ?"
-"ਸਰਦਾਰ ਜੀ ਸ਼ੇਰ ਦੇ ਮੂੰਹ ਕੌਣ ਹੱਥ ਦਿੰਦੈ?" ਬਜੁਰਗ ਨੇ ਸੱਚੀ ਸੁਣਾਈ ਤਾਂ ਠਾਣੇਦਾਰ ਮੁੱਠੀਆਂ ਮੀਟ ਗਿਆ।
-"ਨਾਲੇ ਸਰਦਾਰ ਜੀ ਆਹ ਜਿਹੜਾ ਚਿੱਠਾ ਜਿਆ ਉਹ ਸਿੱਟ ਕੇ ਗਏ ਐ-ਏਹਦੇ ਤੇ ਲਿਖਿਆ ਈ ਹੋਣੈਂ ਬਈ ਉਹ ਕੌਣ ਸੀ? ਨਾਲੇ ਸਰਦਾਰ ਜੀ ਹਥਿਆਰ ਲੈ ਕੇ ਤਾਂ ਚਾਹੇ ਉਹ ਸਾਰਾ ਪਿੰਡ ਮੂਹਰੇ ਲਾ ਲੈਣ, ਕੋਈ ਨਹੀਂ ਕੂੰਦਾ-ਗੱਲੀਂ ਬਾਤੀਂ ਸੂਰਮਾਂ ਕੋਈ ਬਣਿਆਂ ਫਿਰੇ-ਉਹਨਾਂ ਮੂਹਰੇ ਸਾਹ ਨਹੀਂ ਕੱਢਦਾ।"
ਠਾਣੇਦਾਰ ਆਪਣੀ ਫ਼ੋਰਸ ਲੈ ਕੇ ਤੁਰ ਗਿਆ।
ਬਜੁਰਗ ਨੇ ਉਸ ਦਾ ਫੁਕਾੜਪੁਣਾ ਲਾਹ ਦਿੱਤਾ ਸੀ।
-"ਸਰਦਾਰ ਲਾਸ਼ਾਂ ਦਾ ਪੋਸਟ ਮਾਰਟਮ ਨਹੀਂ ਕਰਵਾਉਣਾ?" ਹੌਲਦਾਰ ਨੇ ਠਾਣੇਦਾਰ ਨੂੰ ਪੁੱਛਿਆ ਸੀ।
-"ਵਿਚੋਂ ਨਿਕਲੂ ਕੀ, ਵੜੇਵਾਂ...?" ਮਾਰਨ ਆਲੇ ਮਾਰ ਕੇ ਪਰ੍ਹੇ ਹੋਏ।"
-"ਤੇ ਸਸਕਾਰ?"
-"ਤੇਰਾ ਠੇਕਾ ਲਿਐ...? ਸਾਰਾ ਪਿੰਡ ਮਰ ਗਿਆ-ਪੁਲਸ ਹੁਣ ਸਸਕਾਰਾਂ ਜੋਗੀ ਈ ਰਹਿਗੀ?" ਠਾਣੇਦਾਰ ਗੜਗੱਜ ਸਿੰਘ ਗੱਜਿਆ ਤਾਂ ਹੌਲਦਾਰ ਖ਼ਾਮੋਸ਼ ਹੋ ਗਿਆ।
ਦਿਲਰਾਜ ਹੋਰਾਂ ਦਾ ਟਰੱਕ ਜਾ ਕੇ ਬੈਂਕ ਦੇ ਦਰਵਾਜੇ ਦੇ ਐਨ੍ਹ ਸਾਹਮਣੇ ਰੁਕ ਗਿਆ। ਬੈਂਕ ਦੇ ਸਾਰੇ ਸਟਾਫ਼ ਨੇ ਆ ਕੇ ਅਜੇ ਡਿਊਟੀਆਂ ਸੰਭਾਲੀਆਂ ਹੀ ਸਨ। ਦਿਲਰਾਜ ਨੇ ਟਰੱਕ ਚੋਂ ਉੱਤਰ ਕੇ ਬੈਂਕ ਦੇ ਦਰਵਾਜੇ 'ਤੇ ਖੜ੍ਹੇ ਗੰਨਮੈਨ ਦੇ ਕੰਨ ਵਿਚ ਕੁਝ ਕਿਹਾ ਤਾਂ ਸਾਬਕਾ ਫ਼ੌਜੀ ਗੰਨਮੈਨ ਪੱਥਰ ਦਾ ਬੁੱਤ ਬਣ ਗਿਆ। ਚਿਹਰੇ ਦਾ ਫੂਸ ਉੱਡ ਗਿਆ ਸੀ। ਉਹ ਹੱਥ ਜੋੜ-ਜੋੜ ਕੇ ਦਿਲਰਾਜ ਨੂੰ ਕੁਝ ਆਖ ਰਿਹਾ ਸੀ।
ਦਿਲਰਾਜ ਦੇ ਇਸ਼ਾਰੇ 'ਤੇ ਟਰੱਕ ਵਿਚੋਂ ਬਲਿਹਾਰ, ਸੁਖਜਿੰਦਰ ਅਤੇ ਜਗਤਾਰ ਹੇਠਾਂ ੳੁੱਤਰ ਆਏ ਅਤੇ ਫੁਰਤੀ ਨਾਲ ਬੈਂਕ ਅੰਦਰ ਚਲੇ ਗਏ। ਦਿਲਰਾਜ ਗੰਨਮੈਨ ਕੋਲ ਹੀ ਖੜ੍ਹ ਗਿਆ ਅਤੇ ਬਾਲੀ ਟਰੱਕ ਦੇ ਸਟੇਅਰਿੰਗ 'ਤੇ ਬੈਠ ਗਿਆ।
ਤਾਰੀ ਬਾਂਦਰ ਵਾਂਗ ਟੂਲ 'ਤੇ ਚੜ੍ਹਿਆ ਬੈਠਾ ਸੀ।
ਬੈਂਕ ਅੰਦਰ ਭੂਚਾਲ ਆ ਗਿਆ।
ਫ਼ੋਨ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ।
ਤਿੰਨ ਕੈਸ਼ੀਅਰਾਂ ਤੋਂ ਇਲਾਵਾ ਸਾਰਾ ਸਟਾਫ਼ ਕੰਧ ਨਾਲ ਲਾ ਲਿਆ। ਖਲ ਵਾਲੀਆਂ ਖਾਲੀ ਬੋਰੀਆਂ ਕੈਸ਼ੀਅਰਾਂ ਅੱਗੇ ਉੱਪਰੋਂ ਦੀ ਸੁੱਟ ਦਿੱਤੀਆਂ ਗਈਆਂ ਅਤੇ ਸਾਰੀਆਂ 'ਸੇਫ਼ਾਂ' ਖਾਲੀ ਕਰਨ ਦਾ ਹੁਕਮ ਹੋ ਗਿਆ। ਹੁਕਮ ਬੜੀ ਤੇਜ਼ੀ ਨਾਲ ਵਜਾਇਆ ਜਾ ਰਿਹਾ ਸੀ। ਖਲ ਵਾਲੀਆਂ ਖਾਲੀ ਬੋਰੀਆਂ ਨੋਟਾਂ ਨਾਲ ਤੂੜੀਆਂ ਜਾ ਰਹੀਆਂ ਸਨ। ਜਿੰਨ੍ਹਾਂ ਨੂੰ ਫ਼ੌਜੀ ਗੰਨਮੈਨ ਟਰੱਕ ਵਿਚ ਲੱਦੀ ਜਾ ਰਿਹਾ ਸੀ। ਦਿਨ ਦਿਹਾੜੇ ਲੁੱਟੀ ਜਾ ਰਹੀ ਬੈਂਕ ਨੂੰ ਦੇਖ-ਦੇਖ ਕੇ ਮੈਨੇਜਰ ਬੇਹੋਸ਼ ਹੋਣ ਵਾਲਾ ਹੋਇਆ ਪਿਆ ਸੀ।
ਤਕਰੀਬਨ ਅੱਧੇ ਘੰਟੇ ਵਿਚ ਸਾਰੀ ਬੈਂਕ ਨੂੰ ਹੂੰਝਾ ਫਿਰ ਗਿਆ। ਗੰਨਮੈਨ ਸਮੇਤ ਸਾਰੇ ਸਟਾਫ਼ ਨੂੰ ਅੰਦਰ ਬੰਦ ਕਰ ਦਿੱਤਾ। ਮੁੱਖ ਦਰਵਾਜੇ ਦੇ ਸ਼ਟਰ ਸੁੱਟ ਕੇ 'ਕਲੈਪ-ਡੋਰ' ਖਿੱਚ ਕੇ ਬਾਹਰ "ਅੱਜ ਬੈਂਕ ਬੰਦ ਹੈ" ਦਾ ਬੋਰਡ ਲਟਕਾ ਦਿੱਤਾ।
-"ਬਹੁਤ ਬਹੁਤ ਮਿਹਰਬਾਨੀ ਮੈਨੇਜਰ ਸਾਹਿਬ-ਤੁਸੀਂ ਸਾਰਾ ਸਟਾਫ਼ ਹੀ ਬੜੇ ਸਾਊ ਹੋ-ਕਿਰਪਾ ਕਰਕੇ ਆਹ ਸਾਡਾ ਪ੍ਰੇਮ ਪੱਤਰ ਆਪਣੀ ਪਰਮ ਪਿਆਰੀ ਪੁਲਸ ਨੂੰ ਦੇ ਦੇਣਾ-ਤੁਹਾਨੂੰ ਸਾਰੇ ਸਟਾਫ਼ ਨੂੰ ਇੱਕੋ ਇੱਕ ਬੇਨਤੀ ਹੈ ਕਿ ਪੂਰਾ ਇੱਕ ਘੰਟਾ ਤੁਸੀਂ ਬਾਹਰ ਨਿਕਲਣ ਦੀ ਖੇਚਲ ਨਾ ਕਰਿਓ-ਤੇ ਨਹੀਂ ਤਾਂ ਸਾਥੋਂ ਤੁਹਾਡੀ ਬੈਂਕ ਭੁੱਲੀ ਨਹੀਂ-ਅਸੀਂ ਫੇਰ ਗੇੜਾ ਮਾਰ ਲਵਾਂਗੇ-ਪਰ ਜੇ ਤੁਸੀਂ ਸਾਡੀ ਇਹ ਬੇਨਤੀ ਪ੍ਰਵਾਨ ਕਰ ਲਈ-ਫਿਰ ਅਸੀਂ ਤੁਹਾਨੂੰ ਕਦੇ ਕੋਈ ਤਕਲੀਫ਼ ਨਹੀਂ ਦਿਆਂਗੇ-ਇਹ ਮੇਰਾ ਵਾਅਦਾ ਰਿਹਾ।" ਤੁਰਦੇ ਬਲਿਹਾਰ ਨੇ ਵਿਅੰਗ ਭਰੇ ਲਹਿਜੇ ਨਾਲ ਲੈੱਟਰ-ਪੈਡ ਮੈਨੇਜਰ
ਦੇ ਹੱਥ ਥਮਾਉਂਦਿਆਂ ਕਿਹਾ ਸੀ। ਗੁੱਟ 'ਤੇ ਬੰਨ੍ਹੀ ਘੜੀ ਵੱਲ ਅੱਡੀਆਂ ਅੱਖਾਂ ਨਾਲ ਤੱਕ ਕੇ ਮੈਨੇਜਰ ਨੇ ਸਹਿਮਤੀ ਵਿਚ ਸਿਰ ਹਿਲਾਇਆ ਸੀ ਅਤੇ ਫਿਰ ਸਾਰੇ ਸਟਾਫ਼ ਨੇ ਤੁਰਦੇ ਟਰੱਕ ਦਾ ਖੜਕਾ ਸੁਣਿਆ ਸੀ। ਪਰ ਕੋਈ ਬੋਲ ਨਹੀਂ ਰਿਹਾ ਸੀ। ਸਾਰੇ ਬੈਂਕ ਕਰਮਚਾਰੀ ਗੂੰਗੇ-ਬੋਲਿਆਂ ਵਾਂਗ ਇੱਕ ਦੂਜੇ ਵੱਲ ਪਾਗ਼ਲ-ਝਾਕਣੀ ਝਾਕ ਰਹੇ ਸਨ। ਬੈਂਕ ਮੈਨੇਜਰ ਮੱਖੀ ਵਾਂਗ ਕੰਧ ਨਾਲ ਲੱਗਿਆ, ਘੋਰ ਨਿਰਾਸ਼ਾ ਵਿਚ ਸਿਰ ਫ਼ੇਰੀ ਜਾ ਰਿਹਾ ਸੀ।
ਬੈਂਕ ਵਿਚੋਂ ਪੂਰੇ ਛੇ ਕਰੋੜ, ਪੱਚਾਸੀ ਲੱਖ ਰੁਪਏ ਲੁੱਟੇ ਜਾ ਚੁੱਕੇ ਸਨ!!!
ਡੇੜ੍ਹ ਘੰਟੇ ਬਾਅਦ ਮੈਨੇਜਰ ਨੇ ਬੈਂਕ ਅੰਦਰਲੀਆਂ ਪੌੜੀਆਂ ਚੜ੍ਹ, ਚੁਬਾਰੇ ਵਾਲੀ ਖਿੜਕੀ ਰਾਹੀਂ ਪਿੱਟਣਾ ਸੁਰੂ ਕਰ ਦਿੱਤਾ। ਉਹ ਘਰਵਾਲੀ ਦੇ ਰੋਕਿਆਂ ਵੀ ਚੁੱਪ ਨਹੀਂ ਹੋ ਰਿਹਾ ਸੀ। ਪਾਗਲਾਂ ਵਾਂਗ ਰੋ ਅਤੇ ਕੁਰਲਾ ਰਿਹਾ ਸੀ।
ਇਸ ਦਿਨ-ਦਿਹਾੜੇ ਪਏ ਸਭ ਤੋਂ ਵੱਡੇ ਡਾਕੇ ਨੇ ਪੰਜਾਬ ਸਰਕਾਰ ਸਮੇਤ ਸਾਰਾ ਪੰਜਾਬ ਹਿਲਾ ਕੇ ਰੱਖ ਦਿੱਤਾ। ਘਰ-ਘਰ ਇਸ ਡਾਕੇ ਦੀ ਚਰਚਾ ਹੋ ਰਹੀ ਸੀ। ਇਸ ਡਾਕੇ ਦੇ ਮਾਲ ਨੇ ਖ਼ਾੜਕੂ-ਜੱਥੇਬੰਦੀਆਂ ਨੂੰ ਪੱਕੇ ਪੈਰੀਂ ਕਰ ਦਿੱਤਾ।
-"ਨਿੱਤ ਕੁੱਤੀ ਰੌਲਾ ਸੁਣਦੇ ਸੀ: ਅੱਤਵਾਦੀਆਂ ਨੇ ਬੈਂਕ ਲੁੱਟ ਲਈ ਜੀ-ਅੱਤਵਾਦੀਆਂ ਨੇ ਬੈਂਕ ਲੁੱਟ ਲਈ ਜੀ-ਲਓ, ਹੁਣ ਲੁੱਟ ਲਈ, ਫੜਲੋ ਬੈਂਗਣ...! ਸਾਲੇ ਨੰਬਰਦਾਰੀ ਦੇ...!" ਰੁਪਈਆਂ ਵਾਲੀਆਂ ਬੋਰੀਆਂ ਢੋਂਦਾ ਜੈਲਦਾਰ ਆਖ ਰਿਹਾ ਸੀ।
ਰਾਤ ਨੂੰ ਸਾਰੇ ਰੋਟੀ ਖਾ ਕੇ ਹਟੇ ਸਨ ਕਿ ਕਿਸੇ ਪਾਸਿਓਂ ਤੁਰਦਾ ਫਿਰਦਾ ਕਰਮਜੀਤ ਆ ਗਿਆ। ਕਰਮਜੀਤ ਖਾਂਦੇ ਪੀਂਦੇ ਘਰਾਣੇ ਦਾ ਮੁੰਡਾ ਸੀ। ਪਲੱਸ-ਟੂ ਦੇ ਵਿਦਿਆਰਥੀ ਕਰਮਜੀਤ ਨੂੰ ਪੁਲਸ ਨੇ ਕਾਲਜ ਨਾ ਟਿਕਣ ਦਿੱਤਾ ਤਾਂ ਉਹ ਪੜ੍ਹਾਈ ਵਿਚੇ ਛੱਡ ਕੇ ਅੰਡਰ-ਗਰਾਊਂਡ ਹੋ ਗਿਆ। ਚਾਹੇ ਉਸ ਨੇ ਅਜੇ ਤੱਕ ਕੋਈ ਜੁਰਮ ਨਹੀ ਕੀਤਾ ਸੀ, ਪਰ ਫਿਰ ਵੀ ਪਤਾ ਨਹੀਂ ਪੁਲਸ ਕਿਉਂ ਉਸ ਦੇ ਮਗਰ ਹੱਥ ਧੋ ਕੇ ਪਈ ਹੋਈ ਸੀ। ਕਾਲਜ ਛੁਡਾਉਣ ਦੇ ਦੁੱਖ ਨੇ ਉਸ ਨੂੰ ਪੁਲੀਸ ਦਾ ਕੱਟੜ ਦੁਸ਼ਮਣ ਬਣਾ ਦਿੱਤਾ।
-"ਉਏ ਆ ਬਈ ਨਾਰਦਮੁਨਾਂ-ਕਿਹੜੇ ਪਹਾੜ੍ਹੀਂ ਚੜ੍ਹ ਗਿਆ ਸੀ?" ਜੈਲਦਾਰ ਕਰਮਜੀਤ ਨੂੰ "ਨਾਰਦਮੁਨ" ਹੀ ਆਖਦਾ।
-"ਤੈਨੂੰ ਪਤਾ ਈ ਐ-ਮੁੱਲਾਂ ਦੀ ਦੌੜ ਮਸੀਤਾਂ ਤਾਈਂ-ਤੂੰ ਸੁਣਾ---?"
-"ਪੁੱਛਣ ਦੀ ਲੋੜ ਈ ਨਹੀਂ-ਜਿਉਂਦੇ ਰਹਿਣ ਨੰਗ ਲੁੰਗਲਾਣੇਂ-ਕਦੇ ਰਹਿਣ ਠੇਕੇ ਤੇ ਕਦੇ ਠਾਣੇਂ!"
-"ਇਹ ਗੱਲ ਸਹੀ ਐ!"
-"ਰੇਸ਼ਮ ਤੇ ਗੁਰਪਾਲ ਨਹੀਂ ਦਿਸੇ ਕਿਤੇ ਤੇਰੇ ਯਾਰ-ਕਿਤੇ ਸ਼ਹੀਦ ਤਾਂ ਨਹੀਂ ਹੋ ਗਏ?"
-"ਜਿੱਦੇਂ ਉਹ ਸ਼ਹੀਦ ਹੋ ਗਏ-ਅੱਧਾ ਪੰਜਾਬ ਨਾ ਫੂਕ ਦਿਆਂਗੇ?"
-"ਕੀ ਸੁਨੇਹਾਂ ਲੈ ਕੇ ਆਇਐਂ?"
-"ਸੁਨੇਹਾਂ ਕਾਹਦੈ-ਮੈਂ ਸੋਚਿਆ ਮਾਰ ਮਰਾਈ ਤਾਂ ਤੁਸੀਂ ਨਿੱਤ ਈ ਕਰੀ ਜਾਨੇਂ ਐਂ-ਕਦੇ ਥੋਨੂੰ ਵਿਆਹ ਵੂਹ ਦਿਖਾ ਦੇਈਏ।"
-"ਤੂੰ ਵਿਆਹ ਕਰਵਾਉਣ ਲੱਗਿਐਂ?" ਵਿਆਹ ਦੇ ਨਾਂ ਨੂੰ ਜੈਲਦਾਰ ਉਠ ਕੇ ਬੈਠ ਗਿਆ। ਕਿਸੇ ਅਹਿਸਾਸ ਨੇ ਉਸ ਅੰਦਰ ਕੁਤਕੁਤੀ ਕੀਤੀ।
-"ਉਏ ਇਹਨੂੰ ਕੌਣ ਸਾਕ ਕਰਦੂ? ਅਗਲਾ ਇਹਦੇ ਨਾਲ ਕੁੜੀ ਵਿਆਹੁਣ ਨਾਲੋਂ ਕੁੜੀ ਨੂੰ ਖੂਹ 'ਚ ਧੱਕਾ ਨਾ ਦੇਦੂ?" ਬਲਿਹਾਰ ਬੋਲਿਆ।
-"ਲੈ! ਆਹ ਬੋਲ ਪਿਆ ਪਹਾੜੀ ਕਾਂ-ਸਾਲੇ ਨੇ ਕਦੇ ਆਬਦਾ ਮੂੰਹ ਦੇਖਿਆ ਨਹੀਂ ਹੋਣਾ-ਬਿੱਜੜੇ ਦੇ ਆਹਲਣੇਂ ਅਰਗੀ ਇਹਦੀ ਦਾਹੜ੍ਹੀ ਐ-ਤੁਰੂ ਸਾਲਾ ਇਉਂ ਜਿਵੇਂ ਸੂਲਾਂ 'ਤੇ ਕੁੱਕੜ ਤੁਰਦਾ ਹੁੰਦੈ-ਨਿਘੋਚਾਂ ਬਿਗਾਨਿਆਂ 'ਚ ਕੱਢੂ।"
-"ਤੇ ਤੇਰੇ ਮਗਰ ਤਾਂ ਮੈਂ ਕਹਿੰਨੈ ਡੋਲੇ ਤੁਰੇ ਫਿਰਦੇ ਹੋਣੇ ਐਂ?"
-"ਉਏ ਚੱਲ ਛੱਡ-ਵਿਆਹ ਦੱਸ ਕੀਹਦੈ?"
-"ਸਮਾਲਸਰੀਏ ਕੈਪਟਣ ਦੀ ਕੁੜੀ ਦਾ ਕੱਲ੍ਹ ਨੂੰ ਵਿਆਹ ਐ-ਮੁੰਡਾ ਕੈਨੇਡਾ ਤੋਂ ਆਇਐ-ਦਾਜ ਉਹਨਾਂ ਨੇ ਰੱਜ ਕੇ ਮੰਗਿਐ-ਤੇ ਬੰਬ ਦਾ ਹੁਕਮ ਐਂ ਬਈ ਪਾ ਦਿਓ ਖਿਲਾਰੇ-।"
-"ਲਓ ਜੀ-ਪੱਟਿਆ ਪਹਾੜ੍ਹ ਤੇ ਨਿਕਲਿਆ ਚੂਹਾ।" ਜੈਲਦਾਰ ਨੇ ਮਾਯੂਸੀ ਵਿਚ ਰਜਾਈ ਮੂੰਹ 'ਤੇ ਲੈ ਲਈ ਅਤੇ ਦਿਲਰਾਜ ਉਚੀ-ਉਚੀ ਹੱਸ ਪਿਆ।
-"ਇਹਦੇ ਚਿੱਤ 'ਚ ਤਾਂ ਇਹ ਸੀ ਬਈ ਨਾੜਾਂ ਖੁਸ਼ਕ ਹੋਈਆਂ ਪਈਐਂ-ਵਿਆਹ 'ਚ ਈ ਤਰ ਕਰਾਂਗੇ।"
-"ਯਾਰ ਜਿ਼ੰਦਗੀ ਸਾਲੀ ਇਉਂ ਈ ਲੰਘ ਜਾਣੀ ਐਂ-ਮੈਂ ਤਾਂ ਮੋਰਨੀ ਸੀਬੋ ਦੇ ਦਰਸ਼ਣ ਵੀ ਨਹੀਂ ਕੀਤੇ-ਬੈਂਕ 'ਚੋਂ ਜਮਦੂਤ ਪੈਂਤੀ ਬੋਰੀਆਂ ਨੋਟਾਂ ਦੀਆਂ ਲੁੱਟ ਲਿਆਏ ਐ-ਇਉਂ ਨਹੀਂ ਬਈ ਪੰਜ ਸੱਤ ਹਜ਼ਾਰ ਰੁਪਈਆ ਐਧਰ ਈ ਸਿੱਟ ਦੇਣ-ਮੈਂ ਤਾਂ ਸੀਬੋ ਸ਼ੇਰਨੀ ਨੂੰ ਤਪੀਤੀ ਕਰਾ ਕੇ ਦੇਣੀ ਸੀ।"
-"ਉਹਨੂੰ ਤਾਂ ਕੌਡੀਆਂ ਆਲਾ ਈ ਕਰਾ ਕੇ ਦਿਊ ਸਿੰਘ-ਤਬੀਤ ਤੇਰੇ ਵੰਡੇ ਦੇ-।"
-"ਕੌਡੀਆਂ ਆਲੇ ਦੀ ਮਾਂ ਦੀ...! ਮੇਰੀ ਸੀਬੋ ਤਾਂ ਸ਼ੀਹਣੀ ਐਂ ਸ਼ੀਹਣੀ-ਜੇ ਗਲ ਨੂੰ ਜਬਾੜ੍ਹਾ ਪਾ ਲਿਆ-ਸੀਰਮੇਂ ਪੀ ਕੇ ਈ ਦਮ ਲਊ।"
-"ਬੱਲੇ....!"
-"ਤੇ ਤੇਰੇ ਲੋਟ ਕਿਵੇਂ ਆ ਗਈ?"
-"ਜੇ ਸ਼ੀਹਣੀ ਬੱਬਰ ਸ਼ੇਰ 'ਤੇ ਨਾ ਮਰੂ-ਹੋਰ ਤੇਰੇ ਅਰਗੇ ਚਿਰੜਘੁੱਗ 'ਤੇ ਮਰੂ?"
-"ਕਦੇ ਦਰਸ਼ਣ ਈ ਪੁਆ ਦੇ ਮੋਰਨੀ ਦੇ।" ਬਲਿਹਾਰ ਨੇ ਕਿਹਾ।
-"ਉਏ ਇਹ ਗਲਤੀ ਨਾ ਕਰੀਂ! ਮੁੜ ਕੇ ਫੇਰ ਤੇਰੇ ਕੋਲੇ ਨਹੀਂ ਆਉਂਦੀ-ਇਹਦੇ ਈ ਵਸੂ।"
-"ਰੰਗ ਤਾਂ ਦੇਖ ਮੁੰਡੇ ਦਾ ਸੰਧੂਰੀ ਐ - ਤੇ ਤੂੰ ਸਾਲਿਆ ਘੋਗੜ ਕਾਂ।"
-"ਬਾਰੇਸ਼ਾਹ ਐਮੇਂ ਨੀ ਕਹਿ ਗਿਆ-ਮੈਂ ਕਾਲੀ ਤੇ ਮੇਰਾ ਯਾਰ ਵੀ ਕਾਲਾ ਤੇ ਅਸੀਂ ਕਾਲੇ ਲੋਕ ਸਦੀਂਦੇ-ਕੁਰਾਨ ਸ਼ਰੀਫ਼ ਦੇ ਹਰਫ਼ ਵੀ ਕਾਲੇ ਜਿਹੜੇ ਵਿਚ ਮਸੀਤ ਪੜ੍ਹੀਂਦੇ-ਥੋਨੂੰ ਕੱਬਤਾ ਦਾ ਕੀ ਪਤੈ? ਤੁਸੀਂ ਤਾਂ ਹੱਗ ਲਿਆ, ਖਾ ਲਿਆ-ਹੱਗ ਲਿਆ, ਖਾ ਲਿਆ...।"
-"ਬਾਈ ਤਾਅ 'ਚ ਲਫ਼ਜ਼ ਪੁੱਠੇ ਵਰਤ ਗਿਆ।" ਕਰਮਜੀਤ ਨੇ ਕਿਹਾ।
-"ਨਾਲੇ ਬਾਈ ਬਾਰੇਸ਼ਾਹ ਨਹੀਂ-ਵਾਰਿਸ ਸ਼ਾਹ ਕਿਹਾ ਕਰ!"
-"ਬਾਈ ਨਾਰਦਮੁਨਾਂ ਇਹਨਾਂ ਜਮਦੂਤਾਂ ਤੋਂ ਇੱਕ ਅੱਧਾ ਦਿਨ ਮੇਰਾ ਖਹਿੜ੍ਹਾ ਛੁਡਾ।"
-"ਐਡਾ ਕੀ ਕੰਮ ਪੈ ਗਿਆ?"
ਕਰਮਜੀਤ ਹੱਸ ਪਿਆ।
-"ਯਾਰ ਸੀਬੋ ਨੂੰ ਮਿਲਣ ਨੂੰ ਬਹੁਤ ਦਿਲ ਕਰਦੈ-ਮਿਲਿਆਂ ਨੂੰ ਯਾਰ ਜੁੱਗੜੇ ਬੀਤ ਗਏ-ਉਹ ਤਾਂ ਯਾਰ ਰੋ-ਰੋ ਕੇ ਕਮਲੀ ਹੋ ਗਈ ਹੋਊ-ਹਿੱਕ 'ਤੇ ਔਸੀਆਂ ਪਾਉਂਦੀ ਹੋਊ ਜਿਉਣ ਜੋਕਰੀ।"
-"ਉਹ ਅਜੇ ਤੇਰੇ 'ਤੇ ਈ ਬੈਠੀ ਹੋਊ? ਉਹਨੇ ਕੋਈ ਹੋਰ ਲੱਭ ਲਿਆ ਹੋਣੈਂ?"
-"ਨਾਂਅ - ਨਾ...! ਸੋਹਣੀ ਵਿਆਹੀ ਵਰੀ ਵੀ ਘਰ ਆਲੇ ਦੀ ਨਹੀਂ ਹੋਈ ਸੀ-ਮਹੀਂਵਾਲ ਦੀ ਈ ਰਹੀ ਸੀ-ਇਹੀ ਘਾਣੀਂ ਹੀਰ ਦੀ ਐ-ਤੇ ਮਿੱਤਰੋ ਸੋਹਣੀ ਜਾਂ ਹੀਰ ਨਾਲੋਂ ਮੇਰੀ ਸੀਬੋ ਕਿਮੇਂ ਵੀ ਘੱਟ ਨਹੀਂ-ਲੋਕ ਤਾਂ ਸਾਡੇ ਕਿੱਸੇ ਗਾਇਆ ਕਰਨਗੇ-।"
ਸਾਰੇ ਹੱਸ ਪਏ।
-"ਕੱਠਿਆਂ ਨੂੰ ਚੱਕ ਲਈਂ ਰੱਬਾ ਜੋੜੀ ਵਿਚ ਭੰਗਣਾਂ ਨਾ ਪਾਈਂ।" ਜੈਲਦਾਰ ਨੇ ਕਵੀਸ਼ਰੀ ਕੀਤੀ।
-"ਇਹਨਾਂ ਨੂੰ ਦੋਹਾਂ ਨੂੰ 'ਕੱਠੇ ਕਰਕੇ ਗੋਲੀ ਮਾਰੋ।"
-"ਯਾਰ ਸਿਰਫ਼ ਇੱਕ ਦਿਨ ਦੀ ਮੋਹਲਤ ਦੇ ਦਿਓ-ਮੁੜ ਕੇ ਜਮਾਂ ਨਹੀਂ ਆਖਦਾ-ਮਿੰਨਤ ਐ, ਤਰਲਾ ਐ, ਚਾਹੇ ਬਾਪੂ ਕਹਾ ਲਓ!"
-"ਜੇ ਓਸ ਕੁੱਤੀ ਨੂੰ ਮਿਲਣ ਗਿਐਂ-ਅਸੀਂ ਤੇਰਾ ਪਰਾਗਾ ਪਾ ਲੈਣੈ-ਫੇਰ ਨਾ ਆਖੀਂ।"
-"ਨਾਲੇ ਬੰਬ ਤੇ ਗੁਰਪਾਲ ਦਾ ਹੁਕਮ ਐਂ ਬਈ ਤੂੰ ਓਸ ਏਰੀਏ ਵਿਚ ਜਮਾਂ ਨਹੀਂ ਜਾਣਾ-ਕੌਡੀਆਂ ਆਲਾ ਤੇਰੀ ਭਾਲ 'ਚ ਹਲਕਿਆ ਫਿਰਦੈ-ਇਹ ਮੇਰਾ ਨਹੀਂ ਉਪਰਲਾ ਹੁਕਮ ਐਂ।" ਕਰਮਜੀਤ ਨੇ ਕਿਹਾ।
-"ਥੋਡਾ ਕੱਖ ਨਾ ਰਹੇ ਕਾਲੇ ਮੂੰਹ ਆਲਿਓ-ਤੁਸੀਂ ਆਸ਼ਕਾਂ 'ਚ ਚਾਚੇ ਕੈਦੋਂ ਬਣਦੇ ਓਂ-ਸਿੱਧੇ ਨਰਕਾਂ ਨੂੰ ਜਾਓਗੇ-ਮੇਰੀ ਹਾਅ ਥੋਨੂੰ ਜਰੂਰ ਲੱਗੂ।"
-"ਕਿੱਥੇ ਭਰੇਂਗੀ ਪਤਲੀਏ ਨਾਰੇ-ਭਾਈ ਜੀ ਦੀ ਹਾਅ ਲੱਗਜੂ।" ਦਿਲਰਾਜ ਨੇ ਉਸ ਨੂੰ ਚਿੜਾਇਆ।
-"ਨਾਲੇ ਸ਼ੀਸ਼ੇ 'ਚ ਮੂੰਹ ਦੇਖਲਾ ਕੀਹਦਾ ਕਾਲੈ।" ਬਲਿਹਾਰ ਨੇ ਵੀ ਧਾਈ 'ਤੇ ਧਾਈ ਪਾਈ।
-"ਦਿਲ ਕਰੜਾ ਕਰਕੇ ਕੱਟ ਲੈ ਲਿਖੀਆਂ ਲੇਖ ਦੀਆਂ-ਸੀਬੋ ਦੇ ਸੁਪਨੇ ਨਾ ਲੈ।" ਬਾਲੀ ਤੋਂ ਵੀ ਰਿਹਾ ਨਾ ਗਿਆ।
-"ਤੈਥੋਂ ਬਾਅਦ ਮੁਖੀ ਮੈਂ ਈ ਬਣਨੈ-ਫੇਰ ਕਰਿਆ ਕਰੂੰ ਮਨ ਆਈਆਂ-ਸੀਬੋ ਮੋਰਨੀ ਨੂੰ ਪੁਆ ਕੇ ਏ. ਕੇ. 56 ਗਲ 'ਚ-ਨਾਲ ਈ ਰੱਖਿਆ ਕਰੂੰ-ਹਿੱਕ ਦਾ ਤਬੀਤ ਬਣਾ ਕੇ।"
-"ਮੈਂ ਮਰਨ ਲੱਗਿਆ ਤੈਨੂੰ ਨਾਲ ਈ ਲੈ ਕੇ ਮਰੂੰ-ਬੇਫਿ਼ਕਰ ਰਹਿ।"
-"ਜੇ ਕਾਵਾਂ ਦੇ ਆਖੇ ਢੱਗੇ ਮਰਨ ਲੱਗਣ-ਫੇਰ ਗੱਲ ਕਾਹਦੀ ਐ? ਉਏ ਮੈਂ ਤਾਂ ਅਜੇ ਖ਼ਾਲਿਸਤਾਨ ਦਾ ਮੁੱਖ ਮੰਤਰੀ ਬਣਨੈਂ।"
ਜੈਲਦਾਰ ਦੀ ਗੱਲ 'ਤੇ ਹਾਸੜ ਪੈ ਗਈ।
ਅਗਲੇ ਦਿਨ ਰੋਟੀ ਕੁ ਵੇਲੇ ਉਹ ਸਮਾਲਸਰ ਪਹੁੰਚ ਗਏ। ਛੋਟੇ ਜਿਹੇ ਪਿੰਡ ਸਮਾਲਸਰ ਦੀਆਂ ਤਮਾਮ ਗਲੀਆਂ ਰੰਗ-ਬਿਰੰਗੀਆਂ ਝੰਡੀਆਂ ਨਾਲ ਸਜਾਈਆਂ ਹੋਈਆਂ ਸਨ। ਵੀਹੀਆਂ ਦੀ ਸਫ਼ਾਈ ਕਰਵਾ ਕੇ ਕੈਪਟਨ ਨੇ, ਪਾਣੀ ਛਿੜਕਾ ਕੇ ਕਲੀ ਧੂੜੀ ਸੀ। ਕੈਪਟਨ ਦਾ ਸਾਰਾ ਪ੍ਰੀਵਾਰ ਅਮਰੀਕਾ ਵਿਚ ਘੁੱਗ ਵਸਦਾ ਸੀ। ਪਿੰਡ ਦੋ ਆਲੀਸ਼ਾਨ ਕੋਠੀਆਂ ਪਾਈਆਂ ਹੋਈਆਂ ਸਨ। ਵੱਡੇ ਤਿੰਨ ਮੁੰਡੇ ਅਮੀਰ ਘਰਾਣਿਆਂ ਵਿਚ ਵਿਆਹੇ ਹੋਏ ਸਨ ਅਤੇ ਅੱਜ ਸਾਰਿਆਂ ਤੋਂ ਛੋਟੀ ਅਤੇ ਇਕਲੌਤੀ ਲੜਕੀ ਸ਼ੁਭਕਰਮਨਪ੍ਰੀਤ ਕੌਰ ਦੀ ਸ਼ਾਦੀ ਸੀ। ਸ਼ੁਭਕਰਮਨਪ੍ਰੀਤ ਕੌਰ ਅਮਰੀਕਾ ਵਿਚ ਮੈਡੀਕਲ
ਕਰਕੇ ਡਾਕਟਰ ਲੱਗੀ ਹੋਈ ਸੀ ਅਤੇ ਉਸ ਦਾ ਹੋਣ ਵਾਲਾ ਪਤੀ ਕੈਨੇਡਾ ਵਿਚ ਇੱਕ ਚੰਗਾ ਬਿਜਨਸਮੈਨ ਸੀ।
ਇਕੱਲੇ-ਇਕੱਲੇ ਪੁੱਤਰ ਹਰਮਨਜੀਤ ਦੇ ਮਾਪੇ ਅਰਬਾਂ ਦੀ ਸਾਮੀਂ ਸਨ। ਲਿਮੋਸਿਨ ਕਾਰਾਂ ਤੋਂ ਇਲਾਵਾ ਉਹਨਾਂ ਦਾ ਇੱਕ ਪ੍ਰਾਈਵੇਟ-ਜੈੱਟ ਵੀ ਰੱਖਿਆ ਹੋਇਆ ਸੀ।
-"ਮੇਰੇ ਸਹੁਰੇ ਜੱਟ ਕੀ ਘਤਿੱਤਾਂ ਕਰਦੇ ਐ-ਪੈਸਾ ਆਮ ਐਂ ਕਲੋਲਾਂ ਕਰਦੇ ਐ-ਸਫ਼ਾਈ ਇਉਂ ਕਰਵਾਈ ਪਈ ਐ ਜਿਵੇਂ ਕਿਸੇ ਮਹਾਂਪੁਰਸ਼ ਨੇ ਆਉਣਾ ਹੁੰਦੈ-।" ਜੈਲਦਾਰ ਨੂੰ ਤਪਾੜ ਵਿਚ ਕੀਤੀਆਂ ਕਣਕ ਦੀਆਂ ਵਾਢੀਆਂ ਅਤੇ ਪੋਹ ਮਾਘ ਵਿਚ ਲਾਏ ਕੱਸੀ ਦੇ ਪਾਣੀ ਯਾਦ ਆ ਰਹੇ ਸਨ। ਉਸ ਨੂੰ ਯਾਦ ਕਰ-ਕਰ ਗਰਮੀ ਲੱਗ ਰਹੀ ਸੀ, ਪਤਾ ਨਹੀਂ ਠੰਢ? ਪਰ ਜੱਟਾਂ ਨਾਲ ਕਮਾਏ ਸੀਰ ਅਤੇ ਕੁਟਾਏ ਪੁੜੇ ਚਸਕਣ ਲੱਗ ਪਏ ਸਨ। ਹਾੜ੍ਹ ਮਹੀਨੇ ਖੇਤਾਂ ਵਿਚ ਪਾਇਆ ਰੂੜੀ ਦਾ ਰੇਹ ਉਸ ਦੇ ਲੂੰ-ਕੰਡੇ ਖੜ੍ਹੇ ਕਰ ਗਿਆ ਸੀ।
-"ਜੈਲਦਾਰਾ ਤੇਰੇ ਬਿਨਾ ਕਦੇ ਖੁੱਭੀ ਨਹੀਂ ਨਿਕਲ਼ੀ।" ਕੁਝ ਸੋਚ ਕੇ ਦਿਲਰਾਜ ਨੇ ਉਸ ਨੂੰ ਪਾਣ ਦਿੱਤੀ।
-"ਹੁਣ ਫੂਕ ਦੇ ਕੇ ਮੈਨੂੰ ਕਿਹੜੇ ਵੇਲਣੇਂ 'ਚ ਦੇਣ ਲੱਗੇ ਓਂ, ਗੋਲੀ ਪੈਣਿਓਂ?" ਜੈਲਦਾਰ ਨੂੰ ਪ੍ਰਪੱਕ ਪਤਾ ਸੀ ਕਿ ਮੇਰੇ ਸਿਰ ਕੋਈ ਕਰੜੀ ਡਿਊਟੀ ਲਾਉਣਗੇ। ਉਸ ਦੀ ਸੋਚ ਮੁਤਾਬਿਕ ਉਹ ਉਸ ਨਾਲ ਉਦੋਂ ਹੀ ਮਿੱਠੇ ਹੁੰਦੇ ਸਨ, ਜਦੋਂ ਕੋਈ ਕੰਮ ਅੜਦਾ ਦਿਸਦਾ ਸੀ।
-"ਜਦੋਂ ਗਾਹਲ੍ਹ ਕੱਢੂ, ਸਾਲਾ ਚੂਹੜ੍ਹੀਆਂ ਆਲੀ ਕੱਢੂ।" ਬਲਿਹਾਰ ਨੇ ਕਿਹਾ।
-"ਚੁੱਪ ਕਰ ਉਏ!" ਦਿਲਰਾਜ ਨੇ ਉਸ ਨੂੰ ਗੁੱਝੀ ਅੱਖ ਮਾਰੀ। ਬਲਿਹਾਰ ਝੱਟ ਰਮਜ਼ ਸਮਝ ਗਿਆ।
-"ਸਿ਼ਵ ਜੀ ਮਹਾਰਾਜ ਮਾਂਗੂੰ ਮੇਰੀ ਤੀਜੀ ਅੱਖ ਵੀ ਦੇਖਦੀ ਐ-ਤੁਸੀਂ ਚਤਰਾਈਆਂ ਜੀਆਂ ਨਾ ਕਰੋ ਤੇ ਖ਼ਾਲਸਾ ਫ਼ੌਜ ਦੇ ਜਰਨੈਲ ਪ੍ਰੀਤਮ ਸਿੰਘ ਖ਼ਾਲਸਾ ਨੂੰ ਕੰਮ ਦੱਸੋ।" ਜੈਲਦਾਰ ਗੰਧਾਲ਼ੇ ਵਾਂਗ ਆਕੜ ਗਿਆ ਸੀ।
-"ਤੂੰ ਪੱਗ ਅੱਘੜ ਦੁਘੜੀ ਜਿਹੀ ਬੰਨ੍ਹ ਲੈ ਤੇ ਰੋਟੀਆਂ ਮੰਗਣ ਦੇ ਬਹਾਨੇ ਵਿਆਹ ਆਲੇ ਘਰੋਂ ਪੁਲ਼ਸ ਦੀ ਬਿੜਕ ਲੈ ਕੇ ਆ!"
-"ਨਾ ਬਈ-ਇਹ ਗੱਲ ਬਿਲਕੁਲ ਈ ਝੂਠੀ ਐ-ਮੈਂ ਮੰਗਤਾ ਜਮਾਂ ਈ ਨਹੀਂ ਬਣ ਸਕਦਾ-ਭੁੱਖ ਜਰੂਰ ਕੱਟੀ ਐ-ਪਰ ਕਿਸੇ ਅੱਗੇ ਹੱਥ ਨਹੀਂ ਅੱਡਿਆ-ਇਹ ਕੰਮ ਮੈਥੋਂ ਨਹੀਂ ਹੋਣਾ।" ਜੈਲਦਾਰ ਸੰਜੀਦਾ ਹੋ ਗਿਆ।
-"ਦੇਖ ਵੱਡੇ ਭਾਈ! ਲਹਿਰਾਂ ਸਿਰੇ ਲਾਉਣ ਨੂੰ ਬਹੁਤ ਕੁਛ ਬਣਨਾ ਪੈਂਦੈ-ਨਾਲੇ ਤੂੰ ਕਿਹੜਾ ਸੱਚੀਂ ਹੱਥ ਅੱਡਣੈਂ?"
-"ਨਾਲੇ ਤੇਰਾ ਮੂੰਹ ਵੀ ਤਾਂ ਮੰਗਤਿਆਂ ਅਰਗਾ ਲੱਗਦੈ।" ਬਲਿਹਾਰ ਨੇ ਚੋਟ ਕੀਤੀ।
-"ਚੰਗਾ ਤੁਸੀਂ ਆਬਦਾ ਕੰਮ ਕਰੋ-ਬਣਾਓ ਖਾਲਸਤਾਨ-ਤੇ ਮੈਂ ਸੀਬੋ ਨੂੰ ਮਿਲਣ ਚੱਲਿਐਂ।"
-"ਕਿਉਂ ਵੱਡੇ ਭਾਈ ਗੁੱਸਾ ਕਰਦੈਂ?"
-"ਆਹ ਛਿੱਤਰ ਮੂੰਹਾਂ ਦੇਖ ਲੈ ਕਿਮੇਂ ਭੌਂਕਦੈ।"
-"ਇਹ ਤਾਂ ਇਹਨੂੰ ਬੁਰੀ ਬਾਣ ਐਂ-ਰੱਸੇ ਚੱਬਣ ਆਲੀ!"
-"ਸਾਲਾ ਗਡੋਡੂ ਜਿਆ!" ਜੈਲਦਾਰ ਬਲਿਹਾਰ ਵੱਲ ਕੁਣੱਖਾ ਝਾਕਿਆ, "ਮੂੰਹ ਦੇਖ ਸਾਲੇ ਨੇ ਕਿਮੇਂ ਘਿਆਕੋ ਅਰਗਾ ਬਣਾਇਐ!" ਜੈਲਦਾਰ ਹੁਣ ਆਪਣਾ ਹੱਥ ਉਪਰ ਸਮਝਦਾ ਸੀ। ਗੁੱਝਾ ਹਾਸਾ ਹੱਸਦਾ ਬਲਿਹਾਰ ਪਰ੍ਹੇ ਜਾ ਕੇ ਨੱਕ ਸੁਣਕਣ ਲੱਗ ਪਿਆ।
ਦੂਰੋਂ ਗਲੀ ਵਿਚ ਉਹਨਾਂ ਨੂੰ ਪੰਦਰਾਂ ਵੀਹ ਬੰਦੇ ਆਉਂਦੇ ਦਿਸੇ। ਉਹ ਟੇਢ ਦੇ ਕੇ ਦੂਜੀ ਗਲੀ ਪੈ ਗਏ।
-"ਮੈਨੂੰ ਮੈਦ ਐ ਜੰਨ ਆਉਣ ਆਲੀ ਐ-ਇਹ ਤਾਂ ਚੱਲੇ ਐ।"
-"ਅਸੀਂ ਜੰਨ ਦੇ ਰੰਗ ਢੰਗ ਦੇਹਨੇਂ ਐਂ ਤੇ ਤੂੰ ਬਾਈ ਬਣਕੇ ਆਬਦਾ ਕੰਮ ਕਰ।"
-"ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ?"
-"ਉਏ ਵੱਡੇ ਭਾਈ ਪੰਜਾਂ ਦਸਾਂ ਮਿੰਟਾਂ ਦੀ ਤਾਂ ਸਾਰੀ ਘਾਣੀ ਐਂ-ਤੂੰ ਮੋਟੀ ਜੀ ਨਜ਼ਰ ਮਾਰ ਕੇ ਆਜੀਂ।"
-"ਨਾਲੇ ਆਬਦੇ ਆਸਤੇ ਦਸ ਪੰਦਰਾਂ ਰੋਟੀਆਂ ਫੜੀ ਆਈਂ-ਸਾਡਾ ਤਾਂ ਸਰਜੂ।"
-"ਜੱਥੇਦਾਰਾ ਦੇਖ ਲੈ ਹੱਟਦਾ ਨਹੀ ਮੇਰੇ ਨਾਲ ਖਹਿਣੋਂ-ਮੈਂ ਤੇਰੇ ਮੂੰਹ ਨੂੰ ਚੁੱਪ ਕਰ ਜਾਨੈਂ-ਨਹੀਂ ਤਾਂ ਹੁਣ ਨੂੰ ਕਦੋਂ ਦਾ ਇਹਦਾ ਮੁਕਾਬਲਾ ਬਣਾ ਧਰਦਾ।"
-"ਤੈਨੂੰ ਕਿਹਾ ਨਾ ਬਈ ਟਊਂ-ਟਊਂ ਕਰਨ ਦੀ ਤਾਂ ਇਹਨੂੰ ਬਾਣ ਐਂ-ਤੂੰ ਇਹਦੀ ਗੱਲ ਬਾਈ ਬਾਹਲੀ ਦਿਲ 'ਤੇ ਨਾ ਲਾਇਆ ਕਰ।"
-"ਸਾਲਾ ਲੂੰਬੜ ਜਿਆ-ਜਦੋਂ ਝਾਕੂ ਸਾਲਾ ਕਮੰਡਲਿ਼ਆਂ ਮਾਂਗੂੰ ਝਾਕੂ।" ਜੈਲਦਾਰ ਨੇ ਸਿਰੋਂ ਪੱਗ ਲਾਹ ਕੇ ਵਟੇ ਦੇ ਲਏ।
-"ਮੈਂ ਕਹਿੰਨੈਂ ਜਮਾਂ ਈ ਕਸਰ ਨਹੀਂ ਰਹੀ।" ਆਖ ਕੇ ਬਲਿਹਾਰ ਦੂਰ ਭੱਜ ਗਿਆ। ਮਾਰੀ ਬੁੱਕਲ ਉਸ ਦੀ ਖੁੱਲ੍ਹ ਗਈ। ਪਰ ਹਥਿਆਰ ਨੰਗਾ ਹੋਣ ਦੇ ਡਰੋਂ ਉਸ ਨੇ ਫਿਰ ਜਲਦੀ ਨਾਲ ਕਸ ਕੇ ਬੁੱਕਲ ਮਾਰ ਲਈ।
ਦਿਲਰਾਜ ਨੇ ਜੈਲਦਾਰ ਦਾ ਮੋਢਾ ਘੁੱਟਿਆ ਤਾਂ ਉਹ ਤੁਰ ਗਿਆ ਅਤੇ ਬਾਕੀ ਬਾਹਰਲੀ ਫਿ਼ਰਨੀ ਪੈ ਗਏ।
-"ਘਿਆਕੋ...! ਮੋਰ ਮੱਚ ਗਿਆ...!!" ਦੂਰ ਜਾਂਦੇ ਜੈਲਦਾਰ ਦੇ ਪਿੱਛੋਂ ਬਲਿਹਾਰ ਫਿਰ ਨਾ ਰਹਿ ਸਕਿਆ। ਪਰ ਜੈਲਦਾਰ ਮੋੜ ਕੱਟ ਚੁੱਕਿਆ ਸੀ।
ਪੰਦਰਾਂ ਵੀਹਾਂ ਮਿੰਟਾਂ ਵਿਚ ਹੀ ਜੈਲਦਾਰ ਸਾਥੀਆਂ ਕੋਲ ਪਹੁੰਚ ਗਿਆ। ਉਹ ਕੰਬਲਾਂ ਦੀਆਂ ਬੁੱਕਲਾਂ ਵਿਚ ਮੂੰਹ ਘੁੱਟੀ ਉੱਚੀ ਥਾਂ ਖੜ੍ਹੇ ਸਨ। ਕੁੜੀ ਵਾਲਿਆਂ ਵੱਲੋਂ ਬੜੀ ਹੀ ਉੱਤਸੁਕਤਾ ਨਾਲ ਬਰਾਤ ਦੀ ਉਡੀਕ ਕੀਤੀ ਜਾ ਰਹੀ ਸੀ।
-"ਪੁਲ਼ਸ ਪਲ਼ਸ ਤਾਂ ਮੈਨੂੰ ਕਿਤੇ ਦਿਸੀ ਨੀ-ਪਰ ਮਿੱਤਰਾ ਮਸਾਲਿਆਂ ਦੀ ਖੁਸ਼ਬੋ ਨੇ ਤਾਂ ਮੈਨੂੰ ਪਾਗਲ ਕਰਤਾ।"
-"ਹੁਣ ਤੂੰ ਤਾਂ ਨਹੀਂ ਦੋ ਰਾਤਾਂ ਸੌਂਦਾ-ਮਸਾਲੇ ਯਾਦ ਕਰ ਕਰ, ਬੁੜ੍ਹਕ ਬੁੜ੍ਹਕ ਉਠਿਆ ਕਰੇਂਗਾ।"
ਜੈਲਦਾਰ ਨੇ ਬਲਿਹਾਰ ਦੀ ਵੱਖੀ ਵਿਚ ਕੂਹਣੀ ਮਾਰ ਕੇ ਉਸ ਨੂੰ ਇਕੱਠਾ ਕਰ ਦਿੱਤਾ। ਉਹ ਕਮਾਨੀ ਵਾਂਗ ਦੂਹਰਾ ਹੋਇਆ, "ਮਾਰਤਾ ਉਏ ਢੇਡੇ!" ਕਹੀ ਜਾ ਰਿਹਾ ਸੀ।
ਬਰਾਤ ਆ ਗਈ।
ਇੱਕ ਭੂਚਾਲ ਆ ਗਿਆ ਸੀ।
ਕੁੜੀ ਵਾਲਿਆਂ ਨੂੰ ਵਖ਼ਤ ਪਿਆ ਹੋਇਆ ਸੀ। ਉਹ "ਆਓ ਭਗਤ" ਵਿਚ ਜੁਟੇ, ਇੱਕ ਦੂਜੇ ਵਿਚ ਵਜਦੇ ਫਿਰਦੇ ਸਨ।
ਘੁੱਗੀ ਰੰਗੀਆਂ ਕਾਰਾਂ ਵਿਚ ਕੋਈ ਦੋ ਸੌ ਬੰਦਾ ਬਰਾਤੀ ਸੀ। ਸਾਰੀਆਂ ਇੱਕੋ ਹੀ ਰੰਗ ਦੀਆਂ ਵੰਨ-ਸੁਵੰਨੇ ਤਾਜ਼ੇ ਫੁੱਲਾਂ ਨਾਲ ਸਿ਼ੰਗਾਰੀਆਂ ਹੋਈਆਂ ਸਨ। ਵਾਜੇ ਵੱਜ ਰਹੇ ਸਨ।
ਅਜ਼ੀਬ ਸ਼ੋਰ ਸੀ।
ਹਫ਼ੜਾ ਦਫ਼ੜੀ ਸੀ।
ਮਰਸਰੀ ਕਾਰ 'ਚੋਂ ਲਾੜਾ ਬੜੇ ਅੰਦਾਜ਼ ਨਾਲ ਉਤਰਿਆ।
-"ਚੜ੍ਹਾਈ ਐ ਬਈ ਜੁਆਨ ਦੀ।" ਇੱਕ ਨਾਲ ਆ ਕੇ ਖੜ੍ਹੇ ਬੰਦੇ ਨੂੰ ਦੇਖ ਕੇ ਜੈਲਦਾਰ ਬੋਲਿਆ।
ਬੰਦਾ ਚੁੱਪ ਸੀ।
-"ਕਿਹੜੇ ਪਿੰਡੋਂ ਜੰਨ ਆਈ ਐ ਬਾਈ ਇਹੇ?"
-"ਕਨੇਡੇ ਤੋਂ ਈ ਕਹਿਲੋ।"
-"ਤਾਂ ਵੀ?"
-"ਬਰਨਾਲੇ ਤੋਂ।"
-"ਕੀ ਸ਼ਾਨ ਐਂ!"
-"ਆਪਣਾ ਕਿਹੜਾ ਪਿੰਡ ਐ?"
-"ਦਾਨ ਸਿੰਘ ਆਲਾ।" ਜੈਲਦਾਰ ਨੇ ਮੌਕਾ ਬੋਚਿਆ।
-"ਐਥੇ ਰਿਸ਼ਤੇਦਾਰੀ ਐ ਕੋਈ?"
-"ਨਹੀਂ, ਮੈਂ ਕੱਟਿਆਂ ਦਾ ਵਪਾਰ ਕਰਦੈਂ।" ਜੈਲਦਾਰ ਦੇ ਆਖਣ 'ਤੇ ਸਾਰਿਆਂ ਨੇ ਆਪਣਾ ਹਾਸਾ ਮਸਾਂ ਰੋਕਿਆ।
ਬੰਦਾ ਤੁਰ ਗਿਆ।
ਸਾਰੇ ਖੁੱਲ੍ਹ ਕੇ ਹੱਸੇ।
-"ਉਏ ਕੱਟਿਆਂ ਆਲਿਆ...! ਕੋਈ ਰੋਟੀ ਰੂਟੀ ਨਹੀਂ ਮੰਗ ਕੇ ਲਿਆਇਆ?"
-"ਤੂੰ ਯਾਰ ਦਾ ਡਮਾਕ ਦੇਖ ਗੱਲ ਕਿਮੇਂ ਫੁਰੀ।"
ਜੰਨ ਕੈਪਟਨ ਦੀ ਦੂਜੀ ਕੋਠੀ ਨੂੰ ਹੋ ਤੁਰੀ।
ਬਾਲੀ ਹੋਰਾਂ ਨੇ ਮਸਾਂ ਤੁਰ ਫਿਰ ਕੇ ਵਕਤ ਟਪਾਇਆ ਅਤੇ ਸ਼ਾਮ ਚਾਰ ਕੁ ਵਜੇ ਉਹ ਪਿੰਡੋਂ ਬਾਹਰ-ਬਾਹਰ ਅੱਧਾ ਕੁ ਕਿਲੋਮੀਟਰ ਦੂਰ ਸੂਏ ਦੇ ਪੁਲ 'ਤੇ ਆ ਗਏ। ਵਾਪਿਸੀ ਵੇਲੇ ਬਰਾਤ ਨੇ ਇਸ ਪੁਲ ਉਪਰੋਂ ਦੀ ਗੁਜ਼ਰਨਾ ਸੀ।
-"ਮਾਰਤੇ ਭੁੱਖੇ-ਮੇਰਾ ਤਾਂ ਦਿਲ ਘਟੀ ਜਾਂਦੈ।"
-"ਦਮ ਰੱਖ ਅੱਜ ਤੈਨੂੰ ਬਦਾਮ ਖੁਆਵਾਂਗੇ।"
-"ਲੈ ਬਈ ਹੋ ਜਾਓ ਕੈਮ - ਆਉਂਦੇ ਐ ਪੱਟ ਹੋਣੇਂ ਨੱਢੀ ਨੂੰ ਲੱਦੀ।"
ਸਾਰੇ ਕਾਇਮ ਹੋ ਕੇ ਪੁਲ 'ਤੇ ਖੜ੍ਹ ਗਏ।
ਬਰਾਤੀਆਂ ਦੀਆਂ ਕਾਰਾਂ ਪੁਲ ਦੀ ਸੰਘੀ ਲਤਾੜਦੀਆਂ, ਲੰਘਣੀਆਂ ਸੁਰੂ ਹੋ ਗਈਆਂ। ਸ਼ਰਾਬੀ ਹੋਏ ਜੱਟ ਕਾਰਾਂ ਵਿਚ ਬੱਕਰੇ ਬੁਲਾ ਰਹੇ ਸਨ। ਡੈੱਕ ਉਚੀ-ਉਚੀ ਵੱਜ ਰਹੇ ਸਨ। ਅਸ਼ਲੀਲ ਗੀਤਾਂ ਨਾਲ ਕਈ ਤਾੜੀਆਂ ਮਾਰਦੇ ਸਨ ਅਤੇ ਕਈ ਨਾਲ ਗਾ ਰਹੇ ਸਨ। ਪਰ ਵਿਆਹ ਵਾਲੇ ਮੁੰਡੇ ਦੀ ਕਾਰ ਕਿਤੇ ਨਜ਼ਰ ਨਹੀਂ ਆ ਰਹੀ ਸੀ।
-"ਸਾਲੇ ਕਿੱਧਰ ਮਰਗੇ?"
-"ਬੁਰਾ ਨਾ ਬੋਲ ਉਏ-ਅਗਲੇ ਦਾ ਅੱਜ ਵਿਆਹ ਐ।"
-"ਤੇ ਤੂੰ ਤਾਂ ਉਹਨੂੰ ਸਲਾਮੀ ਪਾਉਣ ਨੂੰ ਖੜ੍ਹਾ ਹੋਵੇਂਗਾ?"
ਕਾਰਾਂ ਲੰਘ ਗਈਆਂ।
ਸ਼ਾਂਤੀ ਵਰਤ ਗਈ। ਉਹ ਝੂਠੇ ਜਿਹੇ ਹੋਏ ਅਜੇ ਪੁਲ 'ਤੇ ਹੀ ਖੜ੍ਹੇ ਸਨ। ਜੈਲਦਾਰ ਪੁਲ 'ਤੇ ਬੈਠ ਗਿਆ।
-"ਕਿਤੇ ਹੋਰ ਰਾਹ ਤਾਂ ਨਹੀਂ ਲੰਘ ਗਏ?"
-"ਸਿੱਧਾ ਰਾਹ ਤਾਂ ਆਹੀ ਐ-ਉਹ ਵਲ਼ ਪਾ ਕੇ ਕਿਉਂ ਜਾਣਗੇ?"
-"ਯਾਰ ਬੁੜ੍ਹੀਆਂ ਕਿਹੜਾ ਛੇਤੀ ਕੀਤੇ ਕਿਤੇ ਤੋਰਨ ਦਾ ਨਾਂ ਲੈਂਦੀਐਂ? ਨਾਲੇ ਤਾਂ ਬਿੰਦੇ ਬਿੰਦੇ ਸਿਰ ਜਿਆ ਪਲੋ਼ਸੀ ਜਾਣਗੀਆਂ ਨਾਲੇ ਨਲ਼ੀ ਸੁਣਕੀ ਜਾਣਗੀਆਂ-ਤੇ ਨਾਲੇ ਕਹੀ ਜਾਣਗੀਆਂ: ਪੁੱਤ ਸਾਡੀ ਕੁੜੀ ਨੂੰ ਖੁਸ਼ ਰੱਖੀਂ! ਨਾਲੇ ਕੁੜੀ ਚੋਦ ਦੀਆਂ ਨੂੰ ਚੰਗਾ ਭਲਾ ਪਤਾ ਹੁੰਦੈ ਬਈ ਖੁਸ਼ ਤਾਂ ਅਗਲੇ ਨੇ ਕਰ ਈ ਦੇਣੀ ਹੁੰਦੀ ਐ।"
ਸਾਰੇ ਚੁੱਪ ਸਨ।
-"ਬੱਸ ਇੱਕ ਤਰ੍ਹਾਂ ਸਿੱਧਾ ਈ ਨਹੀਂ ਕਹਿੰਦੀਆਂ ਬਈ.....! ਪਰ ਊਂ ਗੱਲੀਂ ਬਾਤੀਂ ਕੋਈ ਕਸਰ ਨਹੀਂ ਛੱਡਦੀਆਂ..! ਫੇਰ ਸਾਰੀਆਂ ਮੁਕਲਾਵਿਓਂ ਆਈ ਨੂੰ ਪੁੱਛੀ ਜਾਣਗੀਆਂ: ਨੀ ਪ੍ਰਾਹੁਣਾ ਕਿਵੇਂ ਐਂ? ਬਈ ਤੁਸੀਂ ਸਿੱਧਾ ਈ ਪੁੱਛਲੋ ਬਈ ਦੇਤਾ ਤੇਲ ਕਿ ਨਹੀਂ? ਬਾਧੂ ਗੱਲਾਂ 'ਚ ਕੀ ਫਾਇਦਾ?" ਜੈਲਦਾਰ ਬੱਕੜਵਾਹ ਕਰ ਕਰ ਸੁਆਦ ਲਈ ਜਾ ਰਿਹਾ ਸੀ।
-"ਲੈ ਬਈ ਦੋ ਕਾਰਾਂ ਆਉਂਦੀਐਂ।" ਬਲਿਹਾਰ ਨੇ ਲੁਕਣ ਦੀ ਤਿਆਰੀ ਕਰਦੇ ਸੂਰਜ ਦੀ ਟਿੱਕੀ ਵੱਲ ਦੇਖ ਕੇ ਕਿਹਾ।
-"ਆ ਉਏ ਜਿਉਣ ਜੋਕਰਿਆ-ਸਾਡਾ ਆਸ਼ੀਰਬਾਦ ਕਿਤੇ ਵਿਚੇ ਈ ਨਾ ਰਹਿਜੇ।" ਜੈਲਦਾਰ ਨੇ ਬੁੱਕਲ ਖੋਲ੍ਹ ਕੇ ਫਿਰ ਮਾਰ ਲਈ, "ਸਾਡੇ ਆਸ਼ੀਰਬਾਦ ਬਿਨਾਂ ਤੇਰਾ ਕਾਰਜ ਅਧੂਰਾ।"
ਕਾਰਾਂ ਪੁਲ 'ਤੇ ਪੁੱਜੀਆਂ ਹੀ ਸਨ ਕਿ ਬਲਿਹਾਰ ਅਤੇ ਦਿਲਰਾਜ ਵਿਚਕਾਰ ਖੜ੍ਹੇ ਹੋ ਗਏ। ਬਾਲੀ ਅਤੇ ਜੈਲਦਾਰ ਪਾਸੇ ਖੜ੍ਹੇ ਸਨ।
ਮਜ਼ਬੂਰਨ ਕਾਰਾਂ ਰੁਕ ਗਈਆਂ।
-"ਕੀ ਗੱਲ ਐ ਬਈ...?" ਇੱਕ ਸ਼ਰਾਬੀ ਸਰਦਾਰ ਨੇ ਲੈਚੀਆਂ ਵਾਲਾ ਮੂੰਹ ਖੋਲ੍ਹ ਕੇ ਪੁੱਛਿਆ। ਦੁਧੀਆ ਚਿੱਟੇ ਕੁੜਤੇ-ਪਜਾਮੇਂ ਉਪਰ ਉਸ ਨੇ ਨੀਲੀ ਲੀਡਰਾਂ ਵਾਲੀ "ਝੱਗੀ" ਪਾਈ ਹੋਈ ਸੀ। ਸੱਜੇ ਹੱਥ ਦੀਆਂ ਉਂਗਲੀਆਂ ਵਿਚ ਪਾਈਆਂ ਮੁੰਦਰੀਆਂ ਦੀਵੇ ਦੀ ਲਾਟ ਵਾਂਗ ਦਗ ਰਹੀਆਂ ਸਨ। ਬੜੇ ਸਲੀਕੇ ਨਾਲ ਬੰਨ੍ਹੀ ਪੱਗ ਨਸ਼ੇ ਕਾਰਨ ਢਲ਼ੀ-ਢਲ਼ੀ ਜਿਹੀ ਲੱਗਦੀ ਸੀ।
-"ਇਹ ਸਾਲਾ ਬਚੋਲਾ ਹੋਊ।"
-"ਤਾਂ ਹੀ ਤਾਂ ਮੂਹਰੇ ਕਿਰਲੇ ਮਾਂਗੂੰ ਆਕੜਿਆ ਬੈਠੈ-ਬਚੋਲਿਆਂ ਦੀ ਟਹੁਰ ਵੀ ਦੋ ਚਾਰ ਦਿਨ ਈ ਹੁੰਦੀ ਐ-ਪਿੱਛੋਂ ਹਲਵਾਈ ਦੇ ਕੁੱਤੇ ਮਾਂਗੂੰ ਡੰਡੇ ਈ ਪੈਂਦੇ ਐ।"
-"ਉਏ ਤੁਸੀਂ ਪਰ੍ਹੇ ਕਿਉਂ ਨਹੀਂ ਹੁੰਦੇ?" ਉਹ ਹੀਂਜਰ ਕੇ ਪਿਆ।
-"ਘਬਰਾ ਨਾ ਸਰਦਾਰਾ-ਅਸੀਂ ਵੀ ਕੁੜੀ ਬੀਬੀ ਦਾ ਸਿਰ ਪਲੋਸਣੈਂ।" ਜੈਲਦਾਰ ਸਮੇਤ ਸਾਰਿਆਂ ਨੇ ਬੁੱਕਲਾਂ ਲਾਹ ਕੇ ਹਥਿਆਰਾਂ ਦੇ ਦਰਸ਼ਣ ਪੁਆ ਦਿੱਤੇ। ਸਾਰਿਆਂ ਦੇ ਸਾਹ ਮਗਜ਼ ਨੂੰ ਚੜ੍ਹ ਗਏ। ਵਿਚੋਲੇ ਦਾ ਨਸ਼ਾ "ਗਰਨ" ਦੇ ਕੇ ਲਹਿ ਗਿਆ। ਉਹ ਮਜੌਰਾਂ ਦੀ ਮਾਂ ਵਾਂਗ ਘੁੱਟਾਂਬਾਟੀ ਝਾਕ ਰਿਹਾ ਸੀ।
-"ਗੱਡੀਆਂ ਪਾਸੇ ਲਾ ਦਿਓ ਤੇ ਸਾਰੇ ਬਾਹਰ ਆ ਜਾਓ!" ਹੁਕਮ ਹੋ ਗਿਆ। ਹੁਕਮ ਤੁਰੰਤ ਮੰਨਿਆ ਗਿਆ। ਸਾਰੇ ਮੱਕੀ ਦੇ ਗੁੱਲਾਂ ਵਾਂਗ ਬਾਹਰ ਆ ਡਿੱਗੇ। ਵਿਚੋਲਾ ਦਬਾ ਦਬ ਲੈਚੀਆਂ ਚੱਬੀ ਜਾ ਰਿਹਾ ਸੀ। ਸ਼ਾਇਦ ਵਿਸਕੀ ਦੇ ਵਰੋਲੇ਼ ਨੂੰ ਖ਼ਾੜਕੂਆਂ ਤੋਂ ਲੁਕਾਣ ਵਾਸਤੇ।
-"ਸਰਦਾਰਾ ਆਹ ਕੀ ਬਲਦ ਮਾਂਗੂੰ ਉਗਾਲ਼ਾ ਜਿਆ ਕਰੀ ਜਾਨੈਂ?" ਭੁੱਖੇ ਜੈਲਦਾਰ ਦੇ ਕੜੱਲਾਂ ਪਈ ਜਾ ਰਹੀਆਂ ਸਨ।
-"ਲੈਅ...! ...਼ਲੈਚੀਐਂ ਜੁਆਨਾਂ।"
-"ਕੜਬ ਮਾਂਗੂੰ ਚੱਬੀ ਜਾਨੈਂ ਸਰਦਾਰਾ-।"
-"ਚੱਲ ਛੱਡ-ਤੂੰ ਬਚੋਲੈਂ?" ਬਲਿਹਾਰ ਨੇੜੇ ਹੋ ਗਿਆ।
-"ਹਾਂ ਜੀ।"
-"ਕੀ-ਕੀ ਲਿਐ ਕੁੜੀ ਆਲਿਆਂ ਤੋਂ?"
-"ਕੁਛ ਨੀਂ ਲਿਆ ਜੀ...! ਕੁਛ ਨ੍ਹੀ ਲਿਆ..!"
ਜੈਲਦਾਰ ਨੇ ਉਸ ਦੇ ਚੁਪੇੜ ਮਾਰੀ। ਉਸ ਦੀ ਪੱਗ ਲਹਿ ਕੇ ਦੂਰ ਡਿੱਗ ਪਈ। ਕਰੁੱਤੀ ਰੁੱਤ ਦੇ ਗੰਢੇ ਵਰਗੀ ਜੂੜੀ ਖੁੱਲ੍ਹ ਕੇ ਖਿੱਲਰ ਗਈ। ਉਹ ਨਿਰਾ ਟੈਗੋਰ ਵਰਗਾ ਲੱਗਦਾ ਸੀ।
-"ਕਿਉਂ ਕੁੜੀਏ..! ਤੂੰ ਸਾਡੀ ਭੈਣ ਐਂ ਡਰ ਨਾ-ਪਰ ਲੈਣ ਦੇਣ ਬਾਰੇ ਜਰੂਰ ਦੱਸਣਾ ਪਊ।"
ਕੁੜੀ ਨੇ ਮੋਟਾ ਜਿਹਾ ਵੇਰਵਾ ਦੱਸ ਦਿੱਤਾ।
ਤੇਰ੍ਹਾਂ ਲੱਖ ਰੁਪਏ ਲੜਕੇ ਦੀ ਝੋਲੀ ਵਿਚ ਸ਼ਗਨ ਪਾਇਆ ਗਿਆ ਸੀ। ਪੱਚੀ ਲੱਖ ਦਾਜ ਵਜੋਂ ਅਤੇ ਹੇਠਾਂ ਤੋਂ ਲੈ ਕੇ ਉਪਰ ਤੱਕ ਸਾਰੇ ਰਿਸ਼ਤੇਦਾਰਾਂ ਨੂੰ ਮੁੰਦਰੀਆਂ ਪਾ ਕੇ ਨਿਵਾਜਿਆ ਗਿਆ ਸੀ।
-"ਜੰਨ ਕਿੰਨੀ ਕੁ ਸੀ ਉਏ ਬਘਿਆੜਾ?"
-"ਜੀ ਹੋਊ ਕੋਈ ਡੇੜ੍ਹ ਕੁ ਸੌ ਬੰਦਾ।"
-"ਤੁਸੀਂ ਸਾਡੇ ਕਾਨੂੰਨ ਨਹੀਂ ਜਾਣਦੇ? ਕੋਈ ਦਾਜ ਦਹੇਜ ਨਹੀਂ ਲੈਣਾ-ਗਿਆਰ੍ਹਾਂ ਤੋਂ ਵੱਧ ਜੰਨ ਨਾ ਜਾਵੇ ਐਰਾ ਬਗੈਰਾ-ਲਟਰਮ ਪਟਰਮ?"
ਵਿਚੋਲੇ ਨੇ ਸਿਰ ਸੁੱਟ ਲਿਆ।
-"ਸਾਨੂੰ ਜੀ ਮੁਆਫ਼ੀ ਬਖਸ਼ੋ-ਬੜੀ ਭਾਰੀ ਗਲਤੀ ਹੋ ਗਈ-ਨਾਲੇ ਜੀ ਅਸੀਂ ਤਾਂ ਕੈਨੇਡਾ ਤੋਂ ਆਏ ਐਂ-ਸਾਨੂੰ ਕੁਛ ਪਤਾ ਨਹੀਂ ਸੀ।" ਇੱਕ ਮੁੰਨੇ ਮੂੰਹ ਵਾਲਾ ਬੰਦਾ ਹੱਥ ਜੋੜੀ ਪੇਸ਼ ਹੋਇਆ।
-"ਉਰ੍ਹੇ ਆ ਕੁੜੀਏ...!"
ਕੁੜੀ ਨੇੜੇ ਆ ਗਈ।
-"ਪਹਿਲਾਂ ਐਹਦੇ ਬਿੱਜੂ ਦੇ ਮਾਰ ਚਾਰ ਲਪੜੇ।"
ਕੁੜੀ ਨੇ ਸਿਰ ਉਪਰ ਚੁੱਕਿਆ।
-"ਕੀ ਗੱਲ ਐ-ਡਰਦੀ ਕਿਉਂ ਐਂ?"
-"ਜੀ ਇਹ ਮੇਰੇ ਸਤਿਕਾਰਯੋਗ ਸਹੁਰਾ ਸਾਹਿਬ ਨੇ।" ਕੁੜੀ ਨੇ ਸੁਹਾਗ ਦੀ ਚੁੰਨੀ ਉਂਗਲ 'ਤੇ ਲਪੇਟਦਿਆਂ ਆਖਿਆ।
-"ਚੱਲ ਇਹਨੂੰ ਸਾਡੇ ਹਵਾਲੇ ਕਰ-ਤੇ ਐਹਦੇ ਬਘਿਆੜ ਦੇ ਸਿਰ 'ਚ ਲਾਹ ਕੇ ਛਿੱਤਰ ਮਾਰ!"
ਕੁੜੀ ਜਕ ਰਹੀ ਸੀ।
-"ਕੁੜੀਏ ਅਜੇ ਤਾਂ ਸਿਰਫ਼ ਤੇਰੇ ਲਫ਼ੇੜਿਆਂ ਨਾਲ ਈ ਸਰਦੈ-ਨਹੀਂ ਤਾਂ ਆਹ ਬੋਲੂਗੀ।" ਜੈਲਦਾਰ ਨੇ ਅਸਾਲਟ ਦਿਖਾਈ ਤਾਂ ਕੁੜੀ ਬੌਂਦਲ ਗਈ। ਕਹਿਣ ਅਨੁਸਾਰ ਉਸ ਨੇ ਵਿਚੋਲੇ ਦੇ, ਪੈਰੀਂ ਪਾਈ ਜੁੱਤੀ ਲਾਹ ਕੇ "ਸੇਵਾ" ਸੁਰੂ ਕਰ ਦਿੱਤੀ। ਵਿਚੋਲਾ ਸੀਲ ਬਲਦ ਵਾਂਗ ਖੜ੍ਹਾ ਖਾਈ ਜਾ ਰਿਹਾ ਸੀ। ਫਿਰ ਵਾਰੀ ਸਹੁਰੇ ਦੀ ਆਈ। ਸਾਰਿਆਂ ਦੀ 'ਸੇਵਾ' ਕਰਵਾਉਣ ਤੋਂ ਬਾਅਦ ਸਾਰੇ ਸੂਏ ਵਿਚ ਵਾੜ ਲਏ ਗਏ। ਠੰਢੇ ਪਾਣੀ ਨਾਲ ਸਾਰਿਆਂ ਦੇ ਸਾਹ ਸਿਰ ਨੂੰ ਚੜ੍ਹਦੇ ਸਨ। ਅੱਧਾ ਘੰਟਾ ਕਾਰਵਾਈ ਜਾਰੀ ਰਹੀ। ਸਾਰੇ ਮਿੰਨਤਾਂ ਤਰਲੇ ਕਰ ਰਹੇ ਸਨ। ਫ਼ਰਿਆਦਾਂ ਕਰ ਰਹੇ ਸਨ।
ਫ਼ਰਿਆਦ ਮਨਜੂਰ ਹੋ ਗਈ ਅਤੇ ਸਾਰੇ ਬਾਹਰ ਕੱਢ ਲਏ ਗਏ। ਉਹ ਭਿੱਜੇ ਚੂਹੇ ਵਾਂਗ "ਠੁਰ-ਠੁਰ" ਕਰ ਰਹੇ ਸਨ।
-"ਗੱਲ ਸੁਣ ਉਏ ਬਘਿਆੜਾ..! ਅਸੀਂ ਖ਼ੂਨ ਖ਼ਰਾਬਾ ਨੀ ਚਾਹੁੰਦੇ-ਕੱਲ੍ਹ ਨੂੰ ਸਾਰੇ ਪੈਸੇ ਕੁੜੀ ਆਲਿਆਂ ਨੂੰ ਵਾਪਿਸ ਕਰਨੇ ਐਂ..!"
-"ਸਤਿ ਬਚਨ ਜੀ।"
-"ਜੇ ਸਾਨੂੰ ਪਤਾ ਲੱਗ ਗਿਆ ਕਿ ਪੈਸੇ ਨਹੀਂ ਮੋੜੇ-ਤਾਂ ਬਘਿਆੜਾ ਤੇਰੇ ਆਲਾ ਬੁਘਤੂ ਵਜਾ ਦਿਆਂਗੇ।"
-"ਮੈਂ ਦੋਨੀਂ ਹੱਥੀਂ ਮੋੜ ਕੇ ਆਊਂ ਜੀ..!"
ਵਿਚੋਲਾ ਡਰ ਨਾਲ ਕੰਬੀ ਜਾ ਰਿਹਾ ਸੀ।
-"ਜਾਓ ਭੱਜੋ ਏਥੋਂ...!" ਜੈਲਦਾਰ ਨੇ ਕਾਰ ਵਿਚੋਂ ਲੱਡੂਆਂ ਵਾਲੀ ਪੇਟੀ ਚੁੱਕਦਿਆਂ ਕਿਹਾ।
ਸਾਰੇ ਸਿਰਤੋੜ ਕਾਰਾਂ ਨੂੰ ਦੌੜੇ।
-"ਹੋਰ ਗੱਲ ਸੁਣੋ...! ਕੁੜੀ ਨੇ ਸਾਡੇ ਕਹਿਣ 'ਤੇ ਥੱਪੜ ਮਾਰੇ ਐ-ਜੇ ਇਹਨੂੰ ਤੰਗ ਫੰਗ ਕੀਤੈ ਤਾਂ...!" ਉਸ ਨੇ ਉਂਗਲ਼ ਦਾ ਘੋੜ੍ਹਾ ਹਿਲਾ ਕੇ 'ਤਬਾਹੀ' ਦਾ ਇਸ਼ਾਰਾ ਕੀਤਾ।
-"ਮੈਂ ਕਹਿੰਨੈਂ ਵਾਹਿਗੁਰੂ ਬੋਲੋ ਜੀ-ਕੋਈ ਸ਼ਕਾਇਤ ਈ ਨਹੀਂ ਆਊਗੀ।" ਵਿਚੋਲਾ ਸਿਰ 'ਤੇ ਪੱਗ ਰੱਖਦਾ ਹੋਇਆ ਕਹਿ ਰਿਹਾ ਸੀ।
ਕਾਰਾਂ ਪੈਰ ਤੋਂ ਹੀ ਛਾਲਾਂ ਮਾਰ ਗਈਆਂ।
ਧੂੜ ਫ਼ੈਲ ਗਈ।
ਜੈਲਦਾਰ ਲੱਡੂਆਂ ਨੂੰ ਵਾਢਾ ਧਰੀ ਬੈਠਾ ਸੀ। ਅੱਖ ਬਚਾ ਕੇ ਤਿੰਨ ਚਾਰ ਉਸ ਨੇ ਗੀਝੇ ਵਿਚ ਪਾ ਲਏ ਸਨ। ਬਾਕੀ ਸਾਰੇ ਟੁੱਟ ਕੇ ਜੈਲਦਾਰ ਨੂੰ ਪੈ ਗਏ ਅਤੇ ਪੇਟੀ ਖੋਹ ਲਈ। ਪਰ ਫਿਰ ਵੀ ਉਹ ਧੂਹ-ਘੜ੍ਹੀਸ ਵਿਚ ਤਿੰਨ-ਚਾਰ ਲੱਡੂ ਹੱਥ ਹੇਠ ਕਰ ਗਿਆ ਸੀ।
-"ਥੋਡੀ ਬੇੜੀ ਬਹਿਜੇ ਜੱਟੋ...! ਤੁਸੀਂ ਹਲ਼ਕ ਕੇ ਮਰੋਂ..!"
-"ਸਾਲਿਆ, ਗਪਲ਼ ਗਪਲ਼ ਖਾਈ ਜਾਨੈਂ-ਮੋਕ ਜਾਊਗੀ ਲੱਗ।"
-"ਖਾਂਦੇ ਪੀਂਦੇ ਸੌ ਆਰੀ ਮਰਜੀਏ-ਪ੍ਰਵਾਹ ਨਹੀਂ-ਪਰ ਭੁੱਖੇ ਨਾ ਮਰੀਏ-ਮੇਰੇ ਤਾਂ ਭੁੱਖੇ ਦੇ ਪਈ ਜਾਂਦੇ ਐ ਮਰੋੜ।"
-"ਤੇ ਸਾਡੇ ਸਾਲਿਆ ਪਿਸਤੇ ਖਾਧੇ ਵੇ ਐ? ਤੇਰੇ ਨਾਲ ਈ ਅਸੀਂ ਐਂ ਸਵੇਰ ਦੇ।"
-"ਥੋਡਾ ਕੀ ਨਾਂ ਲੈਣੈਂ? ਤੁਸੀਂ ਤਾਂ ਲੱਕੜ ਐਂ।"
ਸਾਰੇ ਹੱਸਦੇ ਖੇਡਦੇ, ਖਾਂਦੇ ਸੂਏ ਦੇ ਰਾਹ ਪੈ ਗਏ।
ਸੂਰਜ ਦੀ ਟਿੱਕੀ ਸੂਏ ਦੇ ਪਾਣੀ ਵਿਚ ਮੂੰਹ ਡਬੋ ਗਈ। ਸੂਏ ਦੇ ਪਾਣੀ ਵਿਚ ਗਾੜ੍ਹੀ ਲਾਲੀ ਡੁੱਲ੍ਹ ਗਈ। ਸਾਰਿਆਂ ਦੇ ਮੂੰਹ ਸੂਹੀ ਦੁਮੇਲ ਨਾਲ ਰੰਗੇ ਗਏ।
ਕਈ ਦਿਨਾਂ ਬਾਅਦ ਕਾਕਾ ਮੁੜਿਆ। ਉਸ ਨਾਲ ਇੱਕ ਸੋਹਣੀ-ਸੁਨੱਖੀ ਕੁੜੀ ਸੀ। ਸਾਰੇ ਤੱਕ ਕੇ ਅਵਾਕ ਰਹਿ ਗਏ।
ਕਾਕਾ ਬਿਨਾ ਦੱਸੇ ਹੀ ਕੋਈ 'ਬਲਾਅ' ਸਹੇੜ ਲਿਆਇਆ ਸੀ। ਹਥਿਆਰਬੰਦ ਲੜਾਈ ਲੜਦੇ ਗੁਰੀਲੇ ਲਈ ਇੱਕ ਕੁੜੀ ਕਦੇ ਵੀ ਵਫ਼ਾ ਨਹੀਂ ਕਰ ਸਕਦੀ ਸੀ। ਜੱਥੇਬੰਦੀ ਦੀ ਸਲਾਹ ਬਿਨਾ ਅਜਿਹਾ ਕਦਮ ਚੁੱਕਣਾ ਇੱਕ ਗਲਤੀ ਹੀ ਨਹੀਂ, ਗੁਨਾਂਹ ਵੀ ਸੀ। ਔਰਤ ਦਾ ਮੋਹ ਇੱਕ ਗੁਰੀਲੇ ਲਈ ਘਾਤਕ ਸਿੱਧ ਹੋ ਸਕਦਾ ਸੀ। ਚਾਹੇ ਕਾਕਾ ਕੋਈ ਬਹੁਤੀ ਉਮਰ ਦਾ ਨਹੀਂ ਸੀ, ਪਰ ਤਜ਼ਰਬਿਆਂ ਵਿਚ ਰਵਾਂ ਹੋਇਆ ਉਹ ਇਤਨਾ ਅਨਾੜੀ ਵੀ ਨਹੀਂ ਸੀ। ਇਸ ਕੁੜੀ ਨੂੰ ਲਿਆਉਣਾ ਉਸ ਦੀ ਕੋਈ ਮਜਬੂਰੀ ਸੀ ਜਾਂ ਕੋਈ ਹੋਰ ਰਾਜ਼? ਬਾਲੀ ਦੇ ਦਿਮਾਗ ਅੰਦਰ ਸੋਚਾਂ ਦੇ ਬਿੱਛੂ ਡੰਗ ਮਾਰੀ ਜਾ ਰਹੇ ਸਨ।
ਬਾਲੀ ਕਾਕੇ ਦਾ ਮੋਢਾ ਫੜ ਕੇ ਇੱਕ ਪਾਸੇ ਲੈ ਗਿਆ।
-"ਇਹ ਕੁੜੀ ਕਿਧਰੋਂ ਧੂਹ ਲਿਆਇਆ?"
-"ਬਾਈ ਇਹ ਤਾਂ ਮੇਰੀ ਮੰਗੇਤਰ ਐ।"
-"ਹਥਿਆਰਬੰਦ ਲੜਾਈ ਵਿਚ ਤੂੰ ਗ੍ਰਹਿਸਥੀ ਜੀਵਨ ਕਿਵੇਂ ਵੀ ਬਤੀਤ ਨਹੀਂ ਕਰ ਸਕਦਾ-।"
-"ਬਾਈ ਮੈਂ ਕਰਕੇ ਦਿਖਾਊਂ।"
-"ਤੂੰ ਤਾਂ ਮਰਨਾ ਈ ਐਂ-ਇਹਦਾ ਕਿਉਂ ਦੁਸ਼ਮਣ ਬਣਿਐਂ?"
-"ਬਾਈ ਮੈਂ ਤਾਂ ਬਥੇਰ੍ਹੇ ਫਰ ਛੁਡਾਏ-ਪਰ ਇਹ ਹੀ ਨਹੀਂ ਪੱਟੀ ਬੱਨ੍ਹਣ ਦਿੰਦੀ-ਕਹਿੰਦੀ ਨਾਲ ਈ ਸ਼ਹੀਦ ਹੋਊਂ।"
ਬਾਲੀ ਸੋਚੀਂ ਪੈ ਗਿਆ। ਉਸ ਨੂੰ ਆਪਣੇ ਬਾਬਾ ਜੀ ਦੀ ਕਹੀ ਗੱਲ ਯਾਦ ਆਈ, "ਗੱਭਰੂ ਦੇਸ਼ ਪੰਜਾਬ ਦੇ ਤੇ ਮਰਦ ਪੰਜਾਬੀ ਨਾਰ!" ਹਰ ਮੁਸੀਬਤ ਵਿਚ ਪੰਜਾਬ ਦੀ ਨਾਰ ਮਰਦ ਦੇ ਮੋਢੇ ਨਾਲ ਮੋਢਾ ਡਾਹ ਕੇ ਖੜ੍ਹੀ ਹੈ। ਇਸ ਲਈ ਪੰਜਾਬ ਦੀ ਔਰਤ ਨੂੰ 'ਮਰਦ' ਦਾ ਖਿ਼ਤਾਬ ਮਿਲਿਆ ਹੋਇਆ ਹੈ।
ਅਸਲ ਵਿਚ ਕਾਕਾ ਲਹਿਰ ਵਿਚ ਆਉਣ ਤੋਂ ਪਹਿਲਾਂ ਮੰਗਿਆ ਹੋਇਆ ਸੀ। ਪੂਰੇ ਦੋ ਸਾਲ ਉਸ ਨੇ ਲਹਿਰ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਲੈ ਰਿਹਾ ਸੀ। ਇਸ ਦੌਰਾਨ ਉਸ ਨੂੰ ਪਿੰਡ ਜਾਣ ਦਾ ਮੌਕਾ ਵੀ ਨਾ ਮਿਲਿਆ। ਹਫ਼ਤਾ ਕੁ ਪਹਿਲਾਂ ਤੁਰਦੇ ਫਿਰਦੇ ਕਾਕੇ ਨੂੰ ਉਸ ਦਾ ਮਾਮਾ ਮਿਲ ਗਿਆ। ਸਕਾ ਮਾਮਾ ਕਾਕੇ ਦਾ ਵਿਚੋਲਾ ਸੀ। ਕਾਕੇ ਦੀ ਮੰਗੇਤਰ ਕੁੜੀ, ਮਾਮੇ ਦੇ ਸਾਲੇ ਦੀ ਸਕੀ ਧੀ ਸੀ। ਕਾਕਾ ਮਾਮੇ ਨੂੰ ਬੜੇ ਤਪਾਕ ਨਾਲ ਮਿਲਿਆ। ਪਰ ਮਾਮਾ ਕੁਝ ਖ਼ਫ਼ਾ ਲੱਗ ਰਿਹਾ ਸੀ। ਉਹ ਇੱਕ ਹੋਟਲ 'ਤੇ ਚਾਹ ਪੀਣ ਬੈਠ ਗਏ। ਚਾਹ ਪੀਂਦਾ ਮਾਮਾ ਕੋਈ ਗੱਲ ਨਹੀਂ ਕਰ ਰਿਹਾ ਸੀ।
-"ਕੀ ਗੱਲ ਐ ਮਾਮਾ ਜੀ-ਬੜੇ ਖੁਸ਼ਕ ਜਿਹੇ ਲੱਗਦੇ ਹੋ?" ਕਾਕੇ ਨੇ ਗੱਲ ਤੋਰੀ।
-"ਤੇਰੀਆਂ ਭਦਰਕਾਰੀਆਂ ਦਾ ਤੈਨੂੰ ਪਤਾ ਈ ਐ-ਤੂੰ ਕਿਹੜਾ ਨਿਆਣੈਂ?" ਮਾਮੇ ਦਾ ਗੁੱਸਾ ਫ਼ਟ ਤੁਰਿਆ।
-"........।"
-"ਤੈਨੂੰ ਕੀ ਪਤੈ, ਅਗਲੇ ਮੇਰੇ ਮੂੰਹ ਨਾਲ ਕੀ ਕਰਦੇ ਐ?"
-"........।"
-"ਬੱਸ ਸੁਣ ਕੇ ਚੁੱਪ ਕਰ ਰਹੀਦੈ-ਚੋਰ ਦੀ ਮਾਂ ਕੋਠੀ 'ਚ ਮੂੰਹ-ਤੇਰੇ ਵਿਚੋਲਪੁਣੇ ਨੇ ਤਾਂ ਮੈਨੂੰ ਥੱਲੇ ਲਾਹਤਾ-ਨਾ ਰਿਸ਼ਤੇਦਾਰਾਂ ਨੂੰ ਕੁਛ ਆਖਣ ਜੋਗੇ-ਉਹ ਵੀ ਭਾਈ ਕੀ ਕਰਨ? ਬਰਾਬਰ ਦੀ ਧੀ ਦਰਵਾਜੇ ਬੈਠੀ ਐ।"
-"ਮਾਮਾ ਜੀ ਥੋਨੂੰ ਪਤਾ ਈ ਐ ਬਈ...।"
-"ਮੈਨੂੰ ਸਾਰਾ ਈ ਪਤੈ..! ਮੈਂ ਜੁਆਕ ਨਹੀਂ..! ਪਰ ਤੂੰ ਇੱਕ ਪਾਸਾ ਕਰ-ਜਾਂ ਤਾਂ ਅਗਲਿਆਂ ਨੂੰ ਜਵਾਬ ਦੇਹ-ਅਗਲੇ ਕੋਈ ਹੋਰ ਬੰਨ੍ਹ ਸੁੱਬ ਕਰਨ-ਤੇ ਜਾਂ ਆਬਦੀ ਪਾਲਟੀ ਨੂੰ ਹਥਿਆਰ ਫੜਾ ਕੇ ਆ ਜਾਹ-ਤੈਨੂੰ ਫੁੱਲ ਦੀ ਨਹੀਂ ਲੱਗਣ ਦਿੰਦਾ-ਡੀ. ਐੱਸ. ਪੀ. ਮੈਨੂੰ ਵੀਹ ਆਰੀ ਆਪ ਕਹਿ ਚੁੱਕਿਐ-।"
-"ਮਾਮਾ ਜੀ ਆਹ ਤਾਂ ਗੱਲ ਈ ਦਿਲ ਚੋਂ ਕੱਢ ਦਿਓ ਬਈ ਮੈਂ ਜੱਥੇਬੰਦੀ ਛੱਡ ਕੇ ਆ ਜਾਊਂਗਾ।"
-"ਫੇਰ ਅਗਲਿਆਂ ਨੂੰ ਮੈਂ ਆਖ ਦਿੰਨੈਂ, ਬਈ ਭਾਈ ਕੁੜੀ ਦਾ ਕਿਤੇ ਹੋਰ ਢਾਣਸ ਕਰੋ-ਉਹ ਤਾਂ ਤੇਰੀ ਆਸ 'ਤੇ ਕੁੜੀ ਪਰੁੰਨ੍ਹੀਂ ਬੈਠੇ ਐ-ਤੇ ਤੂੰ ਬਣਿਆਂ ਫਿਰਦੈਂ ਦੇਸ਼ ਭਗਤ! ਕੱਚੀ ਛੋਰ੍ਹ ਤੇ ਆਟਾ ਖਰਾਬ।" ਮਾਮਾ ਗਰਮੀ ਵਿਚ ਲਾਟਾਂ ਛੱਡੀ ਜਾ ਰਿਹਾ ਸੀ।
-"ਮਾਮਾ ਜੀ ਮੇਰਾ ਇੱਕ ਕੰਮ ਕਰੋ।"
-"ਬੋਲ?"
-"ਤੁਸੀਂ ਇੱਕ ਵਾਰ ਮੈਨੂੰ ਗਗਨਦੀਪ ਮਿਲਾ ਦਿਓ!"
-"ਕਿਉਂ - ਕਾਹਤੋਂ?"
-"ਮੈਂ ਸਿਰਫ਼ ਉਹਦੇ ਨਾਲ ਦੋ ਗੱਲਾਂ ਕਰਨੀਐਂ - ਬੱਸ..!"
-"ਕੀ ਗੱਲਾਂ ਕਰਨੀਐਂ? ਦੁਨੀਆਂ ਦੇਖੂ ਕੀ ਕਹੂ? ਉਹ ਤਾਂ ਅੱਗੇ ਮੇਰੀ ਦਾਹੜ੍ਹੀ ਗੂੰਹ ਮਲਦੇ ਐ-ਤੇਰੀ ਮਾਮੀ ਓਦੂੰ ਨਿੱਤ ਸੂਹਣ ਖੜ੍ਹੀ ਰੱਖਦੀ ਐ-ਮੈਂ ਕਸੂਤਾ ਫਸਿਆ ਕਿਸੇ ਪਾਸੇ ਬੋਲਣ ਜੋਗਾ ਨਹੀਂ।"
-"ਮਾਮਾ ਜੀ ਮੇਰੀ ਇਹ ਗੱਲ ਮੰਨ ਲਓ-ਮੈਨੂੰ ਇੱਕ ਵਾਰ ਗਗਨਦੀਪ ਮਿਲਾ ਦਿਓ-ਤੁਹਾਨੂੰ ਮੈਂ ਉਦੋਂ ਈ ਹਾਂ ਜਾਂ ਨਾਂਹ ਦੱਸ ਦਿਆਂਗਾ।"
-"ਤੂੰ ਪਰਸੋਂ ਰਾਤ ਨੂੰ ਮੇਰੇ ਕੋਲੇ ਪਹੁੰਚ-ਮੈਂ ਬੁੱਟਰੋਂ ਗਗਨਦੀਪ ਨੂੰ ਲੈ ਆਊਂ-ਮੈਂ ਚੱਲਦੈਂ ਮੈਨੂੰ ਆੜ੍ਹਤੀਆਂ ਦੇ ਕੰਮ ਐਂ।" ਚਾਹ ਦੇ ਪੈਸੇ ਦੇ ਕੇ ਮਾਮਾ ਰਾਹ ਪੈ ਗਿਆ।
ਕਾਕਾ ਆਈ. ਟੀ. ਆਈ. ਕੋਲੋਂ ਬੱਸ ਚੜ੍ਹ ਗਿਆ।
ਤੀਜੇ ਦਿਨ ਵਾਅਦੇ ਅਨੁਸਾਰ ਕਾਕਾ ਚੂਹੜਚੱਕ ਪਹੁੰਚ ਗਿਆ। ਮੂੰਹ ਹਨ੍ਹੇਰਾ ਸੀ। ਮਾਮੇ ਦੇ ਘਰੋਂ ਸਰ੍ਹੋਂ ਦੇ ਸਾਗ ਦੀ ਮਹਿਕ ਆ ਰਹੀ ਸੀ। ਮਾਮੀ ਚੁਰ 'ਤੇ ਰੋਟੀਆਂ ਲਾਹ ਰਹੀ ਸੀ। ਚੁਰ ਦੇ ਅੱਗੇ ਗਗਨਦੀਪ ਬੈਠੀ ਕਪਾਹ ਦੀਆਂ ਛਿਟੀਆਂ ਡਾਹ ਰਹੀ ਸੀ। ਚੁਰ ਦੀ ਸੰਧੂਰੀ ਅੱਗ ਵਿਚ ਉਸ ਦਾ ਚਿਹਰਾ ਨਗ ਵਾਂਗ ਦਗ ਰਿਹਾ ਸੀ। ਕਾਕੇ ਦਾ ਦਿਲ ਡੋਲ ਗਿਆ। ਹੁਸਨ ਦੀ ਅੱਗ ਨੇ ਉਸ ਦਾ ਦਿਲ ਪਿਘਲਾ ਕੇ ਰੱਖ ਦਿੱਤਾ ਸੀ। ਇੱਕ ਪਲ ਉਸ ਨੂੰ ਸਮੁੱਚਾ ਸੰਘਰਸ਼ ਭੁੱਲ ਗਿਆ।
-"ਮਾਮੀ ਜੀ ਸਾਸਰੀਕਾਲ..!" ਵਰਾਂਡਾ ਲੰਘ ਕੇ ਕਾਕੇ ਨੇ ਕਿਹਾ। ਮਾਮੀ ਨੇ ਤੁਰੰਤ ਪਿੱਛੇ ਮੁੜ ਕੇ ਦੇਖਿਆ।
-"ਆ ਜਾਹ ਨਲੈਕੜਿਆ-ਸੇਕਾਂ ਤੇਰੇ ਪਾਸੇ ਟੁੱਟ ਪੈਣਿਆਂ...! ਦੀਪ...! ਦਰਵਾਜਾ ਬੰਦ ਕਰਕੇ ਆ।" ਮਾਮੀਂ ਨੇ ਗੁੱਝਾ ਕਿਹਾ ਤਾਂ ਗਗਨਦੀਪ ਸ਼ਰਮਾਉਂਦੀ ਦਰਵਾਜਾ ਬੰਦ ਕਰਨ ਚਲੀ ਗਈ।
-"ਮਾਮਾ ਜੀ ਕਿੱਥੇ ਐ?"
-"ਘੁੱਟ ਲਾਉਣ ਗਿਆ ਹੋਊ-।"
-"ਮਾਮਾ ਜੀ ਨੂੰ ਵੀ ਕਦੇ ਸੋਧਾ ਲਾਉਣਾ ਪਊ।"
-"ਵੇ ਹੋਰ ਤੂੰ ਕੀ ਕਰਨੈਂ? ਅਖੇ ਬਾਪੂ ਜੇ ਮੈਂ ਠਾਣੇਦਾਰ ਬਣ ਗਿਆ-ਪਹਿਲਾਂ ਤੇਰੇ ਚਿੱਤੜ ਕੁੱਟੂੰ।" ਮਾਮੀਂ ਦੀ ਗੱਲ ਸੁਣ ਕੇ ਕਾਕਾ ਦਬ ਗਿਆ। ਗਗਨਦੀਪ ਨੇ ਮੂੰਹ 'ਤੇ ਚੁੰਨੀ ਲੈ ਲਈ। ਉਹ ਦਿਲੋਂ ਭੂਆ ਨੂੰ ਬੇਸ਼ਰਮ ਗਰਦਾਨ ਰਹੀ ਸੀ।
-"ਬਹਿਜਾ...! ਮੁਤਰ ਮੁਤਰ ਕੀ ਝਾਕੀ ਜਾਨੈਂ? ਤੱਤੀ ਤੱਤੀ ਰੋਟੀ ਖਾ ਲੈ..!"
ਕਾਕਾ ਗਗਨਦੀਪ ਦੇ ਬਰਾਬਰ ਬੈਠ ਗਿਆ।
ਗਗਨਦੀਪ ਭੂਆ ਵੱਲ ਖਿਸਕ ਗਈ।
-"ਪਾ ਕੁੜ੍ਹੇ ਰੋਟੀ ਇਹਨੂੰ-ਬੈਠਾ ਆਨੇਂ ਜੇ ਕੱਢੀ ਜਾਂਦੈ।"
ਗਗਨਦੀਪ ਗੁੱਝੀ ਹੱਸ ਪਈ।
ਕਾਕੇ ਨੇ ਬੁੱਕਲ 'ਚ ਰੱਖੀ ਏ. ਕੇ. ਸੰਤਾਲੀ ਰਸੋਈ ਦੇ ਖੂੰਜੇ ਟਿਕਾ ਦਿੱਤੀ।
-"ਵੇ ਨਿੱਜ ਨੂੰ ਜਾਣਿਆਂ ਇਹ ਆਬਦਾ ਘੁੱਗੂ ਘੋੜਾ ਜਿਆ ਕਿਤੇ ਅੰਦਰ ਰੱਖ ਕੇ ਆ-ਮੈਨੂੰ ਤਾਂ ਇਹਦੇ ਤੋਂ ਡਰ ਲੱਗਦੈ-ਕਿਤੇ ਸਾਡੀ ਨਾ ਜਾਹ ਜਾਂਦੀ ਕਰਦੀਂ।"
ਕਾਕਾ ਹੱਸ ਪਿਆ।
-"ਮਾਮੀਂ ਜੀ, ਆਪਦੇ ਆਪ ਇਹ ਜਮਾਂ ਈ ਨਹੀਂ ਚੱਲਦੀ-ਬੇਫਿ਼ਕਰ ਰਹਿ।"
ਬਾਹਰੋਂ ਮਾਮਾ ਆ ਗਿਆ। ਅੰਦਰ ਆਉਣਸਾਰ ਉਸ ਨੇ ਦਰਵਾਜਾ ਬੰਦ ਕਰਕੇ ਅਰਲ ਚਾਹੜ੍ਹ ਦਿੱਤੀ। ਉਹ ਵਾਕਿਆ ਹੀ ਪੀ ਕੇ ਆਇਆ ਸੀ, ਜਿਸ ਕਰਕੇ ਸੁੱਕੇ ਖੰਘੂਰੇ ਜਿਹੇ ਮਾਰਦਾ ਸੀ।
-"ਖਾਈ ਜਾਨੈਂ ਰੋਟੀ?"
-"ਆਓ ਤੁਸੀਂ ਵੀ ਖਾਓ!"
-"ਨਹੀਂ ਮੈਂ ਅਜੇ ਲੋਟ ਜਿਆ ਨਹੀਂ ਹੋਇਆ।" ਉਸ ਨੇ ਡੱਬ ਵਿਚੋਂ ਅਧੀਆ ਕੱਢ ਕੇ ਕੰਧੋਲੀ 'ਤੇ ਰੱਖ ਦਿੱਤਾ।
-"ਐਹਥੋਂ ਪਾਣੀ ਤੇ ਗਿਲਾਸ ਫੜਾਈਂ ਕੇਰਾਂ-ਇਹ ਲੋਕਾਂ ਨੂੰ ਸੂਤ ਕਰਦੇ ਐ-ਮੈਂ ਅੱਜ ਇਹਦੇ ਵਲ਼ ਕੱਢਣੇਂ ਐਂ-ਤੱਕਲ਼ਾ ਬਣਾਉਣੈਂ ਤੱਕਲ਼ਾ ਅੱਜ ਮੈਂ।" ਮਾਮੇ ਨੇ ਆਖਿਆ।
ਸਾਰੇ ਹੱਸ ਪਏ।
ਮਾਮੇ ਦਾ ਘਰ ਖੇਤ ਵਿਚ ਪਾਇਆ ਹੋਣ ਕਰਕੇ ਇੱਥੇ ਕਿਸੇ ਗੁਆਂਢੀ ਜਾਂ ਕਿਸੇ ਓਪਰੇ ਆਦਮੀ ਦਾ ਡਰ ਨਹੀਂ ਸੀ। ਖੁੱਲ੍ਹੀ ਖੇਡ ਸੀ। ਪੱਕੀ ਸੜਕ ਤੋਂ ਥੋੜਾ ਹਟ ਕੇ ਪਾਇਆ ਘਰ ਚੂਹੜਚੱਕ ਤੋਂ ਤਕਰੀਬਨ ਇੱਕ ਕਿਲੋਮੀਟਰ ਦੂਰ ਸੀ।
ਸਾਰੇ ਰੋਟੀਆਂ ਖਾ ਕੇ ਵਿਹਲੇ ਹੋ ਗਏ।
ਰੋਟੀ ਖਾ ਕੇ ਮਾਮੀਂ ਨੇ ਦੁੱਧ ਨੂੰ ਜਾਗ ਲਾਇਆ ਅਤੇ ਮੰਜੇ ਵਿਛਾਅ ਦਿੱਤੇ।
-"ਮਾਮਾ ਜਗਜੀਤ ਹੋਰੀਂ-?"
-"ਲੁੱਦੇਆਣੇਂ ਕਾਲਜ 'ਚ ਪੜ੍ਹਦੇ ਐ-ਉਥੇ ਈ ਹੋਸ਼ਟਲ 'ਚ ਰਹਿੰਦੇ ਐ-ਹਫ਼ਤੇ ਬੀਹਾਂ ਦਿਨਾਂ ਬਾਅਦ ਦੋਨੋਂ ਗੇੜਾ ਮਾਰ ਜਾਂਦੇ ਐ।"
-"ਚਲੋ-!"
-"ਮੈਨੂੰ ਤਾਂ ਆਉਂਦੀ ਐ ਨੀਂਦ-ਤੇ ਤੂੰ ਕੁੜੀ ਨਾਲ ਗੱਲਾਂ ਬਾਤਾਂ ਕਰ-ਤੇਰੀ ਮਾਮੀਂ ਨੂੰ ਸਾਰਾ ਪਤੈ-ਚੁਬਾਰਾ ਵਿਹਲਾ ਪਿਐ-ਜਾਹ ਭੱਜ ਜਾਹ-ਦੇਬੋ....!"
ਮਾਮੀਂ ਅੰਦਰ ਆ ਗਈ।
-"ਚੁਬਾਰਾ ਖੁੱਲ੍ਹਾ ਈ ਐ?"
-"ਆਹੋ-।"
-"ਦੀਪ ਨੂੰ ਕਹਿ ਉਪਰ ਜਾ ਵੜੂਗੀ।"
ਮਾਮੀ ਨੇ ਗਗਨਦੀਪ ਨੂੰ ਚੁਬਾਰੇ ਚਾੜ੍ਹ ਦਿੱਤਾ।
ਕਾਕਾ ਵੀ ਚਲਾ ਗਿਆ।
ਕਾਕੇ ਨੇ ਅਜੇ ਚੁਬਾਰੇ ਦਾ ਦਰਵਾਜਾ ਭੇੜਿਆ ਹੀ ਸੀ ਕਿ ਜਜ਼ਬਾਤਾਂ ਵਿਚ ਰੁੜ੍ਹੀ ਕੁੜੀ ਨੇ ਹਾਣੀ-ਮਹਿਰਮ ਨੂੰ ਗਲ਼ਵਕੜੀ ਪਾ ਲਈ। ਉਹ ਕਾਕੇ ਦੇ ਗਲ਼ ਹਾਰ ਵਾਂਗ ਲਟਕ ਗਈ ਸੀ। ਚਾਹੇ ਉਹ ਕਦੀ ਬਹੁਤਾ ਮਿਲੇ ਨਹੀਂ ਸਨ। ਪਰ ਸਧਰਾਂ ਦੇ ਫੁੱਲ ਖਿੜਦੇ-ਖਿੜਦੇ ਜੋਬਨ 'ਤੇ ਆ, ਫੁੱਲਵਾੜੀ ਬਣ ਗਏ ਸਨ। ਦੋਨੋਂ ਮਦਹੋਸ਼, ਇੱਕ-ਮਿੱਕ ਹੋਏ ਖੜ੍ਹੇ ਸਨ। ਦੋਨਾਂ ਲਈ ਇਹ ਗਲਵਕੜੀ ਕਿਸੇ ਸਵਰਗੀ ਝੂਟੇ ਨਾਲੋਂ ਘੱਟ ਨਹੀਂ ਸੀ।
ਕਾਫ਼ੀ ਦੇਰ ਬਾਅਦ ਗਲਵਕੜੀ ਖੁੱਲ੍ਹੀ। ਸ਼ਾਇਦ ਕਿਸੇ ਨੂੰ ਗਲਵਕੜੀ ਛੱਡਣ ਦਾ ਚੇਤਾ ਹੀ ਨਹੀਂ ਰਿਹਾ ਸੀ। ਫਿਰ ਉਹ ਬੇਸੁਰਤਾਂ ਵਾਂਗ ਪਲੰਘ 'ਤੇ ਇੱਕ ਤਰ੍ਹਾਂ ਨਾਲ ਡਿੱਗ ਹੀ ਪਏ। ਗਗਨਦੀਪ ਦੀਆਂ ਅੱਖਾਂ ਲਾਲ ਰੱਤੀਆਂ ਸਨ। ਜਿਵੇਂ ਸੂਰਜ ਦੀ ਲਾਲੀ ਉਸ ਦੀਆਂ ਅੱਖਾਂ ਵਿਚ ਉੱਤਰ ਆਈ ਸੀ। ਉਹ ਕਿਸੇ ਗ਼ੈਬੀ ਵਹਿਣ ਵਿਚ ਵਹਿੰਦੀ ਭਾਰੇ-ਭਾਰੇ ਸਾਹ ਲੈ ਰਹੀ ਸੀ। ਉਸ ਦਾ ਦਿਲ ਭਾਰੀ ਸੀਨਿਆਂ ਵਿਚ "ਫ਼ੜੱ੍ਹਕ-ਫ਼ੜ੍ਹੱਕ" ਵੱਜ ਰਿਹਾ ਸੀ। ਸਿਰੋਂ ਉਸ ਦੀ ਚੁੰਨੀ ਲਹਿ ਕੇ ਹੇਠਾਂ ਡਿੱਗ ਪਈ ਸੀ ਅਤੇ ਮੱਥੇ 'ਤੇ ਮੁੜ੍ਹਕੇ ਦੇ ਕਣ ਮਣਕਿਆਂ ਵਾਂਗ ਚਮਕ ਰਹੇ ਸਨ। ਕਾਲੀਆਂ ਘਟਾਵਾਂ ਵਰਗੇ ਕੇਸ ਮੱਥੇ ਦੇ ਪਸੀਨੇ ਨਾਲ ਭਿੱਜ ਚਿਪਕ ਗਏ ਸਨ। ਉਸ ਦਾ ਹੁਸੀਨ ਚਿਹਰਾ ਹੋਰ ਵੀ ਕਾਲ਼ਜਾ ਕੱਢਣ ਲੱਗ ਪਿਆ ਸੀ। ਕਾਕਾ ਰੱਬ ਦੀ ਇਸ ਘੜੀ ਮੂਰਤ ਨੂੰ ਗਹੁ ਨਾਲ ਤੱਕ ਰਿਹਾ ਸੀ। ਉਸ ਦੀ ਪਿਆਸ ਨਹੀਂ ਮਿਟ ਰਹੀ ਸੀ।
-"ਦੀਪ...!" ਕਾਫ਼ੀ ਦੇਰ ਬਾਅਦ ਕਾਕੇ ਨੇ ਚੁੱਪ ਤੋੜੀ।
-"ਜੀ...?" ਉਹ ਕਿਸੇ ਸੁਪਨੇ ਵਿਚੋਂ ਪਰਤੀ।
-"ਬੀ. ਏ. ਤਾਂ ਤੂੰ ਕਰ ਈ ਲਈ ਐ-ਅਜੇ ਹੋਰ ਕਿੰਨਾ ਕੁ ਪੜ੍ਹਨ ਦਾ ਇਰਾਦੈ?"
-"ਮੇਰੇ ਇਰਾਦੇ ਦੇ ਹੋਣ ਜਾਂ ਨਾ ਹੋਣ ਨਾਲ ਕੀ ਫ਼ਰਕ ਪੈਂਦੈ?"
-"ਮਤਲਬ?"
-"ਬਾਪੂ ਜੀ ਤਾਂ ਕੁਛ ਨਹੀਂ ਆਖਦੇ ਪਰ ਬੇਜੀ ਨਹੀਂ ਮੰਨਦੇ।"
ਉਹਨਾਂ ਫ਼ੁੱਟਕਲ ਗੱਲਾਂ ਸੁਰੂ ਕਰ ਦਿੱਤੀਆਂ ਸਨ ਕਿ ਹੇਠੋਂ ਖੰਘਦੀ ਮਾਮੀਂ ਉਪਰ ਆ ਗਈ। ਗਗਨਦੀਪ ਅਤੇ ਕਾਕਾ ਸੰਭਲ ਚੁੱਕੇ ਸਨ। ਗਗਨਦੀਪ ਨੇ ਚੁੰਨੀ ਸਿਰ 'ਤੇ ਲੈ ਲਈ ਸੀ ਅਤੇ ਜੁਆਨ ਛਾਤੀਆਂ ਢਕ ਲਈਆਂ ਸਨ।
-"ਵੇ ਤੂੰ ਸਿਰੇ ਲਾਈ ਕੋਈ ਗੱਲ ਕਿ ਨਹੀਂ ਮਰਾਸੀਆ? ਜਾਂ ਸਾਨੂੰ ਮਾਰ ਮਾਰ ਲ੍ਹੱਲੇ ਉਤਲੇ ਗੇੜੇ ਈ ਲਈ ਫਿਰੇਂਗਾ?"
-"ਮਾਮੀਂ ਜੀ ਗੱਲ ਸਿਰੇ ਲਾਉਣ ਨੂੰ ਕੀ ਐ? ਤੁਸੀਂ ਹਾਂ ਕਹੋ ਮੈਂ ਇਉਂ ਈ ਨਾਲ ਲੈ ਜਾਨੈਂ-ਹਿੰਗ ਲੱਗੇ ਨਾ ਫਟਕੜੀ-ਬੱਸ ਥੋਡੀ ਤੇ ਦੀਪ ਦੀ ਹਾਂ ਹੋਣੀ ਚਾਹੀਦੀ ਐ।"
-"ਇਹ ਤਾਂ ਦੋਵੇਂ ਹੱਥ ਜੋੜ ਕੇ ਜਾਊ-ਜਾਹ ਲੈ ਜਾਹ! ਇਹ ਤਾਂ ਓਸ ਗੱਲ ਦੇ ਆਖਣ ਮਾਂਗੂੰ ਕਦੋਂ ਦੀ ਰੱਸੇ ਤੁੜਾਉਂਦੀ ਐ।"
-"ਤੇ ਪਿਛਲਿਆਂ ਨੂੰ ਕੀ ਉੱਤਰ ਦਿਉਂਗੇ?"
-"ਇਹ ਮੇਰੀ ਸਿਰਦਰਦੀ ਐ-ਤੂੰ ਲਿਜਾਣ ਆਲਾ ਬਣ।"
ਕਾਕਾ ਗੰਭੀਰ ਹੋ ਗਿਆ।
-"ਮਾਮੀਂ ਜੀ ਲਿਜਾਣ ਨੂੰ ਤਾਂ ਬਥੇਰ੍ਹਾ ਦਿਲ ਕਰਦੈ-।"
-"ਤੇ ਹੋਰ ਕੀ ਗੋਲੀ ਵੱਜਗੀ-ਕੀ ਕੱਚ ਐ?"
-"ਮਾਮੀਂ ਜੀ ਜਿਹੜੀ ਮੋਰੀ ਮੈਂ ਤੁਰ ਪਿਐਂ-ਉਹ ਮਗਰੋਂ ਬੰਦ ਹੁੰਦੀ ਆਉਂਦੀ ਐ ਤੇ ਮੂਹਰੇ ਐ ਗੋਲ਼ੀ।"
-"ਵੇ ਕੁਛ ਨਹੀਂ ਹੁੰਦਾ-ਰੱਬ ਰੱਬ ਕਰੀਏ!"
-"ਮੈਂ ਤੁਹਾਡੇ ਨਾਲ ਸ਼ਹੀਦ ਹੋਣ ਨੂੰ ਤਿਆਰ ਹਾਂ-ਪਰ ਮੈਂ ਹੋਰ ਕਿਸੇ ਨਾਲ ਆਨੰਦ ਕਾਰਜ ਨਹੀਂ ਕਰਵਾ ਸਕਦੀ-ਦਸਮ ਪਿਤਾ ਦੀ ਕਸਮ ਖਾ ਕੇ ਆਖਦੀ ਹਾਂ ਕਦੇ ਪਿੱਛਾ ਨਹੀਂ ਦਿਆਂਗੀ-ਮੈਂ ਤੁਹਾਨੂੰ ਆਪਣਾ ਸਭ ਕੁਛ ਮੰਨ ਚੁੱਕੀ ਹਾਂ-ਹੁਣ ਪਲੀਜ਼ ਠੋਹਕਰ ਨਾ ਮਾਰੋ-!" ਕੁੜੀ ਅੱਖਾਂ ਭਰ ਆਈ। ਕਾਕੇ ਦਾ ਮਨ ਪਸੀਜ ਗਿਆ। ਮਾਮੀਂ ਕੋਲ ਝੂਠੀ ਜਿਹੀ ਹੋਈ ਬੈਠੀ ਸੀ।
-"ਦੀਪ...! ਮੂਵਮੈਂਟਾਂ ਵਿਚ ਜਜ਼ਬਾਤ ਕੁਝ ਵੀ ਅਰਥ ਨਹੀਂ ਰੱਖਦੇ।"
-"ਮੈਂ ਕਦੋਂ ਕਹਿੰਨੀ ਆਂ ਕਿ ਅਰਥ ਰੱਖਦੇ ਐ? ਮੈਂ ਤਾਂ ਤੁਹਾਡੇ ਬਰਾਬਰ ਖੜ੍ਹਕੇ ਦੁਸ਼ਮਣ ਨਾਲ ਲੋਹਾ ਲੈਣ ਲਈ ਆਪਣੇ ਆਪ ਨੂੰ ਤਿਆਰ ਕਰੀ ਬੈਠੀ ਹਾਂ-ਅੱਠਵੀਂ ਤੋਂ ਲੈ ਕੇ ਗਿਆਰਵੀਂ ਤੱਕ ਮੈਂ ਐੱਨ. ਸੀ. ਸੀ. ਮਤਲਬ ਨੈਸ਼ਨਲ ਕੈਡਿਟ ਕੈਂਪਸ ਵਿਚ ਹਿੱਸਾ ਲੈਂਦੀ ਆਈ ਆਂ-ਮੈਨੂੰ ਲੋੜੀਂਦੀ ਟਰੇਨਿੰਗ ਜ਼ਰੂਰ ਦੇਣਾ-ਗੁਰੂ ਮਹਾਰਾਜ ਕਿਰਪਾ ਕਰਨ ਇੱਕੀਆਂ ਦੀ 'ਕੱਤੀ 'ਕੱਲੀ ਪਾਵਾਂਗੀ-ਪੁਰਾਤਨ ਹੀ ਨਹੀਂ, ਅਜੋਕੇ ਸੰਘਰਸ਼ ਵਿਚ ਵੀ ਸਿੰਘਾਂ ਨੂੰ ਸਿੰਘਣੀਆਂ ਦੀ ਜ਼ਰੂਰਤ ਹੈ।"
ਕਾਕਾ ਅਡੋਲ ਗਗਨਦੀਪ ਦੇ ਵਿਚਾਰ ਸੁਣ ਕੇ ਨਿਰੁੱਤਰ ਹੋ ਗਿਆ।
-"ਹੁਣ ਬੋਲ ਵੱਡਿਆ ਭੜ੍ਹਾਕੂਆ-ਕਰਤਾ ਨਾ ਕੁੜੀ ਨੇ ਚਿੱਤ?" ਮਾਮੀਂ ਬੋਲੀ।
ਕਾਕਾ ਚੁੱਪ ਸੀ।
-"ਭੂਆ ਜੀ ਕੋਲ ਬੈਠੇ ਐ-ਮੈਂ ਤੁਹਾਨੂੰ ਸਿਰਫ਼ ਇੱਕ ਆਖਰੀ ਗੱਲ ਜ਼ਰੂਰ ਕਹਿਣੀ ਐਂ।" ਗਗਨਦੀਪ ਦੇ ਕਹਿਣ ਤੇ ਕਾਕੇ ਨੇ ਸਿਰ ਉਪਰ ਚੁੱਕਿਆ। ਅਗਲੀ ਗੱਲ ਲਈ ਕੰਨ ਖੋਲ੍ਹੇ।
-"ਬੋਲ?"
-"ਕਿਤੇ ਵੀ ਮੈਂ ਤੁਹਾਡੀ ਕਮਜ਼ੋਰੀ ਬਣਦੀ ਦਿਸਾਂ, ਤਾਂ ਨਿਸ਼ੰਗ ਗੋਲੀ ਨਾਲ ਉੜਾ ਦੇਇਓ-ਪਰ ਮੇਰੀ ਖ਼ਾਹਿਸ਼ ਤੁਹਾਡੇ ਨਾਲ ਸ਼ਹੀਦ ਹੋਣ ਦੀ ਹੈ-ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਇਹ ਹੀ ਬੇਨਤੀ ਹੈ ਕਿ ਮੇਰੀ ਖ਼ਾਹਿਸ਼ ਪੂਰੀ ਕਰਨ।"
ਸੁਣ ਕੇ ਕਾਕਾ ਜਮਾਂ ਹੀ ਬੇਹੇ ਪਾਣੀ ਵਿਚ ਬੈਠ ਗਿਆ।
-"ਹੁਣ ਦੱਸ ਕੀ ਬਾਕੀ ਰਹਿ ਗਿਆ ਕੋਹੜ੍ਹੀਆ? ਮੂੰਹੋਂ ਤਾਂ ਫੁੱਟ, ਘੁੱਗੂ ਈ ਹੋ ਗਿਆ?" ਮਾਮੀਂ ਨੇ ਫੜ ਕੇ ਕਾਕੇ ਨੂੰ ਹਿਲਾਇਆ। ਉਹ ਕਿਸੇ ਸੋਚਾਂ ਦੇ ਸਾਗਰ 'ਚੋਂ ਮੁੜਿਆ।
-"ਪਰ ਮਾਮੀਂ ਜੀ ਮੈਨੂੰ ਆਪਣੀ ਜੱਥੇਬੰਦੀ ਨਾਲ ਵੀ ਸਲਾਹ ਕਰਨੀ ਪਊ।" ਉਸ ਨੇ ਵੱਡੀ ਸਮੱਸਿਆ ਦੱਸੀ।
-"ਵੇ ਤੂੰ ਮਾਰ ਗੋਲੀ ਜੱਥੇਬੰਦੀ ਨੂੰ-ਜੱਥੇਬੰਦੀ ਕਿਤੇ ਰੱਬ ਤਾਂ ਨਹੀਂ? ਬੰਦੇ ਈ ਉਹ ਐ-ਫੈਂਟਰ ਤੈਨੂੰ ਬਥੇਰੇ ਆਉਂਦੇ ਐ-ਮੈਨੂੰ ਪਤੈ ਤੂੰ ਆਪੇ ਸਾਰਾ ਕੁਛ ਠੀਕ ਕਰ ਲੈਣੈਂ-ਜੇ ਤੇਰੇ ਵੱਸੋਂ ਬਾਹਰ ਗੱਲ ਹੁੰਦੀ ਹੋਈ, ਦੀਪ ਨੂੰ ਅੱਗੇ ਕਰਦੀਂ -ਇਹਦਾ ਡਮਾਕ ਵਕੀਲਾਂ ਅਰਗੈ-ਆਪੇ ਸੰਭਾਲ ਲਊਗੀ।" ਮਾਮੀਂ ਨੇ ਕੋਕੇ ਜੜ ਦਿੱਤੇ।
ਕਾਕੇ ਨੂੰ ਭੱਜਣ ਦਾ ਰਾਹ ਨਹੀਂ ਲੱਭਦਾ ਸੀ। ਉਸ ਨੇ ਭੱਜਣ ਦੀ ਬਥੇਰੀ ਕੋਸਿ਼ਸ਼ ਕੀਤੀ। ਪਰ ਮਾਮੀਂ ਦੇ "ਡੰਡੇ" ਅਤੇ ਗਗਨਦੀਪ ਦੀਆਂ ਦਲੀਲਾਂ ਨੇ ਉਸ ਦੀਆਂ ਵਾਗਾਂ ਖਿੱਚੀ ਰੱਖੀਆਂ। ਉਹ ਇੱਕ ਤਰ੍ਹਾਂ ਨਾਲ ਨਿੱਸਲ ਹੋ ਗਿਆ ਸੀ।
-"ਪਰ ਮਾਮਾ ਜੀ ਨੂੰ ਤਾਂ ਪੁੱਛ ਲਈਏ-ਪਿੱਛੋਂ ਉਹ ਨਾ ਡਾਂਗ ਲਈ ਮਗਰ ਭੱਜਿਆ ਫਿਰੇ?" ਕਾਕੇ ਨੇ ਆਖਰੀ ਹਥਿਆਰ ਵੀ ਵਰਤ ਕੇ ਦੇਖਣਾ ਚਾਹਿਆ।
-"ਵੇ ਉਹ ਤਾਂ ਧੱਫੇ ਦਾ ਢੋਲ ਐ-ਜਿਵੇਂ ਮਰਜੀ ਐ ਵਜਾਈ ਚੱਲ-ਨਾਲੇ ਇਸ ਰਿਸ਼ਤੇ ਕਰਕੇ ਸਾਰਿਆਂ ਨਾਲੋਂ ਜਿਆਦਾ ਛਿੱਤਰ ਉਹਦੇ ਈ ਪਏ ਐ-ਜੇ ਤੂੰ ਇਹਨੂੰ ਨਾਲ ਲੈ ਗਿਆ-ਉਹ ਤਾਂ ਸੱਤ ਆਰੀ ਧਰਤੀ ਨਮਸਕਾਰੂ!"
-"ਪਰ ਦੀਪ ਦੇ ਪਾਪਾ ਜੀ ਤੇ ਬੀਜੀ ਕੀ ਕਹਿਣਗੇ?"
-"ਮੈਂ ਛਿੱਤਰਾਂ ਨਾਲ ਸਿਰ ਨਾ ਗੰਜਾ ਕਰਦੂੰ? ਹੈ ਕਮਲਾ! ਉਹ ਤਾਂ ਮੇਰੇ ਮੂਹਰੇ ਸਾਹ ਨਹੀਂ ਕੱਢਦੇ-ਤੂੰ ਬੋਲ ਬਾਖਰੂ ਤੇ ਇਹਨੂੰ ਨਾਲ ਲੈ ਜਾਹ-ਉਥੇ ਈ ਕਿਤੇ ਨੰਦ ਕਾਜ ਕਰ ਲਇਓ-ਵਸੋ ਰਸੋ ਬਾਕੀ ਮੇਰੇ 'ਤੇ ਛੱਡ ਦਿਓ!"
-"ਤੇ ਮੈਂ ਵੀ ਆਪਣੇ ਮਾਈ ਬਾਪ ਤੋਂ ਪੁੱਛ ਲਵਾਂ?"
-"ਵੇ ਤੂੰ ਬੰਦਾ ਐਂ ਕਿ ਕੀ ਐਂ ਹਰਾਮੀਆਂ? ਸਾਰੇ ਪੰਜਾਬ ਨੂੰ ਮੂਹਰੇ ਲਾਈ ਫਿਰਦੇ ਓਂ-ਐਨਾ ਕੰਮ ਨਹੀਂ ਕਰ ਸਕਦਾ? ਦੁਰ੍ਹ ਫਿੱਟੇ ਮੂੰਹ ਤੇਰੇ..! ਕੁੜੀ ਤੂੰ ਐਂ ਕਿ ਇਹੇ ਐ..? ਉਹ ਹਿੱਕ ਥਾਪੜੀ ਜਾਂਦੀ ਐ ਤੇ ਤੂੰ ਲੇਡੇ ਕਰੀ ਜਾਨੈਂ-ਵੇ ਵਾਹ ਵੇ ਤੇਰੇ ਮਾਰੇਂਗਾ ਸ਼ੇਰ! ਊਂਈਂ ਬੈਠਾ ਈ ਨੀਕਰ ਲਬੇੜੀ ਜਾਂਦੈ-ਲਿਆ ਕੁੜ੍ਹੇ ਕੁੜੀਏ ਪਾਣੀ, ਮੈਂ ਇਹਦੇ ਹੱਥ ਧੋ ਦਿਆਂ-ਕੱਛ ਲਬੇੜ ਲਈ ਹੋਊ ਹੱਗ ਹੱਗ ਕੇ ਇਹਨੇ।"
ਗਗਨਦੀਪ ਹੱਸ ਪਈ।
ਕਾਕਾ ਛਿੱਥਾ ਪੈ ਗਿਆ।
-"ਪਰ ਮਾਮੀਂ ਜੀ ਜੇ ਮੈਨੂੰ ਜੱਥੇਬੰਦੀ ਆਲਿਆਂ ਨੇ ਜੱਥੇਬੰਦੀ 'ਚੋਂ ਕੱਢਤਾ ਫੇਰ?"
-"ਫੇਰ ਖਾਣ ਖਸਮਾਂ ਨੂੰ-ਤੂੰ ਅੱਖਾਂ ਮੀਚ ਕੇ ਐਥੇ ਆਜੀਂ-ਆਪਣੇ ਘਰੇ ਕਿਤੇ ਕੁਛ ਹੈਨੀ? ਕੀ ਗੱਲਾਂ ਕਰੀ ਜਾਂਦੈ ਜੁਆਕਾਂ ਆਲੀਆਂ-ਵੇ ਕਿਤੇ ਰਾਤ ਨੂੰ ਅੱਧੀ ਰਾਤੋਂ ਉੱਠ ਕੇ ਰੋਣ ਤਾਂ ਨਹੀਂ ਲੱਗ ਜਾਂਦਾ-ਬੇਬੇ ਦੁੱਧੂ ਮੀਨਾ ਐਂ?" ਮਾਮੀ ਨੇ ਟਿੱਚਰ ਕੀਤੀ।
ਗਗਨਦੀਪ ਦਾ ਹਾਸਾ ਨਿਕਲ ਗਿਆ।
ਕਾਕੇ ਦੀ ਤਹਿ ਲੱਗ ਗਈ। ਗਗਨਦੀਪ ਨੂੰ ਲਿਜਾਣ ਤੋਂ ਬਿਨਾ ਉਸ ਅੱਗੇ ਕੋਈ ਰਾਹ ਨਹੀਂ ਰਹਿ ਗਿਆ ਸੀ। ਉਸ ਨੇ ਬਥੇਰੇ ਹੱਥ ਪੈਰ ਮਾਰੇ ਸਨ, ਪਰ ਸਾਰੇ ਹੀ ਬੇ-ਅਰਥ ਰਹੇ!
ਤੜਕੇ ਪੰਜ ਵਜੇ ਉਹ ਗਗਨਦੀਪ ਨੂੰ ਨਾਲ ਲੈ ਕੇ ਤੁਰ ਪਿਆ। ਮਾਮੇ ਅਤੇ ਮਾਮੀਂ ਨੇ ਉਹਨਾਂ ਨੂੰ ਸ਼ਗਨ ਦਿੱਤਾ ਸੀ। ਆਨੰਦ ਕਾਰਜ ਕਰਵਾਉਣ ਬਾਰੇ ਮਾਮੀਂ ਨੇ ਫਿਰ ਕਿਹਾ ਸੀ। ਮਾਮਾ, ਮਾਮੀਂ ਅਤੇ ਗਗਨਦੀਪ ਖੁਸ਼ ਸਨ, ਪਰ ਕਾਕਾ ਦੁਬਿਧਾ ਵਿਚ ਫ਼ਸਿਆ ਹੋਇਆ ਸੀ। ਉਹ ਜੱਥੇਬੰਦੀ ਵੱਲੋਂ ਪੁੱਛੇ ਜਾਣ ਵਾਲੇ ਸੁਆਲਾਂ ਬਾਰੇ ਸੋਚ ਰਿਹਾ ਸੀ। ਉਸ ਨੇ ਬਗੈਰ ਪੁੱਛੇ ਇਹ ਕਦਮ ਚੁੱਕਿਆ ਸੀ। ਮੇਰੇ ਮੂੰਹ ਨਾਲ ਉਹ ਕੀ ਕਰਨਗੇ? ਮੈਂ ਕਾਹਨੂੰ ਮਾਮੇ ਦੇ ਆਖੇ ਲੱਗ ਕੇ ਇੱਧਰ ਆਇਆ? ਨਾ ਸੈਹਾ ਨਿਕਲਦਾ ਨਾ ਕੁੱਤੀ ਭੌਂਕਦੀ। ਖ਼ੈਰ ਕਾਕਿਆ ਹੁਣ ਜੇ ਤੂੰ ਇਹਨੂੰ ਜੀਵਨ ਸਾਥਣ ਬਣਾ ਕੇ ਲੈ ਹੀ ਤੁਰਿਐਂ ਤਾਂ ਸਿਰ ਨਾਲ ਨਿਭਾਈਂ! ਕਹਿ ਕਰਕੇ ਮੈਦਾਨੋਂ ਨੱਠਣਾ ਸੂਰਮੇਂ ਦਾ ਕੰਮ ਨਹੀਂ! ਜੋ ਹੋਊ ਦੇਖੀ ਜਾਊ! ਸੋਚਾਂ ਦੇ ਵਾਹਣਾਂ ਵਿਚ ਡਿੱਗਦਾ-ਢਹਿੰਦਾ ਉਹ ਆਪਣੇ ਟਿਕਾਣੇ ਪਹੁੰਚ ਗਿਆ ਸੀ।
ਰਲ ਮਿਲ ਕੇ ਸਾਥੀਆਂ ਨੇ ਗਗਨਦੀਪ ਅਤੇ ਕਾਕੇ ਦਾ ਆਨੰਦ ਕਾਰਜ ਰਚਾ ਦਿੱਤਾ। ਸਾਰੇ ਖੁਸ਼ ਸਨ।
ਪਰ ਜੈਲਦਾਰ ਪੈਰਾਂ ਹੇਠੋਂ ਮਿੱਟੀ ਕੱਢਣ ਲੱਗ ਪਿਆ।
-"ਜੱਟ ਜੱਟਾਂ ਦੇ ਤੇ ਫੋਗੂ ਨਰਾਇਣ ਦਾ-ਇਹਦਾ ਨੰਦ ਕਾਜ ਤਾਂ ਕਰਤਾ-ਮੇਰੇ ਤੇ ਸੀਬੋ ਵੇਲੇ ਥੋਨੂੰ ਕਿਉਂ ਪਲੇਗ ਪੈ ਜਾਂਦੀ ਐ?" ਉਸ ਨੇ ਆਪਣੀ ਜੱਥੇਬੰਦੀ ਦੇ ਮੁਖੀ ਨੂੰ ਕਿਹਾ।
-"ਜੈਲਦਾਰਾ ਆਪਣੇ ਅੱਗੇ ਕੋਈ ਰਾਹ ਨਹੀਂ ਸੀ-ਜਦੋਂ ਉਹ ਕੁੜੀ ਨੂੰ ਲੈ ਈ ਆਇਆ-।"
-"ਕੁੜੀ ਨੂੰ ਲਿਆਉਣ ਦਾ ਕੀ ਐ? ਮੈਂ ਸੀਬੋ ਨੂੰ ਕੱਲ੍ਹ ਨੂੰ ਈ ਲੈ ਆਉਨੈਂ-ਨਾਲੇ ਛਾਲ਼ੀਂ ਆਊ।"
-"ਆਪਾਂ ਬੰਬ ਹੋਰਾਂ ਨਾਲ ਰੈਅ ਕਰਦੇ ਐਂ-ਜਿਵੇਂ ਕਹਿਣਗੇ ਕਰਲਾਂਗੇ।"
-"ਮੇਰੇ ਬਾਰੇ ਰੈਅ ਦੀ ਲੋੜ ਕਿਉਂ ਪੈਂਦੀ ਐ? ਕਾਕੇ ਬਾਰੇ ਕਿਉਂ ਨਹੀਂ ਪਈ?"
-"ਉਏ ਬਾਬਾ ਗੁਰੂ ਉਹ ਤਾਂ ਪਾਣੀ ਸਿਰ ਤੋਂ ਦੀ ਲੰਘ ਗਿਆ ਸੀ-ਸਾਰੀ ਜੱਥੇਬੰਦੀ ਦੀ ਇੱਜ਼ਤ ਦਾ ਸੁਆਲ ਸੀ।"
-"ਜਿਹੜਾ ਕੋਈ ਪੁੱਛ ਕੇ ਨਹੀਂ ਕੁਛ ਕਰਦਾ-ਉਹਦੇ ਵਾਰੀ ਇੱਜਤ ਦਾ ਸੁਆਲ ਐ-ਤੇ ਜਿਹੜਾ-।"
-"ਤੂੰ ਦੋ ਚਾਰ ਦਿਨ ਵੀ ਜਰੈਂਦ ਨਹੀਂ ਕਰ ਸਕਦਾ?"
-"ਨਹੀਂ ਕਰ ਸਕਦਾ-ਆਹ ਪਈ ਐ ਥੋਡੀ ਏ. ਕੇ. ਸੰਤਾਲੀ ਤੇ ਆਹ ਪਏ ਐ ਰੌਂਦ-ਤੇ ਮੇਰਾ ਪਾਰਟੀ ਨੂੰ ਅਸਤੀਫਾ ਐ।"
ਸਾਰਿਆਂ ਦੇ ਔਸਾਣ ਮਾਰੇ ਗਏ। ਦਿਲਰਾਜ, ਬਲਿਹਾਰ ਅਤੇ ਬਾਲੀ ਹੋਰੀਂ ਅਤੀਅੰਤ ਦੁਖੀ ਸਨ। ਪ੍ਰੀਤਮ ਸਿੰਘ ਜੈਲਦਾਰ, ਇੱਕ ਸਿਰਲੱਥ ਯੋਧਾ ਉਹਨਾਂ ਦਾ ਸਾਥ ਛੱਡ ਰਿਹਾ ਸੀ। ਚਾਹੇ ਉਹ ਕਿੰਨਾ ਵੀ ਗਾਲੀ ਗਲੋਚ ਕਰਦੇ ਸਨ, ਚਾਹੇ ਕਿਤਨਾ ਵੀ ਲੱਤੋ-ਲੱਤੀ ਹੁੰਦੇ ਸਨ, ਪਰ ਆਪਣੀ ਆਪਣੀ ਜੱਥੇਬੰਦੀ ਦੀਆਂ ਜਿ਼ੰਮੇਵਾਰੀਆਂ ਪ੍ਰਤੀ ਪੂਰੇ ਸੁਚੇਤ ਸਨ।
-"ਜਿਵੇਂ ਕਹਿੰਦੈ ਕਰ ਲਓ-ਇਹਦੇ ਵਿਆਹ ਕਰਵਾਉਣ ਨਾਲ ਕਿਹੜਾ ਪਰਲੋਂ ਆ ਜਾਊ ਯਾਰ?" ਬਲਿਹਾਰ ਕਿਸੇ ਹਾਲਤ ਵਿਚ ਵੀ ਜੈਲਦਾਰ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ।
-"ਪਰ ਬਾਕੀ ਜੱਥੇਬੰਦੀਆਂ ਨਾਲ ਸਲਾਹ ਤਾਂ ਕਰਨੀ ਪਊ।"
-"ਆਪੇ ਵਿਚ ਘੈਂਸ ਘੈਂਸ ਹੁੰਦੀ ਫਿਰੂ-ਪਿੱਛੋਂ ਸਾਂਭ ਲਾਂਗੇ।"
-"ਤੂੰ ਜੈਲਦਾਰਾ ਫਿਰ ਇਉਂ ਕਰ-ਤੂੰ ਆਪ ਨਾ ਜਾਹ-ਸੀਬੋ ਨੂੰ ਸੁਨੇਹਾਂ ਦੇ ਕੇ ਐਧਰ ਮੰਗਵਾ ਲੈ-ਉਧਰਲੇ ਇਲਾਕੇ 'ਚ ਤੇਰੇ ਮਗਰ ਕੌਡੀਆਂ ਆਲਾ ਭੂਸਰਿਆ ਫਿਰਦੈ।" ਲੈਫਟੀਨੈਂਟ ਜਨਰਲ ਨੇ ਕਿਹਾ। ਜੈਲਦਾਰ ਮੰਨ ਗਿਆ।
ਸਾਰੇ ਸੰਤੁਸ਼ਟ ਹੋ ਗਏ।
ਰਾਤ ਹੋ ਚੁੱਕੀ ਸੀ।
ਕਾਕਾ ਅਤੇ ਗਗਨਦੀਪ ਰੇਸ਼ਮ ਸਿੰਘ ਬੰਬ ਅਤੇ ਗੁਰਪਾਲ ਹੁਰਾਂ ਨੂੰ ਮਿਲਣ ਜਾਂ ਕਹੋ ਆਸ਼ੀਰਵਾਦ ਲੈਣ ਚਲੇ ਗਏ।
ਬਾਲੀ, ਜੈਲਦਾਰ, ਬਲਿਹਾਰ ਅਤੇ ਦਿਲਰਾਜ ਇਕ ਫ਼ਾਰਮ ਹਾਊਸ 'ਤੇ ਪਏ ਗੱਲਾਂ ਕਰ ਰਹੇ ਸਨ।
-"ਯਾਰ ਮੇਰੇ ਤਾਂ ਦੋ ਗੱਲਾਂ ਦਿਲ 'ਚ ਈ ਰਹਿ ਗਈਆਂ।" ਬਲਿਹਾਰ ਬੋਲਿਆ।
-"ਕਿਤੇ ਹੁਣ ਤੈਨੂੰ ਤਾਂ ਨਹੀਂ ਵਿਆਹ ਆਲਾ ਹੀਂਗਣਾਂ ਛੁੱਟ ਪਿਆ?" ਬਾਲੀ ਨੇ ਕਿਹਾ।
-"ਉਏ ਨਹੀਂ....।" ਉਹ ਹੱਸ ਪਿਆ, "ਮੈਂ ਤਾਂ ਜੈਲਦਾਰ ਆਲੀ ਸੀਬੋ ਨਾਲ ਈ ਡੰਗ ਲਾਹ ਲਿਆ ਕਰੂੰ।"
ਜੈਲਦਾਰ ਨੇ ਜੁੱਤੀ ਚੁੱਕ ਕੇ ਉਸ ਦੇ ਸਿਰ 'ਚ ਦੇ ਮਾਰੀ।
-"ਸਾਲਿਆ ਸੀਬੋ ਕੁੱਤਿਆਂ ਬਿੱਲਿਆਂ ਆਸਤੇ ਐ? ਉਹ ਤਾਂ ਤੇਰੇ ਅਰਗੇ ਦੇ ਮੂੰਹ 'ਤੇ ਮੂਤਦੀ ਨ੍ਹੀਂ-ਪੂਰੀ ਨਖਰੇ ਆਲੀ ਸਰਦਾਰਨੀ ਐਂ।"
-"ਬੱਲੇ....!"
-"ਜਦੋਂ ਖਾਲਿਸਤਾਨ ਬਣ ਗਿਆ-ਮੈਂ ਤਾਂ ਆਬਦੀ ਸੀਬੋ ਨੂੰ ਇੰਸਪੈੱਕਟਰਨੀ ਬਣਾਊਂਗਾ-ਫੇਰ ਤੇਰੇ ਅਰਗਿਆਂ ਦੇ ਸੇਕਿਆ ਕਰੂ ਪੁੜੇ।" ਜੈਲਦਾਰ ਦੇ ਕਹਿਣ 'ਤੇ ਸਾਰੇ ਵਿਅੰਗਮਈ ਹੱਸ ਪਏ।
-"ਤੇਰੀ ਗੱਲ ਵਿੱਚੇ ਈ ਰਹਿ ਗਈ?" ਦਿਲਰਾਜ ਨੇ ਬਲਿਹਾਰ ਨੂੰ ਯਾਦ ਕਰਵਾਇਆ।
-"ਯਾਰ ਮੇਰੀਆਂ ਦੋ ਖ਼ਾਹਿਸ਼ਾਂ ਪੂਰੀਆਂ ਨਹੀਂ ਹੋਈਆਂ।"
-"ਕਿਹੜੀਆਂ?"
-"ਇੱਕ ਤਾਂ ਕਿਸੇ ਦੀ ਜੰਨ ਨਹੀਂ ਦੇਖੀ ਤੇ ਦੂਜਾ ਕੌਡੀਆਂ ਆਲ਼ਾ ਨਹੀਂ ਸੋਧਿਆ ਗਿਆ।"
-"ਇਹ ਤਾਂ ਕੰਜਰ ਵਿਆਹ ਕਰਨ ਤੁਰਪੇ-ਕੌਡੀਆਂ ਆਲੇ ਨੂੰ ਕੌਣ ਸੋਧੂ-ਬਾਬਾ ਬਖਤੌਰਾ?"
-"ਉਏ ਪੈਜੋ ਹੁਣ ਤੁਸੀਂ-ਫੇਰ ਪਹਿਰਾ ਬਦਲੀ ਵੇਲੇ ਕਿਸੇ ਕੰਜਰ ਨੇ ਉਠਣਾ ਨਹੀਂ।" ਛੱਤ ਉਪਰ ਪਹਿਰਾ ਦੇ ਰਹੇ 'ਮਾਸਟਰ' ਨੇ ਕਿਹਾ। ਮਾਸਟਰ ਦਾ ਨਾਂ ਅਸਲ ਵਿਚ ਕੁਲਵੰਤ ਸਿੰਘ ਸੀ। ਪਰ ਪਹਿਲਾਂ ਅਧਿਆਪਕ ਰਿਹਾ ਹੋਣ ਕਰਕੇ ਸਾਰੇ ਉਸ ਨੂੰ "ਮਾਸਟਰ ਜੀ" ਆਖਦੇ ਸਨ।
-"ਅਸੀਂ ਤਾਂ ਉਠ ਖੜਾਂਗੇ ਮਾਸਟਰ ਜੀ-ਪਰ ਥੋਨੂੰ ਜਰੂਰ ਕਰੇਨ ਨਾਲ ਉਠਾਉਣਾ ਪਊ।" ਜੈਲਦਾਰ ਨੇ ਕਿਹਾ।
ਮਾਸਟਰ ਜੀ ਦੀ ਨੀਂਦ ਬੜੀ ਭੈੜੀ ਸੀ। ਕਦੇ ਕਦੇ ਉਹ ਮੀਟਿੰਗ ਵਿਚ ਬੈਠਾ ਹੀ ਘੁਰਾੜ੍ਹੇ ਮਾਰਨ ਲੱਗ ਪੈਂਦਾ ਸੀ।
ਮਧਰੇ ਕੱਦ ਵਾਲੇ ਮਾਸਟਰ ਦਾ ਢਿੱਡ ਕਸੇ ਮਛਕ ਵਾਂਗ ਭਰਦਾ ਅਤੇ ਕਦੇ ਖਾਲੀ ਹੁੰਦਾ ਰਹਿੰਦਾ ਸੀ। ਕੋਈ ਉਸ ਕੋਲ ਪੈ ਕੇ ਖੁਸ਼ ਨਹੀਂ ਸੀ। ਉਸ ਦਾ ਸਾਥੀ ਚਰਨਜੀਤ ਖ਼ਾਲਸਾ ਕਦੇ ਕਦੇ ਉਸ ਦੇ ਘੁਰਾੜਿਆਂ ਤੋਂ ਅੱਕ ਕੇ ਆਖਦਾ:
-"ਸੁੱਤੇ ਪਏ ਮਾਸਟਰ ਦੇ ਨੱਕ ਕੋਲ ਚਮਚਾ ਰੱਖ ਦਿਓ-ਇਹ ਘੁਰਾੜਾ ਮਾਰਦਾ ਚਮਚਾ ਕਿਉਂ ਨਾ ਨੱਕ ਰਾਹੀਂ ਅੰਦਰ ਖਿੱਚ ਲਵੇ!"
ਹਾਸੜ ਪੈ ਜਾਂਦੀ।
ਤੜਕੇ ਪਹੁ ਫੁਟਾਲੇ ਨਾਲ ਹੀ ਗੋਲੀਆਂ ਚੱਲੀਆਂ ਤਾਂ ਪਹਿਰਾ ਦੇ ਰਿਹਾ ਮਾਸਟਰ ਕੋਠੇ ਤੋਂ ਇੱਟ ਵਾਂਗ ਥੱਲੇ ਡਿੱਗਿਆ।
ਹੇਠਾਂ ਡਿੱਗਦਾ ਹੀ ਮਾਸਟਰ ਚੜ੍ਹਾਈ ਕਰ ਗਿਆ।
ਗੋਲੀਆਂ ਦੀ ਅਵਾਜ਼ ਅਤੇ ਡਿੱਗਦੇ ਮਾਸਟਰ ਦਾ ਖੜਕਾ ਸੁਣ ਕੇ ਬਾਲੀ ਦੀ ਅੱਖ ਖੁੱਲ੍ਹ ਗਈ। ਜਦੋਂ ਉਸ ਨੇ ਬਾਰੀ ਰਾਹੀਂ ਬਾਹਰ ਤੱਕਿਆ ਤਾਂ ਸੀ. ਆਰ. ਪੀ. ਅਤੇ ਪੰਜਾਬ ਪੁਲੀਸ 'ਆਹਣ' ਵਾਂਗ ਉੱਤਰੀ ਹੋਈ ਸੀ। ਬਾਲੀ ਨੇ ਸੋਚਿਆ ਕਿ ਜਾਂ ਤਾਂ ਕੋਈ ਠੋਸ ਮੁਖ਼ਬਰੀ ਸੀ ਅਤੇ ਜਾਂ ਫਿਰ ਕੋਈ ਸਾਥੀ ਫੜਿਆ ਗਿਆ ਹੈ। ਤਸ਼ੱਦਦ ਆਦਮੀ ਨੂੰ ਬਹੁਤ ਪਾਸਿਆਂ ਤੋਂ ਥਿੜਕਾ ਧਰਦਾ ਹੈ। ਬਾਲੀ ਨੇ ਦਰਵਾਜਾ ਬੰਦ ਕਰਕੇ ਮੰਜਿਆਂ ਨੂੰ ਲੱਤਾਂ ਮਾਰਨੀਆਂ ਸੁਰੂ ਕਰ ਦਿੱਤੀਆਂ।
-"ਉਠੋ ਉਏ-ਆਪਾਂ ਨੂੰ ਘੇਰਾ ਪੈ ਗਿਆ....!"
ਸਾਰਿਆਂ ਨੇ ਰਜਾਈਆਂ ਪਰ੍ਹੇ ਵਗਾਹ ਮਾਰੀਆਂ ਅਤੇ ਹਥਿਆਰ ਸਾਂਭ ਲਏ।
ਘੇਰਾ ਬਹੁਤ ਸਖ਼ਤ ਪਿਆ ਹੋਇਆ ਸੀ। ਫ਼ੋਰਸ ਪਲ-ਪਲ ਘੇਰਾ ਤੰਗ ਕਰਦੀ ਆ ਰਹੀ ਸੀ। ਸਾਰੇ ਬੜੀ ਕਸੂਤੀ ਸਥਿਤੀ ਵਿਚ ਫ਼ਸੇ ਹੋਏ ਸਨ। ਉਹਨਾਂ ਸੁੱਤੇ ਪਿਆਂ 'ਤੇ ਧਾੜ ਪਈ ਸੀ। ਇੱਧਰ ਚਾਰ ਜਣੇਂ ਸਨ ਅਤੇ ਬਾਹਰ ਖੇਤਾਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਫ਼ੋਰਸ!
ਜੈਲਦਾਰ ਨੇ ਅਸਲੇ ਵਾਲੇ ਦੋ ਟਰੰਕ ਮੰਜੇ 'ਤੇ ਰੱਖ ਲਏ। ਰਾਕਟ ਲਾਂਚਰ ਜੋੜ ਲਏ ਗਏ।
-"ਤੁਸੀਂ ਘੇਰਾ ਤੋੜ ਕੇ ਨਿਕਲ ਜਾਓ ਤੇ ਮੈਂ ਇਹਨਾਂ ਨਾਲ ਨਿੱਬੜਦੈਂ!" ਜੈਲਦਾਰ ਨੇ ਹੁਕਮੀਆ ਕਿਹਾ।
-"ਐਡੇ ਸਾਊ ਤੇ ਗ਼ੱਦਾਰ ਮਿੱਤਰਾ ਅਸੀਂ ਵੀ ਨਹੀਂ।" ਬਲਿਹਾਰ ਨੇ ਜਵਾਬ ਮੋੜਿਆ।
-"ਜੇ ਸਾਰਿਆਂ ਨੇ ਮਰਨੈਂ ਤਾਂ ਬੜੀ ਖੁਸ਼ੀ ਨਾਲ ਮਰੋ-ਬਾਹਰ ਤਾਂ ਦੇਖ ਲੈ ਕੀ ਕੁਛ ਆਇਆ ਖੜ੍ਹੈ! ਸੂਰਜ ਚੜ੍ਹਨ ਤੋਂ ਪਹਿਲਾਂ ਪਿੱਛੋਂ ਦੀ ਪਾੜ ਪਾ ਕੇ ਨਿੱਕਲ ਜਾਓ-ਜਲਦੀ ਕਰੋ...!"
-"ਇਹ ਆਪਾਂ ਨੂੰ ਨਿਔਂਦਾ ਪਾਉਣ ਤਾਂ ਆਏ ਈ ਨਹੀਂ-ਹੁਣ ਨਹੀਂ ਤਾਂ ਘੰਟੇ ਨੂੰ ਮੁਕਾਬਲਾ ਸੁਰੂ ਹੋਣਾ ਈ ਹੋਣੈਂ-ਜਿਉਂਦੇ ਜੀਅ ਮੈਂ ਇਹਨਾਂ ਦੇ ਹੱਥ ਨਹੀਂ ਆਉਂਦਾ-ਪਰ ਦਸ ਪੰਦਰਾਂ ਲੈ ਕੇ ਮਰੂੰ-ਇਹਨਾਂ ਨੇ ਆਪਾਂ ਨੂੰ ਜਿਉਂਦੇ ਫੜਨ ਦੀ ਕੋਸਿ਼ਸ਼ ਕਰਨੀ ਐਂ-ਬਾਲੀ ਇਹ ਟੈਮ ਸੋਚਣ ਦਾ ਨਹੀਂ-ਇਹਨਾਂ ਨੂੰ ਭਜਾ...!" ਜੈਲਦਾਰ ਨੇ ਬਾਹਰ, ਬਾਰੀ ਦੀ ਝੀਥ ਰਾਹੀਂ ਦੇਖਦਿਆਂ ਕਿਹਾ। ਤਾਂ ਬਾਲੀ ਬੋਲਿਆ:
-"ਇਹ ਤਾਂ ਪੂਰੀ ਦੀ ਪੂਰੀ ਬਟਾਲੀਅਨ ਆ ਲੱਗੀ ਬਾਈ...!"
-"ਮੁਕਾਬਲਾ ਹਰ ਹਾਲਤ ਵਿਚ ਹੋਣਾ ਈ ਹੋਣੈਂ-ਬਲਿਹਾਰ! ਤੂੰ ਤੇ ਦਿਲਰਾਜ ਦੂਜੀਆਂ ਜੱਥੇਬੰਦੀਆਂ ਨੂੰ ਖ਼ਬਰ ਕਰੋ-ਅਸੀਂ ਇਹਨਾਂ ਨੂੰ ਐਧਰੋਂ ਭਾਜੜਾਂ ਪਾਵਾਂਗੇ ਤੇ ਤੁਸੀਂ ਸਾਰੇ ਰਲ ਕੇ ਪਿੱਛਿਓਂ ਹੱਲਾ ਮਾਰਿਓ-ਸੋਚਣ ਦਾ ਟਾਈਮ ਬਿਲਕੁਲ ਨਹੀਂ-ਤੁਸੀਂ ਜਾਓ...!"
ਬਲਿਹਾਰ ਹੋਰੀਂ ਬੇਵੱਸ ਹੋ ਗਏ।
ਬਲਿਹਾਰ ਅਤੇ ਦਿਲਰਾਜ ਨੇ ਪਿਛਲੀ ਕੰਧ ਤੋੜ ਲਈ। ਪਰ ਉਹ ਤੁਰ ਨਹੀਂ ਰਹੇ ਸਨ।
-"ਉਏ ਤੁਸੀ ਜਾਂਦੇ ਨਹੀਂ?" ਜੈਲਦਾਰ ਬਲਿਹਾਰ ਨੂੰ ਟੁੱਟ ਕੇ ਪੈ ਗਿਆ। ਬਲਿਹਾਰ ਅੱਖਾਂ ਭਰ ਆਇਆ।
-"ਕੀ ਗੱਲ ਐ ਬੁੜ੍ਹੀਆਂ ਮਾਂਗੂੰ ਬੂਹਕਣ ਲੱਗ ਪਿਐਂ?"
-"ਬਾਈ ਜੈਲਦਾਰਾ..! ਅਗਲਾ ਪਿਛਲਾ ਬੋਲਿਆ ਚੱਲਿਆ ਮੁਆਫ਼ ਕਰੀਂ।" ਬਲਿਹਾਰ ੳੁੱਚੀ ਉੱਚੀ ਰੋ ਰਿਹਾ ਸੀ।
ਜੈਲਦਾਰ ਨੇ ਉਸ ਨੂੰ ਗਲ਼ਵੱਕੜੀ ਵਿਚ ਲੈ ਲਿਆ।
-"ਤੂੰ ਤਾਂ ਜਮਾਂ ਈ ਕਮਲੈਂ..! ਐਹੋ ਜਿਹੀਆਂ ਗੱਲਾਂ ਦਿਲ 'ਤੇ ਨਹੀਂ ਲਿਆਈਦੀਆਂ-ਜਾਹ...!" ਜੈਲਦਾਰ ਦਾ ਮਨ ਵੀ ਭਾਰਾ ਹੋ ਗਿਆ ਸੀ। ਸੰਘ ਰੁਕ ਗਿਆ ਸੀ।
ਬਲਿਹਾਰ ਹੋਰੀਂ ਤੁਰਨ ਲੱਗੇ ਤਾਂ ਜੈਲਦਾਰ ਨੇ ਉਸ ਨੂੰ, "ਹੋਰ ਗੱਲ ਸੁਣੀਂ ਬਲਿਹਾਰ!" ਕਹਿ ਕੇ ਰੋਕ ਲਿਆ।
-"ਦੱਸ ਬਾਈ...?"
-"ਸੀਬੋ ਨੂੰ ਮੇਰੀ ਸਾਸਰੀਕਾਲ ਬੁਲਾਈਂ!"
-"ਹਾਏ ਬਾਈ ਜੈਲਦਾਰਾ...!" ਬਲਿਹਾਰ ਦੀ ਭੁੱਬ ਨਿਕਲ ਗਈ। ਪਰ ਜੈਲਦਾਰ ਦੇ ਧੱਕਾ ਦੇਣ 'ਤੇ ਉਹ ਬਾਹਰ ਨਿਕਲ ਗਏ। ਦੋ ਏ. ਕੇ. ਸੰਤਾਲੀ ਉਹਨਾਂ ਦੇ ਕੋਲ ਸਨ।
ਬੱਲੀਆਂ 'ਤੇ ਖੜ੍ਹੀ ਕਣਕ ਦੇ ਓਹਲੇ ਉਹ ਕੋਡੇ ਕੋਡੇ, ਕੱਸੀ-ਕੱਸੀ ਭੱਜੇ ਜਾ ਰਹੇ ਸਨ। ਸੜਕ ਅਜੇ ਦੂਰ ਸੀ। ਨਾਲੇ ਮੀਟਿੰਗਾਂ ਵਿਚ ਸੜਕੇ ਸੜਕ ਭੱਜਣਾ ਉਹਨਾਂ ਨੂੰ ਮਨ੍ਹਾਂ ਕੀਤਾ ਹੋਇਆ ਸੀ।
ਸੂਰਜ ਚੜ੍ਹਨ ਵਾਲਾ ਸੀ।
ਉਹ ਪੁਲੀ ਕੋਲ ਦਮ ਮਾਰਨ ਲਈ ਰੁਕੇ ਤਾਂ ਪਹਿਲਾਂ ਹੀ ਵਿਛਾਈ ਫ਼ੋਰਸ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਘੇਰ ਲਿਆ। ਬਲਿਹਾਰ ਫ਼ਾਇਰਿੰਗ ਕਰਨ ਲੱਗਿਆ ਤਾਂ ਚੱਲੀ ਗੋਲੀ ਨੇ ਉਸ ਦੀ ਬਾਂਹ ਜ਼ਖਮੀ ਕਰ ਦਿੱਤੀ। ਰਾਈਫ਼ਲ ਉਸ ਹੱਥੋਂ ਹੇਠਾਂ ਡਿੱਗ ਪਈ। ਦਿਲਰਾਜ ਉਸ ਨੂੰ ਸੰਭਾਲਣ ਲੱਗਾ ਤਾਂ ਫ਼ੋਰਸ ਨੇ ਪਿੱਛੋਂ ਉਹਨਾਂ ਨੂੰ ਆ ਦੱਬਿਆ। ਬੜੀ ਬੇਰਹਿਮੀ ਨਾਲ ਬੰਨ੍ਹ ਕੇ ਉਹਨਾਂ ਨੂੰ ਟਰੱਕ ਵਿਚ ਸੁੱਟਿਆ ਅਤੇ ਦੋ ਟਰੱਕ ਤੁਰ ਗਏ ਅਤੇ ਬਾਕੀ ਮੁਕਾਬਲੇ ਵਾਲੀ ਜਗਾਹ ਵੱਲ ਰਵਾਨਾ ਹੋ ਗਏ।
ਉਦਾਸੀ ਮਾਰਿਆ ਸੂਰਜ ਕਣਕਾਂ ਵਿੱਚੋਂ ਰੱਸਾ ਭਰ ਉਚਾ ਉਠ ਖੜ੍ਹਿਆ ਸੀ। ਜੈਲਦਾਰ ਹੁਰਾਂ ਨੂੰ ਬਲਿਹਾਰ ਹੁਰਾਂ ਦੀ ਗ੍ਰਿਫ਼ਤਾਰੀ ਬਾਰੇ ਕਿੱਥੋਂ ਪਤਾ ਲੱਗਣਾ ਸੀ? ਉਹ ਤਾਂ ਸੋਚ ਰਹੇ ਸਨ ਕਿ ਘੰਟੇ, ਡੇੜ੍ਹ ਘੰਟੇ ਬਾਅਦ ਸਾਥੀ ਫ਼ੋਰਸ 'ਤੇ ਪਿੱਛੋਂ ਹਮਲਾ ਕਰਨਗੇ ਅਤੇ ਅਸੀਂ ਘੇਰਾ ਤੋੜ ਕੇ ਨਿਕਲਣ ਵਿਚ ਸਫ਼ਲ ਹੋ ਜਾਵਾਂਗੇ। ਇਸ ਲਈ ਉਹਨਾਂ ਨੇ ਜਾਣ-ਬੁੱਝ ਕੇ ਗੋਲੀ ਨਹੀਂ ਚਲਾਈ ਸੀ।
ਬਾਕੀ ਟਰੱਕਾਂ ਵਾਲੀ ਫ਼ੋਰਸ ਨੇ ਇਧਰਲੀ ਫ਼ੋਰਸ ਨੂੰ ਆ ਖ਼ਬਰ ਦਿੱਤੀ ਕਿ ਅੰਦਰਲੇ ਅੱਤਿਵਾਦੀਆਂ ਦੇ ਦੋ ਸਾਥੀ ਜਿ਼ੰਦਾ ਪਕੜੇ ਜਾ ਚੁੱਕੇ ਸਨ। ਇੱਧਰਲੀ ਫ਼ੋਰਸ ਦੀ ਜਾਣਕਾਰੀ ਮੁਤਾਬਿਕ ਅੰਦਰ ਪੰਜ ਜਣੇਂ ਸਨ, ਇੱਕ ਮਾਰਿਆ ਜਾ ਚੁੱਕਾ ਸੀ, ਦੋ ਪਕੜੇ ਜਾ ਚੁੱਕੇ ਸਨ, ਇਸ ਦਾ ਮਤਲਬ ਅੰਦਰ ਦੋ ਹੀ ਅੱਤਿਵਾਦੀ ਸਨ।
ਬੁਲਿਟ-ਪਰੂਫ਼ ਟਰੈਕਟਰਾਂ ਨੇ ਅੱਗੇ ਵਧਣਾ ਸੁਰੂ ਕਰ ਦਿੱਤਾ। ਬਾਲੀ ਅਤੇ ਜੈਲਦਾਰ ਵੀ ਪੂਰਨ ਤੌਰ 'ਤੇ ਖ਼ਬਰਦਾਰ ਸਨ।
ਜੈਲਦਾਰ ਨੇ ਵਾਹਿਗੁਰੂ ਨੂੰ ਧਿਆ ਕੇ ਇੱਕ ਰਾਕਟ ਲਾਂਚਰ ਦਾਗ ਦਿੱਤਾ! ਬੁਲਿਟ-ਪਰੂਫ਼ ਟਰੈਕਟਰਾਂ ਨਾਲ ਤੁਰਦੀ ਹੋਈ ਫ਼ੋਰਸ ਵਿਚੋਂ ਕਈ ਢੇਰੀ ਹੋ ਗਏ! ਭਾਜੜ ਪੈ ਗਈ। ਐਂਬੂਲੈਂਸਾਂ ਮਰਿਆਂ ਅਤੇ ਜ਼ਖਮੀਆਂ ਨੂੰ ਚੁੱਕ ਦੌੜ ਤੁਰੀਆਂ।
ਵਕਤੀ ਤੌਰ 'ਤੇ ਟਰੈਕਟਰ ਰੁਕ ਗਏ। ਦੋ ਮੁੰਡਿਆਂ ਵੱਲੋਂ ਐਡਾ ਮੂੰਹ ਤੋੜ ਜਵਾਬ? ਉਹਨਾਂ ਸੋਚਿਆ ਵੀ ਨਹੀਂ ਸੀ!
-"ਦੂਜਾ ਅਜੇ ਨਾ ਚਲਾਈਂ...!" ਬਾਲੀ ਨੇ ਕਿਹਾ।
-"ਬਾਈ ਬਾਲੀ..! ਹੁਣ ਜੰਗ ਹੋ ਚੁੱਕੀ ਐ ਸੁਰੂ-ਤੂੰ ਹੁਣ ਨਾ ਬੋਲੀਂ-ਜੇ ਇਹ ਨੇੜੇ ਆ ਗਏ-ਇਹਨਾਂ ਨੇ ਮਾਰ ਮਾਰ ਕੇ ਹੈਂਡ ਗਰਨੇਟ ਆਪਾਂ ਨੂੰ ਉੜਾ ਧਰਨੈਂ-ਮੈਥੋਂ ਜਿੰਨੇ ਲਏ ਜਾਂਦੇ ਐ, ਲੈ ਲੈਣਦੇ ਬਾਈ ਬਣਕੇ-ਸੀਬੋ ਵੀ ਕੀ ਸੋਚੂ ਬਈ ਮੇਰਾ ਰਾਂਝਾ ਕਿੰਨਿਆਂ ਨੂੰ ਲੈ ਕੇ ਸ਼ਹੀਦ ਹੋਇਐ-ਲੈ ਮੇਰੀਏ ਸੀਬੋ ਮੋਰਨੀਏਂ ਆਹ ਤੇਰੇ ਨਾਂ ਦਾ...!" ਉਸ ਨੇ ਇੱਕ ਹੋਰ ਦਾਗ ਦਿੱਤਾ।
ਫਿਰ ਘਮਸਾਨ ਮੱਚ ਗਿਆ।
"ਟੂੰਅ-ਟਾਂਅ" ਫਿਰ ਸੁਰੂ ਹੋ ਗਈ।
-"ਹਰਾਮਜ਼ਾਦਿਓ, ਅੱਗੇ ਕਿਉਂ ਨਹੀਂ ਤੁਰਦੇ....!" ਫ਼ੋਰਸ ਨੂੰ ਕਿਸੇ ਅਫ਼ਸਰ ਨੇ ਕਿਹਾ।
-"ਬਿਗਾਨੇ ਪੁੱਤਾਂ ਨੂੰ ਅੱਗੇ ਧੱਕਦੈਂ? ਤੂੰ ਆ ਖਾਂ ਸਾਹਮਣੇਂ-ਲਾਈਏ ਤੇਰੇ ਮੋਢੇ 'ਤੇ ਸਟਾਰ...!" ਪੁਜ਼ੀਸ਼ਨ ਲਈ ਪਏ ਬਾਲੀ ਨੇ ਕਿਹਾ।
ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ।
ਲਗਾਤਾਰ ਵੱਜੇ ਬਰੱਸਟਾਂ ਨੇ ਜੈਲਦਾਰ ਹੁਰਾਂ ਦੀ ਖਿੜਕੀ ਖਿਲਾਰ ਦਿੱਤੀ। ਉਹ ਗੋਲੀਆਂ ਦੀ ਮਾਰ ਤੋਂ ਬਚਦੇ ਇਕ ਖੂੰਜੇ ਹੋ ਗਏ। ਗੋਲੀ ਅੰਨ੍ਹੇਵਾਹ ਚੱਲ ਰਹੀ ਸੀ। ਜੈਲਦਾਰ ਨੂੰ ਰਾਕਟ ਲਾਂਚਰ ਚਲਾਉਣ ਦਾ ਮੌਕਾ ਨਹੀਂ ਲੱਗ ਰਿਹਾ ਸੀ।
ਬੁਲਿਟ-ਪਰੂਫ਼ ਟਰੈਕਟਰ ਤਕਰੀਬਨ ਉਪਰ ਆ ਚੜ੍ਹੇ। ਟਰੈਕਟਰਾਂ ਦੀ ਗੂੰਜ ਪਲ-ਪਲ ਨੇੜੇ ਆ ਰਹੀ ਸੀ।
-"ਇਉਂ ਤਾਂ ਆਪਾਂ ਨੂੰ ਅੰਦਰੇ ਈ ਆ ਨੱਪਣਗੇ-ਆਪਾਂ ਬਾਹਰ ਨਿਕਲੀਏ!"
-"ਜਲਦੀ ਕਰ...! ਟਰੈਕਟਰ ਉਪਰ ਆ ਚੜ੍ਹੇ...!!"
ਦੋਹਾਂ ਨੇ ਏ. ਕੇ. 56 ਚੁੱਕ ਲਈਆਂ ਅਤੇ ਇੱਕ-ਇੱਕ ਗਲ਼ ਪਾ ਲਈ।
ਜਦੋਂ ਹੀ ਉਹ ਇੱਕ ਦਮ ਬਾਹਰ ਨਿਕਲੇ ਤਾਂ ਬਰੱਸਟ ਬਾਲੀ ਦੀ ਛਾਤੀ ਵਿਚ ਆ ਵੱਜਿਆ। ਬਾਲੀ ਉਥੇ ਹੀ ਲੁੜਕ ਗਿਆ। ਉਸ ਦਾ ਸੀਨਾ ਲੀਰਾਂ ਹੋ ਗਿਆ ਸੀ। ਜੈਲਦਾਰ ਨੇ ਛਾਲ ਮਾਰ ਕੇ ਪਾਣੀ ਵਾਲੇ ਚਲ੍ਹੇ ਦੀ ਆੜ ਲੈ ਲਈ। ਪਰ ਗੋਲੀ ਚਲਾਉਣ ਦਾ ਸਬੱਬ ਨਹੀਂ ਬਣ ਰਿਹਾ ਸੀ।
-"ਜੈਲਦਾਰਾ...! ਨਿੱਤ ਸ਼ਹੀਦੀ-ਸ਼ਹੀਦੀ ਕਰਦਾ ਸੀ-ਅੱਜ ਉਹ ਸਮਾਂ ਆ ਗਿਐ-ਹਿੱਕ ਡਾਹ ਕੇ ਸ਼ਹੀਦੀ ਪਾ ਤੇ ਸੁਰਖਰੂ ਹੋ! ਮੈਦਾਨੋਂ ਭੱਜਣਾ ਸੂਰਮੇਂ ਦਾ ਕੰਮ ਨਹੀਂ! ਤੇਰੀਆਂ ਰਗਾਂ ਅੰਦਰ ਰੰਘਰੇਟੇ ਗੁਰ ਕੇ ਬੇਟੇ ਸਰਦਾਰ ਜੀਵਨ ਸਿੰਘ ਦਾ ਖੂਨ ਦੌੜ ਰਿਹੈ! ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ...!" ਤੇ ਜੈਲਦਾਰ ਨੇ "ਬੋਲੇ ਸੋ ਨਿਹਾਲ...!" ਆਖ ਕੇ ਚਲ੍ਹੇ ਕੋਲੋਂ ਉਠ, ਨੱਕ ਦੀ ਸੇਧ ਨੂੰ ਅੰਨ੍ਹੇਵਾਹ ਫ਼ਾਇਰਿੰਗ ਸੁਰੂ ਕਰ ਦਿੱਤੀ। ਫ਼ੋਰਸ ਦੇ ਛੇ-ਸੱਤ ਬੰਦੇ ਹੋਰ ਨੁਕਸਾਨੇ ਗਏ। ਜੈਲਦਾਰ ਜੈਕਾਰੇ ਛੱਡਦਾ ਅਤੇ ਫ਼ਾਇਰਿੰਗ ਕਰਦਾ ਅੱਗੇ ਵਧਣ ਲੱਗਾ ਤਾਂ ਸਾਹਮਣਿਓਂ ਗੋਲੀਆਂ ਦਾ ਮੀਂਹ ਵਰ੍ਹ ਪਿਆ। ਜੈਲਦਾਰ ਹੱਥੋਂ ਰਾਈਫ਼ਲ ਛੁੱਟ ਗਈ। ਪਰ ਉਹ ਸਿੱਧਾ ਸਲੋਟ ਖੜ੍ਹਾ ਦੁਸ਼ਮਣ ਨੂੰ ਘੂਰ ਰਿਹਾ ਸੀ। ਉਹ ਅੱਖ ਵੀ ਝਪਕ ਨਹੀਂ ਰਿਹਾ ਸੀ। ਖੜ੍ਹੇ ਜੈਲਦਾਰ ਦੇ ਮੂੰਹੋਂ ਖੂਨ ਪ੍ਰਨਾਲਾ ਬਣ ਵਹਿਣ ਲੱਗ ਪਿਆ। ਉਸ ਨੇ ਮੁੱਠੀ ਮੀਟ ਕੇ ਕੁਝ ਕਹਿਣਾ ਚਾਹਿਆ, ਪਰ ਕਹਿ ਨਾ ਸਕਿਆ ਅਤੇ ਸੁੱਕੀ ਲੱਕੜ ਵਾਂਗ ਤੂਤ ਹੇਠ ਡਿੱਗ ਪਿਆ। ਅਣਖੀ ਗੁਰੀਲੇ ਨੂੰ ਆਖਰ ਸ਼ਹਾਦਤ ਪ੍ਰਾਪਤ ਹੋ ਗਈ। ਹਿੱਕ ਵਿਚ ਗੋਲੀਆਂ ਖਾ ਸੂਰਮਾਂ ਧਰਤੀ ਮਾਂ ਦੀ ਮਿੱਟੀ ਮੁੱਠੀ ਵਿਚ ਘੁੱਟੀ, ਨਿਰਭੈ ਪਿਆ ਸੀ।
ਕਾਫ਼ੀ ਦੇਰ ਫ਼ੋਰਸ ਲਾਸ਼ਾਂ ਦੇ ਨੇੜੇ ਨਾ ਆਈ।
ਬੁਲਿਟ-ਪਰੂਫ਼ ਟਰੈਕਟਰ ਮਾਰ-ਮਾਰ ਕੇ ਫ਼ੋਰਸ ਨੇ ਫ਼ਾਰਮ-ਹਾਊਸ ਨੂੰ ਮਲਬੇ ਵਿਚ ਬਦਲ ਦਿੱਤਾ। ਮੂਲੋਂ ਜਿ਼ਆਦਾ ਫ਼ੋਰਸ ਦਾ ਜਾਨੀ ਨੁਕਸਾਨ ਹੋਇਆ ਕਰਕੇ ਪੁਲੀਸ ਨੇ ਪ੍ਰੈੱਸ ਨੂੰ ਬਹੁਤੀ ਖ਼ਬਰ ਨਸ਼ਰ ਨਾ ਕੀਤੀ। ਸਿਰਫ਼ ਇਕ ਸਧਾਰਨ ਜਿਹੇ ਮੁਕਾਬਲੇ ਦਾ ਵੇਰਵਾ ਦੱਸਿਆ ਸੀ। ਜਿਸ ਵਿਚ ਤਿੰਨ ਖ਼ਤਰਨਾਕ ਅੱਤਿਵਾਦੀ ਹਲਾਕ ਹੋਏ ਦਿਖਾਏ ਗਏ ਸਨ ਅਤੇ ਦੋ ਜਿ਼ੰਦਾ ਪਕੜੇ ਗਏ ਸਨ।
ਵਾਰਿਸਾਂ ਨੂੰ ਸ਼ਨਾਖ਼ਤ ਲਈ ਬੁਲਾ ਲਿਆ ਗਿਆ।
ਸਾਰਿਆਂ ਤੋਂ ਪਹਿਲਾਂ ਜੈਲਦਾਰ ਦੇ ਮਾਂ-ਪਿਉ ਪਹੁੰਚੇ। ਸੂਰਮੇਂ ਪੁੱਤ ਦੀ ਖਿੱਲਰੀ ਲਾਸ਼ ਦੇਖ ਕੇ ਬੇਬੇ ਨੇ ਮੁਰਦਈ ਜਿਹੀ ਧਾਹ ਮਾਰੀ।
-"ਵੇ ਤੂੰ ਸਾਡਾ ਬੁੜ੍ਹਾਪਾ ਰੋਲ ਗਿਐਂ ਵੇ ਮੇਰਿਆ ਸੂਰਮਿਆਂ ਪੁੱਤਾ....!!"
-"ਵੇ ਮੈਂ ਤੈਨੂੰ ਬਥੇਰਾ ਵਰਜਿਆ ਵੇ ਮੇਰਿਆ ਸਿਉਨਿਆਂ ਸ਼ੇਰਾ...!!"
ਬੇਬੇ ਦੀਆਂ ਜੋਤਹੀਣ ਅੱਖਾਂ ਟੱਪ ਵਾਂਗ ਚੋਈ ਜਾ ਰਹੀਆਂ ਸਨ। ਲਾਅਸ਼ ਕੋਲ ਬੈਠਾ ਪਿੰਜਰ ਸਰੀਰ ਬਾਪੂ ਵੀ ਧਰਾਲੀਂ ਰੋ ਰਿਹਾ ਸੀ। ਹੱਥੀਂ ਪਾਲ ਕੇ ਜੁਆਨ ਕੀਤਾ ਪੁੱਤ ਸਾਹਮਣੇਂ ਮਿੱਟੀ ਹੋਇਆ ਪਿਆ ਸੀ। ਸਾਰੀ ਉਮਰ ਦੀ ਇੱਕੋ ਇੱਕ ਪੂੰਜੀ ਹੱਥੋਂ ਖੁੱਸ ਗਈ ਸੀ।
-"ਪੀਤੂ ਦੇ ਬਾਪੂ ਚਲ੍ਹੇ 'ਚੋਂ ਪਾਣੀ ਦਾ ਡੱਬਾ ਭਰ ਕੇ ਲਿਆ-ਮੈਂ ਆਪਣੇ ਸ਼ੇਰ ਸੂਰਮੇਂ ਦਾ ਮੂੰਹ ਧੋਵਾਂ-ਕਿਵੇਂ ਲਹੂ ਨਾਲ ਲਿੱਬੜਿਆ ਪਿਐ।" ਬੇਬੇ ਨੇ ਪਾਗਲਾਂ ਵਾਂਗ ਬਾਪੂ ਨੂੰ ਕਿਹਾ ਤਾਂ ਬਾਪੂ ਸਾਹ ਜਿਹੇ ਵਰੋਲਦਾ, ਪਾਣੀ ਵਾਲਾ ਲੀਟਰ ਭਰ ਲਿਆਇਆ।
-"ਡੁੱਬੜੇ ਨੇ ਕਦੇ ਲੀੜੇ ਨੂੰ ਚਹੁ ਨਹੀਂ ਪੈਣ ਦਿੱਤਾ ਸੀ-ਦੇਖ ਕਿਹੜੇ ਹਾਲੀਂ ਪਿਐ।" ਪੁੱਤ ਦਾ ਮੂੰਹ ਧੋਂਦੀ ਬੇਬੇ ਬਾਂਵਰਿਆਂ ਵਾਂਗ ਬੋਲੀ ਜਾ ਰਹੀ ਸੀ। ਕੋਲੇ ਬੈਠਾ ਬਾਪੂ ਹੁਬਕੀਂ-ਹੁਬਕੀਂ ਰੋਈ ਜਾ ਰਿਹਾ ਸੀ।
-"ਲਿਆ ਆਹ ਇਹਦੀ ਪੱਗ ਵੀ ਫੜਾ-ਬੰਨ੍ਹਾਂ ਇਹਦੇ ਸਿਰ 'ਤੇ-ਨਿੱਤ ਕੜ੍ਹੀ ਕਲੇਸ਼ ਕਰਦਾ ਸੀ-ਬੇਬੇ ਮੇਰੀ ਪੱਗ ਨਹੀਂ ਧੋਤੀ-ਬੇਬੇ ਮੇਰਾ ਝੱਗਾ ਨਹੀਂ ਧੋਤਾ-ਇਹਦੇ ਮੂੰਹ 'ਤੇ ਤਾਂ ਕੁਛ ਵੱਜਿਆ ਨਹੀਂ ਲੱਗਦਾ-ਫਿਰ ਲਹੂ ਕਾਹਤੋਂ ਨਿਕਲਿਆ?"
-"........।"
-"ਤੂੰ ਸੁੰਨ ਜਿਆ ਹੋਇਆ ਕਾਹਨੂੰ ਬੈਠੈਂ? ਲਿਆ ਜੁੱਤੀ ਪਾ ਇਹਦੇ!"
ਕਿੱਧਰੋਂ ਬੁਰੇ ਹਾਲੀਂ ਸੀਬੋ ਸਾਰੀਆਂ ਸ਼ਰਮਾਂ ਪਰ੍ਹੇ ਸੁੱਟ ਜੈਲਦਾਰ ਦੀ ਲਾਸ਼ 'ਤੇ ਆ ਡਿੱਗੀ।
-"ਵੇ ਤੂੰ ਮੈਨੂੰ ਕਿਹੜੇ ਆਸਰੇ ਛੱਡ ਕੇ ਤੁਰ ਗਿਆ ਵੇ ਮੇਰਿਆ ਸੂਰਮਿਆਂ ਮਿਰਜਿਆ....!!" ਕੁੜੀ ਨੇ ਦਿਲਾਂ ਦੇ ਦਰਦੀ ਦਾ ਸਿਰ ਹਿੱਕ ਨਾਲ ਘੁੱਟ ਲਿਆ। ਜੈਲਦਾਰ ਦੇ ਸਿਰੋਂ ਪੱਗ ਲਹਿ ਕੇ ਡਿੱਗ ਪਈ।
ਬੇਬੇ ਨੇ ਉਠ ਕੇ ਪੱਗ ਬੋਚ ਲਈ।
-"ਪੱਗ ਤਾਂ ਮਰਦ ਦੀ ਸ਼ਾਨ ਐਂ ਸੀਬੋ! ਰੱਖ ਪੱਗ ਇਹਦੇ ਸਿਰ 'ਤੇ-ਤੇ ਚੱਲ ਉਠ ਇਹਨੂੰ ਘਰੇ ਲੈ ਕੇ ਚੱਲੀਏ-ਬਥੇਰੀ ਦੁਨੀਆਂ ਕੱਛ ਲਈ ਇਹਨੇ।"
-"ਬੇਬੇ! ਪੀਤੂ ਨੇ ਹੁਣ ਨਹੀਂ ਮੁੜਨਾ...!" ਕੁੜੀ ਨੇ ਪੀਤੂ ਦਾ ਸਿਰ ਫਿਰ ਬੁੱਕਲ ਵਿਚ ਘੁੱਟ ਲਿਆ।
-"ਕਿਉਂ ਨਹੀਂ ਮੁੜਨਾ? ਨੀ ਕੀ ਤੂੰ ਚੰਦਰੀਆਂ ਜੀਆਂ ਗੱਲਾਂ ਮਾਰੀ ਜਾਨੀ ਐਂ ਕਾਲੇ ਮੂੰਹ ਆਲੀਏ...?"
-"ਬੇਬੇ..! ਆਪਣਾ ਪੀਤੂ ਸ਼ਹੀਦ ਹੋ ਗਿਆ!"
ਬੇਬੇ "ਪਟਾਕ" ਕਰਦੀ ਧਰਤੀ 'ਤੇ ਡਿੱਗ ਪਈ।
ਬਾਪੂ ਨੇ ਆਪਣੇ ਨਿਰਬਲ ਹੱਥਾਂ ਵਿਚ ਬੋਚਣਾ ਚਾਹਿਆ। ਪਰ ਬੇਬੇ ਪੂਰੀ ਹੋ ਚੁੱਕੀ ਸੀ।
ਮਾਸਟਰ ਅਤੇ ਬਾਲੀ ਦੇ ਵਾਰਿਸ ਵੀ ਪੁੱਜ ਗਏ। ਹਿਰਦੇਵੇਧਕ ਵੈਣ ਪੈ ਰਹੇ ਸਨ। ਸ਼ਨਾਖ਼ਤਾਂ ਤੋਂ ਬਾਅਦ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ।
ਜਿਉਂ-ਜਿਉਂ ਖ਼ਬਰ ਫੈਲਦੀ ਗਈ, ਇਲਾਕੇ ਵਿਚ ਹਨ੍ਹੇਰ ਛਾਉਂਦਾ ਗਿਆ। ਕਿਸੇ ਨੇ ਚੁੱਲ੍ਹੇ ਅੱਗ ਨਹੀਂ ਪਾਈ ਸੀ। ਖ਼ਾੜਕੂ-ਜੱਥੇਬੰਦੀਆਂ ਵਿਚ ਗੁੱਸੇ ਅਤੇ ਦੁੱਖ ਦੀ ਲਹਿਰ ਛਾ ਗਈ। ਪੰਜ ਸਿਰਲੱਥ ਖ਼ਾੜਕੂ ਉਹਨਾਂ ਹੱਥੋਂ ਚਲੇ ਗਏ ਸਨ। ਇਹਨਾਂ ਸ਼ਹੀਦੀਆਂ ਨੇ ਮੂਵਮੈਂਟ ਨੂੰ ਕਾਫ਼ੀ ਪਿੱਛੇ ਧੱਕ ਦਿੱਤਾ ਸੀ। ਇਹ ਪਾੜ ਇੱਕ ਵੱਡੀ ਭਰਤੀ ਨਾਲ ਵੀ ਪੂਰਿਆ ਨਹੀਂ ਜਾਣਾ ਸੀ।
ਰੇਸ਼ਮ ਸਿੰਘ ਬੰਬ, ਗੁਰਪਾਲ, ਕੁਲਬੀਰ ਅਤੇ ਕਾਕੇ ਹੋਰਾਂ ਨੇ ਸ਼ਹੀਦ ਹੋਏ ਸਾਥੀਆਂ ਨਮਿੱਤ ਅਰਦਾਸ ਕੀਤੀ। ਕੁਲਬੀਰੇ ਨੂੰ ਬਾਲੀ ਦੀ ਥਾਂ 'ਤੇ ਲੈਫ਼ਟੀਨੈਂਟ ਜਨਰਲ ਥਾਪ ਦਿੱਤਾ ਗਿਆ। ਜੱਥੇਬੰਦੀਆਂ ਦੇ ਅਸੂਲਾਂ ਦੀ ਲਕੀਰ ਨਾ ਟੱਪਣ ਲਈ ਉਸ ਨੂੰ ਸਖ਼ਤ ਹਦਾਇਤ ਕੀਤੀ ਗਈ ਸੀ। ਜੋ ਕੁਝ ਕਰਨਾ ਸੀ, ਜੱਥੇਬੰਦੀਆਂ ਦੀ ਸਲਾਹ ਨਾਲ ਹੀ ਕਰਨਾ ਸੀ। ਕਈ ਉੱਘੇ ਸਾਥੀ ਨੁਕਸਾਨੇ ਗਏ ਹੋਣ ਕਰਕੇ ਹੁਣ ਕੁਲਬੀਰਾ ਵੀ ਸੀਰੀਅਸ ਰਹਿਣ ਲੱਗ ਪਿਆ ਸੀ।
ਅਗਲੀ ਮੀਟਿੰਗ ਵਿਚ ਜੱਥੇਬੰਦੀਆਂ ਨੇ ਬਲਿਹਾਰ ਅਤੇ ਦਿਲਰਾਜ ਨੂੰ ਛੁਡਾਉਣ ਬਾਰੇ ਘਾੜਤਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਪਰ ਉਹ ਕਿੱਥੇ ਰੱਖੇ ਹੋਏ ਸਨ? ਇਸ ਬਾਰੇ ਕਿਸੇ ਨੂੰ ਰਤੀ ਭਰ ਵੀ ਇਲਮ ਨਹੀਂ ਸੀ। ਕਾਰਵਾਈ ਕਰਦੇ ਤਾਂ ਕੀ ਕਰਦੇ? ਕੋਈ ਸਕੀਮ ਸਿਰੇ ਨਹੀਂ ਚੜ੍ਹ ਰਹੀ ਸੀ।
ਗੁਰਪਾਲ ਨੇ ਇੱਕ ਸਕੀਮ ਉਲੀਕੀ ਕਿ ਕਾਕੇ ਨੇ ਨਵੀਂ ਸ਼ਾਦੀ ਕੀਤੀ ਹੈ। ਇਹ ਪਤੀ-ਪਤਨੀ ਆਪਣੇ ਪਿੰਡ ਨਹੀਂ, ਆਪਣੇ ਮਾਮੇ ਕੋਲ ਰਹਿਣ। ਪਿੰਡਾਂ ਵਿਚੋਂ ਨਵੀਂ ਭਰਤੀ ਕੀਤੀ ਜਾਵੇ ਅਤੇ ਨਾਲੇ ਇਹ ਮੀਆਂ-ਬੀਵੀ ਮਹੀਨਾ ਖੰਡ ਚੂਹੜਚੱਕ ਰਹਿ ਕੇ ਆਪਣਾ ਗ੍ਰਹਿਸਤੀ ਜੀਵਨ ਬਸਰ ਕਰਨ। ਇਸ ਤੋਂ ਇਲਾਵਾ ਕਾਕੇ ਜਿੰਮੇਂ ਇਹ ਜਿ਼ੰਮੇਵਾਰੀ ਲਾਈ ਗਈ ਕਿ ਉਹ ਕਿਵੇਂ ਨਾ ਕਿਵੇਂ ਬਲਿਹਾਰ ਅਤੇ ਦਿਲਰਾਜ ਦਾ ਸੁਰਾਗ ਲਾਵੇ। ਇਸ ਤੋਂ ਪਹਿਲਾਂ ਪੁਲੀਸ ਉਹਨਾਂ ਨੂੰ ਮੁਕਾਬਲੇ ਵਿਚ ਖਤਮ ਕਰੇ, ਉਹਨਾਂ ਨੂੰ ਛੁਡਾਉਣਾ ਲਾਜ਼ਮੀ ਹੈ।
ਕਾਕਾ ਅਤੇ ਗਗਨਦੀਪ ਇਕ ਏ. ਕੇ. ਸੰਤਾਲੀ, ਪੰਜ ਸੌ ਰੌਂਦ, ਇੱਕ ਰਿਵਾਲਵਰ ਅਤੇ ਦੋ ਮੈਗਜ਼ੀਨ ਲੈ ਕੇ ਚੂਹੜਚੱਕ ਨੂੰ ਬੱਸ ਚੜ੍ਹ ਗਏ। ਇੱਕ ਰਿਵਾਲਵਰ ਕਾਕੇ ਕੋਲ ਪਹਿਲਾਂ ਹੀ ਸੀ।
ਬਾਕੀ ਅਗਲੇ ਹਫ਼ਤੇ......
No comments:
Post a Comment