ਪੁਰਜਾ ਪੁਰਜਾ ਕਟਿ ਮਰੈ (ਕਾਂਡ 11)

ਕਾਕੇ ਅਤੇ ਜੈਲਦਾਰ ਦੇ ਰਿਮਾਂਡ ਦਾ ਸਮਾਂ ਖ਼ਤਮ ਹੋ ਗਿਆ ਸੀ। ਜ਼ਖਮ ਉਹਨਾਂ ਦੇ ਭਰ ਗਏ ਸਨ। ਪਰ ਕਦੇ ਕਦੇ ਵਗਦੀ ਪੁਰੇ ਦੀ ਹਵਾ ਉਹਨਾਂ ਨੂੰ ਦੁੱਖ ਦਾ ਕੇੜਾ ਚਾੜ੍ਹਦੀ ਸੀ। ਠੰਢ ਨਾਲ ਹੱਡ ਚਸਕਦੇ ਸਨ। ਗੋਡਿਆਂ ਦੇ ਦਰਦ ਵੱਲੋਂ ਉਹ ਦੋਨੋਂ ਹੀ ਬੜੇ ਤੰਗ ਸਨ। ਜੰਗਲ-ਪਾਣੀ, ਉਠਣ-ਬੈਠਣ ਲੱਗਿਆਂ ਦੀਆਂ ਬਹੁੜੀਆਂ ਨਿਕਲ ਜਾਂਦੀਆਂ ਸਨ।
ਉਠਣ ਲੱਗਿਆਂ ਦੇ ਗੋਡਿਆਂ ਦੇ ਭੜ੍ਹਾਕੇ ਪੈਂਦੇ ਸਨ ਅਤੇ ਮਸਲੀਆਂ ਹੋਈਆਂ ਨਾੜਾਂ "ਟੱਸ-ਟੱਸ" ਕਰਦੀਆਂ ਸਨ। ਡਾਕਟਰ ਅਨੁਸਾਰ ਤਿੰਨ ਮਹੀਨੇ ਘੱਟੋ-ਘੱਟ ਇਹ ਦਰਦਾਂ ਰਹਿਣੀਆਂ ਸਨ।

ਸਾਰੀਆਂ ਖਾੜਕੂ ਜੱਥੇਬੰਦੀਆਂ ਨੂੰ ਬਿੱਲੂ ਅਤੇ ਪ੍ਰੀਤ ਦੀ ਸ਼ਹੀਦੀ ਬਾਰੇ ਅਤੇ ਜੈਲਦਾਰ ਅਤੇ ਕਾਕੇ ਦੀ ਗ੍ਰਿਫ਼ਤਾਰੀ ਬਾਰੇ ਅਗਲੀ ਸਵੇਰ ਹੀ ਪਤਾ ਲੱਗ ਗਿਆ ਸੀ। ਸਾਰਿਆਂ ਨੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਅਰਦਾਸ ਕਰ ਦਿੱਤੀ ਸੀ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰੂ ਮਹਾਰਾਜ ਅੱਗੇ ਬੇਨਤੀਆਂ ਹੋਈਆਂ ਸਨ। ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਲਈ ਪੁਕਾਰ ਕੀਤੀ ਸੀ।
ਖ਼ਾੜਕੂ ਜੱਥੇਬੰਦੀਆਂ ਦੇ ਮੁਖੀ ਦੋਹਾਂ ਖ਼ਾੜਕੂਆਂ ਦੀ ਗ੍ਰਿਫ਼ਤਾਰੀ 'ਤੇ ਅਤੀ ਚਿੰਤਤ ਸਨ। ਚਾਹੇ ਉਹਨਾਂ ਨੂੰ ਕਾਕੇ ਅਤੇ ਜੈਲਦਾਰ ਦੇ ਸਿਰੜੀ ਸੁਭਾਅ 'ਤੇ ਅਥਾਹ ਵਿਸ਼ਵਾਸ ਸੀ। ਪਰ ਉਹ ਪੁਲੀਸ ਦੇ ਬੁੱਚੜਖਾਨੇ ਤੋਂ ਵੀ ਭਲੀ ਭਾਂਤ ਜਾਣੂੰ ਸਨ। ਸਭ ਤੋਂ ਵੱਡਾ ਖ਼ਤਰਾ ਉਹਨਾਂ ਨੂੰ "ਮੁਕਾਬਲੇ" ਦਾ ਸੀ। ਪੁਲੀਸ 'ਤੇ ਉਹਨਾਂ ਨੂੰ ਵਾਅ-ਵਰੋਲੇ ਜਿੰਨਾ ਵੀ ਵਿਸ਼ਵਾਸ ਨਹੀਂ ਸੀ।
ਇੱਕ ਹਫ਼ਤੇ ਦੌਰਾਨ ਖ਼ਾੜਕੂ ਜੱਥੇਬੰਦੀਆਂ ਦੇ ਮੁਖੀ ਤਿੰਨ ਮੀਟਿੰਗਾਂ ਕਰ ਚੁੱਕੇ ਸਨ। ਕਾਕੇ ਅਤੇ ਜੈਲਦਾਰ ਦੇ ਬਚਾਓ ਲਈ ਕਈ ਮਤੇ ਉਲੀਕੇ ਸਨ। ਕੁਝ ਮਤੇ ਸਰਬ-ਸੰਮਤੀ ਨਾਲ ਪਾਸ ਹੋ ਗਏ ਸਨ ਅਤੇ ਕਈ ਮਤੇ "ਚੁੰਝ-ਪੌਂਚੇ" ਫ਼ਸਾ ਕੇ ਰੱਦ ਕਰ ਦਿੱਤੇ ਗਏ ਸਨ। ਖ਼ਾੜਕੂ ਸਫ਼ਾਂ ਨੇ ਕਨਸੋਅ ਲੈਣ ਲਈ ਥਾਂ-ਥਾਂ 'ਤੇ ਸੂਹੀਏ ਵਿਛਾਅ ਦਿੱਤੇ ਸਨ। ਹਰ ਖ਼ਬਰ ਮੁਖੀਆਂ ਤੱਕ ਬੜੇ ਢੰਗ ਤਰੀਕੇ ਨਾਲ ਪੁੱਜ ਰਹੀ ਸੀ। ਹਰ ਪ੍ਰਤੀਕਰਮ ਦਾ ਨਿਰਣਾ ਬੜੀ ਸੂਝ ਬੂਝ ਨਾਲ ਲਿਆ ਜਾ ਰਿਹਾ ਸੀ।
ਅੱਜ ਸਵੇਰੇ ਦਸ ਵਜੇ ਕਾਕੇ ਅਤੇ ਜੈਲਦਾਰ ਨੂੰ ਅਦਾਲਤ ਪੇਸ਼ ਕਰਨਾ ਸੀ। ਟਰੱਕ ਠਾਣੇ ਦੇ ਵਿਹੜੇ ਵਿਚ ਤਿਆਰ ਖੜ੍ਹੇ ਸਨ। ਠਾਣੇਦਾਰ ਅਤੇ ਮੁਣਸ਼ੀ ਦਫ਼ਤਰ ਵਿਚ ਫ਼ਾਈਲਾਂ ਨੂੰ ਦੁਬਾਰਾ ਨਿਰਖ ਰਹੇ ਸਨ।
ਕਾਕੇ ਅਤੇ ਜੈਲਦਾਰ ਨੂੰ ਹੱਥਕੜੀਆਂ ਲਾ ਕੇ ਵਿਹੜੇ ਵਿਚ ਭੁੰਜੇ ਬਿਠਾਇਆ ਹੋਇਆ ਸੀ।
-"ਮੇਰੀ ਗਲਤੀ ਕਾਰਨ ਕੀ ਦਾ ਕੀ ਹੋ ਗਿਆ-ਦੋ ਸਾਥੀ ਵਿਛੜ ਗਏ ਤੇ....।" ਜੈਲਦਾਰ ਨੇ ਆਪਣੇ ਅੰਦਰ ਪੂਰੇ ਹਫ਼ਤੇ ਤੋਂ ਰਿੱਝ ਰਹੀ ਗੱਲ ਆਖਰ ਕਹਿ ਕੇ ਮਨ ਹਲਕਾ ਕਰ ਲਿਆ। ਕਾਕੇ ਨੇ ਉਸ ਦੇ ਮੋਢੇ 'ਤੇ ਹੱਥ ਰੱਖ ਦਿੱਤਾ।
-"ਜੋ ਗੁਰੂ ਦਾ ਭਾਣਾ ਐਂ-ਹਰ ਹਾਲਤ ਬੀਤ ਕੇ ਰਹਿਣੈ-ਐਹੋ ਜਿਹੀਆਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਦੋਸਤਾ..! ਬੀਤ ਗਈ 'ਤੇ ਕਾਹਦਾ ਪਛਤਾਵਾ? ਗੌਰਮਿੰਟ ਨੂੰ ਆਪਣੇ ਅਹਿਸਾਸ ਦਾ, ਆਪਣੇ ਹੌਸਲਿਆਂ ਦਾ ਤਾਂ ਪਤਾ ਚੱਲਿਆ-ਆਪਣੀ ਹੋਂਦ ਦਾ ਅਹਿਸਾਸ ਤਾਂ ਹੋਇਆ-ਜੋ ਹੋਣੈ ਉਹ ਤਾਂ ਹੋ ਕੇ ਰਹਿਣੈ-ਪਰ ਕੇਰਾਂ ਤਾਂ ਆਉਣਸਾਰ ਪੂਛਾਂ ਚਕਾਤੀਆਂ ਸੀ-ਜਿਥੋਂ ਤੱਕ ਸਾਥੀਆਂ ਦੇ ਵਿਛੜਨ ਦੀ ਗੱਲ ਐ-ਬੈਠ ਮਿੱਤਰਾ ਆਪਾਂ ਵੀ ਨਹੀਂ ਰਹਿਣਾ-ਉਹ ਯੋਧੇ ਤਾਂ ਸਿੱਖ ਕੌਮ ਦੇ ਹੀਰੇ ਐ-ਕਦੇ ਵਕਤ ਆਊ ਲੋਕ ਇਹਨਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭੇ ਵਰਗਿਆਂ ਵਾਂਗ ਸੀਸ ਝੁਕਾਇਆ ਕਰਨਗੇ-ਹਰ ਕ੍ਰਾਂਤੀਕਾਰੀ ਸਮੇਂ ਦੀ ਸਰਕਾਰ ਦਾ ਗੱਦਾਰ ਅਤੇ ਬਾਗੀ ਹੁੰਦੈ-ਪਰ ਆਪਣੇ ਹੱਕ ਅਤੇ ਅਧਿਕਾਰ ਪ੍ਰਾਪਤ ਕਰਨ ਪਿੱਛੋਂ ਕੌਮ ਦਾ ਸਿਰਲੱਥ ਹੀਰੋ ਬਣਦੈ! ਇਹ ਸਾਥੀ ਸਿਰਫ਼ ਵਕਤ ਦਾ ਹੀ ਹੇਰ ਫੇਰ ਐ-ਹਰ ਝੱਖੜ ਝੁੱਲਣ ਮਗਰੋਂ ਸ਼ਾਂਤੀ ਪਸਰਦੀ ਐ-ਹਰ ਰਾਤ ਦਾ ਅਖੀਰ ਸੂਰਜ ਦੀ ਸੂਹੀ ਸਵੇਰ ਨਾਲ ਹੁੰਦੈ-ਸੰਸਾਰ ਦੇ ਕਿਸੇ ਕੋਨੇ 'ਤੇ ਨਜ਼ਰ ਮਾਰ ਕੇ ਦੇਖ ਲਵੋ-ਹਰ ਕ੍ਰਾਂਤੀ ਮਗਰੋਂ ਇਨਕਲਾਬ ਆਉਂਦੈ ਅਤੇ ਫਿਰ ਇਨਕਲਾਬ ਬਣਦੈ ਦੱਬੀਆਂ ਕੁਚਲੀਆਂ ਜਾਤੀਆਂ ਅਤੇ ਕੌਮਾਂ ਦੇ ਨਾਸੂਰਾਂ ਲਈ ਮੱਲ੍ਹਮ! ਉਸ ਨੂੰ ਆਖਦੇ ਨੇ ਹਲੇਮੀਂ ਰਾਜ! ਹਲੇਮੀਂ ਰਾਜ ਹਮੇਸ਼ਾ ਸ਼ਹੀਦਾਂ ਦੇ ਸਿਰਾਂ 'ਤੇ ਹੀ ਉਸਰਦੈ-ਜੇ ਇਸ ਰਾਜ ਦੀ ਨੀਂਹ ਵਿਚ ਆਪਣੇ ਸਿਰ ਲੱਗ ਜਾਣ ਤਾਂ ਹੋਰ ਗੁਰੂ ਤੋਂ ਕੀ ਭਾਲਦੇ ਐਂ?" ਕਾਕੇ ਦੇ ਵਿਸਥਾਰ ਨੇ ਜੈਲਦਾਰ ਦੀ ਰੂਹ ਹਲਕੀ ਕਰ ਦਿੱਤੀ। ਉਹ ਹੌਲਾ ਫੁੱਲ ਹੋ ਗਿਆ ਸੀ। ਹੁਣ ਉਸ ਨੂੰ ਆਪਣੇ ਆਪ 'ਤੇ ਕੋਈ ਗਿਲਾ-ਸਿ਼ਕਵਾ ਨਹੀਂ ਰਹਿ ਗਿਆ ਸੀ।
ਸਵੇਰ ਦੇ ਨੌਂ ਵੱਜ ਗਏ ਸਨ।
ਧੁੱਪ ਦੇ ਨਿੱਘ ਨਾਲ ਸਵੇਰ 'ਚ ਨਿਘਾਸ ਸੀ।
ਕਾਕੇ ਅਤੇ ਜੈਲਦਾਰ ਨੂੰ ਟਰੱਕ ਵਿਚ ਚੜ੍ਹਾ ਪੁਲੀਸ ਵਾਲੇ ਤੁਰ ਗਏ।
ਠਾਣੇਦਾਰ ਅਤੇ ਹੌਲਦਾਰ ਡਰਾਈਵਰ ਨਾਲ ਡਟੇ ਬੈਠੇ ਸਨ। ਅਦਾਲਤ ਠਾਣੇ ਤੋਂ ਤਕਰੀਬਨ ਅੱਧੇ ਕੁ ਘੰਟੇ ਦੀ ਵਾਟ 'ਤੇ ਸੀ। ਟਰੱਕ ਆਪਣੀ ਚਾਲ ਤੁਰਿਆ ਜਾ ਰਿਹਾ ਸੀ। ਕਾਕੇ ਅਤੇ ਜੈਲਦਾਰ ਦੇ ਹੱਥਕੜੀਆਂ ਲੱਗੀਆਂ ਹੋਈਆਂ ਸਨ।
ਟਰੱਕ ਦੇ ਦੋਨੋਂ ਪਾਸੀਂ ਸਾਈਡਾਂ 'ਤੇ ਤਿੰਨ-ਤਿੰਨ ਸਿਪਾਹੀ ਹਥਿਆਰ ਕਸੀ ਬੈਠੇ ਸਨ। ਕਾਕਾ ਵਾਰ-ਵਾਰ ਗੁਰਮੀਤ ਸਿਪਾਹੀ ਵੱਲ ਗਹਿਰੀਆਂ ਅਤੇ ਪਾੜ ਖਾਣੀਆਂ ਨਜ਼ਰਾਂ ਨਾਲ ਦੇਖਦਾ ਸੀ। ਗੁਰਮੀਤ ਕਾਕੇ ਦਾ ਪੂਰਾ ਅੱਖਤਿਣ ਸੀ। ਗੁਰਮੀਤ ਨੇ ਕਾਕੇ ਅਤੇ ਜੈਲਦਾਰ 'ਤੇ ਘੋਰ ਤਸ਼ੱਦਦ ਕੀਤਾ ਸੀ।
ਗੁਰਮੀਤ ਸਵੇਰੇ ਚਾਰ ਵਜੇ ਤੋਂ ਡਿਊਟੀ 'ਤੇ ਸੀ। ਜਿਸ ਕਰਕੇ ਉਸ ਨੂੰ ਨੀਂਦ ਦਾ ਕਦੇ ਕਦੇ "ਟੂਲਾ" ਆਉਂਦਾ ਸੀ।
ਸ਼ਹਿਰ ਵਿਚ ਆਵਾਜਾਈ ਅਜੇ ਘੱਟ ਹੀ ਸੀ। ਕੰਮ ਦੇ ਦਿਨ ਹੋਣ ਕਰਕੇ ਲੋਕ ਕਿੱਤੀਂ ਲੱਗੇ ਹੋਏ ਸਨ। ਝੋਨੇ ਦੀ ਝੜਵਾਈ ਜੋਰਾਂ ਸ਼ੋਰਾਂ ਨਾਲ ਸੁਰੂ ਹੋ ਚੁੱਕੀ ਸੀ। ਸਰਦੇ ਪੁੱਜਦੇ ਘਰਾਂ ਨੇ ਝੋਨਾ ਕੰਬਾਈਨਾਂ ਨਾਲ ਵਢਵਾ ਦਿੱਤਾ ਸੀ। ਮੰਡੀਆਂ ਨੂੰ ਢੋਹ ਢੁਆਈ ਸੁਰੂ ਹੋ ਗਈ ਸੀ। ਪਰ ਬਾਣੀਏਂ, ਆੜ੍ਹਤੀਏ ਨੱਕ ਬੁੱਲ੍ਹ ਮਾਰਦੇ ਸਨ। ਕਿਸਾਨਾਂ ਦੀ ਲਹੂ ਪਸੀਨੇ ਦੀ ਕਮਾਈ ਸਰਮਾਏਦਾਰਾਂ ਦੇ ਬੂਹੇ ਰੁਲ ਰਹੀ ਸੀ। ਝੋਨੇ ਦੀ ਕੋਈ ਦੱਸ ਪੁੱਛ ਨਹੀਂ ਸੀ। ਤੇਲ ਪਾਣੀ ਵੀ ਨਹੀਂ ਮੁੜਦਾ ਸੀ। ਆਰਥਿਕ ਪੱਖੋਂ ਤਬਾਹ ਹੋਏ ਕਿਸਾਨ ਪ੍ਰੀਵਾਰਾਂ ਸਮੇਤ ਖੁਦਕਸ਼ੀਆਂ ਕਰ ਰਹੇ ਸਨ, ਪਰ ਸਰਕਾਰ ਦੇ
ਕੰਨੋਂ ਮੈਲ ਨਹੀਂ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਪੁਨਰ-ਗਠਨ ਕਰਨ ਦੇ ਦਾਅਵੇ ਕਰਨ ਵਾਲੇ ਲੀਡਰ ਮੂੰਹ ਚੁੱਕੀ ਤਮਾਸ਼ਾ ਦੇਖ ਰਹੇ ਸਨ। ਕੋਈ ਮਰੇ ਕੋਈ ਜੀਵੇ-ਸੁਥਰਾ ਘੋਲ ਪਤਾਸੇ ਪੀਵੇ! ਉਹਨਾਂ ਦਾ ਕਿਹੜਾ ਕੋਈ ਪੁੱਤ ਜਾਂ ਭਰਾ ਮਰਨਾ ਸੀ? ਮਰਾਸੀਆਂ ਦੇ ਆਖਣ ਵਾਂਗ - ਜੇ ਜੱਟ ਨਾ ਹੁੰਦੇ ਤਾਂ ਬੰਦਿਆਂ ਨੂੰ ਵਾਹੀ ਕਰਨੀ ਪੈਂਦੀ। ਇਸੇ ਤਰ੍ਹਾਂ ਹੀ ਸਰਕਾਰ ਦੀ ਨਜ਼ਰ ਵਿਚ ਜੱਟ ਜਾਂ ਕਿਸਾਨ "ਬੰਦੇ" ਹੀ ਨਹੀਂ ਸਨ। ਪੁੱਤ ਭਰਾ ਕੋਠੀਆਂ ਕਾਰਾਂ ਵਿਚ ਮਹਿਫੂਜ਼ ਸਨ। ਉਹਨਾਂ ਨੂੰ ਨਾ ਗਰਮੀ, ਨਾ ਸਰਦੀ ਪੋਂਹਦੀ ਸੀ। ਪੱਚੀ-ਪੱਚੀ ਸੂਖ਼ਮ ਹਥਿਆਰਬੰਦ ਅੰਗ-ਰੱਖਿਅਕ ਮੁਹੱਈਆ ਕਰਵਾਏ ਹੋਏ ਸਨ। ਲੀਡਰ ਹਰ ਤਰ੍ਹਾਂ ਨਾਲ ਸ਼ਾਹੀ ਠਾਠ ਮਾਣ ਰਹੇ ਸਨ।
ਤਕਰੀਬਨ ਸਾਢੇ ਕੁ ਨੌਂ ਵਜੇ ਸਵੇਰੇ ਉਹਨਾਂ ਨੂੰ ਟਰੱਕ ਨੇ ਕਚਿਹਰੀਆਂ ਵਿਚ ਲਿਆ ਉਤਾਰਿਆ। ਠਾਣੇਦਾਰ ਨੇ ਸਬੰਧਿਤ ਫ਼ਾਈਲਾਂ ਕੱਛ ਹੇਠ ਦੱਬੀਆਂ ਹੋਈਆਂ ਸਨ। ਤਿੰਨ ਸਿਪਾਹੀ ਕਾਕੇ ਅਤੇ ਜੈਲਦਾਰ ਦੇ ਅੱਗੇ ਅਤੇ ਤਿੰਨ ਪਿੱਛੇ ਤੁਰੇ ਜਾ ਰਹੇ ਸਨ। ਠਾਣੇਦਾਰ ਅਤੇ ਹੌਲਦਾਰ ਸਾਰਿਆਂ ਤੋਂ ਅੱਗੇ ਸਨ।
-"ਸਰਦਾਰ ਜੀ ਸਾਸਰੀਕਾਲ..!" ਪਾਸਿਓਂ ਕਿਸੇ ਨੇ ਠਾਣੇਦਾਰ ਗਰੇਵਾਲ ਨੂੰ ਕਿਹਾ। ਠਾਣੇਦਾਰ ਉੱਧਰ ਝਾਕਿਆ। ਪਰ ਬੰਦਾ ਪਹਿਚਾਣ ਵਿਚ ਨਹੀਂ ਆਇਆ ਸੀ।
-"ਸਾਸਰੀਕਾਲ..! ਤੂੰ ਕੌਣ ਐਂ ਬਈ..?" ਠਾਣੇਦਾਰ ਹੈਰਾਨ ਸੀ। ਕੋਈ ਓਪਰਾ ਬੰਦਾ ਉਸ ਦਾ ਐਂਵੇਂ ਹੀ ਵਕਤ ਖਰਾਬ ਕਰੀ ਜਾ ਰਿਹਾ ਸੀ।
-"ਪਛਾਣਿਆਂ ਨਹੀਂ?" ਉਸ ਨੇ ਜਾਕਟ ਹੇਠੋਂ ਸਟੇਨਗੰਨ ਕੱਢ ਕੇ ਫ਼ਾਇਰਿੰਗ ਸੁਰੂ ਕਰ ਦਿੱਤੀ। ਠਾਣੇਦਾਰ ਅਤੇ ਹੌਲਦਾਰ ਭਰਾੜ੍ਹ ਹੋ ਗਏ। ਖੂਨ ਦਾ ਖਾਲ ਵਹਿ ਤੁਰਿਆ।
-"ਭੱਜ ਕੇ ਟਰੱਕ ਕੋਲੇ ਚੱਲੋ!" ਗੁਰਪਾਲ ਨੇ ਕਾਕੇ ਹੋਰਾਂ ਨੂੰ ਲਲਕਾਰ ਕੇ ਕਿਹਾ। ਉਹ ਭੱਜ ਕੇ ਟਰੱਕ ਕੋਲ ਹੋ ਗਏ।
ਗੋਲੀ ਚਾਰੇ ਪਾਸਿਓਂ ਚੱਲਣੀ ਸੁਰੂ ਹੋ ਗਈ।
ਕਚਿਹਰੀਆਂ ਵਿਚ ਜਿਵੇਂ ਪਰਲੋਂ ਆ ਗਈ ਸੀ।
ਭਗਦੜ ਮੱਚੀ ਹੋਈ ਸੀ। ਸਿਪਾਹੀ ਜਿਵੇਂ ਗੋਲੀ ਚਲਾਉਣਾ ਹੀ ਭੁੱਲ ਗਏ ਸਨ। ਜੱਜ, ਵਕੀਲ, ਰੀਡਰ, ਟਾਈਪਿਸਟ ਅਤੇ ਆਮ ਜਨਤਾ ਖੋਖਿਆਂ ਅਤੇ ਦੁਕਾਨਾਂ ਅੰਦਰ ਵੜ ਗਏ ਸਨ। ਇੱਕ ਅਜੀਬ ਚੀਕ ਚਿਹਾੜਾ ਮੱਚ ਗਿਆ ਸੀ।
ਪੰਜ ਸਿਪਾਹੀ ਵੀ ਭੁੰਨੇ ਜਾ ਚੁੱਕੇ ਸਨ। ਪਰ ਗੁਰਮੀਤ ਅਜੇ ਸਹਿਕ ਰਿਹਾ ਸੀ। ਜੈਲਦਾਰ ਗੁਰਬੰਤ ਤੋਂ ਏ. ਕੇ. 56 ਫੜ ਕੇ ਗੁਰਮੀਤ ਦੀ ਛਾਤੀ 'ਤੇ ਜਾ ਚੜ੍ਹਿਆ।
-"ਕਿਉਂ ਉਏ ਭੈਣ ਦਿਆ ਯਾਰਾ! ਰੱਬ ਬਣਿਆ ਫਿਰਦਾ ਸੀ? ਹੁਣ ਬੋਲ...!" ਉਸ ਨੇ ਗੁਰਮੀਤ ਦੀ ਛਾਤੀ 'ਤੇ ਚੜ੍ਹ ਕੇ ਥਬੂਕੇ ਮਾਰਨੇ ਸੁਰੂ ਕਰ ਦਿੱਤੇ।
-"ਜੈਲਦਾਰਾ...! ਜਲਦੀ ਆ-ਟਾਈਮ ਬਹੁਤ ਘੱਟ ਐ-ਛੇਤੀ ਕਰ...!" ਬੰਬ ਚੀਕਿਆ।
-"ਟੈਮ ਈ ਘੱਟ ਐ-ਨਹੀਂ ਤੇਰੇ ਨਾਲ ਤਾਂ ਆਪਣਾ ਲੰਮਾ ਚੌੜਾ ਹਿਸਾਬ ਸੀ-ਲੈ ਕਰ ਤਿਆਰੀ ਨਰਕਾਂ ਦੀ ਦੁਸ਼ਟਾ!" ਤੇ ਜੈਲਦਾਰ ਨੇ ਦੋ ਫ਼ਾਇਰਾਂ ਨਾਲ ਗੁਰਮੀਤ ਦੀ ਖੋਪੜੀ ਉੜਾ ਦਿੱਤੀ। ਗੁਰਮੀਤ ਦੀ ਚੀਕ ਮੂੰਹ ਅੰਦਰ ਹੀ ਮਰ ਗਈ।
ਨਿਸ਼ਾ ਕਰਕੇ ਜੈਲਦਾਰ ਚੀਤੇ ਵਾਂਗ ਟਰੱਕ ਵਿਚ ਜਾ ਚੜ੍ਹਿਆ।
-"ਸਾਰੇ ਆ ਗਏ ਬਾਈ?" ਗੁਰਬੰਤ ਨੇ ਪੁੱਛਿਆ।
-"ਆਹੋ-ਬੋਲ ਵਾਖਰੂ...!"
ਸਿ਼ਕਾਰੀ ਕੁੱਤੀ ਵਾਂਗ ਟਰੱਕ ਆਪਣੇ ਰਸਤੇ ਪੈ ਗਿਆ। ਕਚਿਹਰੀਆਂ ਵਿਚ "ਹਾੜ" ਬੋਲਣ ਲੱਗ ਪਿਆ ਸੀ। ਦੁਕਾਨਾਂ ਖੋਖਿਆਂ ਵਿਚ ਲਿਟੇ ਹੋਏ ਲੋਕ ਰੱਬ ਦਾ ਨਾਂ ਜਪ ਰਹੇ ਸਨ। ਕਿਸੇ ਦੀ ਬਾਹਰ ਨਿਕਲਣ ਦੀ ਹਿੰਮਤ ਨਹੀਂ ਹੋ ਰਹੀ ਸੀ। ਕੋਈ ਫ਼ੋਰਸ ਨੂੰ ਫ਼ੋਨ ਕਰਨ ਦਾ ਹੀਆਂ ਨਹੀਂ ਕਰਦਾ ਸੀ। ਹਰ ਇੱਕ ਦੇ ਦਿਲ ਵਿਚ ਇਹ ਹੀ ਡਬੱ੍ਹਕ ਸੀ ਕਿ ਕਿਤੇ ਪਤੰਦਰ ਫਿਰ ਨਾ ਇੱਧਰ ਨੂੰ ਮੋੜਾ ਪਾ ਲੈਣ! ਅਣਜਕਿਆਂ ਦਾ ਕੋਈ ਇਤਬਾਰ ਸੀ? ਠਾਣੇਦਾਰ ਗਰੇਵਾਲ, ਹੌਲਦਾਰ, ਛੇ ਸਿਪਾਹੀਆਂ ਸਮੇਤ ਇੱਕ ਨਿਰਦੋਸ਼ ਟਾਈਪਿਸਟ ਵੀ ਮਾਰਿਆ ਗਿਆ ਸੀ, ਜਿਸ ਨੂੰ ਮਾਰਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ। ਨੌਂ ਲਾਸ਼ਾਂ ਕਚਿਹਰੀ ਦੇ ਅਹਾਤੇ ਵਿਚ ਲਾਵਾਰਸਾਂ ਵਾਂਗ ਪਈਆਂ ਸਨ। ਅਹਾਤਾ ਖੂਨ ਨਾਲ ਗੜੁੱਚ ਹੋ ਗਿਆ ਸੀ। ਕੋਈ ਲਾਸ਼ਾਂ ਕੋਲ ਜਾਣ ਲਈ ਦਿਲ ਨਹੀਂ ਕੱਢਦਾ ਸੀ। ਕਚਿਹਰੀਆਂ ਕਿਸੇ ਉਜਾੜ ਜੰਗਲ ਵਾਂਗ ਸੁੰਨੀਆਂ, ਛੂਕ ਰਹੀਆਂ ਸਨ।
ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਸੀ।
ਵਾਰਦਾਤ ਤੋਂ ਕੋਈ ਘੰਟੇ ਬਾਅਦ ਭਾਰੀ ਫ਼ੋਰਸ ਪਹੁੰਚੀ। ਚਾਰੇ ਪਾਸਿਓਂ ਟਰੱਕਾਂ, ਜੀਪਾਂ 'ਤੇ ਫ਼ੋਰਸ ਹੀ ਫ਼ੋਰਸ ਆ ਰਹੀ ਸੀ। ਕਚਿਹਰੀਆਂ ਤੁਰਦੀ-ਫਿਰਦੀ "ਹਰੇਵਾਈ" ਨਾਲ ਭਰ ਗਈਆਂ ਸਨ। ਜਿੱਥੇ ਇੱਕ ਘੰਟਾ ਪਹਿਲਾਂ ਉਲੂ ਬੋਲਦੇ ਸਨ, ਹੁਣ ਤਿਲ ਸੁੱਟਣ ਲਈ ਥਾਂ ਨਹੀਂ ਸੀ। ਕਚਿਹਰੀਆਂ ਇੱਕ ਤਰ੍ਹਾਂ ਨਾਲ ਛਾਉਣੀ ਵਿਚ ਬਦਲ ਗਈਆਂ ਸਨ। ਜਿੱਥੋਂ ਤੱਕ ਨਜ਼ਰ ਜਾਂਦੀ ਸੀ, ਫ਼ੋਰਸ ਦੇ ਟਰੱਕ ਅਤੇ ਜੀਪਾਂ ਹੀ ਦਿਸਦੀਆਂ ਸਨ। ਸਾਰਾ ਇਲਾਕਾ ਸੀਲ ਕਰ ਦਿੱਤਾ, ਰੈੱਡ ਅਲਰਟ ਹੋ ਗਿਆ। ਸੈਨਿਕਾਂ ਨੇ ਬੰਦੂਕਾਂ ਦੇ ਬੱਟ ਮਾਰ-ਮਾਰ ਆਮ ਜਨਤਾ ਖੋਖਿਆਂ ਅਤੇ ਦੁਕਾਨਾਂ 'ਚੋਂ ਬਾਹਰ ਕੱਢ ਲਈ। ਬੇਕਸੂਰ ਵਾਧੂ ਦੇ ਕੁੱਟੇ ਜਾ ਰਹੇ ਸਨ। ਕੋਈ ਤਾਰੀਕ ਭੁਗਤਣ ਆਇਆ ਸੀ, ਕੋਈ ਸੌਦਾ-ਪੱਤਾ ਲੈਣ ਆਇਆ ਸੀ, ਕੋਈ ਕਿਸੇ ਕੰਮ ਆਇਆ ਸੀ। ਲੋਕ ਸੋਚਦੇ ਸਨ ਕਿ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ 'ਤੇ? ਵਾਰਦਾਤ ਖਾੜਕੂ ਕਰ ਕੇ ਗਏ ਐ, ਬੰਦੇ ਖਾੜਕੂ ਮਾਰ ਕੇ ਗਏ ਐ, ਆਪਦੇ ਬੰਦੇ ਖਾੜਕੂ ਛੁਡਾ ਕੇ ਲੈ ਕੇ ਗਏ ਐ, ਫਿਰ ਸਾਡੇ 'ਤੇ ਕਾਹਦਾ ਰੰਜ? ਅੱਗ ਲੱਗੀ ਜਗਰਾਵੀਂ ਧੂੰਆਂ ਨਿਕਲੇ ਬੋਪਾਰਾਮੀਂ? ਇਹ ਉਹਨਾਂ ਦਾ ਪਿੱਛਾ ਕਿਉਂ ਨਹੀਂ ਕਰਦੇ? ਕਣਕ ਬੱਕਰੀ ਚਰ ਗਈ ਦੋਸ਼ ਵਿਚਾਰੇ ਲੇਲੇ ਨੂੰ? ਇਹ ਕਿੱਧਰਲਾ ਇਨਸਾਫ਼? ਕਰੇ ਕੋਈ ਭਰੇ ਕੋਈ? ਆਮ ਜਨਤਾ ਗੁਲਾਮਾਂ ਵਾਂਗ ਕਚਿਹਰੀਆਂ ਵਿਚ ਬਿਠਾਈ ਹੋਈ ਸੀ। ਹੈੱਡ-ਆਫਿ਼ਸ ਅਤੇ ਵਾਇਰਲੈੱਸ ਆਪਰੇਟਰ ਦੀ ਇੰਨਫ਼ਾਰਮੇਸ਼ਨ ਮੁਤਾਬਿਕ ਪੁਲੀਸ-ਮੁਖੀ ਅੱਧੇ ਘੰਟੇ ਵਿਚ ਵਕੂਏ ਵਾਲੀ ਜਗਾਹ 'ਤੇ ਪੁੱਜਣ ਵਾਲਾ ਸੀ। ਹਾਲਾਤ 'ਨਾਰਮਲ' ਦਿਖਾਉਣ ਲਈ ਫ਼ੋਰਸ ਨੇ ਜ਼ਬਰਦਸਤੀ ਖੋਖੇ ਅਤੇ ਦੁਕਾਨਾਂ ਖੁੱਲ੍ਹਵਾਉਣੀਆਂ ਸੁਰੂ ਕਰ ਦਿੱਤੀਆਂ। ਦੁਕਾਨਦਾਰਾਂ ਦੇ ਬੰਦੂਕਾਂ ਦੇ ਬੱਟ ਮਾਰ-ਮਾਰ ਪਾਸੇ ਸੇਕ ਦਿੱਤੇ ਅਤੇ ਦੁਕਾਨਾਂ ਹਰ ਹਾਲਤ ਵਿਚ ਖੁੱਲ੍ਹੀਆਂ ਰੱਖਣ ਦਾ "ਮੁਗਲੀ-ਆਰਡਰ" ਹੋ ਗਿਆ।
ਦੁਕਾਨਦਾਰ ਦੁਕਾਨਾਂ ਵਿਚ ਬਿਠਾਏ ਹੀ ਨਹੀਂ, ਸਗੋਂ ਇੱਕ ਤਰ੍ਹਾਂ ਨਾਲ ਫਿੱਟ ਕਰ ਦਿੱਤੇ ਗਏ। ਆਮ ਜਨਤਾ ਨੂੰ ਕਚਿਹਰੀਆਂ ਵਿਚੋਂ ਉਠਾ ਕੇ ਦੋ-ਦੋ, ਚਾਰ-ਚਾਰ ਦੀ ਗਿਣਤੀ ਵਿਚ ਦੁਕਾਨਾਂ ਅੱਗੇ ਗਾਹਕ ਬਣਾ ਕੇ ਖੜ੍ਹਾ ਕਰ ਦਿੱਤਾ ਗਿਆ, ਤਾਂ ਕਿ ਜਦ ਦੂਰਦਰਸ਼ਨ ਵਾਲੇ ਅਤੇ ਪੱਤਰਕਾਰ ਆਉਣ ਤਾਂ ਹਾਲਾਤਾਂ 'ਤੇ ਪੂਰਨ ਤੌਰ 'ਤੇ ਕਾਬੂ ਪਾਇਆ ਹੋਇਆ ਨਜ਼ਰ ਆਵੇ। ਜਨਤਾ ਅਤੇ ਦੁਕਾਨਦਾਰ ਬੜੀ ਕਸੂਤੀ ਸਥਿਤੀ ਵਿਚ ਫ਼ਸੇ ਹੋਏ ਸਨ। ਅੱਗ ਵਿਚ ਘਿਰੇ ਕਤੂਰੇ ਵਾਂਗ!
ਅਖੀਰ ਕੋਈ ਡੇੜ੍ਹ ਘੰਟੇ ਬਾਅਦ ਜਦ ਪੰਜਾਬ ਦਾ ਪੁਲੀਸ-ਮੁਖੀ ਪਹੁੰਚਿਆ ਤਾਂ ਲੋਕਾਂ ਨੇ ਕੁਝ ਰਾਹਤ ਜਿਹੀ ਮਹਿਸੂਸ ਕੀਤੀ। ਫ਼ੋਰਸ ਦੀ ਸਖ਼ਤਾਈ ਵੀ ਕੁਝ ਕੁ ਢਿੱਲੀ ਪੈ ਗਈ। ਦੂਰਦਰਸ਼ਨ ਵਾਲੇ ਅਤੇ ਪੱਤਰਕਾਰ ਆਪਣੇ ਧੰਦੀਂ ਜੁਟੇ ਹੋਏ ਸਨ। ਪੁਲੀਸ-ਮੁਖੀ ਨੂੰ ਸੁਆਲ ਪੁੱਛੇ ਜਾ ਰਹੇ ਸਨ। ਮਰੇ ਪੁਲੀਸ ਕਰਮਚਾਰੀਆਂ ਦੀਆਂ ਫ਼ੋਟੋਆਂ ਖਿੱਚੀਆਂ ਜਾ ਰਹੀਆਂ ਸਨ। ਆਮ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਸੀ। ਪਰ ਡਰਦਾ ਕੋਈ ਮੂੰਹ ਨਹੀਂ ਖੋਲ੍ਹਦਾ ਸੀ। ਖੋਲ੍ਹਦਾ ਵੀ ਕਿਉਂ? ਜਾਂਦੀਏ ਬਲਾਏ ਦੁਪਿਹਰਾ ਕੱਟ ਜਾਹ - ਕਿਉਂ ਕੋਈ ਮੱਲੋਮੱਲੀ ਬੋਲ਼ੇ ਖੂਹ ਵਿਚ ਛਾਲ਼ ਮਾਰਦਾ? ਲੋਕ ਬੱਸ ਇਕ ਹੀ ਘੜ੍ਹਿਆ ਘੜ੍ਹਾਇਆ ਉੱਤਰ ਦੇ ਛੱਡਦੇ, "ਅਸੀਂ ਤਾਂ ਜੀ ਜਦੋਂ ਗੋਲੀ ਚੱਲੀ-ਜਾਨ ਬਚਾਉਂਦੇ ਦੁਕਾਨਾਂ 'ਚ ਜਾ ਡਿੱਗੇ-ਹੋਰ ਕੁਝ ਸੁੱਝਿਆ ਈ ਨਹੀਂ-ਚਾਰੇ ਪਾਸਿਓਂ ਤਾਂ ਅੱਗ ਵਰ੍ਹਨ ਲੱਗਪੀ ਸੀ-ਹੋਰ ਕੀ ਕਰਦੇ?" ਜੇ ਕੋਈ ਪੱਤਰਕਾਰ ਸੁਆਲ ਕਰਦਾ, "ਅੱਤਿਵਾਦੀ ਕਿੰਨੇ ਕੁ ਸੀ ਗਿਣਤੀ 'ਚ?" ਤਾਂ ਫਿਰ ਅੱਗੋਂ ਉੱਤਰ ਮਿਲਦਾ, "ਭਰਾਵਾ ਅੱਗ ਲੱਗੀ ਤੋਂ ਮਸ਼ਕਾਂ ਦਾ ਭਾਅ ਕਿਸੇ ਨੇ ਪੁੱਛਿਐ? ਉਹ ਤਾਂ ਰੱਬ ਤੇਰਾ ਭਲਾ ਕਰੇ-ਗਰਨ ਦੇਣੇ ਆਏ-ਪਤੰਦਰਾਂ ਨੇ ਆ ਦੇਖਿਆ ਨਾ ਤਾਅ-ਆਉਣਸਾਰ ਅੱਗ ਮਚਾਤੀ-ਅਸੀਂ ਤਾਂ ਜਿੱਧਰ ਨੂੰ ਮੂੰਹ ਹੋਇਆ ਕੁੱਤੇ ਮਾਂਗੂੰ ਤੀੜ ਦੇ ਲਈ-ਇਹ ਤਾਂ ਜਿਉਂਦੇ ਰਹਿਣ ਆਹ ਦੁਕਾਨਾਂ ਆਲੇ ਬਾਈ-ਜਿੰਨ੍ਹਾਂ ਨੇ ਸਾਨੂੰ ਲੁਕਣ ਨੂੰ ਟਿਕਾਣਾ ਦੇਤਾ-ਨਹੀਂ ਤਾਂ ਅਸੀਂ ਵੀ ਔਹਨਾਂ ਮਾਂਗੂੰ ਕਿਸੇ ਖੂੰਜੇ ਬੱਕਰੇ ਮਾਂਗੂੰ 'ਕੱਠੇ ਕੀਤੇ ਪਏ ਹੁੰਦੇ।" ਸਿੱਧੇ ਸਾਦੇ ਕਿਸਾਨ ਦੇ ਬਿਆਨਾਂ 'ਤੇ ਪੱਤਰਕਾਰ ਹੱਸ ਪਏ।
ਸਾਰਾ ਕਰਮ-ਕਾਂਡ ਨਿਰਖਣ ਤੋਂ ਬਾਅਦ ਪੁਲੀਸ-ਮੁਖੀ ਨੇ ਲਾਸ਼ਾਂ ਪੋਸਟ ਮਾਰਟਮ ਲਈ ਹਸਪਤਾਲ ਲੈ ਜਾਣ ਦਾ ਹੁਕਮ ਦਿੱਤਾ ਅਤੇ ਸ਼ਹਿਰ ਵਿਚ ਕਰਫਿ਼ਊ ਲਗਾ ਦਿੱਤਾ ਗਿਆ। ਦਫ਼ਾ ਇੱਕ ਸੌ ਚੁਤਾਲੀ ਲਾਗੂ ਕਰ ਦਿੱਤੀ ਗਈ। ਘਰੋਂ ਬਾਹਰ ਨਿਕਲਣ ਵਾਲੇ ਨੂੰ ਤੁਰੰਤ ਗੋਲੀ ਮਾਰ ਦੇਣ ਦਾ ਐਲਾਨ ਹੋ ਗਿਆ। ਦੁਕਾਨਦਾਰ ਦੁਕਾਨਾਂ, ਖੋਖੇ ਬੰਦ ਕਰ ਘਰਾਂ ਨੂੰ ਰੇਵੀਏ ਪੈ ਗਏ। ਤੁਰਦੀ ਫਿਰਦੀ ਜਿ਼ੰਦਗੀ ਦਾ ਇੱਕ ਤਰ੍ਹਾਂ ਨਾਲ ਗਲਾ ਘੁੱਟ ਦਿੱਤਾ ਗਿਆ। ਸੰਘੀ ਨੱਪ ਦਿੱਤੀ ਗਈ।
ਕਰਫਿ਼ਊ ਵਿਚ ਕੋਈ ਢਿੱਲ ਨਹੀਂ ਦਿੱਤੀ ਗਈ ਸੀ। ਕੋਈ ਖਾਣ ਪੀਣ ਦੀ ਚੀਜ਼ ਲੈਣ ਬਾਹਰ ਨਹੀਂ ਜਾ ਸਕਦਾ ਸੀ। ਹੋਰ ਤਾਂ ਹੋਰ, ਕੋਈ ਬੇਜੁਬਾਨ ਪਸੂਆਂ ਲਈ ਚਾਰਾ ਨਹੀਂ ਲਿਆ ਸਕਦਾ ਸੀ। ਘਰਾਂ ਅੰਦਰ ਭੁੱਖੇ ਬੱਚੇ ਮਾਪਿਆਂ ਦੀ ਜਾਨ ਨੂੰ ਰੋ ਰਹੇ ਸਨ ਅਤੇ ਮਾਪੇ ਸਰਕਾਰ ਦੀ ਜਾਨ ਨੂੰ! ਖੁਰਲੀਆਂ 'ਤੇ ਬੰਨ੍ਹੇ ਪਸੂ ਗੇੜਾ ਬੰਨ੍ਹੀਂ ਅੜਿੰਗ ਰਹੇ ਸਨ। ਮਾਲਕਾਂ ਨੂੰ ਦਰਦ ਤਾਂ ਬਥੇਰ੍ਹਾ ਆਉਂਦਾ ਸੀ, ਪਰ ਕੀ ਕਰਦੇ? ਆਪ ਢਿੱਡੋਂ ਭੁੱਖੇ ਮਾਲਕ ਸਰਕਾਰ ਦਾ ਗੁੱਸਾ ਵਿਚਾਰੇ ਪਸੂਆਂ ਨੂੰ ਕੁੱਟ-ਕੁੱਟ ਕੇ ਕੱਢ ਰਹੇ ਸਨ।
ਸ਼ਾਮ ਨੂੰ ਪੰਜ ਵਜੇ ਕੁਝ ਵੱਡੇ ਅਫ਼ਸਰਾਂ ਨਾਲ ਮੀਟਿੰਗ ਕਰਕੇ ਪੁਲੀਸ-ਮੁਖੀ ਦਾ ਹੈਲੀਕਾਪਟਰ ਉਡਾਰੀ ਮਾਰ ਗਿਆ।
ਕਰਫਿ਼ਊ ਇੱਕ ਘੰਟੇ ਲਈ ਹਟਾ ਦਿੱਤਾ ਗਿਆ। ਲੋਕ ਟਿੱਡੀ-ਦਲ ਵਾਂਗ ਬਾਹਰ ਨਿਕਲ ਆਏ। ਪ੍ਰੀਵਾਰ ਦੇ ਮੈਂਬਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ। ਇੱਕ ਘੰਟਾ ਕੀ ਹੁੰਦਾ ਹੈ? ਕੁਝ ਵੀ ਨਹੀਂ! ਕੋਈ ਪਸੂਆਂ ਲਈ ਪੱਠੇ ਲੈਣ ਚੜ੍ਹ ਗਿਆ, ਕੋਈ ਸਬਜ਼ੀ ਲੈਣ, ਕੋਈ ਦੁੱਧ ਲੈਣ ਭੱਜ ਗਿਆ ਅਤੇ ਕੋਈ ਆਟਾ ਲੈਣ!
ਇੱਕ ਘੰਟੇ ਬਾਅਦ ਫ਼ੋਰਸ ਨੇ ਗਸ਼ਤ ਸੁਰੂ ਕਰ ਦਿੱਤੀ। ਜੇ ਕੋਈ ਸੜਕ 'ਤੇ ਦਿਸਦਾ ਤਾਂ ਉਸ ਦੇ ਟਿਕਾਅ ਕੇ ਛਿੱਤਰ ਪੌਲਾ ਕੀਤਾ ਜਾਂਦਾ। ਅਗਲਾ ਸਪਸ਼ਟੀਕਰਨ ਦੇਣ ਲੱਗਦਾ ਤਾਂ ਠੁੱਡ ਵਰ੍ਹਨ ਲੱਗ ਪੈਂਦੇ। ਅਜੀਬ ਅਤੇ ਗੰਭੀਰ ਔਕੜ ਆਮ ਜਨਤਾ ਲਈ ਖੜ੍ਹੀ ਹੋਈ ਪਈ ਸੀ। ਆਟੇ ਨਾਲ ਘੁਣ ਪੀਸਿਆ ਜਾ ਰਿਹਾ ਸੀ। ਲੋਕ ਦੂਹਰੀ ਮਾਰ ਖਾ ਰਹੇ ਸਨ।
ਪਿੰਡਾਂ ਤੋੰ ਆਏ ਲੋਕ ਕਰਫਿ਼ਊ ਵਿਚ ਫ਼ਸ ਗਏ ਸਨ। ਪਿੱਛੇ ਘਰਦਿਆਂ ਨੂੰ ਤੇ ਇੱਧਰ ਫ਼ਸਿਆਂ ਹੋਇਆਂ ਨੂੰ ਇੱਕ-ਦੂਜੇ ਦਾ ਫਿ਼ਕਰ ਤੋੜ-ਤੋੜ ਖਾ ਰਿਹਾ ਸੀ। ਲੋਕ ਆਪਣੇ ਆੜ੍ਹਤੀਆਂ ਦੀਆਂ ਦੁਕਾਨਾਂ ਅੰਦਰ ਬੋਰੀਆਂ ਵਿਛਾਈ ਪਏ ਖ਼ਾੜਕੂਆਂ ਅਤੇ ਫ਼ੋਰਸ ਨੂੰ ਕੋਸ ਰਹੇ ਸਨ। ਕੋਈ ਤਪਿਆ ਹੋਇਆ ਸਰਕਾਰ ਨੂੰ ਗਾਲੀ ਗਲੋਚ ਕਰ ਰਿਹਾ ਸੀ।
ਬਾਣੀਏਂ ਡਰਦੇ ਮਾਰੇ ਬੂਝੜ ਜੱਟਾਂ ਦੇ ਮੂੰਹ ਮੂਹਰੇ ਹੱਥ ਦੇ ਰਹੇ ਸਨ।
-"ਸਰਦਾਰੋ ਮੇਰੇ ਪਿਉ ਦੀ ਦੁਹਾਈ ਐ-ਚੁੱਪ ਕਰਕੇ ਰਾਤ ਕੱਟਲੋ! ਸਹੁੰ ਦੇਵੀ ਦੀ ਮੈਂ ਮੁੜ ਕੇ ਥੋਨੂੰ ਦੁਕਾਨ 'ਚ ਈ ਨਹੀਂ ਵੜਨ ਦਿੰਦਾ-ਜੇ ਥੋਡੀਆਂ ਜੱਟਾਂ ਆਲੀਆਂ ਗੱਲਾਂ ਫ਼ੋਰਸ ਨੇ ਸੁਣ ਲਈਆਂ-ਥੋਡੇ ਨਾਲ ਮੈਂ ਵੀ ਮਾਰਿਆ ਜਾਊਂ-ਸਹੁੰ ਦੇਵੀ ਮਾਤਾ ਦੀ ਉਹ ਤਾਂ ਕੁੱਟਣ ਲੱਗੇ ਵੀ ਅੱਗਾ ਪਿੱਛਾ ਨਹੀਂ ਦੇਖਦੇ ਮੇਰੇ ਆਰ! ਏ ਆਹ ਲਓ ਥੋਡੇ ਮੂਹਰੇ ਦੋਨੋਂ ਹੱਥ ਬੰਨ੍ਹੇ-ਚੁੱਪ ਕਰਜੋ ਮੇਰੇ ਬਾਈ ਬਣਕੇ-ਸਹੁੰ ਲਾਟਾਂ ਆਲੀ ਦੀ ਆਹ ਦੋਵੇਂ ਹੱਥ ਜੋੜਦੈਂ ਥੋਡੇ ਮੂਹਰੇ-!"
ਜੇ ਕੋਈ ਜੱਟ ਆਖਦਾ:
-"ਸੇਠਾ ਕਿਉਂ ਮੋਕ ਮਾਰਦੈਂ? ਅਸੀਂ ਵੀ ਤਾਂ ਤੇਰੇ ਨਾਲ ਈ ਐਂ।" ਤਾਂ ਸੇਠ ਫਿਰ ਬਹੁੜੀ ਘੱਤਦਾ:
-"ਮੇਰੇ ਆਰ ਤੁਸੀਂ ਜੱਟ ਤਾਂ ਡੁੰਨ ਐਂ-ਪਤਾ ਨਹੀਂ ਕਿਹੜੇ ਪੱਥਰ ਦੇ ਬਣੇ ਐਂ? ਥੋਡੇ ਤਾਂ ਜੇ ਚਾਰ ਵੱਜੀਆਂ ਥੋਨੂੰ ਪਤਾ ਈ ਨਹੀਂ ਲੱਗਣਾ-ਮੇਰਾ ਤਾਂ ਮੇਰੇ ਆਰ ਸਿਆਣਿਆਂ ਦੇ ਕਹਿਣ ਮਾਂਗੂੰ ਸੁੱਖ ਨਾਲ ਬਾਹਣ ਹੋਜੂ-ਮਾਤਾ ਰਾਣੀ ਭਲੀ ਕਰੇ-ਸਿਆਣੇ ਮੇਰੇ ਆਰ ਐਮੇਂ ਨਹੀਂ ਆਖਦੇ ਬਈ ਜੱਟ ਤੇ ਬਲਾਅ ਤੋਂ ਰਾਮ ਬਚਾਵੇ-ਤੁਸੀਂ ਹੁਣ ਪੈਜੋ ਮੇਰੇ ਵੀਰ!"
ਆੜ੍ਹਤੀਆਂ ਨੇ "ਰਾਮ-ਰਾਮ" ਕਰਕੇ ਰਾਤ ਕੱਢੀ। ਉਹਨਾਂ ਨੂੰ ਅਗਲੀ ਰਾਤ ਦਾ ਫਿਕਰ ਖਾਣ ਲੱਗ ਪਿਆ ਕਿ ਕਿਤੇ ਕਰਫਿ਼ਊ ਲੰਮਾ ਨਾ ਪੈ ਜਾਵੇ। ਜੱਟ ਜਮਦੂਤਾਂ ਨੇ ਤਾਂ ਢੀਠ ਸਾਧ ਵਾਂਗ ਇੱਥੇ ਹੀ ਡੇਰਾ ਜਮਾਈ ਰੱਖਣਾ ਸੀ। ਉਹ ਦੇਵੀ ਮਾਤਾ ਅੱਗੇ ਕਰਫਿ਼ਊ ਹਟਾਉਣ ਦੀਆਂ ਡੰਡਾਉਤਾਂ ਘੱਤ ਰਹੇ ਸਨ। ਹਨੂੰਮਾਨ ਬਜਰੰਗ ਬਲੀ ਅੱਗੇ ਨੱਕ ਰਗੜ ਰਹੇ ਸਨ। ਰਾਮ ਨਾਮ ਧਿਆ ਰਹੇ ਸਨ।
ਅਖੀਰ ਬਾਣੀਆਂ ਦੀਆਂ ਡੰਡਾਉਤਾਂ ਮਨਜੂਰ ਹੋ ਗਈਆਂ। ਸਵੇਰੇ ਅੱਠ ਵਜੇ ਕਰਫਿ਼ਊ ਮੁਕੰਮਲ ਤੌਰ 'ਤੇ ਹਟਾ ਦਿੱਤਾ ਗਿਆ। ਉਹਨਾਂ ਨੇ ਹੱਥ ਜੋੜ-ਜੋੜ ਜੱਟ ਦੁਕਾਨਾਂ 'ਚੋਂ ਕੱਢੇ ਸਨ। ਜੱਟਾਂ ਨੂੰ ਤੋਰ ਕੇ ਸੇਠਾਂ ਨੇ ਮਸਾਂ ਹੀ ਸੁਖ ਦਾ ਸਾਹ ਲਿਆ ਸੀ। ਜਿਹੜੇ ਜੱਟਾਂ ਦੇ ਸਿਰ 'ਤੇ ਬਾਣੀਏਂ ਸ਼ਾਹ ਬਣੇ ਬੈਠੇ ਸਨ। ਉਹ ਹੀ ਜੱਟ ਉਹਨਾਂ ਨੂੰ ਇੱਕ ਰਾਤ ਵਿਚ ਬੱਜਰ-ਬੋਝ ਨਜ਼ਰ ਆਉਣ ਲੱਗ ਪਏ ਸਨ। ਤੁਰਦੇ ਜੱਟ, ਜਿਉਣ ਸਿਉਂ ਕੇ ਦਰਸ਼ਣ ਨੇ ਕਿਹਾ ਸੀ:
-"ਛੇਠਾ! ਇੱਕ ਰਾਤ 'ਚ ਈ ਹਥਿਆਰ ਸਿੱਟ ਗਿਐਂ? ਤੂੰ ਸਾਡੇ ਕੋਲੇ ਆਜੀਂ ਚਾਹੇ ਮਹੀਨਾ ਰਹੀਂ-ਮਰਜੀ ਹੋਈ ਸਾਰਾ ਟੱਬਰ ਈ ਨਾਲ ਲੈਂਦਾ ਆਈਂ-ਰੋਟੀ ਨਾਲ ਰੋਟੀ ਤੇ ਦੁੱਧ ਨਾਲ ਦੁੱਧ ਮਿਲੂਗਾ ਸਾਰਿਆਂ ਨੂੰ-ਸਾਨੂੰ ਤਾਂ ਮਾਰਤਾ ਤੂੰ ਭੁੱਖੇ-ਉਤੋਂ ਸਾਰੀ ਰਾਤ ਬਰੜਾਟ ਕਰੀ ਗਿਐਂ।"
-"ਸਰਦਾਰੋ ਤੁਸੀਂ ਹੋਏ ਜੱਟ ਬੂਟ-ਅਸੀਂ ਹੋਏ ਬਾਣੀਆਂ ਜਾਤ-ਅਸੀਂ ਥੋਡੇ ਨਾਲ ਮਿਲਗੇ? ਥੋਡੇ ਦਿਲ ਮੇਰੇ ਆਰ ਪਰਾਂਤਾਂ ਜਿੱਡੇ ਜਿੱਡੇ-ਸਾਡੇ ਦਿਲ ਹੋਏ ਉਸ ਗੱਲ ਦੇ ਆਖਣ ਮਾਂਗੂੰ ਚਿੜੀ ਦੇ ਬੱਚੇ ਅਰਗੇ-ਸਾਡਾ ਥੋਡਾ ਕੀ ਮੇਲ? ਦੱਸ ਮੇਰੇ ਆਰ ਅਸੀਂ ਥੋਡੀ ਰੀਸ ਕਿਵੇਂ ਕਰਾਂਗੇ?" ਬਾਣੀਆਂ ਨੂੰ ਜੱਟ ਵਡਿਆਉਣ ਦਾ ਪੂਰਾ ਤਜ਼ਰਬਾ ਸੀ। ਵੱਡੇ ਬਜੁਰਗਾਂ ਤੋਂ ਸੇਠਾਂ ਨੇ ਇਹ ਹੀ ਸਿੱਖਿਆ ਸੀ ਕਿ ਜੱਟ ਨੂੰ ਫੂਕ ਦੇ ਕੇ ਚਾਹੇ ਬੰਦਾ ਮਰਵਾ ਲਵੋ। ਬੱਸ! ਇੱਕ ਵਾਰ ਕਹਿਣ ਦੀ ਦੇਰ ਐ, "ਯਾਰ ਜੱਟ ਦਾ ਪੁੱਤ ਐਂ।" ਫੇਰ ਚਾਹੇ ਉਸ ਨੂੰ ਗੱਡੇ ਅੱਗੇ ਜੋੜ ਲਓ, ਬਿਲਕੁਲ ਅੱਖ ਵਿਚ ਪਾਇਆ ਨਹੀਂ ਰੜਕਦਾ।
ਬਾਅਦ ਦੁਪਿਹਰ ਜਾ ਕੇ ਸ਼ਹਿਰ ਵਿਚ ਅਖ਼ਬਾਰਾਂ ਪਹੁੰਚੀਆਂ। ਅਖ਼ਬਾਰਾਂ ਵਿਕੀਆਂ ਨਹੀਂ, ਇੱਕ ਤਰ੍ਹਾਂ ਨਾਲ ਉੱਡ ਹੀ ਗਈਆਂ ਸਨ। ਤਮਾਮ ਅਖ਼ਬਾਰਾਂ ਦੇ ਮੁੱਖ ਪੰਨਿਆਂ ਉਪਰ ਵੱਡੀਆਂ-ਵੱਡੀਆਂ ਫ਼ੋਟੋਆਂ ਸਮੇਤ ਮੋਟੀਆਂ ਸੁਰਖੀਆਂ ਸਨ:
-ਮੋਗਾ ਕਚਿਹਰੀਆਂ ਵਿਚ ਦਿਨ ਦਿਹਾੜੇ ਖ਼ਾੜਕੂਆਂ ਵੱਲੋਂ ਅੰਧਾਧੁੰਦ ਫ਼ਾਇਰਿੰਗ!
-ਠਾਣੇਦਾਰ, ਹੌਲਦਾਰ ਅਤੇ ਸਿਪਾਹੀਆਂ ਸਮੇਤ ਅੱਠ ਪੁਲੀਸ ਕਰਮਚਾਰੀ ਹਲਾਕ!!
-ਅੰਨ੍ਹੇਵਾਹ ਹੋਈ ਫ਼ਾਇਰਿੰਗ ਵਿਚ ਇੱਕ ਟਾਈਪਿਸਟ ਵੀ ਮਾਰਿਆ ਗਿਆ-ਪੰਜ ਵੱਖੋ ਵੱਖ ਖ਼ਾੜਕੂ ਜੱਥੇਬੰਦੀਆਂ ਨੇ ਜਿ਼ੰਮੇਵਾਰੀ ਕਬੂਲੀ-ਸ਼ਹਿਰ ਵਿਚ ਕਰਫਿ਼ਊ-ਖ਼ਾੜਕੂ ਆਪਣੇ ਦੋ ਸਾਥੀ ਛੁਡਾ ਕੇ ਫ਼ਰਾਰ ਹੋਣ ਵਿਚ ਸਫ਼ਲ-ਲੋਕਾਂ ਵਿਚ ਭਾਰੀ ਸਹਿਮ!!
ਮੋਗਾ: (ਵਿਸ਼ੇਸ਼ ਪ੍ਰਤੀਨਿੱਧ) - ਕੱਲ੍ਹ ਸਵੇਰੇ ਕਰੀਬ ਪੌਣੇ ਦਸ ਵਜੇ ਪੰਜ ਵੱਖੋ-ਵੱਖਰੀਆਂ ਜੱਥੇਬੰਦੀਆਂ ਵੱਲੋਂ ਸੰਘਣੀ ਆਵਾਜਾਈ ਵਾਲੀਆਂ ਕਚਿਹਰੀਆਂ ਵਿਚ ਅੰਧਾ-ਧੁੰਦ ਫ਼ਾਇਰਿੰਗ ਕੀਤੀ ਗਈ। ਸਿੱਟੇ ਵਜੋਂ ਠਾਣੇਦਾਰ, ਹੌਲਦਾਰ ਅਤੇ ਸਿਪਾਹੀਆਂ ਸਮੇਤ ਪੁਲੀਸ ਦੇ ਅੱਠ ਕਰਮਚਾਰੀ ਮੌਕੇ 'ਤੇ ਹੀ ਹਲਾਕ ਹੋ ਗਏ। ਇੱਕ ਟਾਈਪਿਸਟ ਵੀ ਗੋਲੀਆਂ ਦੀ ਮਾਰ ਹੇਠ ਆ ਕੇ ਦਮ ਤੋੜ ਗਿਆ। ਕਚਿਹਰੀਆਂ ਦੇ ਅਹਾਤੇ ਦਾ ਦ੍ਰਿਸ਼ ਇਤਨਾ ਹਿਰਦੇਵੇਧਕ ਸੀ ਕਿ ਸਾਰੇ ਅਹਾਤੇ ਵਿਚ ਲਾਸ਼ਾਂ ਅਤੇ ਖੂਨ ਡੁੱਲ੍ਹਿਆ ਪਿਆ ਸੀ ਅਤੇ ਕਚਿਹਰੀਆਂ ਸੁੰਨਸਾਨ ਸਨ।
-ਮੌਕੇ ਦੇ ਗਵਾਹਾਂ ਦੇ ਬਿਆਨਾਂ ਅਨੁਸਾਰ ਖ਼ਾੜਕੂ ਇੱਕ ਟਰੱਕ 'ਤੇ ਆਏ ਅਤੇ ਉਹਨਾਂ ਨੇ ਆਉਣ ਸਾਰ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ। ਕਚਿਹਰੀਆਂ ਵਿਚ ਬੂ-ਪਾਹਰਿਆ ਮੱਚ ਗਈ ਅਤੇ ਲੋਕਾਂ ਨੇ ਕਚਿਹਰੀਆਂ ਸਥਿੱਤ ਹੋਟਲਾਂ ਅਤੇ ਦੁਕਾਨਾਂ ਵਿਚ ਛੁਪ ਕੇ ਆਪਣੀ ਜਾਨ ਬਚਾਈ। ਇੱਕ ਟਾਈਪਿਸਟ, ਜਿਹੜਾ ਆਪਣੇ ਖੋਖੇ 'ਚੋਂ ਅਚਾਨਕ ਬਾਹਰ ਨਿਕਲਿਆ, ਗੋਲੀਆਂ ਲੱਗਣ ਕਾਰਨ ਥਾਂ 'ਤੇ ਹੀ ਮਾਰਿਆ ਗਿਆ। ਖ਼ਾੜਕੂ ਆਪਣੇ ਦੋ ਸਾਥੀ ਪ੍ਰੀਤਮ ਸਿੰਘ ਜੈਲਦਾਰ ਅਤੇ ਮਨਪ੍ਰੀਤ ਸਿੰਘ ਕਾਕਾ, ਜੋ ਕਿ "ਦੁਸ਼ਟ ਸੋਧ ਕਮਾਂਡੋ ਫ਼ੋਰਸ" ਨਾਲ ਸਬੰਧਿਤ ਹਨ, ਨੂੰ ਛੁਡਾ ਕੇ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ!
-ਵਾਕੇ ਤੋਂ ਤਕਰੀਬਨ ਘੰਟੇ ਬਾਅਦ ਘਟਨਾ ਸਥਾਨ 'ਤੇ ਭਾਰੀ ਫ਼ੋਰਸ ਪਹੁੰਚੀ ਅਤੇ ਤਮਾਮ ਇਲਾਕਾ ਸੀਲ ਕਰ ਦਿੱਤਾ ਗਿਆ। ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਵਾਰਦਾਤ ਦੀ ਜਿ਼ੰਮੇਵਾਰੀ ਪੰਜ ਵੱਖੋ-ਵੱਖਰੀਆਂ ਖ਼ਾੜਕੂ ਜੱਥੇਬੰਦੀਆਂ ਦੇ ਮੁਖੀਆਂ ਨੇ ਆਪਣੇ ਸਿਰ ਲਈ ਹੈ। ਇੱਕ ਸਾਂਝੇ ਲੈਟਰ-ਪੈਡ 'ਤੇ ਲਈ ਜਿ਼ੰਮੇਵਾਰੀ ਵਿਚ ਇਹ ਵੀ ਲਿਖਿਆ ਹੈ ਕਿ ਉਹਨਾਂ ਨੇ ਸਿਰਫ਼ ਠਾਣੇਦਾਰ ਗੁਰਪ੍ਰੀਤ ਸਿੰਘ ਗਰੇਵਾਲ ਅਤੇ ਉਸ ਦੇ ਬੁੱਚੜ ਕਰਮਚਾਰੀਆਂ ਨੂੰ ਹੀ ਸੋਧਾ ਲਾਉਣਾ ਸੀ, ਨਿਰਦੋਸ਼ ਮਾਰੇ ਗਏ ਟਾਈਪਿਸਟ ਦਾ ਉਹਨਾਂ ਨੂੰ ਅਤੀਅੰਤ ਦੁੱਖ ਹੈ। ਇਸ ਮਾਰੇ ਗਏ ਬੇਕਸੂਰ ਟਾਈਪਿਸਟ ਦੇ ਮਰਨ ਸਬੰਧੀ ਉਹਨਾਂ ਨੇ ਮੁਆਫ਼ੀ ਵੀ ਮੰਗੀ ਹੈ। ਇਸ ਲਈ ਗਈ ਜਿ਼ੰਮੇਵਾਰੀ ਵਿਚ ਉਹਨਾਂ ਇਹ ਵੀ ਵੇਰਵਾ ਪਾਇਆ ਹੈ ਕਿ ਠਾਣੇਦਾਰ ਗੁਰਪ੍ਰੀਤ ਸਿੰਘ ਗਰੇਵਾਲ, ਚੜਿੱਕ ਪਿੰਡ ਦੇ ਰਣਜੋਧ ਸਿੰਘ ਅਤੇ ਬਾਬਾ ਜਪਨਾਮ ਸਿੰਘ ਨੂੰ ਝੂਠੇ ਮੁਕਾਬਲੇ 'ਚ ਮਾਰਨ ਦਾ ਦੋਸ਼ੀ ਸੀ ਅਤੇ ਉਸ ਨੇ "ਦੁਸ਼ਟ ਸੋਧ ਕਮਾਂਡੋ ਫ਼ੋਰਸ" ਦੇ ਸਿਰਲੱਥ ਖ਼ਾੜਕੂਆਂ ਭਾਈ ਪ੍ਰੀਤਮ ਸਿੰਘ ਜੈਲਦਾਰ ਅਤੇ ਮਨਪ੍ਰੀਤ ਸਿੰਘ ਕਾਕਾ 'ਤੇ ਘੋਰ ਤਸ਼ੱਦਦ ਢਾਹਿਆ ਸੀ। ਖ਼ਾੜਕੂਆਂ ਵੱਲੋਂ ਇਹ ਅੰਧਾਧੁੰਦ ਫ਼ਾਇਰਿੰਗ ਉਸ ਵਕਤ ਕੀਤੀ ਗਈ, ਜਦੋਂ ਪੁਲੀਸ ਉਪਰੋਕਤ ਦੋ ਖ਼ਾੜਕੂਆਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾ ਰਹੀ ਸੀ। ਯਾਦ ਰਹੇ ਇਹ ਉਹ ਖ਼ਾੜਕੂ ਹਨ, ਜਿੰਨ੍ਹਾਂ ਨੇ ਕਰੀਬ ਡੇੜ੍ਹ ਹਫ਼ਤਾ ਪਹਿਲਾਂ ਸਦਰ ਠਾਣੇ 'ਤੇ ਹੱਲਾ ਬੋਲਿਆ ਸੀ। ਇਸ ਹੱਲੇ ਦੌਰਾਨ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਫ਼ਾਇਰਿੰਗ ਵਿਚ ਇਸ ਗਰੋਹ ਦੇ ਦੋ ਖ਼ਾੜਕੂ ਪ੍ਰਗਟਪ੍ਰੀਤ ਸਿੰਘ ਪ੍ਰੀਤ ਅਤੇ ਬਲਬੀਰ ਸਿੰਘ ਬਿੱਲੂ ਮਾਰੇ ਗਏ ਸਨ। ਐਨ ਮੌਕੇ 'ਤੇ ਬਾਹਰੋਂ ਪੁੱਜੀ ਭਾਰੀ ਫ਼ੋਰਸ ਉਪਰੋਕਤ ਦੋਨਾਂ ਖ਼ਾੜਕੂਆਂ ਨੂੰ ਹਿਰਾਸਤ ਵਿਚ ਲੈਣ ਲਈ ਸਫ਼ਲ ਰਹੀ ਸੀ।
-ਅਖੀਰ ਤਿੰਨ ਕੁ ਘੰਟੇ ਬਾਅਦ ਪੰਜਾਬ ਦੇ ਪੁਲੀਸ ਮੁਖੀ ਘਟਨਾ ਸਥਾਨ 'ਤੇ ਪੁੱਜੇ ਅਤੇ ਆਉਣਸਾਰ ਉਹਨਾਂ ਨੇ ਸ਼ਹਿਰ ਵਿਚ ਕਰਫਿ਼ਊ ਲਾ ਦਿੱਤਾ। ਉਹਨਾਂ ਮਾਰੇ ਗਏ ਪੁਲੀਸ ਮਲਾਜ਼ਮਾਂ ਦੇ ਪ੍ਰੀਵਾਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਅਤੇ ਹਰ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਅੱਤਿਵਾਦੀਆਂ ਦੀ ਕੋਈ ਵੀ ਸ਼ਰਤ ਨਹੀਂ ਮੰਨੇਗੀ ਅਤੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਹਨਾਂ ਸਹਿਮੇਂ ਹੋਏ ਲੋਕਾਂ ਨੂੰ ਦਿਲਾਸਾ ਦਿੱਤਾ ਅਤੇ ਆਮ ਜਨਤਾ ਨੂੰ, ਪੁਲੀਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਪੁਲੀਸ ਦੇ ਮਾਰੇ ਗਏ ਕਰਮਚਾਰੀਆਂ ਦੇ ਪ੍ਰੀਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਮਾਰੇ ਗਏ ਅੱਠ ਪੁਲੀਸ ਕਰਮਚਾਰੀਆਂ ਦਾ ਅੰਤਮ-ਸੰਸਕਾਰ ਅੱਜ ਸ਼ਾਮ ਚਾਰ ਵਜੇ ਮੋਗਾ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲੀਸ ਮੁਖੀ ਸਮੇਤ ਪੰਜਾਬ ਦੇ ਹੋਰ ਪਤਵੰਤੇ ਸੱਜਣ ਵੀ ਪਹੁੰਚਣਗੇ। ਪੰਜਾਬ ਦੇ ਗਵਰਨਰ ਵੱਲੋਂ ਮਾਰੇ ਗਏ ਪੁਲੀਸ ਕਰਮਚਾਰੀਆਂ ਦੇ ਪ੍ਰੀਵਾਰਾਂ ਨੂੰ ਸ਼ਹੀਦੀ ਸਰਟੀਫਿ਼ਕੇਟ ਦੇ ਕੇ ਸਨਮਾਨਿਆਂ ਜਾਵੇਗਾ। ਇਹ ਗੱਲ ਇੱਥੇ ਵਰਨਣਯੋਗ ਹੈ ਕਿ ਖ਼ਾੜਕੂਆਂ ਵੱਲੋਂ ਇਤਨਾ ਵੱਡਾ ਐਕਸ਼ਨ ਪੰਜਾਬ ਪੱਧਰ 'ਤੇ ਪਹਿਲੀ ਵਾਰ ਕੀਤਾ ਗਿਆ। ਇਸ ਤੋਂ ਕਰੀਬ ਦੋ ਮਹੀਨੇ ਪਹਿਲਾਂ ਦੁਵੱਲੀ ਫ਼ਾਇਰਿੰਗ ਵਿਚ ਪੁਲ 'ਤੇ ਲੱਗੇ ਇੱਕ ਨਾਕੇ 'ਤੇ ਇੱਕ ਪੁਲੀਸ ਕਰਮਚਾਰੀ ਹਲਾਕ ਅਤੇ ਇੱਕ ਸਖ਼ਤ ਫ਼ੱਟੜ ਹੋ ਗਿਆ ਸੀ। ਇਸ ਮੁਕਾਬਲੇ ਵਿਚ ਇੱਕ ਖ਼ਾੜਕੂ ਵੀ ਮਾਰਿਆ ਗਿਆ ਸੀ। ਸਬੰਧਿਤ ਠਾਣੇ ਵਿਚ ਪੁਲੀਸ ਦੇ ਨਵੇਂ ਕਰਮਚਾਰੀਆਂ ਦੀ ਨਿਯੁਕਤੀ ਬਾਰੇ ਕੱਲ੍ਹ ਐਲਾਨ ਕੀਤਾ ਜਾਵੇਗਾ। ਫਿ਼ਲਹਾਲ ਇਲਾਕੇ ਦੇ ਆਸੇ ਪਾਸੇ ਦੇ ਠਾਣਿਆਂ ਵਿਚੋਂ ਕਰਮਚਾਰੀਆਂ ਨੂੰ ਲਿਆ ਕੇ ਕਾਰਜਕਾਰੀ ਅਹੁਦੇ ਸੌਂਪੇ ਗਏ ਹਨ, ਤਾਂ ਕਿ ਠਾਣੇ ਦੇ ਕਾਰਜਕਾਲ ਵਿਚ ਕੋਈ ਵਿਘਨ ਨਾ ਪਵੇ।
-ਵੱਖੋ-ਵੱਖਰੀਆਂ ਅਖ਼ਬਾਰਾਂ ਦੇ ਦਫ਼ਤਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭੇਜੇ ਗਏ ਲਿਖਤੀ ਬਿਆਨਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਅੱਤਿਵਾਦੀਆਂ ਦਾ ਕੋਈ ਵੀ ਮਨਸੂਬਾ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਉਹ ਅੱਤਿਵਾਦੀਆਂ ਨਾਲ ਬੜੀ ਸਖ਼ਤੀ ਨਾਲ ਨਿਪਟਣਗੇ ਅਤੇ ਹਰ ਹਾਲਤ ਵਿਚ ਸੂਬੇ ਦੀ ਸ਼ਾਂਤੀ ਕਾਇਮ ਰੱਖੀ ਜਾਵੇਗੀ। ਉਹਨਾਂ ਇਹ ਵੀ ਬਿਆਨ ਲਿਖਿਆ ਹੈ ਕਿ ਉਹ ਪੰਜਾਬ ਲਈ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦੇਣਗੇ, ਪਰ ਦੇਸ਼ ਨੂੰ ਕਦਾਚਿੱਤ ਟੁਕੜੇ-ਟੁਕੜੇ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਗੁਆਂਢੀ ਮੁਲਕ 'ਤੇ ਵਰ੍ਹਦਿਆਂ ਆਖਿਆ ਕਿ ਖੁਫ਼ੀਆ ਏਜੰਸੀਆਂ ਆਈ. ਐਸ. ਆਈ. ਆਪਣੀਆਂ ਘਿਨੌਣੀਆਂ ਘੁਣਤਰਾਂ ਤੋਂ ਬਾਜ਼ ਆ ਜਾਣ ਅਤੇ ਅੱਤਿਵਾਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੁਰੰਤ ਬੰਦ ਕਰਨ, ਨਹੀਂ ਭਾਰਤ ਕੋਈ ਅਗਲਾ ਕਦਮ ਚੁੱਕਣ ਲਈ ਮਜ਼ਬੂਰ ਹੋਵੇਗਾ। ਉਹਨਾਂ ਪੰਜਾਬ ਸੂਬੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੱਖਾਂ ਸ਼ਹੀਦੀਆਂ ਬਾਅਦ ਦੇਸ਼ ਅਜ਼ਾਦ ਹੋਇਆ ਸੀ ਅਤੇ ਹੁਣ ਅਜ਼ਾਦੀ ਨੂੰ ਬਰਕਰਾਰ ਰੱਖਣਾ ਲੋਕਾਂ ਦੀ ਹੀ ਜਿ਼ੰਮੇਵਾਰੀ ਹੈ। ਇਸ ਲਈ ਉਹਨਾਂ ਦਾ ਬੁਨਿਆਦੀ ਅਤੇ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਗੌਰਮਿੰਟ ਅਤੇ ਪੁਲੀਸ ਦੀ ਲੋੜੀਂਦੀ ਮੱਦਦ ਕਰਨ ਅਤੇ ਦੇਸ਼ ਨੂੰ ਟੋਟੇ-ਟੋਟੇ ਕਰਨ ਵਾਲੇ ਅਨਸਰਾਂ ਨੂੰ ਮੂੰਹ ਨਾ ਲਾਉਣ। ਇਸ ਵਿਚ ਸਮੁੱਚੇ ਦੇਸ਼ ਅਤੇ ਦੇਸ਼ ਵਾਸੀਆਂ ਦਾ ਭਲਾ ਅਤੇ ਭਵਿੱਖ ਹੈ।
ਵੱਖੋ-ਵੱਖ ਅਖ਼ਬਾਰਾਂ ਦੀਆਂ ਸੁਰਖੀਆਂ ਲਾਟਾਂ ਛੱਡ ਰਹੀਆਂ ਸਨ। ਕੋਈ ਮੌਜੂਦਾ ਲਹਿਰ ਦੇ ਖਿ਼ਲਾਫ਼ ਲਿਖ ਰਿਹਾ ਸੀ ਅਤੇ ਕੋਈ ਖ਼ਾੜਕੂਆਂ ਦੇ ਹੱਕ ਵਿਚ ਵੋਟ ਭੁਗਤਾ ਰਿਹਾ ਸੀ। ਅਜ਼ੀਬ ਅਕਾਸ਼ਬਾਣੀ ਹੋ ਰਹੀ ਸੀ। ਜਿਤਨੇ ਮੂੰਹ ਉਤਨੀਆਂ ਗੱਲਾਂ ਕਰੀਆਂ ਜਾ ਰਹੀਆਂ ਸਨ। ਕੀ ਬਣੂੰਗਾ ਪੰਜਾਬ ਦਾ? ਲੋਕ ਤਰ੍ਹਾਂ-ਤਰ੍ਹਾਂ ਦੇ ਲੱਖਣ ਲਾ ਰਹੇ ਸਨ। ਇੱਕ ਤਰ੍ਹਾਂ ਨਾਲ ਹਨ੍ਹੇਰੇ ਵਿਚ ਹੱਥ-ਪੈਰ ਮਾਰ ਰਹੇ ਸਨ। ਅੰਨ੍ਹੇ ਖੂਹ ਵਿਚ ਹਾਕਾਂ ਮਾਰ ਰਹੇ ਸਨ। ਅੰਤ ਉਹਨਾਂ ਦੀ ਅਵਾਜ਼ ਉਹਨਾਂ ਦੇ ਮੱਥੇ ਹੀ ਆ ਵੱਜਦੀ ਸੀ। ਕੌਮਿਊਨਿਸਟ ਪਾਰਟੀਆਂ ਵੱਲੋਂ ਲਹਿਰ ਦੇ ਖਿ਼ਲਾਫ਼ "ਤੱਤੇ" ਬਿਆਨ ਆਉਣ
ਲੱਗ ਪਏ ਸਨ। ਖ਼ਾਲਿਸਤਾਨੀਆਂ ਅਤੇ ਕੌਮਿਊਨਿਸਟਾਂ ਦਾ ਇੱਟ ਕੁੱਤੇ ਵਾਲਾ ਵੈਰ ਸੁਰੂ ਹੋ ਚੁੱਕਾ ਸੀ। ਕੌਮਿਊਨਿਸਟ ਪਾਰਟੀਆਂ ਦੇ ਆਗੂਆਂ ਨੂੰ ਖ਼ਾਲਿਸਤਾਨੀਆਂ ਵੱਲੋਂ ਧਮਕੀ ਪੱਤਰ ਆਉਣੇ ਸੁਰੂ ਹੋ ਗਏ ਸਨ। "ਸੁਰਖ਼-ਰੇਖਾ" ਵਾਲੇ ਖ਼ਾਲਿਸਤਾਨੀਆਂ ਖਿ਼ਲਾਫ਼ ਸ਼ਰੇਆਮ ਧੂੰਆਂਧਾਰ ਆਰਟੀਕਲ ਲਿਖ ਰਹੇ ਸਨ। ਗੌਰਮਿੰਟ ਹਾਲਾਤਾਂ 'ਤੇ ਕਾਬੂ ਪਾਉਣਾ ਚਾਹੁੰਦੀ ਸੀ, ਪਰ ਹਾਲਾਤ ਦਿਨੋਂ ਦਿਨ ਵਿਗੜਦੇ ਤੁਰੇ ਜਾ ਰਹੇ ਸਨ। ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਸੀ।
ਪੁਲੀਸ ਕਰਮਚਾਰੀਆਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਨਿਹੱਥੇ ਟਾਈਪਿਸਟ ਮਰੇ ਦਾ ਕਿਸੇ ਨੂੰ ਕੋਈ ਰੋਸ ਨਹੀਂ ਸੀ। ਕਰਮਚਾਰੀਆਂ ਦੇ ਸਸਕਾਰ ਤੋਂ ਪਹਿਲਾਂ ਲੀਡਰਾਂ ਨੇ ਅੰਗ-ਰੱਖਿਅਕਾਂ ਦੇ ਸਖ਼ਤ ਘੇਰੇ ਵਿਚ ਬੜੀ ਅੱਗ ਉੱਗਲੀ ਸੀ। ਦੇਸ਼-ਧਰੋਹੀਆਂ ਨੂੰ ਕੁਚਲ ਦੇਣ ਦਾ ਪ੍ਰਣ ਲਿਆ ਸੀ। ਕਿਸੇ ਹਾਲਤ ਵਿਚ ਵੀ ਅੱਤਿਵਾਦੀਆਂ ਅਤੇ ਦੇਸ਼-ਧਰੋਹੀਆਂ ਅੱਗੇ ਨਾ ਝੁਕਣ ਦੀ ਕਸਮ ਖਾਧੀ ਸੀ। ਸੂਬੇ ਪੰਜਾਬ ਦੀ ਸ਼ਾਂਤੀ ਬਹਾਲ ਰੱਖਣ ਦੇ ਡੰਕੇ ਵਜਾਏ ਸਨ ਅਤੇ ਫਿਰ ਝੰਡੀ ਵਾਲੀਆਂ ਕਾਰਾਂ ਵਿਚ ਬੈਠ ਰਫੂ-ਚੱਕਰ ਹੋ ਗਏ ਸਨ। ਬੁਲਿਟ ਪਰੂਫ਼ ਕਾਰਾਂ ਨੇ ਪੈਰ ਤੋਂ ਹੀ ਸਪੀਡ ਫੜੀ ਸੀ। ਹੂਟਰ ਕੰਨ ਪਾੜ ਰਹੇ ਸਨ।
ਅਗਲੇ ਦਿਨ ਸਦਰ ਠਾਣੇ ਵਿਚ ਅਹੁਦਿਆਂ ਦੀ ਨਿਯੁਕਤੀ ਦਾ ਐਲਾਨ ਹੋ ਗਿਆ। ਵੱਖੋ-ਵੱਖਰੇ ਠਾਣਿਆਂ ਵਿਚੋਂ ਛੇ ਸਿਪਾਹੀ ਅਤੇ ਇੱਕ ਹੌਲਦਾਰ ਇੱਧਰ ਟਰਾਂਸਫ਼ਰ ਕਰ ਦਿੱਤੇ ਗਏ ਅਤੇ ਸੰਗਰੂਰ ਠਾਣੇ ਵਿਚੋਂ ਠਾਣੇਦਾਰ ਗੜਗੱਜ ਸਿੰਘ ਨੂੰ ਲਿਆ ਕੇ ਇਸ ਠਾਣੇ ਵਿਚ ਨਿਯੁਕਤ ਕਰ ਦਿੱਤਾ ਗਿਆ।
ਠਾਣੇਦਾਰ ਗੜਗੱਜ ਸਿੰਘ ਇੱਕ ਬੜਾ ਹੀ ਕੁਰੱਖਤ ਸੁਭਾਅ ਦਾ ਬੰਦਾ ਸੀ। ਛੋਟੀ ਉਮਰ ਵਿਚ ਮਤਰੇਈ ਮਾਂ ਦੇ "ਛਾਂਟੇ" ਹੇਠ ਪਲਿਆ ਠਾਣੇਦਾਰ ਹਮੇਸ਼ਾਂ ਖਿਝਿਆ-ਖਿਝਿਆ ਜਿਹਾ ਰਹਿੰਦਾ। ਦੋਸ਼ੀ ਚਾਹੇ ਨਿਰਦੋਸ਼, ਆਦਮੀ ਦੀ ਦਾਹੜ੍ਹੀ ਫੜਨਾ ਉਸ ਦਾ ਪਹਿਲਾ ਕਰਮ ਸੀ। ਗਾਲ੍ਹ ਤਾਂ ਜਿਵੇਂ ਉਸ ਨੂੰ ਗੁੜ੍ਹਤੀ ਵਿਚ ਮਿਲੀ ਹੋਈ ਸੀ। ਕਿਸੇ ਮੋਹਤਬਰ ਬੰਦੇ ਨੂੰ ਵੀ ਗਾਲ੍ਹ ਕੱਢਣ ਲੱਗਿਆ ਉਹ ਅੱਗਾ ਪਿੱਛਾ ਨਾ ਦੇਖਦਾ। ਰਾਤ ਨੂੰ ਰੱਜ ਕੇ ਸ਼ਰਾਬ ਪੀਣੀ ਅਤੇ ਸਵੇਰੇ ਮੋਟੀ ਅਫ਼ੀਮ ਖਾ ਕੇ ਉਠਣਾ ਉਸ ਦੀ ਆਦਤ ਸੀ। ਉਹ ਹਰ ਆਦਮੀ ਨਾਲ ਜਾੜ੍ਹ ਘੁੱਟ ਕੇ ਗੱਲ ਕਰਦਾ ਅਤੇ ਅੱਖਾਂ ਰਾਹੀਂ ਬੰਦਾ ਘੂਰਨ ਦੀ ਉਸ ਨੂੰ ਬੁਰੀ ਬਾਣ ਸੀ। ਉਸ ਦੇ ਹੀ ਕਰਮਚਾਰੀ ਉਸ ਤੋਂ ਬੜੇ ਦੁਖੀ ਰਹਿੰਦੇ ਸਨ। ਠਾਣੇਦਾਰ "ਕੌਡੀਆਂ ਆਲਾ" ਕਰਕੇ ਮਸ਼ਹੂਰ ਸੀ। ਪੁਲੀਸ ਠਾਣੇ ਵਿਚ ਨਿਯੁਕਤੀ ਸਮੇਂ ਉਹ ਕੋਹੜ੍ਹ ਕਿਰਲੇ ਵਾਂਗ ਸਾਹਿਬ ਨਾਲ ਆਕੜਿਆ ਬੈਠਾ, ਠੂੰਹੇਂ ਦੀ ਪੂਛ ਵਰਗੀਆਂ ਮੁੱਛਾਂ ਨੂੰ ਠੋਲ੍ਹੇ ਮਾਰ ਰਿਹਾ ਸੀ। ਉਸ ਦਾ ਮੂੰਹ ਆਦਤ ਮੂਜਬ ਘੁੱਟਿਆ ਹੋਇਆ ਸੀ ਅਤੇ ਭਿਆਨਕ ਅੱਖਾਂ ਤਖਤੇ ਦੀ ਚੂਲ ਵਾਂਗ ਘੁਕ ਰਹੀਆਂ ਸਨ। ਕਲਫ਼ ਲੱਗੀ ਦਾਹੜੀ ਮੋਰ ਦੀ ਧੌਣ ਵਾਂਗ ਲਿਸ਼ਕ ਰਹੀ ਸੀ।
-"ਸਾਹਬ ਬਹਾਦਰ ਫਿ਼ਕਰ ਕਾਹਦਾ ਕਰਦੇ ਓਂ-ਇਹਨਾਂ ਲਗਾੜਿਆਂ ਨੂੰ ਤਾਂ ਮੈਂ ਦਿਨਾਂ 'ਚ ਈ ਚੁਗ ਦਿਆਂਗਾ-ਜਿਹੜਾ ਇਹਨਾਂ ਨੇ ਲੰਗੜਾ ਪਹਾੜੀਂ ਚਾਹੜਨਾ ਲਿਐ-ਦਿਨਾਂ 'ਚ ਈ ਉੜਦੇ ਦੇਖਿਓ! ਇਹ ਕੱਲ੍ਹ ਦੇ ਜੰਮੇਂ ਸਾਡੇ ਮੂਹਰੇ ਕਿਵੇਂ ਖੜ੍ਹ ਜਾਣਗੇ?" ਉਸ ਨੇ ਨਿਯੁਕਤੀ ਤੋਂ ਬਾਅਦ ਐਸ. ਪੀ. ਸਾਹਮਣੇ ਬੜ੍ਹਕ ਮਾਰੀ। ਪਤਲੀਆਂ ਮੁੱਛਾਂ ਉਸ ਦੀਆਂ ਤਰਛੂਲ ਵਾਂਗ ਹਿੱਲ ਰਹੀਆਂ ਸਨ।
-"ਸ਼ਾਬਾਸ਼ ਗੜਗੱਜ ਸਿੰਘ..! ਮੈਨੂੰ ਪੂਰੀ ਉਮੀਦ ਸੀ ਕਿ ਤੂੰ ਮੇਰੇ ਅੰਦਾਜ਼ੇ ਮੁਤਾਬਿਕ ਬਹਾਦਰ ਹੀ ਨਿਕਲੇਂਗਾ-ਮੈਨੂੰ ਤੇਰੇ ਅਰਗੇ ਅਫ਼ਸਰ ਦੀ ਸਖ਼ਤ ਜ਼ਰੂਰਤ ਸੀ-ਸੁਣ ਤਾਂ ਮੈਂ ਤੇਰੇ ਬਾਰੇ ਬਹੁਤ ਕੁਛ ਰੱਖਿਆ ਸੀ ਕਿ ਤੂੰ ਬੜਾ ਨਿਧੜਕ ਅਫ਼ਸਰ ਹੈਂ-ਪਰ ਅੱਜ ਦੇਖ ਵੀ ਲਿਆ-ਪ੍ਰਤੱਖ ਨੂੰ ਪ੍ਰਮਾਣ ਕੀ? ਆਈ ਐਮ ਵੈਰੀ ਪਰਾਊਡ ਆਫ਼ ਯੂ! ਮੈਂ ਹਰ ਤਰ੍ਹਾਂ ਤੇਰੇ ਨਾਲ ਐਂ-ਜੋ ਮਰਜ਼ੀ ਕਰ-ਪਰ ਆਪਣੇ ਇਲਾਕੇ ਵਿਚੋਂ ਅੱਤਿਵਾਦੀ ਖ਼ਤਮ ਕਰ ਦੇਹ-ਪਰਮੋਸ਼ਨ ਤੇਰੀ ਪੱਕੀ!" ਅਫ਼ਸਰ "ਕੌਡੀਆਂ ਆਲੇ" ਨੂੰ ਥਾਪੜਾ ਦੇਈ ਜਾ ਰਿਹਾ ਸੀ। ਠਾਣੇਦਾਰ ਦੇ ਜਿਵੇਂ ਪਹੀਏ ਲੱਗਦੇ ਜਾ ਰਹੇ ਸਨ। ਉਹ
'ਸ਼ਤਾਬਦੀ-ਐਕਸਪ੍ਰੈਸ' ਬਣਿਆਂ ਖੜ੍ਹਾ ਸੀ।
-"ਥੈਂਕਯੂ ਸਰ...!"
-"ਹਰ ਖ਼ਬਰ ਮੈਨੂੰ ਨਾਲ ਦੀ ਨਾਲ ਪੁੱਜਦੀ ਕਰਨੀ ਐਂ-ਔਰ ਹਾਂ! ਪ੍ਰੈਸ ਨੂੰ ਖ਼ਬਰ ਕੋਈ ਨਹੀਂ ਦੇਣੀ-ਮੇਰੀ ਸਲਾਹ ਬਿਨਾ ਕਿਸੇ ਅਖ਼ਬਾਰ ਨੂੰ ਬਿਆਨ ਨਹੀਂ ਦੇਣਾ।" ਐਸ. ਪੀ. ਨੇ ਹਦਾਇਤ ਜਾਰੀ ਕੀਤੀ। ਉਹ ਅਗਾਊਂ ਸਾਵਧਾਨ ਸੀ।
-"ਸਾਹਬ ਬਹਾਦਰ-ਮੈਂ ਗਰੇਵਾਲ ਅਰਗਾ ਬੇਵਕੂਫ਼ ਅਫ਼ਸਰ ਨਹੀਂ-ਜਨਾਬ ਦੀ ਇਜ਼ਾਜ਼ਤ ਬਿਨਾ ਇੱਥੇ ਪੱਤਾ ਨਹੀਂ ਝੁੱਲੂਗਾ!" ਕੌਡੀਆਂ ਆਲੇ ਨੇ ਸਾਹਿਬ ਨੂੰ ਸਲੂਟ ਮਾਰਿਆ।
ਸਾਹਿਬ ਵਿਦਾ ਹੋ ਗਿਆ।
ਦੁਪਿਹਰੇ ਇੱਕ ਵਜੇ ਠਾਣੇਦਾਰ ਨੇ ਸਾਰੇ ਸਟਾਫ਼ ਨੂੰ ਕੋਲ ਸੱਦ ਲਿਆ। ਸਾਰੇ ਫ਼ੌਰਨ ਇਕੱਤਰ ਹੋ ਗਏ ਸਨ।
-"ਲਓ ਬਈ ਮਿੱਤਰੋ! ਤੁਹਾਡੀਆਂ ਤੀਆਂ ਦੇ ਦਿਨ ਹੋ ਗਏ ਖ਼ਤਮ...!" ਕੌਡੀਆਂ ਆਲੇ ਨੇ ਕਹਿਣਾ ਸੁਰੂ ਕੀਤਾ ਤਾਂ ਸਿਪਾਹੀ ਦੰਗ ਹੋਏ ਇੱਕ ਦੂਜੇ ਵੱਲ ਝਾਕੇ। ਪਰ ਚੁੱਪ ਰਹੇ। ਉਹਨਾਂ ਨੇ ਇਸ ਠਾਣੇਦਾਰ ਬਾਰੇ ਬਹੁਤ ਕੁਝ ਸੁਣ ਅਤੇ ਅਖ਼ਬਾਰਾਂ ਵਿਚ ਪੜ੍ਹ ਰੱਖਿਆ ਸੀ।
-"ਗਰੇਵਾਲ ਦੇ ਹੁੰਦਿਆਂ ਜਿਹੜੀ ਐਸ਼ ਤੁਸੀਂ ਕਰ ਲਈ-ਉਹ ਤੁਹਾਨੂੰ ਮੁਬਾਰਕ! ਪਰ ਧਿਆਨ ਦੇ ਕੇ ਸੁਣ ਲਓ ਕਿ ਅੱਜ ਤੋਂ ਇਸ ਇਲਾਕੇ ਵਿਚ, ਇਸ ਠਾਣੇ ਵਿਚ ਮੇਰਾ ਰਾਜ ਸੁਰੂ ਹੁੰਦੈ! ਮੇਰੀ ਜਿ਼ੰਦਗੀ ਦਾ ਸਿਰਫ਼ ਇੱਕੋ ਇੱਕ ਹੀ ਸਿਧਾਂਤ ਹੈ: ਡੂ ਔਰ ਡਾਈ..! ਕਰੋ ਜਾਂ ਮਰੋ..! ਇਸ ਹੀ ਸਿਧਾਂਤ ਦੇ ਦੂਜੇ ਪਾਸੇ ਲਿਖਿਆ ਹੋਇਐ ਕਿ ਮਰੋ ਜਾਂ ਕਰੋ! ਮੈਂ ਮਰਨੋਂ ਡਰਦਾ ਨਹੀਂ ਅਤੇ ਆਪਣੇ ਸਟਾਫ਼ ਵਿਚੋਂ ਕਿਸੇ ਨੂੰ ਡਰਨ ਦੇਣਾ ਨਹੀਂ! ਦੂਜੀ ਗੱਲ, ਠਾਣੇ ਦੀ ਸੀਕਰੇਸੀ ਇਹਨਾਂ ਕੰਧਾਂ ਦੇ ਅੰਦਰ ਹੀ ਰਹਿਣੀ ਲਾਜ਼ਮੀਂ ਹੈ-।" ਠਾਣੇਦਾਰ ਨੇ ਚਾਰੇ ਪਾਸੇ ਰੂਲ ਘੁਮਾਇਆ। ਰੂਲ ਮੁੜ ਮੇਜ਼ 'ਤੇ ਆ ਖੜਕਿਆ।
-"ਮਤਲਬ ਕਿਸੇ ਮਾਸੀ, ਮਾਮੀ, ਤਾਈ, ਬੇਬੇ, ਭੂਆ, ਫ਼ੁੱਫ਼ੜ ਦੇ ਕੰਨਾਂ ਤੱਕ ਵੀ ਪਹੁੰਚਣੀ ਨਹੀਂ ਚਾਹੀਦੀ-ਜਦੋਂ ਕਿਸੇ ਨੇ ਆਪਣੇ ਪਿਆਰੇ ਬੱਚੇ ਨੂੰ ਵੀ ਲੋਰੀ ਦੇਣੀ ਹੋਵੇ-ਠਾਣੇ ਦੀ ਪ੍ਰਾਈਵੇਸੀ ਤੋਂ ਦੂਰ ਰਹਿ ਕੇ ਹੀ ਦੇਣੀ ਐਂ-ਕਈ ਲੋਕ ਮੈਂ ਜੁਆਕਾਂ ਨੂੰ "ਸੌਂ ਜਾਹ ਅੱਤਵਾਦੀ ਆ ਜਾਣਗੇ" ਆਖ ਕੇ 'ਲੋਰੀਆਂ' ਤੇ 'ਡਰਾਵੇ' ਦਿੰਦੇ ਦੇਖਿਐ-ਅੱਤਵਾਦੀਆਂ ਨੂੰ ਨਲੂਏ ਮੈਂ ਬਣਨ ਨਹੀਂ ਦੇਣਾ!"

-".......।" ਸਿਪਾਹੀ ਉਸ ਦੀ ਗੱਲ 'ਤੇ ਹੱਸ ਪਏ।
-"ਗਰੇਵਾਲ ਮੇਰੀ ਨਜ਼ਰ ਵਿਚ ਮਹਾਂ ਮੂਰਖ ਬੰਦਾ ਸੀ-ਅੰਤਾਂ ਦਾ ਬੇਵਕੂਫ਼! ਆਪ ਤਾਂ ਮਰਿਆ ਤੇ ਸੱਤ ਨਾਲ ਦੇ ਵੀ ਮਰਵਾ ਧਰੇ-ਕਹਾਵਤ ਐ ਅਖੇ ਆਪ ਤਾਂ ਮਰਨਾ ਸੀ ਬਾਹਮਣਾ ਜਜਮਾਨ ਵੀ ਡੋਬੇ-ਪਹਿਲੀ ਗੱਲ ਤਾਂ ਇਹ ਹੈ ਕਿ ਬਈ ਛੇਤੀ ਕੀਤੇ ਮੈਂ ਆਬਦਾ ਬੰਦਾ ਕੋਈ ਮਰਨ ਨਹੀਂ ਦਿੰਦਾ-ਤੇ ਜੇ ਵਕਤ ਦੀ ਲੋੜ ਮੁਤਾਬਿਕ ਲੋੜ ਪੈ ਜਾਵੇ ਤਾਂ ਫਿਰ ਮੈਂ ਕਿਧਰੇ ਭੱਜਣ ਵੀ ਨਹੀਂ ਦਿੰਦਾ-ਅਗਰ ਕਿਸੇ ਨੇ ਮੈਦਾਨੋਂ ਭੱਜਣ ਦੀ ਕੋਸਿ਼ਸ਼ ਕੀਤੀ ਤਾਂ ਯਾਦ ਰੱਖਿਓ ਉਸ ਸਖਸ਼ ਦਾ ਸੁਆਗਤ ਸਭ ਤੋਂ ਪਹਿਲਾਂ ਖੁਦ ਮੇਰੀ ਆਪਣੀ ਗੋਲੀ ਕਰੇਗੀ।"
-"........।"
-"ਡਿਊਟੀ ਦੀ ਕੁਤਾਹੀ ਮੈਥੋਂ ਬਿਲਕੁਲ ਬਰਦਾਸ਼ਤ ਨਹੀਂ ਹੋਣੀ ਅਤੇ ਟਾਈਮ ਦੀ ਪਾਬੰਦੀ ਮੇਰਾ ਪਹਿਲਾ ਦਸਤੂਰ ਐ-ਉਪਰ ਸ਼ਕਾਇਤ ਕਰਨੀ ਮੇਰੀ ਫਿ਼ਤਰਤ ਨਹੀਂ ਅਤੇ ਮੁਆਫ਼ ਕਰਨਾ ਮੈਨੂੰ ਆਉਂਦਾ ਨਹੀਂ-ਫ਼ਜੂਲ ਗੱਲਾਂ ਸੁਣਨ ਦਾ ਮੈਂ ਆਦੀ ਨਹੀਂ ਅਤੇ ਖੁਸ਼ਾਮਦ ਕਰਨੀ ਜਾਂ ਕਰਵਾਉਣੀ ਮੇਰੀ ਡਾਇਰੀ ਵਿਚ ਕਿਤੇ ਨਹੀਂ ਲਿਖਿਆ-ਅੱਤਵਾਦੀਆਂ ਨੂੰ ਪਾਰ ਬੁਲਾਉਣਾ ਮੇਰਾ ਅਸੂਲ ਹੈ ਅਤੇ ਟੰਗ-ਅੜਾਊ ਬੰਦਾ ਮੇਰੀ ਕਮਜ਼ੋਰੀ-ਕੋਈ ਵੀ ਬਹਾਨਾ ਮੈਨੂੰ ਪਸੰਦ ਨਹੀਂ ਤੇ ਘੁਸਰ ਮੁਸਰ ਕਰਨ ਵਾਲਿਆਂ ਦਾ ਮੈਂ ਪੱਕਾ ਦੁਸ਼ਮਣ।"
-"........।"
-"ਤੁਸੀਂ ਬੱਚੇ ਤਾਂ ਹੈ ਨਹੀਂ-ਮੈਨੂੰ ਉਮੀਦ ਹੈ ਤੁਸੀਂ ਮੇਰੀਆਂ ਸਾਰੀਆਂ ਗੱਲਾਂ ਸਮਝ ਹੀ ਗਏ ਹੋਵੋਂਗੇ-ਅਗਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਹੁਣੇ ਈ ਦੱਸ ਦਿਓ!" ਆਖ ਕੇ ਕੌਡੀਆਂ ਆਲੇ ਨੇ ਸਾਰਿਆਂ ਦਾ ਪ੍ਰਤੀਕਰਮ ਜਾਂਚਿਆ। ਉਸ ਦੀ ਸੱਪ ਨਜ਼ਰ ਸਾਰਿਆਂ ਦੇ ਚਿਹਰੇ 'ਤੇ ਫਿਰ ਗਈ।
-".........।"
-"ਕੋਈ ਇਤਰਾਜ਼?" ਉਸ ਨੇ ਮੁੱਛਾਂ ਪਿੱਛੇ ਹਟਾ ਕੇ ਬੁੱਲ੍ਹਾਂ 'ਤੇ ਜੀਭ ਮਾਰੀ। ਸੱਪ ਦੀ ਜੀਭ ਵਾਂਗ ਉਸ ਦੀ ਜੀਭ ਬੜੀ ਫੁਰਤੀ ਨਾਲ ਅੰਦਰ ਚਲੀ ਗਈ।
-"ਨਹੀਂ ਜੀ....!" ਸਾਂਝੀ ਅਵਾਜ਼ ਆਈ।
ਸਾਰੇ ਤੁਰ ਗਏ।
ਠਾਣੇਦਾਰ ਰੋਟੀ ਖਾਣ ਅਲਾਟ ਹੋਏ ਕੁਆਟਰ ਚਲਾ ਗਿਆ। ਸਰਕਾਰੀ ਕੋਠੀ ਅਜੇ ਉਸ ਨੂੰ ਅਗਲੇ ਹਫ਼ਤੇ ਮਿਲਣੀ ਸੀ।
ਅਜੇ ਤੱਕ ਕੋਠੀ ਵਿਚ ਗਰੇਵਾਲ ਦਾ ਪ੍ਰੀਵਾਰ ਹੀ ਬੈਠਾ ਸੀ। ਠਾਣੇ ਦੇ ਚੁਬਾਰੇ ਉਪਰ ਗਰੇਵਾਲ ਨੇ ਆਰਜ਼ੀ ਤੌਰ 'ਤੇ ਕਬਜ਼ਾ ਕੀਤਾ ਹੋਇਆ ਸੀ। ਜਿੱਥੇ ਉਹ "ਸੌਦੇ" ਕਰਿਆ ਕਰਦਾ ਸੀ।
ਦੁਖੀ ਹੋਏ ਸਿਪਾਹੀ ਬਚਨ-ਬਿਲਾਸ ਕਰ ਰਹੇ ਸਨ।
-"ਮੱਲੋ ਇੱਕ ਗੱਲ ਜਰੂਰ ਐ-ਕੌਡੀਆਂ ਆਲਾ ਨਾਲੇ ਮਰੂ ਨਾਲੇ ਮਰਵਾਊ।" ਇੱਕ ਸਿਪਾਹੀ ਨੇ ਕਿਹਾ।
-"ਇਹ ਤਾਂ ਕੋਈ ਬਲਾਅ ਆ ਵੜੀ ਠਾਣੇ 'ਚ।"
-"ਨਿਰੀ ਤਬਾਹੀ।"
-"ਕਿੰਨਾ ਕੁ ਚਿਰ?"
-"ਜੇ ਬਾਹਲਾ 'ਤਾਂਹਾਂ ਨੂੰ ਗਿਆ-ਅੱਤਵਾਦੀ ਕਿੱਲ ਮਾਂਗੂੰ ਠੋਕ ਦੇਣਗੇ।"
-"ਪਰ ਬਾਹਲਾ ਸਿਰ ਚੜ੍ਹਿਆ ਤਾਂ ਅੱਤਵਾਦੀਆਂ ਨਾਲ ਯਾਰੀ ਪਾਲਾਂਗੇ-ਪਰ ਇਹਨੂੰ ਚੁਕਾਵਾਂਗੇ ਸਾਲੇ ਨੂੰ-ਯੱਧਾ ਹੋਇਐ ਅਸੂਲਾਂ ਦਾ।" ਇੱਕ ਸਿਪਾਹੀ ਨੇ ਆਪਣੇ ਦੋਸਤ ਸਿਪਾਹੀ ਨੂੰ ਕੰਨ 'ਚ ਕਿਹਾ।
-"ਮਰਦੇ ਕੋਈ ਤਾਂ ਅੱਕ ਚੱਬਾਂਗੇ ਈ?"
-"ਪਰ ਕਿਤੇ ਪਹਿਲਾਂ ਉਹ ਨਾ ਕੌਡੇ ਆਲੀ ਥਾਂ 'ਤੇ ਮਾਰਨ-ਹੁਣ ਤਾਂ ਮੇਰੇ ਸਹੁਰੇ ਠਾਣਿਆਂ 'ਚ ਬੈਠਿਆਂ ਨੂੰ ਈ ਗੋਲੀ ਦਾਗਣ ਲੱਗ ਪਏ।"
-"ਇਉਂ ਯਾਰ ਕਿਤੇ ਸਾਲੇ ਹਲਕੇ ਵੇ ਤਾਂ ਨਹੀਂ-ਉਹਨਾਂ ਨੂੰ ਵੀ ਸਹਿਯੋਗ ਦੀ ਲੋੜ ਐ-ਇੱਕ ਹੱਥ ਦੂਜੇ ਨੂੰ ਧੋਂਦੈ-'ਕੱਲਾ ਕੋਈ ਵੱਡਾ ਨਹੀਂ ਹੁੰਦਾ।"
-"ਪਰ ਇਹ ਤਾਂ ਕਹਿੰਦਾ ਠਾਣੇ ਦੀ ਗੱਲ ਠਾਣੇ 'ਚ ਈ ਰਹੇ।"
-"ਇਹਨੂੰ....ਦਾ ਪਤੈ? ਖਾ ਕੇ ਫ਼ੀਮ ਕੁੱਤੇ ਮਾਂਗੂੰ ਭੌਂਕੀ ਜਾਂਦੈ-ਜੇ ਕਾਵਾਂ ਦੇ....ਹੋਣ ਉਹ ਬਨੇਰੇ ਨਾ ਢਾਹ ਦੇਣ?"
-"ਇੱਕ ਗੱਲ ਲੋਹੇ 'ਤੇ ਲਕੀਰ ਐ-ਇਹਨੇ ਕੋਈ ਨਾ ਕੋਈ ਪੰਗਾ ਲੈਣੋਂ ਹਟਣਾ ਨਹੀਂ ਤੇ ਉਹਨਾਂ ਨੇ ਫਿਰ ਠਾਣੇ ਨੂੰ ਆ ਪੈਣੈ-ਐਤਕੀਂ ਅਗਲੇ ਆਉਣਗੇ ਵੀ ਪੂਰੀ ਤਿਆਰੀ ਕਰਕੇ-।"
ਠਾਣੇਦਾਰ ਰੋਟੀ ਖਾ ਕੇ ਆ ਗਿਆ।
ਤਮਾਮ ਗੱਲਾਂ ਬੰਦ ਹੋ ਗਈਆਂ।
ਸਿਪਾਹੀਆਂ ਨੇ ਆਪਣੀ-ਆਪਣੀ ਡਿਊਟੀ ਸੰਭਾਲ ਲਈ। ਡਿਊਟੀ ਤੋਂ ਫ਼ਾਰਗ ਹੋਏ ਕੁਆਟਰਾਂ ਜਾਂ ਘਰਾਂ ਨੂੰ ਤੁਰ ਪਏ।
ਮੁਣਸ਼ੀ ਜੱਕੋ-ਤੱਕੀ ਵਿਚ ਦੁਖੀ ਜਿਹਾ ਹੋਇਆ ਦਫ਼ਤਰ ਵਿਚ ਬੈਠਾ ਸੀ। ਹੁਣ ਉਸ ਨੂੰ ਨੌਕਰੀ ਕਰਨੀ ਦੁੱਭਰ ਹੋ ਗਈ ਸੀ।
ਠਾਣੇਦਾਰ ਨੇ ਠਾਣੇ ਅੰਦਰ ਭਲਵਾਨੀ ਗੇੜਾ ਦਿੱਤਾ। ਹਰ ਪਾਸਾ ਗਹੁ ਨਾਲ ਨਿਰਖਿਆ ਅਤੇ ਫਿਰ ਚੁਬਾਰੇ ਚੜ੍ਹ ਗਿਆ।
ਚੁਬਾਰੇ ਵਿਚ ਇੱਕ ਬੈੱਡ, ਤਿੰਨ ਕੁਰਸੀਆਂ ਅਤੇ ਮੇਜ਼ ਪਿਆ ਸੀ। ਫਿਰ ਉਸ ਨੇ ਅਲਮਾਰੀ ਖੋਲ੍ਹ ਕੇ ਦੇਖੀ। ਰੈੱਡ-ਨਾਈਟ ਦੀਆਂ ਚਾਰ ਬੋਤਲਾਂ ਅਤੇ ਗਰੇਵਾਲ ਦੇ ਮੁੰਡੇ ਦੀ ਫ਼ੋਟੋ ਫ਼ਰੇਮ ਵਿਚ ਜੜਾ ਕੇ ਰੱਖੀ ਹੋਈ ਸੀ। ਉਸ ਨੇ ਫ਼ੋਟੋ ਚੁੱਕੀ ਤਾਂ ਫ਼ੋਟੋ ਪਿੱਛੇ ਪੰਜ-ਪੰਜ ਹਜ਼ਾਰ ਰੁਪਏ ਦੀਆਂ ਦੋ ਗੁੱਟੀਆਂ ਪਈਆਂ ਸਨ।
ਠਾਣੇਦਾਰ ਹੇਠਾਂ ਉਤਰ ਆਇਆ।
ਦਸ ਹਜ਼ਾਰ ਰੁਪਏ ਅਤੇ ਫ਼ੋਟੋ ਉਸ ਨੇ ਗਰੇਵਾਲ ਦੀ ਪਤਨੀ ਨੂੰ ਪਹੁੰਚਾ ਦਿੱਤੇ। ਬੋਤਲਾਂ ਆਪਣੇ ਲਈ ਰੱਖ ਲਈਆਂ। ਰਾਤ ਨੂੰ ਮੁਫ਼ਤੀ ਦੀ ਪੀ ਕੇ ਕੌਡੀਆਂ ਆਲਾ ਮੁਣਸ਼ੀ ਦੁਆਲੇ ਹੋ ਗਿਆ।
-"ਆਹ ਹਵਾਲਾਤ ਬੰਦਿਆਂ ਨਾਲ ਕਿਵੇਂ ਤੂੜੀ ਪਈ ਐ?"
-"ਜੀ ਮਾਮੂਲੀ ਝਗੜਿਆਂ ਆਲੇ ਐ।"
-"ਕਿਸੇ 'ਤੇ ਪਰਚਾ ਤਾਂ ਨਹੀਂ ਕੱਟਿਆ?"
-"ਪਰਚਾ ਤਾਂ ਇੱਕ ਦੋਂ 'ਤੇ ਈ ਕੱਟਿਐ ਹਜੂਰ!" ਮੁਣਸ਼ੀ ਅਜ਼ੀਜ਼ ਬਣਿਆਂ ਖੜ੍ਹਾ ਸੀ।
-"ਇਹ ਅੱਤਵਾਦੀਆਂ ਜਾਂ ਉਹਨਾਂ ਦੇ ਪ੍ਰੀਵਾਰਾਂ ਦੀ ਗ੍ਰਿਫ਼ਤਾਰੀ ਵੇਲੇ ਰਾਹ 'ਚ ਰੋੜਾ ਬਣਨਗੇ-ਲਿਆ ਇਹਨਾਂ ਦਾ ਕਰੀਏ ਨਿਬੇੜਾ-'ਤੇ ਜਿੰਨ੍ਹਾਂ 'ਤੇ ਪਰਚਾ ਕੱਟਿਆ ਗਿਐ-ਜਾਂ ਤਾਂ ਉਹਨਾਂ ਨੂੰ ਲੌਕ-ਅੱਪ ਤੋਰੋ-ਤੇ ਜਾਂ ਜ਼ਮਾਨਤਾਂ ਕਰਵਾ ਕੇ ਛੱਡ ਦਿਓ! ਮਾਤਾ ਦਾ ਮਾਲ 'ਕੱਠਾ ਕਰਕੇ ਆਪਾਂ ਏਥੇ ਮਾਘੀ ਦਾ ਮੇਲਾ ਨਹੀਂ ਲਾਉਣਾ-ਸਿਪਾਹੀ ਨੂੰ ਆਖ 'ਕੱਲੇ 'ਕੱਲੇ ਨੂੰ ਅੰਦਰ ਭੇਜੇ ਤੇ ਤੂੰ ਬੈਠ ਮੇਰੇ ਕੋਲ...!"
ਹੁਕਮ ਅਨੁਸਾਰ ਵਾਰੀ ਸਿਰ ਹਵਾਲਾਤੀਏ ਇਕੱਲੇ-ਇਕੱਲੇ ਅੰਦਰ ਆਉਣੇ ਸੁਰੂ ਹੋ ਗਏ। ਡਰ ਨਾਲ ਉਹਨਾਂ ਦੇ ਚਿਹਰੇ ਧੁਆਂਖੇ ਹੋਏ ਸਨ। ਪਹਿਲਾਂ ਪਾਲਾ ਸਿੰਘ ਅੰਦਰ ਆਇਆ। ਉਸ ਦੇ ਹੱਥ ਜੋੜੇ ਹੋਏ ਸਨ।
-"ਤੂੰ ਕੀ ਕੀਤੈ ਉਏ ਭੈਣ ਚੋਦਾ...?" ਪੈਂਦੀ ਸੱਟੇ ਠਾਣੇਦਾਰ ਨੇ ਕੋਰੜਾ ਛੰਦ ਪੜ੍ਹਿਆ।
-"ਮਾਈ ਬਾਪ ਕੱਸੀ ਦੇ ਪਾਣੀ 'ਤੇ ਮਾੜੀ ਜੀ ਲੜਾਈ ਹੋਗੀ ਸੀ।"
-"ਹੁਣ ਰੌਲਾ ਨਾ ਕਰੀਂ-ਜਾਹ ਭੱਜ ਜਾਹ ਘਰ ਨੂੰ-।" ਠਾਣੇਦਾਰ ਦੇ ਤੁਰੰਤ ਫ਼ੈਸਲੇ 'ਤੇ ਮੁਣਸ਼ੀ ਹੈਰਾਨ ਸੀ।
-"ਮਿਹਰਬਾਨੀ ਸਰਕਾਰ!"
-"ਤੇ ਗੱਲ ਸੁਣ...! ਜੇ ਹੁਣ ਕੋਈ ਸਿੰਗੜੀ ਛੇੜੀ ਐ-ਅਸੀਂ ਅੰਦਰ ਦੇ ਕੇ ਪਤਾ ਈ ਨਹੀਂ ਕਰਨਾ ਫੇਰ ਨਾ ਆਖੀਂ-ਤੇ ਨਾਲੇ ਜੇ ਕੋਈ ਅੱਤਵਾਦੀ ਦਿਸੇ ਖ਼ਬਰ ਕਰੀਂ!"
-"ਮਾਪਿਓ ਅੱਗੇ ਵੀ ਇੱਕ ਮੁੰਡੇ ਦੀ ਸ਼ਨਾਖ਼ਤ ਮੈਂ ਈ ਕੀਤੀ ਸੀ ਜੀ-ਮੁਣਸ਼ੀ ਜੀ ਨੂੰ ਪੁੱਛਲੋ!"
-"ਚੰਗਾ ਜਾਹ...!" ਤੇ ਪਾਲਾ ਚਲਾ ਗਿਆ।
ਇੱਕ ਪੈਂਹਟ-ਸੱਤਰ ਸਾਲ ਦਾ ਬਾਬਾ ਪੇਸ਼ ਕੀਤਾ ਗਿਆ। ਠਾਣੇਦਾਰ ਦੇ ਕੁਣੱਖਾ ਤੱਕਣ 'ਤੇ ਸਿਪਾਹੀ ਬਾਹਰ ਨਿਕਲ ਗਿਆ। ਬਾਬਾ ਠਾਣੇਦਾਰ ਦੇ ਸਾਹਮਣੇ ਹੱਥ ਜੋੜੀ ਖੜ੍ਹਾ ਸੀ।
-"ਮੁਣਸ਼ੀ...! ਇਹ ਬਜੁਰਗ ਕਿਵੇਂ ਅੰਦਰ ਕੀਤੈ?"
-"ਇਹ ਸਰਦਾਰ ਜੀ ਨੂੰਹ ਨਾਲ ਚਖ਼ਮਖ਼ੀ ਕਰਦਾ ਸੀ-ਮੁੰਡੇ ਤੋਂ ਜਰ ਨਹੀਂ ਹੋਇਆ-ਕੰਜਰ ਨੇ ਨੂੰਹ ਫੜਲੀ।"
-"ਕਿਉਂ ਉਏ ਧੀ ਆਬਦੀ ਦਿਆ ਖਸਮਾਂ..? ਦਾਹੜ੍ਹੀ ਕੱਢੀ ਐ ਚਿੱਟੀ ਤੇ ਕੰਮ ਕੰਜਰਾਂ ਆਲੇ..? ਚੌਰਿਆ...! ਤੈਨੂੰ ਦੀਨ ਦੁਨੀਆਂ ਦੀ ਕੋਈ ਸ਼ਰਮ ਨਹੀਂ ਉਏ..? ਕਬਰਾਂ 'ਚ ਤੇਰੀਆਂ ਲੱਤੈਂ...? ਜੇ ਮੁੜ ਕੇ ਕੋਈ ਇਲਤ ਕੀਤੀ ਬਲਦ ਮਾਂਗੂੰ ਖੱਸੀ ਕਰ ਦਿਆਂਗੇ-ਜਾਹ ਭੱਜ ਜਾਹ ਏਥੋਂ...!"
ਬਾਬਾ ਬੇਸ਼ਰਮ ਹੋਇਆ ਤਿੱਤਰ ਹੋ ਗਿਆ।
ਆਪਣੀ ਕਰਤੂਤ 'ਤੇ ਉਹ ਸ਼ਰਮਿੰਦਾ ਸੀ।
ਤਿੰਨ ਪਰਚਾ ਕੱਟੇ ਹੋਏ ਦੋਸ਼ੀਆਂ ਤੋਂ ਬਗੈਰ ਠਾਣੇਦਾਰ ਨੇ ਸਾਰੇ ਘਰੋ-ਘਰੀ ਤੋਰ ਦਿੱਤੇ। ਹਵਾਲਾਤ ਵਿਹਲੀ ਕਰ ਲਈ। ਸਿਪਾਹੀ ਨਵੀਂ ਕਿਆਮਤ ਲਈ ਉਡੀਕ ਕਰ ਰਹੇ ਸਨ।
ਅਗਲੇ ਦਿਨ ਤਿੰਨੇ ਦੋਸ਼ੀ ਲੌਕ-ਅੱਪ ਲਈ ਭੇਜ ਦਿੱਤੇ ਗਏ। ਮੁਣਸ਼ੀ ਨੂੰ ਮਾਮੂਲੀ ਝਗੜਿਆਂ ਦਾ ਤੁਰੰਤ ਨਿਬੇੜਾ ਕਰਨ ਲਈ ਹੁਕਮ ਚਾੜ੍ਹ ਦਿੱਤਾ। ਪਿੰਡਾਂ ਦੇ ਸਰਪੰਚਾਂ ਨੂੰ ਛੋਟੇ ਮੋਟੇ ਕੇਸ ਪਿੰਡਾਂ ਵਿਚ ਹੀ ਨਜਿੱਠਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ। ਹੁਣ ਠਾਣੇਦਾਰ ਅੱਗੇ ਸਿਰਫ਼ ਅਤੇ ਸਿਰਫ਼ ਅੱਤਿਵਾਦ ਨਾਲ ਦੋ ਹੱਥ ਕਰਨ ਦਾ ਮਸਲਾ ਹੀ ਰਹਿ ਗਿਆ ਸੀ। ਉਸ ਨੇ ਇਸ ਇਲਾਕੇ ਨਾਲ ਸਬੰਧਿਤ ਖ਼ਾੜਕੂਆਂ ਬਾਰੇ ਜਾਣਕਾਰੀ ਇਕੱਤਰ ਕਰਨੀ ਸੁਰੂ ਕਰ ਦਿੱਤੀ।
ਉਹਨਾਂ ਦੀਆਂ ਕਮਜ਼ੋਰੀਆਂ ਦੀ ਤਹਿ ਤੱਕ ਪਹੁੰਚਣਾ ਠਾਣੇਦਾਰ ਦੀ ਵੱਡੀ ਕਾਮਯਾਬੀ ਹੋ ਸਕਦੀ ਸੀ। ਉਸ ਨੇ ਉਹਨਾਂ ਦੀਆਂ ਸੂਖ਼ਮ ਕਮਜ਼ੋਰੀਆਂ ਦੇ ਸੁਰਾਗ ਲੱਭਣ ਲਈ ਸੂਹੀਏ ਛੱਡ ਦਿੱਤੇ। ਉਹ ਤਰੱਕੀ ਲਈ 'ਸਾਹਿਬ' ਸਾਹਮਣੇ ਆਪਣੇ ਆਪ ਨੂੰ ਪੂਰਨ ਤੌਰ 'ਤੇ ਵਫ਼ਾਦਾਰ ਸਾਬਤ ਕਰਨਾ ਚਾਹੁੰਦਾ ਸੀ। ਉਹ ਕਿਵੇਂ ਨਾ ਕਿਵੇਂ ਪੱਕੇ ਪੈਰੀਂ ਖ਼ਾੜਕੂਆਂ ਦੀ 'ਸ਼ਾਹ-ਰਗ' ਨੂੰ ਪੈਣਾ ਚਾਹੁੰਦਾ ਸੀ। ਗਰੇਵਾਲ ਵਾਂਗ ਕੌਡੀਆਂ ਆਲ਼ਾ ਕੱਚਾ ਖਿਡਾਰੀ ਨਹੀਂ ਸੀ। ਉਹ ਸੱਤਾਂ ਪੱਤਣਾਂ ਦਾ ਤਾਰੂ, ਤਜ਼ਰਬੇਕਾਰ ਬੰਦਾ ਸੀ। ਇਸ ਲਈ ਐਸ. ਪੀ. ਨੇ ਉਸ ਨੂੰ ਉਚੇਚੇ ਤੌਰ 'ਤੇ ਇੱਥੇ ਲਾਇਆ ਸੀ। ਅਜਿਹੇ ਦਲੇਰ ਅਤੇ ਮਾਰਖੋਰੇ ਅਫ਼ਸਰਾਂ ਨੂੰ ਗੌਰਮਿੰਟ ਦਿਨੇ ਦੀਵਾ ਲੈ-ਲੈ ਕੇ ਲੱਭ ਰਹੀ ਸੀ।
ਇੱਕ ਸੂਹੀਆ ਗੜਗੱਜ ਸਿੰਘ ਲਈ ਇੱਕ ਖ਼ਬਰ ਲੈ ਕੇ ਆਇਆ। ਖ਼ਬਰ ਕੀ, ਇੱਕ ਖੁਸ਼ਖ਼ਬਰੀ ਹੀ ਸੀ। ਠਾਣੇਦਾਰ ਨੇ ਮੁਣਸ਼ੀ ਨੂੰ ਬਾਹਰ ਕੱਢ ਦਿੱਤਾ। ਸੂਹੀਏ ਨੂੰ ਆਪਣੇ ਕੋਲ ਬਿਠਾ ਲਿਆ। ਠਾਣੇਦਾਰ ਦੀ ਵੱਡੀ ਕਮਜ਼ੋਰੀ ਇਹ ਸੀ ਕਿ ਉਹ ਛੇਤੀ ਕੀਤੇ ਕਿਸੇ 'ਤੇ ਇਤਬਾਰ ਨਹੀਂ ਕਰਦਾ ਸੀ।
ਸੂਹੀਏ ਨੇ ਖ਼ਬਰ ਵਿਸਥਾਰ ਸਮੇਤ ਸੁਣਾਈ।
ਪਿੰਡ ਡਾਲੇ ਅਤੇ ਬੁੱਘੀਪੁਰੇ ਵਿਚਕਾਰ ਇੱਕ ਖੇਤ ਵਿਚ ਸ਼ਾਨਦਾਰ ਕੋਠੀ ਉਸਰੀ ਹੋਈ ਸੀ। ਜਿਸ ਵਿਚ ਸਿਰਫ਼ ਇੱਕ ਬੁੱਢੀ ਮਾਈ ਸੰਤ ਕੌਰ ਅਤੇ ਨੌਕਰ ਹੀ ਰਹਿੰਦੇ ਸਨ। ਮਾਈ ਸੰਤ ਕੌਰ ਦਾ ਅੱਧਾ ਪ੍ਰੀਵਾਰ ਕੈਨੇਡਾ ਅਤੇ ਅੱਧਾ ਇੰਗਲੈਂਡ ਵਿਚ ਵਸਿਆ ਹੋਇਆ ਸੀ। ਮਾਈ ਸੰਤ ਕੌਰ ਵੀ ਕਦੇ ਕਦਾਈਂ ਪੁੱਤਾਂ ਨੂੰਹਾਂ ਦੇ ਸੱਦੇ ਉਪਰ ਇੰਗਲੈਂਡ, ਕੈਨੇਡਾ ਗੇੜਾ ਮਾਰ ਆਉਂਦੀ। ਪਰ ਜਦ ਮਾਈ ਦਾ ਦਿਲ ਭਰ ਜਾਂਦਾ ਤਾਂ ਸੰਤ ਕੌਰ ਫਿਰ ਵਾਪਿਸ ਪਰਤ ਆਉਂਦੀ।
ਮਾਈ ਦੇ ਸਾਰੇ ਪੁੱਤਰ ਕੱਟੜ ਖ਼ਾਲਿਸਤਾਨ ਪੱਖੀ ਸਨ। ਹਰ ਵਕਤ ਲਹਿਰ ਪੱਖੀ ਗੱਲਾਂ ਸੁਣ ਸੁਣ ਕੇ ਮਾਈ ਦਾ ਇੱਧਰ ਝੁਕਾਅ ਹੋਣਾ ਕੁਦਰਤੀ ਹੀ ਸੀ। ਉਧਰੋਂ ਬਾਹਰ ਵਸਦੇ ਖ਼ਾੜਕੂ ਜੱਥੇਬੰਦੀਆਂ ਦੇ ਸਹਿਯੋਗੀਆਂ ਨੇ ਮਾਈ ਸੰਤ ਕੌਰ ਅਤੇ ਮੁੰਡਿਆਂ 'ਤੇ ਪਨਾਂਹ ਦੇਣ ਲਈ ਜੋਰ ਪਾਉਣਾ ਸੁਰੂ ਕਰ ਦਿੱਤਾ। ਇਕੱਲੀ ਇਕੱਲੀ ਬਿਰਧ ਮਾਈ 'ਤੇ ਕੀ ਕਿਸੇ ਨੂੰ ਸ਼ੱਕ ਹੋਣਾ ਸੀ? ਨਾਲੇ ਖ਼ਾੜਕੂਆਂ ਨੇ ਰਾਤ ਨੂੰ ਬਾਹਰ ਨਿਕਲਣਾ ਸੀ ਅਤੇ ਪਹੁ ਫ਼ਟਣ ਤੋਂ ਪਹਿਲਾਂ ਹੀ ਕੋਠੀ ਆ ਛੁਪਣਾ ਸੀ।
ਮੁੰਡਿਆਂ ਨੇ ਵਿਸ਼ਵਾਸ ਦੁਆਇਆ। ਖ਼ਾੜਕੂ ਸਹਿਯੋਗੀਆਂ ਨੇ ਦਲੀਲਾਂ ਦਿੱਤੀਆਂ ਅਤੇ ਸੰਤ ਕੌਰ ਨੂੰ ਮਨਾ ਲਿਆ। ਮਾਈ ਸੰਤ ਕੌਰ ਦਾ ਵਿਸ਼ਾਲ ਘਰ ਜਾਂ ਕਹੋ ਆਲੀਸ਼ਾਨ ਕੋਠੀ ਖ਼ਾੜਕੂਆਂ ਦੀ ਪਨਾਂਹਗਾਹ ਬਣ ਗਈ। ਖ਼ਾੜਕੂ ਸੰਤ ਕੌਰ ਨੂੰ ਆਪਣੀ ਮਾਂ-ਦਾਦੀ ਵਾਂਗ ਸਤਿਕਾਰ ਦਿੰਦੇ। ਮਾਈ ਦੇ ਨੌਕਰ ਨੂੰ ਵੇਲੇ ਕੁਵੇਲੇ ਸੌ ਦੋ ਸੌ ਰੁਪਏ ਦੇ ਛੱਡਦੇ। ਪਰ ਪੂਰਬੀਆ ਨੌਕਰ ਉਹਨਾਂ 'ਤੇ ਇਤਬਾਰ ਨਾ ਕਰਦਾ। ਉਹ ਦਿਨ ਰਾਤ ਉਹਨਾਂ ਤੋਂ ਡਰਦਾ, ਭੈਅ ਖਾਂਦਾ ਰਹਿੰਦਾ। ਸਭ ਤੋਂ ਵੱਡਾ ਡਰ ਉਸ ਨੂੰ ਪੁਲਸ ਤੋਂ ਸੀ। ਇਹ ਤਾਂ ਮਰਨ ਮਾਰਨ 'ਤੇ ਤੁਲੇ ਹੋਏ ਐ - ਪੱਤੇ ਤੋੜ ਜਾਣਗੇ, ਪਰ ਸੋਭਾ ਰਾਮਾਂ ਤੂੰ ਕਿਹੜੀ ਮੋਰੀ ਨਿਕਲੇਂਗਾ? ਉਹ ਸੋਚਦਾ ਰਹਿੰਦਾ। ਅੰਦਰੇ ਅੰਦਰ ਖੁਰਦਾ ਰਹਿੰਦਾ। ਕਈ ਵਾਰ ਉਸ ਨੇ ਇੱਥੋਂ ਰਾਤ ਬਰਾਤੇ ਤੁਰ ਜਾਣ ਦਾ ਵਿਚਾਰ ਬਣਾਇਆ। ਪਰ ਪਿੱਛੇ ਛੱਡੇ ਹੋਏ ਅੱਧੀ ਦਰਜਣ ਬੱਚੇ ਉਸ ਨੂੰ ਵਿਲਕਦੇ ਦਿਖਾਈ ਦਿੰਦੇ ਤਾਂ ਉਹ ਹਰ ਸਕੀਮ ਬਦਲ ਲੈਂਦਾ। ਇੱਕ ਉਸ ਦੀ ਸਾਰਿਆਂ ਤੋਂ ਵੱਡੀ ਮਜ਼ਬੂਰੀ ਹੋਰ ਸੀ - ਮਾਈ ਸੰਤ ਕੌਰ ਨੇ ਉਸ ਨੂੰ, ਉਸ ਦੀਆਂ ਦੋ ਵੱਡੀਆਂ ਲੜਕੀਆਂ ਦੀ ਸ਼ਾਦੀ ਕਰਨ ਦਾ ਵਾਅਦਾ ਦੇ ਰੱਖਿਆ ਸੀ। ਕਬੀਲਦਾਰੀ ਦੇ ਬੋਝ ਹੇਠ ਦੱਬਿਆ ਉਹ ਫ਼ਸਿਆ-ਫ਼ਸਿਆ ਦਿਨ ਕਟੀ ਕਰ ਰਿਹਾ ਸੀ। ਨਿੱਤ ਨਵੇਂ ਨਵੇਂ ਖ਼ਾੜਕੂ ਅਤੇ ਮਾਰੂ ਹਥਿਆਰ ਦੇਖ ਕੇ ਸੋਭਾ ਰਾਮ ਨੂੰ ਹੌਲ ਪੈਂਦੇ ਰਹਿੰਦੇ। ਇਕ ਦਿਨ ਦੁਪਿਹਰੇ ਮਾਈ ਸੰਤ ਕੌਰ ਦੇ ਹੁਕਮ 'ਤੇ ਸੋਭਾ ਰਾਮ ਚੁਬਾਰੇ ਦੀ ਸਫ਼ਾਈ ਕਰਨ ਚੜ੍ਹਿਆ ਤਾਂ ਉਸ ਦੇ ਸਾਹ ਮਗਜ ਨੂੰ ਚੜ੍ਹ ਗਏ। ਦਿਮਾਗ ਅੰਦਰ ਘੜ੍ਹਿਆਲ ਖੜਕ ਰਹੇ ਸਨ। ਉਹ ਅੱਡੀਆਂ ਅੱਖਾਂ ਨਾਲ ਚੁਬਾਰਾ ਦੇਖ ਰਿਹਾ ਸੀ। ਕਿਧਰੇ ਰਾਕਟ ਲਾਂਚਰ, ਕਿਧਰੇ ਹੈਂਡ ਗਰਨੇਡ, ਕਿਧਰੇ ਸਟੇਨਗੰਨਾਂ, ਕਿਧਰੇ ਏ. ਕੇ. ਸੰਤਾਲੀ, ਗੱਲ ਕੀ ਚੁਬਾਰੇ ਵਿਚ ਹਰ ਤਰ੍ਹਾਂ ਦਾ ਹਥਿਆਰ ਮੌਜੂਦ ਸੀ। ਇਹ ਇੱਕ ਤਰ੍ਹਾਂ ਨਾਲ ਮਾਈ ਸੰਤ ਕੌਰ ਦਾ ਚੁਬਾਰਾ ਨਹੀਂ, ਕੋਈ "ਐਮੁਨੀਸ਼ਨ-ਸਟੋਰ" ਲੱਗਦਾ ਸੀ। ਬਣਿਆਂ ਤਣਿਆਂ ਤੋਪਖਾਨਾ।
ਸੋਭਾ ਰਾਮ ਬਿਨਾ ਸਫ਼ਾਈ ਕੀਤੀ ਦੇ ਹੀ ਥੱਲੇ ਉੱਤਰ ਆਇਆ। ਉਸ ਦੇ ਦਿਲ ਵਿਚ ਸੀ ਕਿ ਇਨ੍ਹਾਂ ਵਿਚੋਂ ਜੇ ਇੱਕ ਹਥਿਆਰ ਚੱਲ ਗਿਆ ਤਾਂ ਮੇਰੇ ਹੱਡ ਵੀ ਘਰੇ ਨਹੀਂ ਪੁੱਜਣੇ। ਉਹ ਰਾਤ ਨੂੰ ਵੀ ਹੁਣ ਚੁਬਾਰੇ ਦੇ ਨੇੜੇ ਨਾ ਸੌਂਦਾ। ਬਾਹਰਲੇ ਗੇਟ ਕੋਲ ਬਣੇ ਕਮਰੇ ਕਮਰੇ ਵਿਚ ਪੈ ਛੱਡਦਾ। ਸਾਰੀ ਸਾਰੀ ਰਾਤ ਉਸ ਨੂੰ ਨੀਂਦ ਨਾ ਪੈਂਦੀ। ਤ੍ਰਬਕ ਤ੍ਰਬਕ ਕੇ ਉਠਦਾ। ਮਾਈ ਸੰਤ ਕੌਰ ਹੈਰਾਨ ਸੀ ਕਿ ਉਸ ਨੇ ਇੱਕ ਦਿਨ ਸੋਭਾ ਰਾਮ ਨੂੰ ਪੁੱਛ ਹੀ ਲਿਆ, "ਵੇ ਸੋਭਾ ਰਾਮਾਂ ਤੂੰ ਵਰਾਂਡੇ ਵਿਚ ਕਿਉਂ ਨਹੀਂ ਸੌਂਦਾ?" ਤਾਂ ਸੋਭਾ ਰਾਮ ਨੇ ਬੜਾ ਨੇੜੇ ਹੋ ਕੇ ਦੱਸਿਆ, "ਮਾਤਾ ਜੀ ਊਪਰ ਚੁਬਾਰੇ ਮੇਂ ਤੋ ਜਾਕਰ ਦੇਖੀਏ-ਜੱਬਲਪੁਰ ਕਾ ਤੋਸ਼ਾਖਾਨਾ ਮਾਲੁਮ ਹੋਤਾ ਹੈ-ਅਗਰ ਏਕ ਚਲ ਗਯਾ ਤੋ ਹਮਰਾ ਤੋ ਰਾਮ ਰਖਵਾਲਾ ਹੈ ਮਾਤਾ ਜੀ!"
ਮਾਈ ਹੱਸ ਪਈ। ਸੋਭਾ ਰਾਮ ਨੂੰ ਮਾਈ ਮੂਰਖ ਜਾਪੀ, ਜਿਹੜੀ ਆਪਣਾ ਹੀ ਘਰ ਫੂਕਣ 'ਤੇ ਤੁਲੀ ਹੋਈ ਸੀ। ਕੋਈ ਮੌਤ ਦਾ ਡਰ ਨਹੀਂ ਸੀ। ਕੋਈ ਪੁਲੀਸ ਦਾ ਭੈਅ ਨਹੀਂ ਸੀ। ਕਿਸੇ ਉਗਰਵਾਦੀ ਤੋਂ ਖ਼ਤਰਾ ਨਹੀਂ ਸੀ।
....ਪਰ ਸੋਭਾ ਰਾਮਾਂ ਬੁੜ੍ਹੀ ਤਾਂ ਆਪਦੀ ਸਾਰੀ ਉਮਰ ਖਾਈ ਹੰਢਾਈ ਬੈਠੀ ਐ। ਘਰ ਦੇ ਸਾਰੇ ਜੀਅ ਵਿਦੇਸ਼ਾਂ 'ਚ ਐਸ਼ਾਂ ਕਰਦੇ ਐ-ਇਹਦਾ ਕੀ ਜਾਊ? ਮਰੇਂਗਾ ਤੂੰ, ਤੇ ਭੁੱਖਾ ਮਰੂ ਤੇਰਾ ਟੱਬਰ! ਤੂੰ ਆਪਦਾ ਕੋਈ ਹੀਲਾ-ਵਸੀਲਾ ਦੇਖ - ਜਾਨ ਬਚੀ ਲਾਖੋਂ ਪਾਏ! ਜੇ ਅੱਤਿਵਾਦੀਆਂ ਨੂੰ ਤੇਰੀ ਖਿਸਕਣ ਦੀ ਸਕੀਮ ਬਾਰੇ ਪਤਾ ਚੱਲ ਗਿਆ, ਖੜ੍ਹੇ ਪੈਰ ਗੋਲੀ ਨਾਲ ਉੜਾ ਦੇਣਗੇ। ਆਪਣਾ ਭੇਦ ਛੁਪਾਉਣ ਲਈ ਉਹ ਇੱਕ ਤਾਂ ਕੀ? ਕਈ ਕਤਲ ਕਰ ਸਕਦੇ ਐ। ਇਹ ਤਾਂ ਕੋਈ ਸਕੀਮ ਸੋਚ!
ਉਹ ਸੋਚਾਂ ਦੀਆਂ ਟਿੰਡਾਂ ਵਿਚ ਬੁਰੀ ਤਰ੍ਹਾਂ ਗਿੜੀ ਜਾ ਰਿਹਾ ਸੀ। ਉਸ ਦਿਨ ਤੋਂ ਸੋਭਾ ਰਾਮ ਨੇ ਦਿਮਾਗ ਫਿ਼ਰਿਆਂ ਵਾਂਗ ਗੁਆਂਢੀ ਖੇਤਾਂ ਵਾਲਿਆਂ ਕੋਲ ਗੁੱਝੀਆਂ ਗੁੱਝੀਆਂ, ਗੋਲ ਗੱਲਾਂ ਸੁਰੂ ਕਰ ਦਿੱਤੀਆਂ। ਹੌਲੀ ਹੌਲੀ ਗੱਲ ਦੇ ਪੈਰ ਲੱਗ ਗਏ ਅਤੇ ਤੁਰਦੀ-ਤੁਰਦੀ ਗੱਲ "ਕੌਡੀਆਂ ਆਲੇ" ਦੇ ਸੂਹੀਆਂ ਦੇ ਕੰਨਾਂ ਨਾਲ ਆ ਟਕਰਾਈ....!!
ਠਾਣੇਦਾਰ ਨੇ ਮਾਈ ਸੰਤ ਕੌਰ ਦੀ ਕੋਠੀ ਦੇ ਆਸ ਪਾਸ ਖੁਫ਼ੀਆ ਤੌਰ 'ਤੇ ਚਾਰ ਸਿਪਾਹੀ ਛੱਡ ਦਿੱਤੇ।
ਦੋ ਦਿਨ ਅਤੇ ਦੋ ਰਾਤਾਂ ਕਾਰਵਾਈ ਜਾਰੀ ਰਹੀ। ਖ਼ਾੜਕੂਆਂ ਦੇ ਆਉਣ ਅਤੇ ਜਾਣ ਦਾ ਸਮਾਂ ਨੋਟ ਹੋ ਗਿਆ। ਮੋਟੀ ਜਿਹੀ ਗਿਣਤੀ ਲਿਸਟ ਉਪਰ ਦਰਜ ਕਰ ਲਈ ਗਈ। ਗੱਲ ਕੀ ਖ਼ਾੜਕੂਆਂ ਦਾ ਹਰ ਪ੍ਰਤੀਕਰਮ ਠਾਣੇਦਾਰ ਦੇ ਰਿਕਾਰਡ ਵਿਚ ਆ ਗਿਆ। ਰਿਕਾਰਡ ਅਨੁਸਾਰ, ਯੋਗ ਸਮੇਂ ਠਾਣੇਦਾਰ ਨੇ ਸਿਪਾਹੀਆਂ ਸਮੇਤ ਭੇਸ ਬਦਲ ਕੇ ਇਸ ਖ਼ਾੜਕੂ-ਗਰੋਹ ਨੂੰ ਜਿ਼ੰਦਾ ਗ੍ਰਿਫ਼ਤਾਰ ਕਰਨ ਦਾ ਮਤਾ ਪਾਸ ਕਰ ਲਿਆ। ਐਕਸ਼ਨ ਕਰਨ ਲਈ ਐੱਸ ਪੀ ਤੋਂ ਇਜ਼ਾਜ਼ਤ ਲੈ ਕੇ ਠਾਣੇਦਾਰ ਨੇ ਹੋਰ ਫ਼ੋਰਸ ਮੰਗ ਲਈ ਤਾਂ ਜੋ ਕੋਠੀ ਦੇ ਚਾਰੇ ਪਾਸਿਓਂ, ਖੇਤਾਂ ਵਿਚੋਂ ਧਾਵਾ ਬੋਲਿਆ ਜਾ ਸਕੇ।
ਐੱਸ ਪੀ ਨੇ ਹੱਸ ਕੇ ਫ਼ੋਰਸ 'ਆਫ਼ਰ' ਕਰ ਦਿੱਤੀ। ਉਸ ਨੂੰ ਕੌਡੀਆਂ ਆਲੇ 'ਤੇ ਅਥਾਹ ਵਿਸ਼ਵਾਸ ਸੀ ਅਤੇ ਮਾਣ ਸੀ।
ਅਗਲੇ ਦਿਨ ਰਾਤ ਨੂੰ ਪੌਣੇ ਕੁ ਦਸ ਵਜੇ ਠਾਣੇਦਾਰ ਨੇ ਸਿੰਘਾਂ ਦਾ ਬਾਣਾਂ ਪਾ ਕੇ ਚਾਰ ਸਿਪਾਹੀਆਂ ਸਮੇਤ, ਮਾਈ ਸੰਤ ਕੌਰ ਦੀ ਸਥਿੱਤ ਕੋਠੀ ਜਾ ਦਸਤਕ ਦਿੱਤੀ। ਕਾਫ਼ੀ ਦੇਰ ਬਾਅਦ ਸੋਭਾ ਰਾਮ ਨੇ ਛੋਟਾ ਗੇਟ ਖੋਲ੍ਹਿਆ।
-"ਸੁਣਾਈਏ....?" ਸੋਭਾ ਰਾਮ ਰਾਤਾਂ ਨੂੰ ਦਰਵਾਜਾ ਖੋਲ੍ਹਣ ਦਾ ਆਦੀ ਹੋ ਚੁੱਕਾ ਸੀ। ਉਸ ਨੂੰ ਪ੍ਰਪੱਕ ਪਤਾ ਸੀ ਕਿ ਇਸ ਕੋਠੀ ਵਿਚ ਅੱਤਿਵਾਦੀਆਂ ਤੋਂ ਬਗੈਰ ਕੋਈ ਆ ਹੀ ਨਹੀਂ ਸਕਦਾ ਸੀ। ਬਾਬੇ ਦੇ ਯਾਰ, ਗਿੱਦੜ ਤੇ ਬਘਿਆੜ - ਅੱਤਿਵਾਦੀਆਂ ਕੋਲ ਅੱਤਿਵਾਦੀ ਹੀ ਆਉਣੇ ਸਨ।
-"ਮਾਤਾ ਜੀ ਘਰੇ ਈ ਨੇ?" ਠਾਣੇਦਾਰ ਨੇ ਬਾਹਰ ਖੜ੍ਹਿਆਂ ਹੀ ਧੀਮੀ ਅਵਾਜ਼ ਵਿਚ ਪੁੱਛਿਆ।
-"ਆਰਾਮ ਕਰ ਰਹੇ ਹੈਂ-ਮਗਰ ਉਨ ਕੋ ਜਿ਼ਆਦਾ ਨੀਂਦਰ ਨਹੀਂ ਪੜਤੀ-ਮੈਂ ਅਭੀ ਜਗਾ ਦੇਤਾ ਹੂੰ-ਮਗਰ ਆਪ ਕੌਨ ਹੈਂ-ਯੇਹ ਤੋ ਬਤਾਈਏ?"
ਠਾਣੇਦਾਰ ਨੂੰ ਸਮਝ ਆ ਗਈ ਕਿ ਇਹ ਆਦਮੀ 'ਭਈਆ' ਹੈ।
-"ਭਈਆ! ਹਮ ਖ਼ਾੜਕੂ ਸੀਂਘ ਹੈਂ-ਮਾਤਾ ਜੀ ਸੇ ਜ਼ਰੂਰੀ ਬਾਤੇਂ ਕਰਨੀ ਹੈਂ।"
-"ਆਈਏ ਸੀਂਘ ਸਾਅਬ...!" ਤੇ ਸੋਭਾ ਰਾਮ ਉਹਨਾਂ ਨੂੰ ਅਗਵਾਈ ਦਿੰਦਾ ਮਾਈ ਸੰਤ ਕੌਰ ਕੋਲ ਲੈ ਗਿਆ। ਮਾਈ ਜਾਗਦੀ ਹੀ ਪਈ ਸੀ।
-"ਮਾਤਾ ਜੀ ਸੀਂਘ ਸਾਅਬ ਆਏ ਹੈਂ।"
-"ਜੀਅ ਆਇਆਂ ਦੇ ਭਾਈ!" ਮਾਈ ਉਠ ਕੇ ਬੈਠ ਗਈ। ਪੰਝੱਤਰ ਸਾਲ ਦੀ ਬਿਰਧ ਮਾਤਾ ਸੰਤ ਕੌਰ ਦੇ ਚਿਹਰੇ 'ਤੇ ਕੋਈ ਘਬਰਾਹਟ ਨਹੀਂ ਸੀ। ਉਸ ਨੇ ਉਠ ਕੇ ਵਰਾਂਡੇ ਦੀ ਬੱਤੀ ਜਗਾ ਲਈ। ਲਾਈਟ 'ਡਿੰਮ੍ਹ' ਹੋਣ ਕਾਰਨ ਬੱਲਬ ਦਾ ਚਾਨਣ ਸਿਫ਼ਰ, ਸਿਰਫ਼ ਗਜ਼ਾਰੇ ਜੋਗਾ ਸੀ। ਉਸ ਨੇ ਪੁਲਸੀਆਂ ਨੂੰ ਮੰਜੇ 'ਤੇ ਬਿਠਾ ਲਿਆ। ਚਿੱਟੇ ਕੱਪੜਿਆਂ ਵਿਚ ਸੰਤ ਕੌਰ ਕੋਈ ਦੇਵੀ ਜਾਪਦੀ ਸੀ। ਉਸ ਨੇ ਸੋਭਾ ਰਾਮ ਨੂੰ ਚਾਹ ਧਰਨ ਦਾ ਹੁਕਮ ਦੇ ਦਿੱਤਾ। ਸੋਭਾ ਰਾਮ ਰਸੋਈ ਵਿਚ ਰੁੱਝ ਗਿਆ।
-"ਹਾਂ ਭਾਈ ਕਿਹੜੇ ਪਾਸਿਓਂ ਆਏ ਐਂ?"
-"ਅਸੀਂ ਤਾਂ ਮਾਤਾ ਬੱਸ ਇਉਂ ਹੀ ਕਹਿ ਲਈਏ ਬਈ ਖੂਹ 'ਚੋਂ ਆਏ ਤੇ ਖਾਤੇ 'ਚ ਜਾਣੈਂ।"
-"ਕੀ ਭੀੜ੍ਹ ਪੈ ਗਈ ਸ਼ੇਰੋ?" ਭੋਲੀ ਸੰਤ ਕੌਰ ਠਾਣੇਦਾਰ ਦੀ ਪਿੱਠ ਪਲੋਸਣ ਲੱਗ ਪਈ।
-"ਮਾਤਾ ਪਹਿਲੇ ਠਾਣੇਦਾਰ ਨੇ ਮੇਰਾ ਭਰਾ ਮਾਰਤਾ ਮੁਕਾਬਲਾ ਬਣਾ ਕੇ-ਤੇ ਹੁਣ ਆਲਾ ਠਾਣੇਦਾਰ ਮੈਨੂੰ ਨਹੀਂ ਟਿਕਣ ਦਿੰਦਾ-।"
-"ਇਹੇ ਤਾਂ ਮੈਂ ਵੀ ਸੁਣਿਐਂ ਬਈ ਬੜਾ ਬੁੱਚੜ ਐ ਥੇਹ ਹੋਣਾ।"
-"ਤੇ ਮਾਤਾ ਆਹ ਮੁੰਡੇ ਦੇ ਬੁੜ੍ਹੇ ਮਾਂ-ਪਿਉ ਨੂੰ ਪੰਜ ਦਿਨ ਹੋਗੇ ਠਾਣੇ 'ਚ ਕੁੱਟਣ ਡਹੇ ਐ।"
-"ਹੈਅ ਤੇਰੀ ਬੇੜੀ ਬਹਿਜੇ ਨਿਪੁੱਤੇ ਦਿਆ!"
-"ਤੇ ਐਹਦੀ ਘਰਾਂਆਲੀ ਨਾਲ ਸਿਪਾਹੀਆਂ ਨੇ ਠਾਣੇ ਲਿਜਾ ਕੇ ਖੇਹ ਖਰਾਬੀ ਕੀਤੀ।"
-"ਬਾਘਰੂ - ਬਾਘਰੂ...!"
-"ਤੇ ਆਹ ਮਾਈ ਸਕੇ ਚਾਚੇ-ਤਾਏ ਦੇ ਪੁੱਤ ਐ-ਇਹਨਾਂ ਦੀਆਂ ਫ਼ਸਲਾਂ ਨੂੰ ਅੱਗ ਲਾਅਤੀ ਤੇ ਜੁਆਕਾਂ ਸਣੇਂ ਸਾਰਾ ਟੱਬਰ ਕੁੱਟਿਆ।"
-"ਥੋਡੇ ਕੀੜੇ ਪੈ ਜਾਣ ਔਤਾਂ ਦਿਓ! ਅੰਨ ਦੇਬਤੇ ਨਾਲ ਥੋਡਾ ਕੀ ਬੈਰ ਸੀ?"
-"ਮਾਤਾ ਅਸੀਂ ਮਾਰ ਖਾਨੇਂ ਐਂ ਅਸਲੇ ਖੁਣੋਂ-ਨਹੀਂ ਤਾਂ ਹੁਣ ਨੂੰ ਬੁੱਚੜ ਠਾਣੇਦਾਰ ਦੀਆਂ ਢਿੰਬਰੀਆਂ ਟੈਟ ਕਰ ਦਿੰਦੇ।"
-"ਪੁੱਤ-ਤੁਸੀਂ ਬਾਹਲਾ ਨਾ ਕਲਪੋ! ਮੁੰਡੇ ਗਏ ਵੇ ਐ-ਤੜਕਿਓਂ ਚਾਰ ਕੁ ਵਜੇ ਆ ਜਾਣਗੇ-ਤੁਸੀਂ ਸਾਰੀ ਗੱਲ ਉਹਨਾਂ ਨੂੰ ਦੱਸਿਓ-ਉਹਨਾਂ ਨੂੰ ਵੀ ਬੰਦਿਆਂ ਦੀ ਲੋੜ ਐ-ਨਵੀਂ ਭਰਤੀ ਕਰਦੇ ਫਿਰਦੇ ਐ-ਅਸਲਾ ਥੋਨੂੰ ਦੇ ਦੇਣਗੇ-ਅਸਲਾ ਤਾਂ ਭਾਈ ਉਹਨਾਂ ਕੋਲੇ ਐਨਾ ਐਂ-ਮੁਕਾਇਆ ਨੀ ਮੁਕਦਾ-ਜਿੰਨਾ ਮਰਜੀ ਐ ਲੈ ਲਇਓ।"
ਮਾਈ ਦੇ ਬੋਲਾਂ 'ਤੇ ਸਾਰਿਆਂ ਨੂੰ ਮੁੜ੍ਹਕਾ ਆ ਗਿਆ।
ਪਰ ਠਾਣੇਦਾਰ ਸੰਭਲਿਆ।
-"ਮਾਈ ਅਜੇ ਤਾਂ ਵੱਜੇ ਈ ਦਸ ਐ-ਸਾਡਾ ਕੋਈ ਚਾਰ ਵਜੇ ਤੱਕ ਪ੍ਰਬੰਧ?"
-"ਪਹਿਲਾਂ ਭਾਈ ਤੁਸੀਂ ਚਾਹ ਪੀਓ!"
ਚਾਹ ਆਉਣ 'ਤੇ ਸੰਤ ਕੌਰ ਨੇ ਕਿਹਾ।
ਸਾਰਿਆਂ ਨੇ ਚਾਹ ਦੇ ਸੜ੍ਹਾਕੇ ਮਾਰਨੇ ਸੁਰੂ ਕਰ ਦਿੱਤੇ। ਭਈਆ ਪਾਸੇ ਖੜ੍ਹਾ ਸੀ।
-"ਵੇ ਸੋਭਾ ਰਾਮਾਂ ਭਾਂਡੇ ਤੜਕਿਓਂ ਮਾਂਜ ਲਈਂ-ਹੁਣ ਤੂੰ ਜਾ ਕੇ ਪੈ ਜਾਹ-'ਰਾਮ ਕਰਲਾ ਮੇਰਾ ਸ਼ੇਰ।" ਮਾਈ ਦੇ ਹੁਕਮ 'ਤੇ ਭਈਆ ਗੋਲੀ ਬਣ ਗਿਆ।
ਸਾਰਿਆਂ ਨੇ ਚਾਹ ਪੀ ਕੇ ਗਿਲਾਸ ਮੇਜ਼ 'ਤੇ ਰੱਖ ਦਿੱਤੇ ਤਾਂ ਮਾਈ ਬੋਲੀ:
-"ਉਪਰ ਚੁਬਾਰੇ 'ਚ ਇੱਕ ਮੁੰਡਾ ਪਿਆ ਐ ਭਾਈ-।"
ਸਾਰੇ ਵਕਤ ਨੂੰ ਫੜੇ ਗਏ। ਪਰ ਸੰਤ ਕੌਰ ਦੇ ਅਗਲੇ ਬਿਆਨਾਂ ਔਂ ਉਹਨਾਂ ਦਾ ਸਾਹ ਥਾਂ ਸਿਰ ਆਇਆ।
-"ਉਹਦੇ ਸ਼ੇਰੋ ਦੋਹਵੇਂ ਬਾਹਾਂ 'ਚ ਗੋਲੀਆਂ ਲੱਗੀਐਂ-ਉਹਦੇ ਕੋਲੇ ਜਾ ਕੇ ਪੈਜੋ-ਜਦੋਂ ਦੂਜੇ ਮੁੰਡੇ ਆਏ ਸਵੇਰੇ ਆਏ-ਮੈਂ ਥੋਨੂੰ ਜਗਾ ਦਿਊਂਗੀ।"
-"ਮਾਈ-ਮਾਤਾ ਬਣਕੇ ਸਾਨੂੰ ਚੁਬਾਰੇ 'ਚ ਛੱਡ ਆ-ਹੋਰ ਨਾ ਉਹ ਸਾਨੂੰ ਓਪਰਾ ਜਿਆ ਦੇਖ ਕੇ ਗੋਲੀ ਚਲਾ ਦੇਵੇ?"
-"ਵੇ ਕਾਹਨੂੰ ਉਹ ਗੋਲੀ ਚਲਾਉਣ ਜੋਕਰੈ ਵਿਚਾਰਾ-ਉਹਤੋਂ ਤਾਂ ਹਿੱਲਿਆ ਵੀ ਨਹੀਂ ਜਾਂਦਾ-ਆਬਦੀ ਕਿਰਿਆ ਵੀ ਮਸਾਂ ਸੋਧਦੈ ਮਾੜੇ ਕਰਮਾਂ ਆਲਾ।"
-"ਕਿਹੜੇ ਪਿੰਡ ਦਾ ਐ ਮਾਤਾ?"
-"ਵੇ ਸਮਾਧ ਦਾ ਐ ਭਾਈ।"
-"ਤੇ ਗੋਲੀ ਕਿਵੇਂ ਲੱਗੀ?"
-"ਕਿਹੜਾ ਇੱਕ ਗੋਲੀ ਲੱਗੀ ਐ ਸ਼ੇਰਾ? ਉਹ ਤਾਂ ਬਿਚਾਰਾ ਥਾਂ ਥਾਂ ਤੋਂ ਪੁਣਿਆਂ ਪਿਐ-ਕਹਿੰਡੇ ਸੀ. ਆਰ. ਪੀ. ਨਾਲ ਮੁੱਠਭੇੜ੍ਹ ਹੋ ਗਈ-ਇਹ ਤਾਂ ਦੂਜੇ ਮੁੰਡੇ ਈ ਤਕੜੇ ਨਿਕਲੇ ਜਿਹੜੇ ਇਹਨੂੰ ਵਰ੍ਹਦੀ ਅੱਗ 'ਚੋਂ ਚੁੱਕ ਲਿਆਏ-ਨਹੀਂ ਤਾਂ ਬਿਚਾਰਾ ਉਥੇ ਈ ਮਰ ਖਪ ਜਾਂਦਾ।"
-"ਤੇ ਮਾਈ ਇਹਦੇ 'ਲਾਜ ਲੂਜ ਦਾ ਪ੍ਰਬੰਧ ਨਹੀਂ ਕੀਤਾ?"
-"ਵੇ ਭਾਈ ਤੀਜੇ ਕੁ ਦਿਨ ਮੁੰਡੇ ਇੱਕ ਡਾਕਦਾਰ ਨੂੰ ਅੱਖਾਂ 'ਤੇ ਪੱਟੀ ਜੀ ਬੰਨ੍ਹ ਕੇ ਲਿਆਉਂਦੇ ਐ-ਉਹ ਇਹਦੇ ਟੀਕੇ ਟਾਕੇ ਲਾਉਂਦੈ-ਗੋਲੀਆਂ ਕੈਪਸੂਲ ਦਿੰਦੈ-ਉਸ ਡਾਕਦਾਰ ਨੇ ਭਾਈ ਇਹਦੀਆਂ ਬਾਹਾਂ 'ਚੋਂ ਪੂਰੀਆਂ ਸੱਤ ਗੋਲੀਆਂ ਕੱਢੀਆਂ-।"

-"ਵਾਹਿਗੁਰੂ-!" ਠਾਣੇਦਾਰ ਨੇ ਲੰਬਾ ਸਾਹ ਲਿਆ।
-"ਚਲੋ ਭਾਈ ਥੋਨੂੰ ਚੁਬਾਰੇ 'ਚ ਛੱਡ ਆਵਾਂ-ਤੇ ਪੁੱਤ ਔਹ ਦੂਜੇ ਚੁਬਾਰੇ 'ਚ ਜਮਾਂ ਨਾ ਵੜਿਓ-ਇਹਦੇ 'ਚ ਤਾਂ ਮੁੰਡੇ ਸਾਨੂੰ ਵੀ ਨੀ ਜਾਣ ਦਿੰਦੇ-ਕੁੰਜੀ ਆਬਦੇ ਕੋਲੇ ਈ ਰੱਖਦੇ ਐ-ਤੇ ਇਹਦੇ 'ਚ ਭਾਈ ਕੀ ਰੱਖਿਐ ਰੱਬ ਜਾਣੇਂ-।" ਕਹਿੰਦੀ ਮਾਈ ਅੱਗੇ ਲੱਗ ਤੁਰੀ।
ਠਾਣੇਦਾਰ ਅਤੇ ਸਿਪਾਹੀਆਂ ਨੇ ਆਪਣੇ ਰਿਵਾਲਵਰ ਪਰਖੇ। ਹੈਂਡ-ਗਰਨੇਡ ਅਤੇ ਰੱਸੀਆਂ ਨਿਰਖ ਲਈਆਂ।
ਸਾਰੇ ਪੌੜੀਆਂ ਚੜ੍ਹ ਗਏ।
-"ਬੰਟੀ...!" ਸੰਤ ਕੌਰ ਨੇ ਅਵਾਜ਼ ਦਿੱਤੀ ਤਾਂ ਕੋਈ ਉੱਤਰ ਨਾ ਆਇਆ। ਸ਼ਾਇਦ ਬੰਟੀ ਸੁੱਤਾ ਹੋਇਆ ਸੀ ਜਾਂ ਫਿਰ ਨਿਢਾਲ ਸੀ?
-"ਬੰਟੀ ਪੁੱਤ...! ਇਹਨੂੰ ਭਾਈ ਨੀਂਦ ਆਲੀਆਂ ਗੋਲੀਆਂ ਦੇ ਕੇ ਜਾਂਦੇ ਐ ਮੁੰਡੇ ਜਾਂਦੇ ਹੋਏ-।" ਮਾਈ ਨੇ ਜਦੋਂ ਆਖਿਆ ਤਾਂ ਠਾਣੇਦਾਰ ਸਮੇਤ ਸਿਪਾਹੀ ਦਰਵਾਜੇ ਨੂੰ ਧੱਕਾ ਦੇ ਕੇ ਅੰਦਰ ਚਲੇ ਗਏ। ਹਥਿਆਰ ਉਹਨਾਂ ਨੇ ਕੱਢ ਲਏ ਸਨ। ਪਹਿਲਾਂ ਬੰਟੀ ਅਤੇ ਫਿਰ ਸੰਤ ਕੌਰ ਨੂੰ ਨਰੜ ਲਿਆ ਗਿਆ। ਮੂੰਹ ਬੰਦ ਕਰਕੇ ਬੇਕਿਰਕੀ ਨਾਲ ਬੰਨ੍ਹ ਦਿੱਤੇ।
-"ਭਈਏ ਨੂੰ ਕਾਬੂ ਕਰੋ...!" ਠਾਣੇਦਾਰ ਚੀਕਿਆ ਤਾਂ ਦੋ ਸਿਪਾਹੀ ਪੈਰ ਤੋਂ ਹੀ ਚਾਲ ਫੜ ਗਏ। ਕਮਰੇ ਵਿਚ ਜਾ ਕੇ ਉਹਨਾਂ ਨੇ ਭਈਆ ਮੁਰਗੀ ਵਾਂਗ ਮਰੋੜ ਲਿਆ। ਉਸ ਦੇ ਹੱਥ ਪੈਰ ਬੰਨ੍ਹ ਉਪਰ ਚੁਬਾਰੇ ਵਿਚ ਲਿਆ ਸੁੱਟਿਆ।
ਚੁਬਾਰੇ ਵਿਚ ਪਿਆ ਥੋਕ ਵਿਚ ਅਸਲਾ ਦੇਖ-ਦੇਖ ਠਾਣੇਦਾਰ ਅਤੇ ਸਿਪਾਹੀਆਂ ਦੇ ਦੰਦ ਜੁੜਦੇ ਜਾ ਰਹੇ ਸਨ। ਬੰਦ ਕੀਤੀ ਹੋਈ ਵਾਇਰਲੈੱਸ ਠਾਣੇਦਾਰ ਨੇ ਚਾਲੂ ਕਰ ਲਈ।
ਸੰਤ ਕੌਰ ਡੁੱਬੀਆਂ ਅੱਖਾਂ ਨਾਲ ਠਾਣੇਦਾਰ ਅਤੇ ਸਿਪਾਹੀਆਂ ਵੱਲ ਦੇਖ ਰਹੀ ਸੀ। ਇਸ ਅਚਨਚੇਤ ਪਈ ਧਾੜ ਤੋਂ ਉਹ ਬੁਰੀ ਤਰ੍ਹਾਂ ਥਿੜਕ ਗਈ ਸੀ। ਉਸ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਹ ਭੇਦ ਵੀ ਕਦੇ ਬਾਹਰ ਨਿਕਲ ਸਕਦਾ ਹੈ। ਤੜਕਿਓਂ ਆਉਣ ਵਾਲੇ ਖ਼ਾੜਕੂਆਂ ਦੇ ਹਸ਼ਰ ਬਾਰੇ ਸੋਚ ਸੋਚ ਕੇ ਸੰਤ ਕੌਰ ਨੂੰ ਕਾਂਬਾ ਛਿੜ ਛਿੜ ਜਾਂਦਾ ਸੀ। ਉਹ ਉਸ ਨੂੰ ਪੁੱਤਾਂ-ਪੋਤਰਿਆਂ ਵਰਗੇ ਹੀ ਤਾਂ ਲੱਗਦੇ ਸਨ।
ਠਾਣੇਦਾਰ ਨੇ ਵਾਇਰਲੈੱਸ 'ਤੇ ਫ਼ੋਰਸ ਨੂੰ ਆਰਡਰ ਦੇਣੇ ਸੁਰੂ ਕਰ ਦਿੱਤੇ।
-"ਇੱਕ ਮੋਰਚਾ ਤਾਂ ਸਰ ਕਰ ਲਿਆ...!" ਠਾਣੇਦਾਰ ਆਖ ਰਿਹਾ ਸੀ।
-"ਹੁਣ ਸਾਨੂੰ ਕੋਈ ਹੁਕਮ ਹਜੂਰ?" ਖੇਤਾਂ ਵਿਚ ਲੱਗੀ ਪੈਦਲ-ਫ਼ੋਰਸ ਵਿਚੋਂ ਕੋਈ ਪੁੱਛ ਰਿਹਾ ਸੀ। ਪੈਦਲ ਫ਼ੋਰਸ ਕੋਠੀ ਦੇ ਆਸ ਪਾਸ ਫ਼ਸਲਾਂ ਵਿਚ ਬਘਿਆੜਾਂ ਵਾਂਗ ਸ਼ਹਿ ਲਾਈ ਬੈਠੀ ਸੀ।
-"ਕੋਠੀ ਦੀ ਛੱਤ ਉਪਰ ਦੋਨੀਂ ਪਾਸੀਂ ਮੋਰਚੇ ਲਾ ਲਓ-ਬੁੜ੍ਹੀ ਤੇ ਅੱਤਵਾਦੀ ਨੂੰ ਠਾਣੇ ਪਹੁੰਚਾਓ-ਤੁਹਾਡੀ ਜੀਪ ਕੋਠੀ ਦੇ ਅੱਗੇ ਇੱਕ ਮਿੰਟ ਤੋਂ ਵੀ ਵੱਧ ਨਹੀਂ ਰੁਕਣੀ ਚਾਹੀਦੀ-ਇਹ ਮੇਰੀ ਸਖ਼ਤ ਹਦਾਇਤ ਹੈ! ਅਠਾਰਾਂ ਜਾਣੇ ਛੱਤ 'ਤੇ ਚੜ੍ਹਨ ਅਤੇ ਬਾਕੀ ਦੇ ਖੇਤਾਂ ਵਿਚ ਹੀ ਤਿਆਰ-ਬਰ-ਤਿਆਰ ਰਹਿਣ-ਵਾਹ ਜਾਂਦੀ ਬੰਦੇ ਜਿਉਂਦੇ ਹੱਥ ਆਉਣੇ ਚਾਹੀਦੇ ਐ-ਤੁਹਾਨੂੰ ਮੈਂ ਸਿਰਫ਼ ਪੰਦਰਾਂ ਮਿੰਟ ਦਿੰਦਾ ਹਾਂ-ਜਲਦੀ ਕਰੋ ਛੱਤ 'ਤੇ ਚੜ੍ਹ ਜਾਓ!"
ਪੰਦਰਾਂ ਮਿੰਟਾਂ ਵਿਚ ਸਾਰੀ ਕਾਰਵਾਈ ਹੋ ਗਈ।
ਬੰਟੀ ਅਤੇ ਸੰਤ ਕੌਰ ਨੂੰ ਜੀਪ ਲੱਦ ਕੇ ਠਾਣੇ ਨੂੰ ਤੁਰ ਪਈ ਅਤੇ ਅਠਾਰਾਂ ਬੰਦੇ ਛੱਤ 'ਤੇ ਚੜ੍ਹ ਗਏ। ਬਾਕੀ ਫ਼ੋਰਸ ਨੇ ਖੁਫ਼ੀਆ ਤੌਰ 'ਤੇ ਕੋਠੀ ਨੂੰ ਚਾਰੇ ਪਾਸਿਓਂ ਘੇਰਾ ਪਾ ਰੱਖਿਆ ਸੀ।
ਠਾਣੇਦਾਰ ਕੋਠੀ ਦੀ ਛੱਤ 'ਤੇ ਚੜ੍ਹ ਕੇ ਫ਼ੋਰਸ ਨੂੰ ਕੁਝ ਜਰੂਰੀ ਹਦਾਇਤਾਂ ਦੇ ਕੇ ਹੇਠਾਂ ਆ ਗਿਆ।
-"ਸਾਹਬ ਬਹਾਦਰ ਐਹਦਾ ਕੀ ਕਰਨੈਂ?" ਇਕ ਸਿਪਾਹੀ ਨੇ ਭਈਏ ਵੱਲ ਇਸ਼ਾਰਾ ਕਰਦਿਆਂ ਪੁੱਛਿਆ।
-"ਇਹ ਤਾਂ ਆਪਣੇ ਕੰਮ ਦਾ ਬੰਦਾ ਐ-ਇਹਨੂੰ ਖੋਹਲ ਦਿਓ!" ਠਾਣੇਦਾਰ ਨੇ ਕਿਹਾ ਤਾਂ ਨੂੜਿਆ ਭਈਆ ਖੋਲ੍ਹ ਦਿੱਤਾ ਗਿਆ। ਉਸ ਨੇ ਹੱਥ ਜੋੜ ਲਏ।
-"ਸਾਅਬ ਮੇਰਾ ਤੋ ਕੋਈ ਦੋਸ਼ ਨਹੀਂ ਹੈ।" ਉਸ ਨੇ ਠਾਣੇਦਾਰ ਦੇ ਪੈਰ ਫੜ ਲਏ।
-"ਹਮ ਕਬ ਕਹਤੇ ਹੈਂ ਕੀ ਆਪ ਕਾ ਦੋਸ਼ ਹੈ?" ਉਸ ਨੇ ਸੋਭਾ ਰਾਮ ਨੂੰ ਫੜ ਕੇ ਖੜ੍ਹਾ ਕਰ ਲਿਆ, "ਉਠੀਏ!"
-"ਸਾਅਬ ਜੀ, ਮੈਨੇ ਹੀ ਤੋ ਯੇਹ ਖ਼ਬਰ ਆਗੇ ਪਹੁੰਚਾਈ ਥੀ-ਮਗਰ ਸਾਅਬ ਜੀ ਹਮਰਾ ਨਾਮ ਮਤ ਲੇਨਾ-ਵੋ ਲੋਗ ਮੁਝੇ ਮਾਰ ਡਾਲੇਗਾ-ਹਮਰੇ ਤੋ ਬੱਚੇ ਬੀ ਛੋਟੇ ਛੋਟੇ ਹੈਂ ਸਾਅਬ ਜੀ-।"
-"ਦੇਖੋ! ਘਬਰਾਈਏ ਮਤ-ਹਮ ਆਪ ਕੇ ਸਾਥ ਹੈਂ-ਉਗਰਵਾਦੀਓਂ ਕੀ ਸਾਰੀ ਕਾਰਵਾਈਓਂ ਕੀ ਹਮੇਂ ਜਾਨਕਾਰੀ ਦੇਂ-ਵੋ ਕੌਨ ਕੌਨ ਹੈਂ-ਕਹਾਂ ਕੇ ਰਹਨੇ ਵਾਲੇ ਹੈਂ-ਕਿਆ ਕਰਤੇ ਹੈਂ? ਕਹਾਂ ਜਾਤੇ ਹੈਂ? ਕਬ ਆਤੇ ਹੈਂ ਔਰ ਕਬ ਜਾਤੇ ਹੈਂ? ਇਸ ਬੁੜ੍ਹੀਆ ਕਾ ਉਨ ਸੇ ਕਿਆ ਨਾਤਾ ਹੈ?"
-"ਸਾਅਬ ਜੀ ਬੁੜ੍ਹੀਆ ਕਾ ਉਨਸੇ ਕੋਈ ਨਾਤਾ ਨਹੀਂ ਹੈ-ਵੋ ਤੋ ਵੈਸੇ ਹੀ ਉਨਕੀ ਮੱਦਦ ਕਰਤੀ ਹੈ-ਬੁੜ੍ਹੀਆ ਕੇ ਲੜਕੇ ਬਾਹਰ ਰਹਤੇ ਹੈਂ-ਉਨਹੋਂ ਨੇ ਇਸ ਕੋ ਬੋਲ ਰੱਖਾ ਥਾ ਕਿ ਇਨ ਉਗਰਵਾਦੀਓਂ ਕੋ ਪਨਾਂਹ ਦੋ-।"
-"ਉਨ ਕੇ ਆਨੇ ਜਾਨੇ ਕਾ ਸਮਾਂ?"
-"ਸਮਾਂ ਕੋਈ ਨੀਯਤ ਨਹੀਂ ਹੈ ਸਾਅਬ ਜੀ-ਵੋ ਆਠ ਨੌਂ ਵਜੇ ਜਾਤੇ ਹੈਂ-ਔਰ ਤੀਨ ਚਾਰ ਵਜੇ ਵਾਪਿਸ ਆ ਜਾਤੇ ਹੈਂ-ਕਬੀ-ਕਬੀ ਤੀਨ-ਤੀਨ ਦਿਨ ਜਾਤੇ ਹੀ ਨਹੀਂ-ਊਪਰ ਹੀ ਪੜੇ ਰਹਤੇ ਹੈਂ-ਔਰ ਕਬੀ-ਕਬੀ ਦੋ-ਦੋ ਦਿਨ ਆਤੇ ਹੀ ਨਹੀਂ-"
-"ਨਾਮ ਕਿਆ ਹੈਂ ਉਨਕੇ?"
-"ਨਾਮ ਤੋ ਸਾਅਬ ਜੀ ਉਨਕੇ ਛੋਟੇ ਛੋਟੇ ਹੀ ਹੈਂ-ਕਿਸੀ ਕਾ ਬੰਟੀ, ਕਿਸੀ ਕਾ ਟੈਨੀ ਔਰ ਕਿਸੀ ਕਾ ਟੋਨੀ-ਔਰ ਹਾਂ ਏਕ ਸੀਂਘ ਕੋ ਸਬੀ ਜੱਥੇਦਾਰ ਬੋਲਤਾ ਹੈ।"
-"ਕਿਸੀ ਕਾ ਗਾਓਂ ਮਾਲੁਮ ਹੈ?"
-"ਸਾਅਬ ਜੀ-ਗਾਓਂ ਕੇ ਬਾਰੇ ਮੇਂ ਤੋ ਮੁਝੇ ਮਾਲੁਮ ਨਹੀਂ ਹੈ।" ਉਸ ਨੇ ਫਿਰ ਹੱਥ ਜੋੜੇ।
-"ਕਿਆ ਨਾਮ ਹੈ ਆਪਕਾ?"
-"ਸੋਭਾ ਰਾਮ ਹੈ ਜੀ।"
-"ਸੋਭਾ ਰਾਮ! ਆਪ ਨੇ ਸੱਚ ਬੋਲਾ ਹੈ-ਹਮ ਆਪ ਪਰ ਬਹੁਤ ਖੁਸ਼ ਹੈਂ-ਹਮ ਸੱਚੇ ਇਨਸਾਨ ਕੀ ਕਦਰ ਕਰਤੇ ਹੈਂ-ਅਬ ਧਿਆਨ ਸੇ ਸੁਨੀਏਂ-ਜਬ ਵੋਹ ਆਏਂ ਉਨ ਕੋ ਕਿਸੀ ਤਰਹ ਕਾ ਸ਼ੱਕ ਨਹੀਂ ਹੋਨਾ ਚਾਹੀਏ-ਆਪ ਦਰਵਾਜਾ ਖੋਲ੍ਹ ਕਰ ਤੁਰੰਤ ਅਪਨੇ ਕਮਰੇ ਮੇਂ ਚਲੇ ਜਾਨਾ-ਮਗਰ ਘਬਰਾਨਾ ਨਹੀਂ-ਬਾਹਰ ਭੀ ਨਹੀਂ ਆਨਾ-ਔਰ ਹਾਂ! ਉਨ ਕੇ ਅੰਦਰ ਆਨੇ ਕੇ ਬਾਅਦ ਗੇਟ ਬੰਦ ਨਹੀਂ ਕਰਨਾ-ਆਪ ਕੋ ਏਕ ਬਾਤ ਹਮ ਅਭੀ ਬਤਾ ਦੇਤੇ ਹੈਂ-ਕਿ ਹੋ ਸਕਤਾ ਹੈ ਗੋਲੀ ਚਲੇ ਲੇਕਿਨ ਜ਼ਰੂਰੀ ਨਹੀਂ-ਇਸ ਲੀਏ ਆਪ ਤੁਰੰਤ ਅਪਨੇ ਕਮਰੇ ਮੇਂ ਜਾ ਕਰ ਅੰਦਰ ਸੇ ਦਰਵਾਜਾ ਬੰਦ ਕਰ ਲੇਨਾ-ਜਬ ਤੱਕ ਮੈਂ ਆਵਾਜ਼ ਨਾ ਦੂੰ ਦਰਵਾਜ਼ਾ ਨਹੀਂ ਖੋਲ੍ਹਨਾ-ਸਮਝ ਗਏ...?"
-"ਜੀ ਸਾਅਬ...!"
-"ਅਪਨੇ ਕਮਰੇ ਮੇਂ ਜਾਓ!"
ਸੋਭਾ ਰਾਮ ਚਲਾ ਗਿਆ।
ਠਾਣੇਦਾਰ ਨੇ ਸੰਤ ਕੌਰ ਦੇ ਮੰਜੇ ਕੋਲ ਜਾ ਕੇ ਰਜਾਈ ਹੇਠ ਦੋ ਸਿਰਹਾਣੇਂ ਰੱਖ, ਰਜਾਈ ਸਿੱਧੀ ਕਰ ਦਿੱਤੀ। ਮੰਜੇ ੳੁੱਪਰ ਸੰਤ ਕੌਰ ਸੁੱਤੀ ਹੋਈ ਦਾ ਭੁਲੇਖਾ ਪੈਣ ਲੱਗ ਪਿਆ।
ਸਵੇਰ ਦੇ ਤਿੰਨ ਵੱਜ ਗਏ ਸਨ।
ਠਾਣੇਦਾਰ ਫ਼ੋਰਸ ਕੋਲ ਛੱਤ 'ਤੇ ਚਲਾ ਗਿਆ।
ਉਹ ਕਾਹਲੀ-ਕਾਹਲੀ ਲੋੜੀਂਦੀਆਂ ਹਦਾਇਤਾਂ ਦੇ ਰਿਹਾ ਸੀ। ਫਿਰ ਉਸ ਨੇ ਅਫ਼ੀਮ ਦਾ ਗੋਲਾ ਅੰਦਰ ਸੁੱਟਿਆ।
ਟਾਵੇਂ-ਟਾਵੇਂ ਗੁਰਦੁਆਰੇ ਵਿਚੋਂ ਪਵਿੱਤਰ ਬਾਣੀ ਦਾ ਝਰਨਾ ਫੁੱਟ ਪਿਆ ਸੀ। ਪਰ ਇੱਧਰ ਪੁਲੀਸ ਸਿੰਘਾਂ ਦਾ ਸਿ਼ਕਾਰ ਕਰਨ ਲਈ ਮੁੱਠੀਆਂ ਵਿਚ ਥੁੱਕੀ ਬੈਠੀ ਸੀ।
ਕੋਈ ਸਾਢੇ ਕੁ ਤਿੰਨ ਵਜੇ ਗੇਟ ਖੜਕਿਆ!
ਸੋਭਾ ਰਾਮ ਨੂੰ ਚੱਕਰ ਆਇਆ!!
ਫ਼ੋਰਸ ਚੌਕਸ ਹੋ ਗਈ!!!
ਦਰਵਾਜਾ ਫਿਰ ਖੜਕਿਆ ਤਾਂ ਸੋਭਾ ਰਾਮ ਨੇ ਸਾਰੀ ਤਾਕਤ ਇਕੱਠੀ ਕਰਕੇ ਦਰਵਾਜਾ ਖੋਲ੍ਹਿਆ।
ਛੇ ਖਾੜਕੂ ਅੰਦਰ ਲੰਘ ਆਏ। ਅਸਾਲਟਾਂ ਉਹਨਾਂ ਦੇ ਕੋਲ ਸਨ। ਉਹ ਕਾਫ਼ੀ ਥੱਕੇ-ਥੱਕੇ ਜਾਪਦੇ ਸਨ। ਸ਼ਾਇਦ ਕਾਫ਼ੀ ਵਾਟ ਤੁਰ ਕੇ ਆਏ ਸਨ।
ਵਿਹੜੇ ਦੇ ਅੱਧ ਵਿਚ ਪਹੁੰਚ ਕੇ ਉਹਨਾਂ ਨੇ ਹਥਿਆਰ ਮੰਜੇ ਉਪਰ ਰੱਖ ਦਿੱਤੇ ਅਤੇ ਗੁਸਲਖਾਨੇ ਕੋਲ ਲੱਗੇ ਨਲਕੇ ਤੋਂ ਹੱਥ ਧੋਣ ਲੱਗ ਪਏ। ਕੋਈ ਕਿਸੇ ਨਾਲ ਬਹੁਤੀ ਗੱਲ ਨਹੀਂ ਕਰ ਰਿਹਾ ਸੀ। ਸੋਭਾ ਰਾਮ ਹਦਾਇਤ ਅਨੁਸਾਰ ਆਪਣੇ ਕਮਰੇ ਵਿਚ ਚਲਾ ਗਿਆ ਸੀ।
ਅਜੇ ਉਹ ਹੱਥ-ਮੂੰਹ ਹੀ ਧੋ ਰਹੇ ਸਨ ਕਿ ਦੋਵੇਂ ਪਾਸਿਓਂ, ਛੱਤ ਤੋਂ ਫ਼ੋਰਸ ਗੰਨਿਆਂ ਵਾਂਗ ਖੜ੍ਹੀ ਹੋ ਗਈ। ਸਾਰਿਆਂ ਦੇ ਹਰਾਸ ਮਾਰੇ ਗਏ। ਅਸਾਲਟਾਂ ਦੋ ਕਦਮਾਂ ਦੂਰ ਮੰਜੇ 'ਤੇ ਪਈਆਂ ਸਨ। ਉਹਨਾਂ ਨੇ ਆਪਣੇ ਆਪ ਨੂੰ ਪੂਰੀ ਫ਼ੋਰਸ ਦੇ ਘੇਰੇ ਵਿਚ ਆਇਆਂ ਦੇਖ ਕੇ ਇੱਕ ਦੂਜੇ ਵੱਲ ਤੱਕਿਆ। ਟੋਨੀ ਦੌੜ ਕੇ ਏ. ਕੇ. ਸੰਤਾਲੀ ਚੁੱਕਣ ਲੱਗਾ ਤਾਂ ਗੋਲੀਆਂ ਦੀ ਬੁਛਾੜ ਨੇ ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਜ਼ਖ਼ਮੀਂ ਕਰ ਦਿੱਤੀਆਂ ਅਤੇ ਉਹ ਕਰਾਹੁੰਦਾ ਧਰਤੀ 'ਤੇ ਜਾ ਡਿੱਗਿਆ।
ਲਹੂ ਕੱਸੀ ਦੇ ਪਾਣੀ ਵਾਂਗ ਵਹਿਣਾ ਸੁਰੂ ਹੋ ਗਿਆ।
ਬਾਕੀ ਸਾਥੀ ਨਿਹੱਥੇ ਖੜ੍ਹੇ ਸਨ।
-"ਜੇ ਹੁਣ ਕਿਸੇ ਨੇ ਹਰਕਤ ਕੀਤੀ ਤਾਂ ਇਹੀ ਹਸ਼ਰ ਹੋਊਗਾ-ਬਿਹਤਰ ਇਹ ਹੀ ਹੈ ਕਿ ਹੱਥ ਖੜ੍ਹੇ ਕਰ ਕੇ ਕੰਧ ਨਾਲ ਲੱਗ ਜਾਓ...!" ਤੇ ਵਾਇਰਲੈੱਸ 'ਤੇ ਠਾਣੇਦਾਰ ਨੇ ਬਾਹਰ ਲੱਗੀ ਫ਼ੋਰਸ ਅੰਦਰ ਬੁਲਾ ਲਈ। ਅੰਦਰ ਆਉਣਸਾਰ ਫ਼ੋਰਸ ਨੇ ਅੱਤਿਵਾਦੀਆਂ ਦੇ ਹਥਿਆਰ ਹੱਥ ਹੇਠ ਕਰ ਲਏ ਅਤੇ ਹੱਥਕੜੀਆਂ ਲਾ ਲਈਆਂ। ਖੂਨ ਦੇ ਧੱਬੇ ਸਾਫ਼ ਕਰ ਦਿੱਤੇ।
ਠਾਣੇਦਾਰ ਦਾ ਦੂਜਾ ਮੋਰਚਾ ਵੀ ਸਫ਼ਲ ਹੋ ਗਿਆ।
ਟੋਨੀ ਨੂੰ ਭਾਰੀ ਫ਼ੋਰਸ ਦੀ ਨਿਗਰਾਨੀ ਹੇਠ ਸਰਕਾਰੀ ਹਸਪਤਾਲ ਤੋਰ ਦਿੱਤਾ। ਬਾਕੀਆਂ ਨੂੰ ਧੂਹ-ਘੜ੍ਹੀਸ ਕੇ ਠਾਣੇ ਲਿਆ ਸੁੱਟਿਆ। ਵੱਡੀ ਲਟਾਇਣ ਵਿਚ ਉਹਨਾਂ ਦੇ ਗਿੱਟੇ ਅੜਾ ਕੇ ਨੱਟ ਕਸ ਦਿੱਤੇ ਗਏ। ਸਾਰੇ ਪੁਲੀਸ ਕਰਮਚਾਰੀਆਂ ਨੂੰ ਮੂੰਹ ਬੰਦ ਰੱਖਣ ਦੀ ਸਖ਼ਤ ਹਦਾਇਤ ਸੀ। ਕੋਈ ਸਿਪਾਹੀ ਠਾਣੇ ਤੋਂ ਬਾਹਰ ਨਹੀਂ ਜਾ ਸਕਦਾ ਸੀ। ਕੋਈ ਬਾਹਰੋਂ ਸਿਪਾਹੀਆਂ ਨੂੰ ਮਿਲਣ ਨਹੀਂ ਆ ਸਕਦਾ ਸੀ। ਗੱਲ ਕੀ? ਹਰ ਕਰਮਚਾਰੀ ਅਤੇ ਹਰ ਹਰਕਤ ਦਾ ਗਲਾ ਘੁੱਟ ਦਿੱਤਾ ਗਿਆ ਸੀ।
ਠਾਣੇ ਦੇ ਵਰਾਂਡੇ ਵਿਚ ਮੇਜ਼ ਕੁਰਸੀ ਡਾਹੀ ਠਾਣੇਦਾਰ ਖੜੱਪਾ ਸੱਪ ਬਣਿਆ, ਫ਼ਣ ਚੁੱਕੀ ਬੈਠਾ ਸੀ। ਉਸ ਦੀ ਡੇਮੂੰ ਨਜ਼ਰ ਸਿਪਾਹੀਆਂ ਨੂੰ ਤਾੜ ਰਹੀ ਸੀ। ਫਿਰ ਉਹ ਟੈਲੀਫ਼ੋਨ ਨੂੰ ਚਿੰਬੜ ਗਿਆ ਅਤੇ ਸਾਰੀ ਕਾਰਵਾਈ ਦੀ ਖ਼ਬਰ ਐੱਸ ਪੀ ਨੂੰ ਦੇ ਦਿੱਤੀ।
-"ਸ਼ਾਬਾਸ਼! ਸ਼ਾਬਾਸ਼!! ਗੜਗੱਜ ਸਿੰਘ ਵੈਰੀ ਗੁੱਡ - ਵੈੱਲ ਡਨ!!! ਆਈ ਐੱਮ ਵੈਰੀ ਪਰਾਊਡ ਆਫ਼ ਯੂ ਮਾਈ ਸੰਨ! ਯੂ ਆਰ ਦਾ ਬੈੱਸਟ ਆਫ਼ੀਸਰ ਇਨ ਮਾਈ ਸਟਾਫ਼! ਯੂ ਆਰ ਰੀਅਲੀ ਗੜਗੱਜ ਸਿੰਘ!" ਉਹ ਖੁਸ਼ੀ ਵਿਚ ਬੁੜ੍ਹਕਿਆ।
-"ਥੈਂਕਯੂ ਸਰ! ਥੈਂਕਯੂ ਵੈਰੀ ਮੱਚ!! ਇਟ‘ਜ਼ ਓਨਲੀ ਬੀਕਾਜ਼ ਆਫ਼ ਯੂਅਰ ਕਾਈਂਡਨੈੱਸ ਸਰ!!!" ਠਾਣੇਦਾਰ ਹੋਰ ਆਕੜ ਗਿਆ। ਉਸ ਦੇ ਧਰਤੀ 'ਤੇ ਪੈਰ ਨਹੀਂ ਲੱਗਦੇ ਸਨ।
-"ਗੜਗੱਜ ਸਿੰਘ! ਇਟ‘ਜ਼ ਅਵਰ ਗਰੇਟ ਵਿਕਟਰੀ! ਯੂਅਰ ਐਫ਼ਰਟਸ ਆਰ ਅਨਫ਼ੌਰਗਿੱਟਏਬਲ! ਯੂਅਰ ਨੇਮ ਵਿੱਲ ਬੀ ਨੋਅਨ ਐਜ਼ ਏ ਰਿਸਪੌਂਸੀਬਲ ਔਫ਼ੀਸਰ - ਯੂ ਆਰ ਰੀਅਲੀ ਏ ਫ਼ੀਅਰਲੈੱਸ ਪਰਸਨ!" ਐੱਸ ਪੀ ਖੁਸ਼ ਹੋਇਆ ਸਿਫ਼ਤਾਂ ਦੇ ਪੜੁੱਲ ਬੰਨ੍ਹੀ ਜਾ ਰਿਹਾ ਸੀ।
-"ਥੈਂਕਸ! ਮੈਨੀਂ ਥੈਂਕਸ ਸਰ!!" ਖੁਸ਼ੀ ਠਾਣੇਦਾਰ ਦੀਆਂ ਕੱਛਾਂ ਵਿਚੋਂ ਦੀ ਡੁੱਲ੍ਹ ਰਹੀ ਸੀ। ਉਸ ਨੂੰ ਕਹਿਣ ਲਈ ਕੁਝ ਸੁੱਝ ਨਹੀਂ ਰਿਹਾ ਸੀ। ਉਹ ਲਾਲਾ ਰੱਤਾ ਹੋਇਆ, ਰਿਸੀਵਰ ਘੁੱਟੀ ਖੜ੍ਹਾ ਸੀ।
-"ਪਰ ਜਨਾਬ ਅੱਗੇ ਦਾਸ ਨੂੰ ਕੀ ਹੁਕਮ ਐਂ?" ਠਾਣੇਦਾਰ ਨੇ ਆਪਣੇ 'ਆਕਾ' ਨੂੰ ਪੁੱਛਿਆ।
-"ਗੜਗੱਜ ਸਿੰਘ! ਪੁੱਤਰਾ ਇਹ ਤੂੰ ਮੈਥੋਂ ਪੁੱਛ ਰਿਹੈਂ? ਵਾਹ ਬਈ ਵਾਹ! ਯੂ ਨੋਅ ਬੈਟਰ ਦੈਨ ਮੀ!! ਜੋ ਜੀਅ ਆਵੇ ਸੋ ਰਾਜੀ ਜਾਵੇ....!" ਐੱਸ ਪੀ ਹੱਸ ਪਿਆ।
ਇੱਧਰੋਂ ਠਾਣੇਦਾਰ ਵੀ ਹੱਸਿਆ।
-"ਗੜਗੱਜ ਸਿੰਘ! ਮੈਂ ਹਰ ਤਰ੍ਹਾਂ ਤੇਰੇ ਨਾਲ ਐਂ - ਜੋ ਚਿੱਤ ਆਵੇ ਕਰ - ਪਰ ਅਗਲੇ ਪਿਛਲੇ ਭੇਦ ਕੱਢ ਇਹਨਾਂ ਅੰਦਰੋਂ! ਇਹ ਤੇਰੇ ਫਿ਼ਊਚਰ ਦਾ ਖ਼ਜ਼ਾਨਾ ਨੇ...!!"
-"ਤੇ ਜਨਾਬ ਬੁੱਢੀ ਦਾ ਕੀ ਕਰੀਏ?"
-"ਉਹਨੂੰ ਅਜੇ ਹੱਥ ਹੇਠ ਰੱਖੋ-ਬਾਅਦ ਵਿਚ ਪਨਾਂਹ ਦੇਣ ਦੇ ਦੋਸ਼ ਅਧੀਨ ਕੇਸ ਦਰਜ਼ ਕਰੋ ਤੇ ਭਈਏ ਨੂੰ ਵਾਅਦਾ ਮੁਆਫ਼ ਗਵਾਹ ਬਣਾਓ....!"
-"ਜੋ ਹੁਕਮ ਜਨਾਬ!"
-"ਮੈਂ ਪਰਸੋਂ ਤੇਰੇ ਕੋਲ ਪਹੁੰਚਾਂਗਾ-ਅਗਰ ਜ਼ਰੂਰਤ ਪਵੇ ਤਾਂ ਮੈਨੂੰ ਜਦੋਂ ਵੀ ਮਰਜ਼ੀ ਫ਼ੋਨ ਕਰ ਲੈਣਾ-ਪਰ ਪਰਸੋਂ ਕੋਈ ਨਾ ਕੋਈ ਖੁਸ਼ਖ਼ਬਰੀ ਤੈਥੋਂ ਜਰੂਰ ਸੁਣਨੀ ਐਂ ਗੜਗੱਜ ਸਿੰਘ!"
-"ਮੈਂ ਤੁਹਾਡੇ ਬੋਲਾਂ 'ਤੇ ਖਰਾ ਉਤਰਨ ਦੀ ਕੋਸਿ਼ਸ਼ ਕਰਾਂਗਾ ਸਰ!"
-"ਕੋਸਿ਼ਸ਼ ਨਹੀਂ! ਖ਼ਰਾ ਉਤਰਨੈਂ!! ਮੈਨੂੰ ਤੇਰੇ 'ਤੇ ਅਟੁੱਟ ਵਿਸ਼ਵਾਸ਼ ਐ ਗੜਗੱਜ ਸਿੰਘ!"
ਗੱਲਬਾਤ ਬੰਦ ਹੋ ਗਈ।
ਫ਼ੋਨ ਕੱਟੇ ਗਏ।
ਦਿਨ ਛੁਪਦੇ ਨਾਲ ਹੀ ਕਸਾਖਾਨਾ ਸੁਰੂ ਹੋ ਗਿਆ। ਤਰ੍ਹਾਂ-ਤਰ੍ਹਾਂ ਦੇ ਤਰੀਕੇ ਵਰਤੇ ਜਾ ਰਹੇ ਸਨ। ਟੈਣੀ ਦੇ ਗੁਪਤ ਅੰਗਾਂ 'ਤੇ ਬਿਜਲੀ ਦੇ ਕਰੰਟ ਲਾਏ ਜਾ ਰਹੇ ਸਨ। ਬੰਟੀ ਦੀ ਗ਼ੁਦਾ ਅੰਦਰ ਪੈਟਰੋਲ ਦੀ ਬੋਤਲ ਡੋਹਲ ਕੇ ਪਿੱਛੋਂ ਤੀਲੀ ਬਾਲ ਕੇ, ਅੱਗ ਲਾ ਦਿੱਤੀ ਗਈ - ਅਜ਼ੀਬ ਪਟਾਕਾ ਪਿਆ ਅਤੇ ਅਤੇ ਬੰਟੀ ਬੇਹੋਸ਼ ਹੋ ਗਿਆ। ਉਸ ਦੀ ਗ਼ੁਦਾ 'ਚੋਂ ਖੂਨ ਪ੍ਰਨਾਲੇ ਵਾਂਗ ਵਹਿ ਰਿਹਾ ਸੀ, ਮਿੱਝ ਵਗ ਰਹੀ ਸੀ। ਉਸ ਦੀਆਂ ਅੰਤੜੀਆਂ ਅੰਦਰੋਂ ਲੂਹੀਆਂ ਜਾ ਚੁੱਕੀਆਂ ਸਨ।
ਉਹਨਾਂ ਤੋਂ ਉਹਨਾਂ ਦੇ ਨਾਵਾਂ ਅਤੇ ਵਾਰਦਾਤਾਂ ਬਾਰੇ ਪੁੱਛਿਆ ਜਾ ਰਿਹਾ ਸੀ। ਅਸਲਾ ਕਿਥੋਂ ਆਉਂਦਾ ਸੀ ਅਤੇ ਉਹਨਾਂ ਦੇ ਨਾਲ ਦੇ ਸਾਥੀਆਂ ਦੇ ਅੱਡਿਆਂ ਬਾਰੇ ਪੁੱਛ ਪੜਤਾਲ ਹੋ ਰਹੀ ਸੀ। ਪਰ ਕੋਈ ਦੱਸ ਨਹੀਂ ਰਿਹਾ ਸੀ। ਤਰੀਕੇ ਜਾਰੀ ਸਨ। ਕਿਸੇ ਦੇ ਮਗਰ ਦੀ ਮਿਰਚਾਂ ਪਾਈਆਂ ਹੋਈਆਂ ਸਨ, ਕੋਈ ਸਿਕੰਜੇ ਵਿਚ ਅੜਾਇਆ ਹੋਇਆ ਸੀ। ਕਿਸੇ ਦੇ ਕਰੰਟ ਲਾਏ ਜਾ ਰਹੇ ਸਨ ਅਤੇ ਕੋਈ ਪੁੱਠਾ ਟੰਗਿਆ ਹੋਇਆ ਸੀ। ਸਾਰੇ ਬੱਕਰੇ ਵਾਂਗ 'ਹਲਾਲ' ਕੀਤੇ ਜਾ ਰਹੇ ਸਨ।
ਟੈਣੀ ਅਤੇ ਬੰਟੀ ਬੇਹੋਸ਼ ਪਏ ਸਨ।
ਠਾਣੇਦਾਰ ਸਾਹਣ ਵਾਂਗ ਫੁੰਕਾਰੇ ਮਾਰ ਰਿਹਾ ਸੀ। ਮੁਣਸ਼ੀ ਸਮੇਤ ਸਾਰੇ, ਸਿਪਾਹੀ ਉਸ ਅੱਗੇ ਕੱਠਪੁਤਲੀ ਵਾਂਗ ਨੱਚ ਰਹੇ ਸਨ। ਠਾਣੇਦਾਰ ਨੇ ਇਸ਼ਾਰੇ ਨਾਲ ਪੁੱਠੇ ਲਟਕਾਏ ਇੱਕ ਨਰਮ ਜਿਹੀ ਉਮਰ ਦੇ ਖ਼ਾੜਕੂ ਨੂੰ ਹੇਠਾਂ ਲੁਹਾ ਲਿਆ ਅਤੇ ਦਫ਼ਤਰ ਵਿਚ ਲੈ ਗਿਆ।
ਮੁੰਡਾ ਕੁਝ ਡਰਿਆ ਹੋਇਆ ਸੀ।
-"ਹਾਂ ਬਈ-ਕੀ ਨਾਂ ਐਂ ਤੇਰਾ?" ਪੈਂਦੀ ਸੱਟੇ ਠਾਣੇਦਾਰ ਨੇ ਸੁਆਲ ਸੁੱਟਿਆ। ਦਫ਼ਤਰ ਵਿਚ ਉਹ ਦੋਨੋਂ ਹੀ ਸਨ।
-".........।" ਮੁੰਡਾ ਚੁੱਪ ਸੀ।
ਠਾਣੇਦਾਰ ਨੇ ਦੋ ਰੂਲ ਉਸ ਦੇ ਮੌਰਾਂ ਵਿਚ ਜੜ ਦਿੱਤੇ।
-"ਮੇਰਾ ਨਾਂ ਗੜਗੱਜ ਸਿੰਘ ਐ - ਮੇਰੇ ਨਾਂ ਤੋਂ ਬੁੰਗੇ ਡਰਦੇ ਐ - ਦੂਜਿਆਂ ਦੀ ਹਾਲਤ ਤੂੰ ਦੇਖ ਹੀ ਚੁੱਕਿਐਂ-ਇਹੀ ਵਾਰੀ ਵੱਖੋ ਵੱਖ ਸਾਰਿਆਂ 'ਤੇ ਈ ਆਉਣੀ ਐਂ-ਮੁਆਫ਼ ਮੈਨੂੰ ਕਰਨਾ ਨਹੀਂ ਆਉਂਦਾ-ਹਾਂ, ਤੇਰੀ ਨਰਮ ਉਮਰ ਦੇਖ ਕੇ ਤੇਰੇ ਨਾਲ ਨਰਮੀਂ ਜਰੂਰ ਵਰਤ ਸਕਦੈਂ-ਪਰ ਉਹ ਵੀ ਤਾਂ, ਜੇਕਰ ਮੇਰੇ ਸੁਆਲਾਂ ਦਾ ਸਹੀ ਸਹੀ ਉੱਤਰ ਦੇਵੇਂਗਾ-ਚਲਾਕ ਮੁਜਰਮ ਦਾ ਮੈਂ ਕੱਟੜ ਦੁਸ਼ਮਣ ਐਂ-ਮਨਾ ਅਸੀਂ ਲੈਣਾ ਈ ਐ-ਸਾਡੇ ਕੋਲ ਬਹੁਤ ਤਰੀਕੇ ਐ-ਸਾਡੇ ਹੱਥ ਰਾਜ ਐ।"
ਠਾਣੇਦਾਰ ਨੇ ਮੁੰਡਾ ਜਰਕਾ ਲਿਆ।
ਉਸ ਨੇ ਅੱਖਾਂ ਉਪਰ ਉਠਾਈਆਂ।
ਠਾਣੇਦਾਰ ਝੱਟ ਤਾੜ ਗਿਆ।
-"ਹੁਣ ਦੱਸ ਕੀ ਨਾਂ ਐਂ ਤੇਰਾ?" ਉਸ ਨੇ ਡੰਡਾ ਮੇਜ਼ 'ਤੇ ਠੋਹਕਰਿਆ।
-"ਜੀ ਮੇਰਾ ਨਾਂ ਸਿਮਰਜੀਤ ਐ।"
ਠਾਣੇਦਾਰ ਦੀਆਂ ਤਿਉੜੀਆਂ ਦਾ ਕਸਾਅ ਮੱਥੇ ਤੋਂ ਹੱਟ ਗਿਆ। ਉਸ ਸੋਚਿਆ ਕਿ ਗੱਲ ਦਾ ਸਿਰਾ ਹੱਥ ਲੱਗ ਗਿਆ ਸੀ। ਕੰਮ ਦਾ ਮੁੰਡਾ ਹੱਥ ਲੱਗ ਗਿਆ, ਗੁੱਸੇ ਹੋਣ ਨਾਲੋਂ ਬੁਸ਼ਕਾਰ ਕੇ ਪੁੱਛ ਲਿਆ ਜਾਵੇ। ਅਸਲ ਵਿਚ ਲਵੀ ਜਿਹੀ ਉਮਰ ਦਾ ਸਿਮਰਜੀਤ ਠਾਣੇ ਦਾ ਬੁੱਚੜਖਾਨਾ ਦੇਖ ਕੇ ਅੰਦਰੋਂ ਬੁਰੀ ਤਰ੍ਹਾਂ ਥਿੜਕ ਚੁੱਕਾ ਸੀ। ਦਸਵੀਂ ਵਿਚ ਪੜ੍ਹਦਾ ਉਹ ਸਕੂਲੋਂ ਭੱਜ ਖ਼ਾੜਕੂ ਸਫ਼ਾਂ ਵਿਚ ਆ ਰਲਿਆ ਸੀ। ਚੜ੍ਹਦੀ ਜੁਆਨੀ ਅਤੇ ਗਲ ਪਾਈ ਏ ਕੇ ਸੰਤਾਲੀ ਨੇ ਉਸ ਦਾ ਦਿਮਾਗ ਅਸਮਾਨੀਂ ਚਾੜ੍ਹ ਦਿੱਤਾ ਸੀ। ਉਸ ਦੀ ਸੋਚ ਅਨੁਸਾਰ ਖ਼ਾਲਿਸਤਾਨ ਅੱਜ-ਕੱਲ੍ਹ 'ਚ ਬਣਿਆ ਕਿ ਬਣਿਆ।
ਠਾਣੇ ਦਾ ਕਸਾਖ਼ਾਨਾ ਅਤੇ ਹਿੱਕ ਵਿਚ ਵੱਜਣ ਵਾਲੀ ਗੋਲੀ ਬਾਰੇ ਉਸ ਨੇ ਕਦੇ ਸੋਚਿਆ ਨਹੀਂ ਸੀ। ਅੱਜ ਅੱਖਾਂ ਅੱਗੇ ਸਾਹਮਣੇਂ ਬੀਤਿਆ ਹਿਰਦੇਵੇਧਕ ਦ੍ਰਿਸ਼ ਉਸ ਨੂੰ ਅੰਦਰੋਂ ਕੰਬਣੀਂ ਚਾਹੜਦਾ ਸੀ। ਆਪਣੀ ਵਾਰੀ ਉਡੀਕਦਾ ਉਹ ਦਿਲੋਂ ਬੁਰੀ ਤਰ੍ਹਾਂ ਕਿਰ ਗਿਆ ਸੀ।
-"ਕਿਹੜਾ ਪਿੰਡ ਐ?"
-"ਜੀ ਰਣੀਆਂ।"
-"ਕੀਹਦਾ ਮੁੰਡਾ ਐਂ?"
-"ਜੀ ਕਰਮ ਸਿੰਘ ਮਿਸਤਰੀ ਦਾ।"
-"ਕੁਰਸੀ 'ਤੇ ਬਹਿ ਜਾ।"
ਸਿਮਰਜੀਤ ਕੁਸਰੀ 'ਤੇ ਬੈਠ ਗਿਆ।
ਹੁਣ ਉਸ ਦਾ ਦਿਲ ਕੁਝ ਕੁ ਥਾਵੇਂ ਸੀ।
-"ਇਹ ਤੁਹਾਡੀ ਕਿਹੜੀ ਜੱਥੇਬੰਦੀ ਐ?"
-"ਜੀ ਖ਼ਾਲਿਸਤਾਨ ਕਮਾਂਡੋ ਫ਼ੋਰਸ-।"
-"ਜੀਹਨੂੰ ਤੁਸੀਂ ਜੱਥੇਦਾਰ ਆਖਦੇ ਹੋ-ਉਹ ਕੌਣ ਐਂ?" ਮੁੰਡਾ 'ਜੱਥੇਦਾਰ' ਦੇ ਪੁੱਛਣ 'ਤੇ ਹੈਰਾਨ ਸੀ।
-"ਜੀ ਉਹ ਬਖ਼ਸ਼ੀਸ਼ ਸਿੰਘ ਦੀਸ਼ਾ - ਜੱਥੇਬੰਦੀ ਦਾ ਲੈਫ਼ਟੀਨੈਂਟ ਜਨਰਲ ਹੈ।"
-"ਗੁੱਅਡ...! ਵੈਰੀ ਗੁੱਡ....!!" ਠਾਣੇਦਾਰ ਛਾਲ ਮਾਰ ਕੇ ਕੁਰਸੀ ਤੋਂ ਉਠਿਆ। ਬਖਸ਼ੀਸ਼ ਸਿੰਘ ਦੀਸ਼ਾ ਪੁਲੀਸ ਨੂੰ ਕਈ ਕੇਸਾਂ ਵਿਚ ਲੋੜੀਦਾ ਸੀ ਅਤੇ ਉਸ ਦੇ ਸਿਰ ਦਾ ਇਨਾਮ ਸਰਕਾਰ ਨੇ ਦਸ ਲੱਖ ਰੁਪਏ ਰੱਖਿਆ ਸੀ। ਉਸ ਦਾ ਅਤਾ-ਪਤਾ ਪੁੱਛਣ ਦੀ ਲੋੜ ਹੀ ਨਹੀਂ ਸੀ ਕਿਉਂਕਿ ਹਰ ਠਾਣੇ ਵਿਚ ਉਸ ਦਾ ਰਿਕਾਰਡ ਸੀ। ਠਾਣੇਦਾਰ ਦਾ ਤਾਂ ਸੁਤੇ-ਸਿੱਧ ਹੀ ਕਾਰਜ ਰਾਸ ਆ ਗਿਆ ਸੀ। ਠਾਣੇਦਾਰ ਨੇ ਬਾਕੀਆਂ ਦੇ ਨਾਂ ਅਤੇ ਅਤੇ-ਪਤੇ ਪੁੱਛ ਲਏ ਅਤੇ ਸਿਮਰਜੀਤ ਨੂੰ ਇਕ ਵੱਖ ਕਮਰੇ ਵਿਚ ਨਜ਼ਰਬੰਦ ਕਰ ਦਿੱਤਾ।
ਇੱਕ ਕਰੜਾ ਪੈੱਗ ਲਾ ਕੇ ਉਸ ਨੇ ਬਖਸ਼ੀਸ਼ ਸਿੰਘ ਦੀਸ਼ਾ ਵੱਖ ਕਰ ਲਿਆ। ਕਈ ਘੰਟੇ ਦੇ ਤਸ਼ੱਦਦ ਨੇ ਉਸ ਦਾ ਸਰੀਰ ਪੀੜ ਦਿੱਤਾ ਸੀ।
-"ਤੂੰ ਤਾਂ ਬੋਲਦਾ ਨਹੀਂ ਸੀ ਉਏ! ਹੁਣ ਦੱਸ?" ਰੱਸਿਆਂ ਨਾਲ ਨਰੜੇ ਦੀਸ਼ੇ 'ਤੇ ਠਾਣੇਦਾਰ ਸ਼ੇਰ ਬਣਿਆ ਖੜ੍ਹਾ ਸੀ।
-"ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ-ਸਾਲੇ ਘਰ ਦੀਆਂ ਫ਼ੋਰਸਾਂ ਬਣਾਈ ਫਿਰਦੇ ਐ-ਤੇ ਇਹ ਬਣਿਆਂ ਵਿਐ ਲੈਫ਼ਟੀਨੈਂਟ ਜਨਰਲ ਬਖਸ਼ੀਸ਼ ਸਿੰਘ ਦੀਸ਼ਾ!"
ਦੀਸ਼ੇ ਨੇ ਸੋਚਿਆ ਕਿ ਕੋਈ ਸਾਥੀ ਗ਼ੱਦਾਰੀ ਕਰ ਗਿਆ ਹੈ ਅਤੇ ਸਾਰੇ ਭੇਦ ਪੁਲੀਸ ਹੱਥ ਆ ਚੁੱਕੇ ਹਨ। ਜਿਸ ਕਰਕੇ ਉਸ ਨੇ ਅੰਦਰੋਂ ਆਪਣੇ ਆਪ ਨੂੰ ਜੋਹਿਆ, ਕਰੜਾ ਕੀਤਾ। ਜੋ ਹੋ ਗਿਆ, ਸੋ ਹੋ ਗਿਆ। ਹੁਣ ਇਸ ਬੁੱਚੜ ਸਾਹਮਣੇ ਝੁਕਣਾ ਨਹੀਂ। ਸੂਰਮਿਆਂ ਦਾ ਅੰਤ ਆਖ਼ਰ ਸ਼ਹੀਦੀ ਨਾਲ ਹੀ ਹੁੰਦਾ ਹੈ। ਦੀਸਿ਼ਆ! ਕਲਗੀਧਰ ਦੇ ਲਾਲ ਔਰੰਗੇ ਅੱਗੇ ਨਹੀਂ ਝੁਕੇ ਸਨ, ਤੇ ਇਹੇ ਠਾਣੇਦਾਰ ਤਾਂ ਕਿਹੜੇ ਬਾਗ ਦੀ ਮੂਲੀ ਹੈ? ਮੈਂ ਗੁਰੂ ਦਾ ਸਿੰਘ ਹੱਸ ਕੇ ਮੌਤ ਨੂੰ ਬੁੱਕਲ 'ਚ ਲਵਾਂਗਾ! ਦੀਸ਼ੇ ਨੇ ਅੱਖਾਂ ਮੀਟ ਕੇ ਕਲਗੀਧਰ ਦੇ ਚਰਨ ਫੜ ਲਏ, ਆਸਰਾ ਮੰਗਿਆ।
-"ਹਾਂ ਬਈ ਦੀਸਿ਼ਆ-ਹੁਣ ਦੱਸ ਬਈ ਕੀ ਵਿਚਾਰ ਐ?" ਠਾਣੇਦਾਰ ਆਪਣੀ ਹਥੇਲੀ 'ਤੇ ਰੂਲ ਮਾਰ ਰਿਹਾ ਸੀ।
-"ਮੈਂ ਖ਼ਾਲਸਾਈ ਫ਼ੌਜ ਦਾ ਜਰਨੈਲ ਹਾਂ-ਅਦਬ ਨਾਲ ਗੱਲ ਕਰ ਬੁੱਚੜਾ...!" ਦੀਸ਼ੇ ਦੇ ਕਹਿਣ 'ਤੇ ਠਾਣੇਦਾਰ ਦੰਗ ਰਹਿ ਗਿਆ। ਪਰ ਉਸ ਨੇ ਕਰੋਧ ਵਿਚ ਦੀਸ਼ੇ ਦੇ ਸਿਰ ਵਿਚ ਕਈ ਰੂਲ ਜੜ ਦਿੱਤੇ।
-"ਅਹੁਦੇ ਤਾਂ ਥੋਨੂੰ ਅਸੀਂ ਦੇਣੇ ਐਂ-ਨਾਲੇ ਤੇਰੇ ਤਾਂ ਸਟਾਰ ਅਸੀਂ ਅੱਜ ਰਾਤ ਨੂੰ ਈ ਲਾ ਦਿਆਂਗੇ।" ਠਾਣੇਦਾਰ ਨੇ ਗੱਲ ਰੜਕਾਈ, ਸੰਕੇਤ ਦਿੱਤਾ।
-"ਸਾਡੇ ਹਸ਼ਰ ਦਾ ਤਾਂ ਸਾਨੂੰ ਪਤਾ ਈ ਐ-ਪਰ ਆਬਦਾ ਹਸ਼ਰ ਵੀ ਯਾਦ ਰੱਖੀਂ।" ਦੀਸ਼ੇ ਨੇ ਉਸ ਦੇ ਮੂੰਹ 'ਤੇ ਥੁੱਕ ਦਿੱਤਾ।
ਠਾਣੇਦਾਰ ਹੋਰ ਭੂਸਰ ਗਿਆ।
-ਇਹਨੂੰ ਹਰਾਮਦੇ ਨੂੰ ਮੂਧਾ ਪਾਓ!"
ਸਿਪਾਹੀਆਂ ਨੇ ਉਸ ਨੂੰ ਫ਼ਰਸ਼ 'ਤੇ ਸੁੱਟ ਲਿਆ ਅਤੇ ਠਾਣੇਦਾਰ ਨੇ ਇੱਕ ਖੂੰਜਿਓਂ ਕੁਹਾੜਾ ਚੁੱਕ ਕੇ ਦੀਸ਼ੇ ਦੇ ਗੋਡੇ 'ਤੇ ਵਾਰ ਕੀਤਾ। ਗੋਡਾ ਤਿੰਨ ਵਾਰਾਂ ਨਾਲ ਲੱਤ ਨਾਲੋਂ ਵੱਖ ਹੋ ਗਿਆ। ਠਾਣੇਦਾਰ ਦਾ ਮੂੰਹ ਖੂਨ ਨਾਲ ਲਿੱਬੜ ਗਿਆ, ਉਹ ਕੋਈ ਜੱਲਾਦ ਨਜ਼ਰ ਆਉਂਦਾ ਸੀ। ਸਿਪਾਹੀ ਪੱਥਰ ਹੋਏ ਖੜ੍ਹੇ ਸਨ। ਇਤਨੀ ਬੇਰਹਿਮੀ ਉਹਨਾਂ ਨੇ ਕਦੇ ਨਹੀਂ ਦੇਖੀ ਸੀ। ਚਾਹੇ ਉਹ ਮੁਜ਼ਰਮਾਂ 'ਤੇ ਘੋਰ ਤਸ਼ੱਦਦ ਕਰਦੇ ਸਨ, ਪਰ ਗਾਜਰ-ਮੂਲੀ ਵਾਂਗ ਵੱਢੀਦਾ ਬੰਦਾ ਉਹਨਾਂ ਨੇ ਪਹਿਲੀ ਵਾਰ ਤੱਕਿਆ ਸੀ।
-"ਇਹਨੂੰ ਹਰਾਮਜ਼ਾਦੇ ਨੂੰ ਅੰਦਰ ਸਿੱਟ ਦਿਓ....!!" ਠਾਣੇਦਾਰ ਕੁਹਾੜਾ ਸੁੱਟ ਕੇ ਨਲਕੇ ਤੋਂ ਮੂੰਹ ਧੋਣ ਚਲਾ ਗਿਆ।
ਦੀਸ਼ਾ ਬੁਰੀ ਤਰ੍ਹਾਂ ਕਰਾਹ ਰਿਹਾ ਸੀ।
ਪਰ ਉਸ ਨੇ ਪਾਣੀ ਤੱਕ ਨਾ ਮੰਗਿਆ।
ਸਿਪਾਹੀ ਉਸ ਨੂੰ ਅਤੇ ਕੱਟੀ ਲੱਤ ਨੂੰ ਖਿੱਚ ਕੇ ਅੰਦਰ ਸੁੱਟ ਗਏ। ਕੱਟੀ ਲੱਤ ਤੜਫ਼ੀ ਜਾ ਰਹੀ ਸੀ। ਲਹੂ ਅਥਾਹ ਵਗੀ ਜਾ ਰਿਹਾ ਸੀ ਅਤੇ ਦੀਸ਼ੇ ਦੀਆਂ ਅੱਖਾਂ ਅੱਗੇ ਪਲ-ਪਲ ਹਨ੍ਹੇਰਾ ਛਾ ਰਿਹਾ ਸੀ। ਬੇਹੋਸ਼ ਹੋ ਰਹੇ ਦੀਸ਼ੇ ਨੂੰ ਭਾਈ ਮਤੀ ਦਾਸ ਅਤੇ ਬਲੀ ਬਾਬਾ ਦੀਪ ਸਿੰਘ ਥਾਪੜੀ ਜਾ ਰਹੇ ਸਨ। ਅਥਾਹ ਪੀੜਾਂ ਦੀ ਪੰਡ ਹਿੱਕ 'ਤੇ ਰੱਖੀ ਸਿੰਘ ਸੂਰਮਾਂ ਅਹਿਲ, ਫ਼ਰਸ਼ 'ਤੇ ਅੱਖਾਂ ਮੀਟੀ ਪਿਆ ਸੀ।
ਠਾਣੇਦਾਰ ਨੇ ਸਿਮਰਜੀਤ ਨੂੰ ਫਿਰ ਦਫ਼ਤਰ ਅੰਦਰ ਬੁਲਾ ਲਿਆ। ਹੁਣ ਉਹ ਕੁਝ ਵੱਤ ਵਿਚ ਸੀ। ਦੀਸ਼ੇ 'ਤੇ ਹੋਏ ਕਹਿਰ ਬਾਰੇ ਉਸ ਨੂੰ ਕੁਝ ਪਤਾ ਨਹੀਂ ਸੀ।
-"ਹਾਂ ਬਈ ਸਿਮਰਜੀਤ-ਕਿਸੇ ਹੋਰ ਅੱਤਵਾਦੀ ਬਾਰੇ ਜਾਂ ਉਸ ਦੇ ਅੱਡੇ ਬਾਰੇ ਪਤਾ ਹੈ?"
-"ਜੀ ਹੋਰ ਮੈਨੂੰ ਕਿਸੇ ਬਾਰੇ ਨਹੀਂ ਪਤਾ-ਜਿੰਨਾ ਕੁ ਪਤਾ ਸੀ ਜੀ-ਮੈਂ ਸਾਰਾ ਕੁਛ ਦੱਸ ਦਿੱਤੈ-ਸਹੁੰ ਖਾ ਕੇ ਆਖਦੈਂ।"
-"ਇਹਨੂੰ ਲੈ ਜਾਓ...!"
ਸਿਮਰਜੀਤ ਦੇ ਜਾਣ ਤੋਂ ਬਾਅਦ ਠਾਣੇਦਾਰ ਨੇ ਮੁਕਾਬਲੇ ਦਾ ਨਕਸ਼ਾ ਤਿਆਰ ਕੀਤਾ। ਮੁਕਾਬਲਾ ਮਾਈ ਸੰਤ ਕੌਰ ਦੀ ਕੋਠੀ ਵਿਚ ਹੀ ਬਣਾਇਆ ਜਾਣਾ ਸੀ। ਮਾਈ ਸੰਤ ਕੌਰ ਅਤੇ ਭਈਏ ਸੋਭਾ ਰਾਮ ਦੀ ਗ੍ਰਿਫ਼ਤਾਰੀ ਵੀ ਕੋਠੀ 'ਚੋਂ ਹੀ ਪਾਉਣੀ ਸੀ।
ਰਾਤ ਦੇ ਦਸ ਕੁ ਵਜੇ ਟੋਨੀ ਨੂੰ ਹਸਪਤਾਲੋਂ ਮੰਗਵਾ ਲਿਆ। ਠਾਣੇਦਾਰ ਨੇ ਮੀਟਿੰਗ ਕਰਕੇ ਮੁਕਾਬਲੇ ਬਾਰੇ ਸਾਰਾ ਨਕਸ਼ਾ ਹੌਲਦਾਰ, ਮੁਣਸ਼ੀ ਅਤੇ ਸਿਪਾਹੀਆਂ ਅੱਗੇ ਵਾਹ ਦਿੱਤਾ। ਇੱਕ ਵਜੇ ਦਾ ਸਮਾਂ ਮੁਕੱਰਰ ਕੀਤਾ ਗਿਆ।
ਪੂਰੇ ਇੱਕ ਵਜੇ ਕੁਝ ਸੁਰਤ-ਸਿਰ ਅਤੇ ਕੁਝ ਬੇਸੁਰਤ, ਸੱਤਾਂ ਮੁੰਡਿਆਂ ਨੂੰ ਟਰੱਕਾਂ ਵਿਚ ਬੋਰੀਆਂ ਵਾਂਗ ਲੱਦ, ਟਰੱਕ ਤੁਰ ਪਏ।
ਠੰਢ ਕਾਫ਼ੀ ਹੋ ਗਈ ਸੀ। ਕੱਟੇ ਨਹੁੰ ਵਰਗਾ ਚੰਦ ਅਸਮਾਨ ਵਿਚ ਸਾਹ ਰੋਕੀ ਖੜ੍ਹਾ ਸੀ। ਤਾਰੇ ਅੱਖਾਂ ਮੀਟੀ ਬਿਲਕੀ ਜਾ ਰਹੇ ਸਨ।
ਤਕਰੀਬਨ ਰਾਤ ਦੇ ਦੋ ਕੁ ਵਜੇ ਟਰੱਕ ਮਾਈ ਸੰਤ ਕੌਰ ਦੀ ਕੋਠੀ ਜਾ ਖੜ੍ਹੇ ਸਨ। ਕੋਠੀ ਦਾ ਦਰਵਾਜਾ ਖੁਲਵਾ ਕੇ ਠਾਣੇਦਾਰ ਨੇ ਅੱਧਮਰੇ ਮੁੰਡੇ ਭਈਏ ਦੇ ਕਮਰੇ ਵਿਚ ਲਿਆ ਸੁੱਟਵਾਏ। ਖਾਲੀ ਹਥਿਆਰ ਵੀ ਕਮਰੇ ਅੰਦਰ ਸੁੱਟ ਦਿੱਤੇ ਗਏ। ਜਦ ਸਿਮਰਜੀਤ ਨੂੰ ਕਮਰੇ ਅੰਦਰ ਵੜਨ ਲਈ ਕਿਹਾ ਤਾਂ ਉਸ ਨੇ ਠਾਣੇਦਾਰ ਦੇ ਪੈਰ ਫੜ ਲਏ।
-"ਸਰਦਾਰ ਜੀ ਤੁਸੀਂ ਤਾਂ ਆਖਦੇ ਸੀ-!"
ਠਾਣੇਦਾਰ ਦੀ ਇੱਕੋ ਗੋਲੀ ਨੇ ਹੀ ਉਸ ਦੀ ਜੁਬਾਨ ਬੰਦ ਕਰ ਦਿੱਤੀ। ਉਹ 'ਦਾਅੜ੍ਹ' ਕਰਦਾ ਕਮਰੇ ਅੰਦਰ ਢੇਰੀ ਹੋ ਗਿਆ। ਠਾਣੇਦਾਰ ਨੇ ਕਮਰੇ ਨੂੰ ਬਾਹਰੋਂ ਕੁੰਡਾ ਮਾਰ ਦਿੱਤਾ ਅਤੇ ਬੈਟਰੀ ਦੇ ਇਸ਼ਾਰੇ 'ਤੇ ਬੇਥਾਹ ਗੋਲੀ ਚੱਲਣੀ ਸੁਰੂ ਹੋ ਗਈ। ਲੋਕਾਂ ਨੇ ਮੋਟਰਾਂ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ ਅਤੇ ਸਾਹ ਘੁੱਟ ਲਏ। ਖੇਤਾਂ ਵਿਚ ਪੰਛੀਆਂ ਅਤੇ ਮੋਰਾਂ ਨੇ ਹਾਲ ਦੁਹਾਈ ਮਚਾ ਦਿੱਤੀ। ਪੁਲੀਸ ਦੀਆਂ ਗੋਲੀਆਂ ਨੇ ਕੋਠੀ ਦੀਆਂ ਬਾਹਰਲੀਆਂ ਕੰਧਾਂ ਅਤੇ ਦਰਵਾਜੇ ਖੱਖੜੀਆਂ ਕਰ ਦਿੱਤੇ।
ਫਿਰ ਬਾਹਰੋਂ ਕਮਰੇ ਅੰਦਰ ਗਰਨੇਡ ਡਿੱਗਣੇ ਸੁਰੂ ਹੋ ਗਏ। ਕਮਰਾ ਅੱਗ ਦੀਆਂ ਲਾਟਾਂ ਦੀ ਬੁਰੀ ਤਰ੍ਹਾਂ ਲਪੇਟ ਵਿਚ ਆ ਗਿਆ ਸੀ। ਸੱਤੇ ਖ਼ਾੜਕੂ ਅੰਦਰ ਸੜ ਰਹੇ ਸਨ, ਜਾਂ ਕਹੋ ਸੜ ਚੁੱਕੇ ਸਨ।
ਕੁਝ ਪਲਾਂ ਵਿਚ ਸ਼ਾਂਤੀ ਪਸਰ ਗਈ।
ਠਾਣੇਦਾਰ ਨੇ ਟਰੱਕ ਅੱਗੇ ਬੈਠੇ ਭਈਏ ਸੋਭਾ ਰਾਮ ਨੂੰ ਉਤਾਰ ਲਿਆ। ਉਹ ਬੁਰੀ ਤਰ੍ਹਾਂ ਨਾਲ ਕੰਬੀ ਜਾ ਰਿਹਾ ਸੀ। ਉਸ ਦੇ ਮੂੰਹੋਂ ਅਵਾਜ਼ ਨਹੀਂ ਨਿਕਲ ਰਹੀ ਸੀ। ਅਜਿਹਾ ਅਨਰਥ ਉਸ ਨੇ ਕਦੇ ਦੇਖਿਆ ਨਾ ਚਿਤਵਿਆ ਸੀ। ਸੱਤ ਬੰਦੇ ਮਿੰਟਾਂ ਵਿਚ ਹੀ 'ਕੋਲੇ' ਕਰ ਦਿੱਤੇ ਸਨ। ਉਸ ਦੀ ਆਤਮਾ ਕਰਾਹੀ ਜਾ ਰਹੀ ਸੀ। ਉਹ ਕੁੜਿਕੀ ਵਿਚ ਆਏ ਚੂਹੇ ਵਾਂਗ ਤੜਪੀ ਜਾ ਰਿਹਾ ਸੀ।
-"ਉਏ ਭਈਆ! ਇਧਰ ਆਓ!!" ਠਾਣੇਦਾਰ ਦੇ ਸਿਰ ਨੂੰ ਸੱਤ ਖੂਨ ਚੜ੍ਹੇ ਹੋਏ ਸਨ। ਉਸ ਦਾ ਭਿਆਨਕ ਚਿਹਰਾ ਦੇਖ ਕੇ ਭਈਏ ਨੂੰ ਭੈਅ ਆ ਰਿਹਾ ਸੀ।
ਠਾਣੇਦਾਰ ਉਸ ਨੂੰ ਕੋਠੀ ਦੇ ਵਿਹੜੇ ਵਿਚ ਲੈ ਗਿਆ। ਲਾਈਟਾਂ ਜਗਾ ਲਈਆਂ ਸਨ। ਪਰ ਕਮਰੇ ਦੀ ਅੱਗ ਦਾ ਚਾਨਣ ਉਹਨਾਂ ਦੇ ਚਿਹਰਿਆਂ 'ਤੇ ਖੂਨ ਬਣ ਬਲ ਰਿਹਾ ਸੀ।
-"ਮੁਕਾਬਲਾ ਆਪ ਨੇ ਦੇਖ ਹੀ ਲੀਆ ਹੈ-ਅਬ ਏਕ ਦੋ ਘੰਟੇ ਮੇਂ ਅਖ਼ਬਾਰਾਂ ਵਾਲੇ ਆਏਂਗੇ-ਉਨਕੋ ਯਹੀ ਬਤਾਨਾ ਹੈ ਕਿ ਮੁਕਾਬਲਾ ਅਸਲੀ ਥਾ-ਪੁਲੀਸ ਨੇ ਅੱਤਵਾਦੀਓਂ ਕੋ ਹਥੀਆਰ ਫ਼ੈਂਕ ਕਰ ਬਾਹਰ ਆਨੇ ਕੋ ਬੋਲਾ ਔਰ ਉਨਹੋਂ ਨੇ ਕਮਰੇ ਸੇ ਪੁਲੀਸ ਪਰ ਫ਼ਾਇਰਿੰਗ ਸੁਰੂ ਕਰ ਦੀ-ਔਰ ਜਵਾਬੀ ਫ਼ਾਇਰਿੰਗ ਮੇਂ ਸਭੀ ਉਗਰਵਾਦੀ ਮਾਰੇ ਗਏ-ਉਸ ਬੁੜ੍ਹੀਆ ਸੰਤ ਕੌਰ ਕੋ ਪੁਲੀਸ ਨੇ ਜਹਾਂ ਸੇ ਹਿਰਾਸਤ ਮੇਂ ਲੀਆ-ਅਗਰ ਵੋ ਪੂਛੇਂ ਕਿ ਉਗਰਵਾਦੀ ਕਬ ਸੇ ਯਹਾਂ ਥੇ ਤੋ ਕਹਨਾ ਕਰੀਬ ਤੀਨ ਮਹੀਨੇ ਸੇ ਆ ਕਰ ਯਹਾਂ ਛੁਪਤੇ ਥੇ-ਬੁੜ੍ਹੀਆ ਸੰਤ ਕੌਰ ਉਨਕੋ ਖਾਨੇ ਪੀਨੇ ਕੋ ਦੇਤੀ ਥੀ-ਆਪ
ਕੋ ਹਮਨੇ ਵਾਅਦਾ ਮੁਆਫ਼ ਗਵਾਹ ਬਨਾਨਾ ਹੈ ਬੁੜ੍ਹੀਆ ਕੇ ਕੇਸ ਮੇ-ਆਪ ਘਬਰਾਈਏ ਮੱਤ-ਅਗਰ ਆਪ ਨੇ ਹਮਾਰੇ ਕਹਨੇ ਕੇ ਅਨੁਸਾਰ ਬਿਆਨ ਨਹੀਂ ਦੀਏ ਤੋ ਆਪ ਕੋ ਉਗਰਵਾਦੀ ਤੋ ਮਾਰੇਂਗੇ ਹੀ-ਹਮ ਭੀ ਨਹੀਂ ਛੋੜੇਂਗੇ-ਸਮਝੇ...?" ਠਾਣੇਦਾਰ ਨੇ ਮਿੱਟੀ ਬਣੇ ਭਈਏ ਨੂੰ ਕਈ ਵਾਰੀ ਹਲੂਣਿਆਂ ਅਤੇ ਕਸੂਤੇ ਫ਼ਸੇ ਭਈਏ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ।
ਪਹੁ ਫ਼ਟਣ ਵਾਲੀ ਸੀ।
ਠਾਣੇਦਾਰ ਨੇ ਉੱਚ-ਅਫ਼ਸਰਾਂ ਨੂੰ 'ਮੁਕਾਬਲੇ' ਦੀ ਖ਼ਬਰ ਦੇ ਦਿੱਤੀ। ਠਾਣੇ ਵਾਇਰਲੈੱਸ ਕਰਕੇ ਪ੍ਰੈਸ ਨੂੰ ਫ਼ੋਨ ਕਰਵਾ ਦਿੱਤਾ ਗਿਆ। ਸਾਰੀ ਕਾਰਵਾਈ ਤੋਂ ਫ਼ਾਰਗ ਹੋ ਕੇ ਠਾਣੇਦਾਰ ਭਈਏ ਨੂੰ ਲੈ ਕੇ ਚੁਬਾਰੇ ਚੜ੍ਹ ਗਿਆ ਅਤੇ ਉਸ ਨੂੰ ਇਹ ਪੱਕਾ ਕਰ ਦਿੱਤਾ ਕਿ ਇਹ ਅੱਤਿਵਾਦੀ ਗਰੋਹ 'ਖ਼ਾਲਿਸਤਾਨ ਕਮਾਂਡੋ ਫ਼ੋਰਸ' ਦੇ ਮੁਖੀ ਬਖਸ਼ੀਸ਼ ਸਿੰਘ ਦੀਸ਼ਾ ਉਰਫ਼ 'ਜੱਥੇਦਾਰ' ਦਾ ਸੀ। ਬਾਕੀ ਖ਼ਾੜਕੂਆਂ ਦੇ ਨਾਵਾਂ ਦੀ ਲਿਸਟ ਠਾਣੇਦਾਰ ਦੀ ਆਪਣੀ ਜੇਬ ਵਿਚ ਸੀ। ਉਹ ਪ੍ਰੈੱਸ ਵਾਲਿਆਂ ਵੱਲੋਂ ਕੀਤੇ ਜਾਣ ਵਾਲੇ ਸੁਆਲਾਂ ਦੇ ਜਵਾਬ ਗੁੰਦੀ ਜਾ ਰਿਹਾ ਸੀ।
ਦਿਨ ਚੜ੍ਹਦੇ ਸਾਰ ਹੀ ਮੁਕਾਬਲੇ ਵਾਲੀ ਥਾਂ 'ਤੇ ਪ੍ਰੈੱਸ ਵਾਲੇ, ਪੁਲੀਸ ਅਫ਼ਸਰ ਅਤੇ ਆਮ ਲੋਕ ਇਕੱਠੇ ਹੋਣੇ ਸੁਰੂ ਹੋ ਗਏ।
ਸੱਤ ਅੱਧ-ਸੜੀਆਂ ਲਾਸ਼ਾਂ ਪੁਲੀਸ ਵਾਲਿਆਂ ਨੇ ਪਹਿਲਾਂ ਹੀ ਕਮਰੇ ਵਿਚੋਂ ਬਾਹਰ ਕੱਢ ਕੇ ਵਿਹੜੇ ਵਿਚ ਲਿਆ ਟਿਕਾਈਆਂ ਸਨ। ਅੱਗ ਨਾਲ ਨਸ਼ਟ ਹੋਏ ਉਹਨਾਂ ਦੇ ਹਥਿਆਰ ਉਹਨਾਂ ਦੇ ਕੋਲ ਰੱਖ ਦਿੱਤੇ ਸਨ।
ਡੀ ਐੱਸ ਪੀ, ਐੱਸ ਪੀ ਅਤੇ ਪੁਲੀਸ ਮੁਖੀ ਨੇ ਮੁਕਾਬਲੇ ਦਾ ਰਵਾਇਤੀ ਜਿਹਾ ਜਾਇਜਾ ਲਿਆ। ਪ੍ਰੈੱਸ ਵਾਲਿਆਂ ਨੇ ਭਈਏ ਦੇ ਬਿਆਨ ਨੋਟ ਕਰ ਲਏ। ਠਾਣੇਦਾਰ ਅਤੇ ਪੁਲਸ ਅਫ਼ਸਰਾਂ ਨੇ ਚੁਬਾਰੇ ਵਾਲੇ ਹਥਿਆਰਾਂ 'ਤੇ ਪ੍ਰੈੱਸ ਵਾਲਿਆਂ ਦੀ ਨਜ਼ਰ ਪੁਆ ਦਿੱਤੀ। ਪ੍ਰੈੱਸ ਵਾਲਿਆਂ ਦੇ ਕੈਮਰੇ 'ਕਲਿੱਕ-ਕਲਿੱਕ' ਕਰ ਕੇ ਹੱਟ ਗਏ। ਦੁਪਿਹਰ ਤੱਕ ਲਾਸ਼ਾਂ ਹਟਾ ਲਈਆਂ ਗਈਆਂ। ਵਾਰਸਾਂ ਨੂੰ ਮੁਹਤਬਰ ਬੰਦਿਆਂ ਦੀ ਜਿ਼ੰਮੇਵਾਰੀ 'ਤੇ ਲਾਸ਼ਾਂ ਦੇਣ ਦਾ ਐਲਾਨ ਕਰ ਦਿੱਤਾ ਗਿਆ। ਮੁਰਦਾ ਘਰ ਵਿਚੋਂ ਲਾਸ਼ ਲੈਣ ਲਈ ਠਾਣਿਓਂ ਇਜਾਜ਼ਤ-ਪੱਤਰ ਬਿਨਾ ਕੋਈ ਵੀ ਲਾਸ਼ ਨਾ ਦੇਣ ਦੀ ਸਖ਼ਤ ਹਦਾਇਤ ਸੀ।
ਅਗਲੇ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਫਿਰ ਜਵਾਰਭਾਟਾ ਬਣ ਗਈਆਂ:
- ਪਿੰਡ ਡਾਲੇ ਅਤੇ ਬੁੱਘੀਪੁਰੇ ਵਿਚਕਾਰ ਪੁਲੀਸ ਅਤੇ ਖ਼ਾੜਕੂਆਂ ਵਿਚਕਾਰ ਹੋਏ ਜ਼ਬਰਦਸਤ ਮੁਕਾਬਲੇ ਵਿਚ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਸੱਤ ਖ਼ਾੜਕੂ ਹਲਾਕ!
- ਪੁਲੀਸ ਵੱਲੋਂ ਹੈਂਡ ਗਰਨੇਡਾਂ ਦੀ ਵਰਤੋਂ
- ਇਸ ਮੁਕਾਬਲੇ ਵਿਚ ਖ਼ਾਲਿਸਤਾਨ ਕਮਾਂਡੋ ਫ਼ੋਰਸ ਦਾ ਮੁਖੀ ਬਖਸ਼ੀਸ਼ ਸਿੰਘ ਦੀਸ਼ਾ ਉਰਫ਼ ਜੱਥੇਦਾਰ ਵੀ ਮਾਰਿਆ ਗਿਆ
- ਮੁਕਾਬਲੇ ਵਾਲੀ ਕੋਠੀ ਵਿਚੋਂ ਭਾਰੀ ਮਾਤਰਾ ਵਿਚ ਅਸਲਾ ਬਰਾਮਦ
- ਪਨਾਂਹ ਦੇਣ ਦੇ ਦੋਸ਼ ਵਿਚ ਕੋਠੀ ਦੀ ਮਾਲਕ ਮਾਈ ਸੰਤ ਕੌਰ ਗ੍ਰਿਫ਼ਤਾਰ
- ਪੁਲੀਸ ਵੱਲੋਂ ਵੱਡੀ ਪ੍ਰਾਪਤੀ ਦਾ ਦਾਅਵਾ
- "ਬੀਤੀ ਰਾਤ ਡਾਲੇ ਅਤੇ ਬੁੱਘੀਪੁਰੇ ਦੇ ਵਿਚਕਾਰ ਇੱਕ ਕੋਠੀ ਵਿਚ ਪੁਲੀਸ ਅਤੇ ਖ਼ਾੜਕੂਆਂ ਵਿਚਕਾਰ ਹੋਏ ਗਹਿ-ਗੱਡ ਮੁਕਾਬਲੇ ਵਿਚ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਮੁਖੀ ਬਖਸ਼ੀਸ਼ ਸਿੰਘ ਦੀਸ਼ਾ ਉਰਫ਼ ਜੱਥੇਦਾਰ ਸਮੇਤ ਸੱਤ ਖ਼ਾੜਕੂ ਮਾਰੇ ਗਏ। ਇਹ ਮੁਕਾਬਲਾ ਸਵੇਰੇ ਤਿੰਨ ਵਜੇ ਦੇ ਕਰੀਬ ਸੁਰੂ ਹੋਇਆ। ਪੁਲੀਸ ਨੇ ਗੋਲੀਆਂ ਤੋਂ ਇਲਾਵਾ ਹੈਂਡ ਗਰਨੇਡਾਂ ਦੀ ਵੀ ਵਰਤੋਂ ਕੀਤੀ। ਨਤੀਜੇ ਵਜੋਂ ਸੱਤ ਖ਼ਾੜਕੂ ਅੰਦਰ ਹੀ ਝੁਲਸ ਗਏ।
ਭਰੋਸੇਯੋਗ ਸੂਤਰਾਂ ਅਨੁਸਾਰ ਪੁਲੀਸ ਨੂੰ ਸੂਹ ਮਿਲੀ ਸੀ ਕਿ ਕਥਿੱਤ ਕੋਠੀ ਅੰਦਰ ਖ਼ਾੜਕੂ ਛੁਪੇ ਹੋਏ ਹਨ। ਜਦ ਪੁਲੀਸ ਨੇ ਸਵੇਰੇ ਕੋਠੀ ਨੂੰ ਘੇਰਾ ਪਾ ਕੇ ਉਕਤ ਖ਼ਾੜਕੂਆਂ ਨੂੰ ਹਥਿਆਰ ਸੁੱਟ ਕੇ ਬਾਹਰ ਆਉਣ ਲਈ ਹਦਇਤ ਕੀਤੀ ਤਾਂ ਖ਼ਾੜਕੂਆਂ ਨੇ ਅੰਦਰੋਂ ਫ਼ਾਇਰਿੰਗ ਸੁਰੂ ਕਰ ਦਿੱਤੀ। ਇੱਧਰੋਂ ਪੁਲੀਸ ਨੂੰ ਵੀ ਜਵਾਬੀ ਫ਼ਾਇਰਿੰਗ ਕਰਨੀ ਪਈ। ਸਥਿਤੀ ਨੂੰ ਕਾਬੂ ਤੋਂ ਬਾਹਰ ਦੇਖ ਕੇ ਪੁਲੀਸ ਨੂੰ ਗਰਨੇਡਾਂ ਦੀ ਵਰਤੋਂ ਕਰਨੀ ਪਈ। ਜਿਸ ਕਾਰਨ ਸਾਰਾ ਕਮਰਾ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਸੱਤ ਖ਼ਾੜਕੂ ਅੰਦਰ ਹੀ ਮਾਰੇ ਗਏ। ਮਰਨ ਵਾਲੇ ਖ਼ਾੜਕੂਆਂ ਵਿਚ ਖ਼ਾਲਿਸਤਾਨ ਕਮਾਂਡੋ
ਫ਼ੋਰਸ ਦੇ ਮੁਖੀ ਤੋਂ ਇਲਾਵਾ ਬੰਟੀ ਗਿੱਲ, ਸੁਮੇਰ ਸਿੰਘ ਟੈਣੀ, ਟੋਨੀ ਬਾਠ, ਗਿੰਦਰ ਬਰਾੜ, ਗੁਰਤੇਜ ਤੇਜੀ ਅਤੇ ਸਿਮਰਜੀਤ ਸਿੰਘ ਰਣੀਆ ਸ਼ਾਮਿਲ ਹਨ। ਪੁਲੀਸ ਨੇ ਇਸ ਨੂੰ ਆਪਣੀ ਇੱਕ ਵੱਡੀ ਪ੍ਰਾਪਤੀ ਦੱਸਿਆ ਹੈ।
ਇਸ ਕੋਠੀ ਦੀ ਮਾਲਕ ਮਾਈ ਸੰਤ ਕੌਰ ਨੂੰ ਪਨਾਂਹ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੂੰ ਇਸ ਕੋਠੀ ਵਿਚੋਂ ਭਾਰੀ ਮਾਤਰਾ ਵਿਚ ਸੂਖ਼ਮ ਹਥਿਆਰ ਵੀ ਮਿਲੇ ਹਨ। ਪੁਲੀਸ ਮੁਖੀ ਅਨੁਸਾਰ ਬਖਸ਼ੀਸ਼ ਸਿੰਘ ਦੀਸ਼ਾ ਪੁਲੀਸ ਨੂੰ ਕਈ ਕਤਲਾਂ ਅਤੇ ਡਕੈਤੀਆਂ ਦੇ ਦੋਸ਼ਾਂ ਹੇਠ ਲੋੜੀਦਾ ਸੀ ਅਤੇ ਉਸ ਦੇ ਸਿਰ ਦਾ ਮੁੱਲ ਗੌਰਮਿੰਟ ਨੇ ਦਸ ਲੱਖ ਰੁਪਏ ਰੱਖਿਆ ਹੋਇਆ ਸੀ। ਇਸ ਮੁਕਾਬਲੇ ਦੀ ਇਲਾਕੇ ਵਿਚ ਭਾਰੀ ਚਰਚਾ ਹੈ।"
ਉਪਰੋਕਤ ਖ਼ਬਰਾਂ ਪੜ੍ਹ ਕੇ ਖ਼ਾੜਕੂ ਜੱਥੇਬੰਦੀਆਂ ਦੇ ਥੰਮ੍ਹ ਹਿੱਲ ਗਏ। ਉਹਨਾਂ ਨੂੰ ਇੱਕ ਨਾ ਪੂਰਾ ਘਾਟਾ ਪਿਆ ਸੀ। ਖ਼ਾੜਕੂਆਂ ਵੱਲੋਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਬਦਲਾ ਲੈਣ ਦਾ ਪ੍ਰਣ ਵੀ ਲਿਆ ਗਿਆ। ਜੱਥੇਦਾਰ ਦੀਸ਼ੇ ਦੀ ਥਾਂ ਏਰੀਆ ਕਮਾਂਡਰ ਬਲਤੇਜ ਸਿੰਘ ਬਾਲੀ ਦੀ ਨਿਯੁਕਤੀ ਸਰਬ-ਸੰਮਤੀ ਨਾਲ ਕਰ ਦਿੱਤੀ ਗਈ ਅਤੇ ਪ੍ਰੈੱਸ-ਨੋਟ ਵੱਖ-ਵੱਖ ਅਖ਼ਬਾਰਾਂ ਨੂੰ ਤੋਰ ਦਿੱਤੇ ਗਏ। ਪ੍ਰੈੱਸ ਨੋਟ ਤੇਜਿੰਦਰ ਅਤੇ ਰਾਜਵਿੰਦਰ ਲੈ ਕੇ ਤੁਰ ਗਏ।

ਬਾਕੀ ਅਗਲੇ ਹਫ਼ਤੇ......

No comments:

Post a Comment