ਡੇੜ੍ਹ ਹਫ਼ਤੇ ਬਾਅਦ ਭਾਰੀ ਜੱਦੋ-ਜਹਿਦ ਬਾਅਦ ਕੌਡੀਆਂ ਆਲਾ ਕੁਲਬੀਰੇ ਨੂੰ ਬਗੈਰ ਕੋਈ ਨੁਕਸਾਨ ਕੀਤੇ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਹੋ ਗਿਆ। ਠਾਣੇਦਾਰ ਦੇ ਇੱਕ ਤਰ੍ਹਾਂ ਨਾਲ ਲਹਿਰ ਦਾ ਗਿੱਟਾ ਹੱਥ ਆ ਗਿਆ। ਜਿਸ ਨੂੰ ਖਿੱਚ ਕੇ ਉਸ ਨੇ ਹੇਠਾਂ ਸੁੱਟ ਲੈਣਾ ਸੀ। ਆਪਣੀ ਇਸ ਕਾਮਯਾਬੀ 'ਤੇ ਠਾਣੇਦਾਰ ਪੱਟਾਂ 'ਤੇ ਥਾਪੀਆਂ ਮਾਰਦਾ ਫਿਰਦਾ ਸੀ। ਕੁਲਬੀਰੇ ਦੀ ਗ੍ਰਿਫ਼ਤਾਰੀ ਦੀ ਖ਼ਬਰ ਮੁਕੰਮਲ ਤੌਰ 'ਤੇ ਗੁਪਤ ਰੱਖੀ ਗਈ ਸੀ। ਸਿਪਾਹੀਆਂ ਨੂੰ ਪਤਾ ਸੀ ਕਿ ਕੋਈ ਖ਼ਾੜਕੂ ਫੜਿਆ ਸੀ। ਪਰ ਉਹ ਕੌਣ ਸੀ? ਉਸ ਦੇ ਨਾਂ ਬਾਰੇ ਕੋਈ ਨਹੀਂ ਜਾਣਦਾ ਸੀ! ਜੇ ਪਤਾ ਸੀ ਤਾਂ ਸਿਰਫ਼ ਇੰਦਰਜੀਤ ਨੂੰ ਪਤਾ ਸੀ।
ਸਦਰ ਠਾਣੇਂ ਤੋਂ ਬਾਹਰ ਕਿਸੇ ਗੁਪਤ ਜਗਾਹ ਠਾਣੇਦਾਰ ਨੇ ਕੁਲਬੀਰੇ ਅਤੇ ਇੰਦਰਜੀਤ ਨੂੰ ਇਕੱਠਿਆਂ ਨਜ਼ਰਬੰਦ ਕਰਕੇ ਸਖ਼ਤ ਪਹਿਰਾ ਬਿਠਾ ਦਿੱਤਾ। ਕੋਈ ਸਿਪਾਹੀ ਉਹਨਾਂ ਨਾਲ ਗੱਲ ਨਹੀਂ ਕਰ ਸਕਦਾ ਸੀ। ਕੋਈ ਨੇੜੇ ਹੋ ਕੇ ਉਹਨਾਂ ਦੀਆਂ ਗੱਲਾਂ ਨਹੀਂ ਸੁਣ ਸਕਦਾ ਸੀ। ਕੋਈ ਪਾਣੀ ਨਹੀਂ ਫੜਾ ਸਕਦਾ ਸੀ। ਪਰ ਰੋਟੀ-ਪਾਣੀ ਉਹਨਾਂ ਨੂੰ ਬਕਾਇਦਾ ਤੌਰ 'ਤੇ ਪਹੁੰਚਾਇਆ ਜਾ ਰਿਹਾ ਸੀ। ਪਹਿਰਾ ਦੇ ਰਹੇ ਸਿਪਾਹੀ ਸਾਰੀ ਕਾਰਵਾਈ 'ਤੇ ਹੈਰਾਨ ਸਨ।
ਇੰਦਰਜੀਤ ਨੂੰ ਕਰੜੀ ਹਦਾਇਤ ਸੀ ਕਿ ਕਿਵੇਂ ਵੀ ਹੋਵੇ ਕੁਲਬੀਰੇ ਨੂੰ ਹੱਥ ਹੇਠ ਕਰਨਾ ਹੈ! ਕਾਕੇ ਵਾਲੇ ਮੁਕਾਬਲੇ ਲਈ ਇੰਦਰਜੀਤ ਨੂੰ ਦਸ ਲੱਖ ਰੁਪਏ ਵਿਚੋਂ ਅੱਧਾ ਹਿੱਸਾ ਅਰਥਾਤ ਪੰਜ ਲੱਖ ਰੁਪਏ ਮਿਲ ਗਿਆ ਸੀ। ਹੁਣ ਠਾਣੇਦਾਰ ਨੇ ਇੰਦਰਜੀਤ ਨਾਲ ਵਾਅਦਾ ਕੀਤਾ ਸੀ ਕਿ ਜਿਤਨੇ ਇਨਾਮੀ ਖ਼ਾੜਕੂ ਕੁਲਬੀਰਾ ਉਹਨਾਂ ਨੂੰ ਫੜਾਵੇਗਾ, ਉਹਨਾਂ ਇਨਾਮਾਂ ਵਿਚੋਂ ਅੱਧਾ ਹਿੱਸਾ ਸਿੱਧਾ ਇੰਦਰਜੀਤ ਦੇ ਹੱਥਾਂ ਵਿਚ ਆਵੇਗਾ। ਇਸ ਲਈ ਇੰਦਰਜੀਤ ਨੇ ਆਪਣੀ ਜਿ਼ੰਦਗੀ ਦਾਅ 'ਤੇ ਲਾ ਦਿੱਤੀ ਸੀ। ਪਰ ਇੱਥੇ ਇੰਦਰਜੀਤ ਨੂੰ ਕੋਈ ਖ਼ਤਰਾ ਵੀ ਨਹੀਂ ਸੀ। ਉਹ ਹਥਿਆਰਬੰਦ ਫ਼ੋਰਸਾਂ ਦੇ ਪਹਿਰੇ ਹੇਠ ਬਿਲਕੁਲ ਸੁਰੱਖਿਅਤ ਸੀ। ਸਰੀਰਕ ਤੌਰ 'ਤੇ ਉਹ ਕੁਲਬੀਰੇ ਨਾਲੋਂ ਨਿੱਗਰ ਸੀ। ਕਿਸੇ ਪਾਸਿਓਂ ਕੋਈ ਖ਼ਤਰਾ ਨਹੀਂ ਸੀ।
-"ਕੀ ਨਾਂ ਐਂ ਬਾਈ ਦਾ?" ਇੰਦਰਜੀਤ ਨੇ ਗੱਲ ਸ਼ੁਰੂ ਕੀਤੀ। ਤਕਰੀਬਨ ਸਾਰੀ ਦਿਹਾੜੀ ਉਹਨਾਂ ਨੇ ਜ਼ਬਾਨ ਸਾਂਝੀ ਨਹੀਂ ਕੀਤੀ ਸੀ। ਦੋਨੋਂ ਘੁੱਟੇ-ਘੁੱਟੇ ਜਿਹੇ ਰਹੇ ਸਨ।
-"ਕੁਲਬੀਰ...!" ਉਸ ਨੇ ਬਾਂਹ ਮੂੰਹ ਤੋਂ ਨਹੀਂ ਚੁੱਕੀ ਸੀ। ਉਹ ਕਿਸੇ ਦੁਬਿਧਾ ਵਿਚ ਸੀ।
-"ਕਿਹੜੇ ਕੇਸ 'ਚ ਫੜਿਆ ਗਿਆ?"
-"ਖਾੜਕੂਵਾਦ 'ਚ।"
-"ਤੂੰ ਖਾੜਕੂ ਐਂ?"
-"ਆਹੋ!"
ਇੰਦਰਜੀਤ ਚੁੱਪ ਹੋ ਗਿਆ।